ਸ਼ਬਦੰਗਲ-99



ਅਮਰੀਕਾ ਤਾਂ ਆਪ ਬੇਆਬਰੂ ਹੈ ਵਿਚਾਰਾ

 <><><><><><><><><><> 

    ਅਮਰੀਕਾ ਵਰਗੇ ਵਿਕਸਤ ਮੁਲਕਾਂ ਨੂੰ ਵਿਕਾਸਸ਼ੀਲ ਮੁਲਕਾਂ ਦੀ ਮੱਤ-ਪੱਤ ਦੇ ਰਾਖੇ ਮੰਨਣ ਦੇ ਦਿਨ ਵੀ ਲੱਦ ਗਏ ਹੀ ਲੱਗਦੇ ਹਨ ਕਿਉਂ ਕਿ ਅਮਰੀਕਾ ਤਾਂ ਆਪ ਬੇਆਬਰੂ ਜਿਹਾ ਹੋਇਆ ਦਿਸਦਾ ਏ ਵਿਚਾਰਾ। ਇਹ ਗੱਲ ਅਸੀਂ ਨਹੀਂ ਕਹਿੰਦੇ, ਅਮਰੀਕਾ ਦੀ ਐਰੀਜ਼ੋਨਾ ਸਟੇਟ ਦੀ ਹਰ ਗਲ਼ੀ 'ਚ ਰੁਲ਼ਦਾ ਕੱਖ-ਕੱਖ ਕਹਿ ਰਿਹਾ ਹੈ। ਗੱਲ ਰਤਾ ਕੁ ਸਿੱਧੀ ਕਰਨ ਦੀ ਖੁੱਲ੍ਹ ਲੈਂਦਿਆਂ ਦੱਸਣਾ ਚਾਹਾਂਗੇ ਕਿ ਅਮਰੀਕਾ ਦੀ ਇਕ ਸੈਨੇਟਰ ਨੇ ਫੌਜ ਵਿਚ ਜਿਨਸੀ ਹਮਲਾਵਰੀ ਦੇ ਰੁਝਾਨ ਬਾਰੇ ਸੈਨੇਟ ਦੀ ਸੁਣਵਾਈ ਦੌਰਾਨ ਇਹ ਕਹਿ ਦਿੱਤਾ ਹੈ ਕਿ ਜਦੋਂ ਉਹ ਅਮਰੀਕਾ ਦੀ ਹਵਾਈ ਫੌਜ ਵਿਚ, 'ਪਹਿਲੀ ਲੜਾਕੂ ਪਾਇਲਟ' ਵਜੋਂ ਤਾਇਨਾਤ ਸੀ ਤਾਂ ਉਸ ਦੇ ਇਕ ਉੱਚ ਅਧਿਕਾਰੀ ਨੇ ਉਸ ਦੀ ਪੱਤ ਲੁੱਟ ਲਈ ਸੀ। ਇਸ ਲਿਹਾਜ਼ ਨਾਲ਼ ਇਹ ਲੇਖ, ਇਸ ਸਾਲ ਦੇ 'ਕੌਮਾਂਤਰੀ ਇਸਤਰੀ ਦਿਹਾੜੇ' ਦੇ ਲੇਖੇ ਲੱਗਿਆ ਹੀ ਸਮਝ ਲੈਣਾ ਜੀ। ਇਸ ਸਾਬਕਾ ਜੁਝਾਰੂ ਪਾਇਲਟ ਬੀਬੀ ਦਾ ਨਾਂ ਮਾਰਥਾ ਮੈਕਸੈਲੀ ਹੈ ਤੇ ਉਹ ਇਸ ਵੇਲ਼ੇ ਐਰੀਜ਼ੋਨਾ ਤੋਂ ਸੈਨੇਟਰ ਹੈ।

    