'ਹਦਾਇਤਨਾਮਾ ਖ਼ਾਵੰਦ + ਹਦਾਇਤਨਾਮਾ ਬੀਵੀ = ਲੋਲੋ-ਪੋਪੋ'
<<<<<<<<<<<<<>>>>>>>>>>>>>
'ਮੈੱਨ ਆਰ ਫ੍ਰਾਮ ਮਾਰਜ਼ ਵਿਮਨ ਆਰ ਫ੍ਰਾਮ ਵੀਨਸ' ਪੜ੍ਹਨ ਮਗਰੋਂ
==============================
ਉਮਰ ਵਿਚ ਇਕ ਇਹੋ ਜਿਹਾ ਦੌਰ ਵੀ ਆਉਂਦਾ ਹੈ, ਜਦੋਂ ਭਵਿੱਖ ਵਿਚ ਮਰਦ-ਔਰਤ ਕਹਾਉਣ ਦੇ ਚਾਹਵਾਨ ਜੀਅ, ਕ੍ਰਮਵਾਰ 'ਹਦਾਇਤਨਾਮਾ ਖ਼ਾਵੰਦ' ਅਤੇ 'ਹਦਾਇਤਨਾਮਾ ਬੀਵੀ' ਜਿਹੀਆਂ ਕਿਤਾਬਾਂ ਪੜ੍ਹਨ-ਗੁੜ੍ਹਨ ਦੇ ਚਾਹਵਾਨ ਵੀ ਹੋ ਜਾਂਦੇ ਹਨ। ਇਨ੍ਹਾਂ ਕਿਤਾਬਾਂ ਵਿਚ ਦਰਜ ਹਦਾਇਤਾਂ ਕਿਸੇ ਦੇ ਕਿੰਨੀਆਂ ਕੁ ਕੰਮ ਆਉਂਦੀਆਂ ਹਨ, ਇਸ ਦਾ ਜ਼ਿਕਰ ਕਦੇ ਫੇਰ ਹੁੰਦਾ ਰਹੂ, ਹਾਲ ਦੀ ਘੜੀ ਇਹ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਇਸ ਵੇਲ਼ੇ ਉਹ 'ਹਦਾਇਤਨਾਮੇਂ' ਕਿਉਂ ਯਾਦ ਆਏ ਜਾਂ ਉਨ੍ਹਾਂ ਦਾ ਜ਼ਿਕਰ ਕਰਨਾ ਕਿਉਂ ਜ਼ਰੂਰੀ ਲੱਗਿਆ। ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ਦੇ ਸ਼ੁਰੂ ਵਿਚ (1992) ਅਮਰੀਕੀ ਲੇਖਕ ਡਾ. ਜੌਹਨ ਗਰੇਅ ਦੀ ਕਿਤਾਬ ਮੈੱਨ ਆਰ ਫ੍ਰਾਮ ਮਾਰਜ਼ ਵਿਮਨ ਆਰ ਫ੍ਰਾਮ ਵੀਨਸ ਯਾਨੀ 'ਮਰਦ ਮੰਗਲ ਗ੍ਰਹਿ ਤੋਂ ਔਰਤਾਂ ਸ਼ੁੱਕਰ ਗ੍ਰਹਿ ਤੋਂ ਹਨ', 'ਸਾਂਝੇ ਹਦਾਇਤਨਾਮੇ' ਵਜੋਂ ਛਪ ਕੇ ਆਈ। ਦੁਨੀਆਂ ਦੀਆਂ 40 ਭਾਸ਼ਾਵਾਂ ਵਿਚ ਅਨੁਵਾਦ ਕਰ ਕੇ ਛਾਪੀਆਂ ਹੋਈਆਂ, ਇਸ ਕਿਤਾਬ ਦੀਆਂ 95 ਲੱਖ ਕਾਪੀਆਂ (ਹੁਣ ਤਕ ਡੇਢ ਕਰੋੜ ਕਾਪੀਆਂ) ਤੱਤੇ ਪਕੌੜਿਆਂ ਵਾਂਗ ਵਿਕ ਗਈਆਂ।
