ਸ਼ਬਦੰਗਲ-101

ਬਹੁਤੀ ਗਿਰੀ ਹੋਈ ਤਾਂ ਨਹੀਂ ਸੀ ਉਹ ਗਾਂਧੀਗਿਰੀ?
<><><><><><><><><><><><>

    ਇਹ ਗੱਲ ਹੁਣ ਕਿਸੇ ਤੋਂ ਗੁੱਝੀ ਨਹੀਂ ਹੈ ਕਿ ਤੁਰਨ ਵੇਲ਼ੇ ਰਾਸ਼ਟਰ ਦੇ ਪਿਤਾ ਮਹਾਤਮਾ ਮੋਹਨ ਦਾਸ ਕਰਮ ਚੰਦ ਗਾਂਧੀ ਕੁੱਝ ਕੰਨਿਆਵਾਂ ਦਾ ਸਹਾਰਾ ਲਿਆ ਕਰਦੇ ਸਨ। ਓਦਾਂ ਇਸ ਗੱਲ ਦਾ ਇਲਮ ਕਿਸੇ ਨੂੰ ਵੀ ਨਹੀਂ ਹੈ ਕਿ ਗਾਂਧੀ ਉਨ੍ਹਾਂ ਕੁੜੀਆਂ ਦੇ ਮੋਢਿਆਂ ਉੱਤੇ ਹੱਥ ਰੱਖ ਕੇ ਕਿੱਦਾਂ ਮਹਿਸੂਸ ਕਰਿਆ ਕਰਦੇ ਸਨ ਅਤੇ ਗਾਂਧੀ ਦੇ ਹੱਥਾਂ ਹੇਠ ਉਹ ਕੁਆਰੀਆਂ ਕੁੜੀਆਂ ਕਿੱਦਾਂ ਮਹਿਸੂਸ ਕਰਦੀਆਂ ਹੁੰਦੀਆਂ ਸਨ। ਇਸ ਗੱਲ ਤੋਂ ਕਿਸੇ ਨੇ ਕੀ ਲੈਣਾ-ਦੇਣਾ ਸੀ, ਜੇ ਗਾਂਧੀ ਨੂੰ ਸਹਾਰਾ ਦੇਣ ਵਾਲ਼ੀਆਂ ਇਨ੍ਹਾਂ ਕੁੜੀਆਂ ਵਿਚੋਂ ਇਕ ਜਣੀ ਯਾਨੀ 'ਮਨੂਬੇਨ' ਦੀਆਂ, ਉਸ ਵੇਲ਼ੇ ਦੀਆਂ ਲਿਖੀਆਂ ਹੋਈਆਂ 10 ਡਾਇਰੀਆਂ ਨਾ ਮਿਲਦੀਆਂ। ਇਨ੍ਹਾਂ ਡਾਇਰੀਆਂ ਵਿਚੋਂ ਕੁੱਝ ਅੰਸ਼ 'ਇੰਡੀਆ ਟੂਡੇ' ਵਿਚ ਛਪੇ ਹੋਏ ਹਨ।

   ਇਨ੍ਹਾਂ ਡਾਇਰੀਆਂ ਵਿਚ 'ਮਨੂ' ਨੇ ਲਿਖਿਆ ਹੋਇਆ ਹੈ ਕਿ ਮਹਾਤਮਾ ਗਾਂਧੀ ਵੱਲੋਂ ਆਪਣੇ 'ਬ੍ਰਹਮਚਰੀਯ' ਦੀ ਪਰਖ਼ ਕਰਨ ਲਈ, ਉਨ੍ਹਾਂ (ਮਨੂ ਅਤੇ ਆਭਾ) ਨੂੰ 'ਵਰਤਣ' ਦਾ ਉਸ (ਮਨੂ) ਦੇ ਮਨ ਉੱਤੇ ਕੀ-ਕੀ ਅਸਰ ਪੈਂਦਾ ਰਿਹਾ ਹੈ। 17 ਜੂਨ, 2013 ਦੇ 'ਇੰਡੀਆ ਟੂਡੇ' ਦੇ ਅੰਕ ਵਿਚ 'ਉਦੈ ਮਹੁਰਕਰ' ਵੱਲੋਂ, ਮਨੂ ਦੀਆਂ ਡਾਇਰੀਆਂ ਦੇ ਆਧਾਰ 'ਤੇ ਕੁੱਝ ਖੁਲਾਸੇ ਕੀਤੇ ਹੋਏ ਹਨ।

ਮਹਾਤਮਾ ਗਾਂਧੀ ਦੀ ਉਮਰ ਦੇ ਮਗਰਲੇ ਸਾਲਾਂ ਦੌਰਾਨ ਉਨਾਂ ਨੂੰ 'ਲਾਠੀ ਵਰਗਾ ਸਹਾਰਾ' ਦਿੰਦੀ ਰਹੀ ਮਨੂਬੇਨ ਉਰਫ਼ ਮਨੂ (ਅਸਲ ਵਿਚ ਮ੍ਰਿਦੁਲਾ ਗਾਂਧੀ), ਭਾਰਤੀ ਇਤਿਹਾਸ ਦਾ ਇਕ ਬਹੁਤ ਹੀ ਜਾਣਿਆ-ਪਛਾਣਿਆ ਚਿਹਰਾ ਹੋਣ ਦੇ ਬਾਵਜੂਦ ਇਕ 'ਭੇਤ' ਜਿਹਾ ਵੀ ਬਣੀ ਰਹੀ ਹੈ। ਮਨੂ 17 ਸਾਲਾਂ ਦੀ ਉਮਰੇ, 1946 ਵਿਚ ਮਹਾਤਮਾ ਗਾਂਧੀ ਦੀਆਂ ਸੇਵਾਦਾਰਨੀਆਂ ਵਿਚ ਸ਼ਾਮਲ ਹੋਈ ਸੀ। ਕਹਿੰਦੇ ਨੇ ਕਿ ਗਾਂਧੀ ਨੂੰ ਕਤਲ ਕਰਨ ਵੇਲ਼ੇ ਵੀ ਮਨੂ ਉਨ੍ਹਾਂ ਦੇ ਕੋਲ ਸੀ। ਉਹ ਕਿਸੇ ਰਿਸ਼ਤਿਓਂ, ਗਾਂਧੀ ਦੀ ਪੋਤੀ ਹੀ ਲੱਗਦੀ ਸੀ। ਮਨੂਬੇਨ ਉਰਫ਼ ਮਨੂ ਉਰਫ਼ ਮ੍ਰਿਦੁਲਾ ਗਾਂਧੀ 40 ਸਾਲ ਦੀ ਉਮਰ ਵਿਚ, ਦਿੱਲੀ ਵਿਖੇ ਅਣਵਿਆਹੀ ਹੀ ਮਰ ਗਈ ਸੀ।

    ਰਿਚਰਡ ਐਟਨਬਰੋ ਦੀ ਫ਼ਿਲਮ 'ਗਾਂਧੀ' ਵਿਚ ਮਨੂਬੇਨ ਦਾ ਕਿਰਦਾਰ ਸੁਪਰੀਆ ਪਾਠਕ ਨੇ ਨਿਭਾਇਆ ਸੀ। ਮਨੂ ਦੀ ਮੌਤ ਤੋਂ ਚਾਰ-ਸਾਢੇ ਚਾਰ ਦਹਾਕੇ ਮਗਰੋਂ ਮਿਲੀਆਂ, ਉਸ ਦੀਆਂ 10 ਡਾਇਰੀਆਂ, ਵਿਚ ਉਸ ਨੇ ਤਕਰੀਬਨ 2000 ਪੰਨੇ ਗੁਜਰਾਤੀ ਭਾਸ਼ਾ ਵਿਚ ਲਿਖੇ ਹੋਏ ਹਨ। ਗੁਜਰਾਤੀ ਵਿਦਵਾਨ ਰਿਜ਼ਵਾਨ ਕਾਦਰੀ ਨੇ ਇਨ੍ਹਾਂ ਡਾਇਰੀਆਂ ਦਾ ਡੂੰਘਾ ਅਧਿਐਨ ਕੀਤਾ ਹੈ। ਇਹ ਡਾਇਰੀਆਂ 11 ਅਪ੍ਰੈਲ, 1943 ਤੋਂ ਸ਼ੁਰੂ ਹੁੰਦੀਆਂ ਹਨ। ਇਨ੍ਹਾਂ ਵਿਚ ਡਾਇਰੀਆਂ ਵਿਚ ਦਰਜ ਹੈ ਕਿ ਗਾਂਧੀ ਨੇ ਆਪਣੀ ਕਾਮ-ਵਾਸਨਾ ਉੱਤੇ ਕਾਬੂ ਪਾਉਣ ਲਈ ਜੋ ਤਜਰਬੇ ਮਨੂਬੇਨ ਦੇ ਸਹਿਯੋਗ ਨਾਲ਼ ਕੀਤੇ ਸਨ, ਉਨ੍ਹਾਂ ਦਾ ਉਸ (ਮਨੂਬੇਨ) ਉੱਤੇ ਕਿਸ ਤਰ੍ਹਾਂ ਦਾ ਮਨੋਵਿਗਿਆਨਕ ਅਸਰ ਹੋਇਆ ਸੀ। ਉਹ ਡਾਇਰੀਆਂ, ਉਸ ਈਰਖਾ ਅਤੇ ਗੁੱਸੇ ਉੱਤੇ ਵੀ ਰੌਸ਼ਨੀ ਪਾਉਂਦੀਆਂ ਹਨ, ਜੋ ਗਾਂਧੀ ਦੇ ਕਾਫ਼ਲੇ ਵਿਚ ਸ਼ਾਮਲ ਲੋਕਾਂ, ਜਿਨ੍ਹਾਂ ਵਿਚ ਬਹੁਤ ਸਾਰੀਆਂ ਮੁਟਿਆਰਾਂ ਵੀ ਸਨ, ਦੇ ਮਨਾਂ ਵਿਚ ਉੱਠ ਰਿਹਾ ਸੀ। ਇਹ ਡਾਇਰੀਆਂ ਉੱਥੋਂ ਸ਼ੁਰੂ ਹੁੰਦੀਆਂ ਹਨ, ਜਿੱਥੇ ਗਾਂਧੀ ਦੇ ਕਿਸੇ ਭਰਾ ਦੀ ਪੋਤੀ ਮ੍ਰਿਦੁਲਾ ਗਾਂਧੀ, ਮਨੂਬੇਨ ਬਣ ਕੇ, ਪੁਣੇ ਦੇ ਆਗ਼ਾ ਖ਼ਾਨ ਪੈਲੇਸ ਵਿਖੇ ਗਾਂਧੀ ਦੀ ਪਤਨੀ ਕਸਤੂਰਬਾ ਦੀ ਦੇਖ-ਭਾਲ ਕਰਨ ਆਉਂਦੀ ਹੈ। 'ਭਾਰਤ ਛੱਡੋ ਅੰਦੋਲਨ' ਤੋਂ ਬਾਅਦ ਗਾਂਧੀ ਤੇ ਕਸਤੂਰਬਾ ਕੁੱਝ ਦੇਰ ਅਰਾਮ ਕਰਨ ਲਈ ਉੱਥੇ ਠਹਿਰੇ ਹੋਏ ਸਨ। ਕਸਤੂਰਬਾ ਦੀ ਬਿਮਾਰੀ ਦੇ ਆਖ਼ਰੀ ਗੇੜ ਦੌਰਾਨ ਮਨੂਬੇਨ ਉਸ ਦੀ ਸੇਵਾ ਕਰਦੀ ਹੁੰਦੀ ਸੀ। 30 ਜਨਵਰੀ, 1948 ਤੋਂ ਮਗਰੋਂ ਇਕ ਡਾਇਰੀ ਵਿਚ ੨੨ ਦਿਨਾਂ ਦਾ ਵੇਰਵਾ ਹੀ ਦਰਜ ਹੈ। ਉਸ ਦਿਨ ਹੀ, ਨਾਥੂਰਾਮ ਗੌਡਸੇ ਨੇ ਮਨੂਬੇਨ ਨੂੰ ਇਕ ਪਾਸੇ ਧੱਕਾ ਦੇ ਕੇ, 9 ਐੱਮ.ਐੱਮ. ਬੇਰੇਟਾ ਪਿਸਤੌਲ ਨਾਲ ਤਿੰਨ ਗੋਲੀਆਂ ਗਾਂਧੀ ਨੂੰ ਮਾਰੀਆਂ ਸਨ।
    ਇਹ ਡਾਇਰੀਆਂ, ਜਿਨ੍ਹਾਂ ਦੇ ਪੰਨਿਆਂ ਦੇ ਪਾਸਿਆਂ ਉੱਤੇ ਕਿਤੇ-ਕਿਤੇ ਗਾਂਧੀ ਦੇ ਦਸਤਖ਼ਤ ਵੀ ਕੀਤੇ ਹੋਏ ਹਨ, ਇਹ ਖੁਲਾਸਾ ਕਰਦੀਆਂ ਹਨ ਕਿ ਉਹ ਕੁੜੀ ਕਿਸ ਤਰ੍ਹਾਂ ਗਾਂਧੀ ਨੂੰ ਸਮਰਪਤ ਸੀ। 28 ਦਸੰਬਰ, 1946 ਨੂੰ ਉਹ ਲਿਖਦੀ ਹੈ, "ਬਾਪੂ ਮੇਰੇ ਲਈ ਮਾਂ ਹਨ। ਉਹ, 'ਬ੍ਰਹਮਚਰੀਯ', ਜੋ ਚਰਿੱਤਰ ਉਸਾਰੀ ਦੇ ਸਬੰਧ ਵਿਚ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਮਹਾਯੱਗ ਦਾ ਅੰਗ ਹੈ, ਰਾਹੀਂ ਮੈਨੂੰ ਮਨੁੱਖੀ ਬੁਲੰਦੀ ਵੱਲ਼ ਲਿਜਾਣ ਲਈ ਦੀਖਿਆ ਦੇ ਰਹੇ ਹਨ। ਇਸ ਪ੍ਰਯੋਗ ਬਾਰੇ ਕੋਈ ਪੁੱਠੀ ਗੱਲ ਕਰਨੀ ਬਹੁਤ ਹੀ ਨਿੰਦਣਯੋਗ ਹੈ।"

    ਗਾਂਧੀ ਦੇ ਤਤਕਾਲੀ ਸਕੱਤਰ ਪਿਆਰੇ ਲਾਲ ਨੇ 'ਮਹਾਤਮਾ ਗਾਂਧੀ: ਦ ਲਾਸਟ ਫੇਜ਼' (ਮਹਾਤਮਾ ਗਾਂਧੀ: ਆਖ਼ਰੀ ਪੜਾਅ) ਵਿਚ ਮਨੂ ਦੇ ਇਨ੍ਹਾਂ ਵਿਚਾਰਾਂ ਦੀ ਪੁਸ਼ਟੀ ਕਰਦਿਆਂ ਏਦਾਂ ਲਿਖਿਆ ਹੋਇਆ ਹੈ, "ਉਨ੍ਹਾਂ ਨੇ, ਉਸ ਖ਼ਾਤਰ, ਉਹ ਸਭ ਕੁੱਝ ਕੀਤਾ, ਜੋ ਕੋਈ ਮਾਂ ਆਮ ਤੌਰ 'ਤੇ ਆਪਣੀ ਧੀ ਲਈ ਕਰਦੀ ਹੈ। ਉਨ੍ਹਾਂ ਨੇ ਉਸ ਦੀ ਪੜ੍ਹਾਈ, ਖਾਧ-ਖੁਰਾਕ, ਕੱਪੜਿਆਂ, ਅਰਾਮ ਅਤੇ ਸੌਣ ਤਕ ਦੀ ਨਿਗਰਾਨੀ ਕੀਤੀ ਹੈ। ਇਹ ਨਿਗਰਾਨੀ ਅਤੇ ਅਗਵਾਈ ਬਹੁਤ ਨੇੜਿਉਂ ਕਰਨ ਖ਼ਾਤਰ ਉਹ (ਗਾਂਧੀ), ਉਸ ਨੂੰ ਆਪਣੇ ਨਾਲ਼ ਹੀ ਆਪਣੇ ਬਿਸਤਰੇ ਉੱਤੇ ਸੁਆਉਂਦੇ ਹਨ। ਹੁਣ ਕੋਈ ਕੁੜੀ, ਜੇ ਉਹ ਧੁਰ ਅੰਦਰੋਂ ਮਾਸੂਮ ਹੈ ਤਾਂ ਉਸ ਨੂੰ ਆਪਣੀ ਮਾਂ ਨਾਲ਼ ਸੌਣ ਵਿਚ ਕਦੇ ਵੀ ਕੋਈ ਨਮੋਸ਼ੀ ਨਹੀਂ ਹੋਵੇਗੀ।" ਇਸ ਸਭ ਕੁੱਝ ਦੇ ਬਦਲੇ ਵਿਚ ਉਹ, ਉਨ੍ਹਾਂ ਦੀ ਪ੍ਰਮੁੱਖ ਨਿੱਜੀ ਸੇਵਾਦਾਰਨੀ ਹੁੰਦੀ, ਜੋ ਉਨ੍ਹਾਂ ਦੀ ਮਾਲਿਸ਼ ਕਰਦੀ, ਉਨ੍ਹਾਂ ਨੂੰ ਨੁਹਾਉਂਦੀ-ਧੁਆਉਂਦੀ ਅਤੇ ਉਨ੍ਹਾਂ ਲਈ ਖਾਣਾ ਵੀ ਬਣਾਉਂਦੀ।

