ਸ਼ਬਦੰਗਲ-102

-ਗਿਰੀ ਹੋਈ ਗਾਂਧੀਗਿਰੀ-2-

'ਪਿਆਰੇ ਲਾਲ ਜੀ ਤਾਂ ਮੈਨੂੰ ਬਾਹਲ਼ਾ ਹੀ ਪਿਆਰ ਕਰਦੇ ਸੀ'
<><><><><><><><><><><><><><>
{ਲੜੀ ਜੋੜਨ ਲਈ ਪਿਛਲਾ ਅੰਕ ਦੇਖੋ}

    ਗਾਂਧੀ ਦੀ ਮੌਤ ਤੋਂ ਮਗਰੋਂ ਮਨੂਬੇਨ ਵੱਲੋਂ ਲਿਖੀਆਂ ਹੋਈਆਂ ਪੰਜ ਕਿਤਾਬਾਂ ਵਿਚੋਂ 'ਲਾਸਟ ਗਲਿੰਪਸ ਆਫ ਬਾਪੂ' (ਬਾਪੂ ਦੀਆਂ ਆਖ਼ਰੀ ਝਲਕੀਆਂ) ਵਿਚ ਉਸ ਨੇ ਏਦਾਂ ਲਿਖਿਆ ਹੋਇਆ ਹੈ, "ਕਾਕਾ (ਗਾਂਧੀ ਦਾ ਸਭ ਤੋਂ ਛੋਟਾ ਪੁੱਤਰ ਦੇਵਦਾਸ) ਨੇ ਮੈਨੂੰ ਕਿਹਾ, 'ਖ਼ਬਰਦਾਰ! ਤੂੰ ਆਪਣੀ ਡਾਇਰੀ ਵਿਚੋਂ ਕਿਸੇ ਨੂੰ ਕੁੱਝ ਦਿਖਾਇਆ ਤਾਂ।' ਇਸ ਦੇ ਨਾਲ਼ ਹੀ ਉਸ ਨੇ ਮੈਨੂੰ ਅਹਿਮ ਚਿੱਠੀਆਂ ਵਿਚਲੀਆਂ ਗੱਲਾਂ ਵੀ ਕਿਸੇ ਨੂੰ ਦੱਸਣ ਤੋਂ ਮਨ੍ਹਾ ਕਰ ਦਿੱਤਾ! ਉਸ ਨੇ ਕਿਹਾ, 'ਤੂੰ ਅਜੇ ਬਹੁਤ ਛੋਟੀ ਏਂ, ਪਰ ਤੇਰੇ ਕੋਲ ਬਹੁਤ ਅਹਿਮ ਸਮੱਗਰੀ ਹੈ। ਤੇ ਤੂੰ ਇੰਨੀ ਸਿਆਣੀ ਵੀ ਨਹੀਂ।'"
     ਆਪਣੀਆਂ 68 ਪੰਨਿਆਂ ਦੀਆਂ ਯਾਦਾਂ 'ਬਾਪੂ ਮਾਈ ਮਦਰ' (ਬਾਪੂ: ਮੇਰੀ ਮਾਂ) ਵਿਚ ਮਨੂਬੇਨ ਨੇ ਕਾਮ-ਵਾਸਨਾ ਸਬੰਧੀ ਗਾਂਧੀ ਦੇ ਪ੍ਰਯੋਗਾਂ, ਜਿਨ੍ਹਾਂ ਵਿਚ ਉਹ ਭਾਈਵਾਲ਼ ਹੁੰਦੀ ਸੀ, ਬਾਰੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਹੋਈਆਂ ਹਨ। ਇਨ੍ਹਾਂ 15 ਅਧਿਆਵਾਂ ਵਿਚੋਂ ਇਕ ਵਿਚ ਉਹ ਲਿਖਦੀ ਹੈ ਕਿ ਕਸਤੂਰਬਾ ਦੀ ਮੌਤ ਤੋਂ ਛੇਤੀ ਮਗਰੋਂ ਉਸ ਨੂੰ ਬਾਪੂ ਵੱਲੋਂ ਬਹੁਤ ਹੀ ਦਿਲ ਟੁੰਬਵਾਂ ਰੁੱਕਾ ਆਇਆ। ਉਸ ਵੇਲ਼ੇ ਉਨ੍ਹਾਂ ਨੇ ਮੌਨ ਵਰਤ ਰੱਖਿਆ ਹੋਇਆ ਸੀ, ਜਿਸ ਕਰ ਕੇ ਉਹ ਕਿਸੇ ਨਾਲ਼ ਗੱਲ ਕਰਨ ਦੀ ਥਾਂ ਲਿਖ ਕੇ ਹੀ ਦੱਸਿਆ ਕਰਦੇ ਸਨ। ਗਾਂਧੀ ਨੇ ਉਸ ਨੂੰ ਕਿਹਾ ਕਿ ਉਹ ਰਾਜਕੋਟ ਚਲੀ ਜਾਵੇ ਅਤੇ ਆਪਣੀ ਪੜ੍ਹਾਈ ਸ਼ੁਰੂ ਕਰ ਲਵੇ। "ਉਸ ਦਿਨ ਤੋਂ ਬਾਪੂ ਮੇਰੀ ਮਾਂ ਬਣ ਗਏ," ਉਸੇ ਹੀ ਅਧਿਆਇ ਵਿਚ ਉਸ ਨੇ ਲਿਖਿਆ ਹੋਇਆ ਹੈ। ਅੱਲ੍ਹੜ ਉਮਰ ਦੀ ਮਨੂਬੇਨ, ਕਰਾਚੀ ਵਿਚ ਮਸਾਂ ਪੰਜਵੀਂ ਤਕ ਪੜ੍ਹੀ ਹੋਈ ਸੀ। ਉੱਥੇ ਮਨੂਬੇਨ ਦਾ ਬਾਪ ਯਾਨੀ ਗਾਂਧੀ ਦਾ ਭਤੀਜਾ ਜੈਸੁੱਖ ਲਾਲ, ਸਿੰਧੀਆ ਸਟੀਮ ਨੇਵੀਗੇਸ਼ਨ ਕੰਪਨੀ ਵਿਚ ਕੰਮ ਕਰਦਾ ਸੀ। ਮਨੂਬੇਨ ਦੀ ਮਾਂ ਦੀ ਮੌਤ ਛੇਤੀ ਹੋ ਜਾਣ ਦੀ ਵਜ੍ਹਾ ਨਾਲ਼ ਉਸ ਦੇ ਬਾਪ ਨੂੰ ਉਸ ਲਈ ਮਾਂ ਵਰਗੀ ਹੀ ਕਿਸੇ ਔਰਤ ਦੀ ਲੋੜ ਸੀ। ਮਨੂਬੇਨ ਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਦੌਰ, ਆਪਣੇ-ਆਪ ਹੀ ਬਿਤਾਇਆ। ਉਹ, ਗਾਂਧੀ ਦੇ ਕਤਲ ਮਗਰੋਂ ਗੁਜਰਾਤ ਵਿਚ ਭਾਵ ਨਗਰ ਨੇੜੇ ਮਹੂਆ ਵਿਖੇ ਤਕਰੀਬਨ 21ਸਾਲ ਰਹੀ। ਉਸ ਨੇ ਉੱਥੇ, ਔਰਤਾਂ ਦੇ ਮਸਲੇ ਹੱਲ ਕਰਨ ਲਈ 'ਭਾਗਿਨੀ ਸਮਾਜ' ਚਲਾਉਣ ਦੇ ਨਾਲ਼-ਨਾਲ਼, ਬੱਚਿਆਂ ਦਾ ਇਕ ਸਕੂਲ ਚਲਾਇਆ। ਉਸ ਵੇਲ਼ੇ ਉਸ ਨੂੰ ਸਹਿਯੋਗ ਦੇਣ ਲਈ ਉਸ ਨਾਲ਼ ਭਾਨੂਬੇਨ ਲਾਹਿਰੀ ਵੀ ਸੀ, ਜੋ ਇਕ ਸੁਤੰਤਰਤਾ ਸੰਗਰਾਮੀ ਪਰਿਵਾਰ ਵਿਚੋਂ ਸੀ। ਉਹ ਵੀ 'ਭਾਗਿਨੀ ਸਮਾਜ' ਦੀਆਂ 22 ਮੈਂਬਰਾਂ ਵਿਚੋਂ ਇਕ ਸੀ। ਲਾਹਿਰੀ ਦਾ ਕਹਿਣ ਹੈ ਕਿ ਆਪਣੀ 'ਭਤੀਜ ਪੋਤੀ' (ਮਨੂਬੇਨ) ਉੱਤੇ ਗਾਂਧੀ ਦਾ ਬਹੁਤ ਜ਼ਿਆਦਾ ਅਸਰ ਸੀ। ਉਸ ਦਾ ਕਹਿਣ ਹੈ ਕਿ ਇਕ ਵਾਰ ਜਦੋਂ ਇਕ ਗਰੀਬ ਕੁੜੀ ਦੇ ਵਿਆਹ ਵਿਚ ਸ਼ਾਮਲ ਹੋਣ ਜਾਣ ਖ਼ਾਤਰ, ਮਨੂਬੇਨ ਨੇ ਉਸ ਕੋਲੋਂ ਇਕ ਚੁੰਨੀ ਲੈ ਕੇ, ਆਪਣੇ ਸਿਰ ਉੱਤੇ ਲਈ ਤਾਂ ਉਸ ਨੇ ਕਿਹਾ, "ਮੈਂ ਮੀਰਾਬਾਈ ਵਰਗੀ ਨਹੀਂ ਲੱਗਦੀ, ਜਿਸ ਨੇ ਆਪਣੀ ਸਾਰੀ ਉਮਰ ਆਪਣੇ 'ਸ਼ਿਆਮਲੋ' (ਕ੍ਰਿਸ਼ਨ) ਖ਼ਾਤਰ ਹੀ ਬਿਤਾਈ ਸੀ?"
    ਇਨ੍ਹਾਂ ਡਾਇਰੀਆਂ ਬਾਰੇ ਟਿੱਪਣੀਆਂ ਕਰਦਿਆਂ ਮਨੋਵਿਸ਼ਲੇਸ਼ਕ ਅਤੇ ਵਿਦਵਾਨ ਸੁਧੀਰ ਕੱਕੜ ਲਿਖਦੇ ਹਨ, "ਮਹਾਤਮਾ ਗਾਂਧੀ ਆਪਣੇ ਇਨ੍ਹਾਂ ਪ੍ਰਯੋਗਾਂ ਦੌਰਾਨ ਆਪਣੀਆਂ ਭਾਵਨਾਵਾਂ ਵਿਚ ਇੰਨੇ ਜ਼ਿਆਦਾ ਖੁੱਭੇ ਹੋਏ ਸਨ ਕਿ ਮੇਰੇ ਖ਼ਿਆਲ ਮੁਤਾਬਕ, ਹੋ ਸਕਦਾ ਹੈ ਉਨ੍ਹਾਂ ਨੇ ਇਨ੍ਹਾਂ ਪ੍ਰਯੋਗਾਂ ਵਿਚ ਉਨ੍ਹਾਂ ਨੂੰ ਸਹਿਯੋਗ ਦੇਣ ਵਾਲ਼ੀਆਂ ਔਰਤਾਂ ਲਈ, ਇਨ੍ਹਾਂ ਪ੍ਰਯੋਗਾਂ ਸਬੰਧੀ ਨਤੀਜਿਆਂ ਬਾਰੇ 'ਸੋਚਣ ਨੂੰ ਅਹਿਮੀਅਤ' ਹੀ ਨਾ ਦਿੱਤੀ ਹੋਵੇ। ਅਸੀਂ, ਇਨ੍ਹਾਂ ਪ੍ਰਯੋਗਾਂ ਵਿਚ ਸ਼ਾਮਲ ਹੋਣ ਦੇ ਸਬੰਧ ਵਿਚ, ਕਈ ਔਰਤਾਂ ਵਿਚ ਤਿੱਖੀ ਈਰਖਾ ਭੜਕਣ ਤੋਂ ਇਲਾਵਾ, ਹਰ ਔਰਤ ਦੇ ਮਨ ਉੱਤੇ ਇਨ੍ਹਾਂ ਪ੍ਰਯੋਗਾਂ ਨਾਲ਼ ਪਏ ਮਨੋਵਿਗਿਆਨਕ ਪ੍ਰਭਾਵਾਂ ਬਾਰੇ ਨਹੀਂ ਜਾਣਦੇ।"
    ਹੁਣ ਮਨੂਬੇਨ ਦੀਆਂ ਡਾਇਰੀਆਂ ਹੀ ਹਨ, ਜਿਨ੍ਹਾਂ ਤੋਂ ਇਹ ਪਤਾ ਲੱਗ ਸਕਦਾ ਹੈ ਕਿ ਮਹਾਤਮਾ ਦੇ ਨੇੜਲੀਆਂ ਔਰਤਾਂ ਦੇ ਮਨਾਂ ਉੱਤੇ ਕਿਸ ਤਰ੍ਹਾਂ ਦਾ ਮਨੋਵਿਗਿਆਨਕ ਪ੍ਰਭਾਵ ਪਿਆ ਹੋਵੇਗਾ। 28 ਦਸੰਬਰ, 1946 ਨੂੰ ਮ੍ਰਿਦੁਲਾ ਗਾਂਧੀ ਉਰਫ਼ ਮਨੂਬੇਨ ਨੇ ਆਪਣੀ ਡਾਇਰੀ ਵਿਚ ਏਦਾਂ ਲਿਖਿਆ ਹੋਇਆ ਹੈ, "ਅੱਜ ਮੈਨੂੰ ਸੁਸ਼ੀਲਾਬੇਨ ਨੇ ਪੁੱਛਿਆ ਕਿ ਮੈਂ ਬਾਪੂ ਨਾਲ਼ ਕਿਉਂ ਸੌਂਦੀ ਹਾਂ। ਉਨ੍ਹਾਂ ਮੈਨੂੰ ਇਹ ਵੀ ਕਿਹਾ ਕਿ ਮੈਨੂੰ ਇਸ ਦੇ ਮਾੜੇ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਨੇ ਮੈਨੂੰ ਇਹ ਵੀ ਕਿਹਾ ਕਿ ਮੈਂ, ਉਨ੍ਹਾਂ ਦੇ ਭਰਾ ਪਿਆਰੇ ਲਾਲ ਨਾਲ਼ ਵਿਆਹ ਕਰਾਉਣ ਬਾਰੇ ਸੋਚਾਂ। ਇਸ ਦੇ ਜੁਆਬ ਵਿਚ ਤਾਂ ਮੈਂ ਕਹਿ ਦਿੱਤਾ ਕਿ ਮੈਨੂੰ ਉਸ ਵਿਚ ਕੋਈ ਦਿਲਚਸਪੀ ਨਹੀਂ ਹੈ, ਜਿਸ ਕਰ ਕੇ ਉਹ ਅੱਗੇ ਤੋਂ ਇਹ ਗੱਲ ਨਾ ਹੀ ਕਰਨ। ਮੈਂ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਮੈਨੂੰ ਬਾਪੂ 'ਤੇ ਪੂਰਾ ਯਕੀਨ ਹੈ ਤੇ ਮੈਂ ਉਨ੍ਹਾਂ ਨੂੰ ਆਪਣੀ ਮਾਂ ਵਰਗੇ ਹੀ ਸਮਝਦੀ ਹਾਂ।"

    ਇਸੇ ਹੀ ਡਾਇਰੀ ਵਿਚ ਉਸ ਨੇ ਲਿਖਿਆ ਹੋਇਆ ਹੈ, "ਪਿਆਰੇ ਲਾਲ ਜੀ ਮੈਨੂੰ ਬਾਹਲ਼ਾ ਹੀ ਪਿਆਰ ਕਰਦੇ ਸਨ ਤੇ ਮੇਰੇ ਨਾਲ਼ ਵਿਆਹ ਕਰਾਉਣ ਬਾਰੇ ਸੋਚਦੇ ਰਹਿੰਦੇ ਸੀ। ਮੈਂ ਇਸ ਦੇ ਪੂਰੀ ਤਰ੍ਹਾਂ ਖ਼ਿਲਾਫ਼ ਸਾਂ ਕਿਉਂ ਕਿ ਮੈਂ ਉਮਰੋਂ, ਲਿਆਕਤ ਪੱਖੋਂ, ਵਿੱਦਿਆ ਪੱਖੋਂ ਤਾਂ ਉਨ੍ਹਾਂ ਨਾਲ਼ੋਂ ਬਹੁਤ ਛੋਟੀ ਸਾਂ ਹੀ, ਮੈਂ ਉਨ੍ਹਾਂ ਜਿੰਨੀ ਸੁਨੱਖੀ ਵੀ ਨਹੀਂ ਸਾਂ। ਮੈਂ ਜਦੋਂ ਇਹ ਗੱਲ ਬਾਪੂ ਨੂੰ ਦੱਸੀ ਤਾਂ ਉਨ੍ਹਾਂ ਨੇ ਕਿਹਾ ਕਿ ਪਿਆਰੇ ਲਾਲ ਤੇਰੀਆਂ ਬੜੀਆਂ ਹੀ ਸਿਫ਼ਤਾਂ ਕਰਦਾ ਰਹਿੰਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿਆਰੇ ਲਾਲ ਤਾਂ ਇਹ ਵੀ ਕਹਿ ਚੁੱਕਾ ਹੈ ਮੈਂ ਬਹੁਤ ਗੁਣੀ ਹਾਂ।"
    31 ਜਨਵਰੀ, 1947 ਨੂੰ ਮਨੂਬੇਨ ਨੇ ਲਿਖਿਆ, "ਬ੍ਰਹਮਚਰੀਯ ਸਬੰਧੀ ਪ੍ਰਯੋਗਾਂ ਦੀ ਗੱਲ ਬਹੁਤ ਹੀ ਸੰਜੀਦਾ ਮੋੜ ਉੱਤੇ ਪਹੁੰਚ ਗਈ ਸੀ। ਮੈਨੂੰ ਸ਼ੱਕ ਸੀ ਕਿ ਅਮਤੁਸ ਸਲਾਮਬੇਨ, ਸੁਸ਼ੀਲਾਬੇਨ ਅਤੇ ਕਾਨੂਭਾਈ (ਗਾਂਧੀ ਦਾ ਭਤੀਜਾ) ਇਸ ਸਬੰਧੀ ਅਫ਼ਵਾਹਾਂ ਫੈਲਾ ਰਹੇ ਹਨ। ਮੈਂ ਇਹ ਗੱਲ ਬਾਪੂ ਨੂੰ ਦੱਸੀ ਤਾਂ ਉਹ ਵੀ ਇਸ ਬਾਰੇ ਮੇਰੇ ਨਾਲ਼ ਸਹਿਮਤ ਹੋ ਗਏ। ਇਸ ਦੇ ਨਾਲ਼ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਸੁਸ਼ੀਲਾ ਕਿਉਂ ਆਪਣੇ ਲੀੜੇ ਸਾੜੀ ਫਿਰਦੀ ਹੈ। ਅਸਲ ਵਿਚ ਜਿਸ ਢੰਗ ਨਾਲ਼ ਕੱਲ੍ਹ ਸੁਸ਼ੀਲਾ ਨੇ ਮੇਰੇ ਨਾਲ਼ ਗੱਲ ਕੀਤੀ, ਉਸ ਤੋਂ ਲੱਗਦਾ ਹੈ ਕਿ ਉਹ ਤਾਂ ਸਾਰਾ ਜ਼ੋਰ ਲਾ-ਲਾ ਕੇ ਇਸ ਗੱਲ ਦੀ ਮੁਨਾਦੀ ਹੀ ਕਰ ਰਹੀ ਹੈ। ਬਾਪੂ ਨੇ ਮੈਨੂੰ ਕਿਹਾ ਕਿ ਜੇ ਮੈਂ ਇਸ ਪ੍ਰਯੋਗ ਵਿਚੋਂ ਸਹੀ-ਸਲਾਮਤ ਨਿੱਕਲ ਆਇਆ ਤਾਂ ਇਹ, ਮੇਰੇ ਚਰਿੱਤਰ ਨੂੰ ਬਹੁਤ ਹੀ ਬੁਲੰਦੀਆਂ ਉੱਤੇ ਪਹੁੰਚਾ ਦੇਵੇਗਾ, ਮੈਨੂੰ ਜ਼ਿੰਦਗੀ ਦਾ ਬਹੁਤ ਵੱਡਾ ਸਬਕ ਦੇਵੇਗਾ ਅਤੇ ਮੇਰੇ ਸਿਰੋਂ ਰੱਫੜ ਭਰੇ ਬੱਦਲ ਹਟ ਜਾਣਗੇ। ਇਹ ਤਾਂ 'ਬ੍ਰਹਮਚਰੀਯ' ਦਾ ਯੱਗ ਹੈ ਤੇ ਮੈਂ ਇਸ ਦਾ ਪਾਕ-ਸਾਫ ਹਿੱਸਾ ਸਾਂ। ਉਨ੍ਹਾਂ ਨੇ ਕਿਹਾ ਕਿ ਉਹ ਈਸ਼ਵਰ ਅੱਗੇ ਇਹ ਪ੍ਰਾਰਥਨਾ ਹੀ ਕਰਦੇ ਹਨ ਕਿ ਉਹ, ਉਨ੍ਹਾਂ ਨੂੰ ਸ਼ੁੱਧ ਰੱਖਣ, ਸੱਚ ਨਾਲ਼ ਖੜ੍ਹਨ ਦੀ ਸ਼ਕਤੀ ਦੇਣ ਅਤੇ ਉਨ੍ਹਾਂ ਨੂੰ ਨਿਡਰ ਬਣਾਉਣ। ਫਿਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਜੇ ਇਹ ਸਾਰੇ ਹੀ ਸਾਨੂੰ ਛੱਡ ਜਾਣ ਤਾਂ ਵੀ ਅਸੀਂ ਈਸ਼ਵਰ ਦੀ ਕਿਰਪਾ ਨਾਲ਼ ਇਹ ਪ੍ਰਯੋਗ ਸਿਰੇ ਚੜ੍ਹਾਵਾਂਗੇ ਤੇ ਫਿਰ ਇਸ ਸੰਸਾਰ ਨੂੰ ਇਸ ਮਹਾਨ ਪਰਖ਼ ਬਾਰੇ ਦੱਸਾਂਗੇ।"
