ਹਰ ਮੌਸਮ ਦਾ ਅਦਾਕਾਰ ਇਰਫ਼ਾਨ ਖ਼ਾਨ
<><><><><><><><><><>
ਜੀ ਹਾਂ, ਇਹ ਸਿਰਲੇਖ ਮੈਂ ਕਦੇ 'ਦ ਟੈਲੀਗ੍ਰਾਫ਼' ਵਿਚ ਛਪੇ ਹੋਏ, ਸੁਸ਼ਮਿਤਾ ਵਿਸ਼ਵਾਸ ਦੇ ਲੇਖ 'ਦ ਐਕਟਰ ਫਾਰ ਆਲ ਸੀਜ਼ਨਜ਼' ਤੋਂ ਲੈ ਲਿਆ ਹੈ। ਅਨੂਪ ਸਿੰਘ ਦੀ ਫ਼ਿਲਮ 'ਕਿੱਸਾ' ਵਿਚ ਇਰਫ਼ਾਨ ਖ਼ਾਨ ਨੇ ਇਕ ਬੇਚੈਨ ਰੂਹ ਦਾ ਕਿਰਦਾਰ ਨਿਭਾਇਆ ਸੀ ਤੇ ਸੱਚੀਂ ਹੀ ਉਹ, ਫ਼ਿਲਮ ਸਨਅਤ ਦੀ ਇਕ ਬਹੁਤ ਹੀ ਬੇਚੈਨ ਰੂਹ ਹੈ। ਮੈਂ, ਉਸ ਨੂੰ ਦੂਰਦਰਸ਼ਨ ਉੱਤੇ ਨਾਟਕ 'ਲਾਲ ਘਾਸ ਪਰ ਨੀਲੇ ਘੋੜੇ' ਵਿਚ 'ਲੈਨਿਨ' ਦਾ ਕਿਰਦਾਰ ਨਿਭਾਉਂਦਾ ਦੇਖ ਚੁੱਕਾ ਹਾਂ। ਕਹਿੰਦੇ ਹਨ ਕਿ 1984 ਵਿਚ ਉਹ ਐੱਮ. ਏ. ਦੀ ਪੜ੍ਹਾਈ ਕਰ ਰਿਹਾ ਸੀ ਕਿ ਉਸ ਨੂੰ 'ਨੈਸ਼ਨਲ ਸਕੂਲ ਆਫ ਡਰਾਮਾ' ਤੋਂ 'ਸਕਾਲਰਸ਼ਿੱਪ' ਮਿਲ ਗਈ। ਉਸ ਨੇ ਪੜ੍ਹਾਈ ਛੱਡੀ ਤੇ ਅਦਾਕਾਰੀ ਸਿੱਖਣੀ ਸ਼ੁਰੂ ਕਰ ਦਿੱਤੀ। ਜਿਹੜਾ ਫ਼ਨ ਲੋਕਾਂ ਨੂੰ ਸਾਰੀ-ਸਾਰੀ ਉਮਰ ਨਹੀਂ ਆਉਂਦਾ, ਇਰਫ਼ਾਨ ਖ਼ਾਨ ਨੇ ਦੋ ਸਾਲਾਂ ਵਿਚ ਇੰਨਾ ਕੁ ਸਿੱਖ ਲਿਆ ਕਿ ਉਹ ਸ਼ੈਤਾਨ ਨੂੰ ਵੀ ਉਸ ਦਾ ਜੌੜਾ ਭਰਾ ਬਣ ਕੇ ਦਿਖਾ ਸਕਦਾ ਹੈ। ਉਸ ਨੇ 'ਲਾਲ ਘਾਸ ਪਰ ਨੀਲੇ ਘੋੜੇ' ਟੈਲੀਪਲੇਅ ਵਿਚ 'ਲੈਨਿਨ' ਦਾ ਕਿਰਦਾਰ ਨਿਭਾ ਕੇ ਸ਼ੁਰੂਆਤ ਕੀਤੀ ਸੀ। ਇਸ ਮਗਰੋਂ ਉਸ ਨੇ ਦੂਰਦਰਸ਼ਨ ਦੇ ਸੀਰੀਅਲਜ਼ 'ਚਾਣੱਕਿਆ', 'ਭਾਰਤ ਏਕ ਖੋਜ', 'ਸਾਰਾ ਜਹਾਨ ਹਮਾਰਾ', 'ਬਨੇਗੀ ਅਪਨੀ ਬਾਤ', 'ਚੰਦਰਕਾਂਤਾ', 'ਸ਼੍ਰੀਕਾਂਤ' ਅਤੇ 'ਅਨੂਗੂੰਜ' ਤੇ ਫਿਰ 'ਸਟਾਰ-ਪਲੱਸ' ਦੇ ਲੜੀਵਾਰ 'ਬੈਸਟਸੈਲਰਜ਼' ਦੀ ਕੜੀ 'ਡਰ' ਵਿਚ, ਇਕ ਮਨੋ-ਰੋਗੀ ਕਾਤਲ ਦਾ ਕਿਰਦਾਰ ਨਿਭਾਇਆ। ਉਸ ਵੱਲੋਂ 'ਕਹਿਕਸ਼ਾਂ' ਵਿਚ ਨਿਭਾਇਆ, ਉਰਦੂ ਸ਼ਾਇਰ ਅਤੇ ਇਨਕਲਾਬੀ ਕਾਰਕੁਨ ਮਖ਼ਦੂਮ ਮੋਹੀਊਦੀਨ ਦਾ ਕਿਰਦਾਰ, ਕੌਣ ਭੁਲਾ ਸਕਦਾ ਹੈ। ਇਕ ਨਾਟਕ ਵਿਚ ਉਹ ਸਾਧਾਰਨ ਦੁਕਾਨਦਾਰ ਬਣ ਕੇ ਕਮਾਲ ਕਰਦਾ ਦਿਸਿਆ ਤਾਂ ਦੂਜੇ ਸੀਰੀਅਲ ਵਿਚ ਇਕ ਠੱਗ ਬਣ ਕੇ ਸਿਰਾ ਲਾਉਂਦਾ ਦਿਸਦੈ।
ਅੱਖਾਂ ਚੁੰਧਿਆਉਂਦੇ ਛੋਟੇ, ਪਰ ਅਹਿਮ ਕਿਰਦਾਰ ਨਿਭਾਉਂਦਿਆਂ ਇਰਫ਼ਾਨ ਖ਼ਾਨ ਨੂੰ ਵੱਡਾ ਮੌਕਾ ਲੰਡਨ ਵਿਚ ਰਹਿੰਦੇ ਫ਼ਿਲਮ ਨਿਰਦੇਸ਼ਕ ਆਸਿਫ਼ ਕਪਾਡੀਆ ਨੇ 2001 ਵਿਚ, ਆਪਣੀ ਫ਼ਿਲਮ 'ਦ ਵਾਰੀਅਰ' ਵਿਚ ਦਿੱਤਾ। ਇਸ ਫ਼ਿਲਮ ਦੇ ਚਰਚੇ ਹੋਏ ਤਾਂ ਚਰਚਾ ਇਰਫ਼ਾਨ ਖ਼ਾਨ ਦੀ ਵੀ ਹੋਣੋਂ ਨਾ ਰਹਿ ਸਕੀ। 2004 ਵਿਚ ਉਸ ਨੇ ਫ਼ਿਲਮ 'ਹਾਸਿਲ' ਵਿਚ ਖਲਨਾਇਕ ਦਾ ਕਿਰਦਾਰ ਨਿਭਾਇਆ। ਉਸ ਨੇ ਇਹ ਕਿਰਦਾਰ ਨਿਭਾਉਂਦਿਆਂ, ਦਰਸ਼ਕਾਂ ਦੀਆਂ ਰੀੜ੍ਹ ਦੀਆਂ ਹੱਡੀਆਂ ਤਕ ਕੰਬਣ ਲਾ ਦਿੱਤੀਆਂ ਸਨ। ਇਸ ਕਿਰਦਾਰ ਲਈ ਉਸ ਨੂੰ 'ਫ਼ਿਲਮਫੇਅਰ ਬੈੱਸਟ ਵਿਲੇਨ ਐਵਾਰਡ' ਮਿਲਿਆ ਸੀ। ਉਸ ਨੂੰ ਪਹਿਲੀ ਵਾਰ ਹੀਰੋ ਦਾ ਕਿਰਦਾਰ, 2005 ਵਿਚ ਫ਼ਿਲਮ 'ਰੋਗ' ਵਿਚ ਮਿਲਿਆ ਸੀ। ਇਸ ਤੋਂ ਛੇਤੀ ਹੀ ਮਗਰੋਂ ਉਹ, ਫ਼ਿਲਮ ਸਮੀਖਿਅਕਾਂ ਦੀਆਂ ਨਜ਼ਰਾਂ ਵਿਚ ਆ ਗਿਆ ਤੇ ਕਿਸੇ ਨੇ ਉਸ ਬਾਰੇ ਏਦਾਂ ਲਿਖਿਆ, "ਇਰਫ਼ਾਨ ਦੀਆਂ ਅੱਖਾਂ, ਉਸ ਦੇ ਬੋਲਾਂ ਨਾਲ਼ੋਂ ਉੱਚਾ ਬੋਲਦੀਆਂ ਹਨ...।"
ਫ਼ਿਲਮ 'ਲਾਈਫ਼ ਇਨ ਮੈਟਰੋ' ਨੇ ਉਸ ਨੂੰ 2007 ਵਿਚ 'ਫ਼ਿਲਮਫੇਅਰ ਬੈੱਸਟ ਸਪੋਰਟਿੰਗ ਐਕਟਰ ਐਵਾਰਡ' ਦੁਆਇਆ। ਉਸੇ ਹੀ ਸਾਲ, ਉਸ ਨੇ 'ਏ ਮਾਈਟੀ ਹਾਰਟ' ਅਤੇ 'ਦ ਦਾਰਜੀਲਿੰਗ ਲਿਮਿਟਿਡ' ਜਿਹੀਆਂ ਫ਼ਿਲਮਾਂ ਵਿਚ ਕੰਮ ਕੀਤਾ ਤੇ 2008 ਵਿਚ ਉਸ ਨੇ 'ਸਲੰਮਡੌਗ ਮਿਲੀਅਨੇਅਰ' ਵਿਚ ਕੰਮ ਕੀਤਾ। ਫਿਰ ਛੋਟੇ-ਛੋਟੇ ਕੰਮ, ਕਾਮਯਾਬੀ ਨਾਲ਼ ਕਰਦਿਆਂ 2009 ਲੰਘ ਗਿਆ ਤੇ 2010 ਵਿਚ ਤਿਗਮਾਂਸ਼ੂ ਧੂਲੀਆ ਨੇ ਉਸ ਨੂੰ 'ਪਾਨ ਸਿੰਘ ਤੋਮਰ' ਬਣਾ ਦਿੱਤਾ। ਇਸ ਤੋਂ ਬਾਅਦ ਆਈ 'ਲਾਈਫ ਆਫ ਪਾਈ'। ਜਹਾਨ ਭਰ ਵਿਚ ਛਾ ਜਾਣ ਵਾਲ਼ੇ ਇਰਫ਼ਾਨ ਖ਼ਾਨ ਨੇ ਕਾਮਯਾਬੀ ਆਪਣੇ ਸਿਰ ਨਾ ਚੜ੍ਹਨ ਦਿੱਤੀ।
ਉਸ ਦਾ ਕਹਿਣ ਹੈ, "ਮੈਂ ਉਹੋ ਜਿਹੀਆਂ ਫ਼ਿਲਮਾਂ ਵਿਚ ਕੰਮ ਕਰਨਾ ਪਸੰਦ ਕਰਦਾ ਹਾਂ, ਜਿਹੜੀਆਂ ਕਿਸੇ ਮੁੱਦੇ ਉੱਤੇ ਆਧਾਰਤ ਹੋਣ, ਜਿਨ੍ਹਾਂ ਵਿਚ ਕੋਈ ਪ੍ਰਯੋਗ ਕੀਤਾ ਹੋਇਆ ਹੋਵੇ ਅਤੇ ਜਿਨ੍ਹਾਂ ਦੀ ਕਹਾਣੀ ਵਿਚ ਕੋਈ ਟਿਕਣਸਾਰ ਤੱਤ ਹੋਵੇ। ਇਹੋ ਜਿਹੀਆਂ ਫ਼ਿਲਮਾਂ ਮੈਨੂੰ ਸਰੂਰ ਦਿੰਦੀਆਂ ਨੇ। ਇਹੋ ਜਿਹੀਆਂ ਫ਼ਿਲਮਾਂ, ਜਿਨ੍ਹਾਂ ਦੀ ਅਦਾਕਾਰੀ ਵਿਚ ਮੈਂ ਗਲ਼-ਗਲ਼ ਤਕ ਡੁੱਬਿਆ ਰਿਹਾ ਹੋਵਾਂ, ਵਿਚੋਂ ਮੈਂ ਬਹੁਤ ਕੁੱਝ ਸਿੱਖ ਕੇ ਨਵਾਂ-ਨਰੋਆ ਹੋ ਨਿੱਕਲਦਾ ਹਾਂ। ਹਾਂ, ਇਨਾਮ ਮੈਨੂੰ ਪ੍ਰੇਰਨਾ ਅਤੇ ਉਤਸ਼ਾਹ ਤਾਂ ਦਿੰਦੇ ਹਨ, ਪਰ ਮੇਰੇ ਲਈ ਅਦਾਕਾਰੀ ਸਭ ਤੋਂ ਪਹਿਲਾਂ ਹੈ।"
