ਕੈਨੇਡਾ ਦੀ ਜਮਾਂਦਰੂ ਸਿਟੀਜ਼ਨਸ਼ਿੱਪ ਖ਼ਤਰੇ ਵਿਚ
<><><><><><><><><><><>
ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਨਹੀਂ ਚਾਹੁੰਦੀ ਕਿ ਕੈਨੇਡਾ ਵਿਚ ਜਨਮ ਲੈਣ ਵਾਲ਼ਾ ਹਰ ਬੱਚਾ, ਇਸੇ ਹੀ ਵਜ੍ਹਾ ਨਾਲ਼ ਕੈਨੇਡਾ ਦਾ ਸਿਟੀਜ਼ਨ ਬਣ ਜਾਵੇ। ਓਦਾਂ ਇਸ ਵੇਲ਼ੇ ਕੈਨੇਡਾ ਵਿਚ ਇਹ ਕਾਨੂੰਨ ਹੈ ਕਿ ਜਿਹੜਾ ਬੱਚਾ ਕੈਨੇਡਾ ਦੀ ਧਰਤੀ ਉੱਤੇ ਜਨਮ ਲੈਂਦਾ ਹੈ, ਕੈਨੇਡਾ ਦਾ ਨਾਗਰਿਕ ਬਣ ਜਾਂਦਾ ਹੈ ਤੇ ਇਸ ਖ਼ਾਤਰ ਉਸ ਬੱਚੇ ਦੇ ਮਾਪਿਆਂ ਦਾ ਕੈਨੇਡੀਅਨ ਨਾਗਰਿਕ ਹੋਣਾ ਵੀ ਜ਼ਰੂਰੀ ਨਹੀਂ ਹੈ। ਹੁਣ ਇਹ ਕਾਨੂੰਨ, ਬਹਿਸ ਦਾ ਸ਼ਿਕਾਰ ਹੋ ਗਿਆ ਹੈ ਕਿਉਂ ਕਿ ਕੁੱਝ ਸਿਆਸਤਦਾਨ ਇਸ ਨੂੰ 'ਬਰਥ ਟੂਰਿਜ਼ਮ' ਯਾਨੀ 'ਜਣੇਪਾ ਸੈਰ-ਸਪਾਟਾ' ਕਰਾਰ ਦੇਣ ਲੱਗ ਪਏ ਹਨ। ਜਿਸ ਕੈਨੇਡਾ ਦੇ ਜਹਾਜ਼ ਵਿਚ ਵੀ ਜਨਮ ਲੈਣ ਵਾਲ਼ੇ ਨੂੰ ਕੈਨੇਡਾ ਦਾ ਨਾਗਰਿਕ ਮੰਨ ਲਿਆ ਜਾਂਦਾ ਹੈ, ਉਸ ਵਿਚ ਜਨਮ ਦੇ ਲਿਹਾਜ਼ ਨਾਲ਼ ਦਿੱਤੀ ਜਾਣ ਵਾਲ਼ੀ ਨਾਗਰਿਕਤਾ ਹੁਣ 'ਹਰਾਮ' ਕਿਉਂ ਬਣਾਈ ਜਾ ਰਹੀ ਹੈ? ਇਸ ਨੂੰ 'ਬਰਥ ਟੂਰਿਜ਼ਮ' ਯਾਨੀ 'ਜਣੇਪਾ ਸੈਰ-ਸਪਾਟਾ' ਕਿਉਂ ਕਿਹਾ ਜਾਣ ਲੱਗ ਪਿਆ ਹੈ? ਇਨ੍ਹਾਂ ਸੁਆਲਾਂ ਦੇ ਜੁਆਬ ਦੇਣ ਵਾਲ਼ੇ ਕੁੱਝ ਸਿਆਸਤਦਾਨਾਂ ਦਾ ਕਹਿਣ ਹੈ ਕਿ ਜਦੋਂ ਕੋਈ ਵਿਦੇਸ਼ੀ ਔਰਤ ਗਰਭਵਤੀ ਹੁੰਦੀ ਹੈ ਤੇ ਉਸ ਵੱਲੋਂ ਬੱਚੇ ਨੂੰ ਜਨਮ ਦੇਣ ਵਿਚ ਥੋੜ੍ਹਾ ਹੀ ਸਮਾਂ ਰਹਿੰਦਾ ਹੋਵੇ ਤਾਂ ਉਸ ਨੂੰ ਆਪਣੇ ਬੱਚੇ ਨੂੰ ਜਨਮ ਦੇ ਆਧਾਰ 'ਤੇ ਕੈਨੇਡਾ ਦੀ ਸ਼ਹਿਰੀਅਤ ਦੁਆਉਣ ਲਈ, ਜਣੇਪੇ ਖ਼ਾਤਰ ਹੀ ਕੈਨੇਡਾ ਭੇਜ ਦਿੱਤਾ ਜਾਂਦਾ ਹੈ। ਇਸੇ ਵਜ੍ਹਾ ਨਾਲ਼ ਇਸ ਅਮਲ ਨੂੰ 'ਬਰਥ ਟੂਰਿਜ਼ਮ' ਯਾਨੀ 'ਜਣੇਪਾ ਸੈਰ-ਸਪਾਟਾ' ਕਿਹਾ ਜਾਣ ਲੱਗ ਪਿਆ ਹੈ।
ਇਸ ਰੁਝਾਨ ਦੀ ਆਲੋਚਨਾ ਤਾਂ ਕਾਫੀ ਚਿਰ ਤੋਂ ਹੋ ਰਹੀ ਸੀ, ਪਰ ਇਸ ਸਬੰਧ ਵਿਚ ਇਕ ਪਟੀਸ਼ਨ, ਰਿਚਮੰਡ ਦੀ ਵਸਨੀਕ ਕੇਰੀ ਸਟਾਰਚੁਕ ਨੇ ਇਸੇ ਹੀ ਸਾਲ (2018) ਮਾਰਚ ਮਹੀਨੇ ਵਿੱਢੀ ਸੀ। ਇਸ ਪਟੀਸ਼ਨ ਵਿਚ ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ, ਜਮਾਂਦਰੂ ਨਾਗਰਿਕਤਾ ਦੇਣ ਦੀ ਨੀਤੀ ਖ਼ਤਮ ਕਰੇ ਕਿਉਂ ਕਿ ਲੋਕ ਇਸ ਨੀਤੀ ਦਾ ਨਜਾਇਜ਼ ਫ਼ਾਇਦਾ ਲੈਂਦੇ ਹਨ। ਇਸ ਪਟੀਸ਼ਨ ਦੀ ਹਮਾਇਤ, ਰਿਚਮੰਡ ਦੇ ਲਿਬਰਲ ਮੈਂਬਰ ਪਾਰਲੀਮੈਂਟ ਜੋਏ ਪੇਸਚੀਸੌਲਿਡੋ ਨੇ ਕਰਦਿਆਂ ਕਿਹਾ ਹੈ ਕਿ ਇਹ ਰੁਝਾਨ ਟੈਕਸ ਦੇਣ ਵਾਲ਼ਿਆਂ ਨੂੰ ਬਹੁਤ ਮਹਿੰਗਾ ਪੈਂਦਾ ਹੈ ਕਿਉਂ ਕਿ ਇਸ ਰਾਹੀਂ ਕੈਨੇਡਾ ਦੇ 'ਸਰਕਾਰੀ ਸਹੂਲਤਖ਼ਾਨੇ' ਨੂੰ ਸੰਨ੍ਹ ਲਾਉਣ ਦਾ ਰਾਹ ਵੀ ਖੁੱਲ੍ਹ ਜਾਂਦਾ ਹੈ।
ਕੇਰੀ ਸਟਾਰਚੁਕ ਨੇ ਇਸ ਇਲੈਕਟਰਾਨਿਕੀ ਪਟੀਸ਼ਨ ਰਾਹੀਂ ਲੋਕਾਂ ਦਾ ਧਿਆਨ ਇਸ ਪਾਸੇ ਦੁਆਇਆ ਹੈ ਕਿ ਉਸ ਨੇ ਰਿਚਮੰਡ ਵਿਚ ਇਕ ਇਹੋ ਜਿਹਾ 'ਜਣੇਪਾ-ਘਰ' ਦੇਖਿਆ ਹੈ, ਜਿਸ ਵਿਚ ਉਹ ਮਾਵਾਂ ਜਣੇਪਾ ਕਰਾਉਂਦੀਆਂ ਹਨ, ਜੋ ਆਪਣੇ ਬੱਚਿਆਂ ਨੂੰ ਕੈਨੇਡਾ ਦੀ ਸਿਟੀਜ਼ਨਸ਼ਿੱਪ ਦੁਆਉਣ ਦੇ ਮਕਸਦ ਨਾਲ਼ ਹੀ ਇੱਥੇ ਆਈਆਂ ਹੁੰਦੀਆਂ ਹਨ। ਸਟਾਰਚੁਕ ਨੇ 'ਇਸ ਕਾਰਵਾਈ ਨੂੰ ਅਸਲ ਕਤਾਰ ਵਿਚੋਂ ਛੜੱਪਾ ਮਾਰ ਕੇ ਮੋਹਰੇ ਜਾਣਾ' ਕਰਾਰ ਦਿੱਤਾ ਹੈ। ਉਸ ਦਾ ਕਹਿਣ ਹੈ ਕਿ ਰਿਚਮੰਡ ਵਿਚ ਇਹ ਰੁਝਾਨ ਬਹੁਤ ਜ਼ੋਰਾਂ 'ਤੇ ਹੈ ਅਤੇ ਕੈਨੇਡਾ ਵਿਚ ਬੱਚੇ ਜੰਮ ਕੇ ਉਨ੍ਹਾਂ ਨੂੰ ਜਮਾਂਦਰੂ ਹੀ ਕੈਨੇਡਾ ਦੇ ਸਿਟੀਜ਼ਨ ਬਣਾਉਣਾ ਲੋਚਦੀਆਂ ਬਹੁਤੀਆਂ ਚੀਨਣਾਂ ਹੀ ਹਨ।
'ਵੈਨਕੂਵਰ ਕੌਸਟਲ ਹੈਲਥ' ਵੱਲੋਂ ਦਿੱਤੇ ਵੇਰਵੇ ਅਨੁਸਾਰ, 2016-17 ਦੌਰਾਨ ਰਿਚਮੰਡ ਹੌਸਪੀਟਲ ਵਿਚ ਵਿਦੇਸ਼ੀ ਮਾਂਵਾਂ ਨੇ 384 ਬੱਚਿਆਂ ਨੂੰ ਜਨਮ ਦਿੱਤਾ ਸੀ ਜਦੋਂ ਕਿ 2010 ਵਿਚ, ਇਸ ਹਸਪਤਾਲ ਵਿਚ ਜਣੇਪੇ ਦੇ ਮਸਾਂ 18 ਕੇਸ ਆਏ ਸਨ। 2014 ਅਤੇ 2017 ਦੇ ਵਿਚਾਲ਼ੇ, ਵਿਦੇਸ਼ੀ ਮਾਂਵਾਂ ਨੇ 1020 ਬੱਚਿਆਂ ਨੂੰ ਜਨਮ ਦਿੱਤਾ ਸੀ। ਵਿਦੇਸ਼ੀ ਮਾਂਵਾਂ ਵੱਲੋਂ ਜੰਮੇ ਜਾਣ ਵਾਲ਼ੇ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਵਧਣ ਨਾਲ਼, ਬਹੁਤ ਸਾਰੇ ਗੁੱਝੇ ਕਾਰੋਬਾਰ ਫੈਲੇ ਹਨ ਜਿੱਦਾਂ, ਗਰਭਵਤੀ ਔਰਤਾਂ ਦੀ ਸਾਂਭ-ਸੰਭਾਲ ਕਰਨ ਵਾਲ਼ੇ/ ਵਾਲ਼ੀਆਂ, ਹਵਾਈ ਅੱਡੇ ਤੋਂ ਉਨ੍ਹਾਂ ਨੂੰ ਲਿਜਾਣ ਵਾਲ਼ੇ/ ਵਾਲ਼ੀਆਂ, ਨਵਜੰਮੇਂ ਬੱਚਿਆਂ ਦੇ ਕਾਗ਼ਜ਼-ਪੱਤਰ ਅਤੇ ਪਾਸਪੋਰਟ ਬਣਾਉਣ ਵਿਚ ਮਦਦ ਕਰਨ ਵਾਲ਼ੇ/ ਵਾਲ਼ੀਆਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ 'ਉੱਗ ਆਈਆਂ' ਹਨ। ਸਟਾਰਚੁਕ ਦਾ ਹੀ ਕਹਿਣ ਹੈ, "'ਜਣੇਪਾ ਸੈਰ-ਸਪਾਟੇ' ਨੇ ਕੈਨੇਡੀਅਨ ਸਿਟੀਜ਼ਨਸ਼ਿੱਪ ਦੀ ਬੇਕਦਰੀ ਕਰ ਦਿੱਤੀ ਹੈ। ਇਹ ਸਹੀ ਨਹੀਂ ਹੈ, ਧੋਖਾ ਹੈ ਅਤੇ ਦੂਰਅੰਦੇਸ਼ੀ ਨਹੀਂ ਹੈ। ਅਸੀਂ ਨਹੀਂ ਜਾਣਦੇ ਕਿ 18 ਸਾਲਾਂ ਬਾਅਦ ਇਸ ਰੁਝਾਨ ਦੇ ਨਤੀਜੇ ਕੀ ਹੋਣਗੇ। ਕੀ ਅਸੀਂ ਇਸ ਖ਼ਾਤਰ ਤਿਆਰ ਹਾਂ?"
