ਝਾਰਖੰਡੀਆਂ ਦੇ 'ਧੁਕੂ' ਨੇ ਨਵੇਂ ਜ਼ਮਾਨੇ ਦੀ ਧੁਕੀ ਕੱਢੀ
<><><><><><><><><><><><><>
ਸਾਨੂੰ ਕਿੱਥੇ ਪਤਾ ਲੱਗਣਾ ਸੀ, ਜੇ ਨਿਕਿਤਾ ਸਿਨ੍ਹਾ ਦੀ ਲਿਖੀ ਹੋਈ ਇਕ ਰਿਪੋਰਟ ਉੱਤੇ ਸਾਡੀ ਨਜ਼ਰ ਨਾ ਪੈਂਦੀ। ਨਿਕਿਤਾ ਸਿਨ੍ਹਾ ਨੂੰ ਵੀ ਕਦੋਂ ਪਤਾ ਲੱਗਣਾ ਸੀ, ਜੇ 2016 ਦੇ ਜਨਵਰੀ ਮਹੀਨੇ, ਬੁੱਧੂ ਨਾਗ ਨਾਂ ਦਾ 30 ਸਾਲਾ ਕਬਾਇਲੀ ਆ ਕੇ, ਉਸ ਨੂੰ ਇਹ ਨਾ ਕਹਿੰਦਾ ਕਿ ਉਹ, ਉਸ ਦਾ ਵਿਆਹ ਉਸ ਦੀ ਪ੍ਰੇਮਕਾ ਨਾਲ਼ ਕਰਾਉਣ ਵਿਚ, ਉਸ ਦੀ ਮਦਦ ਕਰੇ। ਲੋਕ-ਹਿੱਤਾਂ ਸਬੰਧੀ ਕੰਮ ਕਰਨ ਵਾਲ਼ੀ ਨਿਕਿਤਾ ਸਿਨ੍ਹਾ ਨੇ ਸਮਝਿਆ ਕਿ ਕੋਈ ਖ਼ਾਸ ਹੀ ਗੱਲ ਹੋਣੀ ਹੈ, ਜਿਸ ਦੀ ਵਜ੍ਹਾ ਨਾਲ਼ ਉਨ੍ਹਾਂ ਦੇ ਮਾਪੇ, ਉਨ੍ਹਾਂ ਦਾ ਆਪਸੀ ਵਿਆਹ ਕਰਨਾ ਨਹੀਂ ਮੰਨਦੇ। ਸੋ, ਉਸ ਨੇ ਇਸ ਮਾਮਲੇ ਵਿਚ ਪੈਣ ਤੋਂ ਇਨਕਾਰ ਕਰ ਦਿੱਤਾ। ਜਦੋਂ ਨਾਗ ਨੇ ਉਸ ਨੂੰ ਆਪਣੀ ਕਹਾਣੀ ਸੁਣਨ ਲਈ ਮਨਾ ਲਿਆ ਤਾਂ ਉਹ, ਉਸ ਦੀ ਕਹਾਣੀ ਸੁਣ ਕੇ ਦੰਗ ਹੀ ਨਹੀਂ ਰਹੀ, ਸਗੋਂ ਦੁਖੀ ਵੀ ਹੋ ਗਈ। ਨਾਗ ਨੇ ਉਸ ਨੂੰ ਦੱਸਿਆ ਕਿ ਉਹ ਵਿਆਹ ਕਰਾਏ ਬਗ਼ੈਰ ਹੀ ਆਪਣੀ ਪ੍ਰੇਮਕਾ ਨਾਲ਼ 'ਰਹਿੰਦਾ' ਹੈ ਤੇ ਉਨ੍ਹਾਂ ਦੋਹਾਂ ਦੀ ਇਕ, 10 ਸਾਲਾਂ ਦੀ ਧੀ ਵੀ ਹੈ। ਇੱਥੇ ਯਾਦ ਕਰਾਉਣਾ ਬਣਦਾ ਹੈ ਕਿ ਕੁੱਝ, ਪੜ੍ਹੇ-ਲਿਖੇ ਲੋਕ, ਵਿਆਹ ਕਰਾਏ ਬਗ਼ੈਰ ਹੀ 'ਵਿਆਹੇ-ਵਰੇ' ਲੋਕਾਂ ਵਾਂਗ ਰਹਿੰਦੇ ਹਨ ਤੇ ਇਸ ਤਰ੍ਹਾਂ ਜ਼ਿੰਦਗ਼ੀ ਬਿਤਾਉਣ ਨੂੰ 'ਲਿਵ-ਇਨ' ਸਬੰਧ ਕਿਹਾ ਜਾਂਦਾ ਹੈ। ਝਾਰਖੰਡ ਦੇ ਕਿੰਨੇ ਹੀ ਕਬਾਇਲੀ ਲੋਕ, ਪਤਾ ਨਹੀਂ ਕਦੋਂ ਤੋਂ 'ਲਿਵ-ਇਨ' ਕਰਦੇ ਆ ਰਹੇ ਹਨ, ਪਰ ਉਹ ਇਸ ਰਿਵਾਜ ਨੂੰ 'ਧੁਕੂ' ਕਹਿੰਦੇ ਹਨ। ਨਿਕਿਤਾ ਸਿਨ੍ਹਾ ਨੇ ਵੀ ਇਹ ਸ਼ਬਦ ਪਹਿਲੀ ਵਾਰ ਨਾਗ ਦੇ ਮੂੰਹੋਂ ਹੀ ਸੁਣਿਆ ਸੀ।
ਨਾਗ ਅਤੇ ਉਸ ਦੀ ਸਾਥਣ, ਉਨ੍ਹਾਂ ਹਜ਼ਾਰਾਂ ਕਬਾਇਲੀ ਜੀਆਂ ਵਾਂਗ ਹੀ ਹਨ, ਜੋ ਆਪਸ ਵਿਆਹ ਨਾ ਹੋਇਆ ਹੋਣ ਦੇ ਬਾਵਜੂਦ ਇਕੱਠੇ ਰਹਿੰਦੇ ਹਨ। ਹਾਂ, ਉਨ੍ਹਾਂ ਦਾ ਇਸ ਤਰ੍ਹਾਂ 'ਰਹਿਣਾ', ਉਨ੍ਹਾਂ ਦੀ ਮਰਜ਼ੀ ਨਹੀਂ, ਮਜਬੂਰੀ ਹੈ। ਆਪਣੀ ਰਿਪੋਰਟ ਵਿਚ ਨਿਕਿਤਾ ਸਿਨ੍ਹਾ ਨੇ ਏਦਾਂ ਲਿਖਿਆ ਹੋਇਆ ਹੈ, "ਜਦੋਂ ਦੋ ਸਰੀਰਾਂ ਦਾ ਆਪਸ ਵਿਚ ਵਿਆਹ ਹੋਣ ਲੱਗਦਾ ਹੈ ਤਾਂ ਉਨ੍ਹਾਂ ਤੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਆਪਣੇ ਵਿਆਹ ਦੀ ਖ਼ੁਸ਼ੀ ਵਿਚ ਪਾਰਟੀ ਦੇਣਗੇ, ਪਰ ਜਦੋਂ ਉਹ ਪਾਰਟੀ ਨਹੀਂ ਦਿੰਦੇ ਜਾਂ ਦੇਣ ਜੋਗੇ ਨਹੀਂ ਹੁੰਦੇ ਤਾਂ ਪਿੰਡ ਦੇ ਲੋਕ ਉਨ੍ਹਾਂ ਦੇ ਵਿਆਹ ਨੂੰ ਮਾਨਤਾ ਨਹੀਂ ਦਿੰਦੇ ਅਤੇ ਉਹ ਦੋਵੇਂ ਜਣੇ 'ਧੁਕੂ' ਤੇ ਤੌਰ 'ਤੇ ਇਕੱਠੇ ਰਹਿਣ ਲੱਗ ਪੈਂਦੇ ਹਨ।"
ਜਿਹੜੀ ਔਰਤ 'ਧੁਕੂ' ਦੀ ਰਸਮ ਅਧੀਨ ਆਪਣੇ ਜੀਵਨ ਸਾਥੀ ਨਾਲ਼ ਰਹਿੰਦੀ ਹੈ, ਉਸ ਨੂੰ 'ਧੁਕੂਆ' ਜਾਂ 'ਧੁਕੁਨੀ' ਕਿਹਾ ਜਾਂਦਾ ਹੈ। ਇਹ ਲੋਕ, ਜੋ ਕਦੇ-ਕਦਾਈਂ ਕੰਮ ਮਿਲਣ 'ਤੇ ਦੋ-ਢਾਈ ਸੌ ਰੁਪਏ ਦਿਹਾੜੀ ਕਮਾਉਂਦੇ ਹਨ, ਆਪਣੇ ਸਾਰੇ ਪਿੰਡ ਨੂੰ 'ਚੁੱਲ੍ਹੇ ਨੇਂਦ' ਨਹੀਂ ਦੇ ਸਕਦੇ। ਇਸ ਤਰ੍ਹਾਂ ਝਾਰਖੰਡ ਦੇ ਹਜ਼ਾਰਾਂ ਜੋੜੇ 'ਧੁਕੂ' ਨਾਲ਼ ਹੀ ਡੰਗ ਟਪਾਈ ਜਾਂਦੇ ਹਨ।
ਕੇਲੀ ਕਿਸਲਯਾ ਨਾਂ ਦੀ ਇਕ ਪੱਤਰਕਾਰਾ ਨੇ ਇਸ ਸਬੰਧੀ ਖੁਲਾਸੇ ਕਰਦਿਆਂ ਹਾਲ ਹੀ ਵਿਚ ਲਿਖਿਆ ਹੈ ਕਿ ਤਕਰੀਬਨ 30 ਸਾਲ, ਰਾਮ ਲਾਲ ਮੁੰਡਾ ਨਾਂ ਦੇ ਵਿਅਕਤੀ ਨਾਲ਼ 'ਰਹੀ' ਸਹੋਦਰੀ ਮੁੰਡਾ ਨੂੰ ਹੁਣ ਪਤਨੀ ਵਾਲ਼ਾ ਮਾਣ ਮਿਲਿਆ ਹੈ। ਉਨ੍ਹਾਂ ਦੇ ਪੁੱਤਰ ਜੀਤੇਸ਼ਵਰ ਮੁੰਡਾ ਦੀ, ਪੰਜ ਮਹੀਨਿਆਂ ਦੀ ਧੀ ਹੈ ਤੇ ਜੀਤੇਸ਼ਵਰ ਨੇ ਵੀ ਆਪਣੇ ਮਾਪਿਆਂ ਦੇ ਨਾਲ਼ ਹੀ, ਆਪਣੀ 'ਧੁਕੁਨੀ' ਅਰੁਣਾ ਮੁੰਡਾ ਨਾਲ਼ ਭੁਆਟਣੀਆਂ ਲੈ ਕੇ ਪਤੀ-ਪਤਨੀ ਦਾ ਦਰਜਾ ਹਾਸਲ ਕੀਤਾ ਹੈ। ਪਤਨੀ ਬਣਨ ਦਾ ਮਾਣ ਮਿਲਣ ਮਗਰੋਂ ਸਹੋਦਰੀ ਮੁੰਡਾ ਨੇ ਏਦਾਂ ਕਿਹਾ, "ਧੁਕੁਨੀ ਦੀ ਥਾਂ ਪਤਨੀ ਕਹਾਉਣ ਦਾ ਸੁੱਖ ਦੱਸਿਆ ਨਹੀਂ ਜਾ ਸਕਦਾ। ਹੁਣ ਮੇਰੇ ਮਨ ਤੋਂ ਮਣਾਂ ਮੂੰਹੀਂ ਭਾਰ ਲਹਿ ਗਿਆ ਹੈ। ਹੁਣ ਮੇਰਾ ਪੁੱਤਰ ਆਪਣੇ ਬਾਪ ਦਾ ਕਾਨੂੰਨੀ ਵਾਰਸ ਬਣਿਆ ਹੈ।" 'ਧੁਕੁਨੀ', 'ਧੁਕੂਆ' ਬਗ਼ੈਰਾ ਸ਼ਬਦ 'ਧੁਕਨਾ' ਵਿਚੋਂ ਹੀ ਨਿੱਕਲੇ ਹਨ ਤੇ ਇਹ ਗੱਲ, ਸੁਣਨ ਵਿਚ ਬਹੁਤ 'ਅਜੀਬੋ-ਗ਼ਰੀਬ' ਲੱਗ ਸਕਦੀ ਹੈ ਕਿ ਇਸ ਦਾ ਅਰਥ 'ਦਾਖਲ ਹੋਣਾ ਜਾਂ ਵੜ ਜਾਣਾ' ਵਰਗਾ ਹੀ ਹੈ। ਇਸ ਤਰ੍ਹਾਂ 'ਧੁਕੁਨੀ' ਉਹ ਔਰਤ ਹੁੰਦੀ ਹੈ, ਜੋ ਕਿਸੇ ਮਰਦ ਦੇ ਘਰ 'ਜਾ ਵੜੀ' ਹੈ ਤੇ ਜੋ ਉਸ ਨਾਲ (ਵਿਆਹ ਕਰਾਉਣੋਂ ਬਿਨਾਂ ਹੀ) 'ਰਹਿੰਦੀ' ਹੈ। ਝਾਰਖੰਡ ਵਿਚ ਹਜ਼ਾਰਾਂ ਜੋੜੇ ਇਸੇ ਤਰ੍ਹਾਂ 'ਰਹੀ ਜਾਂਦੇ' ਹਨ। ਪਿੰਡ ਚਰਕਟ ਨਗਰ ਦੀ ਪ੍ਰਤਿਮਾ ਕੁਮਾਰੀ, ਜਿਸ ਨੇ ਸਮੂਹਕ ਰੂਪ ਵਿਚ ਕੀਤੇ ਗਏ ਵਿਆਹ ਸਮਾਗਮ ਵਿਚ ਵਿਆਹ ਕਰਾਇਆ ਹੈ, ਦਾ ਕਹਿਣ ਹੈ, "ਸਾਡੇ ਕੋਲ ਖੁੱਲ੍ਹਾ ਖ਼ਰਚਾ ਹੁੰਦਾ ਤਾਂ ਅਸੀਂ ਸਾਰੇ ਪਿੰਡ ਦਾ ਮੱਥਾ ਡੰਬ ਕੇ, ਕਦੋਂ ਦੇ 'ਅਸਲੀ ਘਰ-ਆਲ਼ਾ ਤੇ ਘਰ-ਆਲ਼ੀ' ਬਣ ਗਏ ਹੁੰਦੇ। ਡੁੱਬੀ ਤਾਂ ਤਦ, ਜਦੋਂ ਸਾਹ ਨਾ ਆਇਆ।"
'ਨਿਮਿੱਤਾ' ਨਾਂ ਦੀ ਸੰਸਥਾ ਦੀ ਸਥਾਪਕ ਨਿਕਿਤਾ ਸਿਨ੍ਹਾ, ਜੋ ਇਨ੍ਹਾਂ 'ਅੱਧਵਿਆਹੇ' ਲੋਕਾਂ ਨੂੰ 'ਵਿਆਹੇ-ਵਰੇ' ਬਣਾਉਣ ਲਈ ਬੜੇ ਸਾਲਾਂ ਤੋਂ ਜ਼ੋਰ ਲਾ ਰਹੀ ਹੈ, ਦਾ ਕਹਿਣ ਹੈ, "ਅਸੀਂ ਦੇਖਿਆ ਹੈ ਕਿ ਕਿਸੇ-ਕਿਸੇ ਪਿੰਡ ਵਿਚ ਤਾਂ ਸਾਰੇ ਹੀ 'ਧੁਕੂਆ' ਰਹਿੰਦੇ ਹਨ ਕਿਉਂ ਕਿ ਉਹ ਵਿਆਹ ਅਤੇ 'ਚੁੱਲੇ-ਨੇਂਦ' ਉੱਤੇ ਖ਼ਰਚਾ ਨਹੀਂ ਕਰ ਸਕਦੇ। ਇਸ ਲਈ, ਅਸੀਂ ਉਨ੍ਹਾਂ ਦੇ ਵਿਆਹਾਂ ਦਾ ਇਕੱਠਾ ਪ੍ਰਬੰਧ ਕਰਦੇ ਹਾਂ ਤੇ ਵਿਆਹ ਦੀਆਂ ਰਸਮਾਂ ਸਿਰੇ ਚੜ੍ਹਾ ਕੇ ਉਨ੍ਹਾਂ ਦੇ ਨਾਂ ਵਿਆਹ ਰਜਿਸਟਰ ਵਿਚ ਦਰਜ ਕਰਾ ਦਿੰਦੇ ਹਾਂ।"
