ਰੋ-ਪਿੱਟ ਯਸ਼ੋਧਾ ਏ ਦਿਨ ਕੱਟਦੀ ਤੇ ਮੋਦੀ ਭਾਲਦਾ ਫਿਰੇ ਸਰਸਵਤੀ ਨੂੰ
<><><><><><><><><><><><><><><><>
ਮੌਸਮ ਚੋਣਾਂ ਦਾ ਹੋਵੇ ਤਾਂ ਸੱਤਾ ਵਿਚ ਰਹਿਣ ਦੀ ਤਲਬ ਬੜਾ ਕੁੱਝ ਕਰਾਉਂਦੀ ਹੈ। ਕਦੇ ਗੁਆਂਢੀ ਮੁਲਕ ਨਾਲ਼ ਜੰਗ ਦੀਆਂ ਚਿੰਜੜੀਆਂ ਛੇੜੀਆਂ ਜਾਂਦੀਆਂ ਹਨ, ਕਦੇ ਕੁੱਝ ਕੀਤਾ ਜਾਂਦਾ ਹੈ ਤੇ ਕਦੇ ਕੁੱਝ। ਇਸ ਸਭ ਕੁੱਝ ਦਾ ਮੰਤਵ, ਲੋਕਾਂ ਦਾ ਧਿਆਨ ਪਿਛਲੇ ਪੰਜ ਸਾਲਾਂ ਦੌਰਾਨ ਕੀਤੇ ਹੋਏ ਵਾਅਦੇ ਪੂਰੇ ਨਾ ਹੋਣ ਵੱਲ ਨਾ ਜਾਣ ਦੇਣਾ ਅਤੇ ਆਉਂਦੇ ਪੰਜ ਸਾਲਾਂ ਦੌਰਾਨ ਦਿਖਾਏ ਜਾਣ ਵਾਲ਼ੇ ਸਬਜ਼ ਬਾਗ਼ ਗੁੱਡਣਾ ਹੀ ਹੁੰਦਾ ਹੈ। ਸਰਕਾਰ ਨੇ ਨਵੇਂ-ਨਵੇਂ ਮੁੱਦੇ ਅਤੇ ਢਕੌਂਸਲੇ ਲੱਭਣ ਦੇ ਮਾਹਰ ਸਲਾਹਕਾਰ ਮੋਟੀਆਂ-ਮੋਟੀਆਂ ਰਕਮਾਂ ਤਾਰ ਕੇ ਐਵੇਂ ਨਹੀਂ ਰੱਖੇ ਹੁੰਦੇ। ਉਨ੍ਹਾਂ ਨੂੰ ਹੁਕਮ ਦਿੱਤਾ ਹੁੰਦਾ ਹੈ ਕਿ ਉਹ ਕੋਈ ਇਹੋ ਜਿਹਾ ਮੁੱਦਾ ਲੱਭਣ/ ਪੈਦਾ ਕਰਨ, ਜਿਸ ਵੱਲ ਧਿਆਨ ਜਾਂਦਿਆਂ ਹੀ ਲੋਕਾਂ ਦੀਆਂ ਅੱਖਾਂ ਇੰਨੀਆਂ ਝੁੰਧਿਆ ਜਾਣ ਕਿ ਉਹ ਹੋਰ ਕੁੱਝ ਦੇਖਣ ਜੋਗੇ ਹੀ ਨਾ ਰਹਿਣ।
ਕੁੱਝ ਸਮਾਂ ਪਹਿਲਾਂ ਭਾਰਤ ਦੀ ਮੋਦੀ ਸਰਕਾਰ ਨੇ ਲੋਕਾਂ ਦਾ ਧਿਆਨ ਚੋਣਾਂ ਵੇਲ਼ੇ ਕੀਤੇ ਤੇ ਪੂਰੇ ਨਾ ਕੀਤੇ ਗਏ ਵਾਅਦਿਆਂ ਵੱਲੋਂ ਹਟਾਉਣ ਲਈ ਗੁਜਰਾਤ ਦੇ ਸਰਦਾਰ ਸਰੋਵਰ ਵਿਚ, ਕਰੋੜਾਂ ਰੁਪਏ ਖ਼ਰਚ ਕੇ ਸਰਦਾਰ ਪਟੇਲ ਦਾ ਬੁੱਤ ਲੁਆਇਆ ਸੀ। ਲੋਕ ਉਦੋਂ ਵੀ ਸਮਝ ਗਏ ਕਿ ਇਸ ਬੁੱਤ ਨੇ ਉਨ੍ਹਾਂ ਨੂੰ ਰੋਟੀ, ਕੱਪੜਾ ਤੇ ਮਕਾਨ ਨਹੀਂ ਦੇਣੇ। ਇਸ ਵੇਲ਼ੇ ਮੋਦੀ ਸਰਕਾਰ ਦੇ ਮੁੱਦਾ-ਭਾਲ਼ੂ ਅਹਿਲਕਾਰਾਂ ਨੇ ਸਰਕਾਰ ਨੂੰ ਇਕ ਨਵਾਂ ਮੁੱਦਾ ਲੱਭ ਦਿੱਤਾ ਹੈ ਤੇ ਇਹ ਮੁੱਦਾ ਹੈ 'ਸਰਸਵਤੀ ਨਦੀ ਦੀ ਭਾਲ਼'। ਹਰਿਆਣਾ ਵਿਚ ਯਮਨਾਨਗਰ ਤੋਂ ੨੫ ਕਿਲੋ ਮੀਟਰ ਦੂਰ ਛੋਟਾ ਜਿਹਾ ਪਿੰਡ 'ਆਦੀ ਬਦਰੀ' ਅਤੇ ਉਸ ਦਾ 'ਆਦੀ ਬਦਰੀ ਨਰਾਇਣ ਦਾ ਮੰਦਰ' ਕੇਂਦਰ ਸਰਕਾਰ ਦੀਆਂ ਨਜ਼ਰਾਂ ਵਿਚ ਆ ਗਿਆ ਹੈ।
ਪਿਛਲੇ ਦਿਨੀਂ ਪੁਲਸ ਦੀਆਂ ਗੱਡੀਆਂ ਦਾ ਇਕ ਕਾਫ਼ਲਾ, ਹਰਿਆਣਾ ਦੇ ਇਸ ਪਿੰਡ ਗਿਆ, ਜਿਸ ਤੋਂ ਇਸ ਪਿੰਡ ਦੇ ਲੋਕਾਂ ਨੂੰ ਇਹ ਇਲਮ ਹੋ ਗਿਆ ਕਿ ਹੋਵੇ ਨਾ ਹੋਵੇ, ਉਨ੍ਹਾਂ ਦੇ ਪਿੰਡ ਜਾਂ ਇਸ ਦੇ ਨਾਲ਼ ਲੱਗਦੇ ਇਲਾਕੇ ਵਿਚ ਕੁੱਝ ਅਲੋਕਾਰਾ ਹੋ ਕੇ ਹੀ ਹਟੂ। ਪਿੰਡਾਂ ਦੇ ਕੁੱਝ ਲੋਕ ਵੀ ਉਸ ਕਾਫ਼ਲੇ ਦੇ ਮਗਰ-ਮਗਰ ਤੁਰ ਪਏ। ਫ਼ਸਲਾਂ ਲਤਾੜਦਾ ਇਹ ਕਾਫ਼ਲਾ ਪਹਾੜੀ ਚੜ੍ਹ ਕੇ 'ਆਦੀ ਬਦਰੀ ਨਰਾਇਣ ਦੇ ਮੰਦਰ' ਵੱਲ ਵਧਣਾ ਸ਼ੁਰੂ ਹੋ ਗਿਆ। ਇਸ ਕਾਫ਼ਲੇ ਵਿਚ ਕੁੱਝ ਪੱਤਰਕਾਰ ਵੀ ਸ਼ਾਮਲ ਸਨ। ਇਹ ਮੰਦਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ਼ ਹੀ ਹੈ।
