-'ਗਿਰੀ ਹੋਈ' ਗਾਂਧੀਗਿਰੀ-4-
ਗਾਂਧੀ ਨੂੰ ਪੈਰਾਂ ਤੋਂ ਕੱਢਿਆ ਪਰਸੂਰਾਮ ਦੀ ਚਿੱਠੀ ਨੇ
<<<<<<<<<<<<>>>>>>>>>>>>
{ਲੜੀ ਜੋੜਨ ਲਈ ਪਿਛਲਾ ਅੰਕ ਦੇਖੋ}
ਮਨੂਬੇਨ ਤੋਂ ਮਗਰੋਂ 'ਸੈਕਸ ਐਂਡ ਪਾਵਰ: ਡੀਫਾਈਨਿੰਗ ਹਿਸਟਰੀ, ਸ਼ੇਪਿੰਗ ਸੋਸਾਇਟੀਜ਼' ਯਾਨੀ 'ਜਿਨਸ ਅਤੇ ਸ਼ਕਤੀ: ਇਤਿਹਾਸ ਨੂੰ ਪ੍ਰੀਭਾਸ਼ਤ ਕਰਨਾ, ਸਮਾਜਾਂ ਨੂੰ ਸਰੂਪ ਦੇਣਾ' ਸਿਰਲੇਖ ਵਾਲ਼ੀ ਕਿਤਾਬ ਦੀ ਲੇਖਕਾ ਰੀਟਾ ਬੈਨਰਜੀ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਗਾਂਧੀ ਦੇ ਆਸ਼ਰਮਾਂ ਵਿਚ ਅੱਲੜ੍ਹ ਉਮਰ ਦੀਆਂ ਕੁੜੀਆਂ ਅਤੇ ਜੁਆਨ ਔਰਤਾਂ ਨਾਲ ਚੰਗਾ ਸਲੂਕ ਨਹੀਂ ਹੁੰਦਾ ਸੀ। ਆਪਣੇ ਇਕ ਲੇਖ ਵਿਚ ਰੀਟਾ ਬੈਨਰਜੀ ਏਦਾਂ ਫ਼ਰਮਾਉਂਦੇ ਹਨ, "ਇਹ ਸੱਚ ਹੈ ਕਿ ਗਾਂਧੀ ਆਪਣੇ ਆਸ਼ਰਮਾਂ ਵਿਚ ਜੁਆਨ ਔਰਤਾਂ ਰੱਖਦੇ ਸਨ, ਜਿਨ੍ਹਾਂ ਵਿਚੋਂ ਕੁੱਝ ਅੱਲ੍ਹੜ ਉਮਰ ਦੀਆਂ ਸਨ। ਇਨ੍ਹਾਂ ਵਿਚੋਂ ਇਕ ਮਨੂ ਗਾਂਧੀ ਸੀ, ਜਿਸ ਦਾ ਅਸਲੀ ਨਾਂ 'ਮ੍ਰਿਦੁਲਾ ਗਾਂਧੀ' ਸੀ ਤੇ ਜੋ ਗਾਂਧੀ ਦੀ ਪੜਪੋਤੀ ਲੱਗਦੀ ਸੀ। ਇਹ ਕੁੜੀਆਂ/ ਔਰਤਾਂ ਰਾਤ ਨੂੰ ਨੰਗੀਆਂ ਹੋ ਕੇ ਗਾਂਧੀ ਦੇ ਬਿਸਤਰ ਵਿਚ ਉਸ ਦੇ ਨਾਲ਼ ਪੈਂਦੀਆਂ ਹੁੰਦੀਆਂ ਸਨ। ਗਾਂਧੀ ਦੀ ਜ਼ਿੰਦਗੀ ਦੇ ਇਸ ਪਹਿਲੂ ਬਾਰੇ ਮੈਂ ਹੈਰਾਨ ਵੀ ਹੋਈ ਸਾਂ। ਮੈਂ ਆਪਣੀ ਕਿਤਾਬ 'ਸੈਕਸ ਐਂਡ ਪਾਵਰ', ਜੋ 'ਸੈਕਸ ਅਤੇ ਸੈਕਸ਼ੂਐਲਿਟੀ' ਦੇ ਇਤਿਹਾਸ ਬਾਰੇ ਹੈ, ਸਬੰਧੀ ਖੋਜ ਕਰ ਰਹੀ ਸਾਂ। ਮੇਰੇ ਲਈ, ਇਸ ਸਬੰਧ ਵਿਚ ਹੋਰ ਖੋਜ-ਪੜਤਾਲ ਕਰਨਾ ਬਹੁਤ ਜ਼ਰੂਰੀ ਸੀ।
ਪਹਿਲਾਂ ਤਾਂ ਮੇਰੇ ਮਨ ਵਿਚ ਆਇਆ ਕਿ ਮੈਂ ਇਹ ਗੱਲ ਸੁਣੀ-ਸੁਣਾਈ ਕਰਾਰ ਦੇ ਕੇ ਲਿਖ ਛੱਡਾਂ, ਪਰ ਫਿਰ ਕੁੱਝ ਜੀਵਨੀਆਂ ਵਿਚ ਇਸ ਦੀ ਪੁਸ਼ਟੀ ਕੀਤੀ ਹੋਈ ਦੇਖੀ ਤਾਂ ਵੀ ਮੈਂ ਇਸ ਨੂੰ ਇਸ ਵਿਚਾਰ ਨਾਲ਼ ਨਕਾਰਨ ਦਾ ਮਨ ਬਣਾ ਲਿਆ ਕਿ ਅਸੀਂ ਸਾਰੇ ਹੀ ਇਸ ਗੱਲ ਨੂੰ 'ਮਹਾਨ ਲੋਕਾਂ ਦੇ ਖ਼ਬਤਾਂ' ਵਿਚੋਂ ਇਕ ਮੰਨ ਕੇ, ਇਸ ਉੱਤੇ ਮਿੱਟੀ ਪਾ ਦਿਆਂਗੇ। ਖ਼ੈਰ, ਮੈਂ ਇਸ ਮਾਮਲੇ ਦੀ ਜੜ੍ਹ ਤਕ ਜਾਣ ਲਈ ਤਿਆਰ ਹੋ ਗਈ ਤੇ ਮੈਂ ਇਸ ਬਾਰੇ ਮੁਕੰਮਲ ਤਸਵੀਰ ਹਾਸਲ ਕਰ ਕੇ ਹੀ ਰਹੀ। ਇਸ ਤਸਵੀਰ ਨੇ ਮੈਨੂੰ ਪ੍ਰੇਸ਼ਾਨ ਵੀ ਕੀਤਾ। ਮੈਨੂੰ ਗਾਂਧੀ, ਇਕ ਹਵਸੀ ਸ਼ਿਕਾਰੀ ਹੀ ਲੱਗਿਆ। ਇਹ ਵੀ ਉਨ੍ਹਾਂ ਆਦਮੀਆਂ ਵਿਚੋਂ ਹੈ, ਜੋ ਕਿਸੇ ਦਾ ਜਿਨਸੀ ਲਾਹਾ ਲੈਣ ਲਈ, ਆਪਣੇ ਅਹੁਦੇ ਜਾਂ ਰੁਤਬੇ ਨੂੰ ਵਰਤਦੇ ਹਨ। ਆਪਣੇ 'ਪ੍ਰਯੋਗਾਂ' ਲਈ ਉਸ ਵੱਲੋਂ ਵਰਤੀਆਂ ਗਈਆਂ ਕੁੜੀਆਂ ਤੇ ਔਰਤਾਂ ਜਿਹੜੇ ਅਜ਼ਾਬ ਵਿਚੋਂ ਲੰਘੀਆਂ ਹੋਣਗੀਆਂ, ਉਸ ਬਾਰੇ ਸੋਚ-ਸੋਚ ਮੈਂ ਫਾਵੀਂ ਹੁੰਦੀ ਰਹੀ। ਉਹ ਤਾਂ ਤਸੀਹਿਆਂ ਨੂੰ 'ਪ੍ਰਯੋਗ' ਦੱਸ ਰਿਹਾ ਸੀ।
