'ਮੁੱਲ ਦੀ ਮੁਹੱਬਤ'-'ਮੁੱਲ ਦਾ ਦੁਲਾਰ'
<><><><><><><><><>
ਜੇ ਕਿਤੇ ਇਕ ਇਸ਼ਤਿਹਾਰ ਮੱਥੇ ਨਾ ਲੱਗਦਾ ਤਾਂ ਕਿੱਥੇ ਪਤਾ ਲੱਗਣਾ ਸੀ ਕਿ ਪਿਆਰ-ਮੁਹੱਬਤ ਅਤੇ ਲਾਡ-ਦੁਲਾਰ ਵੀ ਵਿਕਣਾ ਆ ਗਿਆ ਹੈ। ਉਹ ਇਸ਼ਤਿਹਾਰ ਕਈ ਵਾਰ ਪੜ੍ਹਿਆ ਕਿ ਕਿਤੇ ਕੋਈ ਮੁਗ਼ਾਲਤਾ ਤਾਂ ਨਹੀਂ ਲੱਗਿਆ, ਪਰ ਨਹੀਂ, ਇਸ ਸੱਚ ਹੀ ਹੈ ਕਿ ਮੁਹੱਬਤ ਅਤੇ ਲਾਡ-ਪਿਆਰ ਜਿਹੇ ਸੁੱਚੇ ਜਜ਼ਬੇ ਵੀ ਹੁਣ ਜੂਠੇ ਹੋ ਗਏ ਹਨ ਤੇ ਵਿਕਾਊ ਹੋ ਗਏ ਹਨ। ਉਸ ਇਸ਼ਤਿਹਾਰ ਦਾ ਸਾਰ ਕੁੱਝ ਇਸ ਤਰ੍ਹਾਂ ਸੀ:
ਸਾਨੂੰ ਲੋੜ ਹੈ ਕੁੱਝ ਮਿਹਰਬਾਨ, ਸੂਝਵਾਨ, ਸੇਵਾਦਾਰ-ਸੁਭਾਅ ਔਰਤਾਂ ਦੀ, ਜੋ ਜਿਸਮਾਨੀ ਪਿਆਰ-ਦੁਲਾਰ ਦੇ ਸਕਣ। ਕਿਸੇ ਤਜਰਬੇ ਦੀ ਲੋੜ ਨਹੀਂ, ਪਰ ਤੁਹਾਡਾ ਵਿਅਕਤੀਤਵ ਤੇ ਜੁੱਸਾ ਨਿੱਘਾ ਹੋਣਾ ਚਾਹੀਦਾ ਹੈ। ਇਹ ਕੰਮ, ਅਸਲ ਵਿਚ ਗਾਹਕਾਂ ਨਾਲ਼ ਗ਼ੈਰਜਿਨਸੀ ਢੰਗ ਨਾਲ਼ ਗੱਲਾਂ ਕਰਨਾ ਅਤੇ ਲਾਡ-ਪਿਆਰ ਕਰਨਾ ਹੀ ਹੈ। ਮੁਲਾਜ਼ਮਾ ਨੂੰ ਆਪਣੇ ਗਾਹਕ ਨਾਲ਼ ਕੋਈ ਜਿਨਸੀ ਜਾਂ ਕਾਮ ਭਰੀ ਕਾਰਵਾਈ ਨਹੀਂ ਕਰਨੀ ਪਏਗੀ। ਉਹ, ਆਪਣੇ ਬੁੱਲ੍ਹ ਤੇ ਲੁਕਵੇਂ ਅੰਗ ਗਾਹਕ ਦੀ ਛੁਹ ਤੋਂ ਬਚਾ ਕੇ ਰੱਖੇਗੀ। ਗਾਹਕ ਦੀ ਸੇਵਾ ਦੌਰਾਨ ਮੁਲਾਜ਼ਮਾ ਨੂੰ, ਗ਼ੈਰਜਿਨਸੀ ਦਾਇਰੇ ਵਿਚ ਰਹਿੰਦਿਆਂ, ਕੁੱਝ ਵੀ ਕਰਨ ਦੀ ਇਜਾਜ਼ਤ ਹੋਏਗੀ। ਉਹ ਖਾਣਾ ਖਾ ਸਕਦੇ ਹਨ, ਫ਼ਿਲਮ ਦੇਖ ਸਕਦੇ ਹਨ, ਕਿਸੇ ਸੰਗੀਤਕ ਮਹਿਫ਼ਿਲ ਵਿਚ ਜਾ ਸਕਦੇ ਹਨ। ਇਸ ਸਭ ਕੁੱਝ ਵਿਚ ਹਿੱਸਾ ਲੈਣ ਲਈ, ਮੁਲਾਜ਼ਮਾ ਨੂੰ 'ਫੀਸ' ਦਿੱਤੀ ਜਾਵੇਗੀ।
