ਸ਼ਬਦੰਗਲ-109



ਉਹ ਜਾਨਵਰਾਂ ਨਾਲ਼ ਗੱਲਾਂ ਕਰਦੀ ਏ ਤੇ ਜਾਨਵਰਾਂ ਦਾ ਮਨ ਪੜ੍ਹਦੀ ਏ
<><><><><><><><><><><><><><><><>
     ਬਹੁਰੰਗਾ ਹੈ ਇਹ ਜਹਾਨ ਤੇ ਬਹੁਰੰਗੇ ਨੇ ਇਸ ਦੇ ਲੋਕ! ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਕੋਈ ਇਹੋ ਜਿਹਾ ਕੰਮ ਮਿਲੇ, ਜੋ ਸਵੇਰੇ 9 ਵਜੇ ਸ਼ੁਰੂ ਹੋਵੇ ਤੇ ਸ਼ਾਮੀਂ 5 ਵਜੇ ਬੰਦ ਹੋ ਜਾਵੇ। ਬਹੁਤ ਸਾਰੇ ਲੋਕ ਇਹ ਵੀ ਚਾਹੁੰਦੇ ਹਨ ਕਿ ਕੰਮ ਭਾਵੇਂ 24 ਘੰਟੇ ਦਾ ਹੋਵੇ, ਪਰ ਹੋਵੇ ਉਨ੍ਹਾਂ ਦੀ ਪਸੰਦ ਦਾ, ਉਨ੍ਹਾਂ ਦੀ ਮਰਜ਼ੀ ਦਾ। ਇਸ ਤਰ੍ਹਾਂ ਦੀ ਸੋਚ ਵਾਲ਼ੇ ਬੰਦੇ ਤਾਂ ਜ਼ਰੂਰ ਮਿਲਣਗੇ, ਪਰ ਟਾਵੇਂ-ਟਾਵੇਂ ਹੀ। ਇਸ ਤਰ੍ਹਾਂ ਦੇ ਕੰਮ ਵੀ ਹਰ ਥਾਂ ਨਹੀਂ ਮਿਲਦੇ। ਇਸ ਤਰ੍ਹਾਂ ਦਾ ਹੀ ਇਕ ਵੱਖਰਾ ਜਿਹਾ ਕੰਮ ਕਰਨ ਵਾਲ਼ੀ ਇਕ ਬੀਬੀ ਹੈ ਅਕਸ਼ਯਾ ਕਾਵਲੇ। ਉਹ ਮੁੰਬਈ ਵਿਚ ਰਹਿੰਦੀ ਹੈ। ਮੁੰਬਈ ਵਿਚ ਤਾਂ ਬਹੁਤ ਸਾਰੇ ਲੋਕ ਰਹਿੰਦੇ ਹਨ, ਪਰ ਉਹ, ਜਾਨਵਰਾਂ ਨਾਲ਼ ਗੱਲਾਂ ਨਹੀਂ ਕਰਦੇ, ਜਾਨਵਰਾਂ ਦੇ ਮਨ ਨਹੀਂ ਪੜ੍ਹਦੇ। ਅਕਸ਼ਯਾ ਕਾਵਲੇ ਜਾਨਵਰਾਂ ਨਾਲ਼ ਗੱਲਾਂ ਵੀ ਕਰਦੀ ਹੈ ਤੇ ਉਨ੍ਹਾਂ ਦੇ ਮਨ ਵੀ ਪੜ੍ਹਦੀ ਹੈ।

    ਆਦਮੀ, ਆਦਮੀ ਨਾਲ਼ ਗੱਲਾਂ ਕਰਦਾ ਹੈ, ਗੱਲ ਸਮਝ ਆਉਂਦੀ ਹੈ। ਆਦਮੀ ਕੋਲ ਗੱਲ ਕਹਿਣ-ਕਰਨ ਲਈ ਭਾਸ਼ਾ ਹੁੰਦੀ ਹੈ, ਵਿਚਾਰੇ ਜਾਨਵਰਾਂ ਕੋਲ ਤਾਂ ਇਹੋ ਜਿਹਾ ਕੋਈ ਸਾਧਨ ਨਹੀਂ ਹੁੰਦਾ। ਗੱਲ ਹੈਰਾਨ ਕਰਨ ਵਾਲ਼ੀ ਹੀ ਨਹੀਂ, ਪ੍ਰੇਸ਼ਾਨ ਕਰਨ ਵਾਲ਼ੀ ਵੀ ਹੈ। ਆਪਣੇ-ਆਪਣੇ ਕਿਆਫ਼ੇ ਲਾਉਣੇ ਛੱਡ ਕੇ, ਕਿਉਂ ਨਾ, ਅੰਗਰੇਜ਼ਾਂ ਦੇ ਕਹਿਣ ਵਾਂਗ 'ਫਰਾਮ ਹੌਰਸਿ'ਜ਼ ਮਾਊਥ' ਯਾਨੀ 'ਘੋੜੇ ਦੇ ਮੂੰਹੋਂ' ਹੀ ਸੁਣ ਲਈਏ? ਲਓ, ਇਸ ਦਾ ਮਤਲਬ ਇਹ ਹੋਇਆ ਪਈ ਘੋੜੇ ਵੀ ਗੱਲਾਂ ਕਰਦੇ ਹੋਣਗੇ। ਇਸ ਬੀਬੀ ਦੀਆਂ ਦਾਸਤਾਨਾਂ ਵੀ ਇਸ ਵਾਂਗ ਹੀ ਬਹੁਤ ਅਜੀਬ ਹੋਣ ਦੇ ਆਸਾਰ ਹਨ।
    "ਮੈਂ ਇਕ ਸੰਘਣੇ ਪਰਿਵਾਰ ਵਿਚ ਜੰਮੀ ਸਾਂ। ਅਸੀਂ 'ਸੈਂਟਰਲ ਮੁੰਬਈ' ਵਿਚ ਦਾਦਰ ਦੇ '2 ਬੀਐੱਚਕੇ' ਇਲਾਕੇ ਵਿਚ ਰਹਿੰਦੇ ਸਾਂ। ਸਾਡੇ ਪਰਿਵਾਰ ਦੇ 17 ਜੀਅ ਸਨ," ਅਕਸ਼ਯਾ ਕਾਵਲੇ ਦੱਸਦੀ ਹੈ, "ਮੈਂ ਆਪਣਾ ਵਿਹਲਾ ਸਮਾਂ, ਸੋਸਾਇਟੀ ਦੇ ਕੁੱਤਿਆਂ-ਬਿੱਲੀਆਂ ਨਾਲ਼ ਬਿਤਾਉਂਦੀ ਹੁੰਦੀ ਸਾਂ। ਮੈਂ, ਬਾਂਦਰਾਂ ਤੇ ਹੋਰ ਜਾਨਵਰਾਂ ਨਾਲ਼ ਤਮਾਸ਼ੇ ਕਰਨ ਵਾਲ਼ੇ ਮਦਾਰੀ ਤੇ ਉਨ੍ਹਾਂ ਦੇ ਤਮਾਸ਼ੇ ਦੇਖ-ਦੇਖ ਵੱਡੀ ਹੁੰਦੀ ਗਈ ਅਤੇ ਮੈਂ ਜਦੋਂ ਵੀ ਕੋਈ ਜਾਨਵਰ ਦੇਖਦੀ ਤਾਂ ਮੈਨੂੰ ਲੱਗਦਾ ਕਿ ਮੇਰੀ ਉਸ ਨਾਲ਼ ਕੋਈ ਨਾ ਕੋਈ ਸਾਂਝ ਹੈ।"
    ਉਹ ਬੋਲਦੀ-ਬੋਲਦੀ ਚੁੱਪ ਕਰ ਜਾਂਦੀ ਹੈ ਤੇ ਉਹ ਸਾਡੀਆਂ ਅੱਖਾਂ ਵਿਚ ਦਿਲਚਸਪੀ ਦੇ ਦੀਵੇ ਜਗਦੇ ਦੇਖ ਕੇ ਫਿਰ ਬੋਲਣ ਲੱਗ ਪੈਂਦੀ ਹੈ, "ਸੇਂਟ ਜ਼ੇਵੀਅਰ'ਜ਼ ਕਾਲਜ, ਮੁੰਬਈ ਤੋਂ ਬੀ. ਏ. ਤੇ ਫਿਰ ਐੱਮ. ਬੀ. ਏ. ਕਰ ਲੈਣ ਮਗਰੋਂ ਮੈਨੂੰ 'ਲਾਰਸਨ ਐਂਡ ਟੂਬਰੋ' ਦੇ ਮਨੁੱਖੀ ਵਸੀਲਾ ਵਿਭਾਗ ਵਿਚ ਨੌਕਰੀ ਮਿਲ ਗਈ। ਕੁੱਝ ਚਿਰ ਨੌਕਰੀ ਕਰਨ ਮਗਰੋਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਨੌਂ ਤੋਂ ਪੰਜ ਵਜੇ ਤਕ ਨੌਕਰੀ ਕਰਨ ਲਈ ਨਹੀਂ ਜੰਮੀ। ਫਿਰ ਮੈਂ ਲੋਕਾਂ ਨੂੰ 'ਇਮੇਜ ਮੈਨੇਜਮੈਂਟ', 'ਕਾਰਪੋਰੇਟ ਕਮਿਊਨੀਕੇਸ਼ਨ' ਅਤੇ 'ਸੌਫਟ ਸਕਿੱਲਜ਼' ਦੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ। ਮੈਨੂੰ ਹਮੇਸ਼ਾ ਹੀ ਇਹ ਇੱਛਾ ਰਹੀ ਹੈ ਕਿ ਮੈਂ ਕੁੱਝ ਵੀ ਦੱਸੇ-ਸੁਣੇ ਬਗ਼ੈਰ ਹੀ ਅਤੇ 'ਸੌਫਟ ਸਕਿੱਲਜ਼' ਦੀ ਮਦਦ ਨਾਲ਼ ਆਪਣੀ ਗੱਲ ਕਹਾਂ ਤੇ ਅਗਲੇ ਦੀ ਸੁਣਾਂ। ਮੈਂ, ਕਾਰਪੋਰੇਟ ਟਰੇਨਰ ਬਣਨ ਤੋਂ ਪਹਿਲਾਂ, ਕੁੱਝ ਸਮੇਂ ਲਈ 'ਸਪੋਕਨ ਇੰਗਲਿਸ਼ ਲੈਂਗੂਏਜ ਟੀਚਰ' (ਅੰਗਰੇਜ਼ੀ ਬੋਲ-ਚਾਲੀ ਭਾਸ਼ਾ ਦੀ ਅਧਿਆਪਕਾ) ਵਜੋਂ ਵੀ ਕੰਮ ਕੀਤਾ ਹੋਇਆ ਸੀ।"
   ਉਹ ਜਾਨਵਰਾਂ ਦੀ ਮਹਿਰਮ ਕਿੱਦਾਂ ਬਣੀ?
   "2014 ਵਿਚ ਮੇਰਾ ਵਿਆਹ ਹੋ ਗਿਆ। ਜਿੱਦਾਂ ਹੁੰਦਾ ਹੀ ਹੈ, ਵਿਆਹ ਤੋਂ ਮਗਰੋਂ ਮੈਂ ਕੰਮ ਵੱਲੋਂ ਪਾਸਾ ਜਿਹਾ ਹੀ ਵੱਟ ਲਿਆ ਤਾਂ ਕਿ ਮੈਂ ਕੁੱਝ ਨਵਾਂ ਸੋਚ ਸਕਾਂ। ਉਦੋਂ ਹੀ ਮੈਂ, 'ਯੂਟਿਊਬ' ਉੱਤੇ ਸਾਊਥ ਅਫ਼ਰੀਕਨ ਇੰਟਰ-ਸਪੇਸੀਜ਼ ਕਮਿਊਨੀਕੇਟਰ ਅੰਨਾ ਬ੍ਰੇਟੇਨਬਾਚ ਦੀ ਇਕ ਵਿਡੀਓ ਫ਼ਿਲਮ ਦੇਖੀ। ਉਸ ਫ਼ਿਲਮ ਵਿਚ ਦੱਸਿਆ ਗਿਆ ਕਿ ਉਸ (ਅੰਨਾ) ਨੂੰ ਇਕ ਰੱਖ ਵਿਚ, ਬਚਾ ਕੇ ਲਿਆਂਦੇ ਹੋਏ ਕਾਲ਼ੇ ਚੀਤੇ ਦੀ ਹਾਲਤ ਦੇਖਣ ਲਈ ਸੱਦਿਆ ਗਿਆ ਸੀ। ਚੀਤੇ ਨੂੰ ਸੰਭਾਲਣ ਵਾਲ਼ਿਆਂ ਨੂੰ ਇਹ ਫ਼ਿਕਰ ਸਤਾਈ ਜਾਂਦਾ ਸੀ ਕਿ ਚੀਤਾ ਰੋਹ ਨਾਲ਼ ਬਿੱਫਰਿਆ ਹੋਇਆ ਸੀ ਤੇ ਉਹ, ਉਸ ਨੂੰ ਪੁਚਕਾਰਨ 'ਚ ਨਾਕਾਮ ਰਹੇ ਸਨ। ਬਹੁਤ ਹੀ ਮਕਬੂਲ ਹੋਈ ਉਸ ਵਿਡੀਓ ਵਿਚ ਅੰਨਾ, ਜਾਨਵਰਾਂ ਦੀ ਉਸ ਰੱਖ ਵਿਚ ਦਾਖ਼ਲ ਹੁੰਦੀ ਹੈ ਤੇ ਕੁੱਝ ਹੀ ਪਲਾਂ ਵਿਚ ਉਹ ਚੀਤਾ, ਉਸ ਦਾ ਮੋਹ-ਪਿਆਰ ਮਾਨਣ ਲੱਗ ਪਿਆ। ਉਹ ਵਿਡੀਓ ਫ਼ਿਲਮ ਮੇਰੇ ਸਿਰ ਵਿਚ ਵੜ ਗਈ।"
    ਕੁੱਝ ਚਿਰ ਦਮ ਲੈ ਕੇ ਉਹ ਫਿਰ ਬੋਲੀ, "ਮੈਂ 'ਟੈਲੀਪੈਥੀ' ਯਾਨੀ 'ਦਿੱਬ-ਦ੍ਰਿਸ਼ਟੀ' ਬਾਰੇ ਸੁਣਿਆ ਹੋਇਆ ਸੀ ਤੇ ਇਹ ਵੀ ਸੁਣਿਆ ਹੋਇਆ ਸੀ ਕਿ ਜਾਨਵਰ, ਮਨੁੱਖਾਂ ਦੀ ਗੱਲ ਸਮਝ ਵੀ ਸਕਦੇ ਹਨ ਤੇ ਉਨ੍ਹਾਂ ਨੂੰ ਆਪਣੀ ਗੱਲ ਸਮਝਾ ਵੀ ਸਕਦੇ ਹਨ। ਇਸ ਵਿਡੀਓ ਨੇ ਮੈਨੂੰ ਇਸ ਵਿਸ਼ੇ ਬਾਰੇ ਖੋਜ ਕਰਨ ਦੇ ਰਾਹੇ ਪਾ ਦਿੱਤਾ। ਮੈਨੂੰ ਚੇਤੇ ਹੈ, ਹਰੀਆਂ ਅੱਖਾਂ ਵਾਲ਼ੀ ਉਹ ਕਾਲ਼ੀ ਬਿੱਲੀ, ਜੋ ਕਿਸੇ ਦੀ ਗੱਲ ਵੱਲ ਕੰਨ ਨਹੀਂ ਧਰਦੀ ਸੀ ਤੇ ਅੰਨਾ ਦੀ ਵਿਡੀਓ ਨੇ ਮੈਨੂੰ ਉਹ ਵੇਲ਼ਾ ਯਾਦ ਕਰਾ ਦਿੱਤਾ, ਜਦੋਂ ਮੈਂ ਤੇ ਉਹ ਬਿੱਲੀ ਆਪਸ ਵਿਚ ਗੱਲਾਂ ਕਰਿਆ ਕਰਦੀਆਂ ਸਾਂ। ਮੈਂ ਅਕਸਰ ਆਪਣੀ ਮਾਂ ਨੂੰ ਪੁੱਛਣਾ ਕਿ ਉਹ ਬਿੱਲੀ ਕਿੱਥੇ ਹੈ। ਫਿਰ ਮੈਂ ਆਪਣੀ ਮਾਂ ਨੂੰ ਦੱਸਣਾ ਕਿ ਉਹ ਕਿਸ ਗੱਲੋਂ ਬੇਚੈਨ ਹੈ ਜਾਂ ਉਸ ਨੂੰ ਕੁੱਝ ਚਾਹੀਦਾ ਹੈ। ਮੇਰੀ ਮਾਂ ਨੂੰ ਪਤਾ ਸੀ ਕਿ ਮੈਂ ਕੁੱਝ ਖ਼ਾਸ ਹੁਨਰ ਸਿੱਖੇ ਹੋਏ ਹਨ। ਉਹ ਮੈਨੂੰ ਉਤਸ਼ਾਹ ਦਿੰਦੀ ਹੁੰਦੀ ਸੀ ਕਿ ਮੈਂ ਇਸ ਸਭ ਕੁੱਝ ਨੂੰ ਇਕ ਕਿੱਤੇ ਵਜੋਂ ਅਪਣਾਅ ਲਵਾਂ। 2017 ਵਿਚ ਮੈਂ ਜਾਨਵਰਾਂ ਨਾਲ਼ ਗੱਲ-ਬਾਤ ਕਰਨ ਸਬੰਧੀ ਇਕ 'ਆਨਲਾਈਨ ਕੋਰਸ' ਵਿਚ ਦਾਖ਼ਲ ਹੋ ਗਈ। ਇਸ ਖ਼ਾਤਰ ਸਾਨੂੰ ਓਪਰੇ ਬੰਦਿਆਂ ਦੇ ਪਾਲਤੂ ਜਾਨਵਰਾਂ ਨਾਲ਼ ਅਭਿਆਸ ਕਰਨ ਦੀ ਲੋੜ ਸੀ। ਮੈਂ, ਤਜਰਬਾ ਹਾਸਲ ਕਰਨ ਖ਼ਾਤਰ 'ਸੇਵਾ' ਹੀ ਕੀਤੀ। ਮੈਂ, ਗੁਆਚੇ ਹੋਏ ਪਾਲਤੂ ਜਾਨਵਰ ਲੱਭਣ ਵਾਲ਼ਿਆਂ ਨਾਲ਼ ਕੰਮ ਕੀਤਾ। ਇਕ 'ਐੱਨ. ਜੀ. ਓ.' ਵਿਚ, ਜਿੱਥੇ ਮੈਂ ਕੰਮ ਕਰਦੀ ਹੁੰਦੀ ਸਾਂ, ਲੋਕ ਮੈਨੂੰ 'ਕੁੜੀ ਨਹੀਂ, ਜਾਦੂ ਦੀ ਪੁੜੀ' ਕਹਿੰਦੇ ਹੁੰਦੇ ਸੀ।"
    ਲਾਗੇ ਰੱਖੀ ਹੋਈ, ਪਾਣੀ ਦੀ ਬੋਤਲ ਵਿਚੋਂ ਦੋ ਘੁੱਟ ਭਰ ਕੇ ਅਕਸ਼ਯਾ ਕਾਵਲੇ ਫਿਰ ਬੋਲ ਪਈ, "ਜਨਵਰੀ 2018 ਵਿਚ ਮੈਂ, ਪੁਣੇ ਵਿਖੇ ਜਾਨਵਰਾਂ ਦੀ ਗੱਲ ਸਮਝਣ ਅਤੇ ਉਨ੍ਹਾਂ ਨੂੰ ਆਪਣੀ ਗੱਲ ਸਮਝਾਉਣ ਸਬੰਧੀ, ਮੰਜਿਰੀ ਲਾਟੇ ਨਾਂ ਦੀ ਇਕ ਬੀਬੀ ਵੱਲੋਂ ਇਕ ਵਰਕਸ਼ਾਪ ਲਾਉਣ ਸਬੰਧੀ ਇਕ ਇਸ਼ਤਿਹਾਰ ਦੇਖਿਆ। ਇਹ ਵਰਕਸ਼ਾਪ, ਮਾਰਚ ਵਿਚ ਲਗਾਈ ਜਾਣੀ ਸੀ ਤੇ ਇਸ ਦੀ ਫੀਸ 11,800 ਰੁਪਏ ਸੀ। ਇਸ ਫੀਸ ਦਾ ਜੁਗਾੜ ਕਰਨ ਖ਼ਾਤਰ, ਮੈਂ ਆਪਣੀਆਂ ਸੇਵਾਵਾਂ ਬਦਲੇ ਫੀਸ ਉਗਰਾਹੁਣ ਲੱਗ ਪਈ। ਮੈਂ ਇਕ ਸੈਸ਼ਨ ਦੇ 500 ਰੁਪਏ ਲੈਣ ਨਾਲ਼ ਸ਼ੁਰੂਆਤ ਕੀਤੀ ਤੇ ਮੈਂ ਉਸ ਵਰਕਸ਼ਾਪ ਦੇ ਦਾਖ਼ਲੇ ਲਈ ਲੋੜੀਂਦੀ ਰਕਮ ਤੋਂ ਕਿਤੇ ਵੱਧ ਪੈਸੇ ਜੋੜ ਲਏ। ਮੈਂ ਬੱਸ ਐਵੇਂ ਹੀ ਉਸ ਵਰਕਸ਼ਾਪ ਵਿਚ ਦਾਖ਼ਲ ਹੋ ਗਈ। ਅੱਜ, ਹਰ ਰੋਜ਼ ਮੇਰੇ ਕੋਲ, ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚੋਂ 8-10 ਦਰਖ਼ਾਸਤਾਂ ਆ ਜਾਂਦੀਆਂ ਹਨ। ਮੈਂ 'ਵਟਸਐਪ' ਉੱਤੇ ਸਲਾਹ ਦੇਣ ਦਾ 1,000 ਰੁਪਿਆ ਲੈਂਦੀ ਹਾਂ ਤੇ ਇਕ ਘੰਟੇ ਲਈ ਫੋਨ ਉੱਤੇ ਸਲਾਹ ਦੇਣ ਦੇ 2,000 ਰੁਪਏ ਲੈਂਦੀ ਹਾਂ।"
    ਉਸ ਨੂੰ ਕੁੱਝ ਦਿਲਚਸਪ ਅਨੁਭਵ ਵੀ ਹੋਏ?
   "ਮੇਰੇ ਨਾਲ਼ ਇਹੋ ਜਿਹਾ ਬੜਾ ਕੁੱਝ ਵਾਪਰਿਆ, ਜਿਸ ਬਾਰੇ ਯਕੀਨ ਨਹੀਂ ਆ ਸਕਦਾ। ਜਿੱਦਾਂ, ਮੈਨੂੰ ਯਾਦ ਹੈ ਕਿ ਮੈਂ ਇਕ ਲੈਬਰਾਡੋਰ ਕੁੱਤੇ ਨਾਲ਼ ਮਨੋਂ ਸੰਪਰਕ ਕਰਨ ਦੇ ਹੀਲੇ ਕਰ ਰਹੀ ਸਾਂ। ਉਹ, ਉਸ ਵੇਲ਼ੇ 13 ਸਾਲਾਂ ਦਾ ਸੀ ਤੇ ਉਸ ਦੇ ਇਕ ਰਸੌਲ਼ੀ ਵੀ ਨਿੱਕਲੀ ਹੋਈ ਸੀ। ਉਸ ਦੀ ਮਾਲਕਣ ਨੇ, ਆਪਣੇ ਕੁੱਤੇ ਦਾ ਦੁੱਖ ਦੇਖਿਆ ਨਾ ਜਾਂਦਾ ਹੋਣ ਕਰ ਕੇ ਮੈਨੂੰ ਬੁਲਾਇਆ ਸੀ। ਉਨ੍ਹਾਂ ਦੇ ਡਾਕਟਰ ਨੇ ਹੀ ਉਨ੍ਹਾਂ ਨੂੰ ਮੇਰੇ ਨਾਲ਼ ਸੰਪਰਕ ਕਰਨ ਖ਼ਾਤਰ ਕਿਹਾ ਸੀ। ਜਦੋਂ ਮੈਂ ਉਸ ਕੁੱਤੇ ਨਾਲ਼ ਅੱਖ ਰਲ਼ਾਈ ਤਾਂ ਕੁੱਤੇ ਨੇ ਮੈਨੂੰ 'ਦੱਸਿਆ' ਕਿ ਉਸ ਨੇ ਆਪਣੇ-ਆਪ ਨੂੰ ਆਪਣੇ ਸਰੀਰ ਨਾਲ਼ੋਂ 'ਵੱਖ ਕਰ ਲਿਆ' ਹੋਇਆ ਹੈ। ਉਹ ਆਪਣੀ ਮਾਲਕਣ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਹੁਣ ਉਸ ਨੂੰ ਦੁੱਖ ਨਹੀਂ ਲੱਗਦਾ ਤੇ ਹੁਣ ਉਹ, ਆਪਣੇ 14ਵੇਂ ਜਨਮ ਦਿਨ ਤਕ ਆਪਣੇ-ਆਪ ਨਾਲ਼ ਹੀ ਰਹਿਣਾ ਚਾਹੁੰਦਾ ਹੈ। ਉਸ ਦਾ ਜਨਮ ਦਿਨ 22 ਫਰਵਰੀ ਨੂੰ ਸੀ। ਉਸ ਕੁੱਤੇ ਨੇ ਉਸ ਨੂੰ ਇਹ ਵੀ ਦੱਸਿਆ ਕਿ ਉਸ ਕੁੜੀ (ਮਾਲਕਣ) ਨਾਲ਼ ਉਸ ਦਾ ਸਬੰਧ ਕਾਫੀ ਪਿੱਛੇ ਤੋਂ ਹੈ। ਉਸ ਨੇ ਦੱਸਿਆ ਕਿ ਕਦੇ ਉਹ, ਉਸ ਕੁੜੀ ਦਾ ਭਰਾ ਸੀ ਤੇ ਉਸ ਦੀ ਮੌਤ ਬਹੁਤ ਪਹਿਲਾਂ ਹੋ ਗਈ ਸੀ। ਜਦੋਂ ਮੈਂ ਇਹ ਸਾਰਾ ਕੁੱਝ ਉਸ ਕੁੜੀ ਨੂੰ ਦੱਸਿਆ, ਉਹ ਫੁੱਟ-ਫੁੱਟ ਰੋ ਪਈ। ਮੈਂ ਕੁੜੀ ਨੂੰ ਦਿਲਾਸਾ ਦਿੱਤਾ ਤਾਂ ਉਸ ਨੇ ਦੱਸਿਆ ਕਿ 15 ਸਾਲ ਪਹਿਲਾਂ, ਕਿੱਦਾਂ ਉਸ ਦਾ 11 ਸਾਲਾਂ ਦਾ ਭਰਾ ਮਰ ਗਿਆ ਸੀ। ਉਸ ਦੇ ਪਰਿਵਾਰ ਨੇ ਉਸ ਦੇ ਭਰਾ ਦੀ ਘਾਟ ਪੂਰੀ ਕਰਨ ਦਾ ਹੀਲਾ ਕਰਦਿਆਂ ਉਸ ਨੂੰ ਇਹ ਲੈਬਰਾਡੋਰ ਕੁੱਤਾ ਲਿਆ ਕੇ ਦਿੱਤਾ ਸੀ। ਮੈਂ ਉਸ ਵੇਲ਼ੇ ਤਾਂ ਇਸ ਗੱਲ ਬਾਰੇ ਮਹਿਸੂਸ ਨਾ ਕੀਤਾ ਕਿਉਂ ਕਿ ਮੈਂ ਆਪਣਾ ਕੰਮ ਕਰ ਰਹੀ ਸਾਂ, ਪਰ ਜਦੋਂ ਮੈਂ ਘਰ ਆਈ ਤਾਂ ਮੈਂ ਉਸ ਦਿਨ ਵਾਪਰੀ, ਉਸ ਘਟਨਾ ਦੀ ਡੁੰਘਾਈ ਮਹਿਸੂਸ ਕੀਤੀ।"
    "ਇਕ ਔਰਤ ਦੀ ਬਿੱਲੀ, ਉਸ (ਔਰਤ) ਦੀ ਸਿਗਰਟ ਪੀਣ ਦੀ ਆਦਤ ਤੋਂ ਦੁਖੀ ਹੋ ਕੇ ਉਸ ਦਾ ਕਿਹਾ ਮੰਨਣੋਂ ਹਟ ਗਈ। ਜਦੋਂ ਮੈਂ ਬਿੱਲੀ ਵੱਲੋਂ ਦੱਸੀ ਹੋਈ ਗੱਲ, ਉਸ ਨੂੰ ਦੱਸੀ ਤਾਂ ਉਹ ਮੰਨ ਗਈ ਕਿ ਉਸ ਨੇ ਹਾਲ ਹੀ ਵਿਚ ਸਿਗਰਟਾਂ ਪੀਣੀਆਂ ਸ਼ੁਰੂ ਕੀਤੀਆਂ ਹਨ। ਇਸ ਦੇ ਨਾਲ਼ ਹੀ ਉਹ ਇਸ ਗੱਲ 'ਤੇ ਅੜ ਗਈ ਕਿ ਉਸ ਨੇ ਬਿੱਲੀ ਦੇ ਸਾਹਮਣੇ ਕਦੇ ਸਿਗਰਟ ਪੀਤੀ ਹੀ ਨਹੀਂ।"
     ਹਰ ਕੋਈ ਇਹ ਹੁਨਰ ਸਿੱਖ ਸਕਦੈ?