ਬਹੁਤ ਸਾਰੇ ਹਵਾਲਿਆਂ ਵਿਚ ਉਨ੍ਹਾਂ ਕੁੜੀਆਂ/ ਔਰਤਾਂ ਲਈ 'ਸਾਈਕੌਟਿਕ' ਯਾਨੀ 'ਮਾਨਸਕ ਰੋਗੀ' ਸ਼ਬਦ ਵਰਤਿਆ ਹੋਇਆ ਸੀ। ਇਨ੍ਹਾਂ ਵਿਚੋਂ ਕਈ ਤਾਂ ਅੱੱਲ੍ਹੜ ਉਮਰ ਦੇ ਆਖ਼ਰੀ ਪੜਾਅ ਵਿਚ ਸਨ ਤੇ ਕਈਆਂ ਨੇ ਅਜੇ ਬਚਪਨ ਵੀ ਚੱਜ ਨਾਲ਼ ਨਹੀਂ ਛੱਡਿਆ ਸੀ। ਕਈ ਲੋਕ ਇਹ ਕਹਿੰਦੇ ਵੀ ਸੁਣੇ ਗਏ ਕਿ ਜੇ ਉਸ ਨੇ ਇਹ 'ਸਿਆਪਾ' ਕਰਨਾ ਹੀ ਸੀ ਤਾਂ ਕੁੱਝ ਸਿਆਣੀਆਂ ਔਰਤਾਂ ਨਾਲ਼ ਕਰ ਲੈਂਦਾ ਜਾਂ ਆਪਣੀ 'ਘਰ ਆਲ਼ੀ' ਨਾਲ਼ ਕਰ ਲੈਂਦਾ। ਉਹ ਕੁੜੀਆਂ ਬਹੁਤ ਬੁਰੀ ਤਰ੍ਹਾਂ ਉਸ ਦੇ ਕਾਬੂ ਵਿਚ ਜਾਪਦੀਆਂ ਸਨ। ਇਸ ਤੋਂ ਇਲਾਵਾ, ਇਸ ਸਾਰੇ ਪ੍ਰਸੰਗ ਦੇ ਕੁੱਝ ਪੁਰਾਤਤਵ ਹਵਾਲਿਆਂ ਤੋਂ ਮੈਨੂੰ ਇਹ ਵੀ ਲੱਗਦਾ ਹੈ ਕਿ ਗਾਂਧੀ, ਭਾਰਤੀ ਬ੍ਰਹਮਚਰੀਯ ਦੇ ਇਤਿਹਾਸਕ ਤੇ ਰਵਾਇਤੀ ਰੂਪ (ਜਿਸ ਵਿਚ ਵੀਰਜ ਦਾ ਨਿਕਾਸ ਕਾਬੂ ਵਿਚ ਰੱਖ ਕੇ, ਹੋਰ ਕੁੱਝ ਵੀ ਕਰਨ ਦੀ ਖੁੱਲ੍ਹ ਹੁੰਦੀ ਹੈ) ਦਾ ਅਭਿਆਸ ਹੀ ਕਰਦਾ ਹੋਵੇਗਾ। ਫਿਰ ਇਕ ਖ਼ਿਆਲ ਇਹ ਵੀ ਆਉਂਦਾ ਰਿਹਾ ਕਿ ਗਾਂਧੀ ਤਾਂ ਕਦੋਂ ਦਾ ਮਰ ਚੁੱਕਾ ਹੈ ਤੇ ਉਸ ਦੇ ਬਿਸਤਰੇ ਵਿਚ ਨੰਗੀਆਂ ਹੋ ਕੇ ਪੈਂਦੀਆਂ ਰਹੀਆਂ ਕੁੜੀਆਂ ਦਾ ਹੁਣ ਕੀ ਅਰਥ ਹੈ? ਫਿਰ ਇਹ ਖ਼ਿਆਲ ਆਉਂਦਾ ਹੈ ਕਿ ਮਹਾਤਮਾ ਮੰਨੇ ਜਾਂਦੇ ਗਾਂਧੀ ਦਾ ਕਿਰਦਾਰ ਇਹੋ ਸੀ?
ਅੱਜ ਮੈਂ ਇਹ ਮੰਨਣ ਲਈ ਵੀ ਤਿਆਰ ਹਾਂ ਕਿ ਅਸੀਂ ਬਹੁਤ ਹੀ ਸਿਆਣੇ ਹੋ ਗਏ ਹਾਂ ਕਿਉਂ ਕਿ ਮੈਂ ਜਦੋਂ ਵੀ ਕਿਸੇ ਅੱਗੇ ਇਹ ਮਾਮਲਾ ਉਠਾਉਣ ਦਾ ਹੀਲਾ ਕੀਤਾ, ਮੈਨੂੰ ਇਹ ਮਾਮਲਾ ਠੱਪ ਕੇ, ਆਪਣਾ ਬਚਾਅ ਕਰਨ ਦੇ ਸੁਝਾਅ ਹੀ ਮਿਲੇ ਹਨ। ਹੈਰਾਨੀ ਵਾਲ਼ੀ ਗੱਲ ਤਾਂ ਇਹ ਸੀ ਕਿ ਮਹਾਤਮਾ ਗਾਂਧੀ ਦੇ ਦੌਰ ਦੇ 'ਪੁਰਾਣੇ ਲੋਕ' ਬਹੁਤ ਅਗਾਂਹ-ਵਧੂ ਖ਼ਿਆਲਾਂ ਦੇ ਸਨ। ਉਨ੍ਹਾਂ ਨੇ ਇਹ ਤਾੜ ਵੀ ਲਿਆ ਸੀ ਕਿ ਉਹ ਆਪਣੇ ਰੁਤਬੇ ਦਾ ਨਜਾਇਜ਼ ਫ਼ਾਇਦਾ ਉਠਾ ਰਿਹਾ ਹੈ ਤੇ ਉਨ੍ਹਾਂ ਨੇ ਉਸ ਦੀਆਂ ਇਨ੍ਹਾਂ ਕਾਰਵਾਈਆਂ ਦੀ ਨਿਖੇਧੀ ਵੀ ਕੀਤੀ ਸੀ।"
ਇਸ ਲੇਖ ਵਿਚ, ਗਾਂਧੀ ਦੇ ਨੇੜ-ਸਹਿਯੋਗੀ ਰਹੇ ਨਿਰਮਲ ਕੁਮਾਰ ਬੋਸ ਵੱਲੋਂ 16 ਮਾਰਚ, 1947 ਨੂੰ (ਜਦੋਂ ਭਾਰਤ ਨੂੰ ਅਜ਼ਾਦ ਕਰਾਉਣ ਦਾ ਸਮੁੱਚਾ ਮਾਣ-ਤਾਣ ਗਾਂਧੀ ਨੂੰ ਦਿੱਤੇ ਜਾਣ ਵਿਚ ਮਸਾਂ ਪੰਜ ਮਹੀਨੇ ਰਹਿੰਦੇ ਸਨ-ਲੇਖਕ), ਗਾਂਧੀ ਦੇ ਇਕ ਹੋਰ ਸਹਿਯੋਗੀ ਕਿਸ਼ੋਰ ਲਾਲ ਮਸ਼ਰੂਵਾਲਾ ਨੂੰ ਲਿਖੀ ਇਕ ਚਿੱਠੀ ਦਾ ਹਵਾਲਾ ਵੀ ਦਿੱਤਾ ਹੋਇਆ ਹੈ, ਜਿਸ ਵਿਚ ਉਨ੍ਹਾਂ ਨੇ ਏਦਾਂ ਲਿਖਿਆ ਸੀ, 'ਜਦੋਂ ਮੈਨੂੰ ਪਹਿਲੀ ਵਾਰੀ ਗਾਂਧੀ ਦੇ ਉਸ ਪ੍ਰਯੋਗ ਬਾਰੇ ਪਤਾ ਲੱਗਿਆ, ਜਿਸ ਵਿਚ ਇਕ ਕੁੜੀ ਆਪਣੇ ਕੱਪੜੇ ਲਾਹ ਕੇ, ਉਸ ਨਾਲ਼ ਇਕੋ ਹੀ ਚਾਦਰ ਵਿਚ ਪੈਂਦੀ ਹੈ ਅਤੇ ਉਹ ਇਹ ਦੇਖਣ ਦਾ ਹੀਲਾ ਕਰਦਾ ਹੈ ਕਿ ਉਸ ਦੇ ਜਾਂ ਉਸ ਦੀ ਸਾਥਣ ਦੇ ਅੰਦਰ ਕੋਈ ਜਿਨਸੀ ਭਾਵਨਾ 'ਜਾਗਦੀ' ਹੈ ਜਾਂ ਨਹੀਂ ਤਾਂ ਮੈਂ ਸੱਚੀਂ ਹੀ ਬਹੁਤ ਹੈਰਾਨ ਹੋਇਆ ਸਾਂ। ਨਿੱਜੀ ਤੌਰ 'ਤੇ ਮੇਰਾ ਮਨ ਇਸ ਖ਼ਾਤਰ ਨਹੀਂ ਲਲਚਾਏਗਾ ਤੇ ਇਸ ਤੋਂ ਵੀ ਵੱਧ, ਮੇਰੇ ਮਨ ਵਿਚ ਰਹਿੰਦੀ, ਔਰਤਾਂ ਦੀ ਇੱਜ਼ਤ ਮੈਨੂੰ ਇਹ ਨਹੀਂ ਕਰਨ ਦੇਵੇਗੀ ਕਿ ਮੈਂ ਕਿਸੇ ਔਰਤ ਨੂੰ ਆਪਣੇ ਪ੍ਰਯੋਗ ਲਈ ਕਿਸੇ ਔਜ਼ਾਰ ਵਾਂਗ ਵਰਤਾਂ।'"