ਕੰਮ ਕਰਨ ਸਬੰਧੀ ਲੋੜਾਂ: ਉਮੀਦਵਾਰ ਦੀ ਉਮਰ 18 ਸਾਲ ਜ਼ਰੂਰ ਹੋਵੇ। ਉਹ, ਮਰਦ ਅਤੇ ਔਰਤ ਦੋਹਾਂ ਕਿਸਮਾਂ ਦੇ ਗਾਹਕਾਂ ਦੀ ਸੇਵਾ ਕਰ ਸਕਦੀ ਹੋਵੇ, ਪਰ 99% ਗਾਹਕ ਮਰਦ ਹੀ ਹੋਣਗੇ। ਉਸ ਨੂੰ ਹਰ ਜਾਤ ਅਤੇ ਨਸਲ ਦੇ ਗਾਹਕ ਝੱਲਣੇ ਪੈਣਗੇ। ਗਾਹਕ ਦੀ ਉਮਰ ਕੁੱਝ ਵੀ ਹੋ ਸਕਦੀ ਹੈ। ਉਮੀਦਵਾਰ ਭਰੋਸੇਯੋਗ ਹੋਵੇ। ਸ਼ਖ਼ਸੀਅਤ ਹਾਂ-ਪੱਖੀ ਹੋਵੇ। ਉਹ ਗੱਲ-ਬਾਤ ਤੇ ਸੰਪਰਕ ਕਰਨ ਵਿਚ ਮਾਹਰ ਹੋਵੇ।
ਕੰਮ ਸਬੰਧੀ ਵੇਰਵਾ: ਕੰਮ ਦੇ ਸੈਸ਼ਨ ਦੌਰਾਨ 40 ਡਾਲਰ ਫੀ ਘੰਟਾ ਅਤੇ ਬਖ਼ਸ਼ੀਸ਼। ਗਾਹਕ ਨਾਲ਼ ਬਿਤਾਏ ਹੋਏ ਪਲ-ਪਲ ਦਾ ਲੇਖਾ ਹੋਵੇਗਾ ਤੇ ਮੁਫ਼ਤਖ਼ੋਰੀ ਨਹੀਂ ਹੋਵੇਗੀ। ਗਾਹਕ ਤੁਹਾਨੂੰ ਸਫ਼ਰ 'ਤੇ ਲਿਜਾਣ ਖ਼ਾਤਰ 15 ਡਾਲਰ ਫੀ ਘੰਟਾ ਅਦਾ ਕਰੇਗਾ। ਤੁਸੀਂ 3 ਤੋਂ 8 ਘੰਟੇ ਲਈ ਕੰਮ 'ਤੇ ਆ ਸਕਦੇ ਹੋ। ਆਪਣੀ ਪਛਾਣ ਗੁਪਤ ਰੱਖਣ ਲਈ, ਇਸ ਕੰਮ ਖ਼ਾਤਰ ਆਪਣਾ ਨਾਂ ਬਦਲ ਸਕਦੇ ਹੋ। ਅਸੀਂ ਅਮਰੀਕਾ ਦੇ ਕਿਸੇ ਵੀ ਸੂਬੇ ਵਿਚੋਂ ਮੁਲਾਜ਼ਮਾਂ ਦੀ ਭਰਤੀ ਕਰ ਸਕਦੇ ਹਾਂ।
ਬਚਾਅ ਸਬੰਧੀ ਕੁੱਝ ਗੱਲਾਂ: ਭਾਵੇਂ ਅਸੀਂ ਹਰ ਕਿਸਮ ਦੇ ਗਾਹਕ ਦੀ ਸੇਵਾ ਕਰਦੇ ਹਾਂ। ਤਕਰੀਬਨ ਹਰ ਗਾਹਕ ਜੱਫੀ ਪਾਉਣ ਲਈ ਕਾਹਲ਼ਾ ਹੁੰਦਾ ਹੈ, ਹਰ ਗਾਹਕ 'ਛੁਹਣਾ ਜਾਂ ਛੁਹਿਆ ਜਾਣਾ' ਚਾਹੁੰਦਾ ਹੈ। ਕਿਸੇ ਗਾਹਕ ਨੂੰ, 'ਲਾਡ-ਪਿਆਰ' ਕੀਤੇ ਜਾਣ ਲਈ ਕਿਸੇ ਮੁਲਾਜ਼ਮਾ ਨਾਲ਼ ਤੋਰਨ ਤੋਂ ਪਹਿਲਾਂ, ਉਸ ਤੋਂ ਇਕ ਸੁਆਲਨਾਮਾ ਭਰਾਇਆ ਜਾਂਦਾ ਹੈ ਤੇ ਇਕ ਇਕਰਾਰਨਾਮੇ ਉੱਤੇ ਦਸਤਖ਼ਤ ਵੀ ਕਰਾਏ ਜਾਂਦੇ ਹਨ।
ਜੇ ਮੁਲਾਜ਼ਮਾ ਨੂੰ ਆਪਣੇ ਗਾਹਕ ਤੋਂ ਕੋਈ ਖ਼ਤਰਾ ਜਾਪੇ ਤਾਂ ਉਹ, ਉਸ ਗਾਹਕ ਦੀ ਸੇਵਾ ਵਿਚਾਲ਼ੇ ਛੱਡ ਸਕਦੀ ਹੈ ਤੇ ਆਪਣੇ ਅਧਿਕਾਰੀ ਨੂੰ ਇਸ ਸਬੰਧੀ ਦੱਸ ਸਕਦੀ ਹੈ। ਓਦਾਂ ਵੀ ਸੇਵਾ ਦਾ ਸੈਸ਼ਨ ਖ਼ਤਮ ਹੋਣ ਮਗਰੋਂ ਹਰ ਔਰਤ ਨੂੰ ਹਦਾਇਤ ਹੈ ਕਿ ਉਹ ਆਪਣੇ ਅਧਿਕਾਰੀ ਨੂੰ ਫੋਨ ਕਰੇ। ਜੇ ਉਹ 45 ਮਿੰਟਾਂ ਦੇ ਅੰਦਰ-ਅੰਦਰ ਫੋਨ ਨਹੀਂ ਕਰਦੀ, ਕੰਪਨੀ ਵਾਲ਼ੇ ਪੁਲੀਸ ਭੇਜ ਦੇਣਗੇ। (ਓਦਾਂ, ਏਦਾਂ ਹੋਇਆ ਕਦੇ ਨਹੀਂ)। ਤੁਸੀਂ ਗਾਹਕ ਨੂੰ ਆਪਣੇ ਘਰ ਵੀ ਸੱਦ ਸਕਦੀਆਂ ਹੋ ਅਤੇ ਗਾਹਕ ਦੀ ਇੱਛਾ ਅਨੁਸਾਰ ਉਸ ਦੇ ਘਰ ਵੀ ਜਾ ਸਕਦੀਆਂ ਹੋ।
...
ਇਸ਼ਤਿਹਾਰ ਦਾ ਵੇਰਵਾ ਦੇਣ ਦਾ ਮਕਸਦ, ਇਸ 'ਧੰਦੇ' ਦਾ ਪ੍ਰਚਾਰ ਕਰਨਾ ਨਹੀਂ, ਇਸ ਦੀ ਜਾਣਕਾਰੀ ਦੇਣਾ ਹੀ ਹੈ। ਅੰਗਰੇਜ਼ੀ ਵਿਚ 'ਕਡਲ' ਜਾਂ 'ਸਨੱਗਲ' ਸ਼ਬਦਾਂ ਦੇ ਅਰਥ 'ਲਾਡ-ਪਿਆਰ, ਕਲੋਲ, ਹਸਾਉਣ-ਖਿਡਾਉਣ, ਪਰਚਾਉਣ ਜਾਂ ਗਲ਼-ਲਾਉਣ' ਵਰਗੇ ਹੀ ਹਨ। ਇਸ ਧੰਦੇ ਦੀਆਂ ਦੁਕਾਨਾਂ 'ਕਡਲ ਕੈਫੇ' ਜਾਂ 'ਸਨੱਗਲ ਕੈਫੇ' ਕਹਾਉਂਦੀਆਂ ਹਨ।