    2 ਫਰਵਰੀ, 1947 ਨੂੰ ਉਸ ਨੇ ਲਿਖਿਆ, "ਬਾਪੂ ਨੇ ਮੇਰੀ ਡਾਇਰੀ ਦੇਖੀ ਤੇ ਮੈਨੂੰ ਤਾਕੀਦ ਕੀਤੀ ਕਿ ਮੈਂ ਇਸ ਗੱਲ ਦਾ ਖ਼ਿਆਲ ਰੱਖਾਂ ਕਿ ਇਹ ਡਾਇਰੀ ਕਿਸੇ ਓਪਰੇ ਬੰਦੇ ਦੇ ਹੱਥ ਨਾ ਲੱਗੇ ਕਿਉਂ ਕਿ ਉਹ ਇਸ ਵਿਚ ਲਿਖੀਆਂ ਹੋਈਆਂ ਗੱਲਾਂ ਦੀ ਗ਼ਲਤ ਵਰਤੋਂ ਕਰ ਸਕਦਾ ਹੈ, ਭਾਵੇਂ ਸਾਡੇ ਕੋਲ (ਬ੍ਰਹਮਚਰੀਯ ਦੇ ਪ੍ਰਯੋਗਾਂ ਬਾਰੇ) ਲੁਕਾਉਣ ਲਈ ਕੁੱਝ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇ ਉਨ੍ਹਾਂ ਦੀ ਮੌਤ ਅਚਾਨਕ ਹੋ ਜਾਵੇ ਤਾਂ ਇਹ ਡਾਇਰੀ ਸਾਨੂੰ, ਸਮਾਜ ਅੱਗੇ ਸੱਚਾਈ ਉਘਾੜਨ ਵਿਚ ਸਹਾਈ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਡਾਇਰੀ ਮੇਰੇ ਲਈ ਵੀ ਬਹੁਤ ਲਾਹੇਵੰਦ ਸਾਬਤ ਹੋ ਸਕੇਗੀ। ਫਿਰ ਬਾਪੂ ਨੇ ਮੈਨੂੰ ਕਿਹਾ ਕਿ ਜੇ ਮੈਂ ਮੰਨ ਜਾਵਾਂ ਤਾਂ ਮੈਂ ਡਾਇਰੀ ਦੇ ਤਾਜ਼ਾ ਲਿਖੇ ਪੰਨੇ ਪਿਆਰੇ ਲਾਲ ਨੂੰ ਦਿਖਾ ਦਿਆਂ ਤਾਂ ਕਿ ਉਹ ਇਨ੍ਹਾਂ ਦੀ ਭਾਸ਼ਾ ਸੁਧਾਰ ਸਕੇ ਤੇ ਇਨ੍ਹਾਂ ਨੂੰ ਘਟਨਾਵਾਂ ਵਾਪਰਨ ਦੇ ਹਿਸਾਬ ਨਾਲ਼ ਤਰਤੀਬਵਾਰ ਕਰ ਦੇਵੇ। ਪਰ ਮੈਂ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂ ਕਿ ਇਸ ਤਰ੍ਹਾਂ ਕਰਨ ਨਾਲ਼ ਡਾਇਰੀ ਵਿਚਲੀ ਸਮੱਗਰੀ, ਉਸ ਦੀ ਭੈਣ ਸੁਸ਼ੀਲਾਬੇਨ ਕੋਲ ਪੁੱਜਣੀ ਹੀ ਪੁੱਜਣੀ ਸੀ ਤੇ ਇਸ ਨਾਲ਼ ਗੱਲ ਹੋਰ ਵੀ ਵਿਗੜ ਸਕਦੀ ਸੀ।"
    7 ਫਰਵਰੀ, 1947 ਨੂੰ ਮਨੂਬੇਨ ਨੇ ਏਦਾਂ ਲਿਖਿਆ, "ਕਾਮ-ਵਾਸਨਾ ਉੱਤੇ ਕਾਬੂ ਪਾਉਣ ਸਬੰਧੀ ਪ੍ਰਯੋਗਾਂ ਬਾਰੇ ਮਾਹੌਲ ਸੱਚੀਂ ਹੀ ਭਖ ਗਿਆ ਸੀ। ਅੱਜ, ਅੰਮ੍ਰਿਤ ਲਾਲ ਠੱਕਰ ਜੀ (ਗਾਂਧੀ ਅਤੇ ਗੋਪਾਲ ਕ੍ਰਿਸ਼ਨ ਗੋਖਲੇ ਦਾ ਸਹਿਯੋਗੀ) ਆਏ ਤੇ ਆਪਣੇ ਨਾਲ਼ ਉਹ ਚਿੱਠੀਆਂ ਲੈ ਕੇ ਆਏ, ਜੋ ਇਸ ਮਾਮਲੇ ਬਾਰੇ ਸਨ ਅਤੇ ਬਹੁਤ ਹੀ 'ਤੱਤੀਆਂ' ਸਨ। ਉਨ੍ਹਾਂ ਨੂੰ ਪੜ੍ਹ ਕੇ ਮੈਂ ਤਾਂ ਹਿੱਲ ਹੀ ਗਈ।"
24 ਫਰਵਰੀ, 1947 ਨੂੰ ਇਸ ਡਾਇਰੀ ਵਿਚ ਇਹ ਲਿਖਿਆ ਹੋਇਆ ਹੈ, "ਅੱਜ ਮੈਂ ਬਹੁਤ ਦੁਖੀ ਸਾਂ, ਪਰ ਬਾਪੂ ਚਾਹੁੰਦੇ ਸਨ ਕਿ ਮੁਸਕਰਾਉਂਦੀ ਦਿਸਾਂ। ਉਨ੍ਹਾਂ ਨੇ ਕਿਹਾ ਕਿ ਜੇ ਉਨ੍ਹਾਂ ਦੀ ਥਾਂ ਕੋਈ ਹੋਰ ਹੁੰਦਾ ਤਾਂ ਉਹ, ਕਿਸ਼ੋਰ ਲਾਲ ਮਸ਼ਰੂਵਾਲ਼ਾ, ਸਰਦਾਰ ਪਟੇਲ ਅਤੇ ਦੇਵਦਾਸ ਗਾਂਧੀ ਵੱਲੋਂ ਇਸ ਮਾਮਲੇ ਬਾਰੇ ਲਿਖੀਆਂ ਇਹ ਅੱਗ ਉਗਲਦੀਆਂ ਚਿੱਠੀਆਂ ਪੜ੍ਹ ਕੇ ਪਾਗ਼ਲ ਹੋ ਗਿਆ ਹੁੰਦਾ, ਪਰ ਉਨ੍ਹਾਂ ਨੂੰ ਤਾਂ ਭੋਰਾ ਵੀ ਫ਼ਰਕ ਨਹੀਂ ਪਿਆ।"
    26 ਫਰਵਰੀ, 1947 ਨੂੰ ਮਨੂਬੇਨ ਨੇ ਏਦਾਂ ਲਿਖਿਆ, "ਅੱਜ ਮੈਨੂੰ ਉਸ ਵੇਲ਼ੇ ਅੱਗ ਹੀ ਲੱਗ ਗਈ ਜਦੋਂ ਅਮਤੁਸ ਸਲਾਮਬੇਨ ਨੇ ਮੈਨੂੰ ਕਿਹਾ ਕਿ ਮੈਂ ਪਿਆਰੇ ਲਾਲ ਨਾਲ਼ ਵਿਆਹ ਕਰਾ ਲਵਾਂ ਤੇ ਮੈਂ ਉਸ ਨੂੰ ਮੋੜਵਾਂ ਜੁਆਬ ਦਿੱਤਾ ਕਿ ਜੇ ਉਸ ਨੂੰ, ਉਸ ਦਾ ਏਨਾ ਹੀ ਫ਼ਿਕਰ ਹੈ ਤਾਂ ਉਹ ਕਿਉਂ ਨਹੀਂ ਕਰਾ ਲੈਂਦੀ! ਮੈਂ ਉਸ ਨੂੰ ਕਿਹਾ ਕਿ ਇਹ (ਬ੍ਰਹਮਚਰੀਯ ਦੇ) ਪ੍ਰਯੋਗ ਉਸ ਨਾਲ਼ ਸ਼ੁਰੂ ਹੋਏ ਸਨ, ਹੁਣ ਉਸ ਨੂੰ ਮੇਰੇ ਨਾਲ਼ ਈਰਖਾ ਦੀ ਅੱਗ ਲੱਗੀ ਹੋਈ ਹੈ ਕਿਉਂ ਕਿ ਮੇਰੀਆਂ ਫੋਟੂਆਂ ਅਖ਼ਬਾਰਾਂ ਵਿਚ ਛਪਦੀਆਂ ਹਨ ਤੇ ਉਹ ਮੇਰੀ ਮਸ਼ਹੂਰੀ ਤੋਂ ਸੜਦੀ ਹੈ।"
