ਸ਼ਬਦੰਗਲ-85



ਹੋਇਆ ਪਿਆ ਸਾਰੇ ਹੀ ਮਾਹੌਲ ਮੋਦੀਆਨਾ 
====================
    ਓਦਾਂ, ਇਸ ਲੇਖ ਦਾ ਸਿਰਲੇਖ 'ਮੋਦੀ ਬਾਰੇ ਮੇਰਾ ਆਖ਼ਰੀ ਲੇਖ' ਰੱਖਿਆ ਸੀ, ਪਰ ਫਿਰ ਮੈਂ ਸੋਚਿਆ ਕਿ 'ਮੋਦੀਆਂ ਵਾਲ਼ੀ ਸਰਕਾਰ' ਕਿਤੇ ਇਸ ਸਿਰਲੇਖ ਤੋਂ ਗੁੱਸੇ ਹੋ ਕੇ, ਮੈਨੂੰ ਉਨ੍ਹਾਂ ਬਾਰੇ ਕਈ ਹੋਰ ਲੇਖ ਲਿਖਣ ਲਈ ਮਜਬੂਰ ਨਾ ਕਰ ਦੇਵੇ, ਮੈਂ ਇਹ ਸਿਰਲੇਖ ਬਦਲਣਾ ਹੀ ਠੀਕ ਸਮਝਿਆ। ਸਾਲ 2014 ਵਿਚ 'ਐਂਗੁਸ ਰੀਡ ਇੰਸਟੀਚਿਊਟ' (ਏ. ਆਰ. ਆਈ.) ਵੱਲੋਂ ਕੀਤੇ ਗਏ ਇਕ ਸਰਵੇਖਣ ਵਿਚ, ਕੈਨੇਡਾ ਦੇ 75% ਲੋਕ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਅਣਜਾਣ ਦਿਸੇ ਸਨ। ਜਿਹੜੇ ਲੋਕ ਉਨ੍ਹਾਂ ਬਾਰੇ ਜਾਣਦੇ ਵੀ ਸਨ, ਉਹ ਵੀ ਇਹੋ ਹੀ ਕਹਿੰਦੇ ਰਹੇ ਕਿ ਮੋਦੀ ਬਹੁਤ ਹੀ ਪ੍ਰਭਾਵਸ਼ਾਲੀ, ਵਿਉਂਤੀ ਅਤੇ ਤਾਕਤਵਰ ਹਨ। ਇਸ ਤੋਂ ਅਗਲੇ ਹੀ ਸਾਲ ਮੋਦੀ ਨੇ ਕੈਨੇਡਾ ਵਾਲ਼ਿਆਂ ਨੂੰ ਆਪਣੇ ਬਾਰੇ ਦੱਸਣ ਲਈ, ਕੈਨੇਡਾ ਦਾ ਦੌਰਾ ਕੀਤਾ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਸਾਲ ਫ਼ਰਵਰੀ ਵਿਚ, ਭਾਰਤ ਦੇ ਮਹਿਮਾਨ ਹੋਣ ਦਾ ਸੱਦਾ ਦੇ ਦਿੱਤਾ। ਬਾਕੀ ਸਭ ਤਾਂ ਇਤਿਹਾਸ ਹੈ।
    'ਏ. ਆਰ. ਆਈ.' ਦੀ ਨਿਰਦੇਸ਼ਕ ਸ਼ਾਚੀ ਕੁਰਲ ਦਾ ਕਹਿਣ ਹੈ, "ਸਾਡੇ ਕੋਲ ਇਸ ਸਬੰਧ ਵਿਚ ਵੇਰਵੇ ਤਾਂ ਨਹੀਂ ਹਨ, ਮੇਰਾ ਇਹ ਅੰਦਾਜ਼ਾ ਤਕਰੀਬਨ ਸਹੀ ਹੈ ਕਿ ਮੋਦੀ ਸਾਹਿਬ, ਪੱਛਮੀ ਮੀਡੀਆ ਸਾਹਮਣੇ ਚੱਜ ਦੀ ਅੰਗਰੇਜ਼ੀ ਨਹੀਂ ਬੋਲ ਸਕੇ ਤੇ ਨਾ ਹੀ ਉਹ ਪੱਛਮੀ ਤੇ ਯੂਰਪੀ ਪੱਤਰਕਾਰਾਂ ਦੀ ਨਜ਼ਰ ਵਿਚ ਆਪਣਾ ਕੋਈ ਖ਼ਾਸ ਪਛਾਣਯੋਗ ਅਕਸ ਬਣਾ ਸਕੇ।...ਚਾਹੇ ਕੁੱਝ ਵੀ ਹੋਵੇ, ਮੋਦੀ ਜੀ ਆਪਣੀ ਸ਼ਖ਼ਸੀਅਤ ਨਾਲ਼ ਕੈਨੇਡਾ ਵਿਚ ਉਹ ਅਸਰ ਨਹੀਂ ਪਾ ਸਕੇ, ਜੋ ਉਨ੍ਹਾਂ ਨੇ ਭਾਰਤ ਵਿਚ ਪਾਇਆ ਹੋਇਆ ਹੈ।" 
    ਸੁਣ ਕੇ ਬਈ ਸੁਣ ਕੇ ਨਾ ਸੱਚ, ਪੜ੍ਹ ਕੇ ਬਈ ਪੜ੍ਹ ਕੇ! ਹੁਣ ਤਕ ਆਪਾਂ ਇਹੋ ਸੁਣਿਆ ਹੋਊ ਪਈ ਮੋਦੀ ਨੇ ਆਪਣੀ ਘਰਵਾਲ਼ੀ ਛੱਡੀ ਹੋਈ ਹੈ। ਕਿਸੇ ਨੇ ਇਹ ਨਹੀਂ ਸੁਣਿਆ ਹੋਊ ਕਿ ਆਪਣੇ ਮੋਦੀ ਸਾਹਬ ਕਿਸੇ ਦਾ ਘਰ ਨਾ ਵਸਣ ਦੀ ਵਜ੍ਹਾ ਵੀ ਬਣੇ ਹੋਣਗੇ। ਗੱਲ ਪਿਛਲੇ ਸਾਲ ਜੁਲਾਈ ਮਹੀਨੇ ਦੀ ਹੈ। ਉੱਤਰ ਪ੍ਰਦੇਸ਼ ਦੇ ਇਕ ਜੋੜੇ ਦਾ ਵਿਆਹ, ਮੋਦੀ ਸਾਹਬ ਦੀ ਵਜ੍ਹਾ ਨਾਲ਼ ਹੁੰਦਾ-ਹੁੰਦਾ ਰਹਿ ਗਿਆ। ਕਹਿੰਦੇ ਹਨ ਕਿ ਵਿਆਹ ਕਰਾਉਣ ਲੱਗੇ ਇਸ ਜੋੜੇ ਵਿਚਾਲ਼ੇ ਇਹ ਬਹਿਸ ਛਿੜ ਗਈ ਕਿ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਲਈ ਮੋਦੀ ਸਾਹਿਬ ਜ਼ਿੰਮੇਵਾਰ ਹਨ ਜਾਂ ਨਹੀਂ। 'ਟਾਈਮਜ਼ ਆਫ ਇੰਡੀਆ' ਦੀ ਇਸ ਖ਼ਬਰ ਅਨੁਸਾਰ, ਉੱਤਰ ਪ੍ਰਦੇਸ਼ ਦੇ ਇਕ ਵਪਾਰੀ ਦਾ ਵਿਆਹ, ਇਕ ਸਰਕਾਰੀ ਮੁਲਾਜ਼ਮਾ ਨਾਲ਼ ਹੋਣਾ ਸੀ। ਉਹ ਦੋਵੇਂ ਜਣੇ, ਆਪਣੇ ਵਿਆਹ ਸਬੰਧੀ ਆਖ਼ਰੀ ਮਸ਼ਵਰੇ ਕਰਨ ਲਈ ਇਕ ਮੰਦਰ ਵਿਚ ਮਿਲੇ। ਸਭ ਕੁੱਝ ਸਹੀ-ਸਹੀ ਹੋ ਰਿਹਾ ਸੀ ਕਿ ਉਨ੍ਹਾਂ ਦੋਹਾਂ ਵਿਚੋਂ ਕਿਸੇ ਨੇ, ਦੇਸ਼ ਵਿਚ ਆਰਥਕ ਮੰਦਹਾਲੀ ਦਾ ਮੁੱਦਾ ਛੁਹ ਲਿਆ। ਹੋਣ ਵਾਲ਼ੀ ਲਾੜੀ ਦਾ ਖ਼ਿਆਲ ਸੀ ਕਿ ਦੇਸ਼ ਦੀ ਮਾੜੀ ਹਾਲਤ ਲਈ ਮੋਦੀ ਜ਼ਿੰਮੇਵਾਰ ਹੈ ਜਦੋਂ ਕਿ ਉਸ ਦਾ ਹੋਣ ਵਾਲ਼ਾ ਪ੍ਰਾਹੁਣਾ, ਮੋਦੀ ਦਾ ਕੱਟੜ ਹਮਾਇਤੀ ਸੀ। ਇਹ ਬਹਿਸ, ਇਸ ਹੱਦ ਤਕ ਪਹੁੰਚ ਗਈ ਕਿ ਉਹ ਦੋਵੇਂ ਜਣੇ ਆਪਸ ਵਿਚ ਵਿਆਹ ਕਰਾਉਣ ਦਾ ਫੈਸਲਾ 'ਮੋਦੀ ਦੇ ਸਿਰੋਂ ਵਾਰ ਕੇ ਸੁੱਟ' ਚਲੇ ਗਏ। ਮੋਦੀ ਦੀ ਸ਼ਖ਼ਸੀਅਤ ਕਈ ਤਰ੍ਹਾਂ ਨਾਲ਼ ਲੋਕਾਂ ਦੇ ਜੀਵਨ ਉੱਤੇ ਅਸਰ ਪਾਉਂਦੀ ਰਹੀ ਹੈ। ਘਰ ਵਿਚ 'ਟੱਟੀਖ਼ਾਨੇ' ਦੇ ਨਾ ਹੋਣ ਤੋਂ ਲੈ ਕੇ, ਕਿਸੇ ਮੁੰਡੇ ਨੂੰ ਹਿਸਾਬ ਦਾ ਇਕ ਸੌਖਾ ਜਿਹਾ ਸੁਆਲ ਨਾ ਕੱਢਣਾ ਆਉਣ ਤਕ 'ਤੇ ਵਿਆਹ ਰੁਕ ਜਾਣ ਦੇ ਉਲਾਂਭੇ 'ਮੋਦੀ ਸਰਕਾਰ' ਨੂੰ ਮਿਲਦੇ ਰਹੇ ਹਨ।
    ਇਸ ਨੂੰ ਮੋਦੀ ਸਾਹਬ ਦੀ 'ਸ਼ੁਹਰਤ' ਸਮਝਣਾ ਹੈ ਜਾਂ 'ਬਦਨਾਮੀ', ਇਸ ਦਾ ਫੈਸਲਾ ਵੀ ਹੁੰਦਾ ਰਹੇਗਾ, ਤਦ ਤਕ ਆਪਾਂ ਨੂੰ ਮੋਦੀ ਦੀ ਸਮੁੱਚੀ ਸ਼ਖ਼ਸੀਅਤ ਦੀ ਘੋਖ-ਪੜਤਾਲ ਕਰ ਲੈਣੀ ਬਣਦੀ ਹੈ। 