ਸ਼ਬਦੰਗਲ-94

ਪੁੱਠੇ ਪੈਰਾਂ ਤੇ ਸਿੱਧੇ ਲੇਖਾਂ ਵਾਲ਼ਾ ਵਿਕਾਸ ਖੰਨਾ
<<<<<<<<<<>>>>>>>>>>
    ਕਮਾਲ ਦੇ ਹੁੰਦੇ ਹਨ ਉਹ ਲੋਕ, ਜੋ ਰੋਜ਼ੀ-ਰੋਟੀ ਪਕਾਉਣ ਨੂੰ ਹੀ ਆਪਣੀ ਰੋਟੀ-ਰੋਜ਼ੀ ਕਮਾਉਣ ਦਾ ਸਾਧਨ ਬਣਾ ਲੈਂਦੇ ਹਨ, ਉਹ ਵੀ ਉਦੋਂ, ਜਦੋਂ ਉਨ੍ਹਾਂ ਦਾ ਜਿਸਮ, ਆਮ ਮਨੁੱਖੀ ਜਿਸਮਾਂ ਨਾਲ਼ੋਂ ਹੀਣਾ ਹੋਵੇ। ਖਾਣਾ ਬਣਾ ਕੇ ਰੋਜ਼ੀ ਤਾਂ ਕੋਈ ਵੀ ਕਮਾ ਸਕਦੈ, ਇਸ ਆਦਮੀ ਨੇ ਤਾਂ ਇਸ ਕੰਮ ਵਿਚੋਂ ਇੱਜ਼ਤ ਵੀ ਕਮਾਈ। ਬਹੁਤਾ ਲਟਕਾਅ ਨਾ ਰੱਖਦਿਆਂ ਦੱਸ ਹੀ ਦੇਈਏ ਕਿ ਇਹ ਲੇਖ, ਅੰਬਰਸਰੀਏ ਵਿਕਾਸ ਖੰਨਾ ਬਾਰੇ ਹੈ, ਜੋ ਇਸ ਵੇਲ਼ੇ ਦੇਸ਼-ਵਿਦੇਸ਼ ਵਿਚ ਸਟਾਰ ਸ਼ੈੱਫ ਵਜੋਂ ਮਸ਼ਹੂਰ ਹੈ। ਉਹ ਕਮਾਲ ਦਾ ਖ਼ਾਨਸਾਮਾ ਹੀ ਨਹੀਂ ਹੈ, ਉਸ ਨੇ ਆਪਣੇ ਕਸਬ ਬਾਰੇ ਕਈ ਕਿਤਾਬਾਂ ਵੀ ਲਿਖੀਆਂ ਤੇ ਕਈ ਫ਼ਿਲਮਾਂ ਵੀ ਬਣਾਈਆਂ ਹਨ। ਉਹ, ਖ਼ਾਣਿਆਂ ਸਬੰਧੀ ਇਕ ਟੀਵੀ ਸ਼ੋਅ ਵਿਚ ਜੱਜ ਵੀ ਰਿਹਾ ਹੈ ਤੇ ਅਮਰੀਕਾ ਵਿਚ ਬਹੁਤ ਮਸ਼ਹੂਰ ਰੈਸਟੋਰੈਂਟ 'ਜਨੂੰਨ' ਦਾ ਮਾਲਕ ਵੀ ਹੈ। ਅੰਬਰਸਰ ਤੋਂ ਅਮਰੀਕਾ ਜਾ ਕੇ ਛਾ ਗਏ ਵਿਕਾਸ ਨੂੰ, 'ਨਿਊ ਯਾਰਕ ਦਾ ਗਰਮਾ-ਗਰਮ ਖਾਨਸਾਮਾ' ਮੰਨਿਆ ਜਾਂਦਾ ਹੈ।
    ਤੇਰਾਂ ਸਾਲਾਂ ਦੀ ਉਮਰ ਤਕ ਵਿਕਾਸ ਖੰਨਾ, ਦੌੜਨ ਜੋਗਾ ਵੀ ਨਹੀਂ ਸੀ ਕਿਉਂ ਕਿ ਉਸ ਦੀਆਂ ਲੱਤਾਂ ਵਿਚ ਜਮਾਂਦਰੂ ਹੀ ਨੁਕਸ ਸੀ ਕਿ ਉਸ ਦੇ ਗੋਡੇ ਤੇ ਪੈਰ ਅੰਦਰ ਵੱਲ ਮੁੜੇ ਹੋਏ ਸਨ। ਡਾਕਟਰਾਂ ਦਾ ਖ਼ਿਆਲ ਸੀ ਕਿ ਉਹ ਸਾਰੀ ਉਮਰ ਚੱਜ ਨਾਲ਼ ਤੁਰ-ਫਿਰ ਵੀ ਨਹੀਂ ਸਕੇਗਾ, ਪਰ ਉਸ ਦੀ ਮਾਂ ਸੋਚਦੀ ਹੁੰਦੀ ਸੀ ਕਿ ਉਸ ਦੇ ਪੁੱਤ ਨੇ ਕੋਈ ਕਮਾਲ ਕਰਨਾ ਹੈ। ਵਿਕਾਸ ਨੂੰ ਬਚਪਨ ਵਿਚ ਚੀਨ ਤੋਂ ਬਣੀ ਹੋਈ, ਲੱਕੜ ਦੀ ਜੁੱਤੀ ਪਾਉਣੀ ਪੈਂਦੀ ਸੀ। ਇਹ ਜੁੱਤੀ ਪਾ ਕੇ ਜਦੋਂ ਉਹ ਕਲਾਸ ਵਿਚ ਵੜਦਾ ਤਾਂ ਉਸ ਦੀ ਜੁੱਤੀ ਏਦਾਂ ਦੀ ਅਵਾਜ਼ ਕਰਦੀ, ਜਿੱਦਾਂ ਦੀ ਹਨ੍ਹੇਰੀ ਆਉਣ ਵੇਲ਼ੇ ਆਉਂਦੀ ਹੈ। ਉਸ ਨੂੰ ਘਟੀਆ ਹੋਣ ਦਾ ਅਹਿਸਾਸ ਇੰਨਾ ਕੁ ਮਿੱਧੀ ਰੱਖਦਾ ਕਿ ਉਹ, ਬੱਚਿਆਂ ਨਾਲ਼ ਰਲ਼ ਕੇ ਖੇਡ ਵੀ ਨਹੀਂ ਸਕਦਾ ਸੀ ਕਿਉਂ ਕਿ ਕਈ ਬੱਚੇ ਉਸ ਨੂੰ 'ਲੰਗਾਂ', 'ਲੰਗੜਾ', 'ਲੰਗੜਦੀਨ' ਤੇ ਪਤਾ ਨਹੀਂ ਹੋਰ ਕੀ-ਕੀ ਕਹਿ ਕੇ ਬੁਲਾਉਂਦੇ ਹੁੰਦੇ ਸਨ। ਉਸ ਨੂੰ, ਉਸ ਵੇਲ਼ੇ ਇਸ ਗੱਲ ਦਾ ਭੋਰਾ ਵੀ ਇਲਮ ਨਹੀਂ ਸੀ ਕਿ ਉਸ ਨਾਲ਼ ਕੀਤਾ ਜਾ ਰਿਹਾ, ਇਹ ਮਾੜਾ ਸਲੂਕ ਹੀ ਉਸ ਲਈ ਕਿਸੇ ਦਿਨ 'ਗੁੱਝੀ ਅਸੀਸ' ਸਾਬਤ ਹੋਵੇਗਾ।
     ਘਰ ਵਿਚ ਉਹ, ਬਹੁਤਾ ਕਰ ਕੇ ਆਪਣੀ ਦਾਦੀ ਨਾਲ਼ ਹੀ ਹੁੰਦਾ ਸੀ। ਉਹ, ਆਪਣੀ ਦਾਦੀ ਨੂੰ ਖਾਣਾ ਬਣਾਉਂਦੀ ਦੇਖਦਾ ਰਹਿੰਦਾ। 7 ਸਾਲ ਦਾ ਹੋਣ ਤਕ ਵਿਕਾਸ ਨੂੰ ਖਾਣਾ ਬਣਾਉਣ ਦਾ ਖ਼ਬਤ ਜਿਹਾ ਹੋ ਗਿਆ। ਉਸ ਨੂੰ ਪੇੜੇ ਕਰਨਾ ਅਤੇ ਉਨ੍ਹਾਂ ਨੂੰ ਬੇਲਣਾ ਬਹੁਤ ਚੰਗਾ ਲੱਗਦਾ। ਦਾਦੀ ਉਸ ਨੂੰ ਪੇੜੇ ਬੇਲ ਲੈਣ ਦਿੰਦੀ। ਉਸ ਦਾ ਭਰਾ, ਇੰਜੀਨੀਅਰ ਬਣਨਾ ਚਾਹੁੰਦਾ ਸੀ ਤੇ ਘਰ ਦੇ ਚਾਹੁੰਦੇ ਸਨ ਕਿ ਵਿਕਾਸ ਵੀ ਉਸ ਦੀ ਰੀਸ ਕਰੇ, ਪਰ ਵਿਕਾਸ ਨੂੰ ਹਿਸਾਬ ਨਹੀਂ ਆਉਂਦਾ ਸੀ। ਉਹ ਨਿਆਣੀ ਉਮਰੇ ਹੀ, ਆਪਣਾ ਰੈਸਟੋਰੈਂਟ ਖੋਲ੍ਹਣ ਬਾਰੇ ਸੋਚਣ ਲੱਗ ਪਿਆ। 17 ਸਾਲਾਂ ਦਾ ਹੋ ਗਿਆ ਤਾਂ ਉਸ ਨੇ ਆਪਣੀ ਮਾਂ ਬਿੰਦੂ ਖੰਨਾ ਨਾਲ਼ ਰਲ਼ ਕੇ, ਆਪਣੇ ਘਰ ਦੇ ਪਿੱਛੇ ਪਈ ਖਾਲੀ ਥਾਂ ਵਿਚ, 'ਲਾਰੰਸ ਗਾਰਡਨਜ਼' ਨਾਂ ਹੇਠ 'ਕੇਟਰਿੰਗ' ਦਾ ਕੰਮ ਖੋਲ੍ਹਿਆ। ਜਦੋਂ ਉਨ੍ਹਾਂ ਮਾਂ-ਪੁੱਤ ਨੇ ਪਹਿਲੀ ਵਾਰੀ 50 ਰੁਪਏ ਕਮਾਏ ਤਾਂ ਦੋਵੇਂ ਇਕ-ਦੂਜੇ ਦਾ ਕਲਾਵਾ ਭਰ ਕੇ ਖ਼ੁਸ਼ੀ ਨਾਲ਼ ਚਹਿਕ ਉੱਠੇ। ਵਿਕਾਸ ਲਈ ਜ਼ਿੰਦਗੀ ਦਾ ਇਕ ਰਾਹ ਖੁੱਲ੍ਹ ਗਿਆ।
    ਬਿੰਦੂ ਖੰਨਾ ਨੇ ਇਕ ਸਕੂਲ ਲਈ 580 ਸਵੈੱਟਰ ਬੁਣ ਕੇ ਕਮਾਏ ਪੈਸਿਆਂ ਨਾਲ਼ 'ਲਾਰੰਸ ਗਾਰਡਨਜ਼' ਲਈ 24 ਪਲੇਟਾਂ, 16 ਕੁਰਸੀਆਂ, ਦੋ ਮੇਜ਼ ਅਤੇ ਇਕ ਤੰਦੂਰ ਖਰੀਦਿਆ। ਵਿਕਾਸ ਦਾ, ਦਿੱਲੀ ਰਹਿੰਦਾ ਇਕ ਰਿਸ਼ਤੇਦਾਰ, ਉਸ ਨੂੰ ਦਿੱਲੀ ਦੇ ਹੋਟਲ 'ਆਈ ਟੀ ਸੀ ਮੌਰੀਆ' ਵਿਚ ਇਕ ਦਾਅਵਤ ਉੱਤੇ ਆਪਣੇ ਨਾਲ਼ ਲੈ ਗਿਆ। ਉੱਥੇ ਵਿਕਾਸ ਨੇ ਮਹਿਸੂਸ ਕੀਤਾ ਕਿ ਖਾਣਾ-ਦਾਣਾ ਇਕ ਕਲਾ ਵੀ ਹੈ। ਉੱਥੇ ਹੀ ਵਿਕਾਸ ਨੇ ਫ਼ੈਸਲਾ ਕਰ ਲਿਆ ਕਿ ਉਹ, ਛੋਲਿਆਂ-ਭਟੂਰਿਆਂ ਤਕ ਹੀ ਮਹਿਦੂਦ ਨਹੀਂ ਰਹੇਗਾ।
