ਸ਼ਬਦੰਗਲ-110

ਆਸਾਂ ਦੇ ਘੁੱਟ ਪਿਲਾਉਣ ਵਾਲ਼ਾ ਕੈਫੇ 
<><><><><><><><><>
     ਅਮਰੀਕੀ ਸ਼ਹਿਰ ਸ਼ਿਕਾਗੋ ਉੱਥੇ ਆਉਂਦੀਆਂ ਹਨੇਰੀਆਂ ਲਈ ਜਾਂ ਕਮਿਊਨਿਸਟਾਂ ਦੇ ਝੰਡੇ ਦੇ ਰੰਗ-ਢੰਗ ਲਈ ਹੀ ਮਸ਼ਹੂਰ ਨਹੀਂ ਹੈ, ਹੁਣ ਉਸ ਦੀ ਮਸ਼ਹੂਰੀ ਵਿਚ ਵਾਧਾ ਕਰਦਾ ਹੈ ਇਕ ਕੈਫੇ। ਇਹ ਕੈਫੇ ਇਸ ਸ਼ਹਿਰ ਦੇ ਲੋਗਨ ਸੁਕੇਅਰ ਨੇੜੇ ਸਥਿਤ ਹੈ। ਇਸ ਕੈਫੇ ਵਿਚ ਗਾਹਕ, ਕੌਫੀ ਪੀਣ ਦੇ ਬਹਾਨੇ ਆ ਕੇ 'ਆਸ ਦੇ ਘੁੱਟ' ਭਰ ਕੇ ਜਾਂਦੇ ਹਨ। ਜਿਨ੍ਹਾਂ ਲੋਕਾਂ ਨੂੰ ਹਾਲੇ ਇਸ ਕੈਫੇ ਦੀ ਇਸ ਕਰਾਮਾਤੀ ਬਰਕਤ ਦਾ ਇਲਮ ਨਹੀਂ ਹੈ, ਉਹ ਇੱਥੇ ਤੱਤੀ-ਤੱਤੀ 'ਲਾਟੇ' ਪੀਣ ਅਤੇ ਕੋਸੀ-ਕੋਸੀ ਪੇਸਟਰੀ ਖਾਣ ਹੀ ਆਉਂਦੇ ਹਨ। ਹੁਣੇ-ਹੁਣੇ ਸ਼ਿਕਾਗੋ ਜਾ ਕੇ ਮੁੜਿਆ ਸਾਡਾ ਇਕ ਮਿੱਤਰ, ਇਸ ਕੈਫੇ ਦੇ ਮਾਲਕ ਜੌਨੀ ਬਾਊਚਰ ਦੀਆਂ ਸਿਫ਼ਤਾਂ ਕਰਨੋਂ ਨਹੀਂ ਹਟਦਾ। ਉਹ ਦੱਸਦਾ ਹੈ ਕਿ ਭਾਵੇਂ ਜੌਨੀ ਬਾਊਚਰ ਆਪਣੇ ਗਾਹਕਾਂ ਦੀ ਸੇਵਾ ਕਰਨ ਵਿਚ ਕੋਈ ਕਸਰ ਨਹੀਂ ਛੱਡਦਾ, ਪਰ ਫਿਰ ਵੀ ਕਦੇ-ਕਦੇ ਉਹ ਇਹ ਵੀ ਕਹਿ ਦਿੰਦਾ ਹੈ ਕਿ ਉਸ ਨੇ ਇਹ ਕੈਫੇ, ਗਾਹਕਾਂ ਨੂੰ ਕੌਫੀ ਪਿਲਾ ਕੇ ਉਨ੍ਹਾਂ ਦੇ ਜੂਠੇ ਭਾਂਡੇ ਧੋਣ ਖ਼ਾਤਰ ਹੀ ਨਹੀਂ ਖੋਲ੍ਹਿਆ ਹੋਇਆ।

     ਫਿਰ ਉਸ ਦੇ ਗਾਹਕਾਂ ਵਿਚੋਂ ਕੋਈ ਜਣਾ ਉਸ ਨੂੰ 'ਫਿਰ ਇਹ ਕੈਫੇ ਤੂੰ ਕਿਉਂ ਖੋਲ੍ਹਿਆ ਹੋਇਆ?' ਵਰਗਾ ਸੁਆਲ ਵੀ ਕਰਨੋਂ ਵੀ ਡਰਦਾ ਰਹਿੰਦਾ ਹੈ ਕਿ ਕਿਤੇ ਉਹ ਨਰਾਜ਼ ਹੋ ਕੇ 'ਆਸ ਦੇ ਘੁੱਟਾਂ' ਦਾ ਇਹ 'ਚਸ਼ਮਾ' ਹੀ ਬੰਦ ਨਾ ਕਰ ਜਾਵੇ। 'ਸਿੱਪ ਆਫ ਹੋਪ' ਯਾਨੀ 'ਆਸ ਦਾ ਘੁੱਟ' ਨਾਂ ਦਾ ਇਹ ਕੈਫੇ ਅਸਲ ਵਿਚ, 2011 ਵਿਚ ਬਾਊਚਰ ਵੱਲੋਂ ਕੋਈ ਕਮਾਈ ਨਾ ਕਰਨ ਖ਼ਾਤਰ ਸਥਾਪਤ ਕੀਤੀ ਹੋਈ ਸੰਸਥਾ 'ਹੋਪ ਫਾਰ ਦ ਡੇ' ਦਾ ਹੀ ਇਕ ਅੰਗ ਹੈ, ਜੋ ਲੋਕਾਂ ਨੂੰ ਮਾਨਸਕ ਬਿਮਾਰੀਆਂ ਤੋਂ ਪਰ੍ਹਾਂ ਕਰ ਕੇ, ਉਨ੍ਹਾਂ ਨੂੰ ਇਕ ਖ਼ਾਸ ਤਰ੍ਹਾਂ ਦੀ ਸਿੱਖਿਆ-ਦੀਖਿਆ ਦੇ ਕੇ, ਇਨ੍ਹਾਂ ਬਿਮਾਰੀਆਂ ਦੀ ਵਜ੍ਹਾ ਨਾਲ਼ ਆਪਣੀ ਜਾਨ ਲੈਣ ਤੋਂ ਰੋਕਦੀ ਹੈ ਅਤੇ ਜੀਣ ਦੀ ਆਸ ਦੇ ਘੁੱਟ ਪਿਲਾ ਕੇ ਵਿਦਾ ਕਰਦੀ ਹੈ।
     ਹਰ ਰੋਜ਼ 300 ਤੋਂ ਵੱਧ ਲੋਕਾਂ ਨੂੰ ਕੌਫੀ ਵਰਤਾਉਂਦਾ ਇਹ ਕੈਫੇ, ਕੌਫੀ ਪੀਣ ਆਉਣ ਵਾਲ਼ਿਆਂ ਨੂੰ ਉਹ ਟਿਕਾਣਾ ਵੀ ਦਿੰਦਾ ਹੈ, ਜਿੱਥੇ ਬੈਠ ਕੇ ਉਹ ਆਪਣੀਆਂ ਮਾਨਸਕ ਬਿਮਾਰੀਆਂ ਅਤੇ ਉਨ੍ਹਾਂ ਦੇ ਖ਼ਿਲਾਫ਼ ਆਪਣੇ ਵੱਲੋਂ ਕੀਤੀ ਜਾਂਦੀ ਜਦੋ-ਜਹਿਦ ਬਾਰੇ ਖੁੱਲ੍ਹ ਕੇ ਗੱਲਾਂ ਕਰ ਸਕਦੇ ਹਨ। ਇਸ ਕੈਫੇ ਦੇ ਹਰ ਮੁਲਾਜ਼ਮ ਨੂੰ ਮਾਨਸਕ ਬਿਮਾਰੀਆਂ ਦੇ ਮਰੀਜ਼ਾਂ ਨਾਲ਼ ਗੱਲਾਂ ਕਰਨ ਦੀ ਅਤੇ ਉਨ੍ਹਾਂ ਨੂੰ ਆਤਮਘਾਤ ਦੇ ਰਾਹੋਂ ਮੋੜਨ ਦੀਆਂ ਮੱਤਾਂ ਦੇਣ ਦੀ ਵਿਸ਼ੇਸ਼ ਸਿਖਲਾਈ ਦਿੱਤੀ ਹੋਈ ਹੈ। ਇਹ ਕੈਫੇ, ਜਹਾਨ ਦਾ ਇਹੋ ਜਿਹਾ ਪਹਿਲਾ ਕੈਫੇ ਹੈ, ਜੋ ਆਪਣੀ ਸਾਰੀ ਦੀ ਸਾਰੀ ਕਮਾਈ, ਆਤਮਘਾਤ ਰੋਕਣ ਅਤੇ ਮਾਨਸਕ ਸਿਹਤ ਸੰਭਾਲ ਕਰਨ ਖ਼ਾਤਰ ਦਾਨ ਕਰਦਾ ਹੈ।
