ਸ਼ਬਦੰਗਲ-105


-'ਗਿਰੀ ਹੋਈ' ਗਾਂਧੀਗਿਰੀ-5-
ਗਾਂਧੀ ਨੂੰ ਆਪਣੀ ਰੀੜ੍ਹ ਦੀ ਹੱਡੀ ਟੁੱਟ ਗਈ ਲੱਗੀ
<<<<<<<<<<<<>>>>>>>>>>>

{ਲੜੀ ਜੋੜਨ ਲਈ ਪਿਛਲਾ ਅੰਕ ਦੇਖੋ}
    "ਜਦੋਂ ਭਾਰਤ ਦੇ ਅਜ਼ਾਦ ਹੋਣ ਵਿਚ ਮਸਾਂ ਕੁੱਝ ਮਹੀਨੇ ਹੀ ਬਾਕੀ ਸਨ, ਭਾਰਤ ਨੂੰ ਅਜ਼ਾਦ ਕਰਾਉਣ ਲਈ ਹਰ ਮਾਣ-ਤਾਣ ਦਾ ਹੱਕਦਾਰ ਬਣਨ ਵਾਲ਼ਾ 'ਮਹਾਤਮਾ' ਆਪ ਇਕ ਅਜੀਬ ਜਿਹੇ 'ਧਰਮ ਸੰਕਟ' ਵਿਚ ਫਸਿਆ ਹੋਇਆ ਸੀ," ਰੀਟਾ ਬੈਨਰਜੀ ਜੀ ਹੀ ਲਿਖਦੀ ਹੈ, "ਇਸ ਦਬਾਅ ਦੀ ਵਜ੍ਹਾ ਨਾਲ਼ ਗਾਂਧੀ ਨੇ ਸਮਾਂ ਪਾ ਕੇ ਹਾਰ ਤਾਂ ਮੰਨ ਲਈ, ਪਰ ਅਣਮੰਨੇ ਜਿਹੇ ਮਨ ਨਾਲ਼। ਇਸ ਹਾਲਤ ਵਿਚ ਹੀ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਏਦਾਂ ਮਹਿਸੂਸ ਹੁੰਦਾ ਹੈ, ਜਿੱਦਾਂ ਉਨ੍ਹਾਂ ਦੀ 'ਰੀੜ੍ਹ ਦੀ ਹੱਡੀ' ਟੁੱਟ ਗਈ ਹੋਵੇ। ਗਾਂਧੀ ਦਾ ਹੰਕਾਰ ਅਤੇ ਆਪਣੇ ਹੀ ਸਹੀ ਹੋਣ ਦਾ ਮੋਹ, ਉਨ੍ਹਾਂ ਦੇ ਆਲ਼ੇ-ਦੁਆਲ਼ੇ ਰਹਿੰਦੇ ਲੋਕਾਂ ਨੇ ਹੀ ਤੋੜਿਆ ਸੀ। ਖ਼ੁਸ਼ਕਿਸਮਤੀ ਨਾਲ਼ ਲੋਕਾਂ ਨੇ ਗੱਲ ਪੂਰੀ ਤਰ੍ਹਾਂ ਸਮਝ ਲਈ ਸੀ ਤੇ ਇਹੋ ਜਿਹਾ ਬਿਹਤਰ ਕੰਮ ਕਰ ਗਏ, ਜੋ ਅਸੀਂ ਅੱਜ ਸ਼ਾਇਦ ਅੱਜ ਵੀ ਨਾ ਕਰ ਸਕਦੇ ਹੁੰਦੇ।
    ਮੈਂ ਇਹ ਇਕ ਸੁਆਲ, ਉਸ ਹਰ ਜਣੇ ਤੋਂ ਪੁੱਛਣਾ ਚਾਹਾਂਗੀ, ਜਿਹੜਾ ਇਹ ਸਭ ਕੁੱਝ ਪੜ੍ਹ ਰਿਹਾ ਹੈ। ਤੇ ਮੇਰਾ ਸੁਆਲ ਹੈ ਕਿ ਇਹ ਕਹਿਣਾ ਕਿਉਂ ਔਖਾ ਹੈ ਕਿ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਨਾਇਕ ਸਮਝੇ ਜਾਂਦੇ ਗਾਂਧੀ ਨੇ ਵੀ, ਆਪਣੀ ਲੀਡਰਸ਼ਿੱਪ ਦੇ ਘੇਰੇ ਵਿਚ ਆਈਆਂ ਹੋਈਆਂ ਕੁੜੀਆਂ ਅਤੇ ਤੀਂਵੀਆਂ-ਮਾਨੀਆਂ ਦੀ ਜਿਨਸੀ ਲੁੱਟ-ਖਸੁੱਟ ਕਰਨ ਲਈ ਆਪਣੇ ਅਹੁਦੇ ਅਤੇ ਰੁਤਬੇ ਦੀ ਵਰਤੋਂ ਕੀਤੀ ਸੀ? 
    ਲਓ, ਆਰ. ਪੀ. ਪਰਸੂਰਾਮ ਵੱਲੋਂ ਆਪਣੇ 'ਮਾਲਕ' ਗਾਂਧੀ ਦੀ ਨੌਕਰੀ ਛੱਡਣ ਤੋਂ ਪਹਿਲਾਂ ਉਸ ਨੂੰ ਲਿਖੀ ਹੋਈ 16 ਪੰਨਿਆਂ ਦੀ ਚਿੱਠੀ ਦੇ ਮੋਟੇ-ਮੋਟੇ ਨੁਕਤੇ ਪੜ੍ਹ ਲਓ। ਇਸ ਚਿੱਠੀ ਨੂੰ, ਉਸ ਨੇ ਇਕ ਤਰ੍ਹਾਂ ਨਾਲ਼, 'ਸਜ਼ਾ ਦਾ ਹੁਕਮ' ਕਰਾਰ ਦਿੱਤਾ ਹੋਇਆ ਸੀ:

    ਪਹਿਲੀ ਜਨਵਰੀ, 1947
    ਸ਼੍ਰੀਰਾਮਪੁਰ

    ਸਤਿਕਾਰਯੋਗ ਬਾਪੂ, 
    ਮੈਂ ਇਹ ਸਤਰਾਂ ਬਹੁਤ ਉਦਾਸੀ ਅਤੇ ਦੁੱਖ ਨਾਲ਼ ਲਿਖ ਰਿਹਾ ਹਾਂ। ਤੁਹਾਨੂੰ ਪਤਾ ਹੀ ਹੋਣੈ ਕਿ ਇਨ੍ਹਾਂ ਦੋ ਸਾਲਾਂ ਦੌਰਾਨ ਮੈਂ ਕਿੰਨਾ ਸਾਊ ਅਤੇ ਸੰਗਾਊ ਰਿਹਾ ਹਾਂ। ਤੁਸੀਂ ਸੌਖਿਆਂ ਹੀ ਅਨੁਮਾਨ ਲਾ ਸਕਦੇ ਹੋ ਕਿ ਮੈਂ ਆਪਣੀ ਸੰਗ-ਸ਼ਰਮ ਲਾਹੁਣ ਲਈ ਅਤੇ ਦਲੇਰ ਹੋਣ ਖ਼ਾਤਰ ਕਿਸ ਹੱਦ ਤਕ ਰੋਹ ਵਿਚ ਆਇਆ ਹੋਇਆ ਹੋਵਾਂਗਾ ਤੇ ਉਹ ਵੀ ਉਸ ਆਦਮੀ ਨਾਲ਼ ਮੱਥਾ ਲਾਉਣ ਖ਼ਾਤਰ, ਜਿਸ ਨੂੰ ਬਹੁਤ ਸਾਰੇ ਲੋਕ, ਇਸ ਯੁੱਗ ਦਾ ਬਹੁਤਾ ਹੀ ਮਹਾਪੁਰਖ਼ ਮੰਨਦੇ ਹਨ।
    ਤੁਸੀਂ ਇਸ ਗੱਲ ਉੱਤੇ ਵੀ ਲਾਜ਼ਮੀ ਵਿਚਾਰ ਕਰਿਓ ਕਿ ਉਹ ਕਿਹੜੀ ਗੱਲ ਹੋਵੇਗੀ, ਜਿਸ ਨੇ ਮੈਨੂੰ ਇੰਨੀ ਦਲੇਰੀ ਨਾਲ਼ ਆਪਣੀ ਗੱਲ ਕਹਿਣ ਜੋਗਾ ਕਰ ਦਿਤਾ ਹੈ। ਇਸ ਦੀ ਵਜ੍ਹਾ ਇਹੋ ਹੀ ਹੈ ਕਿ ਮੈਂ ਬਹੁਤ ਹੀ ਸਾਫ-ਸ਼ਫ਼ਾਫ਼ ਢੰਗ ਨਾਲ਼ ਆਪਣੇ-ਆਪ ਨੂੰ ਸਹੀ ਤੇ ਤੁਹਾਨੂੰ ਬਹੁਤ ਹੀ ਗ਼ਲਤ ਸਮਝਦਾ ਹਾਂ। ਇਹੋ ਵਜ੍ਹਾ ਹੈ, ਜਿਸ ਨੇ ਮੈਨੂੰ ਇਹ ਕਹਿਣ ਦੀ ਹਿੰਮਤ ਬਖ਼ਸ਼ੀ ਹੈ। ਅਜਿਹੀ ਕੋਈ ਗੱਲ ਨਹੀਂ ਕਿ ਮੈਨੂੰ ਇਨ੍ਹਾਂ ਗੱਲਾਂ ਬਾਰੇ ਪਹਿਲਾਂ ਇਲਮ ਨਹੀਂ ਸੀ। ਮੈਨੂੰ ਪਤਾ ਸੀ ਤੇ ਮੈਂ ਚੁੱਪ ਸਾਂ। ਮੈਂ ਸੋਚਦਾ ਸਾਂ, "ਮੈਂ ਹੀ ਕਿਉਂ ਇਹ ਸਭ ਕੁੱਝ ਉਨ੍ਹਾਂ ਤਕ ਲਿਜਾਵਾਂ?" ਉੱਥੇ ਕਾਨੂ {ਗਾਂਧੀ}, ਕਿਸ਼ੋਰੀ ਲਾਲ ਭਾਈ {ਮਸ਼ਰੂਵਾਲ਼ਾ} ਵਗ਼ੈਰਾ ਵਰਗੇ ਤਜਰਬਾਕਾਰ ਅਤੇ ਪੂਰੇ ਜਾਣਕਾਰ ਬੰਦੇ ਹਨ। ਉਦੋਂ ਮੇਰੇ ਅੰਦਰ ਹੌਸਲਾ ਨਹੀਂ ਸੀ। ਫਿਰ ਮੈਂ ਤੁਹਾਡੇ ਸਾਹਮਣੇ ਸੰਗਦੇ ਰਹਿਣ ਦੀ ਆਦਤ ਛੱਡੀ।

    ਜਦੋਂ ਮੈਂ ਪਹਿਲੀ ਵਾਰ ਆਸ਼ਰਮ ਆਇਆ ਸਾਂ ਤਾਂ ਮੇਰੇ ਮਨ ਵਿਚ ਆਸ਼ਰਮ ਅਤੇ ਇਸ ਵਿਚ ਰਹਿਣ ਵਾਲ਼ਿਆਂ ਅਤੇ ਉਨ੍ਹਾਂ ਦੀ ਜੀਵਨ-ਸ਼ੈਲੀ ਪ੍ਰਤੀ ਬਹੁਤ ਸਨਮਾਨ ਸੀ। ਉਹ ਸਾਰਾ ਮਾਣ-ਸਤਿਕਾਰ, 24 ਘੰਟਿਆਂ ਵਿਚ ਹੀ ਖ਼ਤਮ ਹੋ ਗਿਆ। ਇੱਥੇ ਆਉਣ ਮਗਰੋ, ਮੈਂ ਮੰਨਦਾ ਹਾਂ ਕਿ ਮੇਰੇ ਮਨ ਵਿਚੋਂ ਤੁਹਾਡੀ ਇੱਜ਼ਤ ਵੀ ਘਟੀ ਹੈ। ਤੁਸੀਂ ਰਾਸ਼ਟਰਪਿਤਾ ਹੋ। ਤੁਸੀਂ ਸਾਨੂੰ ਹੁਣ ਤਕ ਅਜ਼ਾਦੀ ਤੇ ਸੁਤੰਤਰਤਾ ਦੇ ਰਾਹ ਪਾਈ ਰੱਖਿਆ ਹੈ। ਤੁਸੀਂ ਦੇਖਿਓ ਸਹੀ, ਤੁਹਾਨੂੰ ਇਸ ਵਿਚ ਵੀ ਰੱਬ ਦਾ ਹੱਥ ਦਿਸੇਗਾ ਕਿ ਮੈਂ ਤੁਹਾਡੇ ਤੋਂ ਸੰਗਣਾ-ਸ਼ਰਮਾਉਣਾ ਛੱਡ ਦਿੱਤਾ ਹੈ।