ਇਹ ਪਟੀਸ਼ਨ, ਜਿਸ ਨੂੰ 'ਹਾਊਸ ਆਫ ਕਾਮਨਜ਼' ਵਿਚ 'ਈ-1527' ਨਾਂ ਦਿੱਤਾ ਗਿਆ ਹੈ, ਇਸ ਸਦਨ ਵਿਚ ਰਿਚਮੰਡ ਦੇ ਮੈਂਬਰ ਪਾਰਲੀਮੈਂਟ ਜੋਏ ਪੇਸਚੀਸੌਲਿਡੋ ਨੇ ਉਠਾਈ ਹੈ। ਇਸ ਰਾਹੀਂ ਮੰਗ ਕੀਤੀ ਗਈ ਹੈ ਕਿ 'ਜਣੇਪਾ ਸੈਰ-ਸਪਾਟਾ' ਬੰਦ ਕਰਾਇਆ ਜਾਵੇ। ਇਸ ਪਟੀਸ਼ਨ ਉੱਤੇ ਹੁਣ ਤਕ ਕਈ ਸੈਂਕੜੇ ਲੋਕਾਂ ਦੇ ਦਸਤਖ਼ਤ ਕਰਾਏ ਜਾ ਚੁੱਕੇ ਹਨ। ਇਹ ਪਟੀਸ਼ਨ, ਸਟਾਰਚੁਕ ਵੱਲੋਂ ਇਸ ਸਬੰਧ ਵਿਚ ਕੀਤੀ ਗਈ ਦੂਜੀ ਕੋਸ਼ਿਸ਼ ਹੈ। ਇਸ ਤੋਂ ਪਹਿਲਾਂ ਉਹ, 2016 ਵਿਚ ਵੀ ਉਹ ਇਸ ਸਬੰਧ ਵਿਚ ਇਕ ਪਟੀਸ਼ਨ ਪਾ ਚੁੱਕੀ ਹੈ। ਉਹ ਪਟੀਸ਼ਨ ਵੀ 'ਹਾਊਸ ਆਫ ਕਾਮਨਜ਼' ਵਿਚ ਭੇਜੀ ਗਈ ਸੀ। ਉਸ ਪਟੀਸ਼ਨ ਦਾ ਕੋਈ ਨਤੀਜਾ ਨਹੀਂ ਨਿੱਕਲਿਆ ਸੀ ਕਿਉਂ ਕਿ ਉਦੋਂ ਸਰਕਾਰ ਨੇ ਇਹ ਮਹਿਸੂਸ ਕੀਤਾ ਸੀ ਕਿ ਜਨਮ ਦੀ ਵਜ੍ਹਾ ਨਾਲ਼ ਸਿਟੀਜ਼ਨਸ਼ਿੱਪ ਦੇਣੀ ਬੰਦ ਕਰਨ ਨਾਲ਼ ਸਮੁੱਚੀ ਸਿਟੀਜ਼ਨਸ਼ਿੱਪ ਪ੍ਰਣਾਲੀ ਨੂੰ ਨਵੇਂ ਸਿਰਿਉਂ ਸੁਧਾਰਨਾ ਪਏਗਾ।
ਸਟਾਰਚੁਕ ਦਾ ਕਹਿਣ ਹੈ ਕਿ ਭਾਵੇਂ 'ਜਣੇਪਾ ਸੈਰ-ਸਪਾਟਾ' ਸਾਰੇ ਕੈਨੇਡਾ ਵਿਚ ਹੋ ਰਿਹਾ ਹੈ, ਪਰ ਰਿਚਮੰਡ ਅਤੇ ਟੋਰਾਂਟੋ ਵਿਚ ਇਹ, ਬਹੁਤ ਜ਼ੋਰ-ਸ਼ੋਰ ਨਾਲ਼ ਹੋ ਰਿਹਾ ਹੈ। ਹੁਣ ਬੱਚਿਆਂ ਨੂੰ ਜਨਮ ਦੇਣ ਖ਼ਾਤਰ ਹੀ ਗਰਭਵਤੀ ਔਰਤਾਂ, ਰੂਸ ਅਤੇ ਨਾਈਜੇਰੀਆ ਤੋਂ ਵੀ ਆਉਣ ਲੱਗ ਪਈਆਂ ਹਨ। 