ਸ਼ਬਦੰਗਲ-103

-'ਗਿਰੀ ਹੋਈ' ਗਾਂਧੀਗਿਰੀ-3-
'ਮੈਂ ਬਾਪੂ ਨੂੰ ਬਥੇਰਾ ਕਿਹਾ ਪਈ ਮੈਨੂੰ ਵੱਖਰੀ ਸੌਂ ਲੈਣ ਦਿਓ'
<><><><><><><><><><><><><><>
{ਲੜੀ ਜੋੜਨ ਲਈ ਪਿਛਲਾ ਅੰਕ ਦੇਖੋ}
'ਇੰਡੀਆ ਟੂਡੇ' ਵਿਚ ਛਪੇ, ਮਨੂਬੇਨ ਦੀਆਂ ਡਾਇਰੀਆਂ ਦੇ ਅੰਸ਼ਾਂ ਅਨੁਸਾਰ, 25 ਫਰਵਰੀ, 1947 ਨੂੰ ਮਨੂਬੇਨ ਨੇ ਆਪਣੀ ਡਾਇਰੀ ਵਿਚ ਏਦਾਂ ਲਿਖਿਆ ਹੋਇਆ ਹੈ, "ਬਾਪੂ ਨੇ ਬਾਪਾ (ਅੰੰਮ੍ਰਿਤ ਲਾਲ ਠੱਕਰ, ਜਿਨ੍ਹਾਂ ਨੂੰ ਪਿਆਰ ਨਾਲ਼ ਠੱਕਰ ਬਾਪਾ ਕਿਹਾ ਜਾਂਦਾ ਹੈ) ਨੂੰ ਦੱਸਿਆ ਕਿ 'ਬ੍ਰਹਮਚਰੀਯ' ਧਰਮ ਦੇ ਪੰਜ ਹੁਕਮਾਂ ਵਿਚੋਂ ਇਕ ਹੈ ਅਤੇ ਉਹ, ਇਹੋ ਪ੍ਰੀਖਿਆ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਆਤਮਸ਼ੁੱਧੀ ਦਾ ਯੱਗ ਹੈ ਤੇ ਉਹ, ਕੁੱਝ ਲੋਕਾਂ ਦੀ ਰਾਇ ਇਸ ਦੇ ਉਲਟ ਹੋ ਜਾਣ ਦੀ ਵਜ੍ਹਾ ਨਾਲ਼ ਹੀ ਇਹ ਯੱਗ ਵਿਚਾਲ਼ੇ ਨਹੀਂ ਛੱਡ ਸਕਦੇ। ਫਿਰ ਬਾਪਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ, ਬ੍ਰਹਮਚਰੀਯ ਦੀ ਪ੍ਰੀਭਾਸ਼ਾ, ਆਮ ਆਦਮੀ ਵੱਲੋਂ ਸਮਝੀ ਜਾਂਦੀ ਪ੍ਰੀਭਾਸ਼ਾ ਤੋਂ ਪੂਰੀ ਤਰ੍ਹਾਂ ਵੱਖਰੀ ਹੈ। ਉਨ੍ਹਾਂ ਨੇ ਬਾਪੂ ਨੂੰ ਪੁੱਛਿਆ ਕਿ ਜੇ ਮੁਸਲਿਮ ਲੀਗ ਨੂੰ ਇਸ ਬਾਰੇ ਭਿਣਕ ਪੈ ਗਈ ਤੇ ਉਨ੍ਹਾਂ ਨੇ ਇਹ ਗੱਲ ਚੁੱਕ ਲਈ ਤਾਂ ਕੀ ਹੋਵੇਗਾ। ਬਾਪੂ ਨੇ ਜੁਆਬ ਵਿਚ ਇਹੋ ਕਿਹਾ ਕਿ ਉਹ, ਇਸ ਨੂੰ ਆਪਣਾ ਧਰਮ ਮੰਨਦਿਆਂ ਨਹੀਂ ਛੱਡਣਗੇ ਤੇ ਉਹ ਵੀ ਕਿਸੇ ਤੋਂ ਡਰ ਕੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਬਿਰਲਾ ਜੀ (ਸਨਅਤਕਾਰ ਜੀ. ਡੀ. ਬਿਰਲਾ) ਨੂੰ ਕਿਹਾ ਹੋਇਆ ਹੈ ਕਿ ਜੇ ਪ੍ਰਯੋਗ ਕਰਨ ਦੌਰਾਨ ਉਨ੍ਹਾਂ ਦਾ ਮਨ ਮੈਲ਼ਾ ਹੋਇਆ ਹੋਵੇ ਜਾਂ ਉਨ੍ਹਾਂ ਨੇ ਕੋਈ ਪਾਖੰਡ ਕੀਤਾ ਹੋਵੇ ਤਾਂ ਉਹ ਬਹੁਤ ਹੀ ਤਰਸਯੋਗ ਮੌਤੇ ਮਰਨਗੇ। ਬਾਪੂ ਨੇ ਬਾਪਾ ਨੂੰ ਇਹ ਵੀ ਦੱਸਿਆ ਕਿ ਵੱਲਭ ਭਾਈ (ਪਟੇਲ) ਜਾਂ ਕਿਸ਼ੋਰ ਭਾਈ (ਮਸ਼ਰੂਵਾਲ਼ਾ) ਵੀ ਉਨ੍ਹਾਂ ਦਾ ਸਾਥ ਛੱਡ ਜਾਂਦੇ ਹਨ ਤਾਂ ਵੀ ਉਹ, ਇਹ ਪ੍ਰਯੋਗ ਕਰਦੇ ਰਹਿਣਗੇ।"

2 ਮਾਰਚ, 1947 ਨੂੰ ਮਨੂਬੇਨ ਲਿਖਦੀ ਹੈ, "ਅੱਜ ਬਾਪੂ ਨੂੰ ਬਾਪਾ ਵੱਲੋਂ ਭੇਜੀ ਗਈ ਇਕ ਗੁਪਤ ਚਿੱਠੀ ਮਿਲੀ। ਉਨ੍ਹਾਂ ਨੇ ਉਹ ਚਿੱਠੀ ਮੈਨੰ ਪੜ੍ਹਨ ਖ਼ਾਤਰ ਦਿੱਤੀ। ਉਹ ਚਿੱਠੀ ਇੰਨੀ ਦਿਲ-ਹਿਲਾਊ ਸੀ ਕਿ ਮੈਂ ਬਾਪੂ ਨੂੰ ਬੇਨਤੀ ਕੀਤੀ ਕਿ ਬਾਪਾ ਦੀ ਤਸੱਲੀ ਕਰਾਉਣ ਲਈ, ਮੈਨੂੰ ਅੱਜ ਤੋਂ ਵੱਖਰੀ ਸੌਣ ਦੀ ਇਜਾਜ਼ਤ ਦਿੱਤੀ ਜਾਵੇ। ਜਦੋਂ ਮੈਂ ਬਾਪਾ ਨੂੰ ਆਪਣੇ ਇਸ ਫ਼ੈਸਲੇ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਕਿਹਾ ਕਿ ਬਾਪੂ ਅਤੇ ਮੇਰੇ ਨਾਲ਼ ਗੱਲ ਕਰਨ ਮਗਰੋਂ ਉਨ੍ਹਾਂ ਨੂੰ ਇਸ ਪ੍ਰਯੋਗ ਬਾਰੇ ਤਾਂ ਤਸੱਲੀ ਹੋ ਗਈ ਸੀ, ਪਰ ਮੇਰੇ ਵੱਲੋਂ ਵੱਖਰੀ ਸੌਣ ਦਾ ਫ਼ੈਸਲਾ ਅਤੇ ਇਹ ਪ੍ਰਯੋਗ ਬੰਦ ਕਰ ਦੇਣਾ ਬਹੁਤ ਸਹੀ ਫ਼ੈਸਲੇ ਹਨ। ਫਿਰ ਬਾਪਾ ਨੇ ਕਿਸ਼ੋਰ ਲਾਲ ਮਸ਼ਰੂਵਾਲ਼ਾ ਅਤੇ ਦੇਵਦਾਸ ਗਾਂਧੀ ਨੂੰ ਚਿੱਠੀ ਲਿਖੀ ਕਿ ਇਹ ਅਧਿਆਇ ਠੱਪ ਹੋ ਗਿਆ ਹੈ।"