ਇਰਫ਼ਾਨ ਖ਼ਾਨ ਨੂੰ ਫ਼ਿਲਮ 'ਪਾਨ ਸਿੰਘ ਤੋਮਰ' ਲਈ 'ਫ਼ਿਲਮਫੇਅਰ ਕ੍ਰਿਟਿਕਸ ਐਵਾਰਡ ਫਾਰ ਬੈਸਟ ਐਕਟਰ' ਅਤੇ 'ਇੰਸਟੀਚਿਊਟ ਫਾਰ ਰਿਸਰਚ ਐਂਡ ਡੌਕੂਮੈਂਟੇਸ਼ਨ ਇਨ ਸੋਸ਼ਲ ਸਾਇੰਸਿਜ਼' ਵੱਲੋਂ 'ਫ਼ਿਲਮ ਐਵਾਰਡ ਫਾਰ ਸੋਸ਼ਲ ਕਨਸਰਨ' ਨਾਲ਼ ਸਨਮਾਨਿਆ ਜਾ ਚੁੱਕਾ ਹੈ। ਇਸੇ ਹੀ ਫ਼ਿਲਮ ਲਈ ਉਸ ਨੂੰ 2012 ਵਿਚ 'ਨੈਸ਼ਨਲ ਫ਼ਿਲਮ ਐਵਾਰਡ ਫਾਰ ਬੈਸਟ ਐਕਟਰ' ਵੀ ਦਿੱਤਾ ਗਿਆ। ਫ਼ਿਲਮ 'ਲਾਈਫ ਆਫ ਪਾਈ', ਜਿਸ ਵਿਚ ਇਰਫ਼ਾਨ ਨੇ ਜੁਆਨ ਹੋਏ 'ਪਾਈ' ਦਾ ਕਿਰਦਾਰ ਨਿਭਾਇਆ ਸੀ, ਨੇ ਕਈ ਰਿਕਾਰਡ ਤੋੜੇ।ਇਹ ਫ਼ਿਲਮ 11ਇਨਾਮਾਂ ਲਈ ਨਾਮਜ਼ਦ ਹੋਈ ਤੇ ਇਸ ਨੇ 4 ਇਨਾਮ (2012 ਦੀਆਂ ਸਾਰੀਆਂ ਫ਼ਿਲਮਾਂ ਦੇ ਮੁਕਾਬਲੇ ਵੱਧ) ਜਿੱਤੇ।
ਵਧੀਆ ਨਿਰਦੇਸ਼ਕ ਤਾਂ ਇਰਫ਼ਾਨ ਨੂੰ ਪਸੰਦ ਕਰਦੇ ਹੀ ਹਨ, ਉਹ ਵੀ ਕੋਈ ਫ਼ਿਲਮ ਕਰਨ ਤੋਂ ਪਹਿਲਾਂ ਉਸ ਦੀ ਸਕਰਿਪਟ ਅਤੇ ਉਸ ਦੇ ਹੋਣ ਵਾਲ਼ੇ ਨਿਰਦੇਸ਼ਕ ਵੱਲ ਖ਼ਾਸ ਧਿਆਨ ਦਿੰਦਾ ਹੈ। ਉਸ ਦਾ ਖ਼ਿਆਲ ਹੈ ਕਿ ਤੁਸੀਂ ਅਦਾਕਾਰੀ ਤਾਂ ਵਧੀਆ ਕਰ ਦਿਓਗੇ, ਪਰ ਤੁਹਾਡਾ ਕੀਤਾ ਹੋਇਆ ਕੰਮ ਕਿਸੇ ਨੂੰ ਸੰਭਾਲਣਾ ਵੀ ਆਉਣਾ ਚਾਹੀਦਾ ਹੈ। ਇਰਫ਼ਾਨ ਖ਼ਾਨ ਕੈਮਰੇ ਅੱਗੇ ਹੋਵੇ ਤਾਂ ਉਸ ਨੂੰ ਕੈਮਰੇ ਦੀ ਕੋਈ ਸੁੱਧ ਨਹੀਂ ਹੁੰਦੀ, ਪਰ ਕੈਮਰੇ ਦੀ ਜ਼ੱਦ ਤੋਂ ਬਾਹਰ ਆ ਕੇ ਉਸ ਨੂੰ ਕੈਮਰੇ ਅੱਗੇ ਜਾਣ ਤੋਂ ਸੰਗ ਆਉਣ ਲੱਗ ਪੈਂਦੀ ਹੈ ਕਿਉਂ ਕਿ ਉਹ ਮੀਡੀਆ ਤੋਂ ਹੀ ਨਹੀਂ ਟਲਦਾ, ਸੁਭਾਅ ਵੱਲੋਂ ਵੀ ਅੰਤਰਮੁਖੀ ਹੈ। ਓਦਾਂ, ਜੇ ਉਹ ਗੱਲ-ਬਾਤ ਕਰਨ ਲੱਗ ਹੀ ਪਵੇ ਤਾਂ ਉਸ ਦੇ ਤਿੱਖੇ ਵਿਅੰਗ-ਬਾਣਾਂ ਤੋਂ ਬਚਣਾ ਸੌਖਾ ਨਹੀਂ। ਉਸ ਦਾ ਕਹਿਣ ਹੈ, "ਮੈਂ ਹਾਸਾ-ਮਜ਼ਾਕ ਬਹੁਤ ਪਸੰਦ ਕਰਦਾ ਹਾਂ।" ਇਸ ਦੇ ਨਾਲ਼ ਹੀ ਉਸ ਨੂੰ ਇਹ ਗੱਲ ਸਤਾਉਂਦੀ ਰਹਿੰਦੀ ਹੈ ਕਿ ਉਸ ਨੇ 'ਲਾਈਫ ਇਨ ਮੈਟਰੋ' ਅਤੇ 'ਦਿਲ ਕਬੱਡੀ' ਤੋਂ ਬਗ਼ੈਰ ਬਹੁਤੀਆਂ ਕਾਮੇਡੀ ਫ਼ਿਲਮਾਂ ਨਹੀਂ ਕੀਤੀਆਂ।
