ਸ਼ਬਦੰਗਲ-97

'ਅਭਿਨੰਦਨ ਆ ਗਿਆ' ਕਿ ਅਸੀਂ 'ਅਭਿਨੰਦਨ ਗੁਆ ਲਿਆ'?
<><><><><><><><><><><><><><><>
    ਕਦੇ ਸੁਣਿਆ ਸੀ ਕਿ ਮਾਣ ਤੇ ਅਪਮਾਨ ਵਿਚਾਲ਼ੇ ਇਕ ਮਹੀਨ ਜਿਹਾ ਪਰਦਾ ਹੀ ਹੁੰਦਾ ਹੈ। ਮਾਣ ਨਾਲ਼ ਦਿੱਤੀ ਹੋਈ ਕਾਣੀ ਕੌਡੀ ਵੀ ਬਹੁਤ ਵੱਡਾ ਇਨਾਮ ਹੁੰਦੀ ਹੈ ਤੇ ਜੁਗਾੜ ਕਰ ਕੇ ਲਿਆ ਹੋਇਆ ਬਹੁਤ ਵੱਡਾ ਇਨਾਮ ਵੀ ਉਸ ਕਾਣੀ ਕੌਡੀ ਨਾਲੋਂ ਕਿਤੇ ਹੀਣਾ, ਕਿਤੇ ਊਣਾ ਹੁੰਦਾ ਹੈ। ਭਾਰਤ ਦਾ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ, ਤਕਰੀਬਨ 60 ਘੰਟੇ ਪਾਕਿਸਤਾਨ ਦੀ ਹਿਰਾਸਤ ਵਿਚ ਰਹਿਣ ਮਗਰੋਂ ਭਾਰਤ ਪਰਤ ਆਇਆ ਹੈ ਤਾਂ ਸਾਰਾ ਮੁਲਕ 'ਅਭਿਨੰਦਨ ਆ ਗਿਆ - ਅਭਿਨੰਦਨ ਆ ਗਿਆ' ਕਹਿੰਦਿਆਂ ਚਾਅ ਮਨਾਉਂਦਾ ਨਹੀਂ ਥੱਕਦਾ। ਕਿੱਲ੍ਹ-ਕਿੱਲ੍ਹ ਕੇ 'ਯੇਹ ਹੈ ਪਾਕਿਸਤਾਨ ਕਾ ਅਸਲੀ ਚਿਹਰਾ!' ਕਹਿਣ ਵਾਲ਼ੇ ਟੀਵੀ ਐਂਕਰ ਵੀ 'ਭਾੜੇ ਦੇ ਜਨੂੰਨ' ਹੇਠ, ਇਹ ਹਕੀਕਤ ਸਮਝਣੋਂ ਰਹਿ ਗਏ ਹਨ ਕਿ ਅਸਲ ਵਿਚ ਭਾਰਤ ਦਾ 'ਅਭਿਨੰਦਨ ਆ ਗਿਆ' ਹੈ ਜਾਂ ਅਸੀਂ 'ਅਭਿਨੰਦਨ ਗੁਆ ਲਿਆ' ਹੈ। 
    ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ 'ਅਭਿਨੰਦਨ' ਸ਼ਬਦ ਦੇ ਅਰਥ ਬਦਲ ਕੇ 'ਵਧਾਈ' ਕਰ ਦਿੱਤੇ ਹਨ। ਤੁਸੀਂ ਪੁੱਛੋਗੇ, "ਉਹ ਕਿੱਦਾਂ?" ਅਸੀਂ ਦੱਸਦੇ ਹਾਂ। ਪਾਕਿਸਤਾਨ ਵੱਲੋਂ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਭਾਰਤ ਦੇ ਸਪੁਰਦ ਕਰਨ ਤੋਂ ਇਕ ਦਿਨ ਮਗਰੋਂ ਹੀ ਸ਼੍ਰੀ ਮੋਦੀ ਨੇ ਦਿੱਲੀ ਵਿਚ 'ਕੰਸਟਰੱਕਸ਼ਨ ਟੈਕਨਾਲੋਜੀ ਇੰਡੀਆ 2019' ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ, "ਅੰਗਰੇਜ਼ੀ ਵਿਚ 'ਅਭਿਨੰਦਨ' ਸ਼ਬਦ ਦੇ ਅਰਥ 'ਵਧਾਈ' ਹੋਇਆ ਕਰਦੇ ਹਨ, ਪਰ ਹੁਣ ਇਹ ਬਦਲ ਜਾਣਗੇ।" ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਅਭਿਨੰਦਨ ਨੂੰ ਭਾਰਤ ਦੇ ਸਪੁਰਦ ਕੀਤੇ ਜਾਣ ਨੂੰ ਭਾਰਤ ਦੀ ਮੋਦੀਆਂ ਵਾਲ਼ੀ ਸਰਕਾਰ ਆਪਣੀ 'ਡਿਪਲੋਮੈਟਿਕ ਜਿੱਤ' ਸਮਝਦਿਆਂ ਇਹ ਵੀ ਸਮਝਦੀ ਹੈ ਕਿ ਪਾਕਿਸਤਾਨ ਸਰਕਾਰ ਨੇ ਇਹ ਕਾਰਵਾਈ, ਭਾਰਤੀ ਫੌਜੀ ਤਾਕਤ ਤੋਂ ਡਰ ਕੇ ਕੀਤੀ ਹੈ। ਆਪਣੇ ਪਾਠਕਾਂ ਨੂੰ ਯਾਦ ਕਰਾ ਦੇਈਏ ਕਿ 27 ਫਰਵਰੀ ਨੂੰ ਭਾਰਤੀ ਅਤੇ ਪਾਕਿਸਤਾਨੀ ਹਵਾਈ ਫੌਜਾਂ ਦੇ ਆਪਸੀ ਟਕਰਾਅ ਦੌਰਾਨ ਦੋ ਲੜਾਕੂ ਜਹਾਜ਼ ਤਬਾਹ ਹੋਣ ਮਗਰੋਂ ਅਭਿਨੰਦਨ, ਜਿਸ ਦੀ ਵਰਦੀ ਉੱਤੇ ਉਸ ਦਾ ਨਾਂ 'ਅਭੀ' ਵਜੋਂ ਦਰਜ ਸੀ, ਨੂੰ ਪਾਕਿਸਤਾਨੀ ਫੌਜੀਆਂ ਨੇ ਹਿਰਾਸਤ ਵਿਚ ਲੈ ਲਿਆ ਸੀ।
    'ਕੰਸਟਰੱਕਸ਼ਨ ਟੈਕਨਾਲੋਜੀ ਇੰਡੀਆ 2019' ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਮੋਦੀ ਨੇ ਇਹ ਵੀ ਕਿਹਾ, "ਭਾਰਤ ਜੋ-ਜੋ ਵੀ ਕਰਦਾ ਹੈ, ਜਹਾਨ ਉਸ ਵੱਲ਼ ਗ਼ੌਰ ਨਾਲ਼ ਦੇਖਦਾ ਹੈ। ਇਸ ਦੇਸ਼ ਕੋਲ, ਸ਼ਬਦਕੋਸ਼ ਵਿਚ ਦਰਜ ਸ਼ਬਦਾਂ ਦੇ ਅਰਥ ਬਦਲਣ ਦੀ ਤਾਕਤ ਹੈ। ਅੰਗਰੇਜ਼ੀ ਵਿਚ 'ਅਭਿਨੰਦਨ' ਦਾ ਅਰਥ 'ਵਧਾਈ' ਹੋਇਆ ਕਰਦਾ ਸੀ, ਜੋ ਹੁਣ ਬਦਲ ਜਾਵੇਗਾ।" ਇੱਥੇ ਸਾਨੂੰ ਵੀ ਕੁੱਝ ਅਰਜ਼ ਕਰਨਾ ਬਣਦਾ ਹੈ ਕਿ 'ਅਭਿਨੰਦਨ' ਦੇ ਅਰਥ ਕਦੇ ਵੀ 'ਵਧਾਈ' ਨਹੀਂ ਹੁੰਦੇ ਸਨ। ਇਸ ਸ਼ਬਦ ਦਾ ਅਰਥ ਅੱਜ ਵੀ 'ਮਾਣ-ਤਾਣ' ਜਾਂ 'ਮਾਨ-ਸਨਮਾਨ' ਹੈ ਤੇ ਅੱਗੋਂ ਵੀ ਇਹੋ ਰਹਿਣ ਦੀ ਉਮੀਦ ਹੈ।
    'ਅਭੀ' ਨੂੰ ਸਰਹੱਦ ਪਾਰ ਕਰਾ ਕੇ, ਭਾਰਤੀ ਅਧਿਕਾਰੀਆਂ ਦੇ ਸਪੁਰਦ ਕੀਤੇ ਜਾਣ ਮੌਕੇ ਸ਼੍ਰੀ ਮੋਦੀ ਨੇ ਅਭੀ ਨੂੰ ਇਹ ਸੁਨੇਹਾ 'ਟਵੀਟ' ਕੀਤਾ ਸੀ, "ਵਿੰਗ ਕਮਾਂਡਰ ਅਭਿਨੰਦਨ, ਘਰ ਪਰਤਣ 'ਤੇ ਤੁਹਾਡਾ ਸੁਆਗਤ ਹੈ! ਦੇਸ਼ ਨੂੰ ਤੁਹਾਡੇ ਮਿਸਾਲੀ ਹੌਸਲੇ ਉੱਤੇ ਮਾਣ ਹੈ। ਸਾਡੀਆਂ ਹਥਿਆਰਬੰਦ ਫੌਜਾਂ, 130 ਕਰੋੜ ਭਾਰਤੀ ਅਬਾਦੀ ਲਈ ਪ੍ਰੇਰਨਾ ਹਨ। ਵੰਦੇ ਮਾਤਰਮ!"
    ਜੰਗੀ ਹਵਾਈ ਜਹਾਜ਼ ਦੇ ਪਾਇਲਟ ਦੀ ਵਰਦੀ ਵਿਚ ਪਾਕਿਸਤਾਨ ਗਿਆ ਅਭੀ ਜਦੋਂ ਭਾਰਤ ਪਰਤਿਆ ਤਾਂ ਉਸ ਨੇ ਚਿੱਟੀ ਕਮੀਜ਼, ਨੀਲਾ ਡੱਬੀਦਾਰ ਬਲੇਜ਼ਰ, ਭੂਸਲੇ ਜਿਹੇ ਰੰਗ ਦੀ ਪੈਂਟ ਪਾਈ ਹੋਈ ਸੀ। ਉਸ ਦੇ ਚਿਹਰੇ ਉੱਤੇ ਕੁੱਝ ਦਾਗ਼ ਸਨ ਅਤੇ ਸੱਜੀ ਅੱਖ ਵੀ ਚੁੱਭੀ ਜਿਹੀ ਤੇ ਛੋਟੀ ਜਿਹੀ ਲੱਗਦੀ ਸੀ। ਉਹ ਭਾਰਤੀ ਸਮੇਂ ਅਨੁਸਾਰ ਰਾਤੀਂ 9.20 ਵਜੇ ਭਾਰਤ ਵਿਚ ਦਾਖ਼ਲ ਹੋਇਆ। ਫਿਰ ਇਕ ਟੋਯੋਟਾ ਇਨੋਵਾ ਕਾਰ ਵਿਚ ਉਸ ਨੂੰ ਅੰਮ੍ਰਿਤਸਰ ਲਿਜਾਇਆ ਗਿਆ। ਏਅਰ ਵਾਈਸ ਮਾਰਸ਼ਲ ਆਰ. ਜੀ. ਕੇ. ਕਪੂਰ ਦੇ ਕਹਿਣ ਅਨੁਸਾਰ, ਇਕ ਮਿੱਥੇ ਢੰਗ ਮੁਤਾਬਕ, ਉਸ ਦਾ ਪੂਰਾ ਡਾਕਟਰੀ ਮੁਆਇਨਾ ਓਦਾਂ ਹੀ ਕੀਤਾ ਗਿਆ ਹੈ, ਜਿੱਦਾਂ ਕਿਸੇ ਪਾਇਲਟ ਦਾ ਜਹਾਜ਼ੋਂ ਉੱਤਰਨ ਵੇਲ਼ੇ ਕੀਤਾ ਜਾਂਦਾ ਹੈ।
    ਜਿਉਂ ਹੀ ਅਭੀ ਨੂੰ ਹਵਾਈ ਜਹਾਜ਼ ਰਾਹੀਂ ਦਿੱਲੀ ਲਿਜਾਇਆ ਗਿਆ, ਵਧਾਈਆਂ ਦੇਣ ਵਾਲ਼ਿਆਂ ਨੇ ਵਧਾਈਆਂ ਦੀ ਛਹਿਬਰ ਲਾ ਦਿੱਤੀ। ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਵਧਾਈ ਸੰਦੇਸ਼ ਵਿਚ ਏਦਾਂ ਕਿਹਾ, "ਵਿੰਗ ਕਮਾਂਡਰ ਅਭਿਨੰਦਨ, ਤੇਰੀ ਸ਼ਾਨ-ਬਾਨ ਤੇ ਬਹਾਦਰੀ ਨੇ ਸਾਨੂੰ ਸਭ ਨੂੰ ਮਾਣ ਦਿੱਤਾ ਹੈ। ਘਰ ਮੁੜਨ 'ਤੇ ਤੇਰਾ ਸੁਆਗਤ ਅਤੇ ਬਹੁਤ-ਬਹੁਤ ਪਿਆਰ।"

     ਫ਼ਿਲਮ ਸਟਾਰ ਸ਼ਾਹਰੁਖ਼ ਖ਼ਾਨ ਨੇ ਅਭੀ ਨੂੰ ਭੇਜੇ ਸੁਨੇਹਾ ਵਿਚ ਏਦਾਂ ਕਿਹਾ, "ਤੇਰੀ ਬਹਾਦਰੀ ਨੇ ਸਾਨੂੰ ਹੋਰ ਤਕੜੇ ਕਰ ਦਿੱਤਾ ਹੈ।" ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ, "ਪਿਆਰੇ ਵਿੰਗ ਕਮਾਂਡਰ ਅਭਿਨੰਦਨ, ਸਾਰੇ ਦੇਸ਼ ਨੂੰ ਤੇਰੇ ਹੌਸਲੇ ਤੇ ਬਹਾਦਰੀ ਉੱਤੇ ਮਾਣ ਹੈ। ਭਾਰਤ ਤੇਰੇ ਵਾਪਸ ਆਉਣ 'ਤੇ ਖ਼ੁਸ਼ ਹੈ।" ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਤਕਰੀਬਨ ਇਹੋ ਜਿਹਾ ਹੀ ਸੁਨੇਹਾ ਭੇਜਿਆ।
