ਸ਼ਬਦੰਗਲ-95



ਤੁਹਾਡੇ ਪੈਰ ਤੁਹਾਡੇ ਨਾਲ਼ ਬੋਲਣੋਂ ਵੀ ਹਟ ਸਕਦੇ ਨੇ
><><><><><><><><><><><><
    'ਸਿਰਦਾਰੋ!' ਜੇ ਇਹ ਲੇਖ ਲਿਖਦਿਆਂ, ਇਹ 'ਪੈਰਦਾਰ', ਕੁੱਝ 'ਬੇਸਿਰ-ਪੈਰੀਆਂ' ਵੀ ਮਾਰ ਜਾਵੇ ਤਾਂ ਬਰਦਾਸ਼ਤ ਕਰ ਲਿਓ ਕਿਉਂ ਕਿ ਇਸ ਲੇਖ ਵਿਚ ਕੁੱਝ ਇਹੋ ਜਿਹੀਆਂ ਗੱਲਾਂ ਵੀ ਹੋ ਸਕਦੀਆਂ ਹਨ, ਜੋ ਸ਼ਾਇਦ ਤੁਸੀਂ ਪਹਿਲੀ ਵਾਰੀ ਪੜ੍ਹ/ ਸੁਣ ਰਹੇ ਹੋਵੋਂ। ਕੋਈ ਬੰਦਾ 'ਅੱਲ੍ਹਾ-ਮੀਆਂ' ਨੂੰ ਉਲਾਹਮੇਂ ਜਿਹੇ ਦੇਈ ਜਾ ਰਿਹਾ ਸੀ, "ਅੱਲਾ-ਮੀਆਂ! ਮੈਂ ਸਾਰੀ ਉਮਰ, ਪੰਜ ਵਕਤ ਦਾ ਨਮਾਜ਼ੀ ਰਿਹਾਂ। ਕਿਸੇ ਡੰਗ ਰੋਟੀ ਖਾਧੀ ਕਿ ਨਹੀਂ ਖਾਧੀ, ਮੈਂ ਨਮਾਜ਼ ਨਹੀਂ ਖੁੰਝਾਈ। ਤੂੰ ਦੇਖ ਲੈ, ਸਾਰੀ ਉਮਰ ਮੇਰੇ ਪੈਰਾਂ ਨੂੰ ਜੁੱਤੀ ਨਹੀਂ ਜੁੜੀ।" ਉਦੋਂ ਹੀ ਨੇੜੇ ਕਿਸੇ ਮਸਜਿਦ ਤੋਂ ਅਜ਼ਾਨ ਸੁਣਾਈ ਦਿੱਤੀ ਤਾਂ ਉਸ ਅੱਲ੍ਹਾਪ੍ਰਸਤ ਨੇ ਨਾਲ਼ ਬੈਠੇ ਬੰਦੇ ਨੂੰ ਕਿਹਾ, "ਚੱਲ ਬਈ ਨਮਾਜ਼ ਪੜ੍ਹ ਆਈਏ।" ਅੱਗੋਂ ਕੋਈ ਜੁਆਬ ਨਾ ਆਉਣ 'ਤੇ ਉਸ ਨੇ ਬਾਹੋਂ ਫੜ, ਉਸ ਬਸ਼ਰ ਨੂੰ ਖੜ੍ਹਾ ਕਰਨ ਦਾ ਹੀਲਾ ਕੀਤਾ ਤਾਂ ਉਹ ਥਾਂਏਂ ਡਿੱਗ ਪਿਆ ਕਿਉਂ ਕਿ ਉਸ ਦੇ ਪੈਰ ਨਹੀਂ ਸਨ।
    "ਅੱਲ੍ਹਾ-ਮੀਆਂ, ਨਹੀਂ ਚਾਹੀਦੀ ਜੁੱਤੀ! ਤੂੰ ਪੈਰ ਤਾਂ ਦਿੱਤੇ ਹੀ ਨੇ!!" ਨਮਾਜ਼ੀ ਨੇ ਦੋਵੇਂ ਹੱਥ ਅੰਬਰ ਵੱਲ ਚੁੱਕ ਕੇ ਕਿਹਾ। ਸੋ ਅੱਜ, ਪੈਰਾਂ ਬਾਰੇ ਹੀ ਅਰਜ਼ ਕਰਨ ਦਿਓ। ਸਾਲ-ਸਵਾ ਕੁ ਸਾਲ ਪਹਿਲਾਂ, ਮੈਂ ਆਪਣੇ ਪੈਰਾਂ ਦੀ ਘੁਸਰ-ਮੁਸਰ ਸੁਣ ਲਈ ਸੀ ਕਿ ਉਹ ਮੇਰੇ ਨਾਲ਼ ਨਰਾਜ਼ ਹਨ। ਪੈਰਾਂ ਵਰਗੀ ਚੀਜ਼, ਸਿਰ ਚੜ੍ਹੀ ਫਿਰੇ? ਬੰਦਾ ਕਦੋਂ ਗੌਲਦੈ! ਫੈਮਿਲੀ ਡਾਕਟਰ ਕੋਲ ਸ਼ਿਕਾਇਤ ਕੀਤੀ ਕਿ ਜਦੋਂ ਕਿਤੇ ਤੁਰਨਾ ਪੈ ਜਾਵੇ ਤਾਂ ਖੱਬੀ ਲੱਤ ਵਿਚ ਇੰਨਾ ਦਰਦ ਹੁੰਦੈ ਕਿ ਰੁਕਣਾ ਪੈ ਜਾਂਦੈ। ਡਾਕਟਰ ਨੇ ਇਸ ਦੀ ਵਜ੍ਹਾ ਸ਼ੂਗਰ ਦੱਸੀ। ਫੇਰ ਸੌ ਕੁ ਕਦਮ ਚੱਲਣ ਮਗਰੋਂ ਲੱਤ ਦੁਖਣ ਲੱਗੀ ਤਾਂ ਮੇਰੇ ਮਨ ਨੇ ਕਿਹਾ ਕਿ ਜੇ ਮੇਰੀ ਖੱਬੀ ਲੱਤ ਨੂੰ ਇਹ ਤਕਲੀਫ਼, ਸ਼ੂਗਰ ਹੋਣ ਕਾਰਣ ਹੈ ਤਾਂ ਤਾਂ ਮੇਰੀ ਸੱਜੀ ਲੱਤ ਕਿਉਂ ਨਹੀਂ ਦੁਖਦੀ।

    ਮੈਨੂੰ ਇਕ ਸ਼ੂਗਰ ਸਪੈਸ਼ਲਿਸਟ ਕੋਲ ਭੇਜਿਆ ਗਿਆ। ਉਸ ਡਾਕਟਰ ਨੇ ਮੇਰੀ, ਦੂਜੀ ਲੱਤ ਵਾਲ਼ੀ ਦਲੀਲ ਸਮਝ ਵੀ ਲਈ ਤੇ ਮੰਨ ਵੀ ਲਈ। ਉਸ ਨੇ ਮੈਨੂੰ ਨਾੜਾਂ ਦੇ ਇਕ ਮਾਹਰ (ਡਾਕਟਰ) ਕੋਲ ਭੇਜਿਆ। ਲੰਬੀ ਉਡੀਕ ਕਰਨ ਮਗਰੋਂ ਉਸ ਡਾਕਟਰ ਨਾਲ਼ ਮਿਲਣਾ ਨਸੀਬ ਹੋਇਆ। ਉਦੋਂ ਤਕ ਮੇਰੇ ਪੈਰਾਂ ਨੂੰ ਰੁੱਸਿਆਂ ਛੇ ਮਹੀਨੇ ਤੋਂ ਵੱਧ ਹੋ ਚੁੱਕੇ ਸਨ। ਉਸ ਡਾਕਟਰ ਨੇ ਮੇਰੇ ਬੂਟ ਲੁਹਾ ਕੇ, ਮੇਰੀ ਖੱਬੀ ਲੱਤ ਆਪਣੀ ਗੋਦੀ ਵਿਚ ਰਖਾ ਲਈ। ਉਹ, ਮੇਰੇ ਗਿੱਟੇ ਦੀਆਂ ਨਾੜਾਂ ਉੱਪਰ ਪੋਟੇ ਟਿਕਾ ਕੇ, ਅੱਖਾਂ ਮੀਚ ਕੇ ਬੈਠਾ ਰਿਹਾ। ਉਹ, ਵਿਚ-ਵਿਚ ਪੋਟਿਆਂ ਦੀ ਥਾਂ ਬਦਲ ਲੈਂਦਾ ਤੇ ਫਿਰ ਮਗਨ ਹੋ ਜਾਂਦਾ। ਉਸ ਵੱਲ ਦੇਖ ਕੇ ਏਦਾਂ ਲੱਗਦਾ ਰਿਹਾ, ਜਿੱਦਾਂ ਉਹ ਮੇਰੇ ਪੈਰ ਕੋਲੋਂ ਉਸ ਦੀ ਵੇਦਨਾ ਸੁਣ ਰਿਹਾ ਹੋਵੇ। ਫੇਰ ਉਸ ਦੇ ਹੱਥ, ਗਿੱਟੇ ਤੋਂ ਉੱਤੇ ਪਿੰਜਣੀ 'ਤੇ ਆ ਗਏ। ਇਸੇ ਤਰ੍ਹਾਂ ਉਸ ਦੇ ਹੱਥ, ਮੇਰੀ ਲੱਤ ਟੋਂਹਦੇ-ਪਲੋਸਦੇ, ਮੇਰੇ ਗੋਡੇ ਅਤੇ ਖੁੱਚ ਤਕ ਪਹੁੰਚ ਗਏ। ਕੁੱਝ ਦੇਰ ਮਗਰੋਂ ਉਸ ਨੇ ਮੇਰੀ ਲੱਤ ਛੱਡ ਕੇ, ਮੈਨੂੰ ਜੁਰਾਬ ਤੇ ਜੁੱਤੀ ਪਾਉਣ ਲਈ ਕਹਿ ਦਿੱਤਾ।
    ਮੈਨੂੰ ਸਾਰੇ ਨੂੰ ਸੁਆਲੀਆ ਨਿਸ਼ਾਨ ਬਣਿਆ ਦੇਖ ਕੇ ਡਾਕਟਰ ਨੇ ਕਿਹਾ, "ਮੈਨੂੰ ਤੁਹਾਡੇ ਗੋਡੇ ਤਕ ਤੁਹਾਡੀ ਨਬਜ਼ ਨਹੀਂ ਲੱਭੀ ਜਦੋਂ ਕਿ ਆਮ ਤੌਰ 'ਤੇ ਇਹ, ਗਿੱਟੇ ਵਿਚੋਂ ਹੀ ਮਹਿਸੂਸ ਹੋ ਜਾਇਆ ਕਰਦੀ ਹੈ।" 
    "ਹੁਣ ਫਿਰ?" ਮੇਰੇ ਮੂੰਹੋਂ ਇੰਨਾ ਹੀ ਨਿੱਕਲਿਆ ਤਾਂ ਡਾਕਟਰ ਨੇ ਕਿਹਾ, "ਇਕ-ਦੋ ਟੈਸਟ ਕਰਾਉਣੇ ਪੈਣਗੇ।" ਮੈਂ ਪੁੱਛਿਆ ਕਿ ਕਿੱਥੇ ਕਰਾਉਣੇ ਹਨ। ਉਸ ਨੇ ਇਕ ਟੈਸਟ ਕਰਾਇਆ ਤੇ ਰਿਪੋਰਟ ਆਉਣ ਸਾਰ ਮੈਨੂੰ ਸੱਦ ਲਿਆ। ਉਸ ਨੇ ਕਿਹਾ ਕਿ ਨੁਕਸ ਮੇਰੇ ਦੋਹਾਂ ਪੈਰਾਂ ਯਾਨੀ ਲੱਤਾਂ ਵਿਚ ਹੈ, ਪਰ ਖੱਬੀ ਲੱਤ ਵਿਚ ਵੱਧ ਹੈ, ਜਿਸ ਲਈ ਇਸ ਦਾ ਇਲਾਜ ਪਹਿਲਾਂ ਕਰਾਂਗੇ। ਮੈਂ ਪੂਰੀ ਤਰ੍ਹਾਂ 'ਸੱਤ ਬਚਨ' ਬਣਿਆ ਬੈਠਾ ਸਾਂ। ਮੈਂ ਡਰਦੇ ਜਿਹੇ ਨੇ ਇਲਾਜ ਦੇ ਢੰਗ ਬਾਰੇ ਪੁੱਛਿਆ ਤਾਂ ਡਾਕਟਰ ਨੇ ਕਿਹਾ, "ਪਹਿਲਾਂ ਮੈਂ ਸੀ. ਟੀ. ਸਕੈਨ ਕਰਾ ਕੇ ਨੁਕਸ ਦੀ ਅਸਲ ਥਾਂ ਲੱਭਾਂਗਾ। ਫਿਰ ਸਾਡੇ ਕੋਲ ਚਾਰ ਢੰਗ ਹੋਣਗੇ, ਜਿੱਦਾਂ ਪੰਪ ਕਰ ਕੇ ਨਾੜੀ(ਆਂ) ਸਾਫ ਕਰਨੀ(ਆਂ), ਨਹੀਂ ਤਾਂ ਉਨ੍ਹਾਂ ਦੀ 'ਬਾਈਪਾਸ ਸਰਜਰੀ' ਕਰਨੀ ਜਾਂ 'ਸਟੈਂਟ' ਪਾਉਣਾ। ਜੇ ਇਹ ਹੀਲੇ ਸਿਰੇ ਚੜ੍ਹਦੇ ਨਾ ਦਿਸੇ ਤਾਂ ਅਸੀਂ ਤੈਨੂੰ ਇਸ ਤਕਲੀਫ਼ ਨਾਲ਼ ਹੀ ਜੀਣਾ ਸਿੱਖਣ ਦੀ ਸਲਾਹ ਦਿਆਂਗੇ।"

    "ਹੁਣ ਤੁਹਾਡੀ ਕੀ ਸਲਾਹ ਹੈ?" ਡਾਕਟਰ ਦੀ ਗੱਲ ਸੁਣ ਕੇ ਕਿਤਾਬਿਆ ਜਿਹਾ ਹੋਇਆ, ਮੈਂ ਬੋਲਿਆ।
    "ਸਕੈਨਿੰਗ ਕਰਾਉਨੇ ਹਾਂ।"
    ਮੈਂ ਵੀ ਹਾਂ ਵਿਚ ਸਿਰ ਮਾਰ ਦਿੱਤਾ ਤਾਂ ਡਾਕਟਰ ਨੇ ਕਿਹਾ, "ਇਸ ਵੇਲ਼ੇ ਢਾਈ ਮਹੀਨੇ ਉਡੀਕਣਾ ਪਏਗਾ।" ਸਾਢੇ ਕੁ ਤਿੰਨ ਮਹੀਨੇ ਲੰਘ ਜਾਣ ਮਗਰੋਂ, ਇਸ ਸਾਲ 14 ਜਨਵਰੀ ਨੂੰ ਸਕੈਨਿੰਗ ਕਰਾਉਣ ਦੇ ਹੁਕਮ ਨਾਲ਼ ਹੀ 15 ਜਨਵਰੀ ਨੂੰ, ਡਾਕਟਰ ਨੇ ਸਕੈਨਿੰਗ ਦੀ ਰਿਪੋਰਟ ਬਾਰੇ ਵਿਚਾਰ ਕਰਨ ਲਈ ਸੱਦਾ ਵੀ ਦੇ ਦਿੱਤਾ। ਡਾਕਟਰ ਨੂੰ ਮਿਲਣ ਗਿਆ ਤਾਂ ਉਸ ਨੇ ਖੱਬੀ ਲੱਤ ਦੇ ਇਕ ਰੰਗਦਾਰ ਸਕੈੱਚ ਵਿਚ, ਪੱਟ ਦੇ ਸਿਖ਼ਰ 'ਲੈਫਟ ਕੌਮਨ ਫੈਮੋਰਲ ਆਰਟਰੀ' ਉੱਤੇ ਪੈੱਨ ਨਾਲ਼ ਨਿਸ਼ਾਨ ਲਾ ਕੇ ਦਿਖਾਉਂਦਿਆਂ ਕਿਹਾ, "ਨੁਕਸ ਇਸ ਥਾਂ ਏ।" ਮੈਂ ਸੁਣ ਕੇ ਹਾਂ ਵਿਚ ਸਿਰ ਹਿਲਾ ਤਾਂ ਦਿੱਤਾ, ਪਰ ਮਨ ਕਹੇ ਕਿ ਇਹ ਨੂੰ ਪੁੱਛ ਪਈ, ਇਸ ਦਾ ਇਲਾਜ ਕੀ ਏ। ਥੋੜ੍ਹਾ ਚਿਰ ਰਹੀ ਖ਼ਾਮੋਸ਼ੀ ਤੋੜਦਿਆਂ ਡਾਕਟਰ ਨੇ ਕਿਹਾ, "ਇੱਥੇ ਸਰਜਰੀ ਹੋਊ।"
    "ਕਰ ਦਿਓ ਫਿਰ," ਮੈਂ ਕਿਹਾ।
    "ਦੱਸੋ ਕਦੋਂ ਕਰਾਉਣੀ ਏ?"