ਇਸੇ ਮਹੀਨੇ (3 ਮਾਰਚ, 2019) ਹੋਈ, 'ਸੈਨੇਟ ਆਰਮਡ ਸਰਵਿਸਿਜ਼ ਸਬ ਕਮੇਟੀ' ਦੀ ਇਕ ਮੀਟਿੰਗ ਦੌਰਾਨ, ਮਾਰਥਾ ਨੇ ਇਕਬਾਲ ਕੀਤਾ ਕਿ ਜਦੋਂ ਉਹ ਆਪਣੇ ਦੇਸ਼ ਦੀ ਰਾਖੀ ਲਈ ਹਵਾਈ ਫੌਜ ਵਿਚ 'ਪਹਿਲੀ ਲੜਾਕੂ ਪਾਇਲਟ' ਵਜੋਂ ਤਇਨਾਤ ਸੀ ਤਾਂ ਉਹ ਆਪਣੀ ਹੀ ਫੌਜ ਦੇ ਇਕ 'ਸੁਪੀਰੀਅਰ ਅਫ਼ਸਰ' ਤੋਂ ਆਪਣੀ ਪੱਤ ਦੀ ਰਾਖੀ ਨਹੀਂ ਕਰ ਸਕੀ ਸੀ। ਮਾਰਥਾ, ਹਵਾਈ ਫੌਜ ਤੋਂ ਕਰਨਲ ਵਜੋਂ ਰਿਟਾਇਰ ਹੋਈ ਸੀ। ਮਾਰਥਾ ਨੇ ਆਪਣੇ ਬਿਆਨ ਵਿਚ ਏਦਾਂ ਵੀ ਕਿਹਾ, "ਤੁਹਾਡੇ ਵਾਂਗ ਹੀ ਮੈਂ ਵੀ ਫੌਜ ਵਿਚ ਜਿਨਸੀ ਹਮਲੇ ਦੀ ਸ਼ਿਕਾਰ ਹੋਈ ਸਾਂ, ਪਰ ਮੈਂ ਇਸ ਸਬੰਧ ਵਿਚ ਕੋਈ ਰਿਪੋਰਟ ਕਰਨ ਦੀ ਹਿੰਮਤ ਨਹੀਂ ਕਰ ਸਕੀ ਸਾਂ ਕਿਉਂ ਕਿ ਕਈਆਂ ਵਾਂਗ ਹੀ ਮੈਨੂੰ ਉਸ ਵੇਲ਼ੇ ਦੇ ਨਿਜ਼ਾਮ ਉੱਤੇ ਭਰੋਸਾ ਨਹੀਂ ਸੀ। ਦੋਸ਼ ਮੇਰਾ ਹੀ ਹੈ, ਮੈਂ ਸ਼ਰਮਸਾਰ ਸਾਂ, ਭੰਬਲਭੂਸੇ ਵਿਚ ਪਈ ਹੋਈ ਸਾਂ। ਆਪਣੇ-ਆਪ ਨੂੰ ਤਾਕਤਵਰ ਸਮਝਣ ਵਾਲ਼ੀ ਮੈਂ, ਬਹੁਤ ਹੀ ਨਿਤਾਣੀ ਮਹਿਸੂਸ ਕਰ ਰਹੀ ਸਾਂ।"
    ਉਸ ਨੇ ਇਹ ਗੱਲ ਵੀ ਬਹੁਤ ਜ਼ੋਰ ਲਾ ਕੇ ਦੱਸੀ ਕਿ ਉਸ ਦੀ ਪੱਤ ਉਸ ਨੇ ਹੀ ਲੁੱਟੀ ਸੀ, ਜੋ ਉਸ ਨੂੰ ਤੇ ਉਸ ਵਰਗਿਆਂ ਹੋਰਨਾਂ ਨੂੰ, ਤਰ੍ਹਾਂ-ਤਰ੍ਹਾਂ ਦੀਆਂ ਕਮਾਨਾਂ ਦਿਆ ਕਰਦਾ ਸੀ। ਮਾਰਥਾ ਨੇ ਇਹ ਵੀ ਕਿਹਾ, "ਇਹੋ ਜਿਹੀਆਂ ਕਰਤੂਤਾਂ ਕਰਨ ਵਾਲ਼ੇ, ਕਈ ਢੰਗਾਂ ਨਾਲ਼ ਆਪਣੇ ਵੱਡੇ ਅਹੁਦਿਆਂ ਦੀ ਦੁਰਵਰਤੋਂ ਕਰਦੇ ਨੇ। ਮੈਨੂੰ ਇਕ 'ਸੁਪੀਰੀਅਰ ਅਫ਼ਸਰ' ਨੇ ਆਪਣੀ ਹਵਸ ਦੀ ਸ਼ਿਕਾਰ ਬਣਾਇਆ। ਮੈਂ ਕਈ ਸਾਲ ਇਸ ਸਬੰਧ ਵਿਚ ਮੂੰਹ ਨਾ ਖੋਲ੍ਹ ਸਕੀ, ਪਰ ਬਾਅਦ ਵਿਚ ਜਦੋਂ ਫੌਜ ਵਿਚ ਇਕ ਰੱਫੜ ਜਿਹਾ ਪਿਆ ਤਾਂ ਮੈਂ ਸੋਚਿਆ ਕਿ ਹੁਣ ਤਾਂ ਲੋਕਾਂ ਨੂੰ ਇਹ ਸੱਚ ਦੱਸਣਾ ਬਣਦਾ ਹੈ। ਪਿਛਲੇ ਸਾਲ ਮੈਕਸੈਲੀ ਨੇ ਦੱਸਿਆ ਸੀ ਕਿ ਹਾਈ ਸਕੂਲ ਦਾ ਇਕ ਕੋਚ ਵੀ ਉਸ ਦੇ ਪਿੰਡੇ ਨਾਲ਼ ਖੇਡਣ ਦੇ ਹੀਲੇ ਕਰਦਾ ਹੁੰਦਾ ਸੀ।
    ਇਹ ਸਾਬਕਾ ਫੌਜਣ ਪਹਿਲਾਂ ਵੀ ਸਦਨ ਦੀ ਮੈਂਬਰ ਤੇ 'ਆਰਮਡ ਸਰਵਿਸਿਜ਼ ਕਮੇਟੀ' ਦੀ ਮੈਂਬਰ ਰਹੀ ਹੈ। ਮੱਧ ਕਾਲੀ ਚੋਣ ਦੌਰਾਨ ਉਹ ਰੀਪਬਲੀਕਨ ਪਾਰਟੀ ਦੇ ਸਾਬਕਾ ਸੈਨੇਟਰ ਜੈੱਫ ਫਲੇਕ ਦੀ ਕੁਰਸੀ ਮੱਲਣੋਂ ਖੁੰਝ ਗਈ ਸੀ। ਫਿਰ ਐਰੀਜ਼ੋਨਾ ਦੇ ਗਵਰਨਰ ਡੱਗ ਡਿਊਸੀ ਨੇ ਉਸ ਨੂੰ ਮਰਹੂਮ ਰੀਪਬਲੀਕਨ ਸੈਨੇਟਰ ਜੌਹਨ ਮੈਕੈਨ ਦੀ ਥਾਂ ਨਿਯੁਕਤ ਕਰ ਦਿੱਤਾ। ਮਾਰਥਾ ਦਾ ਕਹਿਣ ਹੈ ਕਿ 26 ਸਾਲ ਵਰਦੀ ਵਿਚ ਬਿਤਾਉਣ ਦੌਰਾਨ ਉਸ ਨੇ ਜਿਨਸੀ ਹਮਲੇ ਰੋਕਣ, ਉਨ੍ਹਾਂ ਦੀ ਤਫ਼ਤੀਸ਼ ਕਰਨ ਤੇ ਉਨ੍ਹਾਂ ਸਬੰਧੀ ਫੈਸਲਾ ਦੇਣ ਦੇ ਅਮਲਾਂ ਵਿਚ ਬਹੁਤ ਸਾਰੇ ਨੁਕਸ ਦੇਖੇ।ਫਿਰ ਉਸ ਦੇ ਮਨ ਵਿਚ ਆਇਆ ਕਿ ਉਹ ਹਵਾਈ ਫੌਜ ਦੇ ਉੱਚ ਅਧਿਕਾਰੀਆਂ ਨੂੰ ਕੁੱਝ ਸੁਝਾਅ ਦੇਵੇ। ਉਸ ਨੇ ਇਕ ਅਧਿਕਾਰੀ ਵਜੋਂ ਇਸ ਸਬੰਧ ਵਿਚ ਅਦਲਾ-ਬਦਲੀਆਂ ਕਰਨ ਦੇ ਹੱਕ ਵਿਚ ਦਲੀਲਾਂ ਦਿੱਤੀਆਂ। ਉਸ ਨੇ ਕਿਹਾ, "ਜਦੋਂ ਮੇਰੀ ਨਿਰਾਸ਼ਾ 18 ਸਾਲਾਂ ਦੀ ਹੋ ਗਈ ਤਾਂ ਮੈਂ ਮਾਨਸਕ ਪੱਖੋਂ ਹਵਾਈ ਫੌਜ ਨਾਲ਼ੋਂ ਵੱਖ ਹੋ ਗਈ। ਕਈਆਂ ਵਾਂਗ ਹੀ ਮੈਂ ਵੀ ਮਹਿਸੂਸ ਕੀਤਾ ਕਿ ਇਹ ਸਿਸਟਮ ਘੜੀ-ਮੁੜੀ ਮੇਰੀ ਪੱਤ ਲੁੱਟੀ ਜਾ ਰਿਹਾ ਹੈ, ਪਰ ਮੈਂ ਹੱਠ ਨਾ ਛੱਡਿਆ।"
