ਸ਼ਬਦੰਗਲ-89

ਕੈਨੇਡਾ ਵਿਚ ਨਫ਼ਰਤ ਸਬੰਧੀ ਜੁਰਮ ਘਟਿਆ, ਭਾਰਤ ਵਿਚ ਵਿਭਚਾਰ 'ਖ਼ਤਮ'
<<<<<<<<<<<<<>>>>>>>>>>>>>>>
2018 ਦਾ ਲੇਖਾ-ਜੋਖਾ 
===========
______________________________________________________
• ਸਾਹਿਤ, ਕਲਾ, ਪੱਤਰਕਾਰੀ, ਧਰਮ ਅਤੇ ਸਿਆਸਤ ਨਾਲ਼ ਸਬੰਧਤ 62 ਭਾਰਤੀ ਹਸਤੀਆਂ ਦਾ ਸਦੀਵੀ ਵਿਛੋੜਾ
• ਜਹਾਨ ਦਾ ਦੂਜਾ ਸਭ ਤੋਂ ਗੰਦਾ ਮੁਲਕ ਭਾਰਤ
• ਵੱਖ-ਵੱਖ ਵਰਦਾਤਾਂ ਵਿਚ 626 ਤੋਂ ਵੱਧ ਭਾਰਤੀ ਹਲਾਕ 
• ਕੈਨੇਡਾ ਵਿਚ ਨਫ਼ਰਤ ਸਬੰਧੀ ਜੁਰਮ 47 ਫੀ ਸਦੀ ਘਟਿਆ
• ਇਥੋਪੀਆ ਵਿਚ ਪਹਿਲੀ ਵਾਰ ਔਰਤ ਰਾਸ਼ਟਰਪਤੀ ਬਣੀ! 
• ਮਰਦੀ-ਮਰਦੀ ਉੱਠ ਕੇ ਬਹਿ ਗਈ! 
• ਰੇਡੀਓ ਰਾਹੀਂ ਹਾਕ ਮਾਰ ਕੇ, ਆਤਮਘਾਤ ਕਰਨੋਂ ਰੋਕਿਆ
• ਬਾਜ਼ੀ ਲੈ ਗਿਆ ਕੁੱਤਾ! 
______________________________________________________

    ਸਾਲ 2018 ਰਲ਼ੇ-ਮਿਲ਼ੇ ਪ੍ਰਭਾਵਾਂ ਨਾਲ਼ ਬੀਤ ਗਿਆ। ਇਸ ਦੌਰਾਨ ਕੈਨੇਡਾ ਵਿਚ ਨਫ਼ਰਤ ਸਬੰਧੀ ਜੁਰਮ 47 ਫੀ ਸਦੀ ਘਟ ਗਏ। ਭਾਰਤ ਵਿਚ, ਸਾਹਿਤ, ਕਲਾ, ਪੱਤਰਕਾਰੀ ਅਤੇ ਸਿਆਸਤ ਨਾਲ਼ ਸਬੰਧਤ 62 ਸ਼ਖ਼ਸੀਅਤਾਂ ਦੀਆਂ ਮੌਤਾਂ ਸਹਿਜ ਢੰਗ ਹੋਣ ਦੇ ਨਾਲ਼-ਨਾਲ਼, ਵੱਖ-ਵੱਖ ਵਰਦਾਤਾਂ ਵਿਚ 626 ਵਿਅਕਤੀਆਂ ਦੀਆਂ ਜਾਨਾਂ ਗਈਆਂ। ਇਹ ਸਾਲ਼ ਔਰਤਾਂ ਲਈ ਕਾਫ਼ੀ ਚੰਗਾ ਰਿਹਾ ਕਿਉਂ ਕਿ ਇਸ ਸਾਲ ਹੀ ਸਾਊਦੀ ਅਰਬ ਨੇ ਔਰਤਾਂ ਨੂੰ ਡਰਾਈਵਰ ਬਣਨ ਦੀ ਖੁੱਲ੍ਹ ਦਿੱਤੀ ਜਦੋਂ ਕਿ ਇਥੋਪੀਆ ਵਿਚ ਪਹਿਲੀ ਵਾਰੀ 'ਸਾਹਲੇ ਵਰਕ ਜ਼ੇਵੜੇ' ਨਾਂ ਦੀ ਇਕ ਔਰਤ ਰਾਸ਼ਟਰਪਤੀ ਬਣਾਈ ਗਈ। ਆਇਰਲੈਂਡ ਨੇ ਇਸ ਸਾਲ ਮਈ ਵਿਚ, ਗਰਭਪਾਤ ਸਬੰਧੀ ਕਾਨੂੰਨ ਵਿਚ ਅਦਲਾ-ਬਦਲੀਆਂ ਕੀਤੀਆਂ। ਇਸੇ ਸਾਲ ਇਥੋਪੀਆ ਵਿਚ ਹੀ ਪਹਿਲੀ ਵਾਰੀ ਇਕ ਔਰਤ ਸੁਪਰੀਮ ਕੋਰਟ ਦੀ ਜੱਜ ਬਣਾਈ ਗਈ ਤੇ ਇਹ ਅਹੁਦਾ 'ਮੀਅਜ਼ਾ ਅਸ਼ੇਨਫ਼ੀ' ਨਾਂ ਦੀ ਔਰਤ ਨੂੰ ਦਿੱਤਾ ਗਿਆ।