    ਅਭਿਨੰਦਨ ਵਰਤਮਾਨ ਨੂੰ ਭਾਰਤ ਦੇ ਸਪੁਰਦ ਕਰਨ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਇਹ ਬਿਆਨ ਜਾਰੀ ਕੀਤਾ, "ਭਾਰਤੀ ਹਵਾਈ ਫੌਜ ਦੇ ਹਿਰਾਸਤ ਵਿਚ ਲਏ ਹੋਏ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਅੱਜ ਭਾਰਤ ਭੇਜ ਦਿੱਤਾ ਗਿਆ ਹੈ। ਉਸ ਨੂੰ ਉਸ ਵੇਲ਼ੇ ਫੜਿਆ ਗਿਆ ਸੀ, ਜਦੋਂ 27 ਫਰਵਰੀ, 2019 ਨੂੰ ਉਸ ਦਾ ਜੈੱਟ ਮਿੱਗ-21 ਜਹਾਜ਼, ਪਾਕਿਸਤਾਨੀ ਅਸਮਾਨ ਵਿਚ ਦਾਖ਼ਲ ਹੋਣ ਮਗਰੋਂ, ਪਾਕਿਸਤਾਨੀ ਹਵਾਈ ਫੌਜ ਵੱਲੋਂ ਫੁੰਡੇ ਜਾਣ ਨਾਲ਼ ਆਜ਼ਾਦ ਜੰਮੂ-ਕਸ਼ਮੀਰ ਵਿਚ ਡਿੱਗ ਪਿਆ ਸੀ।" ਇਸ ਬਿਆਨ ਵਿਚ ਇਹ ਵੀ ਕਿਹਾ ਹੋਇਆ ਸੀ, "ਹਿਰਾਸਤ ਵਿਚ ਉਸ ਦੀ ਸ਼ਾਨ ਵਿਚ ਕੋਈ ਗ਼ੁਸਤਾਖ਼ੀ ਨਹੀਂ ਕੀਤੀ ਗਈ ਤੇ ਉਸ ਨਾਲ਼ ਉਹੋ ਜਿਹਾ ਸਲੂਕ ਹੀ ਕੀਤਾ ਗਿਆ, ਜਿਹੋ ਜਿਹਾ ਕੌਮਾਂਤਰੀ ਕਾਨੂੰਨ ਅਧੀਨ ਕੀਤਾ ਜਾਣਾ ਬਣਦਾ ਹੈ। ਪਾਕਿਸਤਾਨ ਦੇ ਵਜ਼ੀਰਿ-ਆਜ਼ਮ ਜਨਾਬ ਇਮਰਾਨ ਖ਼ਾਨ ਨੇ ਭਾਰਤ ਅਤੇ ਪਾਕਿਸਤਾਨ ਵਿਚਾਲ਼ੇ ਤਣਾਅ ਘਟਾਉਣ ਦੇ ਉਦੇਸ਼ ਨਾਲ਼ ਉਸ ਨੂੰ, ਸ਼ੁੱਭ ਇੱਛਾ ਦੇ ਇਸ਼ਾਰੇ ਦੇ ਤੌਰ 'ਤੇ, ਉਸ ਦੇ ਮੁਲਕ ਭੇਜਣ ਦਾ ਐਲਾਨ ਕੀਤਾ ਹੋਇਆ ਸੀ।"
    ਭਾਵੇਂ ਇਮਰਾਨ ਖ਼ਾਨ ਨੇ ਪਾਕਿਸਤਾਨ ਦੀ ਕੌਮੀ ਅਸੈਂਬਲੀ ਵਿਚ ਇਹ ਐਲਾਨ ਕਰ ਦਿੱਤਾ ਸੀ ਕਿ 'ਅਮਨ-ਅਮਾਨ ਦੇ ਹੱਕ ਵਿਚ ਭੁਗਤਦਿਆਂ ਅਭਿਨੰਦਨ ਨੂੰ ਛੱਡ ਦਿੱਤਾ ਜਾਵੇਗਾ' ਤੇ ਉਹ, ਉਸ ਦੀ ਰਿਹਾਈ ਦੇ ਅਮਲ ਦੀ ਨਿਗਰਾਨੀ ਲਈ ਲਾਹੌਰ ਵਿਚ ਮੌਜੂਦ ਰਹੇ, ਪਰ ਹੁਣ ਇਹੋ ਜਿਹੀਆਂ ਖ਼ਬਰਾਂ ਹੀ ਨਹੀਂ, ਕੁੱਝ ਵਿਡੀਓ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਅਭਿਨੰਦਨ ਦਾ ਜਹਾਜ਼ ਡਿੱਗਣ ਮਗਰੋਂ ਪਾਕਿਸਤਾਨੀਆਂ ਨੇ ਉਸ ਦੀਆਂ ਬਾਹਾਂ ਪਿੱਛੇ ਬੰਨ੍ਹ ਕੇ ਉਸ ਨੂੰ ਇੰਨਾ ਕੁ ਕੁੱਟਿਆ-ਮਾਰਿਆ ਸੀ ਕਿ ਉਹ ਦੇ ਨੱਕ-ਮੂੰਹ ਵਿਚੋਂ ਖ਼ੂਨ ਦੀਆਂ ਘਰਾਲ਼ਾਂ ਵਗਦੀਆਂ ਰਹੀਆਂ। ਇਹ ਸਭ ਕੁੱਝ ਕਰਨ ਤੋਂ ਬਾਅਦ ਉਸ ਨੂੰ ਕੈਮਰੇ ਦੇ ਸਾਹਮਣੇ ਇਹ ਕਹਿਣ ਲਈ ਮਜਬੂਰ ਕੀਤਾ ਗਿਆ ਕਿ ਪਾਕਿਸਤਾਨੀ ਫੌਜ ਅਤੇ ਲੋਕਾਂ ਨੇ ਉਸ ਨਾਲ਼ ਕੋਈ ਬਦਸਲੂਕੀ ਨਹੀਂ ਕੀਤੀ।
    ਜਿਹੜੀਆਂ ਤਿੰਨ ਵਿਡੀਓ ਇਸ ਵੇਲ਼ੇ ਸੋਸ਼ਲ ਮੀਡੀਆ ਉੱਤੇ ਦਿਸਦੀਆਂ ਹਨ, ਉਨ੍ਹਾਂ ਵਿਚੋਂ ਇਕ ਵਿਡੀਓ, ਜੋ ਕਿਸੇ ਦਫ਼ਤਰ ਵਿਚ ਬਣਾਈ ਹੋਈ ਲੱਗਦੀ ਹੈ, ਵਿਚ ਅਭੀ ਦੇ ਹੱਥ ਪਿੱਛੇ ਬੰਨ੍ਹੇ ਹੋਏ ਹਨ ਤੇ ਉਸ ਦਾ ਮੂੰਹ ਲਹੂ-ਲੁਹਾਣ ਹੈ। ਇਕ ਹੋਰ ਵਿਡੀਓ ਵਿਚ ਉਸ ਦਾ ਚਿਹਰਾ ਧਰਤੀ ਨਾਲ਼ ਲਾਇਆ ਹੋਇਆ ਹੈ ਤੇ ਉਹ ਦੇ ਨੱਕ-ਮੂੰਹ ਵਿਚੋਂ ਵਗਦੇ ਖ਼ੂਨ ਨਾਲ਼ ਹੇਠਾਂ ਘਾਹ-ਫੂਸ ਵੀ ਲਾਲ ਹੋਇਆ ਦਿਸਦਾ ਹੈ। ਇਸ ਵਿਡੀਓ ਵਿਚ ਇਹ ਸਪੱਸ਼ਟ ਨਹੀਂ ਹੁੰਦਾ ਕਿ ਉਸ ਤੋਂ ਸੁਆਲ ਪੁੱਛਣ ਵਾਲ਼ਾ ਕੌਣ ਹੈ ਜਦੋਂ ਕਿ ਕੁੱਟਿਆ-ਮਾਰਿਆ ਹੋਣ 'ਤੇ ਵੀ ਪਤਾ ਨਹੀਂ ਕਿਸ ਵੱਲੋਂ ਕੀਤੇ ਜਾ ਰਹੇ ਸੁਆਲਾਂ ਦੇ ਜੁਆਬ, ਉਹ ਬਹੁਤ ਹੀ ਠਰੰ੍ਹਮੇ ਨਾਲ਼ ਦੇਈ ਜਾ ਰਿਹਾ ਹੈ। ਉਸ ਨੇ ਆਪਣਾ ਨਾਂ ਅਤੇ ਸਰਵਿਸ ਨੰਬਰ ਕਈ ਵਾਰ ਦੱਸਿਆ ਹੈ।