    18 ਮਾਰਚ, 1947 ਨੂੰ ਮਨੂਬੇਨ ਨੇ ਏਦਾਂ ਲਿਖਿਆ, "ਅੱਜ ਬਾਪੂ ਨੇ ਬਹੁਤ ਮਹੱਤਵਪੂਰਨ ਗੱਲ ਖੋਲ੍ਹੀ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਸੁਸ਼ੀਲਾਬੇਨ ਵੀ ਉਨ੍ਹਾਂ ਨਾਲ਼ ਨੰਗੀ ਹੋ ਕੇ ਸੌਂਦੀ ਰਹੀ ਹੈ ਕਿਉਂ ਕਿ ਮੈਂ ਜਦੋਂ ਵੀ ਉਸ ਨੂੰ ਇਸ ਬਾਰੇ ਪੁੱਛਿਆ ਹੈ ਤਾਂ ਉਹ ਇਹੋ ਕਹਿੰਦੀ ਹੈ ਕਿ ਉਸ ਨੇ ਨਾ ਕਦੇ ਇਨ੍ਹਾਂ ਪ੍ਰਯੋਗਾਂ ਵਿਚ ਹਿੱਸਾ ਲਿਆ ਹੈ, ਨਾ ਹੀ ਉਹ ਕਦੇ ਨੰਗੀ ਹੋ ਕੇ ਉਨ੍ਹਾਂ ਨਾਲ਼ ਸੁੱਤੀ ਹੈ। ਬਾਪੂ ਨੇ ਜੁਆਬ ਦਿੰਦਿਆਂ ਕਿਹਾ ਕਿ ਸੁਸ਼ੀਲਾ ਝੂਠ ਬੋਲਦੀ ਹੈ ਕਿਉਂ ਕਿ ਉਹ 1939 ਵਿਚ ਬਾਰਦੌਲੀ ਵਿਚ, ਉਸ ਵੇਲ਼ੇ ਉਨ੍ਹਾਂ ਨਾਲ਼ ਸੌਂ ਚੁੱਕੀ ਹੈ, ਜਦੋਂ ਉਹ ਪਹਿਲੀ ਵਾਰ ਉਨ੍ਹਾਂ ਦੀ ਡਾਕਟਰ ਵਜੋਂ ਆਈ ਸੀ। ਫਿਰ ਉਹ ਪੁਣੇ ਵਿਚ ਆਗ਼ਾ ਖ਼ਾਨ ਪੈਲੇਸ ਵਿਚ ਵੀ ਉਨ੍ਹਾਂ ਨਾਲ਼ ਸੌਂ ਚੁੱਕੀ ਹੈ। ਬਾਪੂ ਨੇ ਇਹ ਵੀ ਕਿਹਾ ਕਿ ਉਹ, ਉਨ੍ਹਾਂ ਦੀ ਹਾਜ਼ਰੀ ਵਿਚ ਨ੍ਹਾਉਂਦੀ ਵੀ ਰਹੀ ਹੈ। ਫਿਰ ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਪਹਿਲਾਂ ਹੀ ਇਹ ਸਭ ਕੁੱਝ ਜਾਣਦੀ ਹਾਂ ਤਾਂ ਫਿਰ ਪੁੱਛਦੀ ਕਿਉਂ ਹਾਂ। ਬਾਪੂ ਨੇ ਕਿਹਾ ਕਿ ਸੁਸ਼ੀਲਾ ਬਹੁਤ ਨਿਰਾਸ਼ ਹੈ ਤੇ ਉਦ ਦਾ ਦਿਮਾਗ਼ ਟਿਕਾਣੇ-ਸਿਰ ਨਹੀਂ ਹੈ, ਜਿਸ ਲਈ ਉਹ, ਉਸ (ਸੁਸ਼ੀਲਾ) ਤੋਂ ਇਸ ਸਭ ਕੁੱਝ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਲੈਣਾ ਚਾਹੁਣਗੇ। #                                       {ਬਾਕੀ ਅਗਲੇ ਹਫ਼ਤੇ}