'ਜੇਨ ਵੈਲਜ਼' ਨਾਂ ਦੀ ਇਕ ਰਿਪੋਰਟਰ ਨੇ ਇਕ ਲੇਖ ਵਿਚ, ਇਸ 'ਕੰਮ' ਦੇ ਸਬੰਧ ਵਿਚ ਕਈ ਖੁਲਾਸੇ ਕੀਤੇ ਹੋਏ ਹਨ। ਉਹ ਲਿਖਦੀ ਹੈ, "ਪੋਰਟਲੈਂਡ, ਔਰੇਗੌਨ ਵਿਖੇ ਇਕ ਛੋਟੇ ਜਿਹੇ ਦਫ਼ਤਰੀ ਕੰਪਲੈਕਸ ਦੇ ਇਕ ਵੱਡੇ ਕਮਰੇ ਵਿਚ, ਫ਼ਰਸ਼ ਉੱਤੇ ਕੀਤੇ ਹੋਏ ਇਕ ਵਿਛਾਉਣੇ ਉੱਤੇ 10 ਮਰਦ ਅਤੇ ਔਰਤਾਂ ਇਕੱਠੇ ਹੀ ਲੰਮੇ ਪਏ ਹਨ (ਇਹ ਪੱਤਰਕਾਰਾ ਵੀ ਉਨ੍ਹਾਂ ਵਿਚ ਸ਼ਾਮਲ ਹੈ)। ਉਨ੍ਹਾਂ ਨੇ ਬਹੁਤ ਹੀ ਅਰਾਮਦਾਇਕ ਕੱਪੜੇ ਪਾਏ ਹੋਏ ਹਨ। ਉਹ ਸਾਰੇ ਹੀ ਹੌਲੀ-ਹੌਲੀ ਇਕ-ਦੂਜੇ ਨੂੰ ਜੱਫੀ ਪਾ ਕੇ, ਪਿਆਰਨਾ, ਦੁਲਾਰਨਾ, ਪਲੋਸਣਾ ਅਤੇ ਲਾਡ ਲਡਾਉਣਾ ਸ਼ੁਰੂ ਕਰਦੇ ਹਨ। ਇਸ ਸਮੁੱਚੀ ਸਰਗਰਮੀ ਵਿਚ 'ਨਿੱਘ' ਤਾਂ ਹੈ, ਪਰ 'ਜਿਨਸੀ ਸੇਕ' ਨਹੀਂ ਹੈ। ਜਦੋਂ, ਇਸ ਗਰੁੱਪ ਵਿਚ ਸ਼ਾਮਲ ਕੁੱਝ ਓਪਰੇ ਬੰਦਿਆਂ ਨੇ ਮੇਰੇ ਜਿਸਮ ਨੂੰ ਛੁਹਣ ਦਾ ਹੀਲਾ ਕੀਤਾ ਤਾਂ ਪਹਿਲਾਂ ਤਾਂ ਮੈਂ ਠਰ ਜਿਹੀ ਗਈ, ਪਰ ਕੁੱਝ ਦੇਰ ਮਗਰੋਂ ਮੈਂ ਸਹਿਜ ਹੁੰਦਿਆਂ ਮਹਿਸੂਸ ਕੀਤਾ ਕਿ ਇਸ ਛੁਹਾ-ਛੁਹਾਈ ਵਿਚ ਕੋਈ ਹਰਜ ਨਹੀਂ ਹੈ।
'ਕਡਲ ਅੱਪ ਟੂ ਮੀ' ਨਾਂ ਦਾ ਇਹ ਕੈਫੇ ਸਥਾਪਤ ਕਰਨ ਵਾਲ਼ੀ 34 ਸਾਲਾ ਸਾਮਾਂਥਾ ਹੈੱਸ ਦਾ ਕਹਿਣ ਹੈ ਕਿ ਉਹ ਇਕ ਜੱਫੀ ਪਾਉਣ ਦਾ ਮੌਕਾ ਦੇ ਕੇ ਹੀ, ਇਸ ਜਹਾਨ ਨੂੰ ਬਦਲ ਸੁੱਟਣਾ ਚਾਹੁੰਦੀ ਹੈ। ਪੰਜ ਸਾਲ ਪਹਿਲਾਂ, ਸਾਮਾਂਥਾ ਹੈੱਸ ਨੇ ਹਾਈ ਸਕੂਲ ਵਿਚ ਆਪਣੇ ਹਮਜਮਾਤੀ ਰਹੇ, ਆਪਣੇ 'ਠੰਢੇ ਜਿਹੇ' ਪਤੀ ਨੂੰ ਤਲਾਕ ਦੇ ਦਿੱਤਾ ਸੀ। ਉਹ, ਇਕ ਸਿਕਿਓਰਿਟੀ ਕੰਪਨੀ ਵਿਚ ਬਹੁਤ ਹੀ ਅਕਾਊ ਜਿਹੇ ਅਹੁਦੇ ਉੱਤੇ ਕੰਮ ਕਰਦੀ ਹੁੰਦੀ ਸੀ। ਉਨ੍ਹੀਂ ਹੀ ਦਿਨੀਂ, ਉਸ ਨੇ ਕਿਤੇ ਇਹ ਪੜ੍ਹਿਆ ਕਿ ਇਕ ਬੰਦਾ ਦੋ-ਦੋ ਡਾਲਰ ਲੈ ਕੇ 'ਜਾਦੂ ਦੀਆਂ ਜੱਫੀਆਂ' ਪਾਉਂਦਾ ਹੈ। 'ਇਹ ਖ਼ਬਰ ਜਿਹੀ ਪੜ੍ਹ ਕੇ, ਮਨ ਵਿਚ ਇਕ ਤਰੰਗ ਜਿਹੀ ਦੌੜ ਗਈ,' ਸਾਮਾਂਥਾ ਨੇ ਕਿਹਾ।
ਉਸ ਨੇ ਕਿਹਾ, 'ਕੋਈ ਬਿਸਕੁਟ ਵੰਡਦਾ ਹੋਵੇ ਤਾਂ ਲੈਣ ਵਿਚ ਸੌ ਵਾਰ ਝਿਜਕ ਹੋਵੇਗੀ, ਪਰ ਜੇ ਕੋਈ ਬਿਸਕੁਟ ਵੇਚਦਾ ਹੋਵੇ ਤਾਂ ਤੁਸੀਂ ਝੱਟ ਹੀ ਲੋੜ ਮੁਤਾਬਕ ਖਰੀਦ ਲਓਗੇ।' ਉਸ ਨੇ 500 ਡਾਲਰ ਆਪਣੇ ਪਰਸ ਵਿਚ ਪਾਏ ਅਤੇ ਬਿਜ਼ਨੈੱਸ ਲਾਇਸੈਂਸ ਲੈਣ ਤੇ ਆਪਣੀ ਵੈੱਬਸਾਈਟ ਬਣਵਾਉਣ ਤੁਰ ਪਈ। ਇਸ ਤਰ੍ਹਾਂ ਉਸ ਦਾ 'ਕਡਲ ਅੱਪ ਟੂ ਮੀ' ਕੈਫੇ ਹੋਂਦ ਵਿਚ ਆਇਆ। ਉਸ ਦੇ ਦੋਸਤਾਂ/ ਸਹੇਲੀਆਂ ਨੇ ਸੋਚਿਆ ਕਿ ਉਹ ਪਾਗ਼ਲ ਹੋ ਗਈ ਹੈ ਕਿਉਂ ਕਿ 'ਜਾਦੂ ਦੀ ਜੱਫੀ' ਨਾਂ ਦੀ ਕੋਈ ਚੀਜ਼ ਹੁੰਦੀ ਹੀ ਨਹੀਂ ਹੈ। ਸਾਮਾਂਥਾ ਹੈੱਸ ਨੇ ਉਨ੍ਹਾਂ ਸਾਰਿਆਂ ਨੂੰ ਗ਼ਲਤ ਸਾਬਤ ਕਰ ਦਿਖਾਇਆ। ਉਸ ਨੇ ਆਪਣੇ 'ਕੈਫੇ' ਦੇ ਪ੍ਰਚਾਰ ਲਈ ਸ਼ਹਿਰ ਵਿਚ 'ਫਲਾਇਰ' ਵੰਡੇ। ਸਥਾਨਕ ਅਖ਼ਬਾਰਾਂ ਨੇ ਉਸ ਬਾਰੇ ਖ਼ਬਰਾਂ/ ਲੇਖ ਛਾਪੇ। ਉਸ ਦਾ ਕਹਿਣ ਹੈ, 'ਸੱਤ ਦਿਨਾਂ ਵਿਚ ਮੈਨੂੰ ਦਸ ਹਜ਼ਾਰ ਈਮੇਲਾਂ ਆਈਆਂ। ਦੋ ਮਹੀਨਿਆਂ ਲਈ ਮੈਂ ਪੂਰੀ ਤਰ੍ਹਾਂ 'ਬੁੱਕ' ਹੋ ਗਈ ਸਾਂ।'
