ਸ਼ਬਦੰਗਲ-111

ਜੈ ਦਾਮੋਦਰਨਾਥ ਨਰਿੰਦਰ ਮੋਦੀ-ਜੈ ਉਨ੍ਹਾਂ ਦਾ ਮੰਤਰੀ ਮੰਡਲ
<><><><><><><><><><><><><><>
    ਭਾਰਤ ਵਿਚ ਇਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