    ਆਈਸਲੈਂਡ ਵਿਚ ਵੀ ਇਸ ਸਾਲ ਦੇ ਚੜ੍ਹਦਿਆਂ ਹੀ ਮਰਦਾਂ ਅਤੇ ਔਰਤਾਂ ਦੀਆਂ ਤਨਖ਼ਾਹਾਂ ਦਾ ਫ਼ਰਕ ਮਿਟਾ ਦਿੱਤਾ ਗਿਆ। ਇਸ ਸਾਲ਼ 'ਮੀ ਠੂ' ਨਾਂ ਦੇ ਅੰਦੋਲਨ ਵੱਲੋਂ ਜ਼ੋਰ ਫੜ ਲੈਣ ਨਾਲ਼, ਕਈ ਮੁਲਕਾਂ ਵਿਚ ਕਸੂਰਵਾਰ ਮਰਦਾਂ ਤੋਂ ਉਨ੍ਹਾਂ ਦੇ ਅਹੁਦੇ ਖੋਹ ਲਏ ਗਏ। ਅਰਜਨਟਾਈਨਾ ਦੀ ਸਰਕਾਰ ਨੇ ਗਰਭਪਾਤ ਨੂੰ ਕਾਨੂੰਨੀ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ।
    ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਰਿਵਾਰ ਨਿਯੋਜਨ ਅਤੇ ਗਰਭਪਾਤ ਕਰਾਉਣ ਸਬੰਧੀ ਰਿਆਇਤਾਂ ਲਈ ਸਰਕਾਰੀ ਫੰਡ ਦੇਣਾ ਬੰਦ ਕਰ ਦਿਤਾ ਹੈ।ਅਮਰੀਕੀ ਸ਼ਹਿਰ ਮਿਸ਼ੀਗਨ ਵਿਚ ਕੁੱਝ ਹਫ਼ਤੇ ਪਹਿਲਾਂ, ਦਿਲ ਦਾ ਦੌਰਾ ਪੈਣ ਦੀ ਵਜ੍ਹਾ ਨਾਲ਼ ਇਲਾਜ ਕਰਾ ਰਹੀ 'ਮਿਛੇਲ ਡੀਲੀਊ' ਨਾਂ ਦੀ ਇਕ ਮਰਨਾਊ ਔਰਤ, ਉਸ ਦੇ ਜਿਸਮ ਨਾਲ਼ੋਂ ਜਾਨ-ਬਚਾਊ ਮਸ਼ੀਨਰੀ ਲਾਹੁਣ 'ਤੇ ਵੀ ਮਰਨੋਂ ਬਚ ਗਈ।
    ਬਰਤਾਨੀਆ ਦੇ ਇਕ ਰੇਡੀਓ ਹੋਸਟ 'ਲੇਨ ਲੀ' ਦੀਆਂ ਬੜੀਆਂ ਸਿਫ਼ਤਾਂ ਕੀਤੀਆਂ ਗਈਆਂ ਕਿਉਂ ਕਿ ਉਸ ਨੇ ਆਪਣੀਆਂ ਪ੍ਰੇਰਨਾਦਾਇਕ ਗੱਲਾਂ ਨਾਲ਼ 'ਕਰਿਸ' ਨਾਂ ਦੇ ਇਕ ਵਿਅਕਤੀ ਨੂੰ ਆਤਮਘਾਤ ਕਰਨੋਂ ਰੋਕ ਲਿਆ। ਅਮਰੀਕੀ ਸ਼ਹਿਰ ਕੰਸਾਸ ਵਿਚ 'ਸਾਰ੍ਹਾ ਪੌਟਰ' ਨਾਂ ਦੀ ਇਕ ਔਰਤ ਦੇ ਕੁੱਤੇ 'ਬਸਟਰ' ਨੇ ਆਪਣੀ ਮਾਲਕਣ ਅਤੇ ਉਸ ਦੀ ਧੀ ਨੂੰ, ਉਨ੍ਹਾਂ ਦੇ ਘਰ ਨੂੰ ਲੱਗੀ ਅੱਗ ਵਿਚ ਸੜਨੋਂ ਬਚਾ ਲਿਆ।
    ਇਸ ਸਾਲ ਹੀ ਇਹ ਪਤਾ ਲੱਗਿਆ ਕਿ ਭਾਰਤ ਸਾਰੇ ਜਹਾਨ ਦਾ ਦੂਜਾ ਸਭ ਨਾਲ਼ੋਂ ਪ੍ਰਦੂਸ਼ਤ ਯਾਨੀ ਗੰਦਾ ਮੁਲਕ ਹੈ। ਇਹ ਖੁਲਾਸਾ, 'ਸ਼ਿਕਾਗੋ ਯੂਨੀਵਰਸਿਟੀ' ਦੇ 'ਐਨਰਜੀ ਪਾਲਿਸੀ ਇੰਸਟੀਚਿਊਟ' ਨੇ ਕੀਤਾ। ਅਮਰੀਕਾ ਦੇ ਚੀਫ ਜਸਟਿਸ ਰਾਬਰਟਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਉਸ ਟਿੱਪਣੀ ਨੂੰ ਗ਼ਲਤ ਕਿਹਾ ਹੈ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ, "ਸਾਡੇ ਜੱਜ 'ਓਬਾਮਾ ਜੱਜ' ਜਾਂ 'ਟਰੰਪ ਜੱਜ', 'ਬੁਸ਼ ਜੱਜ' ਜਾਂ 'ਕਲਿੰਟਨ ਜੱਜ' ਨਹੀਂ ਹਨ।"
    ਇਸ ਸਾਲ ਹੀ ਭਾਰਤ ਦੀ ਸੁਪਰੀਮ ਕੋਰਟ ਨੇ ਵਿਭਚਾਰ ਸਬੰਧੀ ਕਾਨੂੰਨ ਦੀ ਧਾਰਾ 497 ਰੱਦ ਕਰਦਿਆਂ ਇਹ, 158 ਸਾਲ ਪੁਰਾਣਾ ਕਾਨੂੰਨ ਖ਼ਤਮ ਕਰ ਦਿੱਤਾ। ਇਹ ਕਾਨੂੰਨ ਖ਼ਤਮ ਕੀਤੇ ਜਾਣ ਨਾਲ਼ ਕੋਈ ਔਰਤ ਆਪਣੇ ਪਤੀ ਦੀ ਜਾਇਦਾਦ ਨਹੀਂ ਕਹਾਏਗੀ। 
   ਇਸ ਸਾਲ ਹੀ ਪੰਜਾਬ ਨੈਸ਼ਨਲ ਬੈਂਕ ਵਿਚ 20 ਹਜ਼ਾਰ, 500 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ। 11 ਹਜ਼ਾਰ, 500 ਕਰੋੜ ਰੁਪਏ ਦੀ ਧੋਖਾਧੜੀ, ਇਸ ਬੈਂਕ ਦੀ, ਮੁੰਬਈ ਸ਼ਾਖਾ ਵਿਚ ਕੀਤੀ ਗਈ। ਇਹ ਧੋਖਾ, ਭਾਰਤ ਦੀ ਬੈਂਕ ਪ੍ਰਣਾਲੀ ਦਾ ਸਭ ਤੋਂ ਵੱਡਾ ਧੋਖਾ ਹੈ। 11 ਹਜ਼ਾਰ, 500 ਕਰੋੜ ਰੁਪਏ ਦਾ ਨਿਹੱਕਾ ਭੁਗਤਾਨ ਕੀਤਾ ਹੋਇਆ ਹੋਣ ਦੇ ਸਬੰਧ ਵਿਚ ਇਸ ਬੈਂਕ ਦੇ 10 ਅਧਿਕਾਰੀ ਮੁਅੱਤਲ ਕੀਤੇ ਗਏ ਸਨ। ਇਹ ਧੋਖਾ ਫਰਵਰੀ ਵਿਚ ਹੋਇਆ ਤੇ ਮਾਰਚ ਮਹੀਨੇ ਵਿਚ ਫਿਰ, ਮੁੰਬਈ ਦੀ ਉਸੇ ਹੀ ਸ਼ਾਖਾ ਵਿਚੋਂ 9 ਕਰੋੜ ਰੁਪਏ ਗ਼ਲਤ ਢੰਗ ਨਾਲ਼ ਕਢਾ ਲਏ ਗਏ।
    ਇਸੇ ਸਾਲ 17 ਫਰਵਰੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਪਰਿਵਾਰ ਸਮੇਤ ਸੱਤ ਦਿਨਾ ਦੌਰੇ ਲਈ ਭਾਰਤ ਪੁੱਜੇ। ਜੁਲਾਈ ਮਹੀਨੇ ਭਾਰਤ, ਸੰਸਾਰ ਦਾ ਛੇਵਾਂ ਸਭ ਤੋਂ ਵੱਡਾ ਅਰਥਚਾਰਾ ਬਣ ਗਿਆ। ਅਕਤੂਬਰ ਵਿਚ ਉੱਤਰ ਪ੍ਰਦੇਸ਼ ਮੰਤਰੀ ਮੰਡਲ ਨੇ 'ਅਲਾਹਾਬਾਦ' ਦਾ ਨਾਂ ਬਦਲ ਕੇ 'ਪ੍ਰਯਾਗਰਾਜ' ਰੱਖ ਦਿੱਤਾ। ਭਾਰਤੀ ਜਨਤਾ ਪਾਰਟੀ ਨੇ 'ਹੈਦਰਾਬਾਦ' ਨੂੰ ਵੀ 'ਭਾਗਯਨਗਰ' ਬਣਾਉਣ 'ਤੇ ਵਿਚਾਰਾਂ ਸ਼ੁਰੂ ਕਰ ਦਿੱਤੀਆਂ ਹਨ।
    ਨੋਟਬੰਦੀ ਵੇਲ਼ੇ ਬੰਦ ਰਹੇ ਏਟੀਐੱਮਜ਼, ਕਰੰਸੀ ਦੀ ਘਾਟ ਕਾਰਨ ਇਸ ਸਾਲ ਅਪ੍ਰੈਲ ਵਿਚ ਵੀ ਕੁੱਝ ਦਿਨ ਬੰਦ ਰਹੇ। ਇਸ ਸਾਲ ਅਮਰੀਕੀ ਡਾਲਰ ਦੀ ਕੀਮਤ 70.82 ਰੁਪਏ, ਫਿਰ 72.48 ਰੁਪਏ ਅਤੇ ਫਿਰ 74.08 ਰੁਪਏ ਹੋਣ 'ਤੇ ਰੁਪਏ ਦੀ ਬੇਕਦਰੀ ਹੋਈ, ਪਰ ਨਵੰਬਰ ਵਿਚ ਅਮਰੀਕੀ ਡਾਲਰ 70 ਰੁਪਏ ਦਾ ਹੋਣ ਨਾਲ਼ ਰੁਪਿਆ ਫਿਰ ਚਮਕਿਆ।
    ਇਸ ਸਾਲ 16 ਅਗੱਸਤ ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦਾ ਦਿਹਾਂਤ ਹੋ ਗਿਆ। 7 ਅਗੱਸਤ ਨੂੰ, 94 ਸਾਲ ਦੀ ਉਮਰ ਵਿਚ ਡੀ. ਐੱਮ. ਕੇ. ਦੇ ਪ੍ਰਧਾਨ ਐੱਮ. ਕਰੁਣਾਨਿਧੀ ਦਾ ਦਿਹਾਂਤ ਹੋ ਗਿਆ। 13 ਅਗੱਸਤ ਨੂੰ ਸਵੇਰੇ ਲੋਕ ਸਭਾ ਦੇ ਸਾਬਕਾ ਸਪੀਕਰ ਅਤੇ ਮਾਰਕਸੀ ਆਗੂ ਸੋਮਨਾਥ ਚੈਟਰਜੀ, 89 ਸਾਲਾਂ ਦੀ ਉਮਰ ਵਿਚ ਸਦੀਵੀ ਵਿਛੋੜਾ ਦੇ ਗਏ। 18 ਅਕਤੂਬਰ ਨੂੰ ਆਪਣੇ 93ਵੇਂ ਜਨਮ ਦਿਨ ਮੌਕੇ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਦੱਤ ਤਿਵਾੜੀ ਨੇ ਆਖ਼ਰੀ ਸਾਹ ਲਿਆ। 12 ਨਵੰਬਰ ਨੂੰ, 59 ਸਾਲਾਂ ਦੀ ਉਮਰ ਵਿਚ ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਦਿਹਾਂਤ ਹੋ ਗਿਆ। 7 ਦਸੰਬਰ ਨੂੰ, 76 ਸਾਲਾ ਮੈਂਬਰ ਪਾਰਲੀਮੈਂਟ ਮੌਲਾਨਾ ਅਸਰਾਰ-ਉਲ-ਹੱਕ ਕਾਸਮੀ ਇੰਤਕਾਲ ਫ਼ਰਮਾ ਗਏ। 
