ਲਾਹੌਰ ਦਾ ਬਾਪ ਸਰ ਗੰਗਾ ਰਾਮ
<><><><><><><><>
ਕਹਿੰਦੇ ਨੇ ਪਈ ਜਿਨ੍ਹੇ ਲਾਹੌਰ ਨਹੀਂ ਦੇਖਿਆ, ਉਹ ਜੰਮਿਆ ਈ ਨਹੀਂ। ਇਸ ਹਿਸਾਬ ਨਾਲ ਤਾਂ ਆਪਾਂ ਵੀ ਹਾਲੇ ਜੰਮਣਾ ਹੀ ਹੈ। 'ਜਿਨ੍ਹੇ ਲਾਹੌਰ ਦੀਆਂ ਜੜ੍ਹਾਂ ਨਹੀਂ ਦੇਖੀਆਂ, ਉਹ ਹਾਲੇ ਜੰਮਣ ਬਾਰੇ ਸੋਚੇ ਵੀ ਨਾ' ਇਹ ਗੱਲ ਅਸੀਂ ਕਹੀ ਹੈ ਤੇ ਇਸ ਲੇਖ ਵਿਚ ਇਹ ਸਾਬਤ ਵੀ ਕਰਾਂਗੇ। ਲਾਹੌਰ ਦੀ ਗੱਲ ਕਰਨੀ ਹੈ ਤਾਂ ਸਰ ਗੰਗਾ ਰਾਮ ਦੀ ਗੱਲ ਵੀ ਕਰਨੀ ਪਏਗੀ ਕਿਉਂ ਕਿ ਪਾਕਿਸਤਾਨ ਵਾਲ਼ੇ ਵੀ ਮੰਨਦੇ ਹਨ ਕਿ ਲਾਹੌਰ ਦਾ ਬਾਨੀ, ਲਾਹੌਰ ਦਾ ਬਾਪ ਸਰ ਗੰਗਾ ਰਾਮ ਹੀ ਸੀ।
ਲਾਹੌਰ ਸ਼ਹਿਰ ਦਾ ਇਤਿਹਾਸ ਵੀ ਬਹੁਤ ਹੀ ਦਿਲਚਸਪੀਆਂ ਭਰਿਆ ਹੈ। ਇਸ ਦੀ ਬੁੱਕਲ ਮਹਾਨ ਸ਼ਖ਼ਸੀਅਤਾਂ ਨਾਲ਼ ਭਰੀ ਰਹੀ ਹੈ। ਸਰ ਗੰਗਾ ਰਾਮ ਵੀ aਨ੍ਹਾਂ ਮਹਾਨ ਸ਼ਖ਼ਸੀਅਤਾਂ ਵਿਚੋਂ ਇਕ ਸਨ। ਭਾਵੇਂ ਲਾਹੌਰ ਨੇ ਕਈ ਮਹਾਨ ਬੰਦੇ ਪੈਦਾ ਕੀਤੇ ਹੋਣਗੇ, ਪਰ ਲਾਹੌਰ ਨੂੰ ਪੈਦਾ ਕਰਨ ਦਾ ਮਾਣ ਸਰ ਗੰਗਾ ਰਾਮ ਨੂੰ ਹੀ ਜਾਂਦਾ ਹੈ। ਲਾਹੌਰ ਦੀ ਇਮਾਰਤਸਾਜ਼ੀ ਵਿਚ ਜਿਹੜਾ ਵੱਖਰਾ ਅੰਦਾਜ਼ ਅਤੇ ਸ਼ਾਨ ਹੈ, ਉਹ, ਲਾਹੌਰੀਆਂ ਨੂੰ ਸਰ ਗੰਗਾ ਰਾਮ ਦੀ ਵਿਸ਼ੇਸ਼ ਦੇਣ ਹੈ। ਹਜ਼ਾਰਾਂ ਹੀ ਲਾਹੌਰੀਏ ਇਹ ਮੰਨਦੇ ਵੀ ਹਨ ਤੇ ਇਸੇ ਦੀ ਗਵਾਹੀ ਦਿੰਦਾ ਹੈ, ਲਾਹੌਰ ਦਾ 'ਸਰ ਗੰਗਾ ਰਾਮ ਹਸਪਤਾਲ'। ਪੂਰੇ ਲਾਹੌਰ ਵਿਚ ਚਾਰੇ ਪਾਸੇ 'ਗੰਗਾ ਰਾਮ-ਗੰਗਾ ਰਾਮ' ਤਾਂ ਹੁੰਦੀ ਰਹਿੰਦੀ ਹੈ, ਪਰ 'ਗੰਗਾ ਰਾਮ ਕੌਣ ਸੀ' ਇਸ ਦਾ ਜੁਆਬ ਘੱਟ ਹੀ ਮਿਲਦਾ ਹੈ।