18 ਜਨਵਰੀ, 1947 ਨੂੰ ਮਨੂਬੇਨ ਨੇ ਆਪਣੀ ਡਾਇਰੀ ਵਿਚ ਏਦਾਂ ਲਿਖਿਆ, "ਬਾਪੂ ਨੇ ਕਿਹਾ ਕਿ ਉਨ੍ਹਾਂ ਨੇ ਬਹੁਤ ਚਿਰ ਮਗਰੋਂ ਮੇਰੀ ਡਾਇਰੀ ਵੱਲ ਗ਼ੌਰ ਕੀਤਾ ਤੇ ਖ਼ੁਸ਼ੀ ਮਹਿਸੂਸ ਕੀਤੀ। ਉਨ੍ਹਾਂ ਨੇ ਕਿਹਾ ਕਿ ਮੇਰੀ ਪ੍ਰੀਖਿਆ ਪੂਰੀ ਹੋ ਗਈ ਹੈ ਅਤੇ ਉਨ੍ਹਾਂ ਨੇ ਮੇਰੇ ਨਾਲ਼ੋਂ ਵੱਧ ਪਾਕ-ਸਾਫ ਕੁੜੀ ਕਦੇ ਨਹੀਂ ਦੇਖੀ ਤੇ ਇਹੋ ਵਜ੍ਹਾ ਸੀ ਕਿ ਉਹ ਆਪਣੇ-ਆਪ ਨੂੰ ਹੋਰ ਕਿਸੇ ਦੀ ਨਹੀਂ, ਮੇਰੀ ਮਾਂ ਕਹਿੰਦੇ ਸਨ। ਬਾਪੂ ਨੇ ਕਿਹਾ, 'ਆਭਾ ਜਾਂ ਸੁਸ਼ੀਲਾ, ਪਿਆਰੇ ਲਾਲ ਜਾਂ ਕਾਨੂ, ਮੈਂ ਕਿਸੇ ਦਾ ਖ਼ਿਆਲ ਕਿਉਂ ਰੱਖਾਂ? ਉਹ ਕੁੜੀ (ਆਭਾ) ਮੈਨੂੰ ਮੂਰਖ਼ ਬਣਾਉਂਦੀ ਹੈ ਜਦੋਂ ਕਿ ਅਸਲੀਅਤ ਇਹ ਹੈ ਕਿ ਉਹ ਆਪਣੇ-ਆਪ ਨੂੰ ਧੋਖਾ ਦੇ ਰਹੀ ਹੈ। ਮੈਂ, ਇਸ ਮਹਾਨ ਯੱਗ ਵਿਚ ਤੇਰੇ ਵੱਲੋਂ ਬੇਮਿਸਾਲ ਯੋਗਦਾਨ ਪਾਉਣ ਦੀ ਬਹੁਤ ਜ਼ਿਆਦਾ ਕਦਰ ਕਰਦਾ ਹਾਂ।' ਉਨ੍ਹਾਂ ਨੇ ਫਿਰ ਮੈਨੂੰ ਸੰਬੋਧਨ ਕਰ ਕੇ ਕਿਹਾ, 'ਤੇਰਾ ਇਹੋ ਕਸੂਰ ਹੈ ਕਿ ਤੂੰ ਆਪਣੇ ਜਿਸਮ ਦਾ ਨਾਸ ਮਾਰ ਲਿਆ ਹੈ। ਤੇਰੇ ਸਰੀਰਕ ਥਕੇਵੇਂ ਨਾਲੋਂ ਵੱਧ, ਤੇਰੀ ਆਪਣੇ-ਆਪ ਵਿਚ ਵਿਸ਼ਵਾਸਹੀਣਤਾ ਤੈਨੂੰ ਮਾਰ ਰਹੀ ਹੈ। ਜਦੋਂ ਤੂੰ ਮੈਨੂੰ 70 ਸਾਲਾਂ ਦੀ ਦਿਸਣ ਦੀ ਥਾਂ, 17 ਸਾਲਾਂ ਦੀ ਦਿਸਣ ਲੱਗੇਂਗੀ ਤਾਂ ਹੀ ਮੈਂ ਆਪਣੇ-ਆਪ ਨੂੰ ਜੇਤੂ ਸਮਝਾਂਗਾ।"
