'ਹਦਾਇਤਨਾਮਾ ਖ਼ਾਵੰਦ + ਹਦਾਇਤਨਾਮਾ ਬੀਵੀ = ਲੋਲੋ-ਪੋਪੋ' -2
-----------------------------------------------
ਮੈੱਨ ਆਰ ਫ੍ਰਾਮ ਮਾਰਜ਼ ਵਿਮਨ ਆਰ ਫ੍ਰਾਮ ਵੀਨਸ ਪੜ੍ਹ-ਗੁੜ੍ਹ ਕੇ
<><><><><><><><><><><><><><><>
॥ ਸ਼ਬਦੰਗਲ-90 ਤੋਂ ਅੱਗੇ ॥
ਜੌਹਨ ਅਤੇ ਬੌਨੀ ਦੇ ਵਿਆਹ ਹੋਏ ਨੂੰ ਤਿੰਨ ਦਹਾਕੇ ਤੋਂ ਵੱਧ ਸਮਾਂ ਹੋ ਗਿਆ ਹੈ। ਬੌਨੀ ਦੀਆਂ, ਪਹਿਲੇ ਵਿਆਹ ਤੋਂ ਦੋ ਧੀਆਂ ਹਨ ਤੇ ਤੀਜੀ ਇਸ ਵਿਆਹ ਤੋਂ ਹੈ। ਇੱਥੇ ਇਕ ਸੋਧ ਵੀ ਕਰ ਲਈਏ ਕਿ ਜੌਹਨ ਦੀ ਪਹਿਲੀ ਪਤਨੀ ਬਾਰਬਰਾ ਤੋਂ ਉਸ ਦੀ ਕੋਈ ਔਲਾਦ ਨਹੀਂ ਸੀ, ਜੋ ਧੀਆਂ ਪਿਛਲੇ ਲੇਖ ਵਿਚ ਬਾਰਬਰਾ ਦੇ ਖਾਤੇ ਪਾਈਆਂ ਗਈਆਂ, ਅਸਲ ਵਿਚ ਉਹ ਬੌਨੀ ਦੀਆਂ ਪਹਿਲੇ ਵਿਆਹ ਦੀਆਂ ਧੀਆਂ ਸ਼ੈਨਨ ਅਤੇ ਜੂਲੀਅਟ ਹੀ ਸਨ। ਜੌਹਨ ਅਤੇ ਬੌਨੀ ਦੀ ਧੀ ਦਾ ਨਾਂ ਲੌਰੇਨ ਹੈ। ਜੌਹਨ ਨੇ ਇਕ ਥਾਂ ਲਿਖਿਆ ਹੈ ਕਿ ਉਹ 'ਆਪਣੀਆਂ' ਤੇਹਾਂ ਧੀਆਂ ਨੂੰ ਲੋੜ ਪੈਣ 'ਤੇ ਸਲਾਹ ਦਿੰਦਾ ਰਿਹਾ ਹੈ ਕਿ ਉਹ ਆਪਣੇ 'ਬੁਆਏਫਰੈਂਡਜ਼' ਨੂੰ ਸਮਝਣ ਲਈ ਕੀ-ਕੀ ਕਰਨ।
1992 ਵਿਚ ਜੌਹਨ ਨੇ 'ਕੋਲੰਬੀਆ ਪੈਸੀਫਿਕ ਯੂਨੀਵਰਸਿਟੀ' ਤੋਂ ਮਨੋਵਿਗਿਆਨ ਵਿਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ। ਇਹ ਡਿਗਰੀ ਹਾਸਲ ਕਰਨ ਤੋਂ 15 ਸਾਲ ਬਾਅਦ ਇਹ ਯੂਨੀਵਰਸਿਟੀ ਰੱਫੜ ਦਾ ਸ਼ਿਕਾਰ ਹੋ ਗਈ ਤੇ 2001 ਵਿਚ ਬੰਦ ਹੋ ਗਈ। ਸੌ-ਸਵਾ ਸੌ ਪੰਨਿਆਂ ਦੀ ਕਿਤਾਬ ਮੈੱਨ ਆਰ ਫ੍ਰਾਮ ਮਾਰਜ਼, ਵਿਮਨ ਆਰ ਫ੍ਰਾਮ ਵੀਨਸ ਲਿਖਣ ਲਈ ਜੌਹਨ ਨੂੰ 10 ਸਾਲ ਲੱਗ ਗਏ। ਯੂਨੀਵਰਸਿਟੀ ਦੇ ਬੰਦ ਹੋਣ ਨਾਲ਼ ਜੌਹਨ ਗਰੇਅ ਦੇ, 'ਜਾਅਲੀ ਡਾਕਟਰ' ਹੋਣ ਦਾ ਰੌਲ਼ਾ ਵੀ ਪੈਂਦਾ ਰਿਹਾ। 'ਡਾਕਟਰ ਜੌਹਨ ਗਰੇਅ ' ਵਿਦਿਅਕ ਲਿਆਕਤ ਨਾਲ਼ੋਂ ਅਨੁਭਵ ਨੂੰ ਵੱਧ ਅਹਿਮੀਅਤ ਦਿੰਦਾ ਹੈ, ਜਿਸ ਕਰ ਕੇ ਉਸ ਨੇ ਆਪਣੀ ਵਿਦਿਅਕ ਲਿਆਕਤ ਸਬੰਧੀ ਦੂਸ਼ਣਬਾਜ਼ੀ ਵੱਲ ਧਿਆਨ ਦੇਣਾ ਛੱਡਿਆ ਹੋਇਆ ਹੈ।
ਜੌਹਨ ਨੇ ਯੋਗ ਅਭਿਆਸੀ ਹੋਣ ਦੇ ਉਹਲੇ ਵਿਚ ਲੋਕਾਂ ਨੂੰ ਮੱਤਾਂ ਦੇਣੀਆਂ 1982 ਵਿਚ ਹੀ ਸ਼ੁਰੂ ਕਰ ਲਈਆਂ ਸਨ। 1995 ਵਿਚ ਜੌਹਨ ਦੇ ਬਾਪ ਨੂੰ, ਉਸ ਵੱਲੋਂ ਰਾਹ ਵਿਚੋਂ ਆਪਣੀ ਕਾਰ ਵਿਚ ਚੜ੍ਹਾਏ ਹੋਏ ਇਕ ਲੁਟੇਰੇ ਨੇ ਲੁੱਟ ਹੀ ਨਹੀਂ ਲਿਆ, ਸਗੋਂ ਕਾਰ ਦੇ ਟਰੰਕ ਵਿਚ ਬੰਦ ਵੀ ਕਰ ਦਿਤਾ। ਜੌਹਨ ਦੇ ਬਾਪ ਦੀ ਕਾਰ, ਦੋ ਦਿਨਾਂ ਬਾਅਦ ਟੈਕਸਾਜ਼ ਵਿਚ ਮਿਲੀ। ਤਦ ਤਕ ਉਸ ਦੇ ਬਾਪ ਦੀ ਮੌਤ ਹੋ ਚੁੱਕੀ ਸੀ। ਜੌਹਨ ਨੂੰ ਇਸ ਵਾਰਦਾਤ ਦੀ ਖ਼ਬਰ ਉਦੋਂ ਮਿਲੀ, ਜਦੋਂ ਬੌਨੀ ਮੁਕਲਾਵੇ ਆਈ ਹੋਈ ਸੀ।
ਜੌਹਨ ਦਾ, ਆਪਣੇ ਅਨੁਭਵ ਤੋਂ ਸਿੱਖਣ ਦਾ ਆਲਮ ਇਹ ਸੀ ਕਿ ਉਸ ਨੇ ਆਪਣੇ ਬਾਪ ਦੀ ਕਾਰ ਦੇ ਟਰੰਕ ਵਿਚ ਬੰਦ ਹੋ ਕੇ, ਉਹ ਸਭ ਕੁੱਝ ਅਨੁਭਵ ਕਰਨ ਦਾ ਹੀਲਾ ਕੀਤਾ, ਜੋ ਉਸ ਦੇ ਬਾਪ ਨੇ ਉਸ ਹਾਲਤ ਵਿਚ ਅਨੁਭਵ ਕੀਤਾ ਹੋਵੇਗਾ। ਬਾਪ ਦੀ ਮੌਤ ਦੀ ਘਟਨਾ ਤੋਂ ਜੌਹਨ ਨੇ ਇਕ 'ਤੁਹਫ਼ਾ' ਹਾਸਲ ਕੀਤਾ ਤੇ ਉਹ ਤੁਹਫ਼ਾ ਸੀ : "ਜ਼ਿੰਦਗੀ, ਕਿਸੇ ਟਰੰਕ ਵਿਚੋਂ ਬਾਹਰ ਨਿੱਕਲਣ ਲਈ ਸਹੀ ਬਟਨ ਦੀ ਤਲਾਸ਼ ਕਰਨਾ ਹੀ ਹੈ।" ਇਸ ਤੋਂ ਮਗਰੋਂ ਉਸ ਨੇ ਬੁਰੇ ਸਬੰਧਾਂ ਵਿਚੋਂ ਬਾਹਰ ਆਉਣ ਇਹ ਬਟਨ ਲੱਭਿਆ ਕਿ ਔਰਤ ਨੂੰ ਮਰਦ ਨਾਲ਼ੋਂ ਕਿਤੇ ਹੀ ਵੱਖਰੀ ਸਮਝਿਆ ਜਾਵੇ। ਇਹੋ ਹੀ ਹੈ ਉਹ ਨੁਕਤਾ, ਜਿਸ ਦੀ ਨੀਂਹ ਉੱਤੇ ਡਾਕਟਰ ਜੌਹਨ ਗਰੇਅ ਅਤੇ ਬੌਨੀ ਨੇ ਲੋਕਾਂ ਦੇ ਵਿਆਹੁਤਾ ਵਸੇਬੇ ਦਾ, ਆਪਣਾ ਸਿਧਾਂਤ ਸਿਰਜਿਆ ਹੋਇਆ ਹੈ।
ਜੌਹਨ ਦੇ ਇਸ ਸਿਧਾਂਤ ਉੱਤੇ ਪੰਛੀ-ਝਾਤ ਤਾਂ ਮਾਰਨੀ ਹੀ ਚਾਹੀਦੀ ਹੈ। ਜੌਹਨ ਦਾ ਕਹਿਣ ਹੈ ਕਿਸੇ ਵੇਲ਼ੇ ਮੰਗਲ ਗ੍ਰਹਿ ਦੇ ਮਰਦਾਂ ਅਤੇ ਸ਼ੁੱਕਰ ਗ੍ਰਹਿ ਦੀਆਂ ਔਰਤਾਂ ਦਾ ਆਪਸ ਵਿਚ ਮੇਲ-ਗੇਲ ਹੀ ਨਹੀਂ, ਪਿਆਰ ਹੋ ਗਿਆ। ਉਨ੍ਹਾਂ ਦਾ ਆਪਸੀ ਪਿਆਰ ਬਹੁਤ ਗੂੜ੍ਹਾ ਹੋ ਗਿਆ ਕਿਉਂ ਕਿ ਉਹ, ਆਪਸੀ ਫ਼ਰਕ ਪ੍ਰਵਾਨ ਕਰ ਕਰ ਕੇ, ਫ਼ਰਕਾਂ ਦੀ ਕਦਰ ਕਰਨ ਲੱਗ ਪਏ ਸਨ। ਜਦੋਂ ਉਹ ਧਰਤੀ 'ਤੇ ਗਏ ਤਾਂ ਉਹ ਭੁੱਲ ਗਏ ਕਿ ਉਹ ਦੋ ਵੱਖ-ਵੱਖ ਗ੍ਰਹਿਆਂ ਤੋਂ ਆਏ ਹੋਏ ਹਨ। ਇਹੋ ਵਜ੍ਹਾ ਹੈ ਕਿ ਧਰਤੀ ਉੱਤੇ ਉਨ੍ਹਾਂ ਦੋਹਾਂ ਦੀ, ਬਹੁਤਾ ਕਰ ਕੇ ਬਣਦੀ ਨਹੀਂ ਹੈ। ਮੰਗਲ ਅਤੇ ਸ਼ੁੱਕਰ ਦੇ ਖ਼ਾਸਿਆਂ ਦੇ ਫ਼ਰਕ ਸਮਝਾਉਣ ਤੇ ਉਨ੍ਹਾਂ ਦੀ ਕਦਰ ਕਰਨੀ ਸਿਖਾਉਣ ਨਾਲ਼ ਹੀ ਲੋਕਾਂ ਦੇ ਵਿਆਹ ਸਬੰਧੀ ਵਸੇਬੇ ਕਰਾਉਣ ਦਾ, ਸਾਲਾਂ ਬੱਧੀ ਅਨੁਭਵ ਹੀ ਇਹ ਕਿਤਾਬ ਲਿਖੇ ਜਾਣ ਦਾ ਆਧਾਰ ਹੈ।
ਆਪਣੀ ਰਾਇ ਦੇਣ ਤੋਂ ਪਹਿਲਾਂ ਇਸ ਕਿਤਾਬ ਬਾਰੇ ਹੋਰ ਸਿਆਣੇ ਲੋਕ ਕੀ ਕਹਿੰਦੇ ਹਨ, ਇਹ ਜਾਨਣਾ ਵੀ ਬਣਦਾ ਹੈ। ਇਸ ਸਬੰਧ ਵਿਚ ਟੌਮ ਬਟਲਰ-ਬਾਓਡਨ ਨਾਂ ਦਾ ਇਕ ਵਿਦਵਾਨ ਲਿਖਦਾ ਹੈ ਕਿ ਮੈੱਨ ਆਰ ਫ੍ਰਾਮ ਮਾਰਜ਼, ਵਿਮਨ ਆਰ ਫ੍ਰਾਮ ਵੀਨਸ ਕਿਤਾਬ ਲਿਖਣ ਤੋਂ ਪਹਿਲਾਂ ਜੌਹਨ ਗਰੇਅ ਨੇ ਮੈੱਨ, ਵਿਮਨ ਐਂਡ ਰਿਲੇਸ਼ਨਸ਼ਿੱਪ ਸਿਰਲੇਖ ਅਧੀਨ ਇਕ ਕਿਤਾਬ ਲਿਖੀ ਸੀ। ਇਸ ਕਿਤਾਬ ਦੇ ਸ਼ੁਰੂ ਵਿਚ ਹੀ ਲੇਖਕ ਨੇ ਆਪਣੇ ਬਾਪ ਦੇ ਮਾਰੇ ਜਾਣ ਦੀ ਕਹਾਣੀ (ਜੋ ਉੱਪਰ ਲਿਖੀ ਜਾ ਚੁੱਕੀ ਹੈ) ਦਰਜ ਕੀਤੀ ਸੀ। ਉਸ ਕਹਾਣੀ ਵਿਚ ਇੰਨਾ ਕੁ ਵਾਧਾ ਕੀਤਾ ਗਿਆ ਸੀ ਕਿ ਜਦੋਂ ਜੌਹਨ ਗਰੇਅ ਆਪਣੇ ਬਾਪ ਦੀ ਕਾਰ ਵਿਚ ਬੰਦ ਹੋ ਕੇ 'ਅੱਕੀਂ-ਪਲਾਹੀਂ' ਹੱਥ ਮਾਰ ਰਿਹਾ ਸੀ ਤਾਂ ਉਸ ਦਾ ਹੱਥ ਉਸ ਛੇਕ ਵਿਚੋਂ ਬਾਹਰ ਨਿੱਕਲ ਗਿਆ, ਜੋ ਕਾਰ ਦੀ ਲਾਈਟ ਟੁੱਟਣ ਨਾਲ਼ ਬਣਿਆ ਸੀ। ਉਸ ਦਾ ਹੱਥ ਬਾਹਰ ਆਉਣ 'ਤੇ ਉਸ ਦੇ ਭਰਾ ਨੇ ਉਸ ਨੂੰ ਕਿਹਾ ਕਿ ਜੇ ਉਹ ਆਪਣਾ ਹੱਥ ਹੋਰ ਅੱਗੇ ਵਧਾਵੇ ਤਾਂ ਸ਼ਾਇਦ ਉਸ ਦਾ ਹੱਥ ਟਰੰਕ ਖੋਲ੍ਹਣ ਵਾਲ਼ੇ ਬਟਨ ਤਕ ਪਹੁੰਚ ਜਾਵੇ ਤੇ ਏਦਾਂ ਹੀ ਹੋਇਆ। ਉਹ ਬਟਨ ਦਬਾ ਕੇ ਕਾਰ ਤੋਂ ਬਾਹਰ ਨਿੱਕਲ ਆਇਆ।
ਸੂਸਨ ਹੈਮਸਨ ਨਾਂ ਦੀ ਇਕ ਬੀਬੀ ਦਾ ਕਹਿਣ ਹੈ ਕਿ ਇਹ ਕਿਤਾਬ, 'ਜਿਨਸਵਾਦ ਦਾ ਸੰਸਥਾਈਕਰਣ' ਕਰਦੀ ਹੈ। ਸੂਸਨ ਹੈਮਸਨ ਸਮੇਤ ਕਈ ਆਲੋਚਕਾਂ ਦਾ ਖ਼ਿਆਲ ਹੈ ਕਿ ਜੌਹਨ ਗਰੇਅ ਆਪਣੇ ਵਿਚਾਰ, ਸਿਧਾਂਤ ਦੇ ਰੂਪ ਪੇਸ਼ ਨਹੀਂ ਕਰਦਾ, ਸਗੋਂ ਉਹ ਏਦਾਂ ਬਿਆਨ ਕਰਦਾ ਹੈ, ਜਿੱਦਾਂ ਉਹ ਕੋਈ ਜੀਵ-ਵਿਗਿਆਨਕ ਹਕੀਕਤ ਬਿਆਨ ਕਰ ਰਿਹਾ ਹੋਵੇ। ਉਸ ਦੀ ਕਿਤਾਬ ਦੇ ਲੱਖਾਂ ਪਾਠਕ 'ਬਜ਼ਾਰੂ ਲਹਿਰ' ਦੇ ਸ਼ਿਕਾਰ ਹੋ ਕੇ, ਇਹ ਕਿਤਾਬ ਖਰੀਦੀ-ਪੜ੍ਹੀ ਜਾ ਰਹੇ ਹਨ ਕਿਉਂ ਕਿ ਉਨ੍ਹਾਂ ਨੂੰ ਇਸ ਸਬੰਧ ਵਿਚ ਹੋਰ ਕੋਈ ਰਾਹ ਹੀ ਨਹੀਂ ਦਿਸਦਾ।
ਡਾ. ਜੌਹਨ ਗਰੇਅ ਦਾ ਜ਼ੋਰ, ਦੋਹਾਂ ਜਿਨਸਾਂ ਦੇ ਆਪਸੀ ਫ਼ਰਕ ਪ੍ਰਵਾਨ ਕਰਾਉਣ ਖ਼ਾਤਰ ਲੱਗਿਆ ਹੋਇਆ ਹੈ, ਪਰ ਬਦਲੇ ਹੋਏ ਹਾਲਾਤ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਮਰਦ ਅਤੇ ਔਰਤ ਵਿਚਾਲ਼ੇ ਕੋਈ ਫ਼ਰਕ ਹੈ ਹੀ ਨਹੀਂ। ਔਰਤ, ਆਪਣਾ ਮਰਦ ਸੁਧਾਰਨ ਦੇ ਹੀਲੇ ਕਰਦੀ ਬੀਤ ਜਾਂਦੀ ਹੈ ਤੇ ਮਰਦ ਵਿਚਾਰਾ ਪ੍ਰਵਾਨ ਹੋਣ ਲਈ ਤਰਸਦਾ ਰਹਿ ਜਾਂਦਾ ਹੈ। ਔਰਤ ਮਸਲੇ ਦੱਸਣ-ਸੁਣਾਉਣ ਵਿਚ, ਉਹ ਮਸਲਾ ਹੱਲ ਕੀਤੇ ਜਾਣ ਨਾਲ਼ੋਂ ਵੱਧ ਦਿਲਚਸਪੀ ਲੈਂਦੀ ਰਹਿੰਦੀ ਹੈ। ਇਸ ਕਿਤਾਬ ਅਨੁਸਾਰ, ਔਰਤਾਂ ਲਹਿਰਾਂ ਵਰਗੀਆਂ ਹੁੰਦੀਆਂ ਹਨ, ਜੋ ਉੱਭਰ ਕੇ ਕਿਸੇ ਨਿਵਾਣ ਵਿਚ ਬਹਿ ਜਾਂਦੀਆਂ ਹਨ ਤੇ ਫਿਰ ਉੱਠਦੀਆਂ ਹਨ। ਮਰਦ ਚਾਹੁੰਦੇ ਹਨ ਕਿ ਉਨ੍ਹਾਂ ਦੀ ਲੋੜ ਮਹਿਸੂਸ ਕੀਤੀ ਜਾਵੇ ਜਦੋਂ ਕਿ ਔਰਤਾਂ ਇਹ ਚਾਹੁੰਦੀਆਂ ਹਨ ਕਿ ਉਨ੍ਹਾਂ ਨੂੰ ਵਡਿਆਇਆ ਜਾਵੇ।
ਮਰਦ ਨੂੰ ਪਸੰਦ ਨਾ ਕੀਤਾ ਜਾਵੇ ਤਾਂ ਉਸ ਨੂੰ ਔਰਤ ਤੋਂ ਦੂਰ ਹੋਣ ਦੀ ਤਲਬ ਲੱਗਦੀ ਹੈ। ਇਹ ਕਿਤਾਬ, ਇਸ ਰੁਝਾਨ ਨੂੰ ਮਰਦ ਦਾ 'ਗੁਫ਼ਾ' ਅੰਦਰ ਵੜਨਾ ਕਰਾਰ ਦਿੰਦੀ ਹੈ। ਇਸ ਕਰ ਕੇ ਮਰਦਾਂ ਦੀ ਤੁਲਨਾ 'ਰਬੜ ਬੈਂਡ' ਨਾਲ਼ ਕੀਤੀ ਹੋਈ ਹੈ। ਮਰਦ, ਰਬੜ ਬੈਂਡ ਵਾਂਗ ਖਿੱਚੇ ਜਾਣ ਦੀ ਤਰਜ਼ 'ਤੇ ਦੂਰ ਜਾਂਦੇ ਹਨ ਅਤੇ ਢਿੱਲ ਦੇਣ 'ਤੇ ਵਾਪਸ ਆਉਂਦੇ ਹਨ।
ਸਟੋਨੀ ਬਰੂਕ ਯੂਨੀਵਰਸਿਟੀ ਵਿਖੇ ਸਮਾਜ ਸ਼ਾਸਤਰ ਦੇ ਪ੍ਰਫੈਸਰ ਮਿਕਾਇਲ ਕਿੱਮੇਲ ਦਾ ਕਹਿਣ ਹੈ ਕਿ ਮਰਦਾਂ ਅਤੇ ਔਰਤਾਂ ਵਿਚ ਕੋਈ ਬੁਨਿਆਦੀ ਫ਼ਰਕ ਹੈ ਹੀ ਨਹੀਂ। ਮਿਡਲਬਰੀ ਕਾਲਜ, ਵਰਮੌਂਟ ਵਿਖੇ 2008 ਵਿਚ ਵੀਨਸ, ਮਾਰਜ਼ ਔਰ ਪਲ਼ੈਨੈੱਟ ਅਰਥ? ਵਿਮਨ ਐਂਡ ਮੈੱਨ ਇਨ ਅ ਨਿਊ ਮਿਲੀਨੀਅਮ ਸਿਰਲੇਖ ਅਧੀਨ ਪੜ੍ਹੇ ਪਰਚੇ ਵਿਚ ਪ੍ਰੋ. ਕਿੱਮੇਲ ਨੇ ਇਹ ਕਿਹਾ ਹੋਇਆ ਹੈ, "ਮਰਦਾਂ ਅਤੇ ਔਰਤਾਂ ਵਿਚਾਲ਼ੇ ਸਮਝੇ ਜਾਂਦਾ ਫ਼ਰਕ ਅਸਲ ਵਿਚ, ਸਮਾਜਕ ਧਾਰਨਾਵਾਂ ਹੀ ਹਨ। ਗ਼ੌਰ ਨਾਲ਼ ਦੇਖਿਆ ਜਾਵੇ ਤਾਂ ਮਰਦ ਅਤੇ ਔਰਤਾਂ ਇਕੋ ਜਿਹਾ ਸਭ ਕੁੱਝ ਹੀ ਲੋੜਦੇ ਹਨ।"
ਸੰਨ 2002 ਵਿਚ ਲੇਖਕਾ ਜੂਲੀਆ ਟੀ. ਵੁਡ ਨੇ ਵੀ ਮਰਦ-ਔਰਤ ਵਿਚਾਲੜੇ ਫ਼ਰਕਾਂ ਦੀ ਆਲੋਚਨਾ ਕੀਤੀ ਸੀ। 2003 ਵਿਚ ਛਪੀ ਕਿਤਾਬ 'ਦ ਅਸੈਂਸ਼ੀਅਲ ਡਿਫਰੈਂਸ' ਵਿਚ, ਉਸ ਦੇ ਲੇਖਕ ਸਾਈਮਨ ਬੈਰਨ-ਕੋਹੇਨ ਨੇ ਜੌਹਨ ਗਰੇਅ ਵੱਲੋਂ ਆਪਣੀ ਕਿਤਾਬ ਵਿਚ ਮਰਦਾਂ-ਔਰਤਾਂ ਵਿਚਾਲ਼ੇ ਖਿੱਚੀਆਂ ਲੀਕਾਂ 'ਬਹੁਤ ਹੀ ਘਰੋੜ ਕੇ ਖਿੱਚੀਆਂ ਹੋਈਆਂ' ਕਰਾਰ ਦਿੱਤੀਆਂ ਸਨ। ਇਸ ਤੋਂ ਇਲਾਵਾ, ਤੇਰਾਂ ਹਜ਼ਾਰ ਵਿਅਕਤੀਆਂ ਨਾਲ਼ ਕੀਤੀ ਗੱਲ-ਬਾਤ ਦੇ ਆਧਾਰ 'ਤੇ ਬੌਬੀ ਕਾਰੋਥਰਜ਼ ਅਤੇ ਹੈਰੀ ਰੀਜ਼ ਵੱਲੋਂ ਕੀਤੇ ਗਏ ਇਕ ਅਧਿਐਨ ਤੋਂ ਵੀ ਇਹੋ ਗੱਲ ਸਾਹਮਣੇ ਆਈ ਸੀ ਕਿ ਮਰਦਾਂ ਅਤੇ ਔਰਤਾਂ ਨੂੰ ਵੱਖ-ਵੱਖ ਧਿਰਾਂ ਨਹੀਂ ਬਣਾਇਆ ਜਾ ਸਕਦਾ। ਇਹ ਪੂਰੀ ਤਰ੍ਹਾਂ ਝੂਠੀ ਗੱਲ ਹੈ ਕਿ ਦੋਹਾਂ ਜਿਨਸਾਂ ਦਾ ਸੋਚਣ ਦਾ ਢੰਗ ਵੱਖ-ਵੱਖ ਹੈ।
ਇਸ ਦੇ ਖ਼ਿਲਾਫ਼ ਭੁਗਤਦੀ ਵੱਡੀ ਗੱਲ ਇਹ ਹੈ ਕਿ ਇਹ ਕਿਤਾਬ ਖ਼ਰੀਦਣ ਦੀ ਲੋੜ ਮਹਿਸੂਸ ਕਰਨ ਵਾਲ਼ੇ ਬਹੁਤ ਲੋਕ ਵਿਸ਼ਲੇਸ਼ਕ ਨਹੀਂ ਹਨ। ਅਜੇ ਤਕ ਸਾਇੰਸ ਇਸ ਗੱਲ ਦਾ ਪਤਾ ਤਾਂ ਨਹੀਂ ਕਰ ਸਕੀ ਮੰਗਲ ਗ੍ਰਹਿ ਉੱਤੇ ਪਾਣੀ ਅਤੇ ਜੀਵਨ ਹੈ ਜਾਂ ਨਹੀਂ, ਡਾ. ਗਰੇਅ ਇਸ ਕਿਤਾਬ ਵਿਚ 'ਮੰਗਲ ਅਤੇ ਸ਼ੁੱਕਰ ਗ੍ਰਹਿਆਂ ਦੀਆਂ ਡਿਕਸ਼ਨਰੀਆਂ' ਦੀਆਂ ਗੱਲਾਂ ਕਰਦਾ ਹੈ। ਇਹ ਕਿਤਾਬ ਵਿਗਿਆਨਕ ਪੱਖ ਤੋਂ ਵੀ ਹੀਣੀ ਹੈ। ਇਸ ਲਈ ਸਿਆਣਿਆਂ ਦਾ ਕਹਿਣ ਹੈ ਕਿ ਇਸ ਵਿਚੋਂ ਗਿਣਤੀ ਦੀਆਂ ਕੁੱਝ ਚੰਗੀਆਂ ਗੱਲਾਂ ਅਪਣਾਉਣੀਆਂ ਬਣਦੀਆਂ ਹਨ ਤੇ ਬਾਕੀ ਨਜ਼ਰਅੰਦਾਜ਼ ਕਰਨੀਆਂ ਵੀ ਬਣਦੀਆਂ ਹਨ। ਸਮੁੱਚੀ ਕਿਤਾਬ ਨਕਾਰਨਾ ਵੀ ਮੰਦ ਭਾਵਨਾ ਹੀ ਹੋਵੇਗੀ। ਹੁਣੇ ਹੀ ਲੜ ਕੇ ਹਟੇ ਮਰਦਾਂ-ਔਰਤਾਂ ਨੂੰ ਇਹ ਕਿਤਾਬ ਵਕਤੀ ਰਾਹਤ ਦਿੰਦੀ ਹੈ ਤੇ ਦੋਹਾਂ ਧਿਰਾਂ ਨੂੰ ਮਹਿਸੂਸ ਹੋਣ ਲੱਗਦਾ ਹੈ ਕਿ ਉਹ ਕਾਫੀ ਹੱਦ ਤਕ ਸਹੀ ਸਨ। ਇਸ ਕਿਤਾਬ ਵਿਚ ਦੋਹਾਂ ਧਿਰਾਂ ਲਈ ਇਕੋਤਰ ਸੌ ਨੁਕਤੇ ਦਿੱਤੇ ਗਏ ਹਨ, ਜਿਨ੍ਹਾਂ ਵਿਚ ਕੁੱਝ ਨੁਕਤੇ ਕਈ ਵਾਰ ਦੁਹਰਾਏ ਹੋਏ ਹਨ ਤੇ ਇਨ੍ਹਾਂ ਵਿਚੋਂ ਕੁੱਝ ਨੁਕਤਿਆਂ ਉੱਤੇ ਅਮਲ ਕੀਤਾ ਹੀ ਨਹੀਂ ਜਾ ਸਕਦਾ।
ਡਾ. ਗਰੇਅ ਦੇ ਜੀਵਨ ਵੱਲ਼ ਝਾਤੀ ਮਾਰੀਏ ਤਾਂ ਵੀ ਬਹੁਤੀ ਥਾਂਈਂ ਇਹ ਨੁਕਤੇ ਨਾਕਾਮ ਰਹੇ ਹੀ ਜਾਪਦੇ ਹਨ। ਇਨ੍ਹਾਂ ਨੁਕਤਿਆਂ ਦੀ ਮਾਹਰ ਬਾਰਬਰਾ ਡੀ ਐਂਜਲਿਕਾ ਦੀ, ਚਾਰ ਮਰਦਾਂ ਨਾਲ਼ ਨਹੀਂ ਬਣੀ। ਹਾਂ, ਡਾ. ਗਰੇਅ ਨੂੰ ਅਮੀਰ ਬਣਾਉਣ ਵਿਚ ਇਸ ਕਿਤਾਬ ਦਾ ਕਾਫੀ ਯੋਗਦਾਨ ਹੈ, ਕਿਉਂ ਕਿ ਉਹ ਇਸ ਕਿਤਾਬ ਨੂੰ ਹੀ ਭੋਰ-ਭੋਰ ਕੇ ਕਈ ਕਿਤਾਬਾਂ ਬਣਾ ਚੁੱਕੇ ਹਨ। ਇਸ ਕਿਤਾਬ ਦੇ ਪਾਠਕ ਇਸ ਤੋਂ ਮਾਨਸਕ ਅਮੀਰੀ ਦੀ ਆਸ ਵੀ ਨਾ ਹੀ ਰੱਖਣ।
ਓਦਾਂ ਵੀ ਕਿਸੇ ਕਿਤਾਬ ਦਾ ਬਹੁਤਾ ਵਿਕ ਜਾਣਾ ਵੀ ਉਸ ਦੇ ਚੰਗੀ ਹੋਣ ਦਾ ਸਬੂਤ ਨਹੀਂ ਹੁੰਦਾ ਕਿਉਂ ਕਿ ਇਸ ਤੋਂ ਪਹਿਲਾਂ ਵੀ ਕਈ ਬਹੁ-ਚਰਚਿਤ ਅਤੇ ਬਹੁ-ਪ੍ਰਚਾਰਤ ਕਿਤਾਬਾਂ, ਪੜ੍ਹਣ ਦੇ ਨਾਲ਼-ਨਾਲ਼ ਗੁੜ੍ਹਨ ਵਿਚ ਸਾਂਵੀਆਂ ਨਹੀਂ ਨਿਭੀਆਂ।#