    ਇਨ੍ਹਾਂ ਡਾਇਰੀਆਂ ਵਿਚ, ਗਾਂਧੀ ਦੀਆਂ ਹੋਰ ਸੇਵਾਦਾਰਨੀਆਂ, ਜਿਵੇਂ ਡਾ. ਸੁਸ਼ੀਲਾ ਨਾਇਰ, ਉਨ੍ਹਾਂ ਦੀ ਨਿੱਜੀ ਇਲਾਜ ਕਰਤਾ ਅਤੇ ਪਿਆਰੇ ਲਾਲ ਦੀ ਭੈਣ, ਜੋ ਬਾਅਦ ਵਿਚ ਕੇਂਦਰੀ ਸਿਹਤ ਮੰਤਰੀ ਵੀ ਬਣੀ ਅਤੇ ਉਨ੍ਹਾਂ ਦੀ ਰਾਜਪੂਤ-ਮੁਸਲਮਾਨ ਚੇਲੀ ਬੀਬੀ ਅਮਤੁਸ ਸਲਾਮ ਦੀਆਂ ਜ਼ਿੰਦਗੀਆਂ ਦਾ ਜ਼ਿਕਰ ਵੀ ਹੈ। ਉਹ ਡਾਇਰੀਆਂ ਇਹ ਵੀ ਦੱਸਦੀਆਂ ਹਨ ਕਿ ਕਿਸੇ ਰਾਤ, ਮਹਾਤਮਾ ਦੇ ਕਾਮ-ਵਾਸਨਾ ਉੱਤੇ ਕਾਬੂ ਪਾਉਣ ਦੇ ਪ੍ਰਯੋਗ ਵਿਚ ਸ਼ਾਮਲ ਹੋਣ ਲਈ, ਜਾਣ ਵਾਲ਼ੀ ਨਾਲ਼, ਉਸ ਦੀ ਵਾਰੀ ਛੇਤੀ-ਛੇਤੀ ਆਉਣ 'ਤੇ ਹੀ ਈਰਖਾ ਵੀ ਕੀਤੀ ਜਾਂਦੀ ਸੀ। 24 ਫਰਵਰੀ, 1947 ਨੂੰ ਮਨੂਬੇਨ ਨੇ ਡਾਇਰੀ ਵਿਚ ਏਦਾਂ ਲਿਖਿਆ ਹੋਇਆ ਹੈ, "ਅੱਜ ਬਾਪੂ ਨੇ ਅਮਤੁਸ ਸਲਾਮ ਨੂੰ ਇਕ ਸਖ਼ਤ ਚਿੱਠੀ ਲਿਖੀ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਸ ਨੂੰ 'ਬ੍ਰਹਮਚਰੀਯ' ਦੇ ਪ੍ਰਯੋਗ ਵਿਚ ਸ਼ਾਮਲ ਨਾ ਕਰਨ ਦਾ ਰੋਸ, ਉਸ ਵੱਲੋਂ ਉਨ੍ਹਾਂ ਨੂੰ ਲਿਖੀ ਚਿੱਠੀ ਵਿਚੋਂ ਸਪੱਸ਼ਟ ਝਲਕਦਾ ਹੈ।"
    ਇਹ ਡਾਇਰੀਆਂ, ਜੋ 2010 ਤੋਂ 'ਨੈਸ਼ਨਲ ਆਰਕਾਈਵਜ਼, ਦਿੱਲੀ' ਦੀ ਸ਼ੋਭਾ ਵਧਾਉਂਦੀਆਂ ਹਨ, ਇਹ ਵੀ ਦਰਸਾਉਂਦੀਆਂ ਹਨ ਕਿ ਪਿਆਰੇ ਲਾਲ 47 ਸਾਲਾਂ ਦਾ ਹੋਣ ਦੇ ਬਾਵਜੂਦ, ਵਾਰ-ਵਾਰ ਮਨੂਬੇਨ ਉੱਤੇ ਡੋਰੇ ਹੀ ਨਹੀਂ ਪਾਉਂਦਾ ਹੁੰਦਾ ਸੀ, ਸਗੋਂ ਸੁਸ਼ੀਲਾ ਨਾਇਰ ਦੇ ਤਰਲੇ ਕੱਢਦਾ ਹੁੰਦਾ ਸੀ ਕਿ ਉਹ, ਉਸ ਦਾ ਟੰਕਾ ਉਸ ਨਾਲ਼ ਲੁਆ ਦੇਵੇ। ਆਖ਼ਰ, 2 ਫਰਵਰੀ, 1947 ਨੂੰ ਮਨੂਬੇਨ ਨੇ ਇਸ ਬਾਰੇ ਵੀ ਡਾਇਰੀ ਵਿਚ ਲਿਖ ਹੀ ਦਿੱਤਾ, "ਮੈਂ ਪਿਆਰੇ ਲਾਲ ਜੀ ਨੂੰ ਆਪਣੇ ਭਰਾ ਤੋਂ ਵੱਧ ਕੁੱਝ ਨਹੀਂ ਸਮਝਦੀ। ਜਿਸ ਦਿਨ ਮੈਂ ਆਪਣੇ ਗੁਰੂ ਨਾਲ਼, ਆਪਣੇ ਵੱਡੇ ਭਰਾ ਨਾਲ਼ ਜਾਂ ਆਪਣੇ ਦਾਦਾ ਜੀ ਨਾਲ਼ ਵਿਆਹ ਕਰਾਉਣ ਦਾ ਫੈਸਲਾ ਕਰਾਂਗੀ, ਮੈਂ ਉਸ ਨਾਲ਼ ਵਿਆਹ ਕਰਾ ਲਵਾਂਗੀ। ਇਸ ਲਈ ਮੈਨੂੰ ਇਸ ਸਬੰਧ ਵਿਚ ਹੋਰ ਮਜਬੂਰ ਨਾ ਕੀਤਾ ਜਾਵੇ।"
    ਇਨ੍ਹਾਂ ਡਾਇਰੀਆਂ ਵਿਚ ਮਨੂਬੇਨ ਦੀਆਂ ਲਿਖਤਾਂ ਤੋਂ ਇਹ ਇਲਮ ਵੀ ਹੁੰਦਾ ਹੈ ਕਿ ਗਾਂਧੀ ਦੇ ਚੇਲੇ, ਉਸ ਵੱਲੋਂ ਕਾਮ-ਵਾਸਨਾ ਨੂੰ ਕਾਬੂ ਕਰਨ ਸਬੰਧੀ ਕੀਤੇ ਜਾਂਦੇ ਪ੍ਰਯੋਗਾਂ ਤੋਂ ਅੰਦਰੋ-ਅੰਦਰੀ ਬਹੁਤ ਸਤੇ ਹੋਏ ਸਨ। ਮਨੂਬੇਨ ਨੇ 31 ਜਨਵਰੀ, 1947 ਨੂੰ, ਨਵਗ੍ਰਾਮ (ਬਿਹਾਰ) ਵਿਖੇ ਲਿਖੀ ਡਾਇਰੀ ਵਿਚ ਗਾਂਧੀ ਨੂੰ ਉਸ ਦੇ ਇਕ ਬਹੁਤ ਨਜ਼ਦੀਕੀ ਪੈਰੋਕਾਰ ਕਿਸ਼ੋਰ ਲਾਲ ਮਸ਼ਰੂਵਾਲਾ ਵੱਲੋਂ ਲਿਖੀ ਹੋਈ, ਉਸ ਚਿੱਠੀ ਦਾ ਹਵਾਲਾ ਦਿੱਤਾ ਹੈ, ਜਿਸ ਵਿਚ ਉਨ੍ਹਾਂ ਨੇ ਉਸ (ਮਨੂਬੇਨ) ਨੂੰ 'ਮਾਇਆ' (ਛਲ਼ ਜਾਂ ਮੋਹਣੀ) ਦੱਸਦਿਆਂ ਗਾਂਧੀ ਨੂੰ ਕਿਹਾ ਸੀ ਕਿ ਉਹ, ਉਸ ਦਾ ਜਾਲ ਤੋੜ ਕੇ ਬਾਹਰ ਨਿੱਕਲ ਆਉਣ। ਇਸ ਦੇ ਜੁਆਬ ਵਿਚ ਗਾਂਧੀ ਦਾ ਜੁਆਬ ਇਹ ਸੀ, "ਤੂੰ ਜੋ ਚਾਹੁਨਾਂ ਏਂ, ਕਰੀ ਜਾਹ, ਪਰ ਮੈਨੂੰ ਇਸ ਪ੍ਰਯੋਗ ਉੱਤੇ ਪੂਰਾ ਵਿਸ਼ਵਾਸ ਹੈ।" ਭਾਵੇਂ ਉਸ ਵੇਲ਼ੇ, ਮਨੂਬੇਨ ਅਤੇ ਗਾਂਧੀ ਨੇ ਨਾਓਖਾਲੀ (ਬੰਗਾਲ) ਤੋਂ ਰਵਾਨਗੀ ਪਾਈ, ਪਰ ਉਨ੍ਹਾਂ ਦੇ ਕਾਫ਼ਲੇ ਦੀਆਂ ਦੋ ਅਹਿਮ ਸ਼ਖ਼ਸੀਅਤਾਂ ਆਰ. ਪੀ. ਪਰਸੂਰਾਮ, ਜੋ ਉਨ੍ਹਾਂ ਦੇ ਸਕੱਤਰ ਰਹੇ ਸਨ ਅਤੇ ਨਿਰਮਲ ਕੁਮਾਰ ਬੋਸ, ਉਨ੍ਹਾਂ ਦੇ ਸਕੱਤਰ ਸਨ ਅਤੇ ਬਾਅਦ ਵਿਚ 'ਐਂਥਰੋਪੌਲੋਜੀ ਸੋਸਾਇਟੀ ਆਫ ਇੰਡੀਆ' ਦੇ ਡਾਇਰੈਕਟਰ ਬਣੇ ਸਨ, ਗਾਂਧੀ ਦੇ ਇਸ ਰਵੱਈਏ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ, ਕਾਫ਼ਲਾ ਛੱਡ ਕੇ ਰਾਹ ਵਿਚੋਂ ਮੁੜ ਗਏ।
    25 ਜਨਵਰੀ, 1947 ਨੂੰ, ਸਰਦਾਰ ਵੱਲਭਭਾਈ ਪਟੇਲ ਵੱਲੋਂ ਗਾਂਧੀ ਨੂੰ ਲਿਖੀ ਇਕ ਚਿੱਠੀ, ਜੋ ਇਸ ਵੇਲ਼ੇ 'ਨੈਸ਼ਨਲ ਆਰਕਾਈਵਜ਼' ਵਿਚ ਰੱਖੀ ਹੋਏ, ਪਟੇਲ ਸਬੰਧੀ ਦਸਤਾਵੇਜ਼ਾਤ ਵਿਚ ਪਈ ਹੈ, ਵਿਚ ਗਾਂਧੀ ਨੂੰ ਕਿਹਾ ਸੀ ਕਿ ਉਹ ਇਹ ਪ੍ਰਯੋਗ, ਜਿਨ੍ਹਾਂ ਨੂੰ ਉਨ੍ਹਾਂ (ਪਟੇਲ) ਨੇ 'ਬਹੁਤ ਭਿਆਨਕ ਗ਼ਲਤੀ' ਕਿਹਾ ਸੀ, ਬੰਦ ਕਰ ਦੇਣ ਕਿਉਂ ਕਿਉਂ ਕਿ ਇਨ੍ਹਾਂ ਪ੍ਰਯੋਗਾਂ ਨੇ ਉਨਾਂ (ਗਾਂਧੀ) ਦੇ ਚੇਲਿਆਂ ਨੂੰ 'ਲੋਹੜੇ ਦੇ ਦੁਖੀ' ਕੀਤਾ ਹੋਇਆ ਹੈ।
   'ਮਹਾਤਮਾ ਜੀ' ਨੇ ਮਨੂਬੇਨ ਦੇ ਮਨ ਉੱਤੇ ਜਿਹੜੀ ਅਮਿੱਟ ਛਾਪ ਛੱਡੀ ਸੀ, ਉਹ, 19 ਅਗਸਤ, 1955 ਨੂੰ, ਮੋਰਾਰਜੀ ਦੇਸਾਈ ਵੱਲੋਂ ਜਵਾਹਰ ਨਹਿਰੂ ਨੂੰ ਲਿਖੀ ਚਿੱਠੀ ਵਿਚੋਂ ਵੀ ਝਲਕਦੀ ਸੀ। ਦੇਸਾਈ ਨੇ ਇਹ ਚਿੱਠੀ, ਕਿਸੇ 'ਗੁਪਤ' ਬਿਮਾਰੀ ਦੇ ਇਲਾਜ ਲਈ, 'ਬਾਂਬੇ ਹਸਪਤਾਲ' ਵਿਚ ਦਾਖ਼ਲ ਕਰਾਈ ਹੋਈ ਮਨੂਬੇਨ ਨਾਲ਼ ਮੁਲਾਕਾਤ ਕਰਨ ਮਗਰੋਂ ਲਿਖੀ ਸੀ। ਉਸ ਚਿੱਠੀ ਵਿਚ ਦੇਸਾਈ ਨੇ ਏਦਾਂ ਲਿਖਿਆ ਹੋਇਆ ਹੈ, "ਮਨੂ ਦਾ ਮਸਲਾ ਸਰੀਰਕ ਹੋਣ ਦੀ ਥਾਂ ਮਾਨਸਕ ਵਧੇਰੇ ਹੈ। ਉਹ ਜ਼ਿੰਦਗੀ ਤੋਂ ਮੂੰਹ ਮੋੜ ਗਈ ਲੱਗਦੀ ਹੈ ਤੇ ਉਸ ਨੂੰ ਹਰ ਕਿਸਮ ਦੀਆਂ ਦਵਾਈਆਂ ਨਾਲ਼ 'ਅਲੱਰਜੀ' ਹੋ ਗਈ ਹੈ।"
