-'ਗਿਰੀ ਹੋਈ' ਗਾਂਧੀਗਿਰੀ-6-
'ਕਸਤੂਰਬਾ ਮਗਰੋਂ ਮਨੂ ਨੇ ਹੀ ਭਰੀ ਸੀ ਉਸ ਦੀ ਥਾਂ'
<><><><><><><><><><><><>
ਵਿਦੇਸ਼ੀ ਚੇਲੇ-ਚੇਲੀਆਂ ਨੇ ਵੀ ਦਿੱਤੀ ਭਰਵੀਂ ਗਵਾਹੀ
****************************************
{ਲੜੀ ਜੋੜਨ ਲਈ ਪਿਛਲਾ ਅੰਕ ਦੇਖੋ}
'ਮਹਾਤਮਾ ਗਾਂਧੀ ਦੇ ਬ੍ਰਹਮਚਾਰੀਪੁਣੇ' ਬਾਰੇ ਛਪ ਚੁੱਕੇ 5 ਲੇਖ ਪੜ੍ਹ ਕੇ ਵੀ ਜਿਹੜੇ ਲੋਕ ਇਹ ਸਮਝਦੇ ਹੋਣ ਕਿ ਅਸੀਂ ਮਹਾਤਮਾ ਗਾਂਧੀ ਨਾਲ਼ ਕੋਈ ਪੁਰਾਣੀ ਕਿੜ ਕੱਢੀ ਹੈ, ਉਨ੍ਹਾਂ ਨੂੰ ਮਨੂ ਗਾਂਧੀ ਉਰਫ਼ ਮ੍ਰਿਦੁਲਾ ਗਾਂਧੀ, ਪਰਸੂਰਾਮ, ਕਿਸ਼ੋਰਲਾਲ ਮਸ਼ਰੂਵਾਲਾ, ਨਿਰਮਲ ਕੁਮਾਰ ਬੋਸ, ਰੀਟਾ ਬੈਨਰਜੀ, ਸੁਚੇਤਾ ਕ੍ਰਿਪਲਾਨੀ, ਸਰਦਾਰ ਵੱਲਭ ਭਾਈ ਪਟੇਲ ਵਿਚੋਂ ਕਿਸੇ ਉੱਤੇ ਤਾਂ ਇਤਬਾਰ ਕਰਨਾ ਹੀ ਚਾਹੀਦਾ ਹੈ। ਜੇ ਉਨ੍ਹਾਂ ਨੂੰ ਇਹ ਸ਼ਖ਼ਸੀਅਤਾਂ ਵੀ ਕੁਫ਼ਰ ਤੋਲਦੀਆਂ ਲੱਗਦੀਆਂ ਹਨ ਤਾਂ ਅਸੀਂ ਉਨ੍ਹਾਂ ਲਈ ਇਕ ਸਬੂਤ 'ਇੰਪੋਰਟ' ਯਾਨੀ 'ਦਰਾਮਦ' ਕਰ ਕੇ ਲਿਆਏ ਹਾਂ।
ਇਹ ਸਬੂਤ, ਅਮਰੀਕਾ ਦੀ 'ਯੂਨੀਵਰਸਿਟੀ ਆਫ ਕੈਲਿਫੋਰਨੀਆ', ਲਾਸ ਏਂਜਲਜ਼ ਤੋਂ ਲਿਆਂਦਾ ਹੈ। ਇਸ ਯੂਨੀਵਰਸਿਟੀ ਦੇ, ਭਾਰਤੀ ਇਤਿਹਾਸ ਬਾਰੇ ਪ੍ਰੋਫੈਸਰ ਸਟੈਨਲੇ ਵੋਲਪਰਟ ਨੇ ਮਹਾਤਮਾ ਗਾਂਧੀ ਬਾਰੇ ਲੰਬੀ-ਚੌੜੀ ਖੋਜ ਕਰ ਕੇ 'ਗਾਂਧੀ'ਜ਼ ਪੈਸ਼ਨ: ਦ ਲਾਈਫ ਐਂਡ ਲੀਗੇਸੀ ਆਫ ਮਹਾਤਮਾ ਗਾਂਧੀ' ਯਾਨੀ 'ਗਾਂਧੀ ਦਾ ਜਨੂੰਨ: ਮਹਾਤਮਾ ਗਾਂਧੀ ਦੀ ਜ਼ਿੰਦਗੀ ਅਤੇ ਵਿਰਾਸਤ' ਨਾਂ ਦੀ ਕਿਤਾਬ ਲਿਖੀ ਹੋਈ ਹੈ। ਇਸ ਕਿਤਾਬ ਦੇ ਅਤੇ ਮਹਾਤਮਾ ਗਾਂਧੀ ਵੱਲੋਂ ਕੀਤੇ ਗਏ 'ਪ੍ਰਯੋਗਾਂ' ਦੀ ਹਕੀਕਤ ਦੇ ਸਬੰਧ ਵਿਚ ਲਿਖੇ ਇਕ ਲੇਖ ਵਿਚ ਪ੍ਰੋਫੈਸਰ ਸਟੈਨਲੇ ਵੋਲਪਰਟ ਲਿਖਦੇ ਹਨ, "ਗਾਂਧੀ ਦਾ ਇਹ ਵਿਸ਼ਵਾਸ ਸੀ ਕਿ ਨੌਜੁਆਨ ਔਰਤਾਂ ਨਾਲ਼ ਉਨ੍ਹਾਂ ਵੱਲੋਂ ਗੂੜ੍ਹੇ ਤੇ ਗਾਹੜੇ ਸਬੰਧ ਰੱਖਣਾ, ਆਤਮਾ ਨੂੰ ਮਜ਼ਬੂਤ ਕਰਨ ਦੀ ਮਸ਼ਕ ਹੈ।"
ਉਹ ਲਿਖਦੇ ਹਨ ਕਿ ਮਹਾਤਮਾ ਗਾਂਧੀ ਦੀ ਲਿਖੀ ਹੋਈ ਕਿਤਾਬ 'ਦ ਸਟੋਰੀ ਆਫ ਮਾਈ ਐਕਸਪੈਰੀਮੈਂਟਸ ਵਿਦ ਟਰੂਥ' ਯਾਨੀ 'ਸੱਚ ਨਾਲ਼ ਮੇਰੇ ਪ੍ਰਯੋਗਾਂ ਦੀ ਕਹਾਣੀ' ਵਿਚ ਉਨ੍ਹਾਂ ਵੱਲੋਂ ਆਪਣੀ ਖੁਰਾਕ ਅਤੇ ਨਿੱਜੀ ਸਿਹਤ-ਸੰਭਾਲ ਨਾਲ਼ ਕੀਤੇ ਪ੍ਰਯੋਗਾਂ ਦੇ ਨਾਲ਼-ਨਾਲ਼, ਸਮੇਂ-ਸਮੇਂ ਔਰਤਾਂ ਨਾਲ਼ ਬਣਾਏ ਸਬੰਧਾਂ ਦਾ ਬਹੁਤ ਵੇਗਮਈ ਜ਼ਿਕਰ ਹੈ। ਇਨ੍ਹਾਂ ਔਰਤਾਂ ਵਿਚੋਂ ਕਈ ਉਨ੍ਹਾਂ ਦੀਆਂ ਬਹੁਤ ਨੇੜੇ ਦੀਆਂ ਪੈਰੋਕਾਰ ਅਤੇ ਪ੍ਰਸ਼ੰਸਕਾਵਾਂ ਵੀ ਸਨ। ਉਹ, ਇਕ ਵਾਰ ਜਿਹੜਾ ਵੀ ਕੰਮ ਜਾਂ ਅਭਿਆਸ ਕਰਨ ਦਾ ਇਰਾਦਾ ਕਰ ਲੈਂਦੇ, ਉਦੋਂ ਤਕ ਕਰਨੋਂ ਨਹੀਂ ਹਟਦੇ ਸਨ, ਜਦੋਂ ਤਕ ਉਨ੍ਹਾਂ ਦੇ 'ਅੰਦਰਲੀ ਅਵਾਜ਼' ਉਨ੍ਹਾਂ ਨੂੰ ਉਹ 'ਪ੍ਰਯੋਗ ਕਰਨਾ' ਬੰਦ ਕਰਨ ਨੂੰ ਨਾ ਕਹਿੰਦੀ। ਉਹ ਆਪਣੀਆਂ ਮਾਨਸਕ ਸ਼ਕਤੀਆਂ, ਲੇਜ਼ਰ ਦੀ ਬਾਰੀਕੀ ਵਰਗੀ ਬਾਰੀਕੀ ਨਾਲ਼ ਇਕਾਗਰ ਕਰਦੇ ਤੇ ਆਪਣੀ ਮਾਨਸਕ ਅਤੇ ਅਧਿਆਤਮਕ ਸ਼ਕਤੀ ਨਾਲ਼, ਹਰ ਸ਼ੈਅ ਦੀ ਪੂਰੀ ਥਾਹ ਪਾ ਕੇ ਹੀ ਹਟਦੇ ਸਨ। 