2 ਅਕਤੂਬਰ, 1947 ਨੂੰ ਮਨੂਬੇਨ ਨੇ ਏਦਾਂ ਲਿਖਿਆ, "ਅੱਜ ਬਾਪੂ ਦਾ ਜਨਮ ਦਿਨ ਹੈ। ਮੈਂ ਈਸ਼ਵਰ ਅੱਗੇ ਪ੍ਰਾਥਨਾ ਕੀਤੀ ਕਿ ਉਹ ਉਨ੍ਹਾਂ ਨੂੰ ਇਸ ਜੰਗਲੀ ਅੱਗ (ਦੇਸ਼ ਦੀ ਵੰਡ ਸਮੇਂ ਦੇ ਫ਼ਸਾਦ, ਜਿਨ੍ਹਾਂ ਨੂੰ ਗਾਂਧੀ ਜੀ ਸ਼ਾਂਤ ਕਰਾਉਣ ਦੇ ਹੀਲੇ ਕਰ ਰਹੇ ਸਨ) ਵਿਚੋਂ ਜੇਤੂ ਬਣਾ ਕੇ ਕੱਢੇ ਜਾਂ ਉਨ੍ਹਾਂ ਨੂੰ ਵਾਪਸ ਬੁਲਾ ਲਵੇ। ਬਾਪੂ ਬਹੁਤ ਥੱਕ-ਹਾਰ ਚੁੱਕੇ ਸਨ, ਪਰ ਮੈਂ ਉਨ੍ਹਾਂ ਨੂੰ ਹੋਰ ਦੁਖੀ ਹੁੰਦੇ ਨਹੀਂ ਦੇਖ ਸਕਦੀ ਸੀ। ਹੇ ਈਸ਼ਵਰ, ਤੂੰ ਬਾਪੂ ਦੀ ਪ੍ਰੀਖਿਆ ਅਜੇ ਹੋਰ ਕਿੰਨਾ ਚਿਰ ਲੈਂਦਾ ਰਹੇਂਗਾ? ਮੈਂ ਰਾਤ ਨੂੰ ਸੌਂਦੀ-ਜਾਗਦੀ ਇਹੋ ਪ੍ਰਾਰਥਨਾ ਕਰਦੀ ਰਹਿੰਦੀ ਕਿ ਉਹ, ਬਾਪੂ ਵੱਲੋਂ ਕੀਤਾ ਜਾ ਰਿਹਾ ਇਹ ਚੰਗਾ ਕੰਮ (ਫ਼ਿਰਕੂ ਫ਼ਸਾਦਾਂ ਦਾ ਸ਼ਾਂਤ ਹੋਣਾ) ਸਿਰੇ ਚੜ੍ਹਾ ਦੇਵੇ।"
14 ਨਵੰਬਰ, 1947 ਨੂੰ ਉਸ ਨੇ ਇਹ ਲਿਖਿਆ, "ਮੈਂ ਅੱਜ ਬਹੁਤ ਹੀ ਨਿਰਾਸ਼ ਹੋਈ ਮਹਿਸੂਸ ਕਰਦੀ ਹਾਂ। ਜਦੋਂ ਬਾਪੂ ਨੇ ਮੇਰੀ ਇਹ ਹਾਲਤ ਦੇਖੀ ਤਾਂ ਉਨ੍ਹਾਂ ਨੇ ਮੈਨੂੰ ਆਪਣਾ ਦੁੱਖੜਾ ਬਿਆਨ ਕਰਨ ਲਈ ਕਹਿੰਦਿਆਂ ਕਿਹਾ ਕਿ ਉਹ ਦਾਦਾ ਅਤੇ ਪਿਤਾ ਤਾਂ ਕਈਆਂ ਦੇ ਹੋਣਗੇ, ਪਰ ਉਹ ਮਾਂ ਮੇਰੀ ਤਾਂ ਸਿਰਫ਼ ਮੇਰੀ ਹਨ। ਮੈਂ ਉਨ੍ਹਾਂ ਨੂੰ ਦੱਸਿਆ ਕਿ ਇਨ੍ਹੀਂ ਦਿਨੀਂ ਆਭਾ ਦਾ ਮੇਰੇ ਵੱਲ ਬੇਪ੍ਰਵਾਹ ਰਹਿਣਾ ਹੀ ਮੇਰੀ ਇਸ ਹਾਲਤ ਦੀ ਵਜ੍ਹਾ ਹੈ। ਬਾਪੂ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੋਈ ਹੈ ਕਿ ਮੈਂ ਆਪਣਾ ਦਿਲ ਉਨ੍ਹਾਂ ਅੱਗੇ ਖੋਲ੍ਹਿਆ ਹੈ, ਪਰ ਜੇ ਮੈਂ ਨਾ ਵੀ ਦੱਸਦੀ, ਉਨ੍ਹਾਂ ਨੇ ਮੇਰੇ ਮਨ ਦੀ ਥਾਹ ਪਾ ਲੈਣੀ ਸੀ। ਫਿਰ ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਅੰਤ ਤਕ ਸਹਿਯੋਗ ਦਿੰਦੀ ਰਹਾਂਗੀ, ਪਰ ਆਭਾ ਉੱਤੇ ਇਹ ਸ਼ਰਤ ਨਹੀਂ ਹੈ, ਸੋ ਉਹ ਜੋ ਵੀ ਕਰਨਾ ਚਾਹੁੰਦੀ ਹੈ, ਉਸ ਨੂੰ ਕਰੀ ਜਾਣ ਦੇ। ਉਨ੍ਹਾਂ ਨੇ ਮੈਨੂੰ ਇਹ ਕਹਿ ਕੇ ਸ਼ਾਬਾਸ਼ ਦਿੱਤੀ ਕਿ ਮੈਂ ਉਨ੍ਹਾਂ ਦੀ ਸੇਵਾ ਹੀ ਸ਼ਰਧਾ ਨਾਲ਼ ਨਹੀਂ ਕੀਤੀ, ਸਗੋਂ ਹੋਰਨਾਂ ਦੀ ਵੀ ਕੀਤੀ ਹੈ।"
18ਨਵੰਬਰ, 1947 ਨੂੰ ਮਨੂਬੇਨ ਆਪਣੀ ਡਾਇਰੀ ਵਿਚ ਏਦਾਂ ਲਿਖਦੀ ਹੈ, "ਅੱਜ ਜਦੋਂ ਮੈਂ ਬਾਪੂ ਨੂੰ ਨੁਹਾ ਰਹੀ ਸਾਂ ਤਾਂ ਉਹ ਮੇਰੇ ਵੱਲੋਂ ਸ਼ਾਮ ਨੂੰ, ਉਨ੍ਹਾਂ ਨਾਲ਼ ਸੈਰ ਕਰਨ ਜਾਣੋਂ ਹਟਣ ਦੀ ਵਜ੍ਹਾ ਤੋਂ ਮੇਰੇ ਨਾਲ਼ ਗੁੱਸੇ ਹੋਏ। ਉਨ੍ਹਾਂ ਨੇ ਬੜੇ ਕੌੜੇ ਬੋਲ ਬੋਲੇ। ਉਨ੍ਹਾਂ ਨੇ ਕਿਹਾ, 'ਮੇਰੇ ਜੀਂਦੇ-ਜੀਅ ਤੂੰ ਮੇਰੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੀ, ਮੇਰੇ ਮਰਨ ਮਗਰੋਂ ਸੁਆਹ ਕਰੇਂਗੀ? ਹੁਣ ਕਿਤੇ ਤੂੰ ਮੇਰੀ ਮੌਤ ਤਾਂ ਨਹੀਂ ਉਡੀਕਦੀ?' ਇਹ ਸੁਣ ਕੇ ਮੈਂ ਤਾਂ ਸੁੰਨ ਜਿਹੀ ਹੋ ਗਈ ਤੇ ਮੇਰੇ ਅੰਦਰ ਇਨ੍ਹਾਂ ਗੱਲਾਂ ਦਾ ਕੋਈ ਜੁਆਬ ਦੇਣ ਦੀ ਹਿੰਮਤ ਨਹੀਂ ਸੀ।"
10 ਨਵੰਬਰ, 1943 ਨੂੰ ਪੁਣੇ ਦੇ ਆਗ਼ਾ ਖ਼ਾਨ ਪੈਲੇਸ ਵਿਚ ਮਨੂਬੇਨ ਨੇ ਆਪਣੀ ਡਾਇਰੀ ਵਿਚ ਇਹ ਅਹਿਮ ਖੁਲਾਸਾ ਕੀਤਾ ਹੋਇਆ ਹੈ, "ਅੱਜ ਸੁਸ਼ੀਲਾਬੇਨ ਨਾਲ਼ ਨ੍ਹਾਉਂਦਿਆਂ ਬਾਪੂ, ਕਮਜ਼ੋਰੀ ਦੀ ਵਜ੍ਹਾ ਨਾਲ਼ ਬੇਹੋਸ਼ ਹੋ ਗਏ। ਸੁਸ਼ੀਲਾਬੇਨ ਨੇ ਇਕ ਹੱਥ ਨਾਲ਼ ਬਾਪੂ ਨੂੰ ਫੜਿਆ ਤੇ ਦੂਜੇ ਹੱਥ ਨਾਲ਼ ਆਪਣੇ ਕੱਪੜੇ ਪਾ ਕੇ, ਉਨ੍ਹਾਂ ਨੂੰ ਬਾਹਰ ਲੈ ਕੇ ਆਈ।