    ਮਾਰਥਾ ਦੀ ਪੱਤ ਲੁੱਟੀ ਜਾਣਾ ਤਾਂ ਇਕ ਅਲੱਗ ਮਾਮਲਾ ਹੈ, ਓਦਾਂ ਅਮਰੀਕੀ ਫੌਜ ਵਿਚ ਇਹ ਮਸਲਾ ਕਿਸ ਹੱਦ ਫੈਲਿਆ ਹੋਇਆ ਹੈ? ਇਸ ਸੁਆਲ ਦੇ ਜੁਆਬ ਵਿਚ 'ਪੈਂਟਾਗਨ' ਦਾ ਇਹ ਕਹਿਣ ਹੈ ਕਿ 2017 ਵਿਚ ਉਸ ਕੋਲ, ਫੌਜ ਵਿਚ ਜਿਨਸੀ ਹਮਲਿਆਂ ਦੇ 6769 ਕੇਸ ਆਏ ਸਨ। ਇਹ ਗਿਣਤੀ, 2016 ਦੇ ਅਜਿਹੇ ਕੇਸਾਂ ਦੀ ਗਿਣਤੀ ਨਾਲ਼ੋਂ 10 ਫੀ ਸਦੀ ਜ਼ਿਆਦਾ ਸੀ।
    ਸੈਨੇਟਰ ਮਾਰਥਾ ਮੈਕਸੈਲੀ ਨੇ 'ਯੂ. ਐੱਸ. ਏਅਰ ਫੋਰਸ ਅਕੈਡਮੀ' ਤੋਂ ਗ੍ਰੈਜੂਏਸ਼ਨ ਕਰ ਕੇ 'ਏ-10 ਵਾਰਥੌਗ' ਹਵਾਈ ਜਹਾਜ਼ ਉਡਾਉਣਾ ਸਿਖਿਆ। ਫਿਰ ਉਹ, ਆਪਣਾ ਜੰਗੀ ਜਹਾਜ਼ ਲੈ ਕੇ, ਪਹਿਲੀ ਵਾਰ ਇਰਾਨ ਵਿਚ ਜੰਗੀ ਮਿਸ਼ਨ 'ਤੇ ਗਈ ਸੀ। 1995 ਵਿਚ ਉਸ ਨੂੰ, ਹਵਾਈ ਫੌਜ ਦੇ ਡੇਵਿਸ-ਮੌਨਥਾਨ ਟਿਕਾਣੇ ਵਿਚ ਤਾਇਨਾਤ ਕੀਤਾ ਗਿਆ। ਉੱਥੇ ਕੰਮ ਕਰਦਿਆਂ ਮਾਰਥਾ ਨੇ, ਮਿਡਲ ਈਸਟ ਵਿਚ 'ਆਪ੍ਰੇਸ਼ਨ ਸਦਰਨ ਵਾਚ' ਲਈ ਤਕਰੀਬਨ 100 ਘੰਟੇ ਜੰਗੀ ਉਡਾਣਾਂ ਕੀਤੀਆਂ ਸਨ। ਫਿਰ ਉਸ ਨੂੰ, 358ਵੇਂ ਫਾਈਟਰ ਸਕੁਆਰਡਨ ਵਿਚ 'ਏ-10 ਇੰਸਟਰੱਕਟਰ ਪਾਇਲਟ' ਬਣਾ ਦਿੱਤਾ ਗਿਆ। ਇਸ ਤਰ੍ਹਾਂ ਉਹ, ਅਮਰੀਕਾ ਦੇ ਇਤਿਹਾਸ ਵਿਚ, ਇਹ ਜ਼ਿੰਮੇਵਾਰੀ ਨਿਭਾਉਣ ਪਹਿਲੀ ਔਰਤ ਬਣ ਗਈ। 
    1999 ਵਿਚ ਮਾਰਥਾ ਮੈਕਸੈਲੀ ਹਵਾਈ ਫੌਜ ਦੇ 'ਲੈਜਿਸਲੇਟਿਵ ਫੈਲੋਸ਼ਿੱਪ ਪ੍ਰੋਗਰਾਮ' ਵਿਚ ਹਿੱਸਾ ਲੈਣ ਖ਼ਾਤਰ ਚੁਣੀ ਗਈ। ਇਕ 'ਲੈਜਿਸਲੇਟਿਵ ਫੈਲੋ' ਵਜੋਂ ਕੰਮ ਕਰਨ ਮਗਰੋਂ ਉਸ ਨੂੰ, ਜੰਗੀ ਖੋਜ ਕਾਰਜ ਦੀ ਨਿਗਰਾਨੀ ਕਰਨ ਲਈ ਸਾਉਦੀ ਅਰਬ ਭੇਜਿਆ ਗਿਆ। ਉੱਥੇ ਉਸ ਨੇ 'ਕਮਾਂਡਿੰਗ ਪੋਜ਼ੀਸ਼ਨ' ਵਿਚ ਕੰਮ ਕੀਤਾ। 2001 ਵਿਚ ਉਸ ਨੂੰ 'ਫਲਾਈਟ ਕਮਾਂਡਰ' ਬਣਾ ਦਿੱਤਾ ਗਿਆ ਤੇ ਫਿਰ ਉਸ ਨੂੰ, ਡੇਵਿਸ ਮੌਨਥਾਨ ਫੌਜੀ ਟਿਕਾਣੇ ਵਿਚ 12ਵੇਂ ਏਅਰ ਫੋਰਸ ਹੈੱਡਕੁਆਰਟਰਜ਼ ਵਿਖੇ 612 ਕੌਂਬੈਟ ਆਪ੍ਰੇਸ਼ਨਜ਼ ਦੀ 'ਡਾਇਰੈਕਟਰ ਆਫ ਆਪ੍ਰੇਸ਼ਨਜ਼' ਬਣਾ ਦਿੱਤਾ ਗਿਆ। ਉਸ ਨੂੰ ਜੰਗੀ ਵਿਉਂਤਬਾਜ਼ੀ ਦੇ ਸਬੰਧ ਵਿਚ ਦੋ ਵਾਰ ਫਿਰ ਮਿਡਲ ਈਸਟ ਭੇਜਿਆ ਗਿਆ ਸੀ। ਜਦੋਂ ਉਹ ਸਾਊਦੀ ਅਰਬ ਵਿਚ ਸੀ ਤਾਂ ਉਸ ਨੇ ਅਮਰੀਕਾ ਦੇ ਰੱਖਿਆ ਵਿਭਾਗ (ਪੈਂਟਾਗੌਨ) ਦੀ ਉਸ ਵਿਤਕਰੇ ਭਰੀ ਉਸ ਨੀਤੀ ਨੂੰ ਚੁਨੌਤੀ ਦਿੱਤੀ ਸੀ, ਜਿਸ ਅਧੀਨ ਅਮਰੀਕੀ ਫੌਜਣਾਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਵੇਲ਼ੇ ਇਸਲਾਮੀ ਲਿਬਾਸ ਪਾਉਣਾ ਪੈਂਦਾ ਸੀ। ਉਸ ਨੇ ਅੱਠ ਸਾਲ, ਇਹ ਨੀਤੀ ਬਦਲਣ ਸਬੰਧੀ ਸੰਘਰਸ਼ ਕੀਤਾ ਤੇ ਅੰਤ ਵਿਚ ਇਹ ਕੇਸ, 'ਮੈਕਸੈਲੀ ਬਨਾਮ ਰਮਜ਼ਫੈਲਡ' ਕੇਸ ਵਜੋਂ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ।

    