'ਧੂਕੂਆ' ਬਣ ਕੇ ਰਹਿੰਦਿਆਂ ਨੂੰ, ਪਿੰਡ ਦੇ ਲੋਕ ਬਹੁਤਾ ਸਤਾਉਂਦੇ ਤਾਂ ਨਹੀਂ, ਪਰ ਔਰਤਾਂ ਨੂੰ ਬਣਦੀ ਇੱਜ਼ਤ ਨਹੀਂ ਮਿਲਦੀ। ਇਸ ਤਰ੍ਹਾਂ ਦੇ ਸਬੰਧਾਂ ਤੋਂ ਪੈਦਾ ਹੋਏ ਬੱਚਿਆਂ ਨੂੰ ਸਮਾਜਕ ਪੱਧਰ 'ਤੇ ਔਲਾਦ ਵਾਲ਼ਾ ਮਾਣ ਨਹੀਂ ਮਿਲਦਾ। ਸ਼ਬਦ 'ਧੁਕੁਨੀ' ਆਪਣੇ-ਆਪ ਹੀ ਅਪਮਾਨਜਨਕ ਹੈ, ਕਿਉਂ ਕਿ ਇਸ ਤੋਂ ਅਜਿਹੀ ਭਾਵਨਾ ਨਿੱਕਲਦੀ ਦਿਸਦੀ ਹੈ ਕਿ ਸਬੰਧਤ ਔਰਤ ਜਬਰੀ ਚੁੱਕ ਕੇ ਘਰ ਅੰਦਰ ਸੁੱਟ ਲਈ ਗਈ ਹੈ। ਇਨ੍ਹਾਂ ਔਰਤਾਂ ਨੂੰ ਕਦੇ ਵੀ ਪਤਨੀਆਂ ਵਾਲ਼ੀ ਇੱਜ਼ਤ ਨਹੀਂ ਦਿੱਤੀ ਜਾਂਦੀ। ਇਨ੍ਹਾਂ ਔਰਤਾਂ ਨੂੰ ਸੰਧੂਰ ਲਾਉਣ ਦੀ ਵੀ ਇਜਾਜ਼ਤ ਨਹੀਂ ਹੁੰਦੀ। ਅਜਿਹੇ ਸਬੰਧਾਂ ਦੌਰਾਨ, ਜੇ ਕਿਸੇ ਔਰਤ ਦਾ 'ਪਤੀ' ਕਿਸੇ ਤਰ੍ਹਾਂ ਮਰ ਜਾਂਦਾ ਹੈ ਤਾਂ ਉਸ ਦੀ 'ਪਤਨੀ' ਆਪਣੇ 'ਪਤੀ' ਦੀ ਜਾਇਦਾਦ ਉੱਤੇ ਕੋਈ ਹੱਕ ਨਹੀਂ ਜਤਾ ਸਕਦੀ।
'ਧੁਕੁਨੀ' ਬਣ ਕੇ ਦਿਨ ਕੱਟਦੀ ਸ਼ੀਲਾ ਮੁੰਡਾ ਨਾਂ ਦੀ ਇਕ ਜੁਆਨ ਤੀਵੀਂ ਦਾ ਕਹਿਣ ਹੈ, "ਮੈਂ ਸੰਧੂਰ ਨਹੀਂ ਲਾਉਂਦੀ। ਮੈਂ ਘਰੋਂ ਬਾਹਰ ਨਿੱਕਲਦੀ ਹਰ ਵੇਲ਼ੇ 'ਖ਼ਤਰੇ' ਵਿਚ ਰਹਿੰਦੀ ਹਾਂ ਕਿਉਂ ਕਿ ਵਿਆਹੀ ਨਾ ਹੋਣ ਕਰ ਕੇ, ਲੋਕ ਮੈਨੂੰ 'ਰਾਮ ਗਊ' ਹੀ ਸਮਝਦੇ ਹਨ। ਸਾਡੇ ਨਿਆਣਿਆਂ ਦਾ ਵੀ ਕੋਈ ਹਾਲ ਨਹੀਂ।" 'ਧੁਕੂਆ' ਸਬੰਧਾਂ ਤੋਂ ਇਕ ਪੁੱਤਰ ਅਤੇ ਇਕ ਧੀ ਦੀ ਮਾਂ ਬਣ ਚੁੱਕੀ ਬਰਸਾਮੁਨੀ ਦੇਵੀ ਨੇ ਆਪਣੇ ਬਾਰੇ ਏਦਾਂ ਦੱਸਿਆ, "ਸਾਡੇ ਸਮਾਜ ਵਿਚ ਬੱਚਿਆਂ ਦੇ ਕੰਨ ਅਤੇ ਨੱਕ ਵਿੰਨਾਉਣ ਦਾ ਰਿਵਾਜ ਹੈ, ਪਰ 'ਧੁਕੂ ਵਿਆਹ' ਤੋਂ ਹੋਈ ਔਲਾਦ ਨੂੰ ਨੱਕ-ਕੰਨ੍ਹ ਵਿੰਨਾਉਣ ਦੀ ਮਨਾਹੀ ਹੈ। ਇਸ ਕਰ ਕੇ, ਇਹੋ ਜਿਹੇ ਬੱਚਿਆਂ ਨੂੰ, ਭਾਈਚਾਰੇ ਵਿਚ ਕਦੇ ਵੀ ਸਮਾਜਕ ਮਾਨਤਾ ਨਹੀਂ ਮਿਲਦੀ।" ਬਰਸਾਮੁਨੀ ਦੇਵੀ ਦੇ, 'ਧੁਕੂਆ ਸਬੰਧਾਂ' ਤੋਂ ਇਕ ਪੁੱਤਰ ਅਤੇ ਇਕ ਧੀ ਹੈ। ਓਦਾਂ, ਇਨ੍ਹਾਂ ਬੱਚਿਆਂ ਨੂੰ ਇਸ ਤਰ੍ਹਾਂ ਦੇ ਮਸਲਿਆਂ ਤੋਂ ਕਿਤੇ ਵੱਡੇ ਹੋਰ ਮਸਲਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਸੂਬੇ ਵਿਚੋਂ ਬੱਚੇ ਚੁੱਕ ਕੇ ਵੇਚਣ ਦੀਆਂ ਵਾਰਦਾਤਾਂ ਬਹੁਤ ਹੁੰਦੀਆਂ ਹਨ। ਇਹ ਬੱਚੇ ਹੀ ਬਹੁਤਾ ਕਰ ਕੇ ਇਨ੍ਹਾਂ ਵਾਰਦਾਤਾਂ ਦੇ ਸ਼ਿਕਾਰ ਹੁੰਦੇ ਹਨ।ਬੱਚੇ ਚੁੱਕੇ ਜਾਣ ਦੀਆਂ ਵਾਰਦਾਤਾਂ ਨਾਲ਼ ਸਿੱਝਦੀ ਰਹੀ, ਸਾਬਕਾ ਪੁਲਸ ਅਫ਼ਸਰ ਅਰਾਧਨਾ ਸਿੰਘ ਦਾ ਕਹਿਣ ਹੈ, "ਇਨ੍ਹਾਂ ਵਿਚੋਂ ਬਹੁਤੇ ਬੱਚਿਆਂ ਕੋਲ਼ ਆਪਣੀ ਪਛਾਣ ਸਬੰਧੀ ਕੋਈ ਸਬੂਤ ਨਹੀਂ ਹੁੰਦਾ। ਅਜਿਹੀ ਹਾਲਤ ਵਿਚ ਉਨ੍ਹਾਂ ਨੂੰ ਆਪਣੇ ਮਾਪਿਆਂ ਤਕ ਪਹੁੰਚਾਉਣਾ ਬਹੁਤ ਵੱਡੀ ਚੁਣੌਤੀ ਬਣ ਜਾਂਦਾ ਹੈ, ਕਿਉਂ ਕਿ ਉਨ੍ਹਾਂ ਦੇ ਮਾਪਿਆਂ ਦੇ ਨਾਂ ਅਤੇ ਸਿਰਨਾਵੇਂ ਲੱਭਣੇ ਔਖੇ ਹੋ ਜਾਂਦੇ ਹਨ।"
ਦਯਾਮਨੀ ਖੇੱਸ ਨਾਂ ਦੀ ਇਕ ਔਰਤ, ਜਿਸ ਦਾ ਵਿਆਹ 'ਨਿਮਿੱਤਾ' ਦੀ ਬਦੌਲਤ ਹੋਇਆ ਹੈ, ਦਾ ਕਹਿਣ ਹੈ, "ਮੇਰਾ ਵਿਆਹ ਹੋਣ ਤੋਂ ਮਗਰੋਂ, ਮੈਂ ਸਭ ਤੋਂ ਪਹਿਲਾਂ ਆਪਣੀ ਧੀ ਦਾ ਨੱਕ ਤੇ ਕੰਨ ਵਿੰਨਾਏ। ਇਸ ਪੱਖੋਂ ਹੁਣ ਮੈਂ ਬਹੁਤ ਸੁਰਖ਼ਰੂ ਹੋਈ ਮਹਿਸੂਸ ਕਰਦੀ ਹਾਂ ਕਿਉਂ ਕਿ ਹੁਣ ਉਹ, ਸਮਾਜ ਵਿਚ ਸਿਰ ਚੁੱਕ ਕੇ ਜੀਅ ਸਕਦੀ ਹੈ। ਹੁਣ ਅਸੀਂ ਉਸ ਦਾ ਨਾਂ ਰਾਸ਼ਨ ਕਾਰਡ ਵਿਚ ਵੀ ਦਰਜ ਕਰਾ ਸਕਾਂਗੇ।" ਦਸ ਸਾਲ ਆਪਣੇ ਮਰਦ ਦੀ 'ਧੁਕੁਨੀ' ਬਣ ਕੇ ਰਹੀ ਤੇ ਹੁਣ ਉਸ ਦੀ ਪਤਨੀ ਬਣ ਸਕੀ ਇਕ ਹੋਰ ਔਰਤ ਨੇ ਕਿਹਾ, "ਹੁਣ ਪਿੰਡ ਦੇ ਲੋਕ ਮੈਨੂੰ ਇੱਜ਼ਤ ਨਾਲ਼ ਦੇਖਦੇ ਹਨ। ਮੈਨੂੰ ਹੁਣ ਯਕੀਨ ਆਇਆ ਹੈ ਕਿ ਮੇਰੇ ਘਰ ਵਾਲ਼ਾ ਹੁਣ ਕਿਸੇ ਹੋਰ ਜਨਾਨੀ ਨਾਲ਼ 'ਰਹਿਣ' ਨਹੀਂ ਜਾਵੇਗਾ।
ਓਦਾਂ 'ਨਿਮਿੱਤਾ' ਲਈ ਇਨ੍ਹਾਂ ਔਰਤਾਂ ਦੇ ਵਿਆਹ ਕਰਨੇ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਇਸ ਸੰਸਥਾ ਦੀ ਸਥਾਪਕ ਨਿਕਿਤਾ ਸਿਨ੍ਹਾ ਦੱਸਦੀ ਹੈ, "ਸਾਨੂੰ ਪਿੰਡਾਂ ਦੇ ਲੋਕਾਂ ਦੇ ਬਹੁਤ ਸਾਰੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤੇ ਤਾਂ ਆਪਣੀ ਦਾਅਵਤ ਦੀ ਖ਼ਾਤਰ ਹੀ ਅੜੀ ਕਰੀ ਜਾਂਦੇ ਹਨ। ਕਈ ਵਾਰੀ ਤਾਂ ਉਹ ਸਾਡੇ 'ਗਲ਼-ਪੈਣ' ਤਕ ਤਿਆਰ ਹੋ ਜਾਂਦੇ ਹਨ।" ਇਸ ਦੇ ਨਾਲ਼ ਹੀ ਉਹ ਇਹ ਵੀ ਕਹਿੰਦੀ ਹੈ, "ਅਸੀਂ ਉਹ ਪਿੰਡ ਚੁਣਦੇ ਹਾਂ, ਜਿਸ ਵਿਚ ਕੁੱਝ ਕਰ ਸਕਣ ਦੀ ਗੁੰਜਾਇਸ਼ ਹੋਵੇ, ਜਿੱਥੋਂ ਦੇ ਲੋਕ ਵਿਆਹ ਕਰਾਉਣ ਲਈ ਰਾਜ਼ੀ ਹੋਣ। ਕੁੱਝ ਪਿੰਡਾਂ ਦੇ ਪ੍ਰਧਾਨ, ਚੰਗੇ ਵੀ ਹਨ ਤੇ ਉਹ ਸਾਨੂੰ ਆਪਣਾ ਕੰਮ ਕਰਨ ਦੀ ਇਜਾਜ਼ਤ ਦੇ ਦਿੰਦੇ ਹਨ।"
ਜਨਤਕ ਰੂਪ ਵਿਚ ਵਿਆਹ ਕਰਨ ਦਾ ਖ਼ਿਆਲ ਉਨ੍ਹਾਂ ਨੂੰ ਕਿੱਦਾਂ ਆਇਆ, ਦੇ ਜੁਆਬ ਵਿਚ ਨਿਕਿਤਾ ਸਿਨ੍ਹਾ ਨੇ ਦੱਸਿਆ ਕਿ ਕਈ ਸਾਲ ਹੋ ਗਏ ਕਿ ਪਿੰਡ ਖੁੰਟੀ ਵਿਚ ਇਕ ਸ਼ਰਾਬੀ ਹੋਇਆ ਬੰਦਾ ਉਸ ਕੋਲ ਆ ਕੇ ਉਸ ਨੂੰ ਕਹਿਣ ਲੱਗਿਆ ਕਿ ਉਹ, ਉਸ ਦਾ ਵਿਆਹ ਕਰਾਉਣ 'ਚ ਉਸ ਦੀ ਮਦਦ ਕਰੇ। ਉਹ ਦੱਸਦੀ ਹੈ, "ਪਹਿਲ਼ਾਂ ਤਾਂ ਅਸੀਂ ਸੋਚਿਆ ਕਿ ਉਹ ਕੋਈ ਦੁਖੀ ਪ੍ਰੇਮੀ ਹੈ ਤੇ ਆਪਣੀ ਪ੍ਰੇਮਕਾ ਨਾਲ਼ ਵਿਆਹ ਕਰਾਉਣਾ ਚਾਹੁੰਦਾ ਹੈ। ਜਦੋਂ ਅਸੀਂ ਇਸ ਮਾਮਲੇ ਦੀ ਤਹਿ ਤਕ ਜਾਣ ਲਈ, ਉਸ ਦੇ ਘਰ ਗਏ ਤਾਂ ਉਸ ਨੇ ਸਾਨੂੰ ਇਕ ਔਰਤ ਨਾਲ਼ ਮਿਲਾਇਆ, ਜੋ ਉਸ ਦੇ ਦਸ ਸਾਲਾ ਬੱਚੇ ਦੀ ਮਾਂ ਸੀ। ਉਸ ਦਿਨ ਪਹਿਲੀ ਵਾਰੀ ਮੈਨੂੰ 'ਧੁਕੂ' ਵਿਆਹ ਬਾਰੇ ਪਤਾ ਲੱਗਿਆ ਤਾਂ ਮੈਂ ਇਸ ਯੱਭ ਵਿਚ ਫਸੀਆਂ ਹੋਈਆਂ ਔਰਤਾਂ ਦੀ ਮਦਦ ਕਰਨ ਦਾ ਤਹੱਈਆ ਕਰ ਲਿਆ।" 49 ਸਾਲਾਂ ਦੀ ਹੋ ਚੁੱਕੀ ਬੀਬੀ ਨਿਕਿਤਾ ਸਿਨ੍ਹਾ ਹੁਣ ਤਕ 200 ਜੋੜੇ 'ਵਸਾ-ਰਸਾ' ਚੁੱਕੀ ਹੈ। ਉਸ ਦਾ ਕਹਿਣ ਹੈ ਕਿ ਉਸ ਨੂੰ ਪਤਾ ਲੱਗ ਗਿਆ ਹੈ ਕਿ ਇਹ ਮਸਲਾ ਗੁਜਰਾਤ ਅਤੇ ਰਾਜਸਥਾਨ ਦੇ ਪਿੰਡਾਂ ਵਿਚ ਵੀ ਹੈ।
ਸ਼ਾਇਦ ਉਹ ਸ਼ਰਾਬੀ ਬੰਦਾ 'ਬੁੱਧੂ ਨਾਗ' ਹੀ ਸੀ, ਜੋ ਇਸ ਮੁਹਿੰਮ ਦਾ ਮੋਢੀ ਬਣਿਆ। ਕਈ ਵਾਰ ਸ਼ਰਾਬੀ ਵੀ 'ਵੱਡੇ ਕੰਮ' ਕਰ ਜਾਂਦੇ ਹਨ। ਕੀ ਖ਼ਿਆਲ ਏ ਤੁਹਾਡਾ?#