    ਇਲਾਜ ਲਈ ਉਤਾਵਲਾ ਹੋਇਆ ਰਿਹਾ ਮੈਂ, ਉਸ ਵੇਲ਼ੇ ਅੱਗੇ-ਪਿੱਛੇ ਜਿਹੇ ਝਾਕਦਾ ਬੋਲਿਆ, "ਅੱਜ 15 ਜਨਵਰੀ ਹੈ, ਇਹ ਮਹੀਨਾ ਲੰਘ ਜਾਵੇ ਤੇ ਫਰਵਰੀ ਦੇ ਪਹਿਲੇ ਹਫ਼ਤੇ ਦਾ ਕੋਈ ਦਿਨ ਮਿੱਥ ਲਓ।"
    "6 ਫਰਵਰੀ ਠੀਕ ਏ?" ਮੈਂ ਵਿਹਲੇ ਨੇ ਕਿਹੜਾ ਆਪਣੀ ਡਾਇਰੀ ਪੜਤਾਲਣੀ ਸੀ, ਸੋ 'ਹਾਂ' ਕਰ ਦਿੱਤੀ। ਪਹਿਲੀ ਫਰਵਰੀ ਨੂੰ 'ਪ੍ਰੀ-ਅਡਮਿਸ਼ਨ' ਦੀ ਕਾਰਵਾਈ, ਜਿਸ ਵਿਚ ਕਈ ਤਰ੍ਹਾਂ ਦੇ ਟੈਸਟ ਕਰਾਏ ਜਾਂਦੇ ਹਨ ਤੇ ਸਰਜਰੀ ਦੇ ਸਬੰਧ ਵਿਚ ਕਈ ਤਰ੍ਹਾਂ ਦੀਆਂ ਹਦਾਇਤਾਂ ਕੀਤੀਆਂ ਜਾਂਦੀਆਂ ਹਨ, ਕਰਨ ਖ਼ਾਤਰ ਹਸਪਤਾਲ ਵਿਚ ਸੱਦਿਆ ਗਿਆ। ਹਰ ਨਵੀਂ ਕਾਰਵਾਈ ਹੋਣ ਮਗਰੋਂ ਧਰਵਾਸ ਜਿਹਾ ਵੀ ਮਿਲਦਾ ਸੀ ਕਿ ਇਲਾਜ ਹੋਣ ਨਾਲ਼ ਤੁਰਨਾ-ਫਿਰਨਾ ਸੌਖਾ ਹੋ ਜਾਏਗਾ, ਪਰ ਨਾਲ਼ ਹੀ ਦਿਲ ਵਿਚ ਇਹ ਸਹਿਮ ਵੀ ਇਕ ਨੁੱਕਰ ਮੱਲ ਬੈਠਾ ਸੀ ਕਿ ਜੇ ਸਰਜਰੀ ਠੀਕ ਨਾ ਹੋਈ ਤਾਂ ਨੁਕਸ ਵਧ ਵੀ ਸਕਦਾ ਹੈ। ਪਹਿਲੀ ਫਰਵਰੀ ਤੋਂ 5 ਫਰਵਰੀ ਦੀ ਸ਼ਾਮ ਤਕ ਡਾਕਟਰੀ ਹਦਾਇਤਾਂ ਦੀ ਪਾਲਣਾ ਵੀ ਕਰੀ ਜਾ ਰਿਹਾ ਸਾਂ ਤੇ ਦਿਲ 'ਚ ਬੈਠੇ ਸਹਿਮ ਦੇ ਤੌਖਲੇ-ਨਿਹੋਰੇ ਜਿਹੇ ਵੀ ਜਰੀ ਜਾ ਰਿਹਾ ਸਾਂ।
    ਆਖ਼ਰ ਆਪ੍ਰੇਸ਼ਨ ਕਰਨ ਦੀ ਘੜੀ ਆ ਗਈ। ਦਸ ਕੁ ਵਜੇ ਇਕ ਵਾਰਡ ਵਿਚ ਵਿਛਾਏ ਹੋਏ ਇਕ ਬੈੱਡ ਉੱਤੇ ਮੈਨੂੰ ਲੰਮਿਆਂ ਪਾ ਦਿੱਤਾ ਗਿਆ ਤੇ ਇਕ ਬੰਦਾ, ਜੋ 'ਮੇਲ ਨਰਸ' ਸੀ, ਮੇਰਾ ਤਾਪਮਾਨ ਤੇ ਬਲੱਡ ਪ੍ਰੈਸ਼ਰ ਵਗ਼ੈਰਾ ਦੇਖ ਕੇ ਨੋਟ ਕਰਨ ਲੱਗ ਪਿਆ। ਫਿਰ ਉਸ ਨੇ ਮੇਰੇ ਖੱਬੇ ਹੱਥ ਉੱਤੇ ਇਕ ਨਾੜੀ ਵਿਚ ਇਕ ਸੂਈ, ਜਿਸ ਨੂੰ ਡਾਕਟਰੀ ਭਾਸ਼ਾ ਵਿਚ 'ਇੰਟਰਾਵੀਨੱਸ' ਯਾਨੀ 'ਆਈ. ਵੀ.' ਕਿਹਾ ਜਾਂਦਾ ਹੈ, ਲਗਾ ਦਿੱਤੀ। ਇਸ ਸੂਈ ਨਾਲ਼ ਲੱਗੀ ਹੋਈ, ਪਲਾਸਟਿਕ ਦੀ ਪਾਈਪ ਇਕ ਡੱਟ ਜਿਹੇ ਨਾਲ਼ ਬੰਦ ਕਰ ਦਿੱਤੀ ਗਈ। ਮੈਂ ਸਮਝ ਗਿਆ ਸਾਂ ਕਿ ਸਰਜਰੀ ਕਰਨ ਸਮੇਂ, ਇਸ 'ਨਾੜ-ਸੂਈ' ਰਾਹੀਂ ਖ਼ੂਨ ਜਾਂ ਗੁਲੂਕੋਜ਼ ਵਗ਼ੈਰਾ ਚੜ੍ਹਾਇਆ ਜਾਵੇਗਾ। ਇਸ ਤੋਂ ਬਾਅਦ ਮੇਰਾ ਬੈੱਡ ਰੇੜ੍ਹ ਕੇ ਇਕ ਹੋਰ ਕਮਰੇ ਵਿਚ ਲਿਜਾਇਆ ਗਿਆ, ਜਿਸ ਵਿਚ ਲੱਗੇ ਸਾਈਨ ਬੋਰਡ ਪੜ੍ਹਨ ਤੋਂ ਮੈਨੂੰ ਪਤਾ ਲੱਗ ਗਿਆ ਕਿ ਸਰਜਰੀ ਵਾਲ਼ਾ ਕਮਰਾ ਕਿਤੇ ਨੇੜੇ ਹੀ ਹੈ।
    ਦੋ ਡਾਕਟਰ ਵਾਰੀ-ਵਾਰੀ ਮੇਰੇ ਕੋਲ ਆਏ। ਇਕ ਨੇ ਮੇਰੇ ਨਾਲ਼ ਹੱਥ ਮਿਲਾਉਂਦਿਆਂ ਆਪਣਾ ਨਾਂ ਦੱਸਿਆ ਤੇ ਕਿਹਾ ਕਿ ਉਹ ਇਕ ਹਲਕਾ ਜਿਹਾ ਟੀਕਾ ਲਗਾ ਕੇ ਮੈਨੂੰ ਨੀਮ ਬੇਹੋਸ਼ ਕਰੇਗਾ। ਮੈਨੂੰ ਸਰਜਰੀ ਦੌਰਾਨ ਹੋਸ਼ ਵੀ ਰਹੇਗੀ ਤੇ ਨੀਂਦ ਜਿਹੀ ਵੀ ਆਏਗੀ। ਮੈਨੂੰ ਬੈੱਡ 'ਤੇ ਲੰਮੇ ਪਏ ਨੂੰ ਹੀ 'ਸਰਜਰੀ ਵਾਲ਼ੇ ਅੱਡੇ' ਉੱਤੇ ਪਾ ਲਿਆ ਗਿਆ। ਇਸ ਦੌਰਾਨ ਮੈਨੂੰ 'ਆਪਣਾ ਡਾਕਟਰ' ਵੀ ਦਿਸਿਆ, ਜਿਸ ਨੇ ਮੇਰੇ ਨਾਲ਼ ਨਜ਼ਰਾਂ ਮਿਲਣ 'ਤੇ ਖੱਬੇ ਹੱਥ ਦਾ ਅੰਗੂਠਾ ਖੜ੍ਹਾ ਕਰ ਕੇ 'ਸਭ ਅੱਛਾ' ਕਿਹਾ। ਬੇਹੋਸ਼ ਕਰਨ ਵਾਲ਼ੇ ਡਾਕਟਰ ਨੇ ਕਿਹਾ, "ਆਹ ਛੋਟਾ ਜਿਹਾ ਟੀਕਾ ਲਾਉਣ ਲੱਗਿਆਂ, ਜੇ ਤਕਲੀਫ਼ ਹੋਈ ਤਾਂ ਦੱਸੀਂ।" ਮੈਂ ਇਸ ਗੱਲ ਦਾ ਜੁਆਬ ਦਿੱਤਾ ਕਿ ਨਹੀਂ ਦਿੱਤਾ, ਮੈਨੂੰ ਨਹੀਂ ਪਤਾ।