ਸ਼੍ਰੀ ਬੋਸ ਦੀ ਇਹ ਚਿੱਠੀ, 1947 ਦੀ ਪਹਿਲੀ ਛਿਮਾਹੀ ਦੌਰਾਨ, ਗਾਂਧੀ ਦੇ ਦੋਸਤਾਂ ਅਤੇ ਨੇੜ-ਸਹਿਯੋਗੀਆਂ ਵਿਚਾਲੇ ਇਸ ਸਿਲਸਿਲੇ ਵਿਚ ਆਈਆਂ-ਗਈਆਂ ਬਹੁਤ ਸਾਰੀਆਂ ਚਿੱਠੀਆਂ ਵਿਚੋਂ ਇਕ ਸੀ ਤੇ ਇਸ ਨੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਗੁੱਸਾ ਤੇ ਰੋਹ ਭਰਿਆ ਸੀ। ਗੁੱਸੇ ਅਤੇ ਰੋਹ ਵਿਚ ਆਏ ਹੋਏ ਲੋਕਾਂ ਵਿਚ, ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਕਈ ਉੱਘੇ ਆਗੂ, ਜਿਵੇਂ ਵੱਲਭ ਭਾਈ ਪਟੇਲ, ਜੇ. ਬੀ. ਕ੍ਰਿਪਲਾਨੀ ਅਤੇ ਵਿਨੋਭਾ ਭਾਵੇ ਵੀ ਸ਼ਾਮਲ ਸਨ। ਇਨ੍ਹਾਂ ਵਿਚੋਂ ਕਈ ਤਾਂ ਗਾਂਧੀ ਨੂੰ ਸਾਹਮਣਿਉਂ ਟੱਕਰੇ ਤੇ ਕਈਆਂ ਨੇ ਉਸ ਨੂੰ ਸਹਿਯੋਗ ਦੇਣਾ ਬੰਦ ਕਰ ਦਿੱਤਾ।
ਗਾਂਧੀ ਦੇ ਖੈਮੇ ਵਿਚ, ਮੁਲਕ ਅਜ਼ਾਦ ਹੋਣ ਵਾਲ਼ੇ ਸਾਲ, ਇਹ ਤੁਫ਼ਾਨ, ਕੇਰਲਾ ਤੋਂ ਆਏ ਹੋਏ ਇਕ ਨੌਜੁਆਨ ਆਰ. ਪੀ. ਪਰਸੂਰਾਮ ਨੇ ਲਿਆਂਦਾ। ਉਸ ਨੇ ਦੋ ਸਾਲ਼, ਗਾਂਧੀ ਦੇ ਨਿੱਜੀ ਸਕੱਤਰ ਤੇ ਟਾਈਪਿਸਟ ਵਜੋਂ ਕੰਮ ਕੀਤਾ। ਉਹ ਗਾਂਧੀ ਦੀ ਹਰ ਹਰਕਤ ਗ਼ੌਰ ਨਾਲ਼ ਦੇਖਦਾ ਰਿਹਾ। ਗਾਂਧੀ ਦੀ ਸੇਵਾ ਵਿਚ ਆਉਣ ਤੋਂ ਪਹਿਲਾਂ ਉਹ, ਉਸ ਦਾ ਸ਼ਰਧਾਲੂ ਸੀ। ਦੋ ਸਾਲ ਗਾਂਧੀ ਨਾਲ਼ ਕੰਮ ਕਰ ਕੇ ਪਰਸੂਰਾਮ ਨੇ ਨੌਕਰੀ ਵੀ ਛੱਡ ਦਿੱਤੀ ਤੇ ਆਸ਼ਰਮ ਵੀ। ਜਾਣ ਤੋਂ ਪਹਿਲਾਂ ਉਸ ਨੇ ਗਾਂਧੀ ਨੂੰ 16 ਪੰਨਿਆਂ ਦੀ ਇਕ ਚਿੱਠੀ ਲਿਖੀ, ਜਿਸ ਵਿਚ ਉਸ ਨੇ ਗਾਂਧੀ ਵੱਲੋਂ ਆਸ਼ਰਮ ਅੰਦਰ ਕੁੜੀਆਂ ਅਤੇ ਔਰਤਾਂ ਨਾਲ਼ ਕੀਤੇ ਜਾਂਦੇ ਗੰਦੇ ਸਲੂਕ ਬਾਰੇ ਅਤੇ ਬਿਸਤਰੇ ਵਿਚ ਕੀਤੇ ਜਾਂਦੇ 'ਪ੍ਰਯੋਗ' ਬਾਰੇ ਸਾਫ-ਸਾਫ ਲਿਖ ਦਿੱਤਾ ਸੀ। ਉਸ ਨੇ ਲਿਖਿਆ ਕਿ ਉਸ ਨੇ ਸਿਰੇ ਤਕ ਗਾਂਧੀ ਦੀ ਪੂਜਾ ਕੀਤੀ ਹੋਣ ਕਰ ਕੇ, ਉਸ ਦੀ ਆਤਮਾ ਉਸ ਨੂੰ ਇਜਾਜ਼ਤ ਨਹੀਂ ਦਿੰਦੀ ਕਿ ਉਹ ਚੁੱਪ ਕਰ ਕੇ ਤਮਾਸ਼ਾ ਦੇਖੀ ਜਾਵੇ। ਉਸ ਨੇ ਲਿਖਿਆ ਕਿ ਜੇ ਗਾਂਧੀ ਨੂੰ ਉਸ ਦੀ ਲੋੜ ਹੈ ਤਾਂ ਉਸ ਨੂੰ ਉਸ ਦੀਆਂ 5 ਮੰਗਾਂ ਮੰਨਣੀਆਂ ਹੀ ਪੈਣਗੀਆਂ। ਉਸ ਦੀਆਂ ਇਹ ਮੰਗਾਂ, ਗਾਂਧੀ ਵੱਲੋਂ ਆਸ਼ਰਮ ਵਿਚ ਕੁੜੀਆਂ ਨਾਲ਼ ਕੀਤੀਆਂ ਜਾਂਦੀਆਂ ਜਿਸਮਾਨੀ ਕਾਰਵਾਈਆਂ ਬਾਰੇ ਸਨ। ਉਸ ਨੇ ਇਹ ਕਾਰਵਾਈਆਂ ਵੀ ਆਪਣੀ ਚਿੱਠੀ ਵਿਚ ਦਰਜ ਕੀਤੀਆਂ ਹੋਈਆਂ ਹਨ।
ਗਾਂਧੀ ਨੇ 2 ਜਨਵਰੀ, 1947 ਨੂੰ ਪਰਸੂਰਾਮ ਨੂੰ ਇਹ ਜੁਆਬ ਦਿੱਤਾ, 'ਮੈਂ ਤੇਰੀਆਂ ਮੰਗਾਂ ਨਹੀਂ ਮੰਨ ਸਕਦਾ। ਇਸ ਲਈ, ਮੇਰੀ ਰਾਇ ਇਹ ਹੈ ਕਿ ਸਾਡੇ ਵਿਚਾਰ ਨਹੀਂ ਮਿਲਦੇ ਹੋਣ ਦੀ ਵਜ੍ਹਾ ਨਾਲ਼, ਤੂੰ ਮੈਨੂੰ ਅੱਜ ਹੀ ਛੱਡ ਕੇ, ਜੋ ਵੀ ਤੇਰਾ ਚਿੱਤ ਕਰੇ, ਉਹ ਕਰ।'
ਪਰਸੂਰਾਮ ਵੀ ਓਦਾਂ ਹੀ ਚਲਿਆ ਗਿਆ, ਜਿੱਦਾਂ ਗਾਂਧੀ ਦੇ ਕਈ ਹੋਰ ਨੇੜ-ਸਹਿਯੋਗੀ ਗਏ ਸਨ। ਉਹ ਬੰਦੇ ਤਾਂ ਸੀਗੇ ਵੀ ਉੱਚੇ ਅਹੁਦਿਆਂ ਵਾਲ਼ੇ ਤੇ ਉਹ, ਗਾਂਧੀ ਨੂੰ 'ਇਹ ਕਾਰਵਾਈਆਂ' ਬੰਦ ਕਰਨ ਲਈ ਜ਼ੋਰ ਲਾਉਂਦੇ ਰਹੇ ਸਨ। ਸਭ ਤੋਂ ਵੱਡਾ ਮੁੱਦਾ ਤਾਂ ਗਾਂਧੀ ਦਾ ਪਾਖੰਡ ਅਤੇ ਚਤਰਾਈ ਸੀ, ਜੋ ਉਸ ਦੇ ਆਪਣੇ ਹਿੱਤਾਂ ਦੇ ਹੱਕ ਵਿਚ ਭੁਗਤਦੀ ਸਭ ਨੂੰ ਦਿਸਦੀ ਸੀ। ਗਾਂਧੀ ਨੇ ਆਸ਼ਰਮ ਵਿਚ ਰਹਿਣ ਵਾਲ਼ਿਆਂ ਲਈ 'ਬ੍ਰਹਮਚਰੀਯ' ਦਾ ਮੂੰਹ-ਜ਼ੁਬਾਨੀਂ ਅਸੂਲ ਬਣਾਇਆ ਹੋਇਆ ਸੀ। ਹੋਰ ਤਾਂ ਹੋਰ, ਉਹ ਤਾਂ ਵਿਆਹੇ-ਵਰੇ ਜੋੜਿਆਂ ਨੂੰ ਵੀ ਇਸ ਬਾਰੇ ਸਹੁੰ ਚੁਕਾਉਣ ਤਕ ਜਾਂਦੇ ਸਨ ਕਿਉਂ ਕਿ ਉਹ ਮੰਨਦੇ ਸਨ ਕਿ ਇਹੋ ਹੀ, ਉਨ੍ਹਾਂ ਦੇ ਅਹਿੰਸਾ ਦੇ ਫ਼ਲਸਫ਼ੇ ਦਾ ਧੁਰਾ ਸੀ। ਉਹ ਪ੍ਰਚਾਰ ਕਰਿਆ ਕਰਦੇ ਸਨ ਕਿ ਕਿਸੇ ਕਿਸਮ ਦੀ ਜਿਨਸੀ ਉਕਸਾਹਟ, ਕਿਸੇ ਦੇ ਵੀ ਵਿਚਾਰਾਂ ਅਤੇ ਵਤੀਰੇ ਵਿਚ ਹਿੰਸਾ ਜਗਾਉਂਦੀ ਹੈ। ਉਹ ਕਿਹਾ ਕਰਦੇ ਸਨ ਕਿ ਇਕ–ਦੂਜੇ ਨੂੰ ਛੁਹਣਾ ਵੀ ਵਰਜਿਤ ਹੈ। ਉਨ੍ਹਾਂ ਨੇ ਆਪਣੇ ਹੀ ਇਕ ਪੁੱਤਰ, ਜਿਸ ਦੀ ਘਰ ਵਾਲ਼ੀ ਨੂੰ ਗਰਭ ਠਹਿਰ ਗਿਆ ਸੀ, ਦੀ ਜ਼ਿੰਦਗੀ ਮੂਲੋਂ ਹੀ ਨਰਕ ਬਣਾ ਦਿੱਤੀ ਸੀ। ਉਹ, ਉਨ੍ਹਾਂ ਨਾਲ਼ ਇਸ ਗੱਲੋਂ ਹੀ ਗੁੱਸੇ ਰਹੇ ਕਿ ਉਨ੍ਹਾਂ ਨੇ, ਉਨ੍ਹਾਂ ਦੇ ਹੁਕਮ ਦੀ ਪ੍ਰਵਾਹ ਕੀਤੈ ਬਗ਼ੈਰ ਸੰਭੋਗ ਕੀਤਾ ਸੀ! ਦੂਜੇ ਪਾਸੇ, ਉਸ ਨੂੰ ਹਰ ਵੇਲ਼ੇ, ਸਭ ਕੁੱਝ ਕਰਨ ਦੀ ਖੁੱਲ੍ਹ ਸੀ। ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਉਸ ਨੂੰ ਕੋਈ ਚੁਣੌਤੀ ਨਹੀਂ ਦੇਵੇਗਾ ਜਦੋਂ ਕਿ ਸੁਆਮੀ ਆਨੰਦ ਅਤੇ ਕੇਦਾਰਨਾਥ ਨੇ 15-16 ਮਾਰਚ, 1947 ਨੂੰ ਹੋਏ ਸੁਆਲਾਂ-ਜੁਆਬਾਂ ਵਿਚ ਗਾਂਧੀ ਨੂੰ ਬਹੁਤ ਸਿੱਧੇ ਸੁਆਲ ਕੀਤੇ ਸਨ, ਜਿਵੇਂ, 'ਇਸ ਨਵੇਂ ਅਭਿਆਸ ਵਿਚ ਤੁਸੀਂ, ਨਾਲ਼ ਕੰਮ ਕਰਨ ਵਾਲ਼ਿਆਂ ਨੂੰ ਭਰੋਸੇ ਵਿਚ ਕਿਉਂ ਨਾ ਲਿਆ? ਸਾਨੂੰ ਤੁਹਾਡੇ ਆਲ਼ੇ-ਦੁਆਲ਼ੇ ਇੰਨੀ ਬੇਚੈਨੀ ਅਤੇ ਨੀਰਸਤਾ ਕਿਉਂ ਦਿਸਦੀ ਹੈ? ਤੁਹਾਡੇ ਸਾਥੀ, ਜਜ਼ਬਾਤੀ ਤੌਰ 'ਤੇ ਤੁਹਾਡੇ ਨਾਲ਼ ਇਕਸੁਰ ਕਿਉਂ ਨਹੀਂ ਹਨ?'