    ਮੈਨੂੰ ਤੁਹਾਡੇ ਵੱਲੋਂ ਔਰਤਾਂ ਨਾਲ਼ ਇਕੋ ਬਿਸਤਰੇ ਉੱਤੇ ਸੌਣ 'ਤੇ ਇਤਰਾਜ਼ ਹੈ। ਸ਼ਾਇਦ ਫਰਵਰੀ, 1945 ਦੀ ਗੱਲ ਹੈ ਕਿ ਮੈਨੂੰ ਇਕ ਬਿਆਨ ਦਾ ਮਸੌਦਾ ਟਾਈਪ ਕਰਨ ਲਈ ਦਿੱਤਾ ਗਿਆ। ਉਹ ਬਿਆਨ ਪੜ੍ਹ ਕੇ ਮੈਨੂੰ ਧੱਕਾ ਜਿਹਾ ਵੱਜਿਆ। ਮੈਂ ਤੁਹਾਨੂੰ ਦੱਸ ਦਿਆਂ, ਮੈਨੂੰ ਇਨ੍ਹਾਂ ਗੱਲਾਂ ਬਾਰੇ ਪਹਿਲਾਂ ਵੀ ਪਤਾ ਸੀ। ਇਕ ਦਿਨ ਅਮੀਨ ਭਾਈ ਆਏ ਤੇ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ, ਮਨੂ {ਗਾਂਧੀ ਦੇ ਭਰਾ ਦੀ ਪੜਪੋਤੀ ਮਨੂ ਗਾਂਧੀ} ਨੂੰ ਤੁਹਾਡੇ ਬਿਸਤਰੇ ਵਿਚ ਵੜਦੀ ਦੇਖ, ਦੰਗ ਹੀ ਰਹਿ ਗਏ।
   ਉਨ੍ਹੀਂ ਦਿਨੀਂ, ਮੈਂ ਹੁਣ ਦੇ ਮੁਕਾਬਲੇ ਵਧੇਰੇ ਸ਼ਰਮਾਕਲ ਸਾਂ। ਆਸ਼ਰਮ ਵਿਚ ਅਮੀਨ-ਭਾਈ ਹੀ ਮੇਰੇ ਦੋਸਤ ਸਨ। ਫਿਰ ਵੀ ਮੈਨੂੰ ਇਸ ਮਾਮਲੇ ਬਾਰੇ ਆਸ਼ਰਮ ਵਿਚ ਹੁੰਦੀ ਚਰਚਾ ਦਾ ਪਤਾ ਲੱਗ ਗਿਆ ਕਿਉਂ ਕਿ ਆਸ਼ਰਮ ਵਾਲ਼ੇ ਬਹੁਤ ਬੇਪ੍ਰਵਾਹ ਹਨ ਅਤੇ ਉਹ ਆਪਣਾ ਮੂੰਹ ਬੰਦ ਨਹੀਂ ਰੱਖ ਸਕਦੇ। ਹਰ ਇਕ ਨੂੰ ਤੁਹਾਡੇ ਇਸ ਕਾਰੇ 'ਤੇ ਇਤਰਾਜ਼ ਸੀ।
    ਇਸ ਨਾਲ਼ ਤੁਹਾਡੇ ਉੱਤੇ ਕੋਈ ਅਸਰ ਹੋਣ ਦੀ ਗੱਲ ਛੱਡ ਵੀ ਦੇਈਏ, ਉਨ੍ਹਾਂ ਕੁੜੀਆਂ ਉੱਤੇ ਪੈਂਦੇ ਅਸਰ ਬਾਰੇ ਕੀ ਖ਼ਿਆਲ ਹੈ? ਉਨ੍ਹਾਂ {ਜੋ ਗਾਂਧੀ ਨਾਲ਼ ਨੰਗੀਆਂ ਸੌਂਦੀਆਂ ਸਨ} ਨਾਲ਼ ਤਾਂ ਹੋਰ ਕਈ ਤਰ੍ਹਾਂ ਦਾ ਬੁਰਾ ਹੋਇਆ ਵੀ ਹੋ ਸਕਦੈ। ਮਾਟੁੰਗਾ ਵਿਚ ਮੇਰੇ ਕਮਰੇ ਦੇ ਸਾਹਮਣੇ ਰਹਿੰਦੀ ਪੰਜਾਬਣ ਕੁੜੀ ਜ਼ਾਰੋ-ਜ਼ਾਰ ਰੋਂਦੀ ਰਹਿੰਦੀ ਹੈ ਤੇ ਉਹ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਕਰਦੀ ਕਿ ਕੋਈ ਉਸ ਵੱਲ ਦੇਖਦਾ ਹੈ ਜਾਂ ਨਹੀਂ। ਉਹ ਹੱਸਦੀ ਹੈ ਤਾਂ ਹੱਸੀ ਹੀ ਜਾਂਦੀ ਹੈ। ਤੇ ਫਿਰ ਇੱਥੇ ਆਪਣੇ ਡਾਕਟਰ ਸੁਸ਼ੀਲਾ ਭੈਣ ਜੀ {੨੪ ਸਾਲਾਂ ਦੀ ਉਮਰ ਦੇ ਡਾਕਟਰ, ਜੋ ਆਸ਼ਰਮ ਵਿਚ ਕੰਮ ਕਰਦੇ ਹਨ ਤੇ ਜਿਨ੍ਹਾਂ ਨੂੰ ਵੀ ਗਾਂਧੀ ਨੇ ਆਪਣੇ 'ਪ੍ਰਯੋਗਾਂ ਲਈ ਵਰਤਿਆ ਸੀ} ਵੀ ਹਨ। ਉਹ ਕਿਹੜਾ ਦਿਨ ਹੋਏਗਾ, ਜਦੋਂ ਉਹ ਨਹੀਂ ਰੋਏ? ਉਹ ਡਾਕਟਰ ਹਨ ਤੇ ਸਦਾ-ਮਰੀਜ਼ ਹਨ, ਹਮੇਸ਼ਾ ਦੀ ਰੋਗਣ। ਤੁਸੀਂ ਕਦੇ ਕੋਈ ਡਾਕਟਰ ਸਾਰੀ-ਸਾਰੀ ਰਾਤ ਰੋਂਦੀ ਸੁਣੀ ਹੈ?
    ਕੁੱਝ ਵੀ ਹੋਵੇ, ਸਾਰਾ ਜਹਾਨ ਇਸ ਗੱਲ 'ਤੇ ਥੂਹ-ਥੂਹ ਕਰੇਗਾ। ਮੈਨੂੰ ਵੀ ਇਹ ਗੱਲ ਪਸੰਦ ਨਹੀਂ। ਨਿਰਮਲ ਬਾਬੂ {ਬੋਸ} ਨੂੰ ਵੀ ਨਹੀਂ ਤੇ ਸੁਚੇਤਾ {ਕ੍ਰਿਪਲਾਨੀ} ਭੈਣ ਜੀ ਨੂੰ ਵੀ ਚੰਗੀ ਨਹੀਂ ਲੱਗੀ। ਉਹ ਕਹਿੰਦੇ ਹਨ, "ਉਹ ਕਿੰਨਾ ਵੀ ਮਹਾਨ ਹੋਵੇ, ਇਹੋ ਜਿਹੀਆਂ ਕਰਤੂਤਾਂ ਨਹੀਂ ਕਰ ਸਕਦਾ। ਕੋਈ ਗੱਲ ਏ ਭਲਾ?" ਤੁਹਾਨੂੰ ਜ਼ਰੂਰ ਹੀ ਮੰਨਣਾ ਪਏਗਾ ਕਿ ਸਾਡੇ ਇਤਰਾਜ਼ ਵਿਚ ਕੁੱਝ ਤਾਂ ਹੈ। ਤੁਸੀਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।
    ਢਾਈ ਘਰ ਤਾਂ ਕਹਿੰਦੇ ਨੇ ਕਿ ਡੈਣ ਵੀ ਛੱਡ ਲੈਂਦੀ ਏ {ਇਹ ਗੱਲ ਮਨੂ ਗਾਂਧੀ ਦੇ ਸਬੰਧ ਵਿਚ ਹੈ} ਸਾਰਾ ਜਹਾਨ ਭਰਵੱਟੇ ਤਾਣ-ਤਾਣ ਦੇਖਦੈ। ਹੋਏ ਹੋਣਗੇ ਪਿਉ-ਧੀ ਤੇ ਭੈਣ-ਭਰਾ ਵਿਚਾਲ਼ੇ ਬਦਚਲਣੀ ਦੇ ਮਾਮਲੇ!
    ਮੈਨੂੰ ਤੁਹਾਡੇ ਵੱਲੋਂ ਕੁੜੀਆਂ ਤੋਂ ਮਾਲਿਸ਼ਾਂ ਕਰਾਉਣ 'ਤੇ ਵੀ ਇਤਰਾਜ਼ ਹੈ। ਜਦੋਂ ਮੈਂ ਕਾਲਜ ਵਿਚ ਪੜ੍ਹਦਾ ਹੁੰਦਾ ਸੀ ਤਾਂ ਮੈਂ ਇਕ ਰਿਪੋਰਟ ਪੜ੍ਹੀ ਸੀ ਕਿ ਤੁਸੀਂ ਡਾ. ਸੁਸ਼ੀਲਾ ਭੈਣ ਜੀ ਤੋਂ ਮਾਲਿਸ਼ ਕਰਾਉਂਦੇ ਹੋ। ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਤੁਸੀਂ ਕੁੜੀਆਂ ਤੋਂ ਵੀ ਮਾਲਿਸ਼ਾਂ ਕਰਾਉਂਦੇ ਹੋ।
ਜਿਹੜੇ ਲੋਕ ਇਹ ਜਾਣਦੇ ਹਨ ਕਿ ਮਾਲਿਸ਼ ਕਰਾਉਣ ਵੇਲ਼ੇ ਤੁਸੀਂ ਅਲਫ਼ ਨੰਗੇ ਹੁੰਦੇ ਹੋ, ਉਹੀ ਕਹਿੰਦੇ ਹਨ ਕਿ ਤੁਸੀਂ ਮਾੜਾ-ਮੋਟਾ ਕੱਪੜਾ ਰੱਖ ਕੇ ਆਪਣਾ 'ਨੰਗ' ਤਾਂ ਢਕ ਹੀ ਸਕਦੇ ਹੋ। ਜਦੋਂ ਤੁਸੀਂ ਗੁਸਲਖ਼ਾਨੇ ਅੰਦਰ ਜਾਂਦੇ ਹੋ ਤਾਂ ਮੈਨੂੰ ਇਤਰਾਜ਼ ਹੈ ਕਿ ਕੁੜੀਆਂ ਗੁਸਲਖ਼ਾਨੇ ਅੰਦਰ ਕਿਉਂ ਜਾਂਦੀਆਂ ਹਨ।
    ਰਾਮਚੰਦਰਨ (ਸ਼ਾਇਦ ਕੋਈ ਨੌਕਰ-ਚਾਕਰ ਹੈ) ਨੇ ਵੀ ਇਹ ਸਭ ਕੁਝ ਦੇਖਿਆ ਹੋਇਆ ਹੈ ਤੇ ਉਹ ਵੀ ਕਹਿੰਦਾ ਹੈ ਕਿ ਤੁਸੀਂ ਉਸ ਦੇ ਅੰਦਾਜ਼ੇ ਤੋਂ ਵੀ ਕਾਫੀ ਕਿਰ ਗਏ ਹੋ। ਤੁਸੀਂ ਕਿੰਨੇ ਵੀ ਮਹਾਨ ਹੋਵੋਂ, ਆਹ ਕੁੱਝ ਕਰਨ ਦਾ ਤੁਹਾਡਾ ਕੋਈ ਹੱਕ ਨਹੀਂ ਬਣਦਾ। ਤੁਹਾਡੇ ਵੱਲੋਂ ਕੁੜੀਆਂ ਦੇ ਮੋਢਿਆਂ ਉੱਤੇ ਹੱਥ ਰੱਖ ਕੇ ਤੁਰਨ ਬਾਰੇ ਕਦੇ ਤੁਸੀਂ ਲਿਖਿਆ ਸੀ ਕਿ ਤੁਸੀਂ ਇਸ ਤਰ੍ਹਾਂ ਕਰਨਾ ਛੱਡ ਦਿਤਾ ਹੈ ਕਿਉਂ ਕਿ ਦੇਖਣ ਵਾਲ਼ੇ ਸਮਝਦੇ ਹਨ ਕਿ ਇਸ ਤਰ੍ਹਾਂ ਕਰਦਿਆਂ ਤੁਹਾਡਾ ਇਰਾਦਾ ਨੇਕ ਨਹੀਂ ਹੁੰਦਾ। ਇਹ ਅਮਲ ਦੁਬਾਰਾ ਸ਼ੁਰੂ ਕਰਨ ਬਾਰੇ ਤੁਹਾਡਾ ਕੋਈ ਬਿਆਨ ਨਹੀਂ ਛਪਿਆ। ਇਸ ਲਈ, ਮੈਨੂੰ ਇਹ ਅਮਲ ਦੁਬਾਰਾ ਸ਼ੁਰੂ ਕਰਨਾ ਬਹੁਤਾ ਹੀ ਅਜੀਬ ਲੱਗਿਆ। ਪਿਛਲੇ ਦੋ ਸਾਲ ਮੈਂ ਤੁਹਾਡੇ ਨਾਲ਼ ਗੁਜ਼ਾਰੇ ਹਨ, ਜਿਸ ਦੌਰਾਨ ਤਕਰੀਬਨ 50 ਚਿੱਠੀਆਂ, ਜਿਨ੍ਹਾਂ ਵਿਚ ਤੁਹਾਡੇ ਪ੍ਰਸ਼ੰਸਕਾਂ ਤੇ ਦੋਖੀਆਂ ਨੇ ਇਸ ਅਮਲ ਬਾਰੇ ਇਤਰਾਜ਼ ਕੀਤਾ ਹੋਇਆ ਹੈ, ਆਈਆਂ ਸਨ। ਆਪਾਂ ਉਨ੍ਹਾਂ ਵਿਚੋਂ ਕਿਸੇ ਇਕ ਦਾ ਵੀ ਜੁਆਬ ਨਹੀਂ ਦਿੱਤਾ। ਤੁਹਾਡਾ, ਨੰਗੇ ਪਿੰਡੇ ਮਾਲਿਸ਼ ਕਰਾਉਣਾ ਓਪਰੇ ਬੰਦਿਆਂ ਨੂੰ ਚੰਗਾ ਨਹੀਂ ਲੱਗਿਆ। ਹਾਂ, ਪ੍ਰਸ਼ੰਸਕਾਂ ਨੂੰ ਭਾਵੇਂ ਚੰਗਾ ਲੱਗਿਆ ਹੋਵੇ। ਰਾਮਾਚੰਦਰਨ ਨੂੰ ਵੀ ਚੰਗਾ ਨਹੀਂ ਲੱਗਿਆ। ਉਸ ਦਾ ਕਹਿਣ ਹੈ ਕਿ ਇਹ ਤਾਂ ਹੱਦ ਹੀ ਹੋ ਗਈ।
    17 ਦਸੰਬਰ {1946} ਨੂੰ, ਵੱਡੇ ਤੜਕੇ ਜਦੋਂ ਦੀਆਂ ਮੈਂ ਤੁਹਾਡੇ ਵਰਗੇ ਉੱਘੇ ਸ਼ਖ਼ਸ ਦੇ ਕਮਰੇ ਵਿਚੋਂ ਆਉਂਦੀਆਂ ਉਹ ਭਿਆਨਕ ਅਵਾਜ਼ਾਂ ਸੁਣੀਆਂ ਹੋਈਆਂ ਹਨ, ਮੇਰਾ ਦਿਲੋ-ਦਿਮਾਗ਼ ਬੇਚੈਨ ਹੈ। ਇਸੇ ਤਰ੍ਹਾਂ ਦੀ ਇਕ ਘਟਨਾ ਬਾਰੇ ਮੈਂ, ਏ. ਪੀ. ਆਈ. {ਐਸੋਸੀਏਟਿਡ ਪ੍ਰੈੱਸ ਆਫ ਇੰਡੀਆ} ਦੇ ਸ਼੍ਰੀ ਰਾਮਾਚੰਦਰਨ ਤੋਂ ਵੀ ਸੁਣਿਆ ਹੈ, ਜਦੋਂ ਤੁਸੀਂ ਸੁਸ਼ੀਲਾ ਭੈਣ ਜੀ ਨੂੰ 'ਜਾਹ ਚਲੀ ਜਾ ਇੱਥੋਂ' ਕਿਹਾ ਸੀ। ਮੈਂ ਦਿੱਲੀ ਵਿਖੇ ਵੀ ਇਕ ਇਹੋ ਜਿਹੀ ਉਦਾਹਰਣ ਦੇਖੀ ਸੀ, ਪਰ ਇਸ ਘਟਨਾ ਨੇ ਤਾਂ ਮੈਨੂੰ ਧੁਰ ਅੰਦਰ ਤਕ ਹਿਲਾ ਕੇ ਰੱਖ ਦਿੱਤਾ ਸੀ। ਉਦੋਂ ਹੀ ਮੈਂ ਆਪਣੇ ਆਪ ਨੂੰ ਕਿਹਾ ਕਿ ਜੇ ਮੈਂ ਹੁਣ ਵੀ ਚੁੱਪ ਰਿਹਾ ਤਾਂ ਈਸ਼ਵਰ ਅਤੇ ਰਾਸ਼ਟਰ ਮੈਨੂੰ ਮੁਆਫ਼ ਨਹੀਂ ਕਰਨਗੇ। ਤੁਸੀਂ ਬਹੁਤ ਵੱਡੀਆਂ ਗ਼ਲਤੀਆਂ ਕੀਤੀਆਂ, ਪਰ ਤੁਸੀਂ ਦੱਸੇ ਜਾਣ 'ਤੇ ਵੀ ਸੁਣਨ ਤੋਂ ਇਨਕਾਰੀ ਰਹੇ ਅਤੇ ਖਿਝਦੇ ਰਹੇ। ਮੈਂ ਕਹਿਨਾਂ, ਤੁਸੀਂ ਸਮਝਦੇ ਸੀ ਕਿ ਸਾਰੇ ਜਹਾਨ ਵਿਚ ਤੁਹਾਡੇ ਨਾਲ਼ੋਂ ਵੱਧ ਸਿਆਣਾ ਕੋਈ ਨਹੀਂ ਹੈ।
    ਹੁਣ ਸੁਣ ਲਓ ਤੇ ਸਮਝ ਲਓ ਮੇਰੀ ਆਖ਼ਰੀ ਗੱਲ! ਜੇ ਮੇਰੀਆਂ ਮੰਗਾਂ ਮੰਨੀਆਂ ਨਾ ਗਈਆਂ, ਮੈਂ ਚਲਿਆ ਜਾਵਾਂਗਾ। ਮੈਨੂੰ ਤੁਹਾਡੇ ਨਾਲੋਂ ਵੱਖਰੀ ਰਾਇ ਰੱਖਣ ਦਾ ਤੇ ਚਲੇ ਜਾਣ ਦਾ ਪੂਰਾ ਹੱਕ ਹੈ। ਤੁਹਾਡੀਆਂ ਕਾਰਵਾਈਆਂ, ਜਿਨ੍ਹਾਂ ਉੱਤੇ ਮੈਨੂੰ ਇਤਰਾਜ਼ ਹੈ:
    1. ਤੁਹਾਡਾ ਕਿਸੇ ਕੁੜੀ ਜਾਂ ਤੀਵੀਂ ਨਾਲ਼ ਸੌਣਾ।
    2. ਤੁਹਾਡਾ ਕਿਸੇ ਕੁੜੀ ਜਾਂ ਤੀਵੀਂ ਤੋਂ ਮਾਲਿਸ਼ ਕਰਾਉਣਾ।
    3. ਤੁਹਾਡੇ ਵੱਲੋਂ ਕਿਸੇ ਕੁੜੀ ਜਾਂ ਤੀਵੀਂ ਨੂੰ ਆਪਣਾ ਨੰਗਾ ਪਿੰਡਾ ਦਿਖਾਉਣਾ।
  4. ਤੁਹਾਡੇ ਵੱਲੋਂ ਓਪਰੇ ਜਾਂ ਤੁਹਾਡੀ ਪਾਰਟੀ ਦੇ ਓਭੜ ਜਿਹੇ ਬੰਦਿਆਂ ਨੂੰ ਆਪਣਾ ਪਿੰਡਾ ਦਿਖਾਉਣਾ।
   5. ਤੁਰਨ ਵੇਲ਼ੇ ਆਪਣੇ ਹੱਥ, ਕੁੜੀਆਂ ਦੇ ਮੋਢਿਆਂ ਉੱਤੇ ਰੱਖਣੇ।#    {ਬਾਕੀ ਅਗਲੇ ਹਫ਼ਤੇ}