     ਫਿਰ ਉਸ ਨੇ ਮਨੀਪਾਲ ਯੂਨੀਵਰਸਿਟੀ ਦੇ 'ਵੈੱਲਕਮ ਗਰੁੱਪ ਗਰੈਜੂਏਟ ਸਕੂਲ ਆਫ ਹੋਟੇਲ ਐਡਮਨਿਸਟਰੇਸ਼ਨ' ਵਿਚ ਦਾਖ਼ਲਾ ਲੈ ਲਿਆ। 'ਹੋਟਲ ਐਡਮਨਿਸਟਰੇਸ਼ਨ' ਦਾ ਕੋਰਸ ਕਰ ਲੈਣ ਮਗਰੋਂ ਉਸ ਨੇ ਤਿੰਨ ਸਾਲ, ਮੁੰਬਈ ਦੇ 'ਲੀਲਾ ਕੈਂਪਿੰਸਕੀ ਹੋਟਲ' ਵਿਚ ਕੰਮ ਕੀਤਾ। ਫਿਰ ਉਸ ਨੇ ਅੰਮ੍ਰਿਤਸਰ ਆ ਕੇ, ਪੰਜ ਸਾਲ ਆਪਣਾ ਕੇਟਰਿੰਗ ਦਾ ਕੰਮ ਵਧਾਇਆ। ਵਿਕਾਸ ਨੇ ਆਪਣੇ ਵੱਡੇ ਭਰਾ ਦੀ ਪ੍ਰੇਰਨਾ ਨਾਲ਼ ਅਮਰੀਕਾ ਦੇ ਵੀਜ਼ੇ ਲਈ ਦਰਖ਼ਾਸਤ ਦੇ ਦਿੱਤੀ। ਨਿਊ ਯਾਰਕ ਪਹੁੰਚ ਕੇ ਉਸ ਨੂੰ ਇਕ ਛੋਟੇ ਜਿਹੇ ਰੈਸਟੋਰੈਂਟ ਵਿਚ ਪਲੇਟਾਂ ਧੋਣੀਆਂ ਪਈਆਂ। ਜਦੋਂ ਇਕ ਦਿਨ ਉਸ ਨੂੰ ਵੇਟਰ ਬਣਨ ਲਈ ਕਿਹਾ ਗਿਆ ਤਾਂ ਉਸ ਵੱਲੋਂ ਇਨਕਾਰ ਕਰਨ 'ਤੇ ਉਸ ਨੂੰ ਕੰਮ ਤੋਂ ਹਟਾ ਦਿੱਤਾ ਗਿਆ। ਉਸ ਨੂੰ ਅੰਗਰੇਜ਼ੀ ਵੀ ਚੱਜ ਨਾਲ਼ ਬੋਲਣੀ ਨਹੀਂ ਆਉਂਦੀ ਸੀ।
    ਉਸ ਸਾਲ, ਕ੍ਰਿਸਮਸ ਦੀ ਸ਼ਾਮ ਨੂੰ ਉਸ ਕੋਲ ਮਸਾਂ ਤਿੰਨ ਡਾਲਰ ਸਨ ਤੇ ਉਸ ਨੇ ਅੰਮ੍ਰਿਤਸਰ ਮੁੜ ਜਾਣ ਦਾ ਇਰਾਦਾ ਕਰ ਲਿਆ। ਇਸ ਦੌਰਾਨ ਹੀ ਉਸ ਨੂੰ ਨਿਊ ਯਾਰਕ ਵਿਚ ਬੇਘਰਿਆਂ ਦਾ ਇਕ ਟਿਕਾਣਾ ਮਿਲ ਗਿਆ। ਉੱਥੇ ਰਹਿੰਦਿਆਂ ਉਸ ਨੇ ਮਹਿਸੂਸ ਕੀਤਾ ਕਿ ਨਿਊ ਯਾਰਕ ਵਿਚ ਉਹੋ ਹੀ ਬੇਰੁਜ਼ਗ਼ਾਰ ਤੇ ਬੇਘਰ ਨਹੀਂ ਹੈ। ਉੱਥੇ ਹੀ ਕਿਸੇ ਨੇ ਉਸ ਨੂੰ ਦੱਸਿਆ ਕਿ ਕਿਸੇ ਨੂੰ '300 ਟੁਕੜੇ ਐਪੀਟਾਈਜ਼ਰ' (ਭੁੱਖ ਵਧਾਉਣ ਵਾਲ਼ੀ ਚੀਜ਼) ਚਾਹੀਦਾ ਹੈ। ਵਿਕਾਸ ਨੇ ਉਸ ਵਿਅਕਤੀ ਨੂੰ 'ਢੋਕਲਾ' ਬਣਾ ਕੇ ਦੇ ਦਿੱਤਾ। ਉਸ ਢੋਕਲੇ ਨੇ ਉਸ ਨੂੰ ਨਿਊ ਯਾਰਕ ਵਿਚ, ਭਾਰਤੀ ਰੈਸਟੋਰੈਂਟ 'ਸਲਾਮ ਬਾਂਬੇ' ਵਿਚ, 'ਐਗਜ਼ੈਕਟਿਵ ਸ਼ੈੱਫ' ਵਜੋਂ ਨੌਕਰੀ ਦੁਆ ਦਿੱਤੀ।
   'ਸਲਾਮ ਬਾਂਬੇ' ਵਿਚ ਚਾਰ ਸਾਲ ਕੰਮ ਕਰਨ ਮਗਰੋਂ, ਵਿਕਾਸ ਖੰਨਾ ਦੇ ਮਨ ਵਿਚ ਫਿਰ ਰੈਸਟੋਰੈਂਟ ਦਾ ਮਾਲਕ ਬਣਨ ਦਾ ਕੀੜਾ ਵਲ਼ ਖਾਣ ਲੱਗਿਆ। ਉਸ ਨੇ ਤਕਰੀਬਨ ਇਕ ਸਾਲ, 'ਖਾਣੇ ਬਣਾਉਣ ਸਬੰਧੀ ਕਿਤਾਬਾਂ' ਲਿਖੀਆਂ ਤੇ ਲੋਕਾਂ ਦੇ ਘਰੀਂ ਜਾ-ਜਾ ਖਾਣਾ ਬਣਾਇਆ। ਫਿਰ ਉਸ ਨੇ, ਚੱਲਦਾ ਛੱਡਿਆ ਇਕ ਭਾਰਤੀ ਰੈਸਟੋਰੈਂਟ ਸੰਭਾਲਿਆ ਤੇ ਉਸ ਵਿਚ, 'ਵਾਲ ਸਟਰੀਟ' ਦੇ ਕਾਰਿੰਦਿਆਂ ਲਈ ਪਹਿਲਾ ਸਸਤਾ ਢਾਬਾ ਚਲਾ ਦਿੱਤਾ। ਉਸ ਦੇ ਗਾਹਕਾਂ ਵਿਚ, ਬਰਤਾਨਵੀ ਸ਼ੈੱਫ ਗੌਰਡਨ ਰਾਮਜ਼ੇ ਦੇ ਟੀਵੀ ਸ਼ੋਅ 'ਕਿਚਨ ਨਾਈਟਮੇਅਰਜ਼' ਦਾ ਇਕ ਪ੍ਰੋਡਿਊਸਰ ਵੀ ਸੀ, ਜਿਸ ਨੂੰ ਉਸ ਸ਼ੋਅ ਲਈ ਕਿਸੇ ਭਾਰਤੀ ਖਾਨਸਾਮੇ ਦੀ ਭਾਲ਼ ਸੀ। ਉਸ ਨੇ ਵਿਕਾਸ ਨੂੰ ਉਸ ਸ਼ੋਅ ਵਿਚ ਕੰਮ ਕਰਨ ਦਾ ਮੌਕਾ ਦੁਆਇਆ ਤਾਂ ਰਾਮਜ਼ੇ, ਵਿਕਾਸ ਦੇ ਚਿਹਰੇ-ਮੁਹਰੇ ਅਤੇ ਕੰਮ ਤੋਂ ਬਹੁਤ ਮੁਤਾਸਿਰ ਹੋਇਆ। ਇਸੇ ਤਰ੍ਹਾਂ ਹੀ ਮੁਤਾਸਿਰ ਹੋ ਗਏ ਉਸ ਸ਼ੋਅ ਦੇ ਦਰਸ਼ਕ।