2004 ਵਿਚ ਮਾਰਥਾ ਨੂੰ 354ਵੇਂ ਫਾਈਟਰ ਸਕੁਆਰਡਨ ਦੀ ਕਮਾਂਡਰ ਬਣਾਇਆ ਗਿਆ, ਜਿਸ ਨਾਲ਼ ਉਹ, ਅਮਰੀਕਾ ਦੇ ਇਤਿਹਾਸ ਵਿਚ, ਇਹ ਅਹੁਦਾ ਸੰਭਾਲਣ ਵਾਲ਼ੀ ਵੀ ਪਹਿਲੀ ਔਰਤ ਬਣ ਗਈ। ਇਸ ਅਹੁਦੇ 'ਤੇ ਹੁੰਦਿਆਂ ਉਸ ਨੇ, ਅਫ਼ਗਾਨਿਸਤਾਨ ਤਕ 225 ਘੰਟੇ ਜੰਗੀ ਉਡਾਣਾਂ ਭਰੀਆਂ ਤੇ ਆਪਣੇ ਸਕੁਆਰਡਨ ਦੀ ਕਮਾਂਡ ਵੀ ਸੰਭਾਲੀ। ਉਸ ਨੇ ਆਪਣੇ ਹਵਾਈ ਫੌਜੀ ਜੀਵਨ ਦੌਰਾਨ 2600 ਘੰਟੇ ਜਹਾਜ਼ ਉਡਾਇਆ, ਜਿਨ੍ਹਾਂ ਵਿਚੋਂ 325 ਘੰਟੇ ਜੰਗੀ ਉਡਾਣਾਂ ਭਰੀਆਂ। ਉਸ ਨੇ 6 ਤਮਗੇ ਕਮਾਏ। ਫੌਜ ਵਿਚ ਆਪਣੀ ਡਿਊਟੀ ਨਿਭਾਉਣ ਮਗਰੋਂ ਮਾਰਥਾ ਮੈਕਸੈਲੀ, ਜਰਮਨੀ ਦੇ 'ਜਾਰਜ ਸੀ. ਮਾਰਸ਼ਲ ਸੈਂਟਰ' ਵਿਚ ਜਹਾਨ ਭਰ ਵਿਚੋਂ ਆਏ ਹੋਏ ਫੌਜੀ ਅਫ਼ਸਰਾਂ ਨੂੰ 'ਨੈਸ਼ਨਲ ਸਿਕਿਓਰਿਟੀ ਸਟੱਡੀਜ਼ ਦੀ ਪ੍ਰੋਫੈਸਰ' ਵਜੋਂ ਪੜ੍ਹਾਉਂਦੀ ਵੀ ਰਹੀ।
    ਉਹ, ਫੌਜ ਵਿਚ 'ਟਰਿਥਲੋਨ' (ਇਕੋ ਵੇਲ਼ੇ ਵਾਰੀ-ਵਾਰੀ ਤੈਰਾਕੀ, ਬਾਈਸਾਈਕਲਿੰਗ ਅਤੇ ਲੰਬੀ ਦੌੜ ਵਿਚ ਹਿੱਸਾ ਲੈਣਾ) ਦੀ ਮਾਹਰ ਖਿਡਾਰਨ ਸੀ। ਉਸ ਨੇ ਕਈ ਵਾਰ 'ਨੈਸ਼ਨਲ ਮਿਲਟਰੀ ਟਰਿਥਲੋਨ ਚੈਂਪੀਅਨਸ਼ਿੱਪ ਜਿੱਤਣ ਦੇ ਨਾਲ਼-ਨਾਲ਼ 'ਹਵਾਈ ਆਇਰਨਮੈਨ ਟਰਿਥਲੋਨ' ਦਾ ਫੌਜੀ ਡਿਵੀਜਨ ਮੁਕਾਬਲਾ ਵੀ ਜਿੱਤਿਆ ਸੀ। ਟੂਸਾਂਨ ਵਿਚ ਰਹਿੰਦਿਆਂ, ਦੌੜ ਲਾਉਣ ਦੇ ਨਾਲ਼-ਨਾਲ਼, ਜੰਗਲ-ਪਹਾੜ ਗਾਹੁੰਦੀ ਰਹਿੰਦੀ ਤੇ ੫੨ ਸਾਲਾਂ ਦੀ ਹੋ ਗਈ ਮਾਰਥਾ ਮੈਕਸੋਲੀ ਟਿਕ ਕੇ ਨਹੀਂ ਬਹਿੰਦੀ।