    10 ਦਸੰਬਰ ਨੂੰ, ਉਪੇਂਦਰ ਕੁਸ਼ਵਾਹਾ ਨੇ ਭਾਰਤ ਦੇ ਮਨੁੱਖੀ ਵਸੀਲਾ ਵਿਕਾਸ ਰਾਜ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ। 13 ਦਸੰਬਰ ਨੂੰ, ਉਰਜਿੱਤ ਪਟੇਲ ਵੱਲੋਂ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਵਜੋਂ ਅਸਤੀਫ਼ਾ ਦੇਣ ਤੋਂ 24 ਘੰਟਿਆਂ ਦੇ ਅੰਦਰ ਹੀ ਸ਼ਕਤੀਕਾਂਤਾ ਦਾਸ, ਜੋ 15ਵੇਂ ਵਿੱਤ ਕਮਿਸ਼ਨ ਤੋਂ ਅਸਤੀਫ਼ਾ ਦੇ ਕੇ ਆਏ ਸਨ, ਨੂੰ ਰਿਜ਼ਰਵ ਬੈਂਕ ਦਾ ਗਵਰਨਰ ਬਣਾ ਦਿੱਤਾ ਗਿਆ ਹੈ। 29 ਮਈ ਨੂੰ ਕੋਚੀਨ ਦਾ ਕੌਮਾਂਤਰੀ ਹਵਾਈ ਅੱਡਾ, ਜਹਾਨ ਦਾ ਸਭ ਤੋਂ ਪਹਿਲਾ, ਪੂਰੀ ਤਰ੍ਹਾਂ ਸੂਰਜੀ ਊਰਜਾ ਨਾਲ਼ ਚੱਲਣ ਵਾਲ਼ਾ ਹਵਾਈ ਅੱਡਾ ਬਣ ਗਿਆ। ਇਸ ਸਾਲ ਦੌਰਾਨ ਹੀ ਸ਼ਿਮਲਾ ਤੋਂ ਖ਼ਬਰ ਆਈ ਕਿ ਉੱਥੇ ਨਗਰ ਨਿਗਮ ਨੇ ਸਾਫ ਪਾਣੀ, ਪੁਲਸ ਦੀ ਸੁਰੱਖਿਆ ਹੇਠ ਵੰਡਿਆ।
    25 ਸਤੰਬਰ ਨੂੰ ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਭਾਰਾ ਮੀਂਹ ਪੈਣ ਦੀ ਵਜ੍ਹਾ ਨਾਲ਼ ਪੰਜਾਬ ਵਿਚ 'ਰੈੱਡ ਅਲੱਰਟ' ਕਰ ਦਿੱਤਾ ਗਿਆ ਸੀ। 4 ਅਕਤੂਬਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਸਿਖ਼ਰ ਵਾਰਤਾ ਵਿਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਪੁੱਜੇ ਸਨ। 25 ਮਈ ਨੂੰ, ਬਿਆਸ ਦਰਿਆ ਵਿਚ ਇਕ ਖੰਡ ਮਿੱਲ ਵੱਲੋਂ ਬਹੁਤ ਸਾਰਾ ਸੀਰਾ ਵਹਾ ਦੇਣ ਦੀ ਖ਼ਬਰ ਫੈਲਣ ਦੀ ਵਜ੍ਹਾ ਨਾਲ਼ ਪੰਜਾਬ ਵਿਚ ਮੱਛੀ ਦੀ ਵਿਕਰੀ ਘਟਣ ਨਾਲ਼ ਹਜ਼ਾਰਾਂ ਲੋਕਾਂ ਦੀ ਰੋਟੀ-ਰੋਜ਼ੀ ਦੀ ਕਮਾਈ ਬੰਦ ਹੋ ਗਈ ਸੀ ਕਿਉਂ ਕਿ ਲੋਕ ਇਹ ਸਮਝਣ ਲੱਗ ਪਏ ਸਨ ਕਿ ਦਰਿਆ ਵਿਚ ਵਹਾਏ ਗਏ ਸੀਰੇ ਵਿਚ ਜ਼ਹਿਰ ਹੋ ਸਕਦਾ ਹੈ। 7 ਜਨਵਰੀ ਨੂੰ ਆਈ ਖ਼ਬਰ ਅਨੁਸਾਰ, ਅਖ਼ਬਾਰੀ ਮੁਲਾਜ਼ਮਾਂ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ 'ਟ੍ਰਿਬਿਊਨ' ਦੀ ਇਕ ਪੱਤਰਕਾਰਾ ਦੇ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੀ ਨਿਖੇਧੀ ਕੀਤੀ ਸੀ ਕਿਉਂ ਕਿ ਉਸ ਨੇ 'ਆਧਾਰ ਕਾਰਡ' ਬਣਵਾਉਣ ਲਈ ਦਿੱਤੀ ਜਾਂਦੀ ਜਾਣਕਾਰੀ ਦੀ ਦੁਰਵਰਤੋਂ ਕਰਨ ਦੇ ਖ਼ਦਸ਼ਿਆਂ ਸਬੰਧੀ ਖ਼ਬਰ ਦਿੱਤੀ ਸੀ।
    9 ਜਨਵਰੀ ਨੂੰ ਇਹ ਖ਼ਬਰ ਆਈ ਸੀ ਕਿ ਭਾਰਤ ਦੀ ਸੁਪਰੀਮ ਕੋਰਟ ਨੇ ਭਾਰਤੀ ਸਿਨੇਮਾ ਘਰਾਂ ਵਿਚ ਭਾਰਤ ਦੇ ਰਾਸ਼ਟਰੀ ਗੀਤ ਦੀ ਰਿਕਾਰਡਿੰਗ ਚਲਾਉਣਾ ਲਾਜ਼ਮੀ ਕਰਾਰ ਦੇ ਦਿੱਤਾ ਹੈ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ ਨੇ 12 ਜਨਵਰੀ ਨੂੰ ਭਾਰਤ ਦਾ 100ਵਾਂ ਉਪਗ੍ਰਹਿ ਦਾਗਿਆ ਸੀ। 12 ਜਨਵਰੀ ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਲਿਖਤੀ ਰੂਪ ਵਿਚ ਸਪੱਸ਼ਟ ਕੀਤਾ ਸੀ ਕਿ ਪਲਾਸਟਿਕ ਦੇ ਝੰਡਿਆਂ ਦੀ ਵਰਤੋਂ ਨਾ ਕੀਤੀ ਜਾਵੇ। ਉਸੇ ਹੀ ਦਿਨ 'ਗੈਲੱਪ ਇੰਟਰਨੈਸ਼ਨਲ' ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਹਾਨ ਦੇ ਤਿੰਨ ਉੱਘੇ ਆਗੂਆਂ ਵਿਚ ਗਿਣਿਆ ਸੀ।
    6 ਜਨਵਰੀ ਨੂੰ ਸੀ. ਬੀ. ਆਈ. ਦੀ ਇਕ ਅਦਾਲਤ ਨੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਬਿਹਾਰ ਵਿਚ ਕੀਤੇ ਹੋਏ, 89.27 ਲੱਖ ਰੁਪਏ ਦੇ ਚਾਰਾ-ਘਪਲੇ ਲਈ, 6 ਹੋਰਨਾਂ ਨਾਲ਼ ਸਾਢੇ 3 ਸਾਲਾਂ ਦੀ ਕੈਦ ਅਤੇ 5 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। 19 ਜਨਵਰੀ ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ 'ਪਦਮਾਵਤ' ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। 
    13 ਫਰਵਰੀ ਨੂੰ ਭਾਰਤ ਵਿਚ ਵਿਸ਼ਵ ਰੇਡੀਓ ਦਿਹਾੜਾ ਮਨਾਇਆ ਗਿਆ। 22 ਮਾਰਚ ਨੂੰ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 43 ਉੱਘੀਆਂ ਸ਼ਖ਼ਸੀਅਤਾਂ ਨੂੰ ਪਦਮ ਇਨਾਮ ਦਿੱਤੇ। ਉਸੇ ਹੀ ਦਿਨ ਰਾਜ ਬੱਬਰ ਨੇ ਉੱਤਰ ਪ੍ਰਦੇਸ਼ ਕਾਂਗਰਸ ਪਾਰਟੀ ਦੀ ਪਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ। 