    ਜਿਸ ਹਫ਼ਤੇ ਵਿਕਾਸ ਖੰਨਾ, 'ਕਿਚਨ ਨਾਈਟਮੇਅਰਜ਼' ਟੀਵੀ ਸ਼ੋਅ ਵਿਚ ਦਿਸਿਆ, ਉਸ ਦਾ ਪਹਿਲਾ ਰੈਸਟੋਰੈਂਟ ਬੰਦ ਹੋ ਗਿਆ। ਇਸ ਟੀਵੀ ਸ਼ੋਅ ਦੀ ਵਜ੍ਹਾ ਨਾਲ਼ ਹੀ, ਉਸ ਨੂੰ ਇਕ ਹੋਰ ਰੈਸਟੋਰੈਂਟ ਲੱਭ ਗਿਆ। ਜਦੋਂ ਉਸ ਨੇ ਉਹ ਰੈਸਟੋਰੈਂਟ ਬਣਾ-ਸੁਆਰ ਲਿਆ ਤਾਂ 'ਨਿਊ ਯਾਰਕ ਮੈਗਜ਼ੀਨ' ਨੇ ਉਸ ਨੂੰ 'ਤਿੰਨ ਸਟਾਰ' ਦਿੱਤੇ। ਕੁੱਝ ਸਮੇਂ ਮਗਰੋਂ ਇਹ ਰੈਸਟੋਰੈਂਟ ਵੀ ਬੰਦ ਕਰਨਾ ਪਿਆ ਕਿਉਂ ਕਿ ਉਸ ਦੇ ਕਬਜ਼ੇ ਦੇ ਸਬੰਧ ਵਿਚ ਕੁੱਝ ਰੱਫੜ ਸੀ। ਵਿਕਾਸ ਨੂੰ ਸਮਝ ਨਾ ਆਵੇ ਕਿ ਉਹ ਕੀ ਕਰੇ। ਉਹ, ਨਿਊ ਯਾਰਕ ਵਿਚ ਹੀ ਦਲਾਈ ਲਾਮਾ ਦਾ ਸਤਿਸੰਗ ਸੁਣਨ ਗਿਆ। ਦਲਾਈ ਲਾਮਾ ਨੂੰ ਮਿਲਣ ਦੀ ਦੇਰ ਸੀ ਕਿ ਉਸ ਨੂੰ ਆਪਣੀ ਕਿਤਾਬ 'ਰਿਟਰਨ ਟੂ ਦ ਰਿਵਰਜ਼' (ਦਰਿਆਵਾਂ ਵੱਲ ਵਾਪਸੀ) ਪੂਰੀ ਕਰਨ ਦਾ ਫ਼ੁਰਨਾ ਫ਼ੁਰਿਆ। 'ਕਿਚਨ ਨਾਈਟਮੇਅਰਜ਼' ਦੀ ਬਦੌਲਤ ਹੀ ਉਸ ਨੂੰ ਇਕ ਰੈਸਟੋਰੈਂਟ ਹੀ ਨਹੀਂ ਮਿਲ ਗਿਆ, ਸਗੋਂ ਉਹ, ਖ਼ਾਣੇ-ਦਾਣੇ ਦੇ ਇਕ ਸਫ਼ਲ ਵਪਾਰੀ ਰਾਜੇਸ਼ ਭਾਰਦਵਾਜ, ਜੋ ਉਸ ਭਾਰਤੀ ਰੈਸਟੋਰੈਂਟ ਦਾ ਕਾਇਆ-ਕਲਪ ਕਰਨ ਨੂੰ ਫਿਰਦੇ ਸਨ, ਦੀ ਨਜ਼ਰੇ ਵੀ ਚੜ੍ਹ ਗਿਆ। ਵਿਕਾਸ ਖੰਨਾ ਤੇ ਰਾਜੇਸ਼ ਭਾਰਦਵਾਜ ਨੇ ਉਸ ਰੈਸਟੋਰੈਂਟ ਦਾ ਨਾਂ 'ਜੁਨੂੰਨ' (ਖ਼ਬਤ) ਰੱਖਿਆ।
   ਇਹ ਰੈਸਟੋਰੈਂਟ, 2010 ਦੇ ਆਖ਼ਰੀ ਮਹੀਨੇ ਖੋਲ੍ਹਿਆ ਗਿਆ। ਤਦ ਤਕ ਵਿਕਾਸ ਨੂੰ ਅੰਮ੍ਰਿਤਸਰੋਂ ਨਿਊ ਯਾਰਕ ਆਇਆਂ 10 ਸਾਲ ਹੋ ਗਏ ਸਨ। ਰੈਸਟੋਰੈਂਟ ਖੁੱਲ੍ਹਦਾ ਹੀ ਚੱਲ ਪਿਆ ਤੇ 10 ਮਹੀਨਿਆਂ ਵਿਚ ਹੀ ਉਸ ਨੂੰ 'ਮਿਛੇਲਿਨ ਸਟਾਰ' ਮਿਲ ਗਿਆ। ਵਿਕਾਸ ਨੇ ਇਸ ਪ੍ਰਾਪਤੀ ਦੇ ਸਬੰਧ ਵਿਚ ਆਪਣੀ ਟੀਮ ਦੇ ਜੋਸ਼ ਦੇ ਨਾਲ਼-ਨਾਲ਼, ਦ੍ਰਿੜਤਾ ਨੂੰ ਵੀ ਅਹਿਮੀਅਤ ਦਿੱਤੀ ਸੀ। ਉਹ ਹਮੇਸ਼ਾ ਹੀ ਦ੍ਰਿੜਤਾ ਨੂੰ ਜੋਸ਼ ਤੋਂ ਉੱਪਰ ਮੰਨਦਾ ਸੀ। ਇਸ ਤੋਂ ਮਗਰੋਂ ਵਿਕਾਸ ਨੇ 'ਵਾਈਟ ਹਾਊਸ' ਵੀ ਅੰਦਰ ਖਾਣਾ ਬਣਾਇਆ। ਉਸ ਨੇ ਖਾਣਾ ਬਣਾਉਣ ਦੇ ਹੁਨਰ ਬਾਰੇ ਕਈ ਕਿਤਾਬਾਂ ਵੀ ਲਿਖੀਆਂ। ਫਿਰ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਿਕਾਸ ਖੰਨਾ ਨੂੰ ਹਿੰਦੂ ਅਮਰੀਕੀਆਂ ਦੀ ਕਾਨਫ਼ਰੰਸ ਵਿਚ ਖਾਣਾ ਬਣਾਉਣ ਲਈ ਸੱਦਿਆ। ਇਸ ਤੋਂ ਬਾਅਦ ਵੱਡੇ ਆਦਮੀਆਂ ਲਈ ਦਾਅਵਤਾਂ ਸਜਾਉਣ ਦੀ ਇਕ ਲੜੀ ਹੀ ਨਹੀਂ, ਝੜੀ ਜਿਹੀ ਲੱਗ ਗਈ। ਉਸ ਨੂੰ ੧੪ਵੇਂ ਦਲਾਈ ਲਾਮਾ ਨਾਲ਼ ਇਕ ਹਫ਼ਤਾ ਬਿਤਾਉਣ ਦਾ ਮੌਕਾ ਮਿਲਿਆ, ਜਿਸ ਦੌਰਾਨ ਉਨ੍ਹਾਂ (ਦਲਾਈ ਲਾਮਾ) ਨੇ, ਉਸ ਦੀ ਕਿਤਾਬ 'ਰਿਟਰਨ ਟੂ ਦ ਰਿਵਰਜ਼' ਦਾ ਮੁੱਖਬੰਦ ਲਿਖਿਆ।
    ਟੀਵੀ ਸ਼ੋਅ ਮਾਸਟਰਸ਼ੈੱਫ ਇੰਡੀਆ ਦੇ ਦੂਜੇ ਸੀਜ਼ਨ ਵਿਚ ਵਿਕਾਸ ਖੰਨਾ ਨੇ ਫ਼ਿਲਮ ਸਟਾਰ ਅਕਸ਼ੈ ਕੁਮਾਰ ਦੀ ਥਾਂ, ਜੱਜਮੈਂਟ ਦੀ ਜ਼ਿੰਮੇਵਾਰੀ ਸੰਭਾਲੀ ਅਤੇ 'ਭਾਰਤ ਦੇ ਸਭ ਤੋਂ ਵੱਡੇ ਸ਼ੈੱਫ' ਸੰਜੀਵ ਕਪੂਰ ਨਾਲ਼ ਇਸ ਟੀਵੀ ਸ਼ੋਅ ਵਿਚ ਸ਼ਿਰਕਤ ਕੀਤੀ। ਵਿਕਾਸ ਖੰਨਾ ਨੇ 'ਫਾਕਸ ਟਰੈਵਲਰ'ਜ਼ ਕੁਲੀਨਰੀ ਅਡਵੈਂਚਰ ਸ਼ੋਅ' ਟਵਿਸਟ ਆਫ ਟੇਸਟ ਦੇ ਤੀਜੇ ਸੀਜ਼ਨ ਦੀ ਮੇਜ਼ਬਾਨੀ ਵੀ ਕੀਤੀ।
