ਸ਼ਬਦੰਗਲ-96

'ਲੱਲੂ' ਕਰੇ ਕੁਵੱਲੀਆਂ, ਕੋਈ ਜ਼ਰੂਰੀ ਤਾਂ ਨਹੀਂ
<><><><><><><><><><><>
    ਐਤਕੀਂ ਤੁਹਾਨੂੰ ਇਕ ਬਾਤ ਨਾ ਸੁਣਾਈਏ, ਬਾਤ ਵੀ ਪੂਰੀ ਤਰ੍ਹਾਂ ਸੱਚੀ? ਤਕਰੀਬਨ 36 ਸਾਲ ਪਹਿਲਾਂ ਪਟਿਆਲ਼ੇ ਦੇ ਇਕ, ਭਜਨ ਪ੍ਰਤਾਪ ਸਿੰਘ ਧਾਲੀਵਾਲ ਦੀ ਪਤਨੀ ਸੁਕਰਨੀ ਧਾਲੀਵਾਲ ਨੇ ਇਕ ਪੁੱਤਰ ਨੂੰ ਜਨਮ ਦਿੱਤਾ, ਜਿਸ ਦਾ ਨਾਮ, ਉਨ੍ਹਾਂ ਨੇ ਗੁਨਰਾਜ ਸਿੰਘ ਰੱਖਿਆ। ਉਹ, ਆਪਣੇ ਇਸ ਬੱਚੇ ਨੂੰ ਲਾਡ ਨਾਲ਼ 'ਗੁੰਨੂ' ਕਹਿ-ਕਹਿ ਪਾਲ਼ ਰਹੇ ਸਨ। ਗੁੰਨੂ ਚਾਰ ਸਾਲ ਇਸ ਤਰ੍ਹਾਂ ਹੀ ਆਪਣੇ ਮਾਪਿਆਂ ਦਾ ਲਾਡ-ਦੁਲਾਰ ਮਾਣਦਾ ਰਿਹਾ, ਪਰ ਪੰਜ ਸਾਲਾਂ ਦਾ ਹੋਣ 'ਤੇ ਉਸ ਦੇ ਵਤੀਰੇ ਵਿਚੋਂ ਮੁੰਡਪੁਣਾ ਗ਼ਾਇਬ ਹੋਣ ਲੱਗ ਪਿਆ ਤੇ ਉਹ, ਮੁੰਡਿਆਂ ਵਾਲ਼ੇ ਖਿਡਾਉਣੇ ਛੱਡ ਕੇ, ਆਪਣੀ ਮਾਂ ਦੇ ਕੱਪੜਿਆਂ ਤੇ ਹੋਰ ਜ਼ਨਾਨਾ ਚੀਜ਼ਾਂ ਨਾਲ਼ ਖੇਡਣ ਲੱਗ ਪਿਆ।

    ਜਦੋਂ 12 ਸਾਲਾਂ ਦਾ ਹੋ ਕੇ ਵੀ ਉਹ ਆਪਣੇ ਮਾਪਿਆਂ ਨੂੰ ਆਪਣੇ ਤਨ-ਮਨ ਦਾ ਦੁੱਖ ਨਾ ਦੱਸ ਸਕਿਆ ਤਾਂ ਉਹ, ਆਪਣੇ ਸ਼ਹਿਰ ਦੀਆਂ ਕੈਮਿਸਟ ਸ਼ਾਪਾਂ ਤੋਂ ਨੀਂਦ ਦੀਆਂ ਗੋਲੀਆਂ ਭਾਲਣ ਲੱਗਿਆ, ਪਰ ਕਿਸੇ ਨੇ ਵੀ ਉਸ ਨੂੰ ਡਾਕਟਰ ਦੀ ਪਰਚੀ ਤੋਂ ਬਗ਼ੈਰ, 'ਸਦਾ ਦੀ ਨੀਂਦੇ ਸੌਂ ਜਾਣ' ਦਾ ਸਾਧਨ ਨਾ ਦਿੱਤਾ। ਉਸ ਨੂੰ ਲੱਗਿਆ ਕਿ ਹੁਣ ਉਸ ਨੂੰ ਇਹ 'ਪਰਾਇਆ ਤਨ' ਹੀ ਹੰਢਾਉਣਾ ਪੈਣਾ ਹੈ। ਉਸ ਦਿਨ ਨੀਂਦ ਦੀਆਂ ਗੋਲੀਆਂ ਨਾ ਮਿਲਣ ਦੇ ਕੋਈ ਬਹੁਤ ਡੂੰਘੇ ਅਰਥ ਸਨ, ਜੋ ਗੁੰਨੂ ਨੂੰ ਬਹੁਤ ਚਿਰ ਬਾਅਦ ਸਮਝ ਆਏ ਜਦੋਂ ਉਹ, 14 ਸਾਲਾਂ ਦਾ ਹੋ ਗਿਆ ਤਾਂ ਉਸ ਨੇ ਫਿਰ ਆਪਣੇ ਮਾਪਿਆਂ ਨੂੰ ਆਪਣੇ ਅੰਦਰ ਹੋ ਰਹੀ ਟੁੱਟ-ਭੱਜ ਬਾਰੇ ਦੱਸਣ ਦਾ ਹੀਲਾ ਕੀਤਾ, ਪਰ ਉਹ, ਆਪਣੇ ਤਨ-ਮਨ ਦਾ ਸੁਨੇਹਾ, ਆਪਣੇ ਮਾਪਿਆਂ ਦੇ ਮਨ ਤਕ ਪਹੁੰਚਾ ਨਾ ਸਕਿਆ। ਇਸ ਬੇਵਸੀ ਵਿਚ ਹੀ ਉਹ ਘਰੋਂ ਨਿੱਕਲ ਗਿਆ ਤਾਂ ਉਸ ਦੇ ਮਾਪਿਆਂ ਨੂੰ ਉਸ ਦੀਆਂ ਗੱਲਾਂ ਚੇਤੇ ਹੀ ਨਹੀਂ, ਸਮਝ ਵੀ ਆ ਗਈਆਂ।

    ਇਕ ਟੀਵੀ ਪ੍ਰੋਗਰਾਮ ਵਿਚ ਆਪਣੀ ਵਿਥਿਆ ਸੁਣਾਉਂਦਿਆਂ ਉਸ ਨੇ ਇਹ ਕਿਹਾ ਹੋਇਆ ਹੈ, "ਮੈਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਸੀ ਕਿ ਮੈਂ, ਇਕ ਮੁੰਡੇ ਦੇ ਜਾਮੇ ਵਿਚ ਕੁੜੀ ਹਾਂ। ਮੈਂ ਇਹ ਵੀ ਜਾਣ ਲਿਆ ਸੀ ਕਿ ਕਿਸੇ ਜੀਵ ਦੀ ਇਹੋ ਜਿਹੀ ਹਾਲਤ ਦੇ ਬਾਰੇ ਮੈਡੀਕਲ ਸਾਇੰਸ ਕੀ ਕਹਿੰਦੀ ਹੈ। ਇਸ ਸਾਇੰਸ ਵਿਚ ਇਸ ਨੂੰ 'ਜੈਂਡਰ ਡਿਸਫੋਰੀਆ' ਦਾ ਕੇਸ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕਿਉਂ ਹੁੰਦਾ ਹੈ, ਸਾਇੰਸ ਕੋਲ ਇਸ ਦਾ ਕੋਈ ਜੁਆਬ ਨਹੀਂ ਹੈ। ਇਸ ਧਰਤੀ ਦੇ 21.3 ਮਿਲੀਅਨ ਲੋਕ ਇਸ ਨੁਕਸ ਦੇ ਸ਼ਿਕਾਰ ਹਨ। ਇਹ ਲੋਕ, 'ਆਪਣੀ ਹੀ ਦੇਹ ਵਿਚ ਕੈਦ' ਹੁੰਦੇ ਹਨ। ਮੈਨੂੰ ਮਰਦਾਨਾ ਦੇਹ ਵਿਚ ਕੈਦ ਹੋਣ ਦਾ ਇਲਮ ਬਾਰਾਂ ਸਾਲ ਦੀ ਉਮਰ ਵਿਚ ਹੀ ਹੋ ਗਿਆ ਸੀ। ਪੱਚੀ ਸਾਲ ਇਸ ਦੇਹ ਦੀ ਕੈਦ ਵਿਚ ਰਹਿਣ ਮਗਰੋਂ ਮੈਂ, ਕੁੱਝ ਦੋਸਤਾਂ ਨਾਲ਼ ਰਲ਼ ਕੇ, ਇਸ ਵਿਸ਼ੇ ਬਾਰੇ 'ਟੂ ਬੀ ਮੀ' ਨਾਂ ਦੀ ਇਕ ਦਸਤਾਵੇਜ਼ੀ ਫ਼ਿਲਮ ਬਣਾਈ। ਇਹ ਫ਼ਿਲਮ ਦੇਖਣ ਤੋਂ ਮਗਰੋਂ ਮੇਰੇ ਪਿਤਾ ਜੀ ਨੇ ਮੈਨੂੰ ਪੁੱਛਿਆ, 'ਤੂੰ ਇਹ ਸਰਜਰੀ ਕਰਾਉਣ ਕਦੋਂ ਜਾਣਾ ਏ?'"