2016 ਵਿਚ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਕਿਹਾ ਸੀ ਕਿ ਉਸ ਨੂੰ ਇਸ ਗੱਲ ਦਾ ਇਲਮ ਹੈ ਕਿ ਇਸ ਸੂਬੇ ਵਿਚ 26 ਜਣੇਪਾ ਘਰ ਹਨ। ਸਟਾਰਚੁਕ ਦਾ ਕਹਿਣ ਹੈ ਕਿ ਇਹ ਰੁਝਾਨ ਪੱਛਮੀ ਵੈਨਕੂਵਰ ਜਾਂ ਲੈਂਗਲੀ ਵਿਚ ਵੀ ਹੋ ਸਕਦਾ ਹੈ।
ਵੈਨਕੂਵਰ ਕੌਸਟਲ ਹੈਲਥ' ਦੀ ਤਰਜਮਾਨ ਕੈਰੀ ਸਟੀਫਨਸਨ ਦਾ ਕਹਿਣ ਹੈ ਕਿ ਇਸ ਖਿੱਤੇ ਦੇ ਹਸਪਤਾਲਾਂ ਵਿਚ ਵਿਦੇਸ਼ੀ ਔਰਤਾਂ ਵੱਲੋਂ ਜਣੇਪੇ ਕਰਾਉਣ ਸਬੰਧੀ ਅੰਕੜੇ ਫੌਰੀ ਤੌਰ 'ਤੇ ਨਹੀਂ ਮਿਲਦੇ, ਪਰ ਇਹ ਅੰਕੜੇ ਬਹੁਤ ਵੱਡੇ ਵੀ ਨਹੀਂ ਹੋਣਗੇ। ਉਨ੍ਹਾਂ ਨੇ ਇਹ ਵੀ ਕਿਹਾ ਹੈ, "ਸਿਹਤ ਵਿਭਾਗ 'ਜਣੇਪੇ ਸਬੰਧੀ ਸੈਰ-ਸਪਾਟੇ' ਦੀ ਨਾ ਤਾਂ ਪੁਸ਼ਟੀ ਕਰਦਾ ਹੈ, ਨਾ ਹੀ ਇਸ ਦੀ ਵੇਚ-ਵੱਟ ਦੀ ਹਮਾਇਤ ਕਰਦਾ ਹੈ। ਹਾਂ, ਸਾਨੂੰ ਇਸ ਵੱਲੋਂ, ਗਰਭਵਤੀ ਔਰਤਾਂ ਨੂੰ ਦਿੱਤੀਆਂ ਜਾਣ ਵਾਲ਼ੀਆਂ ਸੇਵਾਵਾਂ ਦੇਣ ਦੀ ਸਮਰੱਥਾ ਉੱਤੇ ਮਾੜਾ ਅਸਰ ਪਾਉਣ ਸਬੰਧੀ ਚਿੰਤਾ ਜ਼ਰੂਰ ਹੈ।"
ਇੱਥੇ ਦੱਸਣਾ ਲਾਜ਼ਮੀ ਹੈ ਕਿ ਕੈਨੇਡਾ ਵਿਚ ਜਨਮ ਲੈਣ ਵਾਲ਼ੇ ਕਿਸੇ ਵੀ ਬੱਚੇ ਨੂੰ ਕੈਨੇਡਾ ਦੀ ਸਿਟੀਜ਼ਨਸ਼ਿੱਪ ਦੇਣ ਦਾ ਰਿਵਾਜ, 1947 ਵਿਚ ਪਹਿਲੇ ਕੈਨੇਡੀਅਨ ਸਿਟੀਜ਼ਨਸ਼ਿੱਪ ਕਾਨੂੰਨ ਦੇ ਲਾਗੂ ਹੋਣ ਤੋਂ ਹੀ ਹੈ। ਕੈਨੇਡਾ ਵਿਚ ਜਨਮ ਲੈਣ ਵਾਲ਼ੇ ਬੱਚੇ, ਕੈਨੇਡਾ ਦੇ ਸ਼ਹਿਰੀ ਮੰਨੇ ਜਾਂਦੇ ਹਨ, ਪਰ ਉਨ੍ਹਾਂ ਦੇ ਮਾਪੇ ਨਹੀਂ। 'ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ' ਦੇ ਇਕ ਬੁਲਾਰੇ ਵੱਲੋਂ ਪੱਤਰਕਾਰਾਂ ਨੂੰ ਦਿੱਤੇ ਗਏ ਬਿਆਨ ਵਿਚ ਇਹ ਕਿਹਾ ਹੋਇਆ ਹੈ ਕਿ ਗਰਭਵਤੀ ਔਰਤਾਂ ਨੂੰ ਕੈਨੇਡਾ ਵਿਚ ਸੈਲਾਨਣਾਂ ਵਜੋਂ ਆਉਣ ਦੀ ਮਨਾਹੀ ਨਹੀਂ ਹੈ ਤੇ ਕੈਨੇਡਾ ਵਿਚ ਆਉਣ ਮਗਰੋਂ ਜਣੇਪਾ ਕਰਾਉਣਾ ਵੀ ਕੋਈ ਗ਼ੈਰਕਾਨੂੰਨੀ ਕਾਰਵਾਈ ਨਹੀਂ ਹੈ। ਇਹ ਵੀ ਕਿਹਾ ਹੋਇਆ ਹੈ ਕਿ ਜੇ ਕੋਈ ਵਿਦੇਸ਼ੀ, ਇਲਾਜ ਕਰਾਉਣ ਲਈ ਕੈਨੇਡਾ ਵਿਚ ਦਾਖਲ ਤਾਂ ਹੋਣਾ ਚਾਹੁੰਦਾ ਹੈ, ਪਰ ਉਸ ਕੋਲ ਆਪਣੇ ਇਲਾਜ ਬਦਲੇ ਦੇਣ ਲਈ ਕੁੱਝ ਵੀ ਨਹੀਂ ਹੈ ਤਾਂ 'ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ' ਕਹਿ ਸਕਦੀ ਹੈ ਕਿ ਉਹ, ਕੈਨੇਡਾ ਦੀ ਸਿਹਤ ਸੇਵਾ ਸਿਰ 'ਵਾਧੂ ਭਾਰ' ਪਾ ਰਿਹਾ ਹੈ ਤੇ ਉਸ ਨੂੰ ਕੈਨੇਡਾ ਵਿਚ ਦਾਖ਼ਲ ਹੋਣੋਂ ਰੋਕਿਆ ਜਾ ਸਕਦਾ ਹੈ।
ਇਹ ਦੱਸਣਾ ਵੀ ਜ਼ਰੂਰੀ ਹੈ ਕਿ ਆਸਟਰੇਲੀਆ ਅਤੇ ਨਿਊ ਜ਼ੀਲੈਂਡ ਅਤੇ ਬਹੁਤ ਸਾਰੇ ਯੂਰਪੀ ਦੇਸ਼ਾਂ ਨੇ ਜਮਾਂਦਰੂ ਨਾਗਰਿਕਤਾ ਦੇਣ ਦੇ ਨਿਯਮ ਬਦਲ ਦਿੱਤੇ ਹਨ। ਉੱਥੇ ਉਨ੍ਹਾਂ ਬੱਚਿਆਂ ਨੂੰ ਹੀ ਜਮਾਂਦਰੂ ਨਾਗਰਿਕਤਾ ਦਿੱਤੀ ਜਾਂਦੀ ਹੈ, ਜਿਨ੍ਹਾਂ ਦੇ ਮਾਪਿਆਂ ਵਿਚੋਂ ਘੱਟ ਤੋਂ ਘੱਟ ਇਕ ਜਣਾ ਸਬੰਧਤ ਮੁਲਕ ਦਾ ਨਾਗਰਿਕ ਹੋਵੇ। ਭਾਰਤ ਨੇ ਤਾਂ ਇਹ ਰਿਵਾਜ ਮੂਲ਼ੋਂ ਹੀ ਬੰਦ ਕਰ ਦਿੱਤਾ ਹੋਇਆ ਹੈ।
ਇਸ ਸਾਲ ਅਗਸਤ ਵਿਚ ਨੋਵਾ ਸਕੋਸ਼ੀਆ ਦੇ ਸ਼ਹਿਰ ਹੈਲੀਫੈਕਸ ਵਿਖੇ ਕਨਜ਼ਰਵੇਟਿਵ ਪਾਰਟੀ ਦੀ ਕਨਵੈਨਸ਼ਨ ਵਿਚ ਇਸ ਪਾਰਟੀ ਨੇ ਕੈਨੇਡਾ ਵਿਚੋਂ 'ਜਣੇਪੇ ਸਬੰਧੀ ਸੈਰ-ਸਪਾਟਾ' ਖ਼ਤਮ ਕਰਨ ਦੇ ਹੱਕ ਵਿਚ ਫ਼ਤਵਾ ਦਿੱਤਾ ਤੇ ਇਸ ਦੇ ਮੈਂਬਰਾਂ ਨੇ ਇਸ ਤਰਜ਼ ਦੀ ਤਜਵੀਜ਼ ਉੱਤੇ ਦਸਤਖ਼ਤ ਕੀਤੇ। ਇਸ ਮੌਕੇ 'ਤੇ ਇਸ ਪਾਰਟੀ ਦੇ ਮੈਂਬਰਾਂ ਨੇ ਕਿਹਾ ਸਰਕਾਰ ਉਨ੍ਹਾਂ ਬੱਚਿਆਂ ਨੂੰ ਵੀ ਕੈਨੇਡਾ ਵਿਚ ਜਨਮ ਲੈਣ ਦੇ ਆਧਾਰ 'ਤੇ ਕੈਨੇਡਾ ਦੇ ਸਿਟੀਜ਼ਨ ਬਣਾਈ ਜਾ ਰਹੀ ਹੈ, ਜਿਨ੍ਹਾਂ ਦੇ ਮਾਪਿਆਂ ਵਿਚੋਂ ਇਕ ਜਣਾ ਵੀ ਕੈਨੇਡਾ ਦਾ ਸਿਟੀਜ਼ਨ ਨਹੀਂ ਹੁੰਦਾ। ਇਸ ਕਨਵੈਨਸ਼ਨ ਵਿਚ ਬ੍ਰਿਟਿਸ਼ ਕੋਲੰਬੀਆ ਦੀ ਮੈਂਬਰ ਪਾਰਲੀਮੈਂਟ ਐਲੀਸ ਵੌਂਗ, ਅਲਬਰਟਾ ਦੇ ਮੈਂਬਰ ਪਾਰਲੀਮੈਂਟ ਦੀਪਕ ਓਬਰਾਏ ਵੀ ਸ਼ਾਮਲ ਸਨ। ਇਸ ਸਬੰਧ ਵਿਚ ਇਕ ਮਤਾ ਵੀ ਪਾਸ ਕੀਤਾ ਗਿਆ।
ਇਸ ਕਨਵੈਨਸ਼ਨ ਵਿਚ ਕਨਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਉਹ 'ਜਮਾਂਦਰੂ ਸ਼ਹਿਰੀਅਤ' ਦੇਣ ਦੇ ਖ਼ਿਲਾਫ਼ ਇਕ ਬਿੱਲ ਪੇਸ਼ ਕਰੇਗੀ। ਕਨਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਨੇ ਵਾਅਦਾ ਕੀਤਾ ਕਿ ਉਹ ਨਾਗਰਿਕਤਾ ਸਬੰਧੀ ਇਸ ਰੁਝਾਨ ਨੂੰ ਖ਼ਤਮ ਕਰਾ ਕੇ ਹੀ ਦਮ ਲੈਣਗੇ। ਇਨ੍ਹੀਂ ਦਿਨੀਂ ਜੇ ਕਿਸੇ ਵਿਦੇਸ਼ੀ ਔਰਤ ਨੂੰ, ਟੋਰਾਂਟੋ ਹਵਾਈ ਅੱਡੇ ਉੱਤੇ ਜਹਾਜ਼ ਬਦਲਣ ਦੌਰਾਨ ਜਨਮ-ਪੀੜਾਂ ਹੋਣੀਆਂ ਸ਼ੁਰੂ ਹੋ ਜਾਣ ਤਾਂ ਉਸ ਦੇ ਬੱਚੇ ਨੂੰ ਆਪਣੇ-ਆਪ ਹੀ ਕੈਨੇਡਾ ਦੀ ਸ਼ਹਿਰੀਅਤ ਮਿਲ ਜਾਵੇਗੀ। ਲਾਤੀਨੀ ਭਾਸ਼ਾ ਵਿਚ ਇਸ ਅਸੂਲ ਨੂੰ 'ਜੱਸ ਸੋਲੀ' ਯਾਨੀ 'ਲਾਅ ਆਫ ਦ ਸੁਆਇਲ' (ਭੋਂਅ ਦਾ ਕਾਨੂੰਨ) ਕਿਹਾ ਜਾਂਦਾ ਹੈ। ਇਸ ਤੋਂ ਉਲਟ, ਜੇ ਕੋਈ ਕੈਨੇਡੀਅਨ ਔਰਤ, ਫਰਾਂਸ ਦੇ ਕੌਮਾਂਤਰੀ ਹਵਾਈ ਅੱਡੇ ਉੱਤੇ ਬੱਚੇ ਨੂੰ ਜਨਮ ਦੇ ਦਿੰਦੀ ਹੈ ਤਾਂ ਉਸ ਨੂੰ, ਬੱਚੇ ਦਾ ਜਨਮ ਫਰਾਂਸ ਵਿਚ ਹੋਣ ਦੇ ਸਬੂਤ ਵਜੋਂ ਇਕ ਸਰਟੀਫਿਕੇਟ ਤੋਂ ਇਲਾਵਾ ਕੁੱਝ ਨਹੀਂ ਮਿਲੇਗਾ।
ਸਾਰੇ ਯੂਰਪ, ਏਸ਼ੀਆ, ਅਫ਼ਰੀਕਾ ਅਤੇ ਓਸ਼ਨੀਆ ਵਿਚ ਵੀ ਇਹੋ ਰਿਵਾਜ ਹੈ। ਇਨ੍ਹਾਂ ਮੁਲਕਾਂ ਵਿਚ ਬੱਚਾ ਜੰਮਣ 'ਤੇ ਉਸ ਦੀ ਨਾਗਰਿਕਤਾ ਸਬੰਧੀ ਫੈਸਲਾ, ਮੈਟਰਨਿਟੀ ਵਾਰਡ ਦੇ ਸਿਖ਼ਰ ਝੁਲਦੇ ਝੰਡੇ ਦੇ ਲਿਹਾਜ਼ ਨਾਲ਼ ਨਹੀਂ, ਸਗੋਂ ਉਸ ਬੱਚੇ ਦੇ ਮਾਪਿਆਂ ਦੀ ਨਾਗਰਿਕਤਾ ਦੇ ਹਿਸਾਬ ਨਾਲ਼ ਹੋਵੇਗਾ। ਜਦੋਂ ਜਰਮਨੀ ਦੇ ਬਰਲਿਨ ਸ਼ਹਿਰ ਦਾ ਆਲ਼ਾ-ਦੁਆਲ਼ਾ, ਜਰਮਨ ਵਿਚ ਜਨਮੇਂ ਉਨ੍ਹਾਂ ਤੁਰਕਾਂ ਨਾਲ਼ ਭਰ ਗਿਆ, ਜਿਨ੍ਹਾਂ ਨੂੰ ਜਰਮਨੀ ਦੇ ਨਾਗਰਿਕ ਬਣਾਉਣੋਂ ਇਨਕਾਰ ਕਰ ਦਿੱਤਾ ਗਿਆ ਤਾਂ ਜਰਮਨ ਸਰਕਾਰ ਨੇ ਨਾਗਰਿਕਤਾ ਹਾਸਲ ਕਰਨ ਸਬੰਧੀ ਯੋਗਤਾਵਾਂ ਲਾਗੂ ਕਰ ਦਿੱਤੀਆਂ। ਆਸਟਰਲੀਆ ਵਿਚ ਜਨਮੀ, ਦੇਸ਼ਹੀਣ ਮਾਪਿਆਂ ਦੀ ਔਲਾਦ ਨੂੰ 'ਵਿਸ਼ੇਸ਼ ਕਿਸਮ ਦੀ ਜ਼ਮੀਨੀ ਨਾਗਰਿਕਤਾ' ਦੇ ਯੋਗ ਸਮਝਿਆ ਜਾ ਸਕਦਾ ਹੈ।
ਨਾਗਰਿਕਤਾ ਸਬੰਧੀ ਅਨੇਕਾਂ ਦਿਲਚਸਪ ਕਿੱਸੇ ਹਨ, ਜੋ ਕਦੇ ਫੇਰ ਸਹੀ।#