'ਸੱਤਯ' ਅਤੇ 'ਅਹਿੰਸਾ' ਯਾਨੀ 'ਸੱਚ' ਅਤੇ 'ਸ਼ਾਂਤੀ', ਉਨ੍ਹਾਂ ਦੀ ਜ਼ਿੰਦਗੀ ਦੇ ਵੱਡੇ ਅਸੂਲ ਸਨ। ਉਨ੍ਹਾਂ ਨੇ ਬਰਤਾਨੀਆ ਸਰਕਾਰ ਦੇ ਜ਼ੁਲਮ ਦੇ ਖ਼ਿਲਾਫ਼ ਲੜਾਈ ਵੀ 'ਸੱਤਯ' ਅਤੇ 'ਅਹਿੰਸਾ' ਨਾਲ਼ ਹੀ ਲੜੀ ਸੀ।
1906 ਵਿਚ, ਜਦੋਂ ਦੱਖਣੀ ਅਫ਼ਰੀਕਾ ਵਿਚ ਉਨ੍ਹਾਂ ਦਾ ਚੌਥਾ ਪੁੱਤਰ ਜੰਮਿਆ ਤਾਂ ਉਹ {ਗਾਂਧੀ} 37 ਸਾਲਾਂ ਦੇ ਸਨ। ਆਪਣੇ ਚੌਥੇ ਪੁੱਤਰ ਦੇ ਜੰਮਣ ਮਗਰੋਂ ਉਨ੍ਹਾਂ ਨੇ 'ਬ੍ਰਹਮਚਾਰੀਪੁਣਾ' ਅਖ਼ਤਿਆਰ ਕਰ ਲਿਆ ਸੀ ਯਾਨੀ ਉਸ ਤੋਂ ਬਾਅਦ, ਉਹ ਕਦੇ ਵੀ ਆਪਣੀ ਪਤਨੀ ਕਸਤੂਰਬਾ ਨਾਲ਼ 'ਹਮਬਿਸਤਰ' ਨਾ ਹੋਏ। ਉਨ੍ਹਾਂ ਨੇ ਇਹ ਪ੍ਰਣ ਕਰ ਲਿਆ, "ਮੈਨੂੰ ਬੱਚਿਆਂ ਅਤੇ ਦੌਲਤ ਦੀ ਇੱਛਾ ਲਾਜ਼ਮੀ ਤਿਆਗਣੀ ਪਏਗੀ ਅਤੇ ਘਰ-ਬਾਰ ਦੀਆਂ ਚਿੰਤਾਵਾਂ ਤੋ ਮੁਕਤ ਅਤੇ ਸੇਵਾ ਮੁਕਤ ਵਿਅਕਤੀ ਵਾਲ਼ੀ ਜ਼ਿੰਦਗੀ ਬਿਤਾਉਣੀ ਪਏਗੀ। ਮੈਨੂੰ ਉਸ ਸੱਪ ਤੋਂ ਬਚਣਾ ਪਏਗਾ, ਜਿਸ ਬਾਰੇ ਮੈਨੂੰ ਪਤਾ ਹੈ ਕਿ ਉਹ ਮੈਨੂੰ ਡੱਸ ਲਏਗਾ।" ਸ਼ੁਰੂ-ਸ਼ੁਰੂ ਵਿਚ ਗਾਂਧੀ ਨੂੰ ਲੱਗਿਆ ਕਿ ਉਹ ਕਾਮ-ਤ੍ਰਿਪਤੀ ਕਰਨ ਅਤੇ ਬੱਚੇ ਪੈਦਾ ਕਰਨ ਤੋਂ ਬਗ਼ੈਰ ਹੀ ਸਾਰ ਲਿਆ ਕਰੇਗਾ, ਫਿਰ ਉਸ ਨੇ ਸੋਚਿਆ ਕਿ ਇਹ ਇੱਛਾ ਆਖ਼ਰ ਗਈ ਕਿੱਥੇ ਹੈ, ਇਸ ਤੋਂ ਬਚੇ ਰਹਿਣਾ ਇਕ ਕੁਦਰਤੀ ਫ਼ਲ ਹੈ। ਫਿਰ ਆਪਣਾ ਪਹਿਲਾ ਦੇਸ਼ਵਿਆਪੀ ਸੱਤਿਆਗ੍ਰਹਿ ਸ਼ੁਰੂ ਕਰਨ ਤੋਂ ਪੰਦਰ੍ਹਾਂ ਸਾਲ ਮਗਰੋਂ ਗਾਂਧੀ ਨੇ ਮੰਨਿਆ ਕਿ ਉਸ ਵੇਲ਼ੇ ਇਸ ਇੱਛਾ ਦੇ ਜਾਗਣ ਦਾ ਖ਼ਤਰਾ ਬਹੁਤ ਵਧ ਜਾਂਦਾ ਹੈ, ਜਦੋਂ ਜਿੱਤ ਬਹੁਤ ਹੀ ਨੇੜੇ ਦਿਸਦੀ ਹੈ। ਗਾਂਧੀ ਮੰਨਦੇ ਹਨ, "ਭਗਵਾਨ ਦਾ ਆਖ਼ਰੀ ਇਮਤਿਹਾਨ ਬਹੁਤ ਔਖਾ ਹੁੰਦਾ ਹੈ। ਸ਼ੈਤਾਨ ਦਾ ਆਖ਼ਰੀ ਲਾਲਚ ਹਮੇਸ਼ਾ ਬਹੁਤ ਹੀ ਲੁਭਾਉਣਾ ਹੁੰਦਾ ਹੈ।"
ਮੈਡਲੀਨ ਸਲੇਡ, ਜੋ ਬਾਅਦ ਵਿਚ ਗਾਂਧੀ ਦੇ ਆਸ਼ਰਮ ਵਿਚ ਦਾਖ਼ਲ ਹੋ ਕੇ 'ਮੀਰਾਬੇਹਨ' ਬਣ ਗਈ ਸੀ, ਨੂੰ ਗਾਂਧੀ ਬਾਰੇ 'ਰੋਮਾਂ ਰੋਲਾਂ' ਤੋਂ ਪਤਾ ਲੱਗਿਆ ਸੀ। 'ਰੋਮਾਂ ਰੋਲਾਂ', ਗਾਂਧੀ ਨੂੰ 'ਯਸੂ ਮਸੀਹ ਦਾ ਰੂਪ' ਹੀ ਮੰਨਦਾ ਹੁੰਦਾ ਸੀ। ਮੈਡਲੀਨ ਪਹਿਲੀ ਪੱਛਮੀ ਔਰਤ ਨਹੀਂ ਸੀ, ਜਿਹੜੀ ਗਾਂਧੀ ਦੀ ਚੇਲੀ ਬਣੀ ਸੀ। ਉਸ ਤੋਂ ਪਹਿਲਾਂ, ਦੱਖਣੀ ਅਫ਼ਰੀਕਾ ਵਿਚ 17 ਸਾਲਾਂ ਦੀ ਮਿੱਸ ਸਕਲੇਸਿਨ, ਜੌਹਨਜ਼ਬਰਗ ਵਿਚ ਗਾਂਧੀ ਦੇ 'ਲਾਅ ਆਫਿਸ' ਵਿਚ ਸਕੱਤਰ ਹੁੰਦੀ ਸੀ।
ਬੁਰੇ ਵਿਚਾਰਾਂ, ਕੰਮਾਂ ਜਾਂ ਹਰ ਕਿਸਮ ਦੀਆਂ ਬਿਮਾਰੀਆਂ ਨੂੰ ਆਪਣੇ ਤੋਂ ਦੂਰ ਰੱਖਣ ਲਈ ਭਗਵਾਨ ਰਾਮ ਅੱਗੇ ਪ੍ਰਾਰਥਨਾ ਕਰਨਾ, ਗਾਂਧੀ ਦੀ ਪਹਿਲੀ ਬਚਾਅ-ਰੇਖਾ ਹੁੰਦੀ ਸੀ, ਪਰ ਉਹ, ਖਾਣ-ਪੀਣ ਸਬੰਧੀ ਸਖ਼ਤ ਨਿਯਮਾਂ ਦੀ ਪਾਲਣਾ ਉੱਤੇ ਵੀ ਬਹੁਤ ਨਿਰਭਰ ਸਨ। ਕਦੇ ਉਨ੍ਹਾਂ ਨੇ ਜੀ. ਡੀ. ਬਿਰਲਾ ਨੂੰ ਏਦਾਂ ਕਿਹਾ ਸੀ, "ਜੇ ਤੁਸੀਂ ਲੂਣ ਅਤੇ ਘਿਉ ਛੱਡ ਦਿਓਗੇ ਤਾਂ ਇਸ ਨਾਲ਼ ਤੁਹਾਨੂੰ ਲਾਜ਼ਮੀ ਹੀ ਆਪਣਾ ਪਿੱਤਾ ਠੰਢਾ ਕਰਨ ਵਿਚ ਮਦਦ ਮਿਲੇਗੀ। ਤੁਹਾਨੂੰ ਮਸਾਲੇ ਤੇ ਮਸਾਲੇ ਪਕਾਉਣ ਵਾਲ਼ੀ ਕੜਾਹੀ ਵੀ ਛੱਡਣੀ ਪਏਗੀ। ਕੋਈ ਵਿਅਕਤੀ ਖਾਣੇ ਦੇ ਪਰਹੇਜ਼ ਨਾਲ਼ ਹੀ ਆਪਣੇ ਕਾਮ ਅਤੇ ਜੋਸ਼ ਨੂੰ ਮੱਠਾ ਨਹੀਂ ਕਰ ਸਕਦਾ।"