21 ਦਸੰਬਰ, 1946 ਦੀ ਗੱਲ ਹੈ ਜਦੋਂ ਬਾਪੂ, ਸੁਸ਼ੀਲਾਬੇਨ ਅਤੇ ਮੈਂ ਇਕੋ ਹੀ ਮੰਜੇ ਉੱਤੇ ਸੁੱਤੇ ਪਏ ਸਾਂ ਤਾਂ ਬਾਪੂ ਨੇ ਮੈਨੂੰ ਜੱਫੀ ਪਾ ਕੇ, ਮੇਰਾ ਪਿੰਡਾ ਥਾਪੜਿਆ। ਉਨ੍ਹਾਂ ਨੇ ਬਹੁਤ ਪਿਆਰ ਨਾਲ਼ ਮੈਨੂੰ ਸੁਲਾਇਆ। ਉਨ੍ਹਾਂ ਨੇ ਮੈਨੂੰ ਬਹੁਤ ਚਿਰ ਬਾਅਦ ਜੱਫੀ ਪਾਈ ਸੀ। ਫਿਰ ਬਾਪੂ ਨੇ, ਉਨ੍ਹਾਂ ਨਾਲ਼ ਸੌਣ ਦੇ ਬਾਵਜੂਦ ਮੇਰੇ ਵੱਲੋਂ (ਜਿਨਸੀ ਵਲਵਲਿਆਂ ਤੋਂ) ਨਿਰਲੇਪ ਰਹਿਣ ਲਈ ਮੇਰੀ ਤਾਰੀਫ਼ ਕੀਤੀ ਜਦੋਂ ਕਿ ਬਾਕੀ ਕੁੜੀਆਂ ਦੇ ਸਬੰਧ ਵਿਚ ਇਸ ਤਰ੍ਹਾਂ ਨਹੀਂ ਸੀ। ਵੀਨਾ, ਕੰਚਨ ਅਤੇ ਲੀਲਾਵਤੀ (ਗਾਂਧੀ ਦੀਆਂ ਸਹਿਯੋਗਣਾਂ) ਨੇ ਮੈਨੂੰ ਦੱਸਿਆ ਕਿ ਉਹ, ਉਨ੍ਹਾਂ ਨਾਲ਼ ਸੌਣ ਜੋਗੀਆਂ ਨਹੀਂ ਹਨ।"
ਪਹਿਲੀ ਜਨਵਰੀ, 1947 ਨੂੰ ਬਿਹਾਰ ਵਿਚ ਕੇਥੁਰੀ ਵਿਖੇ ਮਨੂਬੇਨ ਨੇ ਆਪਣੀ ਡਾਇਰੀ ਵਿਚ ਏਦਾਂ ਲਿਖਿਆ ਹੋਇਆ ਹੈ, "ਸੁਸ਼ੀਲਾਬੇਨ ਆਪਣੇ ਭਰਾ ਪਿਆਰੇ ਲਾਲ ਨਾਲ਼ ਵਿਆਹ ਕਰਾਉਣ ਖ਼ਾਤਰ ਮੇਰੇ ਤਰਲੇ ਕੱਢ ਰਹੀ ਹੈ। ਉਹ ਮੈਨੂੰ ਕਹਿ ਚੁੱਕੀ ਹੈ ਕਿ ਜੇ ਮੈਂ ਉਸ ਦੇ ਭਰਾ ਨਾਲ਼ ਵਿਆਹ ਕਰਾਉਣ ਲਈ ਮੰਨ ਜਾਵਾਂ ਤਾਂ ਉਹ ਮੈਨੂੰ ਨਰਸ ਬਣਾਉਣ ਵਿਚ ਮੇਰੀ ਮਦਦ ਕਰੇਗੀ। ਮੈਂ ਉਸ ਨੂੰ ਇਸ ਬਾਰੇ ਕੋਰਾ ਜੁਆਬ ਦੇ ਦਿੱਤਾ ਤੇ ਇਸ ਬਾਰੇ ਬਾਪੂ ਨਾਲ਼ ਗੱਲ ਕੀਤੀ। ਬਾਪੂ ਨੇ ਮੈਨੂੰ ਕਿਹਾ, ਸੁਸ਼ੀਲਾ ਦੀ ਮੱਤ ਮਾਰੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਕੱਲ੍ਹ ਤਕ ਤਾਂ ਉਹ, ਉਨ੍ਹਾਂ ਦੇ ਸਾਹਮਣੇ ਨਾ ਸਿਰਫ਼ ਨੰਗੀ ਹੋ ਕੇ ਨ੍ਹਾਉਂਦੀ ਰਹੀ ਹੈ, ਸਗੋਂ ਉਨ੍ਹਾਂ ਨਾਲ਼ ਸੌਂਦੀ ਵੀ ਰਹੀ ਹੈ, ਪਰ ਹੁਣ ਉਨ੍ਹਾਂ ਨੂੰ ਮੇਰਾ ਆਸਰਾ ਲੈਣਾ ਪਏਗਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਜ਼ਰੂਰ ਹੀ ਸਾਫ-ਸੁਥਰੀ ਰਹਿਣਾ ਪਏਗਾ ਅਤੇ (ਬ੍ਰਹਮਚਰੀਯ ਦੇ ਪ੍ਰਯੋਗ ਨਮਿੱਤ) ਸਬਰ ਕਰਨਾ ਪਏਗਾ।"
2 ਫਰਵਰੀ, 1947 ਨੂੰ ਬਿਹਾਰ ਵਿਚ ਦਸ਼ਧਾਰੀਆ ਵਿਖੇ ਮਨੂਬੇਨ ਨੇ ਆਪਣੀ ਡਾਇਰੀ ਏਦਾਂ ਲਿਖੀ ਹੋਈ ਹੈ, "ਸਵੇਰ ਦੀ ਪ੍ਰਾਰਥਨਾ ਦੌਰਾਨ ਬਾਪੂ ਨੇ ਆਪਣੇ ਪੈਰੋਕਾਰਾਂ ਨੂੰ ਦੱਸ ਦਿੱਤਾ ਕਿ ਉਹ 'ਬ੍ਰਹਮਚਰੀਯ' ਸਬੰਧੀ ਪ੍ਰਯੋਗ ਮੇਰੇ ਨਾਲ਼ ਕਰ ਰਹੇ ਹਨ। ਫਿਰ ਉਨ੍ਹਾਂ ਨੇ ਮੇਰੇ ਸਾਹਮਣੇ ਇਸ ਗੱਲ ਦੀ ਵਿਆਖਿਆ ਕੀਤੀ ਕਿ ਉਨ੍ਹਾਂ ਨੇ ਇਹ ਗੱਲ ਕਿਉਂ ਕਹੀ ਹੈ। ਇਹ ਸਭ ਕੁੱਝ ਸੁਣ ਕੇ ਮੈਂ ਬਹੁਤ ਹੌਲ਼ੀ-ਫੁੱਲ ਹੋਈ ਮਹਿਸੂਸ ਕੀਤਾ ਕਿ ਇਸ ਗੱਲ ਨਾਲ਼ ਬਕਵਾਸ ਕਰਦੀਆਂ ਜੀਭਾਂ ਬੰਦ ਹੋ ਜਾਣਗੀਆਂ। ਮੈਂ ਆਪਣੇ-ਆਪ ਨੂੰ ਕਿਹਾ, ਦੁਨੀਆ ਜੋ ਮਰਜ਼ੀ ਕਹੀ ਜਾਵੇ, ਹੁਣ ਮੈਨੂੰ ਪ੍ਰਵਾਹ ਨਹੀਂ।"
ਇਨ੍ਹਾਂ ਡਾਇਰੀਆਂ ਦੇ ਹਵਾਲੇ ਪੜ੍ਹ ਕੇ ਕੁੱਝ ਲੋਕ ਇਹ ਕਹਿ ਸਕਦੇ ਹਨ ਕਿ ਨਿਆਣੀ ਜਿਹੀ ਕੁੜੀ ਨੇ ਜੋ ਕੁੱਝ ਵੀ ਲਿਖ ਦਿੱਤਾ, ਉਸੇ ਨੂੰ ਅਧਾਰ ਬਣਾ ਕੇ, ਕਿਸੇ ਮਹਾਤਮਾ ਦੀ ਯੱਖਣਾ ਪੁੱਟਣੀ ਜਾਇਜ਼ ਨਹੀਂ ਹੈ। ਇਸੇ ਤਰ੍ਹਾਂ ਦੇ ਪਾਠਕਾਂ ਲਈ, ਇਸ ਲੇਖ-ਲੜੀ ਵਿਚ ਕਿਸੇ ਸਬੂਤ ਦਾ ਰਲਾਅ ਵੀ ਪਾਉਣਾ ਠੀਕ ਸਮਝਿਆ ਹੈ।