ਉਸ ਦੀ ਬੇਚੈਨੀ ਦਾ ਇਹ ਆਲਮ ਹੈ ਕਿ ਉਸ ਨੂੰ ਬਹੁਤਾ ਚਿਰ ਇਕ ਥਾਂ ਟਿਕੇ ਰਹਿਣ 'ਤੇ ਖਿਝ ਆਉਣ ਲੱਗ ਪੈਂਦੀ ਹੈ। ਉਸ ਨੂੰ ਸਫ਼ਰ ਕਰਨ ਦੌਰਾਨ, ਆਪਣੇ ਮੋਬਾਈਲ 'ਤੇ ਸਕਰਿਪਟਾਂ ਪੜ੍ਹਨੀਆਂ ਚੰਗੀਆਂ ਲੱਗਦੀਆਂ ਹਨ। ਉਸ ਦਾ ਕਹਿਣ ਹੈ, "ਮੈਨੂੰ ਸਕਰਿਪਟਾਂ ਸੁਣਨੀਆਂ ਤੇ ਵਰਕਸ਼ਾਪਾਂ ਵਿਚ ਸ਼ਾਮਲ ਹੋਣਾ ਪਸੰਦ ਨਹੀਂ। ਜੇ ਮੈਨੂੰ ਕਿਸੇ ਵਰਕਸਾਪ ਵਿਚ ਬੈਠਣਾ ਪੈ ਹੀ ਜਾਵੇ ਤਾਂ ਮੇਰੀ ਇਹੋ ਇੱਛਾ ਹੁੰਦੀ ਹੈ ਕਿ ਮੇਰਾ ਕਿਰਦਾਰ ਕੋਈ ਹੋਰ ਜਣਾ ਪੜ੍ਹ ਦੇਵੇ। ਮੈਂ ਅਦਾਕਾਰੀ ਕਰਨ ਦੇ ਨਾਲ਼-ਨਾਲ਼ ਪੜ੍ਹਨ ਦਾ ਦਬਾਅ ਨਹੀਂ ਸਹਿ ਸਕਦਾ।"
ਬਹੁਤੇ 'ਰੀਟੇਕ' ਕਰਾਉਣੇ ਪਸੰਦ ਨਾ ਕਰਨ ਵਾਲ਼ਾ ਇਰਫ਼ਾਨ ਖ਼ਾਨ ਦੱਸਦਾ ਹੈ, "ਇਕ ਵਾਰ ਇਕ ਸੀਨ ਸੀ, ਜਿਸ ਨੂੰ ਕਰਨੋਂ ਮੈਂ ਡਰਦਾ ਸਾਂ ਤੇ ਮੈਂ ਉਸ ਲਈ ਸਹਿਜ ਨਹੀਂ ਸਾਂ। ਮੈਂ ਉਸ ਨੂੰ ਵਾਰ-ਵਾਰ ਟਾਲ਼ੀ ਜਾ ਰਿਹਾ ਸਾਂ ਤੇ ਡਾਇਰੈਕਟਰ ਮੈਨੂੰ ਇਹ ਸੀਨ ਕਰ-ਨਿਬੇੜ ਕੇ, ਪਰ੍ਹੇ ਕਰਨ ਲਈ ਕਹੀ ਜਾ ਰਿਹਾ ਸੀ। ਮੈਂ ਉਹ ਸੀਨ ਕਰਨ ਤੋਂ ਪਹਿਲਾਂ ਨਿਰਦੇਸ਼ਕ ਨੂੰ ਕਿਹਾ ਕਿ ਉਹ ਕੈਮਰਾਮੈਨ ਨੂੰ ਇਹ ਕਹੇ ਕਿ ਉਹ ਕੈਮਰਾ ਲੈ ਕੇ ਮੇਰੇ ਨਾਲ਼-ਨਾਲ਼ ਤੁਰਿਆ ਜਾਵੇ। ਨਿਰਦੇਸ਼ਕ ਨੇ ਮੈਨੂੰ ਸ਼ੁਰੂਆਤ ਕਰਨ ਦੀ ਥਾਂ ਦੱਸ ਦਿੱਤੀ ਤੇ ਕੈਮਰਾਮੈਨ ਨੂੰ ਮੇਰੇ ਨਾਲ-ਨਾਲ ਤੁਰੇ ਜਾਣ ਲਈ ਕਹਿ ਦਿੱਤਾ। ਮੈਂ ਉਹ ਸੀਨ ਇਕੋ ਵਾਰ ਸਹੀ ਢੰਗ ਨਾਲ਼ ਨਿਬੇੜ ਦਿੱਤਾ।" ਇਰਫ਼ਾਨ ਖ਼ਾਨ ਕੋਲ ਕੰਮ ਦੀ ਘਾਟ ਨਹੀਂ ਹੈ। ਉਸ ਨੇ ਹਾਲੀਵੁਡ ਦੀ ਫ਼ਿਲਮ 'ਇਨਫਰਨੋ' ਕੀਤੀ ਹੈ, ਜਿਸ ਵਿਚ ਉਸ ਨੇ ਟੌਮ ਹੈਂਕਸ ਨਾਲ਼ ਕੰਮ ਕੀਤਾ ਹੈ। ਅਨੂਪ ਸਿੰਘ, ਜਿਸ ਦੀ ਪੰਜਾਬੀ ਫ਼ਿਲਮ 'ਕਿੱਸਾ: ਇਕੱਲ ਮਾਰੇ ਭੂਤ ਦੀ ਕਹਾਣੀ' ਵਿਚ ਇਰਫ਼ਾਨ ਖ਼ਾਨ ਨੇ 'ਅੰਬਰ ਸਿੰਘ' ਨਾਂ ਦੇ ਕਿਸਾਨ ਦਾ ਕਿਰਦਾਰ ਨਿਭਾਇਆ ਹੈ, ਉਸ ਦੀਆਂ ਅੱਖਾਂ ਵਿਚਲੀ ਤਰਲਤਾ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਉਸ ਦਾ ਕਹਿਣ ਹੈ, "ਬਲਰਾਜ ਸਾਹਨੀ ਤੋਂ ਬਾਅਦ ਮੇਰੇ ਲਈ ਬੱਸ ਉਹੀ ਇਕ ਕਮਾਲ ਦਾ ਐਕਟਰ ਹੈ, ਜਿਸ ਨੂੰ ਮੈਂ, ਉਸ ਦੀਆਂ ਅੱਖਾਂ ਵਿਚਲੇ ਪ੍ਰਛਾਵਿਆਂ ਦੀ ਵਜ੍ਹਾ ਨਾਲ਼ ਚੁਣਿਆ ਹੈ।" ਉਸ ਨੇ ਮਾਰਕ ਟਰਟਲਟਾਉਬ ਦੀ ਫ਼ਿਲਮ 'ਪਜ਼ਲ' ਵਿਚ ਵੀ ਮੁੱਖ ਕਿਰਦਾਰ ਨਿਭਾਇਆ ਹੋਇਆ ਹੈ।
ਫ਼ਿਲਮ 'ਪੀਕੂ' ਦੀ ਕਾਮਯਾਬੀ ਤੋਂ ਮਗਰੋਂ ਉਸ ਨੂੰ ਇਹ ਇਲਮ ਹੋਇਆ ਹੈ ਕਿ ਉਸ ਨੂੰ ਰੋਮਾਂਟਿਕ ਫ਼ਿਲਮਾਂ ਵੱਧ ਤੋਂ ਵੱਧ ਕਰਨੀਆਂ ਚਾਹੀਦੀਆਂ ਹਨ। ਇਸੇ ਹੀ ਵਜ੍ਹਾ ਨਾਲ਼ ਉਸ ਨੇ ਪਾਕਿਸਤਾਨੀ ਅਦਾਕਾਰਾ ਸਬਾ ਕਮਰ ਨਾਲ਼ ਫ਼ਿਲਮ 'ਹਿੰਦੀ ਮੀਡੀਅਮ' ਕੀਤੀ ਹੈ। ਫ਼ਿਲਮ 'ਲੰਚਬੌਕਸ' ਨਾਲ਼ ਉਹ ਅਦਾਕਾਰ-ਨਿਰਮਾਤਾ ਬਣ ਗਿਆ ਹੈ। ਇਸ ਸਬੰਧ ਵਿਚ ਉਸ ਦਾ ਕਹਿਣ ਹੈ, "ਮੈਂ ਜਿਸ ਫ਼ਿਲਮ ਦਾ ਕੋ-ਪ੍ਰੋਡਿਊਸਰ ਹੋਵਾਂਗਾ, ਉਸ ਦੇ ਰਚਨਾਤਮਕ ਪੱਖ ਉੱਤੇ ਪਹਿਰਾ ਦਿਆਂਗਾ। ਮੈਂ ਹਰ ਕੰਮ ਵਿਚੋਂ ਪੈਸੇ ਬਚਾਉਣ ਦੇ ਹੀਲੇ ਕਰਨ ਵਾਲ਼ਾ ਪ੍ਰੋਡਿਊਸਰ ਨਹੀਂ ਹੋਵਾਂਗਾ।" ਭਾਰਤੀ ਫ਼ਿਲਮਾਂ ਵੱਲ ਆਪਣੀ ਨੇਕਨੀਅਤੀ ਦੀ ਵਜ੍ਹਾ ਨਾਲ਼, ਉਸ ਨੇ ਹਾਲੀਵੁੱਡ ਦੀਆਂ ਦੋ ਫ਼ਿਲਮਾਂ 'ਇੰਟਰਸਟੈਲਰ' (ਕ੍ਰਿਸਟੋਫਰ ਨੋਲਨ) ਅਤੇ 'ਮਾਰੀਸ਼ੀਅਨ' (ਰਿਡਲੇ ਸਕੌਟ) ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹ ਬਹੁਤ ਨਿਮਰਤਾ ਨਾਲ਼ ਕਹਿੰਦਾ ਹੈ, "ਇਹ ਕਹਿਣਾ ਗ਼ਲਤ ਹੋਵੇਗਾ ਕਿ ਮੈਂ ਇਹ ਫ਼ਿਲਮਾਂ ਠੁਕਰਾ ਦਿੱਤੀਆਂ। ਹਰ ਐਕਟਰ ਨੇ ਕਿਤੇ ਕੁੱਝ ਇਕਰਾਰ ਕੀਤੇ ਹੁੰਦੇ ਹਨ, ਕੁੱਝ ਵਾਅਦੇ ਕੀਤੇ ਹੁੰਦੇ ਹਨ, ਜੋ ਸਿਰੇ ਚੜ੍ਹਾਉਣੇ ਹੀ ਪੈਂਦੇ ਹਨ। ਇਹੋ ਜਿਹੀਆਂ ਹੀ ਕੁੱਝ ਮਜਬੂਰੀਆਂ ਹਨ, ਇਹ ਫ਼ਿਲਮਾਂ ਨਾ ਕਰ ਸਕਣ ਦੀਆਂ।"
ਇਕ ਸੁਆਲ ਦੇ ਜੁਆਬ ਵਿਚ ਉਸ ਨੇ ਕਿਹਾ, "ਕੋਈ ਫ਼ਿਲਮ ਜਾਂ ਕਿਰਦਾਰ ਚੁਣਨ ਲਈ, ਇਕ ਅਦਾਕਾਰ ਵਜੋਂ ਮੇਰੀ ਸਿਖਲਾਈ ਅਤੇ ਸਾਰੀ ਜ਼ਿੰਦਗੀ ਦੇ ਅਨੁਭਵ ਰਲ਼ ਕੇ ਮੈਨੂੰ ਰਾਹ ਦਿਖਾਉਂਦੇ ਹਨ। ਕਿਸੇ ਘਟਨਾ ਵਿਚੋਂ ਤੁਸੀਂ ਕਿੱਦਾਂ ਗੁਜ਼ਰਦੇ ਹੋ, ਤੁਸੀਂ ਉਸ ਨੂੰ ਕਿੱਦਾਂ ਦੇਖਦੇ ਹੋ ਤੇ ਉਸ ਬਾਰੇ ਕੀ ਪ੍ਰਤੀਕ੍ਰਮ ਦਿੰਦੇ ਹੋ। ਇਹ ਸਭ ਕੁੱਝ ਤੁਹਾਨੂੰ ਕੋਈ ਕਿਰਦਾਰ ਸਮਝਣ ਵਿਚ ਸਹਾਈ ਹੋਵੇਗਾ। ਮੇਰੇ ਵੱਲੋਂ ਨਿਭਾਇਆ ਹੋਇਆ ਕੋਈ ਕਿਰਦਾਰ ਅਤੇ ਸ਼ਾਹਰੁਖ਼ ਖ਼ਾਨ ਵੱਲੋਂ ਨਿਭਾਇਆ ਕੋਈ ਕਿਰਦਾਰ ਵੱਖੋ-ਵੱਖ ਹੋਣਗੇ ਕਿਉਂ ਕਿ ਅਸੀਂ ਦੋਵੇਂ ਹੀ ਕਿਸੇ ਕਿਰਦਾਰ ਵੱਲ, ਵੱਖ-ਵੱਖ ਨਜ਼ਰੀਏ ਨਾਲ਼ ਦੇਖਦੇ ਹੋਵਾਂਗੇ।"
ਰਾਜਸਥਾਨ ਵਿਚ ਜੈਪੁਰ ਨੇੜੇ ਟੌਂਕ ਵਿਚ 'ਸਾਹਿਬਜ਼ਾਦੇ ਇਰਫ਼ਾਨ ਖ਼ਾਨ' ਵਜੋਂ ਜੰਮੇ-ਪਲ਼ੇ ਇਸ ਕਲਾਕਾਰ ਦੇ ਬਾਪ ਦਾ ਟਾਇਰਾਂ ਦਾ ਵਪਾਰ ਸੀ। ਉਸ ਨੇ ਵਪਾਰ ਵੱਲ ਮੂੰਹ ਨਾ ਕਰ ਕੇ, ਨੈਸ਼ਨਲ ਸਕੂਲ ਆਫ ਡਰਾਮਾ ਵਿਚ ਦਾਖ਼ਲਾ ਲੈ ਲਿਆ। 1987 ਵਿਚ ਮੀਰਾ ਨਾਇਰ ਨੇ 'ਸਲਾਮ ਬਾਂਬੇ' ਵਿਚ ਉਸ ਤੋਂ ਇਕ ਛੋਟਾ ਜਿਹਾ ਕਿਰਦਾਰ ਕਰਾਇਆ, ਜੋ ਐਡੀਟਿੰਗ ਵਿਚ ਹੀ 'ਰਗੜਿਆ' ਗਿਆ। ਫ਼ਿਲਮਾਂ ਵਿਚ ਉਸ ਦੀ ਸ਼ੁਰੂਆਤ, 2001 ਵਿਚ, ਲੰਡਨ ਰਹਿੰਦੇ ਫ਼ਿਲਮਸਾਜ਼ ਆਸਿਫ਼ ਕਪਾਡੀਆ ਦੀ ਫ਼ਿਲਮ 'ਦ ਵਾਰੀਅਰ' ਨਾਲ਼ ਹੋਈ।
ਇਰਫ਼ਾਨ ਨੇ ਨੈਸ਼ਨਲ ਸਕੂਲ ਆਫ ਡਰਾਮਾ ਵਿਚ ਮਿਲੀ ਲੇਖਕਾ ਸੁਤਾਪਾ ਸਿਕਦਰ, ਜੋ ਬਾਅਦ ਵਿਚ 'ਮਦਾਰੀ' ਦੀ ਕੋ-ਪ੍ਰੋਡਿਊਸਰ ਵੀ ਬਣੀ, ਨਾਲ਼ ਵਿਆਹ ਕਰਾ ਲਿਆ ਸੀ। ਉਨ੍ਹਾਂ ਦੇ ਦੋ ਪੁੱਤਰ ਬਬੀਲ ਅਤੇ ਆਯਾਨ ਹਨ। ਜਦੋਂ ਇਰਫ਼ਾਨ ਵਿਹਲਾ ਹੋਵੇ ਤਾਂ ਉਹ, ਨਾਸਿਖ ਵਿਚ ਆਪਣੇ ਫਾਰਮ ਵਿਚ ਸਬਜ਼ੀਆਂ ਤੇ ਫਲਾਂ ਦੀ ਕਾਸ਼ਤ ਕਰਦਾ ਹੈ। ਭਾਵੇਂ ਉਹ ਸਭ ਕੁੱਝ ਹਾਸਲ ਕਰ ਚੁੱਕਾ ਹੈ, ਪਰ ਉਸ ਨੂੰ ਹਾਲੇ ਵੀ ਉਨ੍ਹਾਂ ਕਹਾਣੀਆਂ ਦੀ ਤਲਾਸ਼ ਰਹਿੰਦੀ ਹੈ, ਜੋ ਉਸ ਨੂੰ ਇਕ ਅਦਾਕਾਰ ਦੇ ਰੂਪ ਵਿਚ ਹੋਰ ਬੁਲੰਦ ਕਰ ਸਕਦੀਆਂ ਹੋਣ।ਜ਼ਿੰਦਗੀ ਨੂੰ ਯੋਜਨਾਬੱਧ ਢੰਗ ਨਾਲ਼ ਜੀਣ ਦੇ ਆਦੀ ਨਾ ਹੋਏ ਇਸ ਅਦਾਕਾਰ ਨੂੰ ਪਿਛਲੇ ਸਾਲ ਤੋਂ 'ਨਿਓਰੋਏਨਡੌਕਰਾਈਨ ਟਿਊਮਰ' ਵਰਗੀ ਨਾਮੁਰਾਦ ਬਿਮਾਰੀ ਨੇ ਘੇਰਿਆ ਹੋਇਆ ਹੈ। ਤਾਜ਼ਾ ਖ਼ਬਰਾਂ ਅਨੁਸਾਰ, ਉਹ ਆਪਣੇ ਪ੍ਰਸ਼ੰਸਕਾਂ ਦੀਆਂ ਦੁਆਵਾਂ ਸਦਕਾ ਠੀਕ ਹੋ ਰਿਹਾ ਹੈ ਕਿਉਂ ਕਿ ਆਉਣ ਵਾਲ਼ੇ 'ਹਰ ਮੌਸਮ ਨੂੰ ਇਸ ਅਦਾਕਾਰ' ਦੀ ਲੋੜ ਰਹੇਗੀ।#