ਮੀਰਾਬੇਹਨ, ਗਾਂਧੀ ਉੱਤੇ ਇੰਨੀ ਨਿਰਭਰ ਸੀ ਕਿ ਜਦੋਂ ਵੀ ਕਦੇ ਗਾਂਧੀ ਨੂੰ ਆਸ਼ਰਮ ਤੋਂ ਬਾਹਰ ਜਾਣਾ ਪੈ ਜਾਂਦਾ, ਉਹ ਬਹੁਤ ਹੀ ਨਿਰਾਸ਼ ਹੋ ਜਾਂਦੀ। ਕਈ ਵਾਰ ਤਾਂ ਉਹ ਆਪਣੀ ਸਿਹਤ ਦੀ ਹਾਲਤ ਬਾਰੇ ਗਾਂਧੀ ਨੂੰ ਹਰ ਰੋਜ਼ ਚਿੱਠੀ ਲਿਖਦੀ। ਉਹ ਜੁਆਬ ਦਿੰਦੇ, "ਜੇ ਤੇਰੇ ਕੋਲੋਂ ਵਿਛੋੜਾ ਨਹੀਂ ਜਰਿਆ ਜਾਂਦਾ ਤਾਂ ਤੂੰ ਆ ਹੀ ਜਾਹ।" ਇਸ ਦੇ ਨਾਲ਼ ਹੀ ਉਹ, ਉਸ ਨੂੰ ਖ਼ਬਰਦਾਰ ਕਰਦਿਆਂ ਕਹਿੰਦੇ, "ਕਿਤੇ ਡਿੱਗ ਹੀ ਨਾ ਪਈਂ। ਤੂੰ ਆਪਣੇ ਪੱਠੇ ਲੋਹੇ ਵਰਗੇ ਕਰ ਲੈ। ਆਪਣੇ ਕੰਮ ਖ਼ਾਤਰ ਇਹ ਬਹੁਤ ਜ਼ਰੂਰੀ ਹੈ।"
ਮਹਾਤਮਾ ਗਾਂਧੀ ਦੇ ਚੇਲੇ, ਉਨ੍ਹਾਂ ਦਾ ਕਾਮ ਤਿਆਗਣ ਦਾ ਫੈਸਲਾ ਅਪਣਾਉਣ ਦੇ ਹੀਲੇ ਕਰਦੇ। ਮਹਾਤਮਾ ਉਨ੍ਹਾਂ ਨੂੰ ਦੱਸਦੇ, "ਜਦੋਂ ਕੋਈ ਗੰਦਾ ਵਿਚਾਰ ਮਨ ਵਿਚ ਆ ਕੇ ਹਲਚਲ ਮਚਾਵੇ ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਆਪਣੇ ਮਨ ਨੂੰ ਕਿਸੇ ਕੰਮ ਲਾ ਦਿਓ। ਅੱਖਾਂ ਨੂੰ 'ਅਵਾਰਾ' ਨਾ ਫਿਰਨ ਦਿਓ। ਜੇ ਉਹ ਕਿਸੇ ਔਰਤ ਵੱਲ ਦੇਖਦੀਆਂ ਹਨ ਤਾਂ ਉਨ੍ਹਾਂ ਨੂੰ ਉਸੇ ਵੇਲ਼ੇ ਹੀ ਉਧਰੋਂ ਮੋੜ ਲਓ। ਕਿਸੇ ਦੀ ਪਤਨੀ ਜਾਂ ਕਿਸੇ ਹੋਰ ਔਰਤ ਲਈ ਕਾਮ-ਇੱਛਾ ਜਾਗਣਾ ਵੀ ਗੰਦਾ ਵਿਚਾਰ ਹੈ।"
