ਸ਼ਬਦੰਗਲ-100

-ਆਖ਼ਰੀ ਮੋਦੀਨਾਮਾ-
ਏਦਾਂ ਹੀ ਬਣਿਆ ਕਰਦੀ ਏ ਇਹ ਮੋਦੀਆਂ ਆਲ਼ੀ ਸਰਕਾਰ!
<><><><><><><><><><><><><><>

"ਜਿਹੋ ਜਿਹੀ ਨੀਤ, ਤਿਹੋ ਜਿਹੀ ਮੁਰਾਦ!"
"ਜੈਸਾ ਖ਼ਾਓ ਅੰਨ, ਤੈਸਾ ਹੋ ਮਨ!"
"ਜਿਹੋ ਜਿਹਾ ਤੇਰਾ ਅੰਨ-ਪਾਣੀ, ਤਿਹੋ ਜਿਹਾ ਮੇਰਾ ਕੰਮ ਜਾਣੀ!"

.....
    ਵਗੈਰਾ-ਵਗੈਰਾ। ਇਹੋ ਜਿਹੀਆਂ ਅਖਾਣਾਂ ਜਾਂ ਫ਼ਿਕਰਿਆਂ ਦਾ ਅੰਤ ਨਹੀਂ ਹੈ। ਬੰਦਾ ਹੋਵੇ ਜਾਂ ਸਰਕਾਰ, ਜਿਹੋ ਜਿਹੇ ਨਿਸ਼ਾਨੇ ਮਿੱਥ ਕੇ ਤੁਰੇਗਾ, ਉਹੋ ਜਿਹੇ ਹੀ ਨਤੀਜੇ ਨਿੱਕਣਲਗੇ। ਸਿੱਧੇ ਹੀ ਮੁੱਖ ਮੁੱਦੇ ਉੱਤੇ ਆਉਣ ਦੀ ਇਜਾਜ਼ਤ ਚਾਹਾਂਗੇ। ਪੰਜ ਸਾਲ ਪਹਿਲਾਂ ਭਾਰਤ ਵਿਚ ਜਿਹੋ ਜਿਹੀ ਸਰਕਾਰ ਬਣੀ ਸੀ, ਉਸ ਨੇ ਉਹੋ ਜਿਹੇ ਹੀ ਕੰਮ ਕੀਤੇ। ਇਸ ਗੱਲ ਦੀ ਵਿਆਖਿਆ ਵੀ ਕਰ ਹੀ ਦਿੰਨੇ ਹਾਂ। 2014 ਵਿਚ, ਕੇਂਦਰੀ ਸੱਤਾ ਹਥਿਆਉਣ ਲਈ ਲਾਲ ਕ੍ਰਿਸ਼ਨ ਅਡਵਾਨੀ ਅਤੇ ਨਰਿੰਦਰ ਮੋਦੀ ਵਿਚਾਲ਼ੇ ਅਜੀਬ ਜਿਹੀ ਰੱਸਾਕਸ਼ੀ ਹੋਈ। ਅਡਵਾਨੀ ਬਹੁਤ ਚਿਰ ਤੋਂ ਪ੍ਰਧਾਨ ਮੰਤਰੀ ਬਣਨ ਦੇ ਚਾਹਵਾਨ ਸਨ ਤੇ ਉਨ੍ਹਾਂ ਨੇ ਆਪਣੇ-ਆਪ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਦੀ ਮੰਗ ਕੀਤੀ, ਪਰ ਨਰਿੰਦਰ ਮੋਦੀ ਨੇ ਇਸ ਵਿਚ ਲੱਤ ਅੜਾ ਦਿੱਤੀ।

    ਇਹ ਰੱਫੜ ਮੁਕਾਉਣ ਲਈ ਭਾਰਤੀ ਜਨਤਾ ਪਾਰਟੀ ਹਾਈ ਕਮਾਨ ਦੀ ਮੀਟਿੰਗ ਹੋਈ। ਮੋਦੀ ਅਤੇ ਅਡਵਾਨੀ ਵਿਚਾਲ਼ੇ ਸੁਲ੍ਹਾ ਕਰਾਉਣ ਦੇ ਹੀਲੇ ਸਫ਼ਲ ਨਾ ਹੋਏ। ਫ਼ੈਸਲਾ ਹੋਇਆ ਕਿ ਉਨ੍ਹਾਂ ਦੋਹਾਂ ਵਿਚੋਂ ਜਿਹੜਾ ਵਧੇਰੇ ਚੋਣ ਫੰਡ ਦਾ ਜੁਗਾੜ ਕਰੇਗਾ, ਉਸ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਜਾਵੇਗਾ। ਦੂਜੀ ਧਿਰ ਨੂੰ ਇਲਮ ਨਹੀਂ ਸੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦਾ ਜੁਗਾੜ, ਨਰਿੰਦਰ ਮੋਦੀ ਨੇ ਗੁਜਰਾਤ ਵਿਚ ਆਪਣੇ 12 ਸਾਲ ਦੇ ਰਾਜ ਦੌਰਾਨ ਹੀ ਕਰ ਲਿਆ ਸੀ। ਮੋਦੀ ਨੇ ਕੁੱਝ ਵੱਡੇ ਸਨਅਤਕਾਰਾਂ ਨਾਲ਼ ਗੰਢ-ਤੁਪ ਕਰ ਲਈ ਸੀ, ਪਰ ਅਡਵਾਨੀ ਕੋਲ ਰੱਥ ਯਾਤਰਾਵਾਂ ਦੇ ਅਨੁਭਵ ਤੋਂ ਬਗ਼ੈਰ ਕੁੱਝ ਵੀ ਨਹੀਂ ਸੀ। ਅਡਵਾਨੀ ਦੀਆਂ ਰੱਥ ਯਾਤਰਾਵਾਂ ਦੌਰਾਨ, ਰੱਥਾਂ ਦੇ ਘੋੜਿਆਂ ਦੀਆਂ ਬੂਥੀਆਂ ਉੱਤੇ ਖਾਜ ਕਰਦਿਆਂ ਮੋਦੀ, ਅਡਵਾਨੀ ਦੇ ਸਿਰ ਦੀ ਖੁਰਕ ਬਣ ਗਏ। ਨਰਿੰਦਰ ਮੋਦੀ ਨੇ ਪਾਰਟੀ ਨੂੰ ਚੋਣ-ਫੰਡ ਦਿੱਤਾ, ਪਾਰਟੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਦਿੱਤੀ। ਆਪਣੇ ਗੱਲਿਆਂ ਦੇ ਮੂੰਹ ਖੋਲ੍ਹਣ ਵਾਲ਼ੇ ਸਰਮਾਏਦਾਰਾਂ ਦੀ ਇਕਲੌਤੀ ਸ਼ਰਤ ਸੀ, ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਬਣਾਏ ਜਾਣਗੇ ਤਾਂ ਚੋਣ-ਫੰਡ ਵਿਚ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
    ਭਾਰਤੀ ਜਨਤਾ ਪਾਰਟੀ ਦੇ 'ਟਕਸਾਲੀ ਆਗੂ' ਸਰਮਾਏ ਦੇ ਹੜ੍ਹ ਨਾ ਖੜ੍ਹ ਸਕੇ, ਨਾ ਅੜ ਸਕੇ। 2014 ਦੀਆਂ ਲੋਕ ਸਭਾ ਚੋਣਾਂ ਦਾ ਪ੍ਰਚਾਰ ਸ਼ੁਰੂ ਹੋਇਆ ਤਾਂ ਮੁਕੇਸ਼ ਅੰਬਾਨੀ ਨੇ 22 ਟੀਵੀ ਚੈਨਲ ਖਰੀਦ ਕੇ, ਮੋਦੀ ਦੇ ਧੁਤਰੂ ਬਣਾ ਦਿੱਤੇ। ਇਨ੍ਹਾਂ ਚੈਨਲਾਂ ਨੇ 'ਮੋਦੀ-ਮੋਦੀ' ਹੀ ਨਹੀਂ ਕਰਾਈ, ਬਾਕੀਆਂ ਨੂੰ ਮਾਤ ਵੀ ਪਾਈ। ਮੁਕੇਸ਼ ਅੰਬਾਨੀ ਨੇ 600 ਵੈੱਬਸਾਈਟਾਂ ਵੀ ਖਰੀਦ ਲਈਆਂ। ਮੋਦੀ ਨੇ 400 ਰੈਲੀਆਂ ਕੀਤੀਆਂ, ਜਿਨ੍ਹਾਂ 'ਤੇ ਖ਼ਰਚਾ 67 ਸਰਮਾਏਦਾਰਾਂ ਨੇ ਕੀਤਾ। ਗੌਤਮ ਅਡਾਨੀ ਨੇ ਚੋਣ ਪ੍ਰਚਾਰ ਲਈ ਮੋਦੀ ਨੂੰ ਇਕ ਹੈਲੀਕਾਪਟਰ ਵੀ ਦਿੱਤਾ।