    ਉਹ ਨੇ 31 ਸਾਲ ਦੀ ਉਮਰੇ, 1997 ਵਿਚ ਪਾਇਲਟ ਡੋਨਾਲਡ ਹੈਨਰੀ ਨਾਲ਼ ਵਿਆਹ ਕਰਾ ਕੇ ਘਰ ਵਸਾਉਣ ਦਾ ਹੀਲਾ ਕੀਤਾ ਸੀ, ਪਰ 1999 ਵਿਚ ਹੀ ਉਨ੍ਹਾਂ ਦਾ ਆਪਸ ਵਿਚ ਤੋੜ-ਵਿਛੋੜਾ ਹੋ ਗਿਆ। 1988 ਤੋਂ 2010 ਤਕ ਅਮਰੀਕੀ ਹਵਾਈ ਫੌਜ ਵਿਚ ਸੇਵਾ ਕਰਨ ਮਗਰੋਂ ਉਹ 'ਕਰਨਲ' ਬਣ ਕੇ ਰਿਟਾਇਰ ਹੋਈ। ਉਸ ਤੋਂ ਮਗਰੋਂ ਅਮਰੀਕਾ ਦੀ ਫੌਜ ਵਿਚ ਕੋਈ ਔਰਤ ਸ਼ਾਇਦ ਹੀ ਇਸ ਅਹੁਦੇ 'ਤੇ ਪਹੁੰਚੀ ਹੋਵੇ। 
    1966 ਵਿਚ ਰੋਹਡ ਆਈਲੈਂਡ ਵਿਚ ਵਾਰਵਿਕ ਵਿਖੇ ਜਨਮੀ ਮਾਰਥਾ ਮੈਕਸੈਲੀ, ਪੰਜ ਬੱਚਿਆਂ ਵਿਚੋਂ ਸਭ ਤੋਂ ਛੋਟੀ ਸੀ। 1978 ਵਿਚ ਉਸ ਦਾ ਬਾਪ ਬਰਨਾਰਡ, ਦਿਲ ਦਾ ਦੌਰਾ ਪੈਣ ਨਾਲ਼ ਚੱਲ ਵਸਿਆ। ਉਸ ਦੀ ਮਾਂ ਏਲੀਨੋਰ ਨੇ 'ਰੀਡਿੰਗ ਸਪੈਸ਼ਲਿਸਟ' ਵਜੋਂ ਕੰਮ ਕਰ ਕੇ, ਆਪਣੇ ਬੱਚੇ ਪਾਲ਼ੇ ਸਨ। ਸਾਊਦੀ ਅਰਬ ਵਿਚ, ਅਮਰੀਕੀ ਫੌਜ ਦੇ ਅਫ਼ਸਰਾਂ ਵੱਲੋਂ ਫੌਜਣਾਂ ਨਾਲ਼ ਵਿਤਕਰਾ ਕਰਨ ਦੇ ਸਬੰਧ ਵਿਚ ਇਕ ਵਾਰ ਉਸ ਨੇ ਏਦਾਂ ਕਿਹਾ ਸੀ, "ਮੈਨੂੰ ਹਰ ਵੇਲ਼ੇ ਇਕ ਮਰਦ ਅਫ਼ਸਰ ਦੇ ਪਿੱਛੇ ਬੈਠਣਾ ਪੈਂਦਾ ਹੈ। ਫਿਰ ਮੈਨੂੰ ਆਪਣੇ-ਆਪ ਨੂੰ ਉਸ ਅਫ਼ਸਰ ਦੀ ਬੀਵੀ ਦੱਸਣਾ ਪੈਂਦਾ ਹੈ। ਮੈਂ ਇਕ ਸੀਟ ਵਾਲ਼ਾ ਹਵਾਈ ਜਹਾਜ਼ ਉਡਾ ਕੇ ਦੁਸ਼ਮਣ ਦੇ ਇਲਾਕੇ ਵਿਚ ਤਾਂ ਜਾ ਸਕਦੀ ਹਾਂ, ਪਰ ਸਾਊਦੀ ਅਰਬ ਵਿਚ ਆਪ ਅੱਗੇ ਬੈਠ ਕੇ ਗੱਡੀ ਨਹੀਂ ਚਲਾ ਸਕਦੀ।"
    ਅਮਰੀਕਾ ਸਰਕਾਰ ਪੱਤ ਲੁੱਟਣ ਦੇ ਮਾਮਲੇ ਦੀਆਂ ਪ੍ਰੀਭਾਸ਼ਾਵਾਂ ਤਾਂ ਘੜਦੀ ਰਹੀ ਹੈ, ਪਰ ਉਹ, ਇਸ ਰੁਝਾਨ ਨੂੰ ਠੱਲ੍ਹ ਪਾਉਣ ਵਿਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ। 