ਇਹ ਕਿਤਾਬ ਖਰੀਦਣ ਲਈ ਟੁੱਟ ਕੇ ਪੈ ਜਾਣਾ ਇਹ ਸਿੱਧ ਕਰਦਾ ਹੈ ਕਿ ਅੰਗਰੇਜ਼ੀ ਦੇ ਪਾਠਕਾਂ ਕੋਲ ਇਸ ਕਿਤਾਬ ਤੋਂ ਪਹਿਲਾਂ, ਗ੍ਰਹਿਸਤ ਜੀਵਨ ਸੁਖਾਵੇਂ ਢੰਗ ਨਾਲ਼ ਬਿਤਾਉਣਾ ਸਿਖਾਉਣ ਲਈ ਕੋਈ 'ਹਦਾਇਤਨਾਮਾ' ਨਹੀਂ ਸੀ। ਇਸ ਕਿਤਾਬ ਦੀ ਵਧੇਰੀ ਵਿੱਕਰੀ ਨੇ ਇਹ ਵੀ ਸਿੱਧ ਕਰ ਦਿੱਤਾ ਕਿ 'ਅੰਗਰੇਜ਼ ਸਾਹਿਬ ਬਹਾਦਰਾਂ' ਨੂੰ ਗ੍ਰਹਿਸਤ ਜੀਵਨ ਸੁਖਾਵੇਂ ਢੰਗ ਨਾਲ਼ ਬਿਤਾਉਣਾ ਸਿਖਾਏ ਜਾਣ ਦੀ ਲੋੜ ਵੀ ਬਹੁਤ ਸੀ। ਫਿਰ 'ਇਹ ਹੁਨਰ' ਸਿਖਾਉਣਾ ਇਕ ਕਾਰੋਬਾਰ ਵੀ ਬਣ ਗਿਆ।
ਡਾ. ਗਰੇਅ, ਜੋ ਪਤੀ-ਪਤਨੀ ਦੇ ਆਪਸੀ ਰਿਸ਼ਤਿਆਂ ਸਬੰਧੀ ਸਲਾਹਕਾਰ ਵਜੋਂ ਵੀ 'ਬਹੁਤ ਕਾਮਯਾਬ' ਹਨ, ਦਾ ਕਹਿਣ ਹੈ, "ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਉਨ੍ਹਾਂ ਦੀਆਂ, ਗ਼ੁਜ਼ਾਰੇ ਸਬੰਧੀ ਲੋੜਾਂ ਤਾਂ ਪੂਰੀਆਂ ਹੋਣ ਲੱਗ ਪਈਆਂ ਹਨ, ਪਰ ਉਨ੍ਹਾਂ ਦੀਆਂ, ਪਿਆਰ-ਮੁਹੱਬਤ ਸਬੰਧੀ ਲੋੜਾਂ ਖ਼ਾਤਰ ਕਾਫੀ ਕੁੱਝ ਕਰਨ ਦੀ ਲੋੜ ਹੈ। ਇਹ ਲੋੜ ਪੂਰੀ ਕਰਨ ਦਾ ਹੀਲਾ ਕੀਤਾ ਇਸ ਕਿਤਾਬ ਨੇ।" ਇਸ ਕਿਤਾਬ ਨੇ ਡਾ. ਗਰੇਅ ਦੀ ਕੋਠੀ, 'ਦਾਣਿਆਂ' ਨਾਲ਼ ਭਰਨ ਦੇ ਨਾਲ਼-ਨਾਲ਼ ਉਨ੍ਹਾਂ ਨੂੰ 'ਭੋਲ਼ੇ-ਭਾਲ਼ੇ' ਤੋਂ 'ਸਿਆਣਾ' ਵੀ ਬਣਾ ਦਿੱਤਾ। ਇਸ ਦੇ ਨਾਲ਼ ਹੀ 'ਲੋਕਾਂ ਦੇ ਗ੍ਰਹਿਸਤੀ ਸਬੰਧ ਮਜ਼ਬੂਤ ਕਰਨ' ਦਾ ਉਨ੍ਹਾਂ ਦਾ ਕਾਰੋਬਾਰ ਵੀ ਮਜ਼ਬੂਤ ਹੀ ਨਹੀਂ ਹੋਇਆ, ਸਗੋਂ ਕਈ ਮੁਲਕਾਂ ਤਕ 'ਜਾੜ ਵੀ ਕਰ ਗਿਆ'।