     ਸਾਡੇ ਮਿੱਤਰ ਨੇ ਦੱਸਿਆ ਕਿ ਉਸ ਨੇ ਇਸ ਕੈਫੇ ਦੇ ਮਾਲਕ ਬਾਊਚਰ ਨਾਲ਼ ਗੱਲਾਂ ਕੀਤੀਆਂ ਤੇ ਦੇਖਿਆ ਕਿ ਉਸ ਨੂੰ ਮਾਨਸਕ ਬਿਮਾਰੀਆਂ ਦੇ ਮਰੀਜ਼ਾਂ ਨੂੰ ਆਪਣੀਆਂ ਜਾਨਾਂ ਦੇਣੋਂ ਰੋਕਣ ਦੀਆਂ ਗੱਲਾਂ ਕਰਨ ਵਿਚ ਹੀ ਬਹੁਤੀ ਦਿਲਚਸਪੀ ਹੈ। ਉਹ, ਆਪਣੇ ਇਸ ਕੰਮ ਬਾਰੇ ਪੁੱਛੇ ਗਏ ਹਰ ਸੁਆਲ ਦਾ ਜੁਆਬ ਬਹੁਤ ਹੀ ਦਿਲਚਸਪੀ ਨਾਲ਼ ਦਿੰਦਾ ਹੈ। ਉਸ ਨੇ ਦੱਸਿਆ ਕਿ ਅਮਰੀਕਾ ਵਿਚ ਹੀ ਹਰ ਦਿਨ, 121 ਵਿਅਕਤੀ ਆਤਮਘਾਤ ਕਰਦੇ ਹਨ। ਉਸ ਦੇ ਆਪਣੇ ਪਰਿਵਾਰ ਦੇ ਜੀਆਂ ਅਤੇ ਦੋਸਤਾਂ ਵਿਚੋਂ 16 ਜਣੇ ਆਪ ਹੀ, ਆਪਣੀਆਂ ਜਾਨਾਂ ਲੈ ਚੁੱਕੇ ਹਨ। ਇਸ ਤਰ੍ਹਾਂ ਮਰਨ ਵਾਲ਼ਿਆਂ ਵਿਚ, ਉਸ ਦਾ, ਸੰਗੀਤ ਦਾ ਉਸਤਾਦ ਮਾਈਕ ਸਕੈਨਲੈਂਡ ਵੀ ਸ਼ਾਮਲ ਹੈ।
     ਸਕੈਨਲੈਂਡ ਵੱਲੋਂ ਆਪਣੀ ਜਾਨ ਲੈਣ ਮਗਰੋਂ ਬਾਊਚਰ ਨੇ ਸੰਗੀਤ-ਸੰਸਾਰ ਤਿਆਗ ਦਿੱਤਾ ਅਤੇ ਆਪਣੇ-ਆਪ ਨੂੰ ਆਤਮਘਾਤ ਰੋਕਣ ਦੇ ਲੇਖੇ ਲਾ ਦਿੱਤਾ। ਇਕ ਰਾਤ, ਜਦੋਂ ਉਸ ਨੇ ਰੱਜਵੀਂ ਦਾਰੂ ਪੀਤੀ ਹੋਈ ਸੀ ਤਾਂ ਉਸ ਨੇ ਆਪਣਾ ਕੰਪਿਊਟਰ ਖੋਲ੍ਹ ਕੇ ਇਕ ਗ਼ੈਰਮੁਨਾਫ਼ਾ ਕੰਪਨੀ ਰਜਿਸਟਰ ਕਰਾ ਲਈ। ਜਦੋਂ ਅਗਲੇ ਦਿਨ, ਸ਼ਰਾਬ ਦੀ ਭਾਨ ਵਿਚ ਹੀ ਉਸ ਦੀ ਅੱਖ ਖੁੱਲ੍ਹੀ ਤਾਂ ਉਸ ਨੂੰ ਪੂਰੀ ਤਰ੍ਹਾਂ ਯਾਦ ਸੀ ਕਿ ਰਾਤੀਂ ਉਸ ਨੇ ਕੀ ਕੀਤਾ ਸੀ। ਉਸ ਨੂੰ ਰਾਤੀਂ ਰਜਿਸਟਰ ਕਰਾਈ ਕੰਪਨੀ ਦਾ ਨਾਂ ਤਕ ਵੀ ਯਾਦ ਸੀ ਤੇ ਉਸ ਨੇ ਆਪਣੇ-ਆਪ ਨੂੰ ਹੀ ਕਿਹਾ, "ਹਾਂ, ਮੇਰਾ ਖ਼ਿਆਲ ਹੈ ਕਿ ਮੈਂ ਹੁਣ ਇਹੋ ਕੰਮ ਕਰਾਂਗਾ!"
    'ਹੋਪ ਫਾਰ ਦ ਡੇ' ਸਬੰਧੀ 'ਖੋਜ ਤੇ ਵਿਕਾਸ' ਦੇ ਆਰੰਭਕ ਦਿਨਾਂ ਦੌਰਾਨ, ਬਾਊਚਰ ਨੇ ਸ਼ਿਕਾਗੋ ਅਤੇ ਇਸ ਦੇ ਆਲ਼ੇ-ਦੁਆਲ਼ੇ ਇਹੋ ਜਿਹੀਆਂ ਹੋਰ ਗ਼ੈਰਮੁਨਾਫ਼ਾ ਮਾਨਸਕ ਸਿਹਤ ਸੰਸਥਾਵਾਂ ਬਾਰੇ ਖੋਜ ਕੀਤੀ। ਉਸ ਨੇ ਦੇਖਿਆ ਕਿ ਇਹੋ ਜਿਹੀਆਂ ਤਕਰੀਬਨ ਸਾਰੀਆਂ ਸੰਸਥਾਵਾਂ ਫੰਡ ਖੁਣੋਂ ਥੁੜ ਕੇ ਬੰਦ ਹੋਣ ਵਾਲ਼ੀਆਂ ਹਨ। ਉਸ ਨੇ ਇਹ ਵੀ ਦੱਸਿਆ ਕਿ 'ਹੋਪ ਫਾਰ ਦ ਡੇ' ਨੂੰ ਵੀ ਅਜੇ ਤਕ ਇਲੀਨੋਇਸ ਸਰਕਾਰ ਤੋਂ ਇਕ ਸੈਂਟ ਤਕ ਨਹੀਂ ਮਿਲਿਆ। ਬਾਊਚਰ ਨੇ ਕਿਹਾ, "ਹੋਰ ਤਾਂ ਹੋਰ, ਜਿਸ ਨੂੰ ਵੀ ਇਸ ਸਬੰਧ ਵਿਚ ਫੰਡ ਦਾ ਕੋਈ ਜੁਗਾੜ ਕਰਨ ਲਈ ਕਿਹਾ ਗਿਆ, ਉਸ ਤੋਂ ਇਹੋ ਕੁੱਝ ਸੁਣਿਆ, 'ਮੈਨੂੰ ਇਹ ਜਾਗ੍ਰਿਤੀ ਤੇ ਪ੍ਰਚਾਰ ਵਰਗੇ ਸ਼ਬਦਾਂ ਤੋਂ ਸਾਲ਼ੀ ਖੁੰਧਕ ਹੀ ਬੜੀ ਆਉਂਦੀ ਹੈ।' ਗੱਲ ਕੀ, ਹਰ ਕੋਈ ਕਿਸੇ ਨਾ ਕਿਸੇ ਬਹਾਨੇ ਲੜ ਛੁਡਾ ਕੇ ਖਿਸਕ ਜਾਂਦਾ। ਮੈਂ ਆਪਣੀ ਜਾਨ ਹੂਲ ਕੇ ਵੀ 'ਹੋਪ ਫਾਰ ਦ ਡੇ' ਨੂੰ ਸਿਰੇ ਚੜ੍ਹਾਉਣ ਦਾ ਤੇ ਲੋਕਾਂ ਦੀ ਸੇਵਾ ਕਰਨ ਦਾ ਪ੍ਰਣ ਜਿਹਾ ਹੀ ਕਰ ਲਿਆ।"
     ਕੌਫੀ ਨੂੰ ਹੀ 'ਆਤਮਘਾਤ ਰੋਕਣ ਦੀ ਦਵਾਈ' ਬਣਾਉਣ ਦਾ ਖ਼ਿਆਲ ਕਿੱਦਾਂ ਆ ਗਿਆ? ਇਕ ਟੀਵੀ ਚੈਨਲ ਵੱਲੋਂ ਇਸ ਕੈਫੇ ਦੇ ਸਬੰਧ ਵਿਚ ਇਕ ਪ੍ਰੋਗਰਾਮ ਫ਼ਿਲਮਾਉਣ ਦੌਰਾਨ ਕੀਤੇ ਇਸ ਸੁਆਲ ਦਾ ਜੁਆਬ ਦਿੰਦਿਆਂ ਬਾਊਚਰ ਨੇ ਕਿਹਾ, "2016 ਦੀ ਗੱਲ ਹੈ ਕਿ 'ਹੋਪ ਫਾਰ ਦ ਡੇ' ('ਦਿਨ ਲਈ ਆਸ') ਨਾਂ ਦੀ ਇਸ ਸੰਸਥਾ ਨੇ 'ਡਾਰਕ ਮੈਟਰ ਕੌਫੀ' ਨਾਂ ਇਕ ਕੰਪਨੀ ਨਾਲ਼ 'ਸਿੱਪ ਆਫ ਹੋਪ' (ਆਸ ਦਾ ਘੁਟ) ਨਾਂ ਦੀ ਵਧੀਆ ਕਾਫੀ ਬਣਾਉਣ ਖ਼ਾਤਰ ਇਕ ਇਕਰਾਰਨਾਮਾ ਕੀਤਾ। ਉਨ੍ਹਾਂ ਨੇ ਇਹ ਕਾਫੀ ਬਣਾ ਕੇ ਇਲਾਕੇ ਵਿਚ 'ਹੋਲ ਫੂਡ ਸਟੋਰਾਂ' ਨੂੰ ਦੇਣੀ ਸ਼ੁਰੂ ਕਰ ਦਿੱਤੀ। ਇਹ ਸੌਦਾ ਤਾਂ ਚੰਗਾ ਸੀ, ਫਿਰ ਵੀ ਕੰਪਨੀ ਉਹ ਕਮਾਈ ਨਹੀਂ ਕਰ ਰਹੀ ਸੀ, ਜੋ ਮੇਰੀ ਇੱਛਾ ਅਨੁਸਾਰ ਵਸੀਲੇ ਪੈਦਾ ਕਰਨ ਲਈ ਖ਼ਰਚਣੀ ਬਣਦੀ ਸੀ। ਫਿਰ ਮੈਂ, 'ਡਾਰਕ ਮੈਟਰ ਕਾਫੀ' ਵਾਲ਼ਿਆਂ ਨੂੰ ਇਕ ਉਹ ਸਾਂਝੀ ਕਾਫੀ ਸ਼ਾਪ ਖੋਲ੍ਹਣ ਲਈ ਮਨਾ ਲਿਆ, ਜਿਹੜੀ ਵਸੀਲੇ ਅਤੇ ਜਾਣਕਾਰੀ ਦੇਣ ਦਾ ਅੱਡਾ ਵੀ ਹੋਵੇਗੀ।"
      ਇਸ ਤੋਂ ਅੱਗੇ ਬਾਊਚਰ ਨੇ ਕਿਹਾ, "ਸਾਡਾ ਇਰਾਦਾ ਇਹ ਸੀ ਕਿ ਅਸੀਂ ਉਸ ਕੈਫੇ ਵਿਚ ਆਏ ਲੋਕਾਂ ਨੂੰ ਮਿਲੀਏ ਤੇ ਫਿਰ ਉਨ੍ਹਾਂ ਨਾਲ਼ ਗੱਲਾਂ ਕਰ ਕੇ ਉਨ੍ਹਾਂ ਨੂੰ ਨਾ ਸਿਰਫ਼ ਤਾਕਤਵਰ ਬਣਾਈਏ, ਸਗੋਂ ਆਪਣੇ ਬਚਾਅ ਲਈ ਉੱਦਮੀ ਵੀ ਬਣਾਈਏ।" ਉਸ ਦਿਨ ਤੋਂ ਅੱਜ ਤਕ, 'ਹੋਪ ਫਾਰ ਦ ਡੇ' ਨੇ ਇਸ ਕੈਫੇ ਵਿਚ ਹਜ਼ਾਰਾਂ ਲੋਕਾਂ ਨੂੰ, ਆਪਣੀ ਮਾੜੀ ਮਾਨਸਕ ਹਾਲਤ ਤੋਂ ਛਟਕਾਰਾ ਦੁਆ ਕੇ, ਜੀਂਦੇ ਰਹਿਣ ਦੇ ਵਸੀਲੇ, ਸਾਧਨ ਅਤੇ ਬਹਾਨੇ ਦਿੱਤੇ ਹੋਏ ਹਨ। ਸੋ, ਇਸ ਕੈਫੇ ਵਿਚ ਬੈਠ ਕੇ ਕਾਫੀ ਪੀਣੀ ਤਾਂ ਬੱਸ ਕੈਫੇ ਦੇ ਅੰਦਰ ਆਉਣ ਦਾ ਟਿਕਟ ਲੈਣ ਵਾਂਗ ਹੀ ਹੈ।