ਲਓ, ਫਿਰ ਹੁਣ ਸੁਣ (ਪੜ੍ਹ) ਲਓ। ਸਰ ਗੰਗਾ ਰਾਮ ਨੇ ਆਪਣੀ ਉਮਰ ਦਾ ਇਕ ਵੱਡਾ ਹਿੱਸਾ, ਇਕ ਇੰਜੀਨੀਅਰ ਵਜੋਂ ਲਾਹੌਰ ਸ਼ਹਿਰ ਦੇ ਲੇਖੇ ਲਾਇਆ ਸੀ। ਉਹ, ਬਹੁਤ ਹੀ ਵੱਡੇ ਦਿਲ ਵਾਲ਼ੇ ਦਾਨੀ ਸੱਜਣ ਸਨ। ਉਨ੍ਹਾਂ ਨੇ ਲਾਹੌਰ ਹਾਈ ਕੋਰਟ ਅਤੇ ਗਿਰਜੇ ਦੀ ਉਸਾਰੀ ਦੀ ਨਿਗਰਾਨੀ ਕੀਤੀ ਸੀ ਤੇ ਐਟਚੀਸਨ ਕਾਲਜ ਦੀ ਉਸਾਰੀ ਕਰਾਈ ਸੀ। ਉਨ੍ਹਾਂ ਨੇ ਲਾਹੌਰ ਵਿਚ ਕਈ ਇਮਾਰਤਾਂ ਬਣਵਾਉਣ ਦੇ ਨਾਲ਼-ਨਾਲ਼ ਲਾਹੌਰ ਨੂੰ ਨਵਾਂ ਵਾਟਰ ਵਰਕਸ ਵੀ ਬਣਵਾ ਕੇ ਦਿੱਤਾ ਸੀ। ਸਰ ਗੰਗਾ ਰਾਮ, 12 ਸਾਲ ਲਾਹੌਰ ਦੇ ਕਾਰਜਕਾਰੀ ਇੰਜੀਨੀਅਰ ਰਹੇ ਸਨ ਤੇ ਉਹ ਸਮਾਂ, ਲਾਹੌਰ ਵਿਚ 'ਗੰਗਾ ਰਾਮ ਦੀ ਇਮਾਰਤਸਾਜ਼ੀ ਦਾ ਸਮਾਂ' ਕਹਾਉਂਦਾ ਰਿਹਾ ਹੈ। ਗੰਗਾ ਰਾਮ ਦੀ ਹਵੇਲੀ, ਜਿਹੜੀ ਲਾਹੌਰੀਆਂ ਨੇ ਨਾ ਵਿਕਣ ਦਿੱਤੀ ਹੈ ਨਾ ਢਾਹੁਣ ਦਿੱਤੀ ਹੈ, ਸੰਗੀਤ ਦੇ ਸਾਜ਼ਾਂ ਦੀਆਂ ਦੁਕਾਨਾਂ ਵਿਚ ਘਿਰੀ, ਜਿਉਂ ਦੀ ਤਿਉਂ ਖੜੀ ਹੈ। ਉਸ ਦੀ ਜ਼ਮੀਨੀ ਮੰਜ਼ਿਲ ਵਿਚ ਸੰਗੀਤ ਦੇ ਸਾਜ਼ਾਂ ਦੀਆਂ ਦੁਕਾਨਾਂ ਹਨ। ਹਲਦੀ ਰੰਗੀ ਇਹ ਇਮਾਰਤ, ਇਮਾਰਸਾਜ਼ੀ ਦੀ ਕਲਾ ਦਾ ਨਮੂਨਾ ਹੈ। ਇਸ ਇਮਾਰਤ ਅਤੇ ਇਸ ਦੀ ਖ਼ਾਮੋਸ਼ੀ ਦੀ ਰਾਖੀ ਇਕ ਜੰਦਰਾ ਕਰਦਾ ਹੈ। ਉਂਝ ਇਸ ਹਵੇਲੀ ਨੂੰ ਇਕ ਅਜਾਇਬ ਘਰ ਦਾ ਰੂਪ ਦੇਣਾ ਕੋਈ ਵੱਡਾ ਕੰਮ ਨਹੀਂ ਹੈ। ਇਸ ਵਿਚ ਸਰ ਗੰਗਾ ਰਾਮ ਨਾਲ਼ ਸਬੰਧਤ ਦਸਤਾਵੇਜ਼ਾਂ, ਖ਼ਾਕਿਆਂ/ ਨਕਸ਼ਿਆਂ ਅਤੇ ਹੋਰ ਸਾਜ਼ੋ-ਸਾਮਾਨ ਦੀ ਨੁਮਾਇਸ਼ ਲਗਾਈ ਜਾ ਸਕਦੀ ਹੈ। ਲਾਹੌਰ ਸ਼ਹਿਰ ਵਿਚ ਅਜੂਬਿਆਂ ਵਰਗੀਆਂ ਕਈ ਇਮਾਰਤਾਂ ਅਤੇ ਉਸ ਦੀ ਮਾਲ ਰੋਡ ਨੂੰ ਸ਼ਿੰਗਾਰਦੀਆਂ ਬਹੁਤ ਸਾਰੀਆਂ ਇਮਾਰਤਾਂ ਦੇ ਨਮੂਨੇ, ਸਰ ਗੰਗਾ ਰਾਮ ਦੀ ਸਿਰਜਣਾ ਦੇ ਨਮੂਨੇ ਹਨ। ਓਦਾਂ, ਅੱਧੇ ਤੋਂ ਵੱਧ ਲਾਹੌਰ ਨੂੰ ਇਸ ਦਾ ਇਲਮ ਨਹੀਂ ਹੈ।
ਸੰਨ 1851 ਵਿਚ 13 ਅਪ੍ਰੈਲ ਨੂੰ ਮਾਂਗਟਾਂਵਾਲ਼ਾ ਦੇ ਇਕ ਘਰ ਵਿਚ ਸਰ ਗੰਗਾ ਰਾਮ ਅਗਰਵਾਲ ਦਾ ਜਨਮ ਹੋਇਆ ਸੀ। ਉਨ੍ਹਾਂ ਦੇ ਪਿਤਾ ਦੌਲਤ ਰਾਮ ਅਗਰਵਾਲ, ਮਾਂਗਟਾਂਵਾਲ਼ਾ ਥਾਣੇ ਵਿਚ ਜੂਨੀਅਰ ਸਬ ਇੰਸਪੈਕਟਰ ਸਨ। ਬਾਅਦ ਵਿਚ ਉਹ, ਅਦਾਲਤ ਦੇ 'ਕਾਪੀ ਰਾਈਟਰ' ਬਣ ਕੇ ਅੰਮ੍ਰਿਤਸਰ ਰਹਿਣ ਲੱਗ ਪਏ ਸਨ। ਅੰਮ੍ਰਿਤਸਰ ਵਿਚ ਹੀ, ਸਰਕਾਰੀ ਹਾਈ ਸਕੂਲ ਤੋਂ ਗੰਗਾ ਰਾਮ ਨੇ ਮੈਟ੍ਰਿਕ ਪਾਸ ਕੀਤੀ ਤੇ 1869 ਵਿਚ ਉਹ, ਗੌਰਮਿੰਟ ਕਾਲਜ, ਲਾਹੌਰ ਵਿਚ ਪੜ੍ਹਨ ਲੱਗ ਪਏ। 1871 ਵਿਚ ਉਨ੍ਹਾਂ ਨੂੰ ਥਾਮਸਨ ਸਿਵਲ ਇੰਜੀਨੀਅਰਿੰਗ ਕਾਲਜ, ਰੁੜਕੀ ਵਿਚ ਸਕਾਲਰਸ਼ਿੱਪ ਮਿਲ ਗਈ। 1873 ਵਿਚ ਉਨ੍ਹਾਂ ਨੇ ਗੋਲਡ ਮੈਡਲ ਹਾਸਲ ਕਰਦਿਆਂ 'ਫਾਈਨਲ ਲੋਅਰ ਸਬਾਰਡੀਨੇਟ ਐਗਜ਼ਾਮੀਨੇਸ਼ਨ' ਪਾਸ ਕਰ ਲਿਆ। ਇਸ ਤੋਂ ਮਗਰੋਂ ਉਨ੍ਹਾਂ ਨੂੰ ਸਹਾਇਕ ਇੰਜੀਨੀਅਰ ਵਜੋਂ ਨਿਯੁਕਤੀ ਮਿਲ ਗਈ ਤੇ ਉਨ੍ਹਾਂ ਨੂੰ 'ਇੰਪੀਰੀਅਲ ਅਸੈਂਬਲੇਜ' ਦੀ ਉਸਾਰੀ ਵਿਚ ਮਦਦ ਕਰਨ ਲਈ ਦਿੱਲੀ ਸੱਦ ਲਿਆ ਗਿਆ। ਕੁੱਝ ਸਮਾਂ ਪੰਜਾਬ ਪੀ. ਡਬਲਯੂ. ਡੀ. ਵਿਚ ਕੰਮ ਕਰਨ ਮਗਰੋਂ, ਉਹ ਪੂਰੀ ਤਰਾਂ ਖੇਤੀ ਦੇ ਕੰਮ ਵਿਚ ਜੁੱਟ ਗਏ ਤੇ ਉਨ੍ਹਾਂ ਨੇ ਮਿੰਟਗੁਮਰੀ ਜ਼ਿਲੇ ਵਿਚ 50 ਹਜ਼ਾਰ ਏਕੜ ਬੰਜਰ ਜ਼ਮੀਨ ਪਟੇ 'ਤੇ ਲੈ ਲਈ। ਤਿੰਨ ਸਾਲਾਂ ਵਿਚ ਹੀ ਉਨ੍ਹਾਂ ਨੇ ਆਪਣੇ ਇੰਜੀਨੀਅਰੀ ਹੁਨਰ ਅਤੇ ਜਦੀਦ ਸਿੰਜਾਈ ਢੰਗਾਂ ਨਾਲ਼ ਉਹ ਬੰਜਰ ਜ਼ਮੀਨ ਉਪਜਾਊ ਬਣਾ ਲਈ। ਉਨ੍ਹਾਂ ਨੇ ਇਸ ਜ਼ਮੀਨ ਤੋਂ ਲੱਖਾਂ ਰੁਪਏ ਕਮਾਏ ਅਤੇ ਦਾਨ ਕੀਤੇ।
ਪੰਜਾਬ ਦੇ ਤਤਕਾਲੀ ਗਵਰਨਰ ਸਰ ਮੈਲਕਮ ਹੇਲੀ ਨੇ ਸਰ ਗੰਗਾ ਰਾਮ ਬਾਰੇ ਏਦਾਂ ਕਿਹਾ ਹੋਇਆ ਹੈ, "ਉਹ ਨਾਇਕ ਵਾਂਗ ਜਿੱਤਿਆ ਅਤੇ ਉਸ ਨੇ ਸੰਤ ਵਾਂਗ ਦਾਨ ਕੀਤਾ।" ਉਨ੍ਹਾਂ ਨੇ ਲਾਹੌਰ ਵਿਚ 'ਜਨਰਲ ਪੋਸਟ ਆਫਿਸ', 'ਲਾਹੌਰ ਮਿਊਜ਼ੀਅਮ', ਐਟਚੀਸਨ ਕਾਲਜ', 'ਮਾਯੋ ਸਕੂਲ ਆਫ ਆਰਟਸ' (ਹੁਣ ਐੱਨ. ਸੀ. ਏ.), 'ਗੰਗਾ ਰਾਮ ਹਸਪਤਾਲ', 'ਲੇਡੀ ਮੈਕਲਾਗਨ ਗਰਲਜ਼ ਹਾਈ ਸਕੂਲ', ਗੌਰਮਿੰਟ ਕਾਲਜ ਯੂਨੀਵਰਸਿਟੀ ਦੇ 'ਕੈਮਿਸਟਰੀ ਡਿਪਾਰਟਮੈਂਟ' ਦੀ ਇਮਾਰਤ, ਮਾਯੋ ਹਸਪਤਾਲ ਦਾ 'ਅਲਬਰਟ ਵਿਕਟਰ ਵਿੰਗ', 'ਹੇਲੀ ਕਾਲਜ ਆਫ ਕਾਮੱਰਸ, 'ਰਾਵੀ ਰੋਡ ਹਾਊਸ ਫਾਰ ਡਿਸੇਬਲਡ', ਮਾਲ ਰੋਡ ਉੱਤੇ 'ਗੰਗਾ ਰਾਮ ਟਰੱਸਟ ਬਿਲਡਿੰਗ' ਅਤੇ 'ਲੇਡੀ ਮਾਇਨਾਰਡ ਇੰਡਸਟਰੀਅਲ ਸਕੂਲ' ਦੇ ਨਮੂਨੇ ਹੀ ਨਹੀਂ ਬਣਾਏ, ਸਗੋਂ ਇਨ੍ਹਾਂ ਦੀ ਉਸਾਰੀ ਵੀ ਕਰਾਈ। ਉਨ੍ਹਾਂ ਨੇ ਕਦੇ, ਲਾਹੌਰ ਦੀ ਸਭ ਤੋਂ ਵਧੀਆ ਅਬਾਦੀ ਰਹੇ, ਮਾਡਲ ਟਾਊਨ ਦੀ, ਰੇਨਾਲਾ ਖ਼ੁਰਦ ਦੇ ਪਾਵਰ ਹਾਊਸ ਦੀ ਉਸਾਰੀ ਵੀ ਕਰਾਈ ਸੀ। ਉਨ੍ਹਾਂ ਨੇ ਹੀ ਪਠਾਨਕੋਟ ਅਤੇ ਅੰਮ੍ਰਿਤਸਰ ਵਿਚਾਲ਼ੇ ਰੇਲਵੇ ਲਾਈਨ ਵਿਛਾਉਣ ਦਾ ਕੰਮ ਵੀ ਕਰਾਇਆ ਸੀ। 'ਸਰ ਗੰਗਾ ਰਾਮ ਹਸਪਤਾਲ', 'ਲੇਡੀ ਮੈਕਲਾਗਨ ਸਕੂਲ' ਅਤੇ 'ਰੇਨਾਲਾ ਖ਼ੁਰਦ ਪਾਵਰ ਹਾਊਸ' ਦੀ ਉਸਾਰੀ ਦੀ ਲਾਗਤ ਉਨ੍ਹਾਂ ਨੇ ਆਪਣੇ ਪੱਲਿਓਂ ਅਦਾ ਕੀਤੀ। ਇੰਨੇ ਪਰਉਪਕਾਰੀ ਆਦਮੀ ਨੂੰ ਵੀ ਮਜ਼ਹਬੀ ਜਨੂੰਨੀਆਂ ਨੇ ਬਖ਼ਸ਼ਿਆ ਨਹੀਂ ਸੀ। ਚਾਹੇ ਕੁੱਝ ਵੀ ਹੋਵੇ, ਸਰ ਗੰਗਾ ਰਾਮ ਨੂੰ ਲਾਹੌਰ ਅਤੇ ਲਾਹੌਰੀਆਂ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦਾ ਹਸਪਤਾਲ ਅੱਜ ਵੀ ਲਾਹੌਰੀਆਂ ਦੀ ਸੇਵਾ ਕਰਦਾ ਹੈ।
1903 ਵਿਚ ਸਰ ਗੰਗਾ ਰਾਮ ਸੇਵਾਮੁਕਤ ਹੋ ਗਏ। ਉਸੇ ਹੀ ਸਾਲ ਉਨ੍ਹਾਂ ਨੂੰ 'ਰਾਏ ਬਹਾਦਰ' ਦੀ ਉਪਾਧੀ ਦਿੱਤੀ ਗਈ। 10 ਜੁਲਾਈ, 1927 ਨੂੰ ਲੰਡਨ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਮ ਸੰਸਕਾਰ ਕਰ ਕੇ, ਉਨ੍ਹਾਂ ਦੀਆਂ ਅਸਥੀਆਂ ਭਾਰਤ ਲਿਆਂਦੀਆਂ ਗਈਆਂ। ਇਨ੍ਹਾਂ ਵਿਚੋਂ ਕੁੱਝ ਹਿੱਸਾ ਗੰਗਾ ਵਿਚ ਪਾ ਦਿੱਤਾ ਗਿਆ ਤੇ ਬਾਕੀ, ਲਾਹੌਰ ਵਿਚ ਰਾਵੀ ਦੇ ਕੰਢੇ, ਕਰੀਮ ਪਾਰਕ ਵਿਚ ਦਫ਼ਨਾਈਆਂ ਗਈਆਂ। 1922 ਵਿਚ ਉਨ੍ਹਾਂ ਦੇ ਜਨਮ ਦਿਨ ਮੌਕੇ ਉਨ੍ਹਾਂ ਨੂੰ 'ਨਾਈਟ' ਦੀ ਉਪਾਧੀ ਨਾਲ਼ ਸਨਮਾਨਿਆ ਗਿਆ ਤੇ ਉਸੇ ਹੀ ਸਾਲ 8 ਜੁਲਾਈ ਨੂੰ ਬਕਿੰਘਮ ਪੈਲੇਸ ਵਿਚ ਸਮਰਾਟ ਜਾਰਜ ਪੰਚਮ ਨੇ ਇਸ ਉਪਾਧੀ ਨਾਲ਼ ਨਿਵਾਜ਼ਿਆ ਸੀ। ਉਹ, ਆਪਣੇ ਵੇਲ਼ੇ ਦੇ ਸਭ ਤੋਂ ਵਧੀਆ ਇੰਜੀਨੀਅਰਾਂ ਵਿਚੋਂ ਇਕ ਮੰਨੇ ਜਾਂਦੇ ਸਨ।
ਅੱਜ ਵੀ ਪਾਕਿਸਤਾਨ ਵਿਚ ਸਰ ਗੰਗਾ ਰਾਮ ਦਾ ਨਾਂ ਬਹੁਤ ਸ਼ਰਧਾ ਨਾਲ਼ ਲਿਆ ਜਾਂਦਾ ਹੈ। ਦਸੰਬਰ, 2013 ਵਿਚ 'ਆਗ਼ਾਜ਼ਿ-ਦੋਸਤੀ' ਨਾਂ ਦੀ ਇਕ ਜਥੇਬੰਦੀ ਨੇ 'ਸਰ ਗੰਗਾ ਰਾਮ ਹਸਪਤਾਲ, ਦਿੱਲੀ' ਦੇ ਮੁਖੀ ਡਾਕਟਰ ਡੀ. ਐੱਸ. ਰਾਣਾ ਨੂੰ ਹਿੰਦ-ਪਾਕ ਅਮਨ ਅਤੇ ਦੋਸਤੀ ਦੇ ਸਬੰਧ ਵਿਚ ਚਰਚਾ ਕਰਨ ਲਈ ਇਕ ਮੁੱਖ ਬੁਲਾਰੇ ਵਜੋਂ ਬੁਲਾਇਆ। ਇਸ ਮੌਕੇ ਆਪਣੀ ਤਕਰੀਰ ਵਿਚ ਡਾ. ਰਾਣਾ ਨੇ ਮਹਾਪਰਉਕਾਰੀ ਸਰ ਗੰਗਾ ਰਾਮ ਦੀ ਉੱਚੀ ਸੋਚ ਅਤੇ ਸੂਝ-ਸਿਆਣਪ ਉੱਤੇ ਰੌਸ਼ਨੀ ਪਾਈ। ਉਨ੍ਹਾਂ ਨੇ ਕਿਹਾ ਕਿ ਸਰ ਗੰਗਾ ਰਾਮ ਹਾਲੇ ਵੀ ਭਾਰਤ ਅਤੇ ਪਾਕਿਸਤਾਨ ਦੇ ਲੱਖਾਂ ਲੋਕਾਂ ਦੇ ਦਿਲਾਂ ਵਿਚ ਵਸਦੇ ਹਨ। ਲਾਹੌਰ ਅਤੇ ਦਿੱਲੀ ਵਿਚ ਉਨ੍ਹਾਂ ਦੀ ਯਾਦ ਵਿਚ ਚਲਦੇ 'ਸਰ ਗੰਗਾ ਰਾਮ ਹਸਪਤਾਲ' ਉਨ੍ਹਾਂ ਦੀ ਯਾਦ ਮੱਧਮ ਨਹੀਂ ਹੋਣ ਦਿੰਦੇ। ਇਨ੍ਹਾਂ ਹਸਪਤਾਲਾਂ ਵਿਚ ਸਾਰੇ ਮਰੀਜ਼ਾਂ ਦਾ ਇਲਾਜ, ਉਨ੍ਹਾਂ ਦੀ ਸਮਾਜਕ-ਆਰਥਕ ਪਛਾਣ ਇਕ ਪਾਸੇ ਰੱਖ ਕੇ, ਕਿਸੇ ਵੀ ਵਿਤਕਰੇ ਤੋਂ ਬਗ਼ੈਰ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੋਵੇਂ ਹਸਪਤਾਲ ਹਾਲੇ ਵੀ ਆਪਸੀ ਸੰਪਰਕ ਅਤੇ ਤਾਲਮੇਲ ਨਾਲ਼ ਚਲਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਦੋਵੇਂ ਹਸਪਤਾਲ, ਲੋਕਾਂ ਦਾ ਇਲਾਜ ਕਰਨ ਦੇ ਨਾਲ਼-ਨਾਲ਼, ਦੋਹਾਂ ਮੁਲਕਾਂ ਵਿਚਾਲੜਾ ਪਾੜਾ ਭਰਨ ਦਾ ਹੀਲਾ ਵੀ ਕਰਦੇ ਰਹਿੰਦੇ ਹਨ।
ਡਾ. ਰਾਣਾ ਨੇ ਵੀ ਸਾਅਦਤ ਹਸਨ ਮੰਟੋ ਦੀ ਕਹਾਣੀ 'ਹਾਰ' ਦਾ ਜ਼ਿਕਰ ਕੀਤਾ, ਜਿਸ ਵਿਚ ਲਿਖਿਆ ਹੋਇਆ ਹੈ ਕਿ ਫ਼ਸਾਦਾਂ ਦੇ ਦੌਰ ਵਿਚ ਭੜਕੀ ਹੋਈ ਭੀੜ ਪਹਿਲਾਂ 'ਹਿੰਦੂ ਪਰਉਪਕਾਰੀ' ਸਰ ਗੰਗਾ ਰਾਮ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਤੇ ਫਿਰ ਇਕ ਫ਼ਸਾਦੀ, ਪੁਰਾਣੀਆਂ ਜੁੱਤੀਆਂ ਦਾ 'ਹਾਰ', ਉਸ ਬੁੱਤ ਦੇ ਗਲ਼ ਪਾਉਣ ਲੱਗਦਾ ਹੈ ਤਾਂ ਤਦ ਤਕ ਪਹੁੰਚ ਗਈ ਪੁਲਸ, ਗੋਲੀਆਂ ਚਲਾ ਦਿੰਦੀ ਹੈ। ਗੋਲੀਆਂ ਲੱਗਣ ਨਾਲ਼ ਜ਼ਖ਼ਮੀ ਹੋਣ ਵਾਲ਼ਿਆਂ ਵਿਚ ਜੁੱਤੀਆਂ ਦਾ ਹਾਰ ਪਾaਣ ਦਾ ਹੀਲਾ ਕਰਨ ਵਾਲ਼ਾ ਵੀ ਸੀ। ਉਸ ਦੇ ਡਿੱਗਣ ਸਾਰ, ਭੀੜ ਵਿਚੋਂ ਕੁੱਝ ਲੋਕ ਬੋਲਦੇ ਹਨ, "ਇਹ ਨੂੰ 'ਗੰਗਾ ਰਾਮ ਹਸਪਤਾਲ' ਲੈ ਚੱਲੋ।"
ਦੋਹਾਂ ਮੁਲਕਾਂ ਦੇ ਹੁਕਮਰਾਨਾਂ ਅਤੇ ਸਿਆਸੀ ਆਗੂਆਂ ਨੂੰ ਵੀ ਭਾਰਤ ਅਤੇ ਪਾਕਿਸਤਾਨ ਵਿਚਾਲ਼ੇ ਪਾੜਾ ਭਰਨ ਦੇ ਹੀਲੇ ਕਰਨੇ ਚਾਹੀਦੇ ਹਨ ਕਿਉਂ ਕਿ ਇਸ ਤਰ੍ਹਾਂ ਹੋਣ ਨਾਲ਼ ਸਰ ਗੰਗਾ ਰਾਮ ਦੀ ਰੂਹ ਨੂੰ ਸਕੂਨ ਮਿਲੇਗਾ ਤੇ ਇਹੋ ਅਮਲ ਹੀ ਉਨ੍ਹਾਂ ਲਈ ਸਹੀ ਸ਼ਰਧਾਂਜਲੀ ਹੋਏਗਾ।#