ਕਾਂਗਰਸ ਦੇ ਪ੍ਰਧਾਨ ਜੇ. ਬੀ. ਕ੍ਰਿਪਲਾਨੀ ਨੇ ਗਾਂਧੀ ਨੂੰ ਕਿਹਾ ਕਿ ਉਹ, ਲੋਕਾਂ ਨੂੰ ਮਨੋਰਥਾਂ ਵਜੋਂ ਨਹੀਂ, ਸਗੋਂ ਸਾਧਨਾਂ ਵਜੋਂ ਗ਼ਲਤ ਉਦੇਸ਼ ਲਈ ਵਰਤ ਰਹੇ ਹਨ। ਨਿਰਮਲ ਕੁਮਾਰ ਬੋਸ ਨੇ ਗਾਂਧੀ ਬਾਰੇ ਇਹ ਕਾਰਵਾਈ ਕਰਨ ਦਾ ਸੁਝਾਅ ਦਿੱਤਾ ਸੀ, '... ਜਿੰਨਾ ਚਿਰ ਉਹ (ਗਾਂਧੀ), ਲੋਕਾਂ ਨੂੰ ਆਪਣੀ ਨਵੀਂ ਸੋਚ ਦੇ ਸਬੰਧ ਵਿਚ ਸਿਖਾ-ਪੜ੍ਹਾ ਲੈਣ ਖ਼ਾਤਰ ਜ਼ੋਰ ਨਹੀਂ ਲਾ ਲੈਂਦੇ, ਜਾਂ ਲੋਕ, ਉਨ੍ਹਾਂ ਬਾਰੇ ਇਕ-ਇਕ ਭੇਤ ਤੋਂ ਜਾਣੂ ਨਾ ਹੋ ਜਾਣ ਅਤੇ ਇਸ ਅਮਲ ਨੂੰ ਪੂਰੀ ਤਰ੍ਹਾਂ ਨਕਾਰ ਨਾ ਦੇਣ, ਉਹ ਆਪਣੀ ਪੜਪੋਤੀ ਵਰਗੀ ਮਨੂ ਨੂੰ ਆਪਣੇ ਨਾਲ਼ ਬਿਸਤਰੇ ਵਿਚ ਪੈਣ ਤੋਂ ਵਰਜਣ। ਇਹ ਸਭ ਕੁੱਝ ਕਰ ਕੇ ਹੀ, ਪੂਰੇ-ਜਲਵੇ-ਜਲੌਅ ਨਾਲ਼ ਫਿਰ ਇਹ ਅਭਿਆਸ ਸ਼ੁਰੂ ਕਰਨ।' ਵੱਲਭ ਭਾਈ ਪਟੇਲ ਨੇ ਗਾਂਧੀ ਦੀ ਪਿੱਠ ਪਿੱਛੇ ਇੱਥੋਂ ਤਕ ਕਿਹਾ ਹੋਇਆ ਹੈ, 'ਉਹ ਪੂਰੀ ਤਰ੍ਹਾਂ ਅਧਰਮ ਕਰਦਾ ਰਿਹਾ ਹੈ।' ਗਾਂਧੀ ਨੇ ਪਟੇਲ ਵੱਲੋਂ ਕਹੀ ਹੋਈ ਗੱਲ ਦੇ ਜੁਆਬ ਵਿਚ ਬਾਲਕ੍ਰਿਸ਼ਨ ਭਾਵੇ ਨੂੰ ਕਿਹਾ ਸੀ, 'ਮੇਰੇ ਲਈ, ਮਨੂ ਦਾ ਮੇਰੇ ਨਾਲ਼ ਸੌਣਾ, ਧਰਮ ਦਾ ਕੰਮ (ਨੈਤਿਕ ਫ਼ਰਜ਼) ਹੈ।'# {ਬਾਕੀ ਅਗਲੇ ਹਫ਼ਤੇ}