     ਜਦੋਂ ਤੁਸੀਂ 'ਸਿੱਪ ਆਫ ਹੋਪ' ਕੈਫੇ ਅੰਦਰ ਵੜਦੇ ਹੋ ਤਾਂ ਤੁਹਾਨੂੰ ਪੂਰੀ ਕੰਧ ਉੱਤੇ ਬਣਾਇਆ ਹੋਇਆ ਇਕ 'ਸਾਈਨ' (ਬੋਰਡ) ਦਿਸੇਗਾ, ਜਿਸ ਉੱਤੇ 'ਹੋਪ ਫਾਰ ਦ ਡੇ' ਦਾ, ਇਕ ਅੰਗਰੇਜ਼ੀ ਮੁਹਾਵਰੇ ਵਰਗਾ ਫ਼ਿਕਰਾ ਲਿਖਿਆ ਦਿਸੇਗਾ, "ਇਟ'ਸ ਓਕੇ ਨਾਟ ਟੂ ਬੀ ਓਕੇ।" ਯਾਨੀ 'ਜੇ ਤੁਸੀਂ ਠੀਕ ਨਹੀਂ ਹੋ ਤਾਂ ਵੀ ਠੀਕ ਹੋ!' ਇਹ ਵਾਕ, ਇਕ ਤਰ੍ਹਾਂ ਨਾਲ਼ ਇਸ ਸੰਸਥਾ ਦਾ 'ਮਹਾਵਾਕ' ਹੈ।
     ਢਾਈ ਡਾਲਰ ਦਾ, 'ਡਾਰਕ ਮੈਟਰ ਕਾਫੀ' ਦਾ ਇਕ ਮੱਗ ਹੱਥ ਵਿਚ ਲੈ ਕੇ ਤੁਸੀਂ ਇਸ ਕੈਫੇ ਦੇ ਦਸ ਮੁਲਾਜ਼ਮਾਂ ਨਾਲ਼ ਗੱਲਾਂ ਕਰ ਸਕਦੇ ਹੋ, ਉਨ੍ਹਾਂ ਤੋਂ ਛੇਤੀ ਹੀ ਹੋਣ ਵਾਲ਼ੀ ਕਿਸੇ 'ਐਜੂਕੇਸ਼ਨਲ ਵਰਕਸ਼ਾਪ' ਵਿਚ ਸ਼ਿਰਕਤ ਕਰਨ ਬਾਰੇ ਜਾਣਕਾਰੀ ਲੈ ਸਕਦੇ ਹੋ ਅਤੇ ਮਾਨਸਕ ਸਿਹਤ ਸੇਵਾਵਾਂ ਸਬੰਧੀ ਸਾਹਿਤ ਲੈ ਸਕਦੇ ਹੋ। "ਸਾਡੇ ਸਟਾਫ ਵਿਚ ਸਾਰੇ ਹੀ ਮੇਰੇ ਵਾਂਗ ਪੱਕੇ ਸੇਵਾਦਾਰ ਹਨ," ਬਾਊਚਰ ਦਾ ਕਹਿਣ ਹੈ। ਇਨ੍ਹਾਂ ਵਰਕਸ਼ਾਪਾਂ ਵਿਚ ਖ਼ਾਸ ਤਰ੍ਹਾਂ ਦੀ ਮਾਨਸਕ ਸਿਹਤ ਸਿੱਖਿਆ ਦਿੱਤੀ ਜਾਂਦੀ ਹੈ। ਸਟਾਫ ਮੈਂਬਰ, ਆਏ ਹੋਏ ਲੋਕਾਂ ਸਬੰਧੀ ਡੂੰਘੀ ਜਾਣਕਾਰੀ ਹਾਸਲ ਕਰਨ ਲਈ, ਉਨ੍ਹਾਂ ਨਾਲ਼ ਗੱਲਾਂ ਕਰਦੇ ਹਨ ਅਤੇ ਉਨ੍ਹਾਂ ਲੋਕਾਂ ਅਤੇ ਉਨ੍ਹਾਂ ਨੂੰ ਦਿੱਤੀ ਜਾਣ ਵਾਲ਼ੀ ਜਾਣਕਾਰੀ ਅਤੇ ਸਾਧਨਾਂ ਵਿਚਾਲ਼ੇ ਪੁਲ ਬਣਨ ਦੇ ਹੀਲੇ ਕਰਦੇ ਹਨ। ਔਖੀ ਸ਼ਬਦਾਵਲੀ ਭਰੀਆਂ ਗੱਲਾਂ, ਬਾਊਚਰ ਅਤੇ ਉਸ ਦੇ ਸਾਥੀ ਤੇ ਸਾਥਣਾਂ ਬਹੁਤ ਸੌਖੇ ਢੰਗ ਨਾਲ਼ ਕਰ ਜਾਂਦੇ ਹਨ।
     ਕੁੱਝ ਹੀ ਸਮੇਂ ਵਿਚ, ਇਨ੍ਹਾਂ ਵਰਕਸ਼ਾਪਾਂ ਵਿਚ ਸ਼ਾਮਲ ਲੋਕ ਇਹ ਮਹਿਸੂਸ ਕਰਨ ਲੱਗ ਪੈਂਦੇ ਹਨ ਕਿ ਉਨ੍ਹਾਂ ਨੇ ਇਸ ਕੈਫੇ ਅੰਦਰ ਆ ਕੇ ਕੋਈ ਗੁਨਾਹ ਨਹੀਂ ਕੀਤਾ, ਕੋਈ ਮਿਹਣਾ ਨਹੀਂ ਸਹੇੜਿਆ।ਕਈ ਲੋਕ, ਵਾਰ-ਵਾਰ ਇੱਥੇ ਆ ਕੇ ਇੱਥੋਂ ਦੀ ਸੁਆਦਲੀ ਕਾਫੀ ਦੇ ਪੱਕੇ ਗਾਹਕ ਬਣ ਚੁੱਕੇ ਹਨ। ਉਹ, ਆਉਂਦੇ ਤਾਂ ਕਾਫੀ ਪੀਣ ਹੀ ਹਨ, ਪਰ ਉਹ, ਇਸ ਕੈਫੇ ਦੇ ਮਿਸ਼ਨ ਤੋਂ ਵੀ ਮੁਨਕਰ ਨਹੀਂ ਹਨ। ਇਸ ਕੈਫੇ ਵਿਚ ਪਹਿਲੀ ਵਾਰੀ ਆਉਣ ਵਾਲ਼ੇ ਲੋਕ, ਇਨ੍ਹਾਂ 'ਪੱਕੇ ਗਾਹਕਾਂ' ਦੀਆਂ ਗੱਲਾਂ ਸੁਣ ਕੇ ਸਮਝ ਜਾਂਦੇ ਹਨ ਕਿ ਉਹ ਵੀ ਉਨ੍ਹਾਂ ਦੇ ਮਦਦਗ਼ਾਰ ਹੀ ਹਨ। ਬਾਊਚਰ ਇੱਥੇ ਆਉਂਦੇ ਸਾਰੇ ਲੋਕਾਂ ਨੂੰ 'ਫਰੈਂਡਜ਼' ਕਹਿ ਕੇ ਹੀ ਸੰਬੋਧਨ ਕਰਦਾ ਹੈ।