22 ਮਾਰਚ ਨੂੰ ਹੀ ਮੋਦੀ ਸਰਕਾਰ ਨੇ 91 ਵਪਾਰੀਆਂ ਵੱਲੋਂ ਹਵਾਈ ਸਫ਼ਰ ਕਰਨ ਉੱਤੇ ਪਾਬੰਦੀ ਲਗਾ ਦਿੱਤੀ ਸੀ। 31 ਮਾਰਚ ਨੂੰ ਭਾਰਤ ਦੀ ਪਹਿਲੀ ਲੇਡੀ ਡਾਕਟਰ ਆਨੰਦੀ ਗੋਪਾਲ ਜੋਸ਼ੀ ਦਾ 153ਵਾਂ ਜਨਮ ਦਿਨ ਮਨਾਇਆ ਗਿਆ। 20 ਅਕਤੂਬਰ ਨੂੰ ਭਾਰਤ ਦੇ ਪਹਿਲੇ ਕਰੂਜ਼ ਜਹਾਜ਼ 'ਐਂਗਰੀਆ' ਨੇ ਮੁੰਬਈ ਤੋਂ ਗੋਆ ਲਈ ਰਵਾਨਗੀ ਪਾਈ।
    ਇਸ ਸਾਲ ਕੌਮੀ ਇਨਾਮ ਵੰਡਣ ਦੇ ਸਬੰਧ ਵਿਚ ਰੱਫੜ ਪੈਣ ਦੀ ਵਜ੍ਹਾ ਨਾਲ਼ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪ੍ਰਧਾਨ ਮੰਤਰੀ ਦੇ ਦਫ਼ਤਰ ਅੱਗੇ ਨਰਾਜ਼ਗੀ ਪ੍ਰਗਟ ਕੀਤੀ ਕਿਉਂ ਕਿ ਤਕਰੀਬਨ 55 ਸ਼ਖ਼ਸੀਅਤਾਂ ਨੇ ਇਨਾਮ ਵੰਡ ਸਮਾਗਮ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂ ਕਿ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਇਕ ਘੰਟੇ ਲਈ ਹੀ ਇਸ ਸਮਾਗਮ ਵਿਚ ਇਨਾਮ ਵੰਡਣਗੇ। ਇਸ ਦੌਰਾਨ, ਕ੍ਰਿਕਟ ਸਟਾਰ ਮਹਿੰਦਰ ਸਿੰਘ ਧੌਨੀ ਨੂੰ ਪਦਮ ਭੂਸ਼ਨ ਦੀ ਉਪਾਧੀ ਦਿੱਤੀ ਗਈ। ਇਸ ਸਾਲ 25 ਅਕਤੂਬਰ ਨੂੰ, ਵਿਰਾਟ ਕੋਹਲੀ ਨੇ ਇਕ ਦਿਨਾ ਮੈਚ ਵਿਚ, ਸਭ ਨਾਲ਼ੋਂ ਛੇਤੀ ਦਸ ਹਜ਼ਾਰ ਦੌੜਾਂ ਪੂਰੀਆਂ ਕਰ ਕੇ ਸਚਿਨ ਤੈਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਸੀ। ਅਪ੍ਰੈਲ ਵਿਚ ਗੋਲਡ ਕੌਸਟ, ਆਸਟ੍ਰੇਲੀਆ ਵਿਖੇ ਹੋਈਆਂ ਕਾਮਨਵੈਲਥ ਖੇਡਾਂ ਵਿਚ ਭਾਰਤ ਨੇ 66 ਤਮਗੇ ਹਾਸਲ ਕਰ ਕੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਤਮਗਿਆਂ ਵਿਚੋਂ 26 ਸੋਨੇ ਦੇ, 20 ਚਾਂਦੀ ਦੇ ਅਤੇ 20 ਕਾਂਸੇ ਦੇ ਸਨ।