    2007 ਵਿਚ ਜਦੋਂ ਉਹ 25 ਸਾਲਾਂ ਦਾ ਹੋ ਗਿਆ ਤਾਂ ਉਸ ਨੇ ਆਪਣੇ ਮਾਪਿਆਂ ਨੂੰ ਕਹਿ ਦਿੱਤਾ ਕਿ ਉਹ 'ਹੁਣ ਗੁੰਨੂ ਨੂੰ ਮਰ ਗਿਆ ਹੀ ਸਮਝ ਲੈਣ' ਕਿਉਂ ਕਿ ਉਸ ਨੇ 'ਸੈਕਸ ਰੀਅਸਾਈਨਮੈਂਟ ਸਰਜਰੀ' ਕਰਾ ਕੇ 'ਗੁੰਨੂ' ਤੋਂ 'ਗ਼ਜ਼ਲ' ਬਣਨ ਦਾ ਫ਼ੈਸਲਾ ਕਰ ਲਿਆ ਹੈ। ਇਹ ਫੈਸਲਾ ਕਰਨ ਤੋਂ ਬਾਅਦ ਉਸ ਨੂੰ ਆਪਣੇ ਰਿਸ਼ਤੇਦਾਰਾਂ ਅਤੇ ਸਮਾਜ ਨਾਲ਼ ਬੜਾ ਜ਼ੋਰਦਾਰ ਸੰਘਰਸ਼ ਕਰਨਾ ਪਿਆ।
ਉਸੇ ਹੀ ਟੀਵੀ ਪ੍ਰੋਗਰਾਮ ਵਿਚ, ਆਪਣੇ ਪਿੰਡੇ ਵਿਚ ਤਬਦੀਲੀਆਂ ਹੋਣ ਬਾਰੇ ਗ਼ਜ਼ਲ ਏਦਾਂ ਦੱਸਦੀ ਹੈ, "ਮੇਰੇ ਲਈ ਉਹ ਤਿੰਨ ਸਾਲ, ਗਰਭਵਤੀ ਰਹਿਣ ਵਾਂਗ ਸਨ। ਇਸ ਗਰਭ ਵਿਚੋਂ ਮੈਂ, ਸਹੀ ਰੂਪ ਵਿਚ ਆਪਣੇ-ਆਪ ਨੂੰ ਜਨਮ ਦੇਣਾ ਸੀ। ਇਹ ਸਮਾਂ, ਚਾਅ ਵਿਚ ਗੁੰਨ੍ਹੇ ਦੁੱਖ ਵਰਗੀ ਰਲਵੀਂ-ਮਿਲਵੀਂ ਭਾਵਨਾ ਵਾਲ਼ਾ ਸੀ। ਹਾਰਮੋਨਜ਼ ਨੇ ਮੇਰਾ ਜਿਸਮ 'ਸਾਕਰ ਫੀਲਡ' ਵਰਗਾ ਬਣਾਇਆ ਹੋਇਆ ਸੀ। ਕਦੇ-ਕਦੇ ਮੈਨੂੰ ਆਪਣੇ ਅੰਦਰ ਜਨੂੰਨ ਜਿਹਾ ਭਰਿਆ ਮਹਿਸੂਸ ਹੁੰਦਾ ਤੇ ਕਦੇ-ਕਦੇ ਮੈਨੂੰ, ਜਹਾਨ ਭਰ ਦੇ ਹਰ ਜੀਅ ਨਾਲ਼ ਲੋਹੜੇ ਦਾ ਮੋਹ ਹੋਇਆ ਪ੍ਰਤੀਤ ਹੁੰਦਾ। ਹੁਣ ਕਦੇ-ਕਦੇ ਮੇਰੇ ਤੋ ਇਸ ਤਰ੍ਹਾਂ ਸੋਚੇ ਬਗ਼ੈਰ ਨਹੀਂ ਰਿਹਾ ਜਾਂਦਾ ਕਿ ਮੇਰੀ ਜ਼ਿੰਦਗ਼ੀ ਪਰੀਆਂ ਦੀ ਕਹਾਣੀ ਵਰਗੀ ਹੀ ਤਾਂ ਹੈ। ਏਦਾਂ ਲੱਗਦਾ ਹੁੰਦਾ ਸੀ ਕਿਸੇ ਦਾਦੀ ਪਰੀ ਨੇ ਮੈਨੂੰ ਵਰ ਦਿੱਤਾ ਤੇ ਬੜੇ ਹੀ ਜਾਦੂਈ ਢੰਗ ਨਾਲ਼ ਮੇਰਾ ਕਾਇਆ-ਕਲਪ ਹੋ ਗਿਆ। ਮੇਰੀ ਸਰਜਰੀ, ਬੈਂਕਾਕ ਵਿਚ ਹੋਈ। ਇੱਥੇ ਹਿਜੜਿਆਂ ਨੂੰ ਕੁੱਝ ਪੈਸੇ ਦੇ-ਦੁਆ ਕੇ ਤੁਰਦੇ ਕਰ ਦਿੱਤਾ ਜਾਂਦਾ ਹੈ। ਕਦੇ ਕਿਸੇ ਨੇ ਉਨ੍ਹਾਂ ਦੇ ਅੰਦਰਲੀ ਹਲਚਲ ਮਹਿਸੂਸ ਕਰਨ ਦਾ ਜਾਂ ਉਨ੍ਹਾਂ ਨੂੰ ਰੁਜ਼ਗ਼ਾਰ ਦੇਣ ਦਾ ਹੀਲਾ ਕੀਤਾ ਹੈ? ਮੈਨੂੰ ਨਵੀਂ ਪਛਾਣ ਮਿਲਣ ਮਗਰੋਂ, ਸਾਰਾ ਜਹਾਨ ਬਾਹਾਂ ਖੋਲ੍ਹ ਕੇ ਮੈਨੂੰ ਮਿਲਣਾ ਤਾਂਘਦਾ ਹੈ, ਪਰ ਜਿਹੜੇ ਲੋਕ ਆਪਣੀ ਮਾਨਸਿਕਤਾ ਅਤੇ ਅੰਦਰਲੀ ਭਾਵਨਾ ਤੋਂ ਉਲਟ ਸਰੀਰਾਂ ਵਿਚ ਹੀ ਕੈਦ ਰਹਿੰਦੇ ਹਨ, ਉਨ੍ਹਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਂਦਾ ਹੈ?"