2013 ਵਿਚ ਕਰਾਏ ਗਏ ਇਕ ਅਧਿਐਨ ਤੋਂ ਪਤਾ ਲੱਗਿਆ ਸੀ ਕਿ ਅਮਰੀਕਾ ਵਿਚ ਪੱਤ ਲੁੱਟੀ ਜਾਣ ਦੇ ਬਹੁਤੇ ਕੇਸਾਂ ਬਾਰੇ ਪੁਲਸ ਨੂੰ ਇਤਲਾਹ ਹੀ ਨਹੀਂ ਦਿੱਤੀ ਜਾਂਦੀ। 2014 ਵਿਚ ਕੀਤੀ ਗਈ ਜਾਂਚ ਤੋਂ ਇਹ ਇਲਮ ਹੋਇਆ ਸੀ ਕਿ ਪੁਲਸ, ਇਹ ਪ੍ਰਭਾਵ ਬਣਾਉਣ ਲਈ ਕਿ ਉਸ ਨੇ ਇਸ ਘਿਨਾਉਣੇ ਜੁਰਮ ਨੂੰ ਠੱਲ੍ਹ ਪਾ ਦਿੱਤੀ ਹੈ, ਆਪਣੇ ਰਿਕਾਰਡ ਵਿਚ ਇਹੋ ਜਿਹੇ ਕੇਸ ਦਰਜ ਹੀ ਨਹੀਂ ਕਰਦੀ।
    ਅਮਰੀਕਾ ਦੇ ਹਰ ਸੂਬੇ ਵਿਚ ਪੱਤ ਲੁੱਟਣ ਜਾਂ ਪੱਤ ਨਾਲ਼ ਖਿਲਵਾੜ ਕਰਨ ਦੇ ਮਾਮਲੇ ਦੀਆਂ ਆਪੋ-ਆਪਣੀਆਂ ਪ੍ਰੀਭਾਸ਼ਾਵਾਂ ਹਨ, ਜਿਸ ਕਰ ਕੇ ਇਨ੍ਹਾਂ ਮਾਮਲਿਆਂ ਨਾਲ਼ ਸਿੱਝਣ ਲਈ ਕਾਨੂੰਨ ਵੀ ਵੱਖ-ਵੱਖ ਹਨ। ਕਈ ਸੂਬਿਆਂ ਵਿਚ ਤਾਂ 'ਰੇਪ' ਸ਼ਬਦ ਦੀ ਵਰਤੋਂ ਕਰਨੀ ਹੀ ਬੰਦ ਕੀਤੀ ਹੋਈ ਹੈ। ਇਹ ਸ਼ਬਦ ਵਰਤਣਾ ਬੰਦ ਹੋਇਆ ਕਿ ਨਹੀਂ, ਇਸ ਰੁਝਾਨ ਬਰਕਰਾਰ ਹੈ। ਅਮਰੀਕਾ ਵਿਚ, 1995 ਦੇ ਅੰਕੜਿਆਂ ਮੁਤਾਬਕ 15-20 ਫੀ ਸਦੀ ਔਰਤਾਂ ਇਹੋ ਜਿਹੀਆਂ ਰਹੀਆਂ ਹਨ, ਜਿਨ੍ਹਾਂ ਦੀ ਪੱਤ ਇਕ ਵਾਰ ਤਾਂ ਰੋਲ਼ੀ ਜਾ ਹੀ ਚੁੱਕੀ ਸੀ। ਇਹ ਅੰਕੜਾ ਹਰ ਸਾਲ ਥੋੜ੍ਹਾ-ਬਹੁਤ ਉੱਪਰ-ਥੱਲੇ ਹੁੰਦਾ ਰਹਿੰਦਾ ਹੈ, ਪਰ ਖ਼ਤਮ ਕਦੇ ਨਹੀਂ ਹੋਇਆ। 1995ਤੋਂ 2010 ਦੇ ਵਿਚਾਲ਼ੇ ਅਮਰੀਕੀ ਔਰਤਾਂ ਦੀ ਇੱਜ਼ਤ ਨੂੰ ਹੱਥ ਪਾਉਣ ਦੀਆਂ ਵਾਰਦਾਤਾਂ ਦੀ ਗਿਣਤੀ 58 ਫੀ ਸਦੀ ਘਟੀ ਦੱਸੀ ਗਈ ਸੀ, ਪਰ ਸੱਚਾਈ ਕੀ ਹੈ, ਇਹ ਤਾਂ ਉਹ ਜਾਨਣ ਜਾਂ 'ਉਹੀ' ਜਾਣੇ।#