    ਇਹ ਤਾਂ ਮੈਨੂੰ ਪਤਾ ਸੀ ਕਿ ਮੇਰੀ ਸਰਜਰੀ 'ਵੱਡੀ' ਸੀ, ਜਿਸ ਨੂੰ ਤਿੰਨ-ਚਾਰ ਘੰਟੇ ਲੱਗ ਸਕਦੇ ਹਨ। ਇਸ ਕੰਮ ਨੂੰ ਅਸਲ ਵਿਚ ਕਿੰਨਾ ਸਮਾਂ ਲੱਗਿਆ ਤੇ ਮੈਨੂੰ ਹੋਸ਼ ਕਿੰਨੇ ਚਿਰ ਬਾਅਦ ਆਇਆ, ਮੈਨੂੰ ਕੋਈ ਇਲਮ ਨਹੀਂ ਹੈ। ਹੋਸ਼ ਆਇਆ ਤਾਂ ਏਦਾਂ ਲੱਗਿਆ ਕਿ ਅਸੀਂ ਸਾਰੇ ਉੱਥੇ ਹੀ ਹਾਂ, ਜਿੱਥੇ ਮੇਰੇ ਬੇਹੋਸ਼ ਹੋਣ ਤੋਂ ਪਹਿਲਾਂ ਸਾਂ। ਮੇਰੇ ਚੱਡਿਆਂ ਵਿਚ ਖ਼ੱਬੇ ਪਾਸੇ ਪਈ ਇਕ ਚੀਸ ਨੇ ਮੈਨੂੰ ਦੱਸ ਦਿੱਤਾ, "ਸੱਜਣਾ! ਤੇਰੇ ਆਲ਼ਾ ਕੰਮ ਹੋ ਚੁੱਕੈ!!" ਮਨ ਸਾਲ਼ੇ ਨੂੰ ਚੈਨ ਹਾਲੇ ਵੀ ਨਹੀਂ ਸੀ, ਵਾਰ-ਵਾਰ ਕਹੇ ਕਿ ਮੈਂ ਇਹ ਪੁੱਛਾਂ ਕਿ ਇਲਾਜ ਦੇ ਢੰਗਾਂ ਵਿਚੋਂ, ਕਿਹੜਾ ਢੰਗ ਵਰਤਿਆ ਗਿਆ ਹੈ। ਕਿਸੇ ਤਰ੍ਹਾਂ ਮੈਨੂੰ ਪਤਾ ਲੱਗ ਹੀ ਗਿਆ ਕਿ ਮੇਰੇ ਖੱਬੇ ਪੱਟ ਵਿਚ ਸਟੈਂਟ ਪਾਇਆ ਗਿਆ ਹੈ।
    ਫਿਰ ਨਰਸਾਂ ਅਤੇ ਹੋਰ ਅਮਲਾ, ਮੇਰੇ ਪੈਰਾਂ ਦੇ ਬੋਲ ਸੁਣਨ ਦੇ ਹੀਲੇ ਕਰਨ ਲੱਗਿਆ। ਸੁਣਨ ਤੋਂ ਚੇਤਾ ਆਇਆ ਕਿ ਕੈਨੇਡਾ ਦੇ ਇਸ ਹਸਪਤਾਲ ਵਿਚ ਦਾਖਲ ਹੋ ਕੇ ਹੀ ਮੈਨੂੰ ਇਹ ਪਤਾ ਲੱਗਿਆ ਕਿ 'ਸਟੈਥੋਸਕੋਪ' ਨਾਲ਼ ਜਿਸਮ ਦਾ ਮੁਆਇਨਾ ਕਰਨ ਵਾਲੇ, ਜਿਸ ਅੰਗ ਦਾ ਮੁਆਇਨਾ ਕਰਨ ਲੱਗਦੇ ਹਨ, ਉਸ ਨੂੰ 'ਸੁਣਨਾ' ਕਹਿੰਦੇ ਹਨ, ਜਿੱਦਾਂ "ਲੈੱਟ ਮੀ ਹੀਅਰ ਯੂਅਰ ਹਾਰਟ" ਯਾਨੀ "ਮੈਨੂੰ ਆਪਣੇ ਦਿਲ ਦੀ ਅਵਾਜ਼ ਸੁਣਨ ਦਿਓ।" ਮੇਰੇ ਮੁੱਖ ਅੰਗਾਂ ਦੀ ਅਵਾਜ਼ ਸੁਣਨ ਦੇ ਨਾਲ਼-ਨਾਲ਼ ਮੇਰੇ ਪੈਰਾਂ ਦੀ ਅਵਾਜ਼ ਸੁਣਨ ਲਈ 'ਡੋਪਲਰ' ਨਾਂ ਦੀ ਮਸ਼ੀਨ ਵਰਤਣ ਤੋਂ ਪਹਿਲਾਂ ਮੇਰੇ ਪੈਰ, ਕਈ ਥਾਹਾਂ ਤੋਂ ਟੋਹ ਕੇ ਉਨ੍ਹਾਂ ਵਿਚ ਹੁੰਦੇ ਖ਼ੂਨ ਦੇ ਦੌਰੇ ਦੀਆਂ 'ਸੁਰਾਂ' ਸੁਣਨ ਦੇ ਹੀਲੇ ਕੀਤੇ ਜਾਂਦੇ। ਮੇਰੇ ਪੈਰਾਂ ਨੂੰ ਹੱਥ ਲਾ-ਲਾ ਮੈਨੂੰ ਪੁੱਛਿਆ ਜਾਂਦਾ ਕਿ 'ਪੈਰ ਛੁਹੇ ਜਾਂਦੇ' ਮਹਿਸੂਸ ਹੁੰਦੇ ਹਨ ਕਿ ਨਹੀਂ।