'ਸੈਕਸ ਐਂਡ ਪਾਵਰ: ਡੀਫਾਈਨਿੰਗ ਹਿਸਟਰੀ, ਸ਼ੇਪਿੰਗ ਸੋਸਾਇਟੀਜ਼' ਯਾਨੀ 'ਜਿਨਸ ਅਤੇ ਸ਼ਕਤੀ: ਇਤਿਹਾਸ ਨੂੰ ਪ੍ਰੀਭਾਸ਼ਤ ਕਰਨਾ, ਸਮਾਜਾਂ ਨੂੰ ਸਰੂਪ ਦੇਣਾ' ਸਿਰਲੇਖ ਵਾਲ਼ੀ ਇਸ ਕਿਤਾਬ ਦੀ ਲੇਖਕਾ ਰੀਟਾ ਬੈਨਰਜੀ ਨੇ ਇਹ ਕਿਤਾਬ ਲਿਖਣ ਸਬੰਧੀ ਖੋਜ ਕਰਦਿਆਂ ਕਈ ਸੂਤਰ ਹੰਘਾਲ਼ੇ। ਇਸ ਖੋਜ-ਭਾਲ ਅਧੀਨ ਹੀ, ਗਿਰਿਜਾ ਕੁਮਾਰ ਦੀ ਲਿਖੀ ਹੋਈ, 'ਮਹਾਤਮਾ ਗਾਂਧੀ'ਜ਼ ਲੈਟਰਜ਼ ਆਨ ਬ੍ਰਹਮਾਚਾਰੀਯ, ਸੈਕਸ਼ੂਐਲਿਟੀ ਐਂਡ ਲਵ' ਯਾਨੀ 'ਬ੍ਰਹਮਚਰੀਯ, ਕਾਮ ਅਤੇ ਪਿਆਰ ਬਾਰੇ ਮਹਾਤਮਾ ਗਾਂਧੀ ਦੀਆਂ ਚਿੱਠੀਆਂ' ਸਿਰਲੇਖ ਵਾਲ਼ੀ ਇਕ ਕਿਤਾਬ ਉਨ੍ਹਾਂ ਦੇ ਹੱਥ ਲੱਗ ਗਈ। ਰੀਟਾ ਬੈਨਰਜੀ ਨੇ ਇਸ ਸਬੰਧ ਵਿਚ ਇਕ ਲੇਖ ਵੀ ਲਿਖਿਆ, ਜਿਸ ਵਿਚੋਂ ਕੁੱਝ ਅੰਸ਼ ਅਸੀਂ ਆਪਣੇ ਪਾਠਕਾਂ ਨੂੰ ਵੀ ਪੜ੍ਹਾਵਾਂਗੇ। ਇਹ ਲੇਖ ਪਹਿਲਾਂ 'ਯੂਥ ਕੀ ਆਵਾਜ਼' ਨਾਂ ਦੇ ਵੈੱਬਸਾਈਟ ਵਿਚ ਛਪਿਆ ਸੀ। ਇਸ ਲੇਖ ਵਿਚ ਉਨ੍ਹਾਂ ਨੇ ਮਹਾਤਮਾ ਗਾਂਧੀ ਵੱਲੋਂ ਲਿਖੀ ਹੋਈ ਇਕ ਚਿੱਠੀ ਦਾ ਜ਼ਿਕਰ ਵੀ ਕੀਤਾ ਹੋਇਆ ਹੈ। ਬਹੁਤ ਸਾਰੇ ਲੋਕਾਂ ਨੇ ਉਸ ਚਿੱਠੀ ਦੇ ਥਹੁ-ਟਿਕਾਣੇ ਯਾਨੀ ਵਸੀਲੇ ਬਾਰੇ ਸੁਆਲ ਉਠਾਏ ਸਨ। ਸੋ, ਇਹ ਚਿੱਠੀ, ਮਹਾਤਮਾ ਗਾਂਧੀ ਦੀਆਂ ਚਿੱਠੀਆਂ ਬਾਰੇ ਉਨ੍ਹਾਂ ਦੀ ਕਿਤਾਬ ਵਿਚੋਂ ਹੀ ਲਈ ਹੋਈ ਹੈ। ਇਸ ਲਈ ਇਹ ਸੱਚਾਈ ਹੈ ਕਿ ਗਾਂਧੀ ਨੇ ਆਪਣੇ ਆਸ਼ਰਮ ਅੰਦਰ ਹੀ ਜੁਆਨ ਔਰਤਾਂ/ ਕੁੜੀਆਂ ਰੱਖੀਆਂ ਹੋਈਆਂ ਸਨ।# {ਬਾਕੀ ਅਗਲੇ ਹਫ਼ਤੇ}