17 ਸਤੰਬਰ, 1950 ਨੂੰ ਉਨ੍ਹਾਂ ਦਾ ਜਨਮ, ਗੁਜਰਾਤ ਦੇ ਸ਼ਹਿਰ 'ਵੱਡ ਨਗਰ' ਜਾਂ 'ਵਾਢ ਨਗਰ' ਵਿਚ ਹੋਇਆ ਸੀ। ਬਚਪਨ ਵਿਚ ਨਰਿੰਦਰ ਮੋਦੀ, ਜਿਨ੍ਹਾਂ ਨੂੰ ਉਸ ਵੇਲ਼ੇ ਸ਼ਾਇਦ 'ਨਿੰਦੂ' ਕਹਿ ਕੇ ਬੁਲਾਇਆ ਜਾਂਦਾ ਹੋਵੇ, ਆਪਣੇ ਬਾਪ ਦੀ ਚਾਹ ਦੀ ਦੁਕਾਨ 'ਤੇ ਉਨ੍ਹਾਂ ਨਾਲ਼ ਕੰਮ ਕਰਾਇਆ ਕਰਦੇ ਸਨ। ਅੱਠ ਸਾਲ ਦੀ ਉਮਰ ਵਿਚ 'ਨਿੰਦੂ' ਦਾ ਵਾਸਤਾ 'ਰਾਸ਼ਟਰੀ ਸੋਇਮਸੇਵਕ ਸੰਘ' ਯਾਨੀ 'ਆਰ. ਐੱਸ. ਐੱਸ.' ਨਾਲ਼ ਪੈ ਗਿਆ। ਸਕੂਲ ਦੀ ਪੜ੍ਹਾਈ ਪੂਰੀ ਕਰਨ ਮਗਰੋਂ 'ਨਿੰਦੂ' ਦਾ ਵਿਆਹ 'ਜਸ਼ੋਧਾਬੇਨ' ਨਾਲ਼ ਕਰ ਦਿੱਤਾ ਗਿਆ। ਪਤਾ ਨਹੀਂ ਵਿਆਹ ਹੋਣ ਦੀ ਵਜ੍ਹਾ ਨਾਲ਼ ਜਾਂ 'ਆਰ. ਐੱਸ. ਐੱਸ.' ਵਿਚ ਮਿਲਦੀਆਂ ਸਹੂਲਤਾਂ ਦੀ ਵਜ੍ਹਾ ਨਾਲ਼, ਮੋਦੀ ਆਪਣੇ ਘਰੋਂ ਨਿੱਕਲ ਗਏ। ਉਹ, ਦੋ ਸਾਲ ਭਾਰਤ ਵਿਚ ਘੁੰਮਦੇ ਰਹੇ, ਪਤਾ ਨਹੀਂ ਕੁੱਝ ਲੱਭਣ ਲਈ ਜਾਂ ਕੁੱਝ ਜ਼ਿੰਮੇਵਾਰੀਆਂ ਤੋਂ ਲੁਕਣ ਲਈ। 1969 ਵਿਚ ਉਹ ਗੁਜਰਾਤ ਮੁੜ ਆਏ ਅਤੇ1970 ਵਿਚ ਅਹਿਮਦਾਬਾਦ ਚਲੇ ਗਏ। 1971 ਵਿਚ ਉਹ, ਪੂਰੀ ਤਰ੍ਹਾਂ 'ਆਰ. ਐੱਸ. ਐੱਸ.' ਦੇ ਹੋ ਗਏ। 1985 ਵਿਚ 'ਆਰ. ਐੱਸ. ਐੱਸ.' ਨੇ ਮੋਦੀ ਦੀ ਡਿਊਟੀ 'ਭਾਰਤੀ ਜਨਤਾ ਪਾਰਟੀ' ਉੱਤੇ ਲਾ ਦਿੱਤੀ। 2001 ਤਕ ਉਹ ਇਸ ਪਾਰਟੀ ਵਿਚ ਕਈ ਅਹੁਦੇ ਸੰਭਾਲਦਿਆਂ, ਜਨਰਲ ਸਕੱਤਰ ਦੀ ਕੁਰਸੀ ਤਕ ਪਹੁੰਚ ਗਏ। 