    ਹੁਣ ਤਾਂ ਸਮਝ ਆ ਗਈ ਹੋਵੇਗੀ ਕਿ ਇਸ ਲੇਖ ਦੇ ਆਰੰਭ ਵਿਚ ਲਿਖੇ ਫ਼ਿਕਰਿਆਂ ਦੇ ਅਰਥ ਕੀ ਹਨ। ਸਰਮਾਏਦਾਰੀ ਨੰਗੀ ਹੋ ਕੇ ਨੱਚੀ ਤੇ ਮੋਦੀ ਜੀ ਪ੍ਰਧਾਨ ਮੰਤਰੀ ਬਣ ਗਏ। ਫਿਰ ਵਾਰੀ ਆਈ ਸਰਮਾਏਦਾਰਾਂ ਦਾ ਸਰਮਾਇਆ ਮੋੜਨ ਦੀ। ਹੈਲੀਕਾਪਟਰ ਦੇਣ ਬਦਲੇ ਮੋਦੀ ਨੇ ਗੌਤਮ ਅਡਾਨੀ ਨੂੰ ਆਸਟਰੇਲੀਆ ਵਿਚ ਕੁਈਨਜ਼ਲੈਂਡ ਵਿਖੇ ਕੋਲੇ ਦੀਆਂ ਖਾਣਾਂ ਦੀ ਪੁਟਾਈ ਲਈ 6000 ਕਰੋੜ ਰੁਪਏ ਦਾ ਕਰਜ਼ਾ ਦੁਆਇਆ। ਉਸ ਦਾ ਪਿਛਲਾ 67000 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਾ ਦਿੱਤਾ। ਮੁਕੇਸ਼ ਅੰਬਾਨੀ ਨੂੰ '4 ਜੀ ਸਪੈਕਟਰਮ' ਹੀ ਨਹੀਂ ਦਿੱਤਾ, ਸਗੋਂ ਪਿਛਲੀ ਸਰਕਾਰ ਵੱਲੋਂ ਉਸ ਨੂੰ ਕੀਤਾ ਹੋਇਆ ਜੁਰਮਾਨਾ ਵੀ ਮੁਆਫ਼ ਕਰ ਦਿੱਤਾ। ਅੰਬਾਨੀ ਦੇ 'ਜੀਓ' ਨੂੰ ਜੀਂਦਾ ਰੱਖਣ ਲਈ ਸਰਕਾਰੀ ਸੰਚਾਰ ਅਦਾਰੇ 'ਬੀ. ਐੱਸ. ਐੱਨ. ਐੱਲ.' ਦੀ ਬਲ਼ੀ ਦੇ ਦਿੱਤੀ ਗਈ।
    'ਦੈਨਿਕ ਜਾਗਰਣ' ਵੱਲੋਂ ਮੋਦੀ ਦੇ ਪ੍ਰਚਾਰ ਦੀ ਝੜੀ ਲਾਉਣ ਬਦਲੇ, ਉਸ ਦੇ ਮਾਲਕਾਂ ਨੂੰ ਰਾਜ ਸਭਾ ਦੀ ਮੈਂਬਰੀ ਤੇ ਛੱਤੀਸਗੜ੍ਹ ਵਿਚ ਕੋਇਲੇ ਦੀ ਖਾਣ 'ਬਖ਼ਸ਼' ਦਿੱਤੀ ਗਈ। ਮੋਦੀ ਦੀ ਝੋਲੀ, ਹੁਣ ਤਕ ਚੁੱਕੀ ਜਾ ਰਹੇ 'ਜ਼ੀ ਨਿਊਜ਼' ਦੇ ਮਾਲਕ ਸੁਭਾਸ਼ ਚੰਦਰ ਨੂੰ ਵੀ ਰਾਜ ਸਭਾ ਦੀ ਮੈਂਬਰੀ 'ਬਖ਼ਸ਼ੀ' ਗਈ। ਜਨਵਰੀ, 2011 ਵਿਚ, ਗੁਜਰਾਤ ਵਿਚ ਗਾਂਧੀ ਨਗਰ ਵਿਖੇ 'ਵਾਈਬ੍ਰੈਂਟ ਗੁਜਰਾਤ' ਨਾਂ ਦਾ ਇਕ ਸਿਖ਼ਰ ਸਮਾਗਮ ਹੋਇਆ ਸੀ, ਜਿਸ ਵਿਚ 100 ਤੋਂ ਵੱਧ ਮੁਲਕਾਂ ਤੋਂ 10,000 ਤੋਂ ਵੱਧ ਵਪਾਰੀ ਸ਼ਾਮਲ ਹੋਏ ਸਨ। ਇਹ ਸਮਾਗਮ, ਗੁਜਰਾਤ ਵਿਚ ਸਰਮਾਇਆਕਾਰੀ ਕਰਾਉਣ ਦੇ ਹੀਲੇ ਕਰਨ ਲਈ ਕਰਾਇਆ ਦੱਸਿਆ ਗਿਆ ਸੀ। ਇਸ ਸਮਾਗਮ ਦੇ ਸਬੰਧ ਵਿਚ ਮੀਡੀਆ ਨੇ ਮੋਦੀ ਦੀ 'ਬਹਿ ਜਾ-ਬਹਿ ਜਾ' ਕਰਾਈ ਸੀ। ਮੀਡੀਆ ਨੇ 'ਵਾਈਬ੍ਰੈਂਟ ਗੁਜਰਾਤ' ਨੂੰ 'ਸੰਸਾਰ ਪੱਧਰ ਦਾ ਇਕ ਪ੍ਰਮੁੱਖ ਵਪਾਰ ਪ੍ਰੋਗਰਾਮ' ਕਰਾਰ ਦੇ ਕੇ 'ਮੋਦੀ ਦੀ ਗੋਦੀ' ਵਿਚ ਬਹਿਣ ਲਈ ਪਹਿਲਾ ਕਦਮ ਵਧਾਇਆ ਸੀ। ਮੋਦੀ ਲਈ ਗੰਢ-ਤੁਪ ਅਤੇ ਲੋਕ-ਜੋੜੂ ਕਾਰਵਾਈਆਂ ਕਰਨ ਵਾਲ਼ੀ ਅਮਰੀਕੀ ਫਰਮ 'ਐਪਕੋ ਵਰਲਡਵਾਈਡ' ਨੂੰ ਇਸ ਸਮਾਗਮ ਦੇ ਪ੍ਰਚਾਰ ਕਰਨ ਸਬੰਧੀ ਦੋ ਪ੍ਰਾਜੈਕਟ ਦਿੱਤੇ ਗਏ ਸਨ। ਪਤਾ ਲੱਗਿਆ ਹੈ ਕਿ ਸਰਮਾਇਆਕਾਰੀ ਦੇ ਮਾਮਲੇ ਵਿਚ ਇਹ ਸਮਾਗਮ 'ਠੁੱਸ' ਰਿਹਾ ਸੀ ਜਦੋਂ ਕਿ ਮੋਦੀ ਨੂੰ ਗੁਜਰਾਤ ਦੇ ਮੁੱਖ ਮੰਤਰੀ ਤੋਂ ਭਾਰਤ ਦਾ ਪ੍ਰਧਾਨ ਮੰਤਰੀ ਬਣਾਏ ਜਾਣ ਖ਼ਾਤਰ ਰਾਹ ਪੱਧਰਾ ਕਰਨ ਵਿਚ, ਇਸ ਸਮਾਗਮ ਦੀ ਕਾਰਗ਼ੁਜ਼ਾਰੀ ਦਾ ਕੋਈ ਜੁਆਬ ਨਹੀਂ ਸੀ।
    1200 ਗੁਜਰਾਤੀਆਂ ਦਾ 'ਕਾਲ਼' ਬਣਿਆ ਨਰਿੰਦਰ ਮੋਦੀ, ਮੁਸਲਮਾਨਾਂ ਦੇ ਕਤਲੇਆਮ ਤੋਂ 10 ਸਾਲ ਬਾਅਦ, ਆਪਣੇ ਲੀੜਿਆਂ ਨੂੰ ਲੱਗਿਆ ਹੋਇਆ ਲਹੂ ਲਾਹੁਣ ਅਤੇ ਆਪਣੇ ਲਿਬਾਸ ਨੂੰ ਨਵਾਂ ਕਲਫ਼ ਲਾਉਣ ਵਿਚ ਕਾਮਯਾਬ ਰਿਹਾ। ਉਸ ਨੇ ਆਪਣੀ ਸਿਆਸੀ ਤਰੱਕੀ ਦੇ ਰਾਹ ਦੇ ਅੜਿੱਕੇ ਹੀ ਨਹੀਂ ਹਟਾਏ, ਸਗੋਂ ਨਵੀਂਆਂ ਬੁਲੰਦੀਆਂ ਸਰ ਕਰਨ ਲਈ ਪੱਕੀਆਂ-ਪੀਡੀਆਂ ਪੌੜੀਆਂ ਵੀ ਲਾਈਆਂ। ਉਸ ਦੇ ਨਾਂ ਉੱਤੇ 'ਕਲੰਕ' ਵਾਂਗ ਲੱਗੇ ਹੋਏ 'ਫਾਸ਼ੀਵਾਦੀ', 'ਕਾਤਲ', 'ਕੱਟੜ ਹਿੰਦੂ' ਵਰਗੇ 'ਵਿਸ਼ੇਸ਼ਣ' ਵੀ ਲਹਿ ਕੇ ਔਹ ਗਏ ਤੇ ਉਹ 'ਵਿਕਾਸ ਪੁਰਸ਼' ਕਹੇ-ਕਹਾਏ ਜਾਣ 'ਤੇ ਬਾਗ਼ੋ-ਬਾਗ਼ ਸੀ।
    ਇਸ ਦੇ ਨਾਲ ਹੀ 'ਸ਼੍ਰੀ ਨਰੇਂਦਰ ਦਾਮੋਦਰ ਦਾਸ ਮੋਦੀ' ਭਾਰਤ ਦੇ ਵੱਡੇ ਵਪਾਰਕ ਘਰਾਣਿਆਂ ਲਈ 'ਭਾਰਤ ਦੇ ਅਗਲੇ ਆਗੂ', 'ਭਵਿੱਖਵਾਦੀ ਨਜ਼ਰੀਏ ਵਾਲ਼ੇ', 'ਕਦੇ ਵੀ ਨਾ ਰੁਕਣ ਵਾਲ਼ੇ' ਅਤੇ 'ਦੇਸ਼ ਦੀ ਵਾਗ-ਡੋਰ ਸੰਭਾਲਣ ਵਾਲ਼ੇ ਆਗੂ' ਬਣ ਗਏ। ਇਸ ਤਰ੍ਹਾਂ ਦਾ ਪ੍ਰਚਾਰ ਕਰਨ ਵਾਲ਼ੇ ਵਪਾਰਕ ਘਰਾਣਿਆਂ ਵਿਚੋਂ 'ਟਾਟਿਆਂ', 'ਅੰਬਾਨੀਆਂ', 'ਅਡਾਨੀਆਂ' ਅਤੇ 'ਮਿੱਤਲਾਂ' ਦੀਆਂ ਅਵਾਜ਼ਾਂ ਬਹੁਤ ਉੱਚੀਆਂ ਸਨ।
    ਦੂਜੇ ਪਾਸੇ, ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ ਹੋਣ ਤੋਂ ਕਈ ਮਹੀਨੇ ਮਗਰੋਂ ਵੀ, ਭਾਰਤ ਦੇ ਵਪਾਰ-ਜਗਤ ਵੱਲੋਂ ਬਹੁਤ ਹੀ ਗੁੱਸੇ, ਰੋਹ ਅਤੇ ਚਿੰਤਾ ਭਰੇ ਬੋਲ ਸੁਣਾਈ ਦਿੰਦੇ ਰਹੇ। 'ਐੱਚ. ਡੀ. ਐੱਫ. ਸੀ. ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀਪਕ ਪਾਰਿਖ ਨੇ ਏਦਾਂ ਕਿਹਾ ਸੀ, "ਭਾਰਤ ਆਪਣਾ ਧਰਮ-ਨਿਰਪੱਖ ਕਿਰਦਾਰ ਗੁਆ ਬੈਠਾ ਹੈ। ਗੁਜਰਾਤ ਵਿਚ ਜੋ ਹੋਇਆ, ਅਸੀਂ ਉਸ ਤੋਂ ਬਹੁਤ ਸ਼ਰਮਿੰਦਾ ਹਾਂ।" 'ਏ. ਐੱਫ. ਐੱਲ.' ਦੇ 'ਸੀ. ਐੱਮ. ਡੀ.' ਸਾਇਰਸ ਗੁਜਦਾਰ ਨੇ ਗੁਜਰਾਤ ਵਿਚ ਮੁਸਲਮਾਨਾਂ ਉੱਤੇ ਕੀਤੇ ਗਏ ਅੱਤਿਆਚਾਰ ਨੂੰ 'ਕਤਲੇਆਮ' ਕਰਾਰ ਦਿੱਤਾ ਸੀ। 