    ਖਾਣਿਆਂ ਬਾਰੇ ਹੀ ਉਸ ਦੀ ਕਿਤਾਬ 'ਉਤਸਵ' ਜੋ ਸੁਨਹਿਰੀ ਅੱਖ਼ਰਾਂ ਵਿਚ ਛਪੀ ਹੋਈ ਹੈ, ਨਾ ਕੇਵਲ 1200 ਪੰਨਿਆਂ ਦੀ ਤੇ 16 ਕਿਲੋ ਭਾਰੀ ਹੈ, ਸਗੋਂ ਉਸ ਦੀ ਕੀਮਤ ਵੀ ਤਕਰੀਬਨ 8 ਲੱਖ ਰੁਪਏ ਹੈ। ਉਸ ਨੇ ਇਹ ਕਿਤਾਬ ਦਲਾਈ ਲਾਮਾ, ਬਰਾਕ ਓਬਾਮਾ, ਨਰਿੰਦਰ ਮੋਦੀ ਅਤੇ ਹਿਲੇਰੀ ਕਲਿੰਟਨ ਨੂੰ ਭੇਟ ਕੀਤੀ ਹੋਈ ਹੈ। ਉਸ ਵੱਲੋਂ ਬਣਾਈ ਹੋਈ ਇਕ ਦਸਤਾਵੇਜ਼ੀ ਫ਼ਿਲਮ 'ਕਿਚਨਜ਼ ਆਫ ਗਰੈਟੀਚਊਡ' ਵਿਚ ਖਾਣੇ ਦੀ ਤਾਕਤ ਨਾਲ਼ ਕਈ ਬਿਮਾਰੀਆਂ ਦੇ ਇਲਾਜ ਕੀਤੇ ਜਾਂਦੇ ਦਿਖਾਏ ਹਨ। ਇਸ ਫ਼ਿਲਮ ਨਾਲ਼ ਸ਼ੈੱਫ ਵਿਕਾਸ ਖੰਨਾ, ਫ਼ਿਲਮ ਨਿਰਦੇਸ਼ਕ ਵੀ ਹੋ ਗਿਆ ਹੈ।
    ਅੰਮ੍ਰਿਤਸਰ ਦੇ ਇਕ ਹਸਪਤਾਲ ਵਿਚ ਜੰਮੇ ਵਿਕਾਸ ਖੰਨਾ ਦੇ ਜੰਮਣ ਦੀ ਖ਼ਬਰ ਦਿੰਦਿਆਂ ਡਾਕਟਰ ਨੇ ਉਸ ਦੀ ਮਾਂ ਨੂੰ ਕਿਹਾ "ਤੁਸੀਂ 'ਪੁੱਠੇ ਪੈਰਾਂ' ਵਾਲ਼ੇ ਇਕ ਬੱਚੇ ਨੂੰ ਜਨਮ ਦਿੱਤਾ ਹੈ।" ਉਹ ਦੋ ਹਫ਼ਤਿਆਂ ਦਾ ਹੀ ਸੀ ਕਿ ਉਸ ਦੀਆਂ ਦੋਹਾਂ ਲੱਤਾਂ ਦਾ ਆਪਰੇਸ਼ਨ ਕਰਨਾ ਪਿਆ। ਡਾਕਟਰਾਂ ਨੇ ਇਹੋ ਕਿਹਾ ਕਿ ਉਹ ਬੱਚਾ ਸਹੀ ਤਰ੍ਹਾਂ ਤੁਰ ਨਹੀਂ ਸਕਿਆ ਕਰੇਗਾ ਤੇ ਉਸ ਨੂੰ ਖ਼ਾਸ ਕਿਸਮ ਦੀ, ਲੱਕੜ ਦੀ ਜੁੱਤੀ ਪਾਉਣੀ ਪਿਆ ਕਰੇਗੀ। ਉਸ ਵੇਲ਼ੇ ਕਿਸੇ ਨੂੰ ਵੀ ਇਲਮ ਨਹੀਂ ਸੀ ਕਿ ਇਸ 'ਪੁੱਠੇ ਪੈਰਾਂ' ਵਾਲ਼ੇ ਨੇ ਆਪਣੇ 'ਸਿੱਧੇ ਲੇਖਾਂ' ਨਾਲ਼ ਕਈਆਂ ਨੂੰ ਸਿੱਧੇ ਤੁਰਨਾ ਸਿਖਾਉਣਾ ਹੈ।#