    ਇੱਥੇ, 2000 ਵਿਚ ਮੋਦੀ ਵੱਲੋਂ 'ਰੂ-ਬ-ਰੂ' ਨਾਂ ਦੇ ਇਕ ਟੀਵੀ ਪ੍ਰੋਗਰਾਮ ਵਿਚ ਰਾਜੀਵ ਸ਼ੁਕਲਾ ਨੂੰ ਦਿੱਤੇ ਉਸ ਇੰਟਰਵਿਊ ਦਾ ਹਵਾਲਾ ਦੇਣਾ ਬਹੁਤ ਜ਼ਰੂਰੀ ਹੈ, ਜਿਸ ਵਿਚ ਮੋਦੀ ਨੇ ਆਪਣੀ ਵਿਦਿਅਕ ਯੋਗਤਾ ਬਾਰੇ ਅਹਿਮ ਖੁਲਾਸੇ ਕੀਤੇ ਹੋਏ ਹਨ। ਇਸ ਇੰਟਰਵਿਊ ਵਿਚ ਉਨ੍ਹਾਂ ਨੇ ਏਦਾਂ ਕਿਹਾ ਹੋਇਆ ਹੈ, "ਪਹਿਲੀ ਬਾਤ ਤੋ ਮੈਂ ਕੋਈ ਪੜ੍ਹਾ-ਲਿਖਾ ਵਯਕਤੀ ਨਹੀਂ ਹੂੰ, ਲੇਕਿਨ ਪ੍ਰਮਾਤਮਾ ਕੀ ਕੁਰਪਾ ਹੈ ਔਰ ਉਸ ਕੇ ਕਾਰਣ ਸ਼ਾਇਦ ਮੁਝੇ ਨਈ-ਨਈ ਚੀਜ਼ੇਂ ਜਾਨਨਾ-ਸੀਖਨੇ ਕਾ ਬੜਾ ਸ਼ੌਕ ਰਹਾ ਹੈ।"
    "ਕਿਤਨਾ ਪੜ੍ਹੇ ਹੈਂ ਆਪ?" ਰਾਜੀਵ ਸ਼ੁਕਲਾ ਪੁੱਛਦੇ ਹਨ।
    "ਵੈਸੇ ਤੋ ਮੈਨੇ ਸਤਰਾ (17) ਸਾਲ ਕੀ ਆਯੂ ਮੇਂ ਘਰ ਛੋੜ ਦੀਆ। ਸਕੂਲੀ ਸ਼ਿਕਸ਼ਾ ਕੇ ਬਾਦ ਮੈਂ ਨਿਕਲ ਗਇਆ। ਤਬ ਸੇ ਲੇ ਕਰ ਆਜ ਤਕ ਮੈਂ ਭਟਕ ਰਹਾ ਹੂੰ, ਨਈ ਚੀਜ਼ੇਂ ਪਾਨੇ ਕੇ ਲੀਏ।"
"ਫਿਰ ਭੀ ਸਕੂਲਿੰਗ, ਸਕੂਲ ਮੇਂ ਕਹਾਂ ਤਕ ਪੜ੍ਹੇ, ਪ੍ਰਾਇਮਰੀ ਸਕੂਲ ਤਕ?" ਸ਼ੁਕਲਾ ਦਾ ਸੁਆਲ ਹੈ।
"ਹਾਈ ਸਕੂਲ ਤਕ। ਬਾਦ ਮੇਂ ਹਮਾਰੇ ਸੰਕੇ ਕੇ ਅਧੀਕਾਰੀ ਥੇ, ਉਨ ਕੇ ਬੜੇ ਆਗ੍ਰਹ ਪਰ ਮੈਂ 'ਐਕਸਟਰਨਲ ਐਗਜ਼ਾਮ' ਦੇਨਾ ਸ਼ੁਰੂ ਕੀਆ। ਤਬ ਦਿੱਲੀ ਯੂਨੀਵਰਸਿਟੀ ਸੇ ਮੈਨੇ 'ਬੀਏ' ਕਰ ਲੀਆ, 'ਐਕਸਟਰਨਲ ਐਗਜ਼ਾਮ' ਦੇ ਕਰ ਕੇ। ਫਿਰ ਭੀ ਉਨ ਕਾ ਆਗ੍ਰਹ ਰਹਾ ਤੋ ਮੈਨੇ 'ਐੱਮਏ' ਕਰ ਲੀਆ 'ਐਕਸਟਰਨਲ ਐਗਜ਼ਾਮ' ਦੇ ਕੇ। ਮੈਨੇ ਕਹਾ ਬਈ ਕਾਲਜ ਕਾ ਦਰਵਾਜਾ ਦੇਖਾ ਨਹੀਂ...।"
    ਇਸ ਸਭ ਕੁੱਝ ਦੇ ਹੁੰਦਿਆਂ ਵੀ ਉਹ, ਆਪਣੀ ਸਿੱਖਿਆ-ਦੀਖਿਆ ਦੇ ਸਬੰਧ ਵਿਚ ਕੋਈ ਸਰਟੀਫਿਕੇਟ ਨਹੀਂ ਦਿਖਾ ਸਕੇ। ਹਾਂ, ਭਾਰਤੀ ਜਨਤਾ ਪਾਰਟੀ ਅਤੇ ਆਰ. ਐੱਸ. ਐੱਸ. ਦੇ ਕੰਪਿਊਟਰ ਤਕਨੀਸ਼ੀਅਨਾਂ ਨੇ ਸੋਸ਼ਲ ਮੀਡੀਆ ਉੱਤੇ ਮੋਦੀ ਦੀਆਂ ਜਿਹੜੀਆਂ ਡਿਗਰੀਆਂ ਦਿਖਾਈਆਂ ਹਨ, ਉਹ 'ਕੰਪਿਊਟਰ ਦੇ ਫੋਟੋਸ਼ਾਪੀ ਚਮਤਕਾਰ' ਹੀ ਹਨ। ਇੱਥੇ ਅਸੀਂ ਮੋਦੀ ਵੱਲੋਂ ਕੀਤੀਆਂ ਹੋਈਆਂ ਤਕਰੀਰਾਂ ਵਿਚ ਕੀਤੇ ਹੋਏ ਇਤਿਹਾਸਕ ਘਪਲਿਆਂ ਦੀਆਂ ਗੱਲਾਂ ਨਹੀਂ ਕਰਨੀਆਂ। 
    ਮੋਦੀ ਦੇ ਇਕ ਸ਼ਰਧਾਲੂ ਦੇ ਕਹਿਣ ਮੁਤਾਬਕ, ਮੋਦੀ ਨੇ 1967 ਵਿਚ ਹਾਇਰ ਸੈਕੰਡਰੀ ਕਰ ਲਈ ਸੀ। ਇਕ ਅਧਿਆਪਕ ਨੇ ਮੋਦੀ ਨੂੰ ਇਕ ਔਸਤਨ ਵਿਦਿਆਰਥੀ ਕਰਾਰ ਦਿੰਦਿਆਂ ਕਿਹਾ ਸੀ ਕਿ 'ਉਸ' (ਵਿਦਿਆਰਥੀ) ਨੂੰ ਰੰਗਮੰਚ ਦਾ ਸ਼ੌਕ ਹੈ। ਉਹ, 1967 ਵਿਚ ਹੀ ਘਰੋਂ ਨਿੱਕਲ ਗਏ ਸਨ ਤੇ 1969-70 ਵਿਚ ਘਰ ਮੁੜੇ ਸਨ। ਫਿਰ ਕਈ ਸਾਲ ਬਾਅਦ 1982 ਵਿਚ, ਉਨ੍ਹਾਂ ਨੇ 'ਰਾਜਨੀਤੀ ਸ਼ਾਸਤਰ' ਐੱਮ. ਏ. ਕਰ ਲਈ ਸੀ।
    ਮੋਦੀ ਦੀਆਂ ਡਿਗਰੀਆਂ ਦਾ ਮਾਮਲਾ ਅਦਾਲਤੀ ਡਿਗਰੀਆਂ ਤਕ ਪਹੁੰਚ ਗਿਆ ਤਾਂ ਦਿੱਲੀ ਯੂਨੀਵਰਸਿਟੀ ਨੂੰ, ਦਿੱਲੀ ਹਾਈ ਕੋਰਟ ਨੂੰ ਇਹ ਦੱਸਣਾ ਪਿਆ ਕਿ ਜਿਹੜੇ ਵਿਦਿਆਰਥੀਆਂ ਨੇ ਬੀ. ਏ. ਦੀ ਪੜ੍ਹਾਈ 1978 ਵਿਚ ਕੀਤੀ ਸੀ, ਉਨ੍ਹਾਂ ਦਾ ਪੜ੍ਹਾਈ ਸਬੰਧੀ ਰਿਕਾਰਡ ਪੇਸ਼ ਨਹੀਂ ਕੀਤਾ ਜਾ ਸਕਦਾ। ਇੱਥੇ ਦੱਸਣਾ ਜ਼ਰੂਰੀ ਹੈ ਕਿ ਨਰਿੰਦਰ ਮੋਦੀ ਨੇ ਵੀ ਬੀ. ਏ. ਦੀ ਡਿਗਰੀ 1978 ਵਿਚ ਹੀ 'ਹਾਸਲ' ਕੀਤੀ ਹੋਈ ਦੱਸੀ ਜਾਂਦੀ ਹੈ। ਇਸ ਤਰ੍ਹਾਂ, ਮੋਦੀ ਦੀ ਡਿਗਰੀ ਨੇ 1978 ਵਿਚ ਹੋਰਨਾਂ ਵੱਲੋਂ ਹਾਸਲ ਕੀਤੀਆਂ ਹੋਈਆਂ ਡਿਗਰੀਆਂ ਦਾ ਰਿਕਾਰਡ ਵੀ 'ਖੁਰਦ-ਬੁਰਦ' ਕਰ ਦਿੱਤਾ ਸੀ। ਯੂਨੀਵਰਸਿਟੀ ਨੇ ਇਹ ਜੁਆਬ, ਕਿਸੇ ਵੱਲੋਂ ਮੋਦੀ ਦੀ ਡਿਗਰੀ ਸਬੰਧੀ ਜਾਣਕਾਰੀ ਹਾਸਲ ਕਰਨ ਖ਼ਾਤਰ ਦਾਇਰ ਕੀਤੀ ਹੋਈ 'ਆਰ. ਟੀ. ਆਈ. ਪਟੀਸ਼ਨ' ਦੇ ਜੁਆਬ ਵਿਚ ਦਿੱਤਾ ਸੀ।
ਇਸ ਪਟੀਸ਼ਨ ਦੇ ਸਬੰਧ ਵਿਚ ਹੀ ਮੋਦੀ ਦੀਆਂ ਬੀ. ਏ. ਅਤੇ ਐੱਮ. ਏ. ਦੀਆਂ ਡਿਗਰੀਆਂ ਬਾਰੇ ਸੰਜੀਦਾ ਸੁਆਲ ਉਠਾਏ ਗਏ ਸਨ। ਭਾਵੇਂ 'ਯੂਨੀਵਰਸਿਟੀ ਆਫ ਦੇਹਲੀ' ਅਤੇ 'ਗੁਜਰਾਤ ਯੂਨੀਵਰਸਿਟੀ' ਨੇ ਮੋਦੀ ਦੇ ਪੜ੍ਹੇ-ਲਿਖੇ ਹੋਣ ਸਬੰਧੀ ਕੀਤੇ ਹੋਏ ਦਾਅਵਿਆਂ ਸਬੰਧੀ ਬਿਆਨ ਜਾਰੀ ਕੀਤੇ ਸਨ, ਪਰ ਉਹ, ਮੋਦੀ ਦੀਆਂ ਡਿਗਰੀਆਂ ਸਬੰਧੀ ਪਏ ਸ਼ੰਕੇ ਨਜਿੱਠਣ ਲਈ ਲੋੜੀਂਦੀ ਜਾਣਕਾਰੀ ਦੇਣ ਤੋਂ ਇਨਕਾਰ ਹੀ ਕਰਦੀਆਂ ਰਹੀਆਂ। ਉਨ੍ਹਾਂ ਨੇ ਤਾਂ ਮੋਦੀ ਦੇ ਨਾਂ, ਜਨਮ ਤਾਰੀਖ਼ ਦੇ ਵੇਰਵੇ ਵੀ ਨਾ ਦਿੱਤੇ ਅਤੇ ਮੋਦੀ ਦੇ ਮੁਹਾਰਤ ਦੇ ਵਿਸ਼ੇ ਦੇ ਸਬੰਧ ਵਿਚ ਪੁੱਛੇ ਜਾਣ 'ਤੇ ਵੀ ਜੁਆਬ ਵਿਚ 'ਸਮੁੱਚਾ ਰਾਜਨੀਤੀ ਸ਼ਾਸਤਰ' ਹੀ ਦੱਸਿਆ। ਯੂਨੀਵਰਸਿਟੀਆਂ ਨੇ ਇਹ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੋਣ ਦੇ ਬਹਾਨੇ, ਆਰ. ਟੀ. ਆਈ. ਅਧੀਨ ਦਾਇਰ ਪਟੀਸ਼ਨਾਂ ਦੇ ਜੁਆਬ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਯੂਨੀਵਰਸਿਟੀਆਂ ਨੂੰ ਇਹ ਮਾਮਲਾ ਇਸ ਤਰ੍ਹਾਂ ਖੁੱਡੇ-ਲਾਈਨ ਲਾਉਣ ਪਿੱਛੇ ਕਿਸ ਦਾ ਹੁਕਮ ਸੀ, ਇਸ ਬਾਰੇ ਵੀ ਕਈ ਅਨੁਮਾਨ ਲਗਾਏ ਜਾ ਰਹੇ ਹਨ। ਭਾਵੇਂ ਕਾਨੂੰਨੀ ਤੌਰ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਡਿਗਰੀਯਾਫ਼ਤਾ ਹੋਣਾ ਕੋਈ ਜ਼ਰੂਰੀ ਨਹੀਂ ਹੈ, ਪਰ ਹਲਫ਼ ਲੈ ਕੇ, ਡਿਗਰੀ ਸਬੰਧੀ ਝੂਠਾ ਬਿਆਨ ਦੇਣਾ ਜਾਇਜ਼ ਨਹੀਂ ਹੈ। ਨਾਲ਼ੇ ਇਸ ਤਰ੍ਹਾਂ ਦਾ ਮਾਮਲਾ ਮੋਦੀ ਦਾ ਹੀ ਨਹੀਂ ਹੈ, ਉਨ੍ਹਾਂ ਦੀ ਮੰਤਰੀ ਸਿਮ੍ਰਤੀ ਇਰਾਨੀ ਵੀ ਤਾਂ ਆਪਣੀ ਵਿਦਿਅਕ ਯੋਗਤਾ ਬਾਰੇ ਭਾਂਤ-ਸੁਭਾਂਤੇ ਝੂਠ ਬੋਲਦੀ ਰਹੀ ਹੈ।
    ਹੁਣ ਜਦੋਂ ਮੋਦੀ ਸਰਕਾਰ ਦੀ ਮਿਆਦ ਪੁੱਗਣ ਵਾਲ਼ੀ ਹੈ ਤੇ ਨਵੇਂ ਸਾਲ ਵਿਚ ਪਾਰਲੀਮਾਨੀ ਚੋਣਾਂ ਹੋ ਜਾਣੀਆਂ ਹਨ ਤਾਂ ਸਰਕਾਰ ਨੇ, ਚਾਰ ਸਾਲ 'ਮੋਦੀ-ਮੋਦੀ' ਗਾਉਂਦੇ ਰਹੇ ਮੀਡੀਆ ਨੂੰ, 'ਮੋਦੀ-ਗਾਇਨ' ਕਰਨ ਤੋਂ ਮਨ੍ਹਾ ਕਰ ਦਿੱਤਾ ਹੈ, ਪਰ ਇਸ ਮਨਾਹੀ ਦਾ ਅਰਥ ਵੀ 'ਮਰਾਂ-ਮਰਾਂ' ਕਹੇ ਜਾਣ ਵਿਚੋਂ 'ਰਾਮ-ਰਾਮ' ਸੁਣਾਈ ਦੇਣ ਵਰਗਾ ਹੀ ਲੱਗਦਾ ਹੈ।#