ਭਾਰਤ ਦੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਇੱਥੇ ਕਰਾਏ ਜਾ ਰਹੇ ਹਵਨ ਵਿਚ ਹਿੱਸਾ ਲੈਣ ਖ਼ਾਤਰ ਤਸ਼ਰੀਫ਼ ਲਿਆਏ ਸਨ। ਉਨ੍ਹਾਂ ਨੇ ਇਸ ਹਵਨ ਰਾਹੀਂ 'ਸਰਸਵਤੀ ਨਦੀ ਦੇ ਪੰਜ ਦਿਨਾ ਉਤਸਵ' ਦਾ ਉਦਘਾਟਨ ਕਰਨਾ ਸੀ। ਇਸ ਮੌਕੇ ਲੋਕਾਂ ਦਾ ਇਕੱਠ ਹੋ ਗਿਆ, ਭਾਵੇਂ ਦੇ ਆਉਣ ਦਾ ਮਕਸਦ ਕੁੱਝ ਹੋਰ ਸੀ। ਗਡਕਰੀ ਜੀ ਬਾਗ਼ੋ-ਬਾਗ਼ ਸਨ ਕਿ ਚੋਣਾਂ ਦੇ ਮੌਸਮ ਵਿਚ ਲੋਕਾਂ ਦਾ ਇਕੱਠੇ ਹੋਣ ਦਾ ਫ਼ਾਇਦਾ ਹੀ ਹੈ। ਇਕ ਹਜ਼ਾਰ ਤੋਂ ਵੀ ਘੱਟ ਅਬਾਦੀ ਵਾਲ਼ਾ ਪਿੰਡ ਆਦੀ ਬਦਰੀ, 'ਸਰਸਵਤੀ ਨਦੀ ਦੀ ਕਿਰਪਾ ਨਾਲ਼' ਮਸ਼ਹੂਰ ਹੋਣ ਨੂੰ ਫਿਰਦਾ ਹੈ। 'ਸਰਸਵਤੀ' ਨਦੀ ਭਾਰਤੀ ਗ੍ਰੰਥਾਂ ਵਿਚ ਤਾਂ ਹੈ, ਪਰ ਹੁਣ ਉਸ ਦਾ ਕੋਈ ਵਜੂਦ ਨਹੀਂ ਹੈ। ਇਹ ਬਹਿਸ, ਇਕ ਪਾਸੇ ਵਿਗਿਆਨ ਅਤੇ ਦੂਜੇ ਪਾਸੇ ਸਿਆਸਤ ਅਤੇ ਧਾਰਮਕ ਵਿਸ਼ਵਾਸ ਵਿਚਾਲ਼ੇ ਜਾਰੀ 'ਭਾਰਤ ਪ੍ਰੀਵਰਤਨ ਸਬੰਧੀ ਲੜਾਈ' ਦਾ ਹੀ ਇਕ ਸੰਖੇਪ ਜਿਹਾ ਰੂਪ ਹੈ। ਇਸ ਲੜਾਈ ਦੇ ਜ਼ੋਰ 'ਤੇ ਹੀ ਨਰਿੰਦਰ ਮੋਦੀ ਇਸੇ ਹੀ ਸਾਲ ਕੌਮੀ ਚੋਣਾਂ ਜਿੱਤ ਕੇ ਸੱਤਾ ਵਿਚ ਰਹਿਣ ਦੇ ਹੀਲੇ ਕਰ ਰਹੇ ਹਨ।
2017 ਵਿਚ ਮੋਦੀ ਸਰਕਾਰ ਨੇ ਅੱਠ ਲੱਖ ਡਾਲਰ ਦੇ ਬੱਜਟ ਨਾਲ਼ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ 'ਸੈਂਟਰ ਆਫ ਐਕਸੇਲੈਂਸ ਫਾਰ ਰਿਸਰਚ ਆਨ ਸਰਸਵਤੀ ਰਿਵਰ' ਦੀ ਸਥਾਪਨਾ ਕੀਤੀ ਸੀ। ਇਸ ਸਾਲ ਜਨਵਰੀ ਵਿਚ, ਹਰਿਆਣਾ ਦੇ ਮੁੱਖ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਮਨੋਹਰ ਲਾਲ਼ ਖੱਟੜ ਨੇ ਸਰਸਵਤੀ ਦੇ ਵਹਾਅ ਦਾ ਰਾਹ ਲੱਭਣ ਤੇ ਇਹ ਨਦੀ ਨਵੇਂ ਸਿਰਿਉਂ ਵਗਾਉਣ ਲਈ 80 ਮਿਲੀਅਨ ਡਾਲਰ ਦੇ ਖ਼ਰਚੇ ਨਾਲ਼ 11 ਨਵੇਂ ਪ੍ਰਾਜੈਕਟ ਸ਼ੁਰੂ ਕਰਾਏ ਸਨ। ਇਸ ਤਰ੍ਹਾਂ, ਦੋਹਾਂ ਸਰਕਾਰਾਂ ਨੇ ਇਸ 'ਕੰਮ' ਵਿਚ 100 ਮਿਲੀਅਨ ਡਾਲਰ ਝੋਕੇ ਹੋਏ ਹਨ। ਸ਼੍ਰੀ ਗਡਕਰੀ ਨੇ ਤਾਂ ਇਹ ਵਾਅਦਾ ਵੀ ਕਰ ਦਿੱਤਾ ਹੈ ਕਿ ਆਦੀ ਬਦਰੀ ਨੂੰ ਇਕ ਦਰਸ਼ਨੀ ਥਾਂ ਬਣਾਇਆ ਜਾਵੇਗਾ। ਇੱਥੋਂ ਨੇੜੇ ਹੀ ਪਿੰਡ ਮੁਗ਼ਲਵਾਲ਼ੀ, ਜਿਸ ਦੇ ਖੇਤਾਂ ਵਿਚ ਪੁੱਟੀਆਂ ਹੋਈਆਂ ਖਾਈਆਂ ਇਸ ਗੱਲ ਦਾ ਸਬੂਤ ਦਿੰਦੀਆਂ ਹਨ ਕਿ ਹੁਣ ਤਾਂ ਸਰਕਾਰਾਂ ਸਰਸਵਤੀ ਨਦੀ ਵਹਾ ਕੇ ਹੀ ਦਮ ਲੈਣਗੀਆਂ, ਦੇ ਸਹੀ ਰਾਮ ਕਸ਼ਯਪ ਨਾਂ ਦੇ ਕਿਸਾਨ ਦਾ ਕਹਿਣ ਹੈ, "ਸਰਕਾਰ ਵੱਲੋਂ ਕੀਤੇ ਜਾ ਰਹੇ ਹੀਲੇ ਇਹ ਦਰਸਾਉਂਦੇ ਹਨ ਕਿ ਮੁਲਕ ਨੂੰ ਸਭਿਆਚਾਰਕ ਪੱਖ ਤੋਂ ਪਿਛਲਖ਼ੁਰੀ ਤੋਰਨ ਲਈ ਇਕ ਬਹੁਤ ਵੱਡਾ ਹੰਭਲਾ ਮਾਰਿਆ ਜਾ ਰਿਹਾ ਹੈ।"
ਦੂਜੇ ਪਾਸੇ, ਕਿਸੇ ਵੇਲ਼ੇ ਭਾਰਤ ਲਈ ਦਾਣਿਆਂ ਦਾ ਭੜੋਲਾ ਰਹੇ ਹਰਿਆਣੇ ਦੀ ਖੇਤੀ ਬਾੜੀ ਸੰਕਟ ਵਿਚ ਫਸੀ ਹੋਈ ਹੈ। ਇਸ ਸੂਬੇ ਦੇ ਕਿਸਾਨ ਵੀ ਮੋਟੇ ਕਰਜ਼ਈ ਹਨ। ਕਿਸਾਨਾਂ ਨਾਲ਼ ਗੱਲ-ਬਾਤ ਕਰਨ ਤੋਂ ਪਤਾ ਲੱਗਿਆ ਹੈ ਕਿ ਸੰਕਟ-ਮਾਰੇ ਕਿਸਾਨਾਂ ਦੇ ਮਨਾਂ ਵਿਚ ਉੱਸਲਵੱਟੇ ਭੰਨਦਾ ਰੋਹ, ਭਾਰਤੀ ਜਨਤਾ ਪਾਰਟੀ ਵੱਲੋਂ ਸਰਸਵਤੀ ਪ੍ਰਾਜੈਕਟ ਚਲਾ ਕੇ ਖੱਟੀ ਜਾਂਦੀ 'ਵਾਹ-ਵਾਹ' ਕਿਸੇ ਵੇਲ਼ੇ ਵੀ ਘੱਟੇ ਵਿਚ ਰੋਲ਼ ਸਕਦਾ ਹੈ। ਭਾਰਤ ਦੇ ਵਿਗਿਆਨੀਆਂ ਦਾ ਵੀ ਖ਼ਿਆਲ ਹੈ ਕਿ ਸਰਸਵਤੀ ਪ੍ਰਾਜੈਕਟ ਦੇ ਪਿੱਛੇ ਲੁਕਿਆ ਹੋਇਆ ਦਵੈਸ਼ ਤੇ ਰੋਹ ਮੁਲਕ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਵੇਗਾ।
ਨਰਿੰਦਰ ਮੋਦੀ ਨੇ 2014 ਵਿਚ ਸੱਤਾ ਸੰਭਾਲਦਿਆਂ ਹੀ ਮਿਥਿਹਾਸ ਅਤੇ ਵਿਗਿਆਨ ਵਿਚਾਲ਼ਿਉਂ ਫ਼ਾਸਲਾ ਮਿਟਾਉਣ ਦੀ ਜ਼ੋਰਦਾਰ ਇੱਛਾ ਜ਼ਾਹਰ ਕੀਤੀ ਸੀ। ਉਸੇ ਹੀ ਸਾਲ, ਅਕਤੂਬਰ ਮਹੀਨੇ ਮੁੰਬਈ ਵਿਚ ਇਕ ਹਸਪਤਾਲ ਦਾ ਉਦਘਾਟਨ ਕਰਨ ਮੌਕੇ ਮੋਦੀ ਸਾਹਿਬ ਨੇ 'ਫ਼ਰਮਾਇਆ' ਸੀ ਕਿ ਹਿੰਦੂ ਦੇਵ ਗਣੇਸ਼ ਜੀ ਇਸ ਗੱਲ ਦਾ ਪ੍ਰਮਾਣ ਹਨ ਕਿ ਭਾਰਤੀਆਂ ਨੇ ਕਰੋੜਾਂ ਸਾਲ ਪਹਿਲਾਂ ਹੀ 'ਪਲਾਸਟਿਕ ਸਰਜਰੀ' ਵਿਚ ਮੁਹਾਰਤ ਹਾਸਲ ਕਰ ਲਈ ਸੀ। ਉਦੋਂ ਤੋਂ ਹੀ ਵਿਗਿਆਨ ਤੇ ਤਰਕ ਨੂੰ ਖੁੱਡੇਲਾਈਨ ਲਾਉਣ ਦਾ ਰੁਝਾਨ ਜ਼ੋਰ ਫੜਨ ਲੱਗ ਪਿਆ ਸੀ। 2015 ਵਿਚ ਭਾਰਤ ਦੀ ਮਸ਼ਹੂਰ 'ਇੰਡੀਅਨ ਸਾਇੰਸ ਕਾਂਗਰਸ' ਵਿਚ ਇਕ ਇਹੋ ਜਿਹੀ ਪੇਸ਼ਕਾਰੀ ਕੀਤੀ ਗਈ, ਜਿਸ ਵਿਚ ਇਹ ਦਰਸਾਇਆ ਗਿਆ ਸੀ ਕਿ ਪ੍ਰਾਚੀਨ ਭਾਰਤੀਆਂ ਨੇ ਇਹੋ ਜਿਹੇ ਜੈੱਟ ਜਹਾਜ਼ ਬਣਾਏ ਸਨ, ਜੋ ਤੇਲ ਦੀ ਬਾਂਦਰ ਦੇ ਪਿਸ਼ਾਬ ਨਾਲ਼ ਉੱਡਿਆ ਕਰਦੇ ਸਨ।
ਇਸੇ ਹੀ ਸਾਲ ਜਨਵਰੀ ਵਿਚ ਹੋਈ 'ਇੰਡੀਅਨ ਸਾਇੰਸ ਕਾਂਗਰਸ' ਵਿਚ ਇਕ 'ਵਿਦਵਾਨ' ਨੇ ਇਹ ਕਿਹਾ ਸੀ ਕਿ 'ਮਹਾਭਾਰਤ' ਦੇ 100 ਪਾਤਰ 'ਕੌਰਵ', ਇਸ ਗੱਲ ਦਾ ਸਬੂਤ ਸਨ ਕਿ ਉਸ ਸਮੇਂ ਵੀ ਭਾਰਤੀਆਂ ਨੂੰ 'ਨਕਲੀ ਢੰਗ ਨਾਲ਼ ਗਰਭ ਧਾਰਨ ਕਰਨ' ਅਤੇ 'ਸਟੈੱਮ ਸੈੱਲ ਇਲਾਜ ਵਿਧੀ' ਬਾਰੇ ਜਾਣਕਾਰੀ ਸੀ। ਇਸ ਦੌਰਾਨ ਹੀ, ਵਿਗਿਆਨੀਆਂ ਦੀ ਜਥੇਬੰਦੀ 'ਦ ਇੰਡੀਅਨ ਨੈਸ਼ਨਲ ਸਾਇੰਸ ਐਸੋਸੀਏਸ਼ਨ' ਨੇ ਇਨ੍ਹਾਂ ਬਿਆਨਾਂ ਦੀ ਨਿਖੇਧੀ ਕੀਤੀ ਸੀ।
ਸਰਸਵਤੀ ਪ੍ਰਾਜੈਕਟ ਨੇ ਵੀ ਏਦਾਂ ਦੇ ਕਈ ਸੰਸੇ ਜਗਾਏ ਹਨ। ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਕੋਲਕਾਤਾ ਦੇ ਭੌਤਿਕ ਸ਼ਾਸਤਰੀ ਤੇ ਪ੍ਰੋਫੈਸਰ ਸੌਮਿਤਰੋ ਬੈਨਰਜੀ, ਜੋ ਵਿਗਿਆਨ ਦੇ ਦੋਖੀ ਸਦਾਉਂਦੇ ਲੋਕਾਂ ਵਿਰੁੱਧ ਸੰਘਰਸ਼ ਕਰਦੀ 'ਬ੍ਰੇਕਥਰੂ ਸਾਇੰਸ ਸੋਸਾਇਟੀ' ਦੇ ਜਨਰਲ ਸਕੱਤਰ ਵੀ ਹਨ, ਦਾ ਕਹਿਣ ਹੈ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਆਦੀ ਬਦਰੀ ਨੇੜੇ ਪਾਣੀ ਦਾ ਇਕ ਖਾਲ ਵਹਿੰਦਾ ਰਿਹਾ ਹੈ, ਪਰ ਉਹ ਸਰਸਵਤੀ ਨਦੀ ਸੀ, ਇਸ ਬਾਰੇ ਸ਼ੱਕ ਹੈ। ਗ੍ਰੰਥਾਂ ਦੇ ਹਵਾਲਿਆਂ ਅਨੁਸਾਰ, ਸਰਸਵਤੀ ਨਦੀ, ਗੰਗਾ ਅਤੇ ਜਮਨਾ ਨਾਲ਼, ਅਲਾਹਾਬਾਦ (ਜਿਸ ਵਿਚੋਂ 'ਅੱਲ੍ਹਾ' ਨੂੰ ਕੱਢਣ ਲਈ ਮੋਦੀ ਸਰਕਾਰ ਨੇ, ਹਾਲ ਹੀ ਵਿਚ ਉਸ ਦਾ ਨਾਂ ਬਦਲ ਕੇ 'ਪ੍ਰਯਾਗਰਾਜ' ਰੱਖ ਦਿੱਤਾ ਹੈ) ਵਿਖੇ 'ਸੰਗਮ' ਕਰਦੀ ਸੀ। ਦੂਜੇ ਪਾਸੇ, ਸਰਸਵਤੀ ਨਦੀ ਜੀਉਂਦੀ ਕਰਨ ਦੇ ਪ੍ਰਾਜੈਕਟ ਡਾਇਰੈਕਟਰ ਏ. ਆਰ. ਚੌਧਰੀ ਦਾ ਕਹਿਣ ਹੈ ਕਿ ਉਨ੍ਹਾਂ ਦੀ ਟੀਮ ਨੇ ਇਸ ਨਦੀ ਦਾ ਰਾਹ ਲੱਭ ਲਿਆ ਹੈ ਤੇ ਇਹ ਵੀ ਪਤਾ ਕਰ ਲਿਆ ਹੈ ਕਿ ਇਹ ਨਦੀ ਕਿਹੜੇ-ਕਿਹੜੇ ਪਿੰਡ ਨੇੜਿਉਂ ਲੰਘਦੀ ਸੀ। ਉਹ ਕਹਿੰਦੇ ਹਨ ਕਿ ਇਹ ਕੰਮ ਨਿੱਬੜਨ ਨੂੰ ਡੇਢ ਕੁ ਸਾਲ ਹੋਰ ਲੱਗ ਜਾਵੇਗਾ।
ਇਹ ਨਦੀ ਭਾਲਣ ਲੱਗੇ ਹੋਏ ਟੋਲਿਆਂ ਵਿਚੋਂ ਹੀ ਇਕ ਟੋਲਾ ਹੈ 'ਹਰਿਆਣਾ ਸਰਸਵਤੀ ਹੈਰੀਟੇਜ ਡਿਵੈਲਪਮੈਂਟ ਬੋਰਡ' ਯਾਨੀ 'ਐੱਚ. ਐੱਸ. ਐੱਚ. ਡੀ. ਬੀ.', ਜੋ ਮੋਦੀ ਸਰਕਾਰ ਨੇ 16 ਮਿਲੀਅਨ ਡਾਲਰ ਦੇ ਖ਼ਰਚੇ ਨਾਲ਼ 2015 ਵਿਚ ਸਥਾਪਤ ਕੀਤਾ ਸੀ। ਇਹ ਬੋਰਡ, ਜ਼ਮੀਨ ਦੇ ਮਾਹਰਾਂ, ਪੁਰਾਤਤਵ ਮਾਹਰਾਂ, ਭੋਂ-ਵਿਗਿਆਨੀਆਂ ਅਤੇ ਇਸੇ ਤਰ੍ਹਾਂ ਦੇ ਹੀ ਹੋਰ ਖੇਤਰਾਂ ਦੇ ਮਾਹਰਾਂ ਨਾਲ਼ ਸਲਾਹ-ਮਸ਼ਵਰੇ ਕਰ ਕੇ ਇਸ ਨਦੀ ਦੇ ਵਗਣ ਦੀ ਥਾਂ ਲੱਭਦਾ ਹੈ। ਇਸ ਬੋਰਡ ਦੇ ਡਿਪਟੀ ਚੇਅਰਮੈਨ ਪ੍ਰਸ਼ਾਂਤ ਭਾਰਦਵਾਜ ਨੇ ਦੱਸਿਆ ਕਿ ਉਹ ਨਦੀ ਵਗਾਉਣ ਲਈ ਧਰਤੀ ਹੇਠਲੇ ਪਾਣੀ ਦੀ ਥਾਂ, ਹੜ੍ਹ ਦੇ ਪਾਣੀ ਦੀ ਵਰਤੋਂ ਕਰਨਗੇ। ਇਸ ਲਈ ਸਰਸਵਤੀ ਦਾ 'ਲੱਭਣਾ-ਵਗਣਾ' ਇਸ ਵਾਰ ਹਰਿਆਣਾ ਵਿਚ ਭਾਰਤੀ ਜਨਤਾ ਪਾਰਟੀ ਲਈ ਵੱਡਾ ਚੋਣ ਮੁੱਦਾ ਬਣਿਆ ਹੋਇਆ ਹੈ।