ਲੋਕਾਂ ਦੇ 'ਵਿਆਹੁਤਾ ਵਸੇਬੇ' ਨੂੰ 'ਕਿੱਤਾ' ਬਣਾ ਕੇ 'ਰੱਜ-ਪੁੱਜ' ਗਏ ਡਾ. ਜੌਹਨ ਗਰੇਅ ਦੀ ਜ਼ਿੰਦਗੀ ਉੱਤੇ ਝਾਤ ਮਾਰਨ ਮਗਰੋਂ ਹੀ ਇਸ ਕਿਤਾਬ ਬਾਰੇ ਗੱਲ ਕਰਨੀ ਬਣਦੀ ਹੈ। ਡਾ. ਗਰੇਅ ਨੇ 'ਸਬੰਧਾਂ ਦੀ ਮਾਹਰ' ਸਦਾਉਂਦੀ ਲੇਖਕਾ ਬਾਰਬਰਾ ਡੀ ਐਂਜਲਿਸ ਨਾਲ਼ ਵਿਆਹ ਤਾਂ ਕਰਾਇਆ ਸੀ, ਪਰ ਉਹ, ਦੋ ਧੀਆਂ ਉਨ੍ਹਾਂ ਦੀ ਝੋਲ਼ੀ ਪਾ ਕੇ, 1984 ਵਿਚ ਉਨ੍ਹਾਂ ਦੇ ਘਰੋਂ ਨਿੱਕਲ ਗਈ। ਕਹਿੰਦੇ ਹਨ ਕਿ ਇਸ ਤੋਂ ਮਗਰੋਂ ਡਾ. ਗਰੇਅ ਨੇ 'ਗ੍ਰਹਿਸਤ ਸਬੰਧਾਂ ਬਾਰੇ ਆਪਣੇ ਵਿਚਾਰਾਂ' ਦਾ ਮੁਲਾਂਕਣ ਕੀਤਾ ਤੇ ਬੌਨੀ ਨਾਂ ਦੀ ਇਕ ਔਰਤ ਨਾਲ਼ ਵਿਆਹ ਕਰਾ ਲਿਆ।
ਭਾਵੇਂ ਡਾ. ਗਰੇਅ 'ਵਿਆਹੁਤਾ ਵਸੇਬੇ ਦੇ ਮਾਹਰ' ਕਹਾਉਂਦੇ ਸਨ, ਪਰ ਉਨ੍ਹਾਂ ਦੀ ਪਹਿਲੀ ਪਤਨੀ ਬਾਰਬਰਾ ਡੀ ਐਂਜਲਿਸ, 'ਮਿਸਿਜ਼ ਗਰੇਅ' ਬਣਨ ਤੋਂ ਪਹਿਲਾਂ, ਚਾਰ ਸਾਲ (1977-1981) ਡਗ ਹੈਨਿੰਗ ਦੀ ਪਤਨੀ ਰਹੀ ਸੀ। 1984 ਵਿਚ ਡਾ. ਗਰੇਅ ਨੂੰ 'ਠੁਕਰਾਅ' ਕੇ 'ਮਨੁੱਖੀ ਸਬੰਧਾਂ ਦੀ ਇਹ ਮਾਹਰ', ਜੈਫਰੀ ਜੇਮਜ਼ ਦੀ ਘਰ ਵਾਲ਼ੀ ਬਣੀ ਹੋਈ ਹੈ। ਪਤਾ ਲੱਗਿਆ ਹੈ ਕਿ 1995 ਤਕ ਇਹ ਔਰਤ ਪੰਜ ਵਾਰ ਵਿਆਹ ਕਰਾ ਚੁੱਕੀ ਸੀ। ਇਸ 'ਤਜਰਬਾਕਾਰ' ਔਰਤ ਦਾ ਇਕ ਚਰਚਿਤ ਕਥਨ ਕੁੱਝ ਇਸ ਤਰ੍ਹਾਂ ਹੈ, "ਵਿਆਹ ਨਾਉਂ ਨਹੀਂ, ਕਿਰਿਆ ਹੈ। ਇਹ ਕੋਈ ਹਾਸਲ ਹੋਣ ਵਾਲ਼ੀ ਚੀਜ਼ ਨਹੀਂ ਹੈ, ਕੀਤੇ ਜਾਣ ਵਾਲ਼ਾ ਕੰਮ ਹੈ। ਇਹ, ਤੁਹਾਡੇ ਵੱਲੋਂ ਆਪਣੇ ਭਾਈਵਾਲ ਨਾਲ਼ ਪਿਆਰ ਕਰਨ ਦਾ ਢੰਗ ਹੈ। ਪਿਆਰ ਕਰਨ ਵਿਚ ਕਦੇ ਵੀ ਨੁਕਸਾਨ ਨਹੀਂ ਹੁੰਦਾ। ਨੁਕਸਾਨ ਤਾਂ ਪਿਆਰ ਤੋਂ ਗੁਰੇਜ਼ ਕਰਨ ਨਾਲ਼ ਹੁੰਦਾ ਹੈ।"
ਇਸ 'ਕਰਾਮਾਤੀ ਔਰਤ' ਨੇ ਵੀ ਮਰਦ-ਔਰਤ ਦੇ ਸਬੰਧਾਂ ਬਾਰੇ ਕਈ 'ਬਹੁਤ ਹੀ ਵਿਕਾਊ ਕਿਤਾਬਾਂ' ਲਿਖੀਆਂ ਹੋਈਆਂ ਹਨ, ਜਿੱਦਾਂ 'ਹਾਓ ਡਿੱਡ ਆਈ ਗੈੱਟ ਹੀਅਰ' (ਮੈਂ ਇੱਥੋਂ ਤਕ ਕਿੱਦਾਂ ਪੁੱਜੀ), 'ਰੀਅਲ ਮੋਮੈਂਟਸ' (ਅਸਲੀ ਪਲ), 'ਆਰ ਯੂ ਦ ਵੱਨ ਫਾਰ ਮੀ?' (ਕੀ ਤੂੰ ਹੀ ਮੇਰੇ ਲਈ ਏਂ?), 'ਆਸਕ ਬਾਰਬਰਾ-ਦ 100 ਮੋਸਟ ਆਸਕਡ ਕੁਐਸਚਨਜ਼ ਅਬਾਊਟ ਲਵ, ਸੈਕਸ ਐਂਡ ਰੀਲੇਸ਼ਨਸ਼ਿੱਪਸ' (ਬਾਰਬਰਾ ਨੂੰ ਪੁੱਛੋ-ਪਿਆਰ, ਸੈਕਸ, ਅਤੇ ਸਬੰਧਾਂ ਬਾਰੇ ਬਹੁਤ ਜ਼ਿਆਦਾ ਪੁੱਛੇ ਜਾਂਦੇ 100 ਸੁਆਲ), 'ਸੀਕਰੇਟਸ ਅਬਾਊਟ ਲਾਈਫ਼ ਐਵਰੀ ਵਿਮਨ ਸ਼ੁੱਡ ਨੋ' (ਜ਼ਿੰਦਗੀ ਦੇ ਉਹ ਭੇਤ ਜਿਨ੍ਹਾਂ ਬਾਰੇ ਹਰ ਔਰਤ ਨੂੰ ਪਤਾ ਹੋਣਾ ਚਾਹੀਦੈ), 'ਪੈਸ਼ਨ' (ਸ਼ਿੱਦਤ), 'ਹਾਓ ਟੂ ਮੇਕ ਲਵ ਆਲ ਦ ਟਾਈਮ' (ਸਦਾ ਹੀ ਪਿਆਰ ਕਿੱਦਾਂ ਕਰਨਾ ਹੈ), 'ਵੱਟ ਵਿਮਨ ਵਾਂਟ ਮੈੱਨ ਟੂ ਨੋ' (ਔਰਤਾਂ, ਕਿਹੜੀਆਂ ਗੱਲਾਂ ਬਾਰੇ ਮਰਦਾਂ ਨੂੰ ਪਤਾ ਹੋਣਾ ਜ਼ਰੂਰੀ ਸਮਝਦੀਆਂ ਹਨ), 'ਦ ਰੀਅਲ ਰੂਲਜ਼: ਹਾਓ ਯੂ ਫਾਈਂਡ ਦ ਰਾਈਟ ਮੈਨ ਫਾਰ ਦਾ ਰੀਅਲ ਯੂ' (ਅਸਲ ਅਸੂਲ: ਤੁਸੀਂ ਆਪਣੀ ਖ਼ਾਤਰ ਹੀ ਸਹੀ ਮਰਦ ਕਿੱਦਾਂ ਲੱਭਣਾ ਹੈ), 'ਚਿੱਕਨ ਸੂਪ ਫਾਰ ਦ ਕਪਲ'ਜ਼ ਸੋਲ' (ਦੋਹਾਂ ਦੀ ਰੂਹ ਲਈ ਚਿੱਕਨ ਸੂਪ), 'ਸੀਕਰੇਟਸ ਅਬਾਊਟ ਮੈੱਨ ਐਵਰੀ ਵਿਮਨ ਸ਼ੁੱਡ ਨੋ' (ਮਰਦਾਂ ਦੇ ਉਹ ਭੇਤ ਜਿਨ੍ਹਾਂ ਬਾਰੇ ਹਰ ਔਰਤ ਨੂੰ ਪਤਾ ਹੋਣਾ ਚਾਹੀਦੈ), 'ਰੀਅਲ ਮੋਮੈਂਟਸ ਫਾਰ ਲਵਰਜ਼' (ਪ੍ਰੇਮੀਆਂ ਲਈ ਅਸਲੀ ਪਲ), 'ਚਿੱਕਨ ਸੂਪ ਫਾਰ ਦ ਰੋਮੈਂਟਿਕ ਸੋਲ' (ਆਸ਼ਕਾਨਾ ਰੂਹ ਲਈ ਚਿੱਕਨ ਸੂਪ) ਅਤੇ ਕਈ ਹੋਰ।
ਹੁਣ ਗੱਲ ਕਰਦੇ ਹਾਂ ਡਾਕਟਰ ਜੌਹਨ ਗਰੇਅ ਦੀ। ਇਸ ਬੰਦੇ ਦਾ ਜਨਮ 28 ਦਸੰਬਰ, 1951 ਨੂੰ ਅਮਰੀਕੀ ਸ਼ਹਿਰ ਹਿਊਸਟਨ ਵਿਖੇ ਹੋਇਆ ਸੀ। ਇਹ ਬੰਦਾ, ਆਪਣੇ ਮਾਪਿਆਂ ਦੇ ਸੱਤ ਬੱਚਿਆਂ ਵਿਚੋਂ ਪੰਜਵਾਂ ਸੀ। ਜੌਹਨ ਦੇ ਮਾਪੇ ਆਪੋ-ਆਪਣੀ ਧੁਨ ਵਿਚ ਰਹਿਣ ਵਾਲ਼ੇ ਸਨ। ਉਨ੍ਹਾਂ ਨੇ ਜੌਹਨ ਨੂੰ ਬਚਪਨ ਵਿਚ ਹੀ ਭਾਰਤੀ ਸੰਤ ਯੋਗਾਨੰਦ ਦੀ ਸੰਗਤ ਵਿਚ ਬਿਠਾ ਦਿੱਤਾ। 12 ਸਾਲ ਦੀ ਉਮਰ ਤਕ ਜੌਹਨ ਨੇ ਕਰਾਟੇ ਸਿੱਖ ਲਈ ਸੀ। ਕਰਾਟੇ ਦੀ ਵਜ੍ਹਾ ਨਾਲ਼ ਹੀ ਉਸ ਦੀ ਜ਼ਿੰਦਗੀ ਵਿਚ ਜ਼ਬਤ, ਬੰਦਗੀ ਅਤੇ ਆਪਣੀ ਰਾਖੀ ਦੀਆਂ ਭਾਵਨਾਵਾਂ ਤੀਬਰ ਹੋਈਆਂ। 14 ਸਾਲਾਂ ਦਾ ਹੋ ਕੇ ਜੌਹਨ ਨੇ ਲੋਕਾਂ ਦੇ ਘਰੀਂ ਅਖ਼ਬਾਰ ਪਹੁੰਚਾਉਣ ਦਾ ਪਹਿਲਾ ਕੰਮ ਵਿੱਢਿਆ। ਇਸ ਕੰਮ ਨੇ ਉਸ ਨੂੰ ਸਾਜ੍ਹਰੇ ਜਾਗਣਾ ਸਿਖਾਇਆ। 1939 ਵਿਚ, ਹਾਈ ਸਕੂਲ ਵਿਚ ਪੜ੍ਹਦਿਆਂ ਉਸ ਨੂੰ ਇਕ ਭਗਤੀ ਸੈਮੀਨਾਰ ਵਿਚ ਭਾਗ ਲੈਣ ਦਾ ਮੌਕਾ ਮਿਲਿਆ। ਇਸ ਸੈਮੀਨਾਰ ਨੇ ਜੌਹਨ ਦੀ ਜ਼ਿੰਦਗੀ ਬਦਲ ਦਿੱਤੀ। ਸਕੂਲ ਵਿਚ ਮਾੜੇ-ਮੋਟੇ ਨਸ਼ੇ ਕਰਨ ਮਗਰੋਂ ਜੌਹਨ ਨੇ ਸੋਚਿਆ ਕਿ ਨਸ਼ਾ ਤਾਂ ਭਗਤੀ ਦਾ ਹੀ ਠੀਕ ਹੈ। ਇਸੇ ਹੀ ਧੁਨ ਵਿਚ ਉਹ ਮਹਾਰਿਸ਼ੀ ਮਹੇਸ਼ ਯੋਗੀ ਦੇ ਮਗਰ ਹੀ ਯੂਰਪ ਵੱਲ ਜਾ ਨਿੱਕਲਿਆ। ਇਸ ਦੌਰਾਨ ਹੀ, ਉਸ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਉਹ ਭਗਤੀ ਦੇ ਰੰਗ ਵਿਚ ਰੰਗਿਆ ਗਿਆ ਤੇ ਉਹ 9 ਸਾਲ, ਮਹੇਸ਼ ਯੋਗੀ ਦੇ ਮਗਰ-ਮਗਰ ਤੁਰਦਾ ਗਿਆ। ਇਕ ਦਿਨ, ਉਹ ਮਹੇਸ਼ ਯੋਗੀ ਦਾ ਨਿੱਜੀ ਸਹਾਇਕ ਅਤੇ ਯੋਗ ਦਾ ਉਸਤਾਦ ਬਣ ਗਿਆ। ਉਸ ਨੇ ਯੋਗ ਦੇ 15 ਹਜ਼ਾਰ ਤੋਂ ਵੱਧ ਉਸਤਾਦ ਪੈਦਾ ਕੀਤੇ।
ਮਹੇਸ਼ ਯੋਗੀ ਦੀ ਸੰਗਤ ਵਿਚ ਜੌਹਨ ਨੇ ਬ੍ਰਹਮਚਾਰੀ ਰਹਿਣਾ ਵੀ ਸਿੱਖਿਆ। ਫਿਰ ਉਹ ਹਰ ਰੋਜ਼ 14-14 ਘੰਟੇ ਬੰਦਗੀ ਕਰਨ ਲੱਗਿਆ। ਉਹ, ਆਪਣੇ ਭਰਾ ਨੂੰ ਇਕ ਮਾਨਸਕ ਬਿਮਾਰੀ ਦੇ ਚੱਕਰ ਵਿਚੋਂ ਕੱਢਣ ਦੇ ਹੀਲੇ ਕਰਦਾ, ਆਪਣੀ ਭਗਤੀ ਭੰਗ ਕਰ ਬੈਠਿਆ ਤੇ ਲਾਸ ਏਂਜਲਜ਼ ਆ ਗਿਆ। ਉਸ ਨੇ ਕੁੱਝ ਸਮਾਂ ਸਾਂਤਾ ਮੋਨਿਕਾ ਬੀਚ ਉੱਤੇ ਬਿਤਾਇਆ। 1979 ਵਿਚ ਉਹ, ਇਕ ਕੰਪਿਊਟਰ ਪ੍ਰੋਗਰਾਮਰ ਬਣ ਕੇ ਸੈਨ ਫਰਾਂਸਿਸਕੋ ਚਲਿਆ ਗਿਆ। ਉਸ ਨੇ ਕੰਮ ਕਰਨ ਦੇ ਨਾਲ਼-ਨਾਲ਼ ਪੜ੍ਹਾਈ ਕਰਨੀ ਵੀ ਜਾਰੀ ਰੱਖੀ। ਫਿਰ ਇਕ ਦਿਨ ਉਸ ਨੂੰ ਮਹਿਸੂਸ ਹੋਇਆ ਕਿ ਇਸ ਬੰਦਗੀ-ਸ਼ੰਦਗੀ ਨਾਲ਼ ਨਾ ਢਿੱਡ ਭਰਦੈ, ਨਾ ਨੀਅਤ।