    'ਗੁੰਨੂ' ਤੋਂ 'ਗ਼ਜ਼ਲ' ਬਣੀ ਇਸ ਕੁੜੀ ਨੇ ਬੁੱਢਾ ਦਲ ਪਬਲਿਕ ਸਕੂਲ ਵਿਚ ਪੜ੍ਹਾਈ ਕਰ ਕੇ, ਮਾਲਵੀਆ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ, ਜੈਪੁਰ ਤੋਂ ਕੈਮੀਕਲ ਇੰਜੀਨੀਅਰਿੰਗ ਵਿਚ 'ਬੀ. ਟੈਕ.' ਦੀ ਡਿਗਰੀ ਹਾਸਲ ਕੀਤੀ। ਫਿਰ ਉਸ ਨੇ 'ਇਨਫੋਸਿਸ ਟੈਕਨਾਲੋਜੀਜ਼ ਲਿਮਿਟਿਡ, ਮੈਸੂਰ' ਵਿਚ ਸਾਫਟਵੇਅਰ ਇੰਜੀਨੀਅਰ ਵਜੋਂ ਨੌਕਰੀ ਕੀਤੀ। 2005 ਵਿਚ ਇਹ ਨੌਕਰੀ ਛੱਡ ਕੇ ਉਹ, ਹਿੰਦੀ ਫ਼ਿਲਮਾਂ ਦੀ ਲੇਖਕਾ ਵਜੋਂ ਹੱਥ ਅਜ਼ਮਾਉਣ ਖ਼ਾਤਰ ਮੁੰਬਈ ਚਲੀ ਗਈ। ਫਿਰ ਉਸ ਨੇ ਜ਼ੇਵੀਅਰ ਇੰਸਟੀਚਿਊਟ ਆਫ ਕਮਿਊਨੀਕੇਸ਼ਨਜ਼, ਮੁੰਬਈ ਵਿਖੇ, ਫ਼ਿਲਮਸਾਜ਼ੀ ਦਾ ਇਕ ਸਾਲ ਦਾ ਕੋਰਸ ਕਰ ਲਿਆ। ਇਸ ਤੋਂ ਮਗਰੋਂ ਉਸ ਨੂੰ ਇਕ ਐਨੀਮੇਟਿਡ ਫ਼ਿਲਮ ਬਣਾਉਣ ਦੇ ਸਬੰਧ ਵਿਚ ਫ਼ਿਲਮ ਨਿਰਦੇਸ਼ਕ ਗੋਵਿੰਦ ਨਿਹਲਾਨੀ ਦੀ ਸਹਾਇਕਾ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ।

    ਇਸ ਕਹਾਣੀ ਦਾ ਸਾਰ ਇਹੋ ਹੈ ਕਿ ਗ਼ਜ਼ਲ ਨੇ ਫ਼ਿਲਮ ਸਨਅਤ ਵਿਚ ਆਪਣੇ ਨਾਂ ਦਾ ਸਿੱਕਾ ਚਲਾਉਣਾ ਸੀ, ਪਰ ਇਕ ਕੁੜੀ ਦੇ ਰੂਪ ਵਿਚ ਹੀ। ਹੁਣ ਉਸ ਨੂੰ ਸਮਝ ਆ ਗਿਆ ਸੀ ਪਟਿਆਲੇ ਦੇ ਕੈਮਿਸਟਾਂ ਨੇ ਉਸ ਨੂੰ 'ਅਰਾਮ ਨਾਲ਼ ਮਰ ਜਾਣ ਲਈ' ਨੀਂਦ ਦੀਆਂ ਗੋਲ਼ੀਆਂ ਕਿਉਂ ਨਹੀਂ ਦਿੱਤੀਆਂ ਸਨ। ਹਾਲ ਹੀ ਵਿਚ ਰਿਲੀਜ਼ ਹੋਈ ਹਿੰਦੀ ਫ਼ਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦੀ ਪਟਕਥਾ ਇਸੇ ਹੀ ਗ਼ਜ਼ਲ ਧਾਲੀਵਾਲ ਦੀ ਲਿਖੀ ਹੋਈ ਹੈ। ਇੱਥੇ ਦੱਸਣਾ ਲਾਜ਼ਮੀ ਹੋ ਗਿਆ ਹੈ ਕਿ ਇਹ ਫ਼ਿਲਮ, ਗ਼ਜ਼ਲ ਧਾਲੀਵਾਲ ਦੇ ਨਿੱਜੀ ਅਨੁਭਵ 'ਤੇ ਆਧਾਰਤ ਹੈ ਤੇ ਇਸ ਦਾ ਵਿਸ਼ਾ 'ਹਮਜਿਨਸੀ' ਹੀ ਹੈ।

    ਸਰਜਰੀ ਹੋਣ ਮਗਰੋਂ ਗ਼ਜ਼ਲ ਡੇਢ ਸਾਲ਼, ਪਟਿਆਲ਼ਾ ਵਿਖੇ ਆਪਣੇ ਮਾਪਿਆਂ ਨਾਲ਼ ਰਹਿਣ ਮਗਰੋਂ ਆਪਣਾ ਅਗਲਾ ਸੁਪਨਾ ਪੂਰਾ ਕਰਨ ਲਈ ਮੁੰਬਈ ਚਲੀ ਗਈ। ਮੁੰਬਈ ਵਿਚ ਕੁੱਝ ਸਮਾਂ ਸਹਾਇਕ ਲੇਖਕਾ ਵਜੋਂ ਕੰਮ ਕਰਨ ਮਗਰੋਂ ਇਕ ਦਿਨ, ਉਹ ਇਕ ਕਮਰੇ ਵਿਚ ਬੰਦ ਹੋ ਗਈ ਤੇ 25 ਦਿਨਾਂ ਮਗਰੋਂ ਆਪਣੀ ਪਹਿਲੀ ਫੀਚਰ ਫ਼ਿਲਮ ਸਕਰਿਪਟ ਲਿਖ ਕੇ ਬਾਹਰ ਨਿੱਕਲੀ। ਉਸ ਨੇ ਉਸ ਸਕਰਿਪਟ ਦੀਆਂ ਕਾਪੀਆਂ ਥਾਂ-ਥਾਂ 'ਸੁੱਟ' ਦਿੱਤੀਆਂ। ਕਿਸੇ ਬੰਦੇ ਨੇ ਫ਼ਿਲਮ ਨਿਰਦੇਸ਼ਕਾ ਤਨੂਜਾ ਚੰਦਰਾ, ਜੋ ਕਿਸੇ ਨਵੇਂ ਲੇਖਕ ਦੀ ਤਲਾਸ਼ ਵਿਚ ਸੀ, ਨੂੰ ਗ਼ਜ਼ਲ ਧਾਲੀਵਾਲ ਬਾਰੇ ਦੱਸਿਆ। 'ਰਾਮ ਮਿਲਾਈ ਜੋੜੀ...' ਦੀ ਤਰਜ਼ ਉੱਤੇ ਤਨੂਜਾ ਅਤੇ ਗ਼ਜ਼ਲ ਦੀ ਮੁਲਾਕਾਤ ਹੋਈ। ਲੱਗਦਾ ਸੀ ਕਿ ਤਿਹਾਏ ਨੂੰ ਖੂਹ ਨਹੀਂ, ਸਗੋਂ ਟਿਊਬਵੈੱਲ ਮਿਲ ਗਿਆ ਹੈ। ਤਨੂਜਾ ਚੰਦਰਾ ਨੇ ਗ਼ਜ਼ਲ ਦੀ ਜਾਣ-ਪਛਾਣ ਆਪਣੇ ਰਿਸ਼ਤੇਦਾਰ ਵਿੱਧੂ ਵਿਨੋਦ ਚੋਪੜਾ ਨਾਲ਼ ਕਰਾਈ।
    ਇਸ ਤਰ੍ਹਾਂ ਉਸ ਨੂੰ ਫ਼ਿਲਮ 'ਵਜ਼ੀਰ' ਲਈ 'ਅਡੀਸ਼ਨਲ ਡਾਇਲਾਗਜ਼' ਲਿਖਣ ਦਾ ਕੰਮ ਮਿਲ ਗਿਆ। ਪਹਿਲੀ ਸੱਟੇ, ਅਮਿਤਾਭ ਬੱਚਨ ਵੱਲੋਂ ਬੋਲੇ ਜਾਣ ਲਈ ਸੰਵਾਦ ਲਿਖ ਕੇ, ਉਹ ਕਿੱਦਾਂ ਮਹਿਸੂਸ ਕਰਦੀ ਸੀ, ਦੇ ਜੁਆਬ ਵਿਚ ਉਸ ਨੇ ਕਿਹਾ, "ਬੱਸ ਪੁੱਛੋ ਹੀ ਨਾ! ਅਮਿਤਾਭ ਬੱਚਨ ਨੂੰ ਤਾਂ ਮੇਰੇ ਬਾਰੇ ਇਲਮ ਹੀ ਕੋਈ ਨਹੀਂ ਸੀ। ਜਦੋਂ ਉਨ੍ਹਾਂ ਦੇ ਘਰ, ਅਸੀਂ ਸਕਰਿਪਟ ਪੜ੍ਹ ਰਹੇ ਸਾਂ ਤਾਂ ਅਸੀਂ (ਅਮਿਤਾਭ ਬੱਚਨ, ਨਿਰਦੇਸ਼ਕ ਬਿਜੌਏ ਨਾਂਬੀਅਰ, ਵਿੱਧੂ ਵਿਨੋਦ ਚੋਪੜਾ ਅਤੇ ਗ਼ਜ਼ਲ ਸਮੇਤ ਤਿੰਨ ਲੇਖਕ) ਇਕ ਵੱਡੇ ਗੋਲ ਮੇਜ਼ ਦੁਆਲ਼ੇ ਬੈਠੇ ਸਾਂ। ਮੇਰੇ ਲਈ ਉਹ ਪਲ ਯਾਦਗ਼ਾਰੀ ਸਨ।"

    ਇਸ ਨਾਲ਼ੋਂ ਵੀ ਵੱਧ ਯਾਦਗ਼ਾਰੀ ਪਲ ਉਹ ਸਨ, ਜਦੋਂ ਗ਼ਜ਼ਲ ਦੇ ਮਾਪੇ ਗ਼ਜ਼ਲ ਨਾਲ਼ 'ਵਜ਼ੀਰ' ਦਾ ਪ੍ਰੀਮੀਅਰ ਸ਼ੋਅ ਦੇਖਣ ਆਏ। ਫਿਰ ਗ਼ਜ਼ਲ ਨੇ ਬਹੁਚਰਚਿਤ ਫ਼ਿਲਮ 'ਲਿਪਸਟਿੱਕ ਅੰਡਰ ਮਾਈ ਬੁਰਖਾ' ਲਿਖੀ। ਇਸ ਦੀ ਨਿਰਦੇਸ਼ਕਾ ਅਲੰਕਰਿਤਾ ਸ਼੍ਰੀਵਾਸਤਵ ਆਪਣੇ ਸਕਰੀਨ ਪਲੇਅ ਦੇ ਡਾਇਲਾਗ ਲਿਖਾਉਣ ਲਈ ਨਵੇਂ ਲੇਖਕ ਦੀ ਭਾਲ਼ ਕਰ ਰਹੀ ਸੀ। ਉਸ ਨੇ ਗ਼ਜ਼ਲ ਨੂੰ ਪਰਖ਼ਣ ਲਈ, ਉਸ ਨੂੰ ਕੁੱਝ ਸੀਨਜ਼, ਡਾਇਲਾਗ ਲਿਖਣ ਖ਼ਾਤਰ ਦਿੱਤੇ। ਅਲੰਕਰਿਤਾ ਨੂੰ ਗ਼ਜ਼ਲ ਦਾ ਕੰਮ ਪਸੰਦ ਆਇਆ ਤਾਂ ਉਸ ਨੂੰ 'ਸਾਈਨ' ਕਰ ਲਿਆ ਗਿਆ। ਇਸ ਤੋਂ ਬਾਅਦ ਤਨੂਜਾ ਚੰਦਰਾ ਦੀ ਫ਼ਿਲਮ 'ਕਰੀਬ ਕਰੀਬ ਸਿੰਗਲ' ਮਿਲ ਗਈ।

    ਗ਼ਜ਼ਲ ਪਿਛਲੇ ਤਕਰੀਬਨ 20 ਸਾਲਾਂ ਤੋਂ ਬਾਰਿਸ਼ ਦੇ ਆਧਾਰ 'ਤੇ ਇਕ ਕਹਾਣੀ/ ਫ਼ਿਲਮ ਲਿਖਣਾ ਤਾਂਘਦੀ ਰਹੀ ਹੈ। ਇਸ ਬਾਰੇ 'ਏ ਮੌਨਸੂਨ ਡੇਟ' ਨਾਂ ਦੀ ਇਕ ਸ਼ਾਰਟ ਫ਼ਿਲਮ ਬਣਾਉਣ ਖ਼ਾਤਰ, ਤਨੂਜਾ ਚੰਦਰਾ ਵੀ ਉਸ ਨਾਲ਼ ਰਲ਼ਣ ਲਈ ਤਿਆਰ ਹੋ ਗਈ ਹੈ। 2016 ਵਿਚ ਗ਼ਜ਼ਲ ਨੇ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਲਿਖਣੀ ਸ਼ੁਰੂ ਕੀਤੀ ਤਾਂ ਸਮਾਂ ਪਾ ਕੇ ਉਸ ਨੂੰ ਲੱਗਿਆ ਕਿ ਇਸ ਫ਼ਿਲਮ ਦੀ ਕਹਾਣੀ, ਉਸ ਦੀ ਆਪਣੀ ਜੀਵਨ ਕਥਾ ਨਾਲ਼ ਕਾਫੀ ਹੱਦ ਤਕ ਰਲ਼ਦੀ-ਮਿਲ਼ਦੀ ਹੈ। ਗ਼ਜ਼ਲ ਧਾਲੀਵਾਲ ਸਮਾਂ ਪਾ ਕੇ ਨਿਰਦੇਸ਼ਕਾ ਬਣਨਾ ਚਾਹੁੰਦੀ ਹੈ।

    ਇਹ ਸਤਰਾਂ ਲਿਖਦਿਆਂ ਕਈ ਵਾਰੀ ਖ਼ਿਆਲ ਆਉਂਦਾ ਰਿਹਾ ਕਿ ਜੇ ਗ਼ਜ਼ਲ ਆਪਣੇ-ਆਪ ਨੂੰ ਜਨਮ ਦੇਣ ਦਾ ਤਹੱਈਆ ਨਾ ਕਰਦੀ ਤਾਂ ਹੁਣ ਨੂੰ 36 ਸਾਲਾਂ ਦਾ ਹੋ ਚੁੱਕਾ ਹੁੰਦਾ ਗੁਨਰਾਜ ਉਰਫ਼ ਗੁੰਨੂ ਕੀ ਕਰਦਾ ਹੁੰਦਾ! #

1.ਮੁੰਬਈ ਵਿਚ ਸਮਲਿੰਗੀਆਂ ਦੇ ਇਕ ਵਿਖਾਵੇ ਵਿਚ ਸ਼ਿਰਕਤ ਕਰਦੀ ਗ਼ਜ਼ਲ ਧਾਲੀਵਾਲ 2. ਗ਼ਜ਼ਲ ਧਾਲੀਵਾਲ (ਵਿਚਾਲ਼ੇ) ਆਪਣੇ ਮਾਪਿਆਂ ਭਜਨ ਪ੍ਰਤਾਪ ਸਿੰਘ ਧਾਲੀਵਾਲ ਅਤੇ ਸੁਕਰਨੀ ਧਾਲੀਵਾਲ ਨਾਲ਼ 3.ਗ਼ਜ਼ਲ ਧਾਲੀਵਾਲ 4. ਬਾਰਾਂ ਸਾਲਾਂ ਦੀ ਗ਼ਜ਼ਲ, ਗੁਨਰਾਜ ਸਿੰਘ ਉਰਫ਼ ਗੁੰਨੂ ਦੇ ਰੂਪ ਵਿਚ 5. ਟੀਵੀ ਪ੍ਰੋਗਰਾਮ 'ਸਤਯਮੇਵ ਜਯਤੇ' ਵਿਚ ਗ਼ਜ਼ਲ ਧਾਲੀਵਾਲ ਅਤੇ ਅਦਾਕਾਰ ਆਮਿਰ ਖ਼ਾਨ 6. ਫਿਲਮਸਾਜ਼ ਤਨੂਜਾ ਚੰਦਰਾ ਅਤੇ ਗ਼ਜ਼ਲ ਧਾਲੀਵਾਲ.