ਗਾਂਧੀ ਉਸ ਵੇਲ਼ੇ 69 ਸਾਲਾਂ ਦੇ ਸਨ, ਜਦੋਂ ਰਿਆਸਤ ਕਪੂਰਥਲਾ ਦੀ ਸ਼ਹਿਜ਼ਾਦੀ, ਰਾਜਕੁਮਾਰੀ ਅੰਮ੍ਰਿਤ ਕੌਰ ਨੇ ਆਸ਼ਰਮ ਵਿਚ ਮੀਰਾ ਦੀ ਥਾਂ, ਉਨ੍ਹਾਂ ਦੀ 'ਸਿਸਟਰ' ਦਾ ਦਰਜਾ ਲਿਆ। ਰਾਜਕੁਮਾਰੀ ਦੇ ਸਾਹਮਣੇ ਉਨ੍ਹਾਂ ਨੇ ਇਹ ਕਬੂਲ ਕੀਤਾ, "ਮੇਰੇ ਵੱਲੋਂ ਕਾਮ-ਵਾਸਨਾ ਨੂੰ ਕਾਬੂ ਕਰਨਾ, ਬਹੁਤ ਹੀ ਮੁਸ਼ਕਲ ਹੈ। ਇਹ ਤਾਂ ਲਗਾਤਾਰ ਕੀਤਾ ਜਾਣ ਵਾਲ਼ਾ ਸੰਘਰਸ਼ ਹੈ।" ਗਾਂਧੀ ਨੇ ਆਪਣੇ 'ਬ੍ਰਹਮਚਰੀਯ' ਦੀ 'ਮਜ਼ਬੂਤੀ ਪਰਖ਼ਣ' ਲਈ, ਨੰਗੇ ਹੋ ਕੇ, ਆਪਣੀਆਂ ਕਈ ਜੁਆਨ ਚੇਲੀਆਂ ਨਾਲ਼ ਵਾਰੀ-ਵਾਰੀ ਸੌਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੂੰ ਆਸ ਸੀ ਕਿ ਆਪਣੇ ਬ੍ਰਹਮਚਰੀਯ ਅਤੇ ਯੋਗ ਦੀਆਂ ਸ਼ਕਤੀਆਂ ਨਾਲ਼ ਉਹ, ਹਿੰਦੂਆਂ ਅਤੇ ਮੁਸਲਮਾਨਾਂ ਦੀ ਆਪਸੀ ਏਕਤਾ ਕਰਾ ਦੇਣਗੇ ਅਤੇ ਪੂਰਬੀ ਬੰਗਾਲ ਤੇ ਬਿਹਾਰ ਦੇ ਸੜ ਰਹੇ ਪਿੰਡਾਂ ਵਿਚ ਅਹਿੰਸਾ ਨਾਲ਼ ਅਮਨ-ਚੈਨ ਕਰਾ ਕੇ, ਅੰਤ ਵਿਚ ਸਾਰੇ ਭਾਰਤ ਵਿਚ ਸ਼ਾਂਤੀ ਵਰਤਾਅ ਦੇਣਗੇ। ਆਪਣੀ ਆਤਮਾ ਟਟੋਲਣ ਮਗਰੋਂ, ਗਾਂਧੀ ਨੇ ਮਹਿਸੂਸ ਕੀਤਾ ਕਿ ਜੋ 'ਮਾਂ ਦਾ ਪਿਆਰ' ਉਸ ਨੇ ਜੁਆਨ ਔਰਤਾਂ ਦੀ ਨੇੜਤਾ ਵਿਚ ਮਾਣਿਆ ਹੈ, ਉਹ ਬਹੁਤ ਹੀ ਗ਼ਾਇਬੀ ਢੰਗ ਨਾਲ ਉਸ ਦੀ ਆਪਣੀ ਅਹਿੰਸਾ ਅਤੇ ਬ੍ਰਹਮਚਰੀਯ ਨੂੰ ਹੀ ਮਜਬੂਤ ਕਰਦਾ ਰਿਹਾ ਹੈ। "ਮੈਂ ਨਾ ਤਾਂ ਰੱਬ ਲਈ ਲਲਚਾਇਆ, ਨਾ ਸ਼ੈਤਾਨ ਲਈ," ਉਸ ਨੇ ਬਹੁਤ ਹੀ ਭੇਤਭਰੇ ਢੰਗ ਨਾਲ਼ ਲਿਖਿਆ ਹੋਇਆ ਹੈ। ਉਸ ਨੇ ਆਪਣੇ ਸਕੱਤਰ ਪਿਆਰੇ ਲਾਲ ਦੀ ਭੈਣ ਡਾ. ਸੁਸ਼ੀਲਾ ਨਾਇਰ ਨੂੰ 'ਭੈਣ' ਕਹਿੰਦਿਆਂ ਹੋਇਆਂ, ਉਸ ਨਾਲ਼ ਉਹੋ ਜਿਹਾ ਸਲੂਕ ਹੀ ਕੀਤਾ, ਜਿਹੋ-ਜਿਹਾ ਉਹ ਆਪਣੀ ਘਰ ਵਾਲ਼ੀ ਕਸਤੂਰਬਾ ਨਾਲ਼ ਕਰਦਾ ਹੁੰਦਾ ਸੀ।
ਗਾਂਧੀ ਅਤੇ ਉਸ ਦੀ, ਬਿਮਾਰ ਰਹਿੰਦੀ ਘਰ ਵਾਲ਼ੀ ਕਸਤੂਰਬਾ ਨੇ ਆਖ਼ਰੀ ਦੋ ਸਾਲ, ਪੁਣੇ ਦੇ ਆਗ਼ਾ ਖ਼ਾਨ ਪੈਲੇਸ ਵਿਚ, ਬਰਤਾਨੀਆ ਸਰਕਾਰ ਦੇ ਕੈਦੀਆਂ ਵਜੋਂ ਬਿਤਾਏ ਸਨ। 22 ਫਰਵਰੀ, 1944 ਨੂੰ ਕਸਤੂਰਬਾ ਦੇ ਮਰ ਜਾਣ ਮਗਰੋਂ, ਗਾਂਧੀ ਨੂੰ ਉਸ ਵੱਲੋਂ 'ਅਪਣਾਈ ਹੋਈ ਪੜਪੋਤੀ' ਮਨੂ, ਜੋ ਉਸ ਨੂੰ ਆਪਣੀ ਮਾਂ ਸਮਝਦੀ ਹੁੰਦੀ ਸੀ, ਨੇ ਹੀ 'ਸੁੱਖ' ਦਿੱਤਾ। ਆਪਣੀ ਆਖ਼ਰੀ ਉਮਰੇ ਗਾਂਧੀ ਨੇ ਪੂਰਬੀ ਬੰਗਾਲ ਵਿਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲ਼ੇ ਸ਼ਾਂਤੀ ਕਰਾਉਣ ਪਦਯਾਤਰਾ ਕੀਤੀ। ਉਸ ਦੀ ਪਦਯਾਤਰਾ ਵਿਚ ਮਨੂ ਵੀ ਉਸ ਦੀ 'ਲਾਠੀ' ਬਣ ਕੇ ਆ ਰਲ਼ੀ।
ਗਾਂਧੀ ਦੇ ਬੰਗਾਲੀ ਸਕੱਤਰ ਨਿਰਮਲ ਕੁਮਾਰ ਬੋਸ ਦਾ ਕਹਿਣ ਹੈ ਕਿ ਉਸ ਨੇ ਗਾਂਧੀ ਨੂੰ ਆਪਣੇ ਮੂੰਹ ਉੱਤੇ ਚਪੇੜਾਂ ਮਾਰ-ਮਾਰ ਇਹ ਕਹਿੰਦਾ ਸੁਣਿਆ ਹੈ, "ਮੈਂ ਮਹਾਤਮਾ ਨਹੀਂ ਹਾਂ...ਮੈਂ ਤਾਂ ਤੁਹਾਡੇ ਵਰਗਾ ਹੀ ਇਕ ਸਾਧਾਰਣ ਜਿਹਾ ਜੀਅ ਹਾਂ ਤੇ ਮੈਂ ਬਹੁਤ ਜ਼ੋਰ ਲਾ-ਲਾ ਕੇ ਅਹਿੰਸਾ ਦਾ ਅਭਿਆਸ ਕਰਨ ਦੇ ਹੀਲੇ ਕਰ ਰਿਹਾ ਹਾਂ।" ਸੁਸ਼ੀਲਾ ਨਾਇਰ ਵੀ ਉਸ ਨਾਲ਼ ਅਤੇ ਮਨੂ ਨਾਲ਼ ਆ ਰਲ਼ੀ, ਪਰ ਛੇਤੀ ਹੀ ਚਲੀ ਵੀ ਗਈ। ਗਾਂਧੀ ਦਾ ਟਾਈਪਿਸਟ ਅਤੇ ਸ਼ਾਰਟਹੈਂਡ ਸਕੱਤਰ (ਪਰਸੂਰਾਮ) ਵੀ ਉਨ੍ਹਾਂ ਨੂੰ ਨੰਗੇ ਸੌਂਦੇ ਦੇਖ ਕੇ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ ਸੀ। ਪਿਆਰੇ ਲਾਲ ਨੇ ਵੀ ਦੱਸਿਆ ਸੀ ਕਿ ਉਸ ਨੇ ਗਾਂਧੀ ਨੂੰ ਇਹ 'ਬੁਰੜਾਉਂਦਾ' ਸੁਣਿਆ ਹੈ, "ਮੇਰੇ ਅੰਦਰ ਹੀ ਕਿਤੇ ਕੋਈ ਕੋਈ ਵੱਡਾ ਨੁਕਸ ਹੋਊਗਾ, ਜਿਹੜਾ ਮੈਂ ਆਪਣੀ ਖੋਜ ਸਿਰੇ ਨਹੀਂ ਲਾ ਸਕਿਆ...ਕੀ ਮੈਂ ਆਪਣੇ ਰਾਹੋਂ ਭਟਕ ਗਿਆ ਸਾਂ?"
ਜਦੋਂ ਮੀਰਾਬੇਹਨ ਨੇ ਸੁਣਿਆ ਕਿ ਮਨੂ ਗਾਂਧੀ ਨਾਲ਼ ਸੌਂਦੀ ਹੈ, ਉਸ ਨੂੰ ਬੜਾ ਸਦਮਾ ਹੋਇਆ। ਇਸ ਬਾਰੇ ਪੁੱਛੇ ਜਾਣ 'ਤੇ ਗਾਂਧੀ ਨੇ ਇਹ ਜੁਆਬ ਦਿੱਤਾ ਸੀ, "ਇਸ ਗੱਲ ਦੀ ਚਿੰਤਾ ਨਾ ਕਰੋ ਕਿ ਮੈਂ ਕੀ ਕਰਦਾ ਹਾਂ ਜਾਂ ਕਿੱਦਾਂ ਕਰਦਾ ਹਾਂ। ਜੇ ਮੈਂ ਆਪਣੇ-ਆਪ ਨੂੰ ਪੂਰੀ ਤਰ੍ਹਾਂ ਖਾਲੀ ਕਰਨ ਵਿਚ ਕਾਮਯਾਬ ਹੋ ਗਿਆ, ਈਸ਼ਵਰ ਮੈਨੂੰ ਸੰਭਾਲ ਲਵੇਗਾ। ਫਿਰ ਮੈਨੂੰ ਪਤਾ ਹੈ ਕਿ ਸਭ ਕੁੱਝ ਸੱਚ ਹੋ ਜਾਊ।" ਇਸ ਸਭ ਕੁੱਝ ਦੇ ਹੁੰਦਿਆਂ ਹੀ ਉਹ, ਆਪਣੇ ਅੰਦਰ ਕੋਈ 'ਵੱਡਾ ਨੁਕਸ' ਹੋਣ ਦੀ ਚਿੰਤਾ ਵੀ ਕਰਦਾ ਰਿਹਾ। ਉਸ ਨੇ ਆਪਣੀ ਡਾਇਰੀ ਵਿਚ ਇਹ ਲਿਖਿਆ ਹੋਇਆ ਹੈ, "ਈਸ਼ਵਰ ਦੀ ਦਯਾ ਹੀ ਮੈਨੂੰ ਬਚਾ ਰਹੀ ਹੈ। ਮੈਨੂੰ ਦਿਸਦਾ ਹੈ ਕਿ ਮੇਰੇ ਅੰਦਰ ਕੋਈ 'ਵੱਡਾ ਨੁਕਸ' ਹੈ...ਮੇਰੇ ਆਲ਼ੇ-ਦੁਆਲ਼ੇ ਗੂੜ੍ਹਾ 'ਨੇਰਾ ਪੱਸਰਿਆ ਹੋਇਆ ਹੈ।"# {ਸਮਾਪਤ}