    ਜਦੋਂ, 30 ਜਨਵਰੀ, 1948 ਨੂੰ ਸ਼ਾਮੀਂ 5.17 ਵਜੇ, ਨਾਥੂ ਰਾਮ ਗੌਡਸੇ ਨੇ ਬਿਰਲਾ ਹਾਊਸ, ਦਿੱਲੀ ਵਿਚ ਗਾਂਧੀ ਨੂੰ ਗੋਲੀਆਂ ਮਾਰੀਆਂ ਤਾਂ ਮਨੂਬੇਨ, ਮੌਕੇ ਉੱਤੇ ਹਾਜ਼ਰ ਦੋ ਜਣਿਆਂ ਵਿਚੋਂ ਇਕ ਸੀ ਤੇ ਦੂਜੀ ਆਭਾਬੇਨ ਗਾਂਧੀ ਸੀ, ਜੋ ਗਾਂਧੀ ਦੇ ਭਤੀਜੇ ਕਾਨੂ ਗਾਂਧੀ ਦੀ ਪਤਨੀ ਸੀ। ਅਗਲੇ ਦਿਨ ਮਨੂਬੇਨ ਨੇ ਆਪਣੀ ਡਾਇਰੀ ਵਿਚ ਏਦਾਂ ਲਿਖਿਆ, "ਜਦੋਂ ਚਿਤਾ ਦੀਆਂ ਲਾਟਾਂ, ਬਾਪੂ ਦੀ ਲਾਸ਼ ਨੂੰ ਨਿਗਲ਼ੀ ਜਾ ਰਹੀਆਂ ਸਨ, ਮੈਂ, ਸਸਕਾਰ ਹੋ ਜਾਣ ਮਗਰੋਂ ਵੀ ਉੱਤੇ ਬਹੁਤ ਟਿਕਾਅ ਨਾਲ਼ ਬੈਠੀ ਹੋਈ ਸਾਂ। ਸਰਦਾਰ ਪਟੇਲ ਨੇ ਮੈਨੂੰ ਦਿਲਾਸਾ ਦਿੱਤਾ ਤੇ ਆਪਣੇ ਘਰ ਲੈ ਗਏ। ਮੈਂ ਇਸ ਬਾਰੇ ਸੋਚ ਵੀ ਨਹੀਂ ਸਕਦੀ ਸਾਂ। ਦੋ ਦਿਨ ਪਹਿਲਾਂ ਬਾਪੂ ਵੀ ਉੱਥੇ ਮੌਜੂਦ ਸਨ, ਕੱਲ੍ਹ ਉਨ੍ਹਾਂ ਦਾ ਸਰੀਰ ਤਾਂ ਸੀ ਨਾ! ਤੇ ਅੱਜ ਮੈਂ ਧੁਰ ਤਕ ਇਕੱਲੀ ਸਾਂ। ਮੈਂ ਤਾਂ ਪੂਰੀ ਤਰ੍ਹਾਂ ਟੁੱਟ ਚੁੱਕੀ ਸਾਂ।"
    ਡਾਇਰੀ ਵਿਚ ਅਗਲਾ ਤੇ ਆਖ਼ਰੀ ਅੰਦਰਾਜ 21 ਫਰਵਰੀ, 1948 ਨੂੰ ਉਦੋਂ ਕੀਤਾ ਗਿਆ ਸੀ ਜਦੋਂ ਉਹ, ਦਿੱਲੀ ਤੋਂ ਰੇਲ ਗੱਡੀ ਰਾਹੀਂ ਭਾਵ ਨਗਰ ਨੇੜੇ ਮਹੂਆ ਰਵਾਨਾ ਹੋ ਗਈ। ਡਾਇਰੀ ਦੇ ਇਸ ਪੰਨੇ ਉੱਤੇ ਏਦਾਂ ਲਿਖਿਆ ਹੋਇਆ ਹੈ, "ਅੱਜ ਮੈਂ ਦਿੱਲੀ ਛੱਡ ਦਿੱਤੀ।"#   {ਬਾਕੀ ਅਗਲੇ ਹਫ਼ਤੇ}