ਕੁੱਝ ਲੋਕਾਂ ਦਾ ਖ਼ਿਆਲ ਸੀ ਕਿ ਸਾਮਾਂਥਾ ਹੈੱਸ ਨੇ ਇਹ ਸ਼ੋਸ਼ਾ ਹੀ ਛੱਡਿਆ ਹੈ। ਸਥਾਨਕ ਅਧਿਕਾਰੀ ਇਹ ਸੋਚਦੇ ਸਨ ਕਿ ਇਹ 'ਜੱਫੀਆਂ-ਜੁੱਫੀਆਂ' ਅਸਲ ਵਿਚ 'ਵੇਸਵਾਗਮਣੀ ਲਈ ਉਹਲਾ' ਹੀ ਸਨ। ਸਾਮਾਂਥਾ ਹੈੱਸ ਨੂੰ ਆਪਣੇ ਕੈਫੇ ਲਈ ਢੁੱਕਵੀਂ ਥਾਂ ਲੱਭਣ ਲਈ ਨੌਂ ਮਹੀਨੇ ਲੱਗ ਗਏ। ਫਿਰ 'ਖ਼ਰੇ ਗਾਹਕ' ਲੱਭਣ ਦਾ ਮਸਲਾ ਹੱਲ ਹੋਇਆ। ਸ਼ੁਰੂ-ਸ਼ੁਰੂ ਵਿਚ ਆਈਆਂ ਈਮੇਲਾਂ ਵਿਚੋਂ ਬਹੁਤੀਆਂ ਤਾਂ 'ਠਰਕ-ਭੋਰ ਮੰਢੀਰ' ਦੀਆਂ ਹੀ ਸਨ। ਇਕ ਨੇ ਲਿਖਿਆ ਸੀ, 'ਆ ਜਾ, ਤੈਨੂੰ ਆਪਣੇ ਹਰਮ ਵਿਚ ਰੱਖ ਲੈਨੇਂ ਹਾਂ।' ਤਿੰਨ ਜਣਿਆਂ ਨੇ ਵਿਆਹ ਕਰਾਉਣ ਦੀਆਂ ਤਜਵੀਜ਼ਾਂ ਭੇਜ ਦਿੱਤੀਆਂ। ਇਕ ਸਾਲ ਏਦਾਂ ਹੀ ਲੰਘ ਗਿਆ ਤਾਂ ਕਿਤੇ ਉਸ ਨੂੰ 'ਸਹੀ ਗਾਹਕਾਂ' ਨਾਲ਼ ਸੰਪਰਕ ਕਰਨਾ ਆਇਆ।"
ਜੇਨ ਵੈਲਜ਼ ਅੱਗੇ ਲਿਖਦੀ ਹੈ ਕਿ ਫਿਰ ਸਾਮਾਂਥਾ ਨੇ ਘਰਾਂ ਵਿਚ ਫੋਨ ਕਰਨੇ ਸ਼ੁਰੂ ਕੀਤੇ। ਉਹ ਰਾਤਾਂ ਨੂੰ ਵੀ ਇਹ ਕੰਮ ਕਰਨ ਲੱਗੀ। ਕਈ ਵਾਰੀ ਉਸ ਨੂੰ ਕਿਸੇ ਸਿਨੇਮਾ ਹਾਲ ਵਿਚ ਫ਼ਿਲਮ ਦੇਖਣ ਗਈ ਨੂੰ ਗਾਹਕ ਟੱਕਰ ਜਾਂਦੇ। ਫਿਰ ਉਸ ਨੇ ਇਕ ਘਰ, ਪਟੇ 'ਤੇ ਲੈ ਲਿਆ ਤੇ ਕੰਮ ਸ਼ੁਰੂ ਕਰ ਦਿੱਤਾ। ਉਹ ਕਿਸੇ ਗਾਹਕ ਨਾਲ਼ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਉਸ ਨਾਲ਼ ਖੁੱਲ੍ਹ ਕੇ ਗੱਲ ਕਰ ਲੈਂਦੀ ਹੈ ਤੇ ਆਪਣੀ ਤੇ ਗਾਹਕ ਦੀ ਹੱਦ ਸਪੱਸ਼ਟ ਕਰ ਦਿੰਦੀ ਹੈ। ਜਿਹੜੇ ਅੰਗ ਕਿਸੇ ਤੈਰਾਕੀ ਲਿਬਾਸ ਵਿਚ ਢਕੇ ਜਾਂਦੇ ਹਨ, ਉਨ੍ਹਾਂ ਨੂੰ ਛੁਹਣ/ ਪਲੋਸਣ ਦੀ ਸਖ਼ਤ ਮਨਾਹੀ ਹੁੰਦੀ ਹੈ। ਤੁਸੀਂ ਨੱਕ ਨੂੰ ਛੁਹ ਸਕਦੇ ਹੋ, ਪਰ ਬੁੱਲ੍ਹਾਂ ਨੂੰ ਨਹੀਂ।
ਇਹ 'ਇਲਾਜ' ਕਰਾਉਣ ਲਈ ਆਉਣ ਵਾਲ਼ਾ ਹਰ ਵਿਅਕਤੀ ਨ੍ਹਾਤਾ-ਧੋਤਾ ਅਤੇ ਸਾਫ-ਸੁਥਰਾ ਹੋਣਾ ਚਾਹੀਦਾ ਹੈ। 'ਕਡਲ ਅੱਪ ਟੂ ਮੀ' ਦੇ ਸਟੁਡੀਓ ਵਿਚ ਹੋਣ ਵਾਲ਼ੇ ਹਰ 'ਸੈਸ਼ਨ' ਦਾ ਵਿਡੀਓ ਫ਼ਿਲਮਾਂਕਣ ਕੀਤਾ ਜਾਂਦਾ ਹੈ ਤਾਂ ਕਿ ਸਾਰੇ ਹੀ ਗਾਹਕ ਆਪਣੇ ਹੱਥ-ਪੈਰ ਕਾਬੂ ਵਿਚ ਰੱਖਣ ਅਤੇ 'ਬੰਦੇ ਦੇ ਪੁੱਤ' ਬਣੇ ਰਹਿਣ। ਜੇ ਕਦੇ ਕਿਸੇ ਗਾਹਕ ਦਾ ਜਿਨਸੀ ਪੱਖ ਉੱਭਰ ਆਵੇ ਤਾਂ...? ਸਾਮਾਂਥਾ ਦਾ ਕਹਿਣ ਹੈ ਕਿ ਅਜਿਹਾ ਹੋ ਜਾਣਾ ਕੁਦਰਤੀ ਵੀ ਹੈ ਤੇ ਅਜਿਹੀ ਹਾਲਤ ਵਿਚ ਦੋਵੇਂ ਧਿਰਾਂ ਇਕ-ਦੂਜੀ ਤੋਂ ਪਰ੍ਹਾਂ ਹੋ ਜਾਂਦੀਆਂ ਹਨ ਤੇ ਸਹਿਜ ਹੋਣ ਮਗਰੋਂ ਹੀ ਦੁਬਾਰਾ 'ਇਲਾਜ' ਸ਼ੁਰੂ ਕਰਦੀਆਂ ਹਨ। ਸਾਮਾਂਥਾ ਦਾ ਕਹਿਣ ਹੈ ਕਿ ਭਾਵਨਾਵਾਂ ਦੇ ਵਹਿਣ ਵਿਚ ਵਹਿ ਗਏ ਲੋਕਾਂ ਨੂੰ ਵੀ ਇਸ ਨਵੇਂ ਹੁਨਰ ਤੋਂ ਵਾਂਝੇ ਰੱਖਣਾ ਜਾਇਜ਼ ਨਹੀਂ ਹੋਵੇਗਾ।
ਗਾਹਕਾਂ ਵਿਚੋਂ ਇਕ ਜਣੇ ਨੇ ਕਿਹਾ, "ਜਦੋਂ ਵੀ ਮੈਨੂੰ ਪਿਆਰ ਦੀ ਤਲਬ ਹੁੰਦੀ ਹੈ, ਮੈਂ ਇੱਥੇ ਆ ਜਾਨਾਂ।" ਤਲਾਕੇ ਹੋਏ, ਰਿਚਰਡ ਨਾਂ ਦੇ ਗਾਹਕ ਨੇ ਕਿਹਾ, "ਮੈਂ ਪੋਰਟਲੈਂਡ ਵਿਚ ਨਵਾਂ ਆਇਆ ਹਾਂ ਤੇ ਇੱਥੇ ਮੇਰੀ ਕੋਈ ਵਾਕਫ਼ੀ ਨਹੀਂ ਹੈ। ਮੈਂ ਬਹੁਤ ਹੀ ਇਕੱਲਾ ਜਿਹਾ ਹੋ ਗਿਆ ਸਾਂ, ਪਰ ਕਦੇ-ਕਦਾਈਂ 'ਕਡਲ ਸੈਸ਼ਨ' ਵਿਚ ਸ਼ਾਮਲ ਹੋਣ ਨਾਲ਼ ਮੇਰਾ ਇਕਲਾਪਾ ਕਾਫ਼ੀ ਹੱਦ ਤਕ ਮੱਠਾ ਪੈ ਗਿਆ ਹੈ।" ਡੇਵਿਡ ਨਾਂ ਦੇ ਇਕ ਗਾਹਕ ਦਾ ਕਹਿਣ ਹੈ ਕਿ ਇਸ ਜਹਾਨ ਵਿਚ ਤੁਸੀਂ ਕਿਸੇ ਨੂੰ 'ਛੁਹਣ-ਟੋਹਣ' ਦਾ ਹੀਲਾ ਕਰੋ ਤਾਂ ਅਗਲਾ/ ਅਗਲੀ ਇਹ ਸਮਝਣ ਲੱਗਦਾ/ ਲੱਗਦੀ ਹੈ ਕਿ ਇਹ ਬੰਦਾ 'ਕੁੱਝ ਹੋਰ ਹੀ' ਭਾਲ਼ਦਾ ਹੈ। 'ਕਡਲ ਅੱਪ ਟੂ ਮੀ' ਵਿਚ ਕਿਸੇ ਗੱਲ ਦਾ ਕੋਈ ਉਹਲਾ ਨਹੀਂ ਹੈ। ਉੱਥੇ ਇਹ 'ਛੁਹਾ-ਛੁਹਾਈ' ਕਰਨ ਲਈ ਕਿਸੇ ਨਾਲ਼ 'ਵਿਆਹਿਆ ਹੋਣਾ' ਜ਼ਰੂਰੀ ਨਹੀਂ ਹੈ।"
ਇਸ ਧੰਦੇ ਦੇ ਨੇਮ ਜਾਨਣ ਲਈ ਵੈੱਬਸਾਈਟ 'ਕਡਲਿਸਟ ਡਾਟ ਕਾਮ' ਵੀ ਹੈ। ਇਸ ਸਾਈਟ ਤੋਂ ਸਿਖਲਾਈ ਪ੍ਰਾਪਤ ਐਨੀ ਨੇ, ਮੁਲਾਕਾਤ ਦਾ ਸਮਾਂ ਮੰਗਣ 'ਤੇ ਕਿਹਾ ਕਿ ਮੈਂ ਉਸ ਨੂੰ ਇਕ ਰਿਪੋਰਟਰ ਵਜੋਂ ਨਹੀਂ, ਸਗੋਂ ਇਕ ਗਾਹਕ ਵਜੋਂ ਸੁਆਲ ਕਰਾਂ। ਇਹ ਧੰਦਾ, ਸੇਕ ਦੇਣ ਤੇ ਮਾਲਿਸ਼ ਕਰਨ ਨਾਲ਼ੋਂ ਵੀ ਵੱਖਰਾ ਹੈ। ਅਸਲ ਵਿਚ ਇਹ ਕੰਮ, ਹਨੇਰੇ ਵਿਚ ਕਿਸੇ ਅਜਿਹੀ ਚੀਜ਼ ਨੂੰ ਫੜਨ ਅਤੇ ਪਲੋਸਣ ਵਾਂਗ ਹੈ, ਜਿਸ ਦੇ ਆਕਾਰ ਬਾਰੇ ਤੁਸੀਂ ਨਹੀਂ ਜਾਣਦੇ। ਮੈਨੂੰ ਇਹ ਇੰਟਰਵਿਊ ਕਰਨ ਲਈ ਐਨੀ ਤੋਂ ਇਕ ਸੈਸ਼ਨ ਖਰੀਦਣਾ ਪਿਆ। ਉਸ ਦੇ ਹੱਥਾਂ ਤੇ ਪਿੰਡੇ ਦਾ ਕੰਮ ਕਮਾਲ ਸੀ।"