ਦੂਜੇ ਪਾਸੇ, ਆਦੀ ਬਦਰੀ ਦੇ ਨੇੜਲੇ ਪਿੰਡ ਮੁਗ਼ਲਵਾਲੀ ਦੇ 262 ਪਰਿਵਾਰ ਆਪੋ-ਆਪਣੇ ਖੇਤਾਂ ਵਿਚ ਕੰਮ ਕਰ ਰਹੇ ਸਨ ਤੇ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਇਹ ਇਲਮ ਨਹੀਂ ਸੀ ਕਿ ਉਨ੍ਹਾਂ ਦੇ ਨਾਲ਼ ਹੀ ਪਿੰਡ ਆਦੀ ਬਦਰੀ ਵਿਚ ਬਹੁਤਾ ਹੀ ਵੱਡਾ ਸਰਸਵਤੀ ਮੇਲਾ ਲੱਗਿਆ ਹੋਇਆ ਹੈ। ਇਸ ਦੌਰਾਨ ਹੀ ਹਰਿਆਣਾ ਦੇ 42 ਫੀ ਸਦੀ ਕਿਸਾਨ ਪਰਿਵਾਰ, ਕਰਜ਼ੇ ਦੇ ਭਾਰ ਹੇਠ ਦੱਬੇ ਹੋਏ ਹਨ, ਜੋ ਸਰਕਾਰ ਵੱਲੋਂ ਕਰੋੜਾਂ ਰੁਪਏ 'ਇਸ ਅਣਵੱਗੀ ਨਦੀ ਵਿਚ ਰੋੜ੍ਹੇ ਜਾਣ 'ਤੇ ਹੈਰਾਨ' ਹਨ। 2017 ਵਿਚ ਹਰਿਆਣਾ ਸਰਕਾਰ ਨੇ ਕਿਹਾ ਸੀ ਕਿ 53 ਫੀ ਸਦੀ ਕਿਸਾਨ ਆਪਣਾ ਕਰਜ਼ਾ ਮੋੜਨ ਵਿਚ ਨਾਕਾਮ ਰਹੇ ਹਨ। ਸ਼ਰਵਣ ਕੁਮਾਰ ਨਾਂ ਦੇ ਇਕ ਕਿਸਾਨ ਦਾ ਕਹਿਣ ਹੈ, "ਚੰਗੀ ਗੱਲ ਐ ਜੇ 'ਸਰਸਵਤੀ' ਵੀ ਸਾਡੇ ਪਿੰਡ ਫੇਰਾ ਮਾਰ ਜਾਵੇ। ਖ਼ਬਰੇ, ਇਸ ਨਾਲ਼ ਹੀ ਲੋਕਾਂ ਦੇ ਦਿਨ ਫਿਰ ਜਾਣ। ਪਰ ਫੇਰ ਵੀ ਮੈਂ ਚਾਹੁੰਨਾਂ ਪਈ ਸਰਕਾਰ ਪਹਿਲਾਂ ਲੋਕਾਂ ਦੇ ਮਸਲਿਆਂ, ਯਾਣੀ ਕਰਜ਼ੇ ਦਾ ਕੋਈ ਬੰਨ-ਸੁਬ ਕਰ ਲਵੇ।"
ਰਤਾ ਕੁ ਧਿਆਨ ਦੇਣਾ
~~~~~~~~~~~
ਇਸ ਲੇਖ ਦੇ ਕਿਸੇ ਹਿੱਸੇ ਵਿਚ ਵੀ ਇਹ ਸਪੱਸ਼ਟ ਕਰਨਾ ਜ਼ਰੂਰੀ ਸੀ, ਸੋ ਹੁਣ ਅੰਤ ਵਿਚ ਹੀ ਸਪੱਸ਼ਟ ਕਰ ਦਿੰਨੇਂ ਹਾਂ ਕਿ ਇਸ ਲੇਖ ਦੇ ਸਿਰਲੇਖ ਵਿਚ 'ਯਸ਼ੋਧਾ' ਭਾਰਤੀ ਜਨਤਾ ਯਾਨੀ ਆਵਾਮ ਦੀ ਪ੍ਰਤੀਕ ਹੈ ਜਦੋਂ ਕਿ 'ਸਰਸਵਤੀ' ਉਨ੍ਹਾਂ ਫੋਕੀਆਂ ਯੋਜਨਾਵਾਂ ਦੀ ਪ੍ਰਤੀਕ ਹੈ, ਜਿਨ੍ਹਾਂ ਨਾਲ਼ ਲੋਕਾਂ ਦਾ ਕੋਈ ਭਲਾ ਨਹੀਂ ਹੋਇਆ।#