    ਤੀਜੇ ਵਿਡੀਓ ਵਿਚ ਅਭਿਨੰਦਨ ਇਹ ਕਹਿੰਦਾ ਦਿਖਾਇਆ ਗਿਆ ਹੈ ਕਿ ਉਸ ਨਾਲ਼ ਬਹੁਤ ਚੰਗਾ ਸਲੂਕ ਕੀਤਾ ਗਿਆ ਹੈ ਤੇ ਉਹ ਆਪਣੇ ਇਸ ਬਿਆਨ ਉੱਤੇ ਕਾਇਮ ਰਹੇਗਾ। ਅਭੀ ਦਾ ਇਹ ਬਿਆਨ, ਕਿਸੇ ਹੱਦ ਤਕ, ਪਾਕਿਸਤਾਨੀ 'ਲੋਕ ਸੰਪਰਕ' ਦਾ, ਇਹ ਸਿੱਧ ਕਰਨ ਦਾ ਹੀਲਾ ਲੱਗਦਾ ਹੈ ਕਿ ਭਾਰਤੀ ਅਧਿਕਾਰੀ ਨਾਲ਼ ਪਾਕਿਸਤਾਨ ਵਿਚ ਕੋਈ ਬਦਸਲੂਕੀ ਨਹੀਂ ਕੀਤੀ ਗਈ। ਹੁਣ ਜਦੋਂ ਅਭਿਨੰਦਨ ਆਪਣੇ ਘਰ ਪਹੁੰਚ ਗਿਆ ਹੈ ਤਾਂ ਉਹ ਸਭ ਕੁੱਝ ਵੀ ਸਾਹਮਣੇ ਆਉਣ ਲੱਗ ਪਿਆ ਹੈ, ਜਿਸ ਨੂੰ ਗਿਣ-ਮਿੱਥ ਕੇ ਰੋਕਿਆ ਹੋਇਆ ਹੋਣ ਦਾ ਸ਼ੱਕ ਸੀ।
     ਜਿਸ ਵਿਡੀਓ ਵਿਚ ਅਭਿਨੰਦਨ ਨੂੰ ਚਾਹ ਪੀਂਦਾ ਤੇ ਗੱਲਾਂ ਕਰਦਾ ਦਿਖਾਇਆ ਗਿਆ ਹੈ, ਉਸ ਵਿਚ ਉਸ ਦੇ ਸੱਜੇ ਹੱਥ ਉੱਤੇ 'ਬੈਂਡੇਡ' ਲੱਗੀ ਦਿਸਦੀ ਹੈ। ਜੇ ਉਸ ਦਾ ਇਹ ਹੱਥ ਜ਼ਖ਼ਮੀ ਹੈ ਤਾਂ ਉਸ ਦੇ ਜ਼ਖ਼ਮੀ ਹੋਣ ਦੀ ਕੋਈ ਵਜ੍ਹਾ ਤਾਂ ਹੋਵੇਗੀ ਹੀ। ਇਕ ਵਿਡੀਓ ਵਿਚ ਮਕਬੂਜ਼ਾ ਕਸ਼ਮੀਰ ਦੇ ਕੁੱਝ ਲੋਕ, ਅਭਿਨੰਦਨ ਦੇ ਮੂੰਹ ਉੱਤੇ ਥੱਪੜ ਅਤੇ ਘਸੁੰਨ ਮਾਰਦੇ ਦਿਸਦੇ ਹਨ। ਉਸ ਨੂੰ ਧਰਤੀ ਉੱਤੇ ਮੂੰਹ-ਭਾਰ ਸੁੱਟਿਆ ਹੋਇਆ ਹੈ ਤੇ ਉਹ ਦੇ ਨੱਕ ਤੇ ਮੂੰਹ ਵਿਚੋਂ ਲਹੂ ਨਿੱਕਲ ਰਿਹਾ ਹੈ।
     ਵਿੰਗ ਕਮਾਂਡਰ ਅਭਿਨੰਦਨ ਜਦੋਂ ਆਪਣਾ ਜਹਾਜ਼ ਲੈ ਕੇ ਪਾਕਿਸਤਾਨ ਵੱਲ ਗਿਆ ਸੀ ਤਾਂ ਉਸ ਨੇ ਹਵਾਈ ਫੌਜ ਦੇ ਪਾਇਲਟ ਵਾਲ਼ੀ ਵਰਦੀ ਪਾਈ ਹੋਈ ਸੀ, ਜੋ ਉਸ ਵੱਲੋਂ ਆਪਣੇ ਬਚਾਅ ਲਈ, ਇਕ ਛੱਪੜ ਜਿਹੇ ਛਾਲ ਮਾਰਨ ਵੇਲ਼ੇ ਬਹੁਤ ਜ਼ਿਆਦਾ ਲਿੱਬੜ-ਲੁੱਬੜ ਗਈ ਸੀ। ਜਦੋਂ ਉਹ ਵਾਹਗਾ ਸਰਹੱਦ ਰਾਹੀਂ ਆਪਣੇ ਮੁਲਕ ਵਿਚ ਦਾਖ਼ਲ ਹੋਇਆ ਤਾਂ ਉਸ ਨੇ ਚਿੱਟੀ ਕਮੀਜ਼, ਭੂਰੀ ਜਿਹੀ ਪੈਂਟ ਅਤੇ ਨੀਲਾ ਡੱਬੀਦਾਰ ਬਲੇਜ਼ਰ ਕੋਟ ਪਾਇਆ ਹੋਇਆ ਸੀ। ਇਸ ਸਾਰੀ ਵਾਰਤਾ ਵਿਚ ਇਕ ਗੱਲ ਵੱਲ ਕਿਸੇ ਦਾ ਵੀ ਧਿਆਨ ਨਹੀਂ ਗਿਆ ਕਿ ਇਹ ਸੂਟ ਉਸ ਨੇ ਕਿੱਥੋਂ ਲਿਆ। ਜੇ ਇਹ ਮੰਨ ਲਿਆ ਜਾਵੇ ਕਿ ਉਸ ਦੇ ਜਹਾਜ਼ ਵਿਚ ਉਸ ਦੇ ਕੱਪੜਿਆਂ ਦਾ ਸੂਟਕੇਸ ਸੀ ਤਾਂ ਵੀ ਜਹਾਜ਼ ਤਬਾਹ ਹੋਣ ਮਗਰੋਂ ਉਸ ਸੂਟਕੇਸ ਦਾ ਸਹੀ-ਸਲਾਮਤ ਰਹਿਣਾ ਵੀ ਸੰਭਵ ਨਹੀਂ ਸੀ। ਪਾਕਿਸਤਾਨੀ ਹਵਾਈ ਫੌਜ ਨੇ ਹੀ ਉਸ ਨੂੰ ਇਹ ਕੱਪੜੇ ਮੁਹੱਈਆ ਕੀਤੇ ਹੋਣਗੇ।
    ਜੇ ਪਾਸਿਤਾਨੀਆਂ ਨੇ ਉਸ ਨੂੰ ਕੁੱਟ-ਮਾਰ ਵੀ ਲਿਆ ਤੇ ਉਸ ਦੇ ਮੱਲ੍ਹਮ-ਪੱਟੀ ਵੀ ਕੀਤੀ। ਉਸ ਨੂੰ ਉਸ ਦੇ ਮੇਚੇ ਦਾ ਜੋੜਾ-ਜਾਮਾ ਦੇਣ ਦੇ ਨਾਲ਼-ਨਾਲ਼, ਉਸ ਦੀ ਜਾਨ ਵੀ ਬਖ਼ਸ਼ ਦਿੱਤੀ ਤਾਂ ਇਸ ਦਾ ਮਾਣ (ਅਭਿਨੰਦਨ) ਕਿਸ ਨੂੰ ਜਾਂਦਾ ਹੈ। ਜਿਹੜੇ ਮੋਦੀ ਸਾਹਿਬ ਇਹ ਕਹਿੰਦੇ ਹਨ ਕਿ ਉਨ੍ਹਾਂ ਦੇ ਲਲਕਾਰਿਆਂ ਤੋਂ ਡਰਦੇ ਪਾਕਿਸਤਾਨ ਨੇ ਅਭਿਨੰਦਨ ਨੂੰ ਛੱਡਿਆ ਹੈ, ਉਨ੍ਹਾਂ ਨੂੰ ਇਹ ਸੋਚਣਾ ਬਣਦਾ ਹੈ ਕਿ 'ਛੱਡਣ' ਅਤੇ 'ਸਤਿਕਾਰ' (ਅਭਿਨੰਦਨ) ਨਾਲ਼ ਘਰ ਛੱਡ ਕੇ ਆਉਣ ਵਿਚ ਬਹੁਤ ਫ਼ਰਕ ਹੁੰਦਾ ਹੈ। ਇਸ ਲਈ ਸਾਨੂੰ ਫਿਰ ਸੋਚਣਾ ਪਏਗਾ ਕਿ 'ਅਭਿਨੰਦਨ ਆ ਗਿਆ' ਕਿ ਅਸੀਂ 'ਅਭਿਨੰਦਨ ਗੁਆ ਲਿਆ' ਹੈ।#