ਸੈਨ ਫਰਾਂਸਿਸਕੋ ਆ ਕੇ ਉਸ ਨੇ ਸਭ ਤੋਂ ਪਹਿਲਾਂ, 'ਰੱਜ ਕੇ' ਕਾਮ-ਤ੍ਰਿਪਤੀ ਕੀਤੀ। ਇਸ ਸਬੰਧ ਵਿਚ ਉਸ ਨੇ ਏਦਾਂ ਲਿਖਿਆ ਹੋਇਆ ਹੈ, "ਉਸ ਵੇਲ਼ੇ ਮੈਨੂੰ ਏਦਾਂ ਲੱਗਦਾ ਸੀ, ਜਿੱਦਾਂ ਮੈਂ ਖੁੰਝਿਆ ਵੇਲ਼ਾ ਦੁਬਾਰਾ ਮੋੜ ਕੇ ਲਿਆ ਰਿਹਾ ਸਾਂ ਤੇ ਮੈਨੂੰ ਇਕ ਨਵੀਂ ਹੀ ਕਿਸਮ ਦਾ ਵਿਸਮਾਦ ਜਿਹਾ ਮਹਿਸੂਸ ਹੋ ਰਿਹਾ ਸੀ।" ਇਸ ਆਨੰਦ ਅਤੇ ਵਿਸਮਾਦ ਬਾਰੇ ਇਕ ਵੱਖਰਾ ਜਿਹਾ ਅਹਿਸਾਸ ਉਸ ਨੂੰ ਉਦੋਂ ਹੋਇਆ, ਜਦੋਂ ਉਸ ਦਾ ਤੇ ਬਾਰਬਰਾ ਦਾ ਤੋੜ-ਵਿਛੋੜਾ ਹੋ ਗਿਆ। ਉਹ ਇਕੱਠਿਆਂ, ਲੋਕਾਂ ਦੇ ਸਿਰ ਜੋੜਨ ਦੇ ਹੀਲੇ ਕਰ ਰਹੇ ਸਨ ਕਿ ਉਨ੍ਹਾਂ ਦੇ ਆਪਣੇ ਸਿਰ ਇਕ-ਦੂਜੇ ਨਾਲ਼ੋਂ ਦੂਰ ਹੋ ਗਏ। 1984 ਵਿਚ ਬਾਰਬਰਾ ਕਿਸੇ ਹੋਰ ਬੰਦੇ ਨਾਲ਼ ਨਿੱਕਲ਼ ਗਈ। ਉਸ ਨੇ ਲਿਖਿਆ, "ਨਿੱਜੀ ਤੌਰ 'ਤੇ ਮੈਂ ਹੀਣਾ ਮਹਿਸੂਸ ਕੀਤਾ, ਕਿਉਂ ਕਿ ਮੇਰਾ ਵਿਆਹ ਟੁੱਟ ਗਿਆ ਸੀ ਤੇ ਵਪਾਰਕ ਪੱਧਰ 'ਤੇ ਮੈਂ ਆਪਣੇ ਧੰਦੇ ਦਾ ਭਰੋਸਾ ਖੁਰ ਗਿਆ ਮਹਿਸੂਸ ਕੀਤਾ ਕਿਉਂ ਕਿ ਇਕ ਆਦਰਸ਼ ਜੋੜੇ ਵਜੋਂ ਸਾਡੇ ਬਾਰੇ ਬਣਿਆ ਹੋਇਆ ਭਰਮ ਟੁੱਟ ਗਿਆ ਸੀ। ਉਹ ਤਲਾਕ ਮੇਰਾ ਸਭ ਕੁੱਝ ਤਬਾਹ ਕਰ ਗਿਆ।" ਉਸ ਨੇ, ਉਹ ਸੈਮੀਨਾਰ ਇਕੱਲਿਆਂ ਕਰਨ ਦੇ ਹੀਲੇ ਕੀਤੇ, ਜੋ ਉਸ ਨੇ ਬਾਰਬਰਾ ਨਾਲ਼ ਰਲ਼ ਕੇ ਕਰਨੇ ਵਿਉਂਤੇ ਹੋਏ ਸਨ।
ਫਿਰ ਉਸ ਨੂੰ, ਤਲਾਕ ਦੀ ਰੌਸ਼ਨੀ ਵਿਚ ਆਪਣੇ ਸਬੰਧਾਂ, ਆਪਣੇ ਇਲਮ ਦਾ ਮੁਲਾਂਕਣ ਕਰਨ ਦਾ ਫ਼ੁਰਨਾ ਫੁਰਿਆ। ਲੋਕਾਂ ਦੇ ਵਿਗੜੇ ਹੋਏ ਸਬੰਧ ਸੁਧਾਰਨ ਦੀ ਉਸ ਦੀ ਸਮਰੱਥਾ, ਇਸ ਤਲਾਕ ਨੇ ਕਈ ਗੁਣਾ ਵਧਾ ਦਿੱਤੀ। "ਉਦੋਂ ਹੀ ਮੈਂ ਜਾਣਿਆ ਕਿ ਜੋ ਕੁੱਝ ਇਕ ਔਰਤ ਨੂੰ ਖ਼ੁਸ਼ ਕਰਦਾ ਹੈ, ਉਹ, ਉਸ ਸਭ ਕੁੱਝ ਨਾਲ਼ੋਂ ਕਿਤੇ ਵੱਖਰਾ ਹੈ, ਜੋ ਕਿਸੇ ਮਰਦ ਨੂੰ ਖ਼ੁਸ਼ ਕਰਦਾ ਹੈ," ਉਸੇ ਨੇ ਲਿਖਿਆ ਹੋਇਆ ਹੈ। ਉਸ ਦੇ ਇਸ ਵਿਸ਼ਵਾਸ ਵਿਚੋਂ ਹੀ 'ਮਾਰਜ਼-ਵੀਨਸ' ਪੁਸਤਕ-ਮਾਲ਼ਾ ਦਾ ਜਨਮ ਹੋਇਆ। ਇਸ ਅਨੁਭਵ ਤੋਂ ਹੀ ਉਸ ਨੇ ਇਹ ਸਬਕ ਲਿਆ ਕਿ ਮਰਦ ਆਪਣੇ ਮਾਨਸਕ ਬੋਝ ਨਾਲ਼ ਚੁੱਪ ਕਰ ਕੇ ਸਿੱਝਦਾ ਹੈ, ਪਰ ਔਰਤ, ਜੋ ਫ਼ਿਤਰਤਨ ਬੁਲੱਕੜ ਹੁੰਦੀ ਹੈ, ਦੀ ਚੁੱਪ ਖ਼ਤਰਨਾਕ ਹੁੰਦੀ ਹੈ। ਇਸ ਬਾਰੇ ਹੀ ਉਸ ਨੇ ਏਦਾਂ ਲਿਖਿਆ ਹੋਇਆ ਹੈ, "ਜਦੋਂ ਉਹ ਮੇਰੇ ਨਾਲ਼ ਬੋਲਣਾ ਵੀ ਬੰਦ ਕਰ ਗਈ ਤਾਂ ਮੈਂ ਸਮਝਿਆ ਕਿ ਇਹ ਕੋਈ ਖ਼ਾਸ ਗੱਲ ਨਹੀਂ ਹੈ, ਪਰ ਫਿਰ ਅਚਾਨਕ ਹੀ ਉਸ ਨੇ ਇਹ ਕਹਿ ਦਿੱਤਾ ਕਿ ਉਹ ਹੋਰ ਤਰ੍ਹਾਂ ਮਹਿਸੂਸ ਕਰਦੀ ਹੈ ਤੇ ਕਿਸੇ ਹੋਰ ਮਰਦ ਕੋਲ ਜਾਣਾ ਚਾਹੁੰਦੀ ਹੈ।"
ਬਾਰਬਰਾ ਨਾਲ਼ ਤਲਾਕ ਹੋਣ ਤੋਂ 9 ਮਹੀਨੇ ਤਕ ਮੰਥਨ ਕਰ ਕੇ ਉਸ ਨੇ ਬੌਨੀ ਵੱਲ ਹੱਥ ਵਧਾਇਆ। ਜੌਹਨ ਦਾ ਖ਼ਿਆਲ ਹੈ ਕਿ ਉਸ ਨੇ, ਇਕ ਵਿਆਹ ਵਿਚ ਨਾਕਾਮ ਰਹਿਣ ਤੋਂ ਲਿਆ ਹੋਇਆ ਸਬਕ, ਦੂਜੇ ਵਿਆਹ ਨੂੰ ਬਚਾਈ ਰੱਖਣ ਲਈ ਵਰਤਿਆ, ਪਰ ਇਹ ਵੀ ਤਾਂ ਸਮਝੇ ਜਾਣ ਦੀ ਗੁੰਜਾਇਸ਼ ਹੈ ਕਿ ਉਸ ਨੇ ਦੂਜਾ ਵਿਆਹ ਬਚਾਉਣ ਲਈ 'ਜੱਗੋਂ-ਜਹਾਨੋਂ ਬਾਹਰੇ ਹੀਲੇ' ਕੀਤੇ ਹੋਣ। ਲੇਖਕ ਦੇ ਇਨ੍ਹਾਂ ਦੋਹਾਂ ਵਿਆਹਾਂ ਦੀ ਰੌਸ਼ਨੀ ਵਿਚ ਹੀ ਇਸ ਕਿਤਾਬ ਦਾ ਮੁਲਾਂਕਣ ਕਰਾਂਗੇ ਅਗਲੇ 'ਸ਼ਬਦੰਗਲ' ਵਿਚ।#