    "ਦੇਖੋ ਜੀ, ਹਰ ਮਨੁੱਖ ਵਿਚ ਕੁੱਝ ਗੁਣ, ਜਨਮ ਤੋਂ ਹੀ ਹੁੰਦੇ ਹਨ। ਜਦੋਂ 6-7 ਸਾਲ ਦੀ ਉਮਰ ਤਕ ਅਸੀਂ ਉਹ ਗੁਣ ਵਰਤਣੇ ਸ਼ੁਰੂ ਨਹੀਂ ਕਰਦੇ ਤਾਂ ਉਹ ਅਵਚੇਤਨ ਹਾਲਤ ਪਏ ਰਹਿੰਦੇ ਹਨ। ਇਹ ਓਦਾਂ ਹੀ ਹੈ, ਜਿੱਦਾਂ ਮਾਵਾਂ ਆਪਣੇ ਅਬੋਧ ਬੱਚਿਆਂ ਦੇ ਮਨ ਦੀਆਂ ਗੱਲਾਂ ਜਾਣ ਲੈਂਦੀਆਂ ਹਨ। ਜਾਨਵਰ ਵੀ ਜੇ ਤੁਹਾਡੇ ਪਿਆਰ ਨੂੰ ਪਛਾਣਦੇ ਹਨ, ਗੁੱਸੇ ਤੋਂ ਡਰਦੇ ਹਨ ਤਾਂ ਕੀ ਉਹ ਤੁਹਾਡੇ ਸੁਆਲਾਂ ਦੇ ਜੁਆਬ ਨਹੀਂ ਦੇ ਸਕਦੇ?"
    ਇਸ ਹੁਨਰ ਦੇ ਰਾਹ ਵਿਚ ਅੜਿੱਕੇ ਵੀ ਹਨ?
"ਮਨੁੱਖ ਦੀ ਆਪਣੀ ਸਿਆਣਪ ਹੀ ਵੱਡਾ ਅੜਿੱਕਾ ਹੈ। ਜਦੋਂ ਮੈਂ ਦੱਸਦੀ ਹਾਂ ਕਿ ਤੁਹਾਡਾ ਜਾਨਵਰ ਇਹ ਦੱਸਦਾ/ ਦੱਸਦੀ ਹੈ ਤਾਂ 'ਭਲਾ ਜਾਨਵਰ ਵੀ ਬੋਲਦੇ ਨੇ? ਜੇ ਬੋਲਦੇ ਹੀ ਨੇ ਤਾਂ ਸਾਡੇ ਨਾਲ਼ ਕਿਉਂ ਨਹੀਂ ਬੋਲਦੇ?' ਵਰਗੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਇਕ 'ਕਮਿਊਨੀਕੇਟਰ' ਵਜੋਂ ਮੇਰਾ ਫ਼ਰਜ਼ ਲੋਕਾਂ ਨੂੰ ਦੱਸਣਾ ਹੈ। ਉਨ੍ਹਾਂ ਨੂੰ ਮਨਾਉਣਾ ਮੇਰਾ ਕੰਮ ਨਹੀਂ ਹੈ!"#