    13 ਅਪ੍ਰੈਲ ਨੂੰ, ਉਨਾਓ ਬਲਾਤਕਾਰ ਕਾਂਡ ਦੇ ਸਬੰਧ ਵਿਚ ਸੀ. ਬੀ. ਆਈ. ਨੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਹਿਰਾਸਤ ਵਿਚ ਲਿਆ ਸੀ। 19 ਅਪ੍ਰੈਲ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਡਨ ਵਿਚ ਕਿਹਾ ਸੀ ਕਿ ਬਲਾਤਕਾਰ ਦੇ ਮਾਮਲਿਆਂ ਨੂੰ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ। ਇਸ ਤੋਂ ਛੇਤੀ ਮਗਰੋਂ ੨੪ ਅਪ੍ਰੈਲ ਨੂੰ, ਗ੍ਰੇਟਰ ਨੋਇਡਾ ਵਿਚ ਇਕ 11 ਸਾਲਾ ਵਿਦਿਆਰਥਣ ਦੀ ਪੱਤ, ਉਸ ਦੇ ਹੀ ਕੁੱਝ ਸਹਿਪਾਠੀਆਂ ਨੇ ਚੱਲਦੀ ਹੋਈ ਕਾਰ ਵਿਚ ਲੁੱਟੀ।
    19 ਅਕਤੂਬਰ ਨੂੰ ਅੰਮ੍ਰਿਤਸਰ ਵਿਚ ਰਾਵਣ ਦਾ ਪੁਤਲਾ ਸੜਦਾ ਦੇਖਦੇ ਬਹੁਤ ਸਾਰੇ ਲੋਕਾਂ ਉੱਤੋਂ ਇਕ ਰੇਲ ਗੱਡੀ ਲੰਘ ਜਾਣ ਨਾਲ਼ 61 ਵਿਅਕਤੀ ਮਾਰੇ ਗਏ ਅਤੇ 74 ਜ਼ਖ਼ਮੀ ਹੋ ਗਏ ਸਨ। ਅਕਤੂਬਰ ਵਿਚ ਹੀ ਖ਼ਬਰ ਆਈ ਸੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ 2019 ਵਿਚ 26 ਜਨਵਰੀ ਨੂੰ ਭਾਰਤ ਦੇ ਗਣਰਾਜ ਦਿਹਾੜੇ ਦੇ ਜਸ਼ਨਾਂ ਵਿਚ ਸ਼ਿਰਕਤ ਕਰਨ ਨਹੀਂ ਆ ਸਕਣਗੇ। 31 ਅਕਤੂਬਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਚ 83 ਮੀਟਰ ਉੱਚੇ ਅਤੇ 3000 ਕਰੋੜ ਰੁਪਏ ਦੀ ਲਾਗਤ ਨਾਲ਼ ਬਣੇ, ਸਰਦਾਰ ਵੱਲਭ ਪਟੇਲ ਦੇ ਬੁੱਤ ਉੱਤੋਂ ਪਰਦਾ ਹਟਾਇਆ।
    ਜੂਨ, 1984 ਵਿਚ ਹੋਏ, ਸਿੱਖਾਂ ਦੇ ਕਤਲੇਆਮ ਦੇ ਸਬੰਧ ਵਿਚ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕੀਤੇ ਜਾਣ ਦਾ ਫੈਸਲਾ ਨਕਾਰ ਕੇ, ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਦੇ ਨਾਲ਼ ਹੀ ਇਸ 73 ਸਾਲਾ ਨੇਤਾ ਨੇ ਕਾਂਗਰਸ ਦੀ ਮੈਂਬਰਸ਼ਿੱਪ ਵੀ ਛੱਡ ਦਿੱਤੀ ਹੈ।#