    ਮੈਂ ਕਦੇ ਵੀ ਆਪਣੇ ਪੈਰ ਛੁਹਣੇ ਪਸੰਦ ਨਹੀਂ ਕੀਤੇ, ਪਰ ਹਸਪਤਾਲ ਵਿਚ ਜਦੋਂ ਵੀ ਮੇਰੇ ਪੈਰ ਛੁਹੇ ਗਏ, ਮੈਨੂੰ ਬਹੁਤ ਅਜੀਬ ਜਿਹਾ ਮਹਿਸੂਸ ਹੁੰਦਾ। 12 ਦਿਨ ਹਸਪਤਾਲ ਵਿਚ ਰਹਿ ਕੇ 17 ਫਰਵਰੀ ਨੂੰ ਘਰ ਮੁੜਿਆ ਹਾਂ। ਖ਼ਬਰਾਂ ਲੈਣ ਵਾਲਿਆਂ ਦੇ ਸੁਆਲਾਂ ਦੇ ਜੁਆਬ ਦੇਣੇ ਵੀ ਬਹੁਤ ਤਕਲੀਫ਼ ਦਿੰਦੇ ਹਨ ਕਿਉਂ ਕਿ ਪੁੱਛਣ ਵਾਲ਼ੇ ਬਦਲਦੇ ਰਹੇ, ਜੁਆਬ ਦੇਣ ਵਾਲ਼ਾ ਉਹੀ ਸੀ। ਸਰਜਰੀ ਦੇ ਜ਼ਖ਼ਮ ਠੀਕ ਹੋਣ ਮਗਰੋਂ ਲੰਬੀ ਵਾਟ ਤੁਰ ਕੇ ਹੀ ਪਤਾ ਲੱਗੇਗਾ ਕਿ ਮੇਰੇ ਪੈਰਾਂ ਦਾ 'ਰੁੱਸੀ-ਵੱਟ' ਉੱਤਰਿਐ ਕਿ ਨਹੀਂ।
    ਤੁਹਾਡੇ ਪੈਰ ਹੀ ਹਨ, ਜੋ ਤੁਹਾਨੂੰ ਧਰਤੀ ਨਾਲ਼ ਜੁੜਿਆ ਰੱਖਦੇ ਹਨ। ਤੁਹਾਡੇ ਪੈਰ ਹੀ ਹਨ, ਜਿਨ੍ਹਾਂ ਰਾਹੀਂ ਤੁਹਾਡੀਆਂ ਜੜ੍ਹਾਂ, ਧਰਤੀ ਵਿਚ ਪੱਸਰਦੀਆਂ ਹਨ। ਅਸੀਂ ਪੈਰਾਂ ਨੂੰ ਬਹੁਤ ਸਾਧਾਰਨ ਅੰਗ ਸਮਝਦੇ ਹਾਂ, ਪਰ ਰੁੱਸ ਜਾਣ ਤਾਂ ਇਨ੍ਹਾਂ ਦੀ ਅਹਿਮੀਅਤ ਦਾ ਪਤਾ ਲੱਗਣ ਵਿਚ ਇਕ ਪਲ ਵੀ ਨਹੀਂ ਲੱਗਦਾ। ਜਿਨ੍ਹੀਂ ਦਿਨੀਂ ਤੁਰੇ ਜਾਂਦਿਆਂ ਮੇਰੀ ਲੱਤ ਦਾ ਦਰਦ ਮੈਨੂੰ ਰਾਹ ਵਿਚ ਰੋਕਣ ਲੱਗ ਪਿਆ, ਮੈਂ ਆਪਣੇ-ਆਪ ਨੂੰ ਚਾਰ ਪਹੀਆਂ ਵਾਲ਼ੇ ਸਕੂਟਰਾਂ ਦੇ ਸਵਾਰਾਂ ਵਿਚੋਂ ਹੀ ਮਹਿਸੂਸ ਕਰਨ ਲੱਗ ਪਿਆ ਸੀ। ਮੈਨੂੰ ਕਿਸੇ ਸਿਆਣੇ ਦੀ ਕਹੀ ਹੋਈ ਇਹ ਗੱਲ, ਹਸਪਤਾਲ ਵਿਚ ਬੜੀ ਚੇਤੇ ਆਉਂਦੀ ਰਹੀ ਕਿ ਨ੍ਹਾਉਣ ਵੇਲ਼ੇ ਸਭ ਤੋਂ ਪਹਿਲਾਂ ਪੈਰ ਧੋਣੇ ਚਾਹੀਦੇ ਹਨ। ਸੋ, ਆਪਣੇ ਪੈਰਾਂ ਨੂੰ ਸੰਭਾਲ ਕੇ ਰੱਖੋ, ਨਹੀਂ ਤਾਂ ਕੋਈ ਪਤਾ ਨਹੀਂ ਕਿ ਕਦੋਂ ਇਹ ਤੁਹਾਡੇ ਨਾਲ਼ ਬੋਲਣੋਂ ਹਟ ਜਾਣ।#