      ਜੇ ਤੁਸੀਂ ਕਿਸੇ ਮਾਨਸਕ ਬਿਮਾਰੀ ਦੇ ਸਤਾਏ ਹੋਏ ਹੋ ਤੇ ਇਲਾਜ ਖ਼ਾਤਰ ਇਸ ਕੈਫੇ ਵਿਚ ਆਏ ਹੋ ਤੇ ਸਾਹਮਣੇ ਕਾਊਂਟਰ ਉੱਤੇ ਤੁਹਾਨੂੰ ਬਾਊਚਰ ਖੜ੍ਹਾ ਮਿਲਦਾ ਹੈ ਤਾਂ ਤੁਸੀਂ ਖ਼ੁਸ਼ਕਿਸਮਤ ਹੋ। ਜੇ ਉਸ ਦੀਆਂ ਬਾਹਾਂ ਉੱਤੇ ਟੈਟੂ ਖੁਣਵਾਏ ਹੋਏ ਹਨ ਤਾਂ ਉਹ ਲਾਜ਼ਮੀ ਹੀ ਬਾਊਚਰ ਹੋਵੇਗਾ। ਉਸ ਦੋਹਾਂ ਹੱਥਾਂ ਦੀਆਂ ਉਂਗਲਾਂ ਦੀਆਂ ਸਿਖਰਲੀਆਂ ਗੱਠਾਂ ਦੇ ਪਿਛਲੇ ਪਾਸੇ ਇਕ-ਇਕ ਅੱਖਰ ਖੁਣ ਕੇ ਅੰਗਰੇਜ਼ੀ ਦਾ ਵਾਕ 'ਹੈਵ ਹੋਪ' ਲਿਖਿਆ ਹੋਇਆ ਹੈ, ਜੋ ਉਸ ਵੱਲੋਂ ਦੋਹਾਂ ਹੱਥਾਂ ਦੀਆਂ ਮੁੱਠੀਆਂ ਬਣਾ ਕੇ, ਪੁੱਠੇ ਹੱਥੀਂ ਆਪਸ ਵਿਚ ਜੋੜ ਲੈਣ ਨਾਲ, ਸਾਹਮਣੇ ਵਾਲ਼ੇ ਬੰਦੇ ਨੂੰ ਬਹੁਤ ਸਪੱਸ਼ਟ ਦਿਸਦਾ ਹੈ। ਇੱਥੇ ਜੇ ਕੋਈ ਤੁਹਾਨੂੰ ਤੁਹਾਡਾ ਹਾਲ-ਚਾਲ ਪੱਛ ਲਵੇ ਤਾਂ ਇਹ ਯਾਦ ਰੱਖੋ ਕਿ 'ਓਕੇ' (ਠੀਕ ਹੈ) ਕਹਿਣਾ ਜ਼ਰੂਰੀ ਨਹੀਂ ਹੈ ਕਿਉਂ ਕਿ ਇੱਥੇ 'ਇਟਸ ਓਕੇ ਨਾਟ ਟੂ ਬੀ ਓਕੇ।' ਹੈ ਯਾਨੀ 'ਜੇ ਤੁਸੀਂ ਠੀਕ ਨਹੀਂ ਹੋ ਤਾਂ ਵੀ ਠੀਕ ਹੋ!'#
(1) ਸ਼ਿਕਾਗੋ ਵਿਚ 3039 ਡਬਲਯੂ. ਫੁਲਰਟਨ ਐਵੇਨਿਊ ਉੱਤੇ ਸਥਿਤ ਕੈਫੇ 'ਸਿੱਪ ਆਫ ਹੋਪ', ਜੋ ਸਵੇਰੇ 6 ਵਜੇ ਤੋਂ ਰਾਤੀਂ 9 ਵਜੇ ਤਕ ਖੁੱਲ੍ਹਿਆ ਰਹਿੰਦਾ ਹੈ
(2) 'ਸਿੱਪ ਆਫ ਹੋਪ' ਦੇ ਮੁਲਾਜ਼ਮ, ਜੋ ਆਪਣੇ ਕੰਮ ਵਿਚ ਮਾਹਰ ਹਨ
(3) ਕੈਫੇ ਦੇ ਮਾਲਕ ਜੌਨੀ ਬਾਊਚਰ
(4) ਬੰਦ ਮੁੱਠੀਆਂ ਰਾਹੀਂ 'ਆਸ ਰੱਖੋ' ਦਾ ਸੁਨੇਹਾ ਦਿੰਦੇ ਬਾਊਚਰ ਦੇ ਹੱਥ
(5)'ਸਿੱਪ ਆਫ ਹੋਪ' ਦੀਆਂ ਦੋ ਅੰਦਰੂਨੀ ਝਲਕਾਂ