'ਇਨਫੋਸਿਸ' ਨਾਲ਼ ਸਬੰਧਤ ਨਾਰਾਇਣ ਮੂਰਤੀ ਅਤੇ 'ਵਿਪਰੋ' ਦੇ ਅਜ਼ੀਮ ਪ੍ਰੇਮਜੀ ਨੇ ਇਸ ਅਤਿਆਚਾਰ ਦੀ ਬਹੁਤ ਜ਼ਿਆਦਾ ਭੰਡੀ ਕੀਤੀ ਸੀ। ਸਾਲ 2002 ਵਿਚ ਹੋਏ, 'ਸੀ. ਆਈ. ਆਈ.' ਦੇ ਰਾਸ਼ਟਰੀ ਸਮਾਗਮ ਵਿਚ, 'ਥਰਮੈਕਸ' ਦੀ ਮੁਖੀ ਅਨੂ ਆਗ਼ਾ ਨੇ ਗੁਜਰਾਤ ਦੇ ਮੁਸਲਮਾਨਾਂ ਨਾਲ਼ ਕੀਤੇ ਧੱਕੇ ਬਾਰੇ ਬਹੁਤ ਹੀ ਭਾਵ-ਭਰੀ ਤਕਰੀਰ ਕੀਤੀ ਤਾਂ ਲੋਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ। ਅਨੂ ਆਗ਼ਾ ਦੀ ਇਸ ਤਕਰੀਰ ਦੇ ਜੁਆਬ ਵਿਚ ਹੀ ਮੋਦੀ ਨੇ 'ਸੀ. ਆਈ. ਆਈ.' ਦੇ ਮੁਕਾਬਲੇ 'ਆਰ. ਜੀ. ਜੀ.' ਦੀ ਸਥਾਪਨਾ ਕਰਾ ਦਿੱਤੀ।
    ਮੋਦੀ ਅਤੇ 'ਰਾਸ਼ਟਰੀ ਸੋਇਮਸੇਵਕ ਸੰਘ' ('ਆਰ. ਐੱਸ. ਐੱਸ.') ਇਕ ਸਿੱਕੇ ਦੇ ਦੋ ਪਾਸੇ ਹਨ ਕਿਉਂ ਕਿ ਉਹ ਇਸੇ ਦੀ ਪੈਦਾਵਾਰ ਹੈ। ਇਸ ਸੰਸਥਾ ਨੇ ਮੋਦੀ ਨੂੰ ਸੰਸਾਰ ਪੱਧਰ 'ਤੇ ਆਪਣੇ ਪ੍ਰਚਾਰ ਦੇ ਸਾਧਨ ਵਜੋਂ ਹੀ ਤਿਆਰ ਕੀਤਾ ਸੀ। ਇਹ, 'ਆਰ. ਐੱਸ. ਐੱਸ.' ਦੀ ਯੋਜਨਾ ਦਾ ਹੀ ਨਤੀਜਾ ਸੀ ਕਿ 1948 ਵਿਚ ਨਾਥੂ ਰਾਮ ਗੌਡਸੇ ਨੇ ਮਹਾਤਮਾ ਗਾਂਧੀ ਨੂੰ ਗੋਲੀਆਂ ਮਾਰ ਕੇ, ਮਾਰ ਸੁੱਟਿਆ ਸੀ। ਜਵਾਹਰ ਲਾਲ ਨਹਿਰੂ ਨੇ 'ਆਰ. ਐੱਸ. ਐੱਸ.' ਉੱਤੇ ਪਾਬੰਦੀ ਲਾ ਕੇ, ਉਸ ਦੇ 20 ਹਜ਼ਾਰ ਤੋਂ ਵੱਧ ਕਾਰਕੁਨ ਫੜ ਲਏ ਸਨ। ਅਗਲੇ ਹੀ ਸਾਲ 'ਸੰਘ' ਤੋਂ ਪਾਬੰਦੀ ਹਟਾ ਲਈ ਗਈ। ਇਸ ਤੋਂ ਚਾਰ ਦਹਾਈਆਂ ਮਗਰੋਂ ਇਹ ਜਥੇਬੰਦੀ ਰੂਪੋਸ਼ ਹੋ ਗਈ। 8 ਸਾਲ ਦੀ ਉਮਰ ਵਿਚ ਨਰਿੰਦਰ ਮੋਦੀ ਨੂੰ ਇਸ ਜਥੇਬੰਦੀ ਨੇ ਆਪਣੀ ਬੁੱਕਲ਼ ਵਿਚ ਲੈ ਲਿਆ ਸੀ। 1958 ਵਿਚ ਮੋਦੀ ਨੇ 'ਸੰਘ' ਦੇ ਅਧੀਨ ਚਲਦੇ 'ਬਾਲ ਸੋਇਮਸੇਵਕ ਸੰਘ' ਦੇ ਮੈਂਬਰ ਵਜੋਂ ਹਲਫ਼ ਲੈ ਲਿਆ ਸੀ। 'ਘਾਂਚੀਆਂ ਦੇ ਇਸ ਮੁੰਡੇ' ਵੱਲੋਂ ਕੀਤੀ ਹੋਈ ਪੜ੍ਹਾਈ, ਕਰਾਏ ਹੋਏ ਵਿਆਹ ਅਤੇ 'ਵਸਾਏ ਹੋਏ' ਘਰ ਦੇ ਨਾਲ਼-ਨਾਲ਼, ਚਾਹ ਬਣਾ ਕੇ ਵੇਚਣ ਦੇ 'ਚਲਾਏ ਹੋਏ' ਕਾਰੋਬਾਰ ਦੇ ਕਿੱਸੇ ਤਾਂ ਹੁਣ ਜੱਗ-ਜਹਾਨ ਤੋਂ ਗੁੱਝੇ ਨਹੀਂ।
    ਹੁਣ ਤਾਂ ਵੇਲ਼ਾ ਹੈ, ਮੋਦੀ ਵੱਲੋਂ ਪ੍ਰਧਾਨ ਮੰਤਰੀ ਬਣ ਕੇ ਲਾਏ ਹੋਏ ਰੰਗ ਦਿਖਾਉਣ ਦਾ। ਪਤਾ ਲੱਗਿਆ ਹੈ ਕਿ ਭਾਰਤ ਸਰਕਾਰ ਦਾ ਅਦਾਰਾ 'ਬੀ. ਐੱਸ. ਐੱਨ, ਐੱਲ.' ਆਪਣੇ ਇਕ 1ਲੱਖ, 80 ਹਜ਼ਾਰ ਮੁਲਾਜ਼ਮਾਂ ਨੂੰ ਫਰਵਰੀ (2019) ਦੀ ਤਨਖ਼ਾਹ ਨਹੀਂ ਦੇ ਸਕਿਆ। ਦੂਜੇ ਪਾਸੇ ਮੋਦੀ ਦੇ ਅਸ਼ੀਰਵਾਦ ਨਾਲ਼ 'ਅੰਬਾਨੀਆਂ' ਦਾ 'ਜੀਓ' ਮੁਨਾਫ਼ਾ ਕਮਾ ਰਿਹਾ ਹੈ। 'ਬੀ. ਐੱਸ. ਐੱਨ, ਐੱਲ.' ਦੇ ਕੁੱਲ ਇਕ 1 ਲੱਖ, 80 ਹਜ਼ਾਰ ਮੁਲਾਜ਼ਮ, 2 ਲੱਖ ਰਿਟਾਇਰਡ ਮੁਲਾਜ਼ਮ ਅਤੇ ਇਕ ਲੱਖ ਤੋਂ ਵੱਧ ਠੇਕਾ ਮਜ਼ਦੂਰ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨਾਲ਼ ਰਲ਼ ਕੇ, ਐਤਕੀਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਸਬਕ ਸਿਖਾਉਣ ਦੇ ਰਉਂ ਵਿਚ ਹਨ। ਇਨ੍ਹਾਂ ਮੁਲਾਜ਼ਮਾਂ ਦਾ ਖ਼ਿਆਲ ਹੈ ਕਿ ਜੇ ਫਿਰ 'ਮੋਦੀਆਂ ਆਲ਼ੀ ਸਰਕਾਰ' ਆ ਗਈ ਤਾਂ ਉਹ 'ਬੀ. ਐੱਸ. ਐੱਨ, ਐੱਲ.' ਨੂੰ ਮੂਲ਼ੋਂ ਹੀ ਵੇਚ-ਵੱਟ ਕੇ ਖਾ ਜਾਵੇਗੀ। ਮੋਦੀ ਜੀ ਬੜਾ ਕਹਿੰਦੇ ਹੁੰਦੇ ਸੀ ਕਿ ਇਕ ਪੈੱਨ ਵੀ ਖਰੀਦੋ ਤਾਂ ਉਸ ਦਾ ਬਿੱਲ ਲਓ, ਹੁਣ ਲੋਕ 'ਰਾਫੇਲ' ਦਾ ਬਿੱਲ ਪੁੱਛਦੇ ਹਨ ਤਾਂ ਉਨ੍ਹਾਂ ਦਾ ਮੂੰਹ ਬਿੱਲਬਤੌਰੇ ਦੇ ਮੂੰਹ ਵਰਗਾ ਕਿਉਂ ਹੋ ਜਾਂਦਾ ਹੈ?

    ਜਿਸ ਰਾਮ ਮੰਦਰ ਬਣਾਉਣ ਦਾ ਲਾਰਾ ਲਾ ਕੇ ਮੋਦੀ ਜੀ ਪ੍ਰਧਾਨ ਮੰਤਰੀ ਬਣੇ, ਉਹ ਮੰਦਰ ਕਿੱਥੇ ਬਣਿਆ ਹੈ? ਸਵਿੱਸ ਬੈਂਕਾਂ ਵਿਚ ਪਿਆ ਕਾਲ਼ਾ ਧਨ ਵਾਪਸ ਆ ਕੇ ਫਿਰ ਕਿੱਥੇ ਚਲਿਆ ਗਿਆ? ਜੇ ਮੋਦੀ ਸਰਕਾਰ ਨੇ ਰੁਜ਼ਗ਼ਾਰ ਦਿੱਤੇ ਹਨ ਤਾਂ ਬੇਰੁਜ਼ਗ਼ਾਰਾਂ ਦੀ ਭੀੜ ਕਿਉਂ ਵਧੀ ਹੈ? 350 ਰੁਪਏ ਦਾ ਰਸੋਈ ਗੈਸ ਸਿਲੰਡਰ, 850 ਰੁਪਏ ਦਾ ਕਿਉਂ ਮਿਲਦਾ ਹੈ? 50 ਰੁਪਏ ਲਿਟਰ ਮਿਲਣ ਵਾਲ਼ਾ ਪੈਟਰੋਲ 75 ਰੁਪਏ ਦਾ ਕਿਉਂ ਮਿਲਦਾ ਹੈ? 355 ਕਰੋੜ ਰੁਪਏ ਖ਼ਰਚ ਕੇ, 41 ਵਿਦੇਸ਼ ਦੌਰੇ ਕਰ ਕੇ ਮੋਦੀ ਜੀ, ਵਿਦੇਸ਼ਾਂ ਤੋਂ ਤੁਹਾਡੇ ਲਈ ਕੀ ਲਿਆਏ? ਵੋਟਾਂ ਪਾਉਣ ਵੇਲ਼ੇ ਇਹ ਸਾਰੇ ਸੁਆਲ ਤੁਹਾਡੇ ਮਨਾਂ ਵਿਚ ਗੂੰਜਣੇ ਚਾਹੀਦੇ ਹਨ। ਕੀ ਹਾਲੇ ਵੀ ਤੁਸੀਂ ਇਹ ਸਮਝਦੇ ਹੋ ਕਿ ਮੋਦੀ ਦੀ ਆਲੋਚਨਾ ਕਰਨਾ, ਦੇਸ਼ ਨਾਲ਼ ਗ਼ਦਾਰੀ ਕਰਨਾ ਹੈ। ਯਾਦ ਰੱਖੋ, ਮੋਦੀ ਜਾਂ ਉਸ ਦੀ ਸਰਕਾਰ, ਭਾਰਤ ਦੇਸ਼ ਨਹੀਂ ਹੈ। ਦੇਸ਼ ਭਗਤੀ ਗੁਨਾਹ ਨਹੀਂ ਹੈ, ਮੋਦੀ ਭਗਤੀ ਤੋਂ ਵੱਡਾ ਕੋਈ ਗੁਨਾਹ ਨਹੀਂ ਹੈ। ਜੇ ਐਤਕੀਂ ਵੋਟਾਂ ਪਾਉਣ ਵੇਲ਼ੇ ਇਹ ਗੱਲਾਂ ਚੇਤੇ ਨਾ ਰੱਖੀਆਂ ਤਾਂ ਸਮਝ ਲਿਓ ਕਿ ਏਦਾਂ ਹੀ ਬਣਿਆ ਕਰਦੀ ਹੈ ਇਹ ਮੋਦੀਆਂ ਆਲ਼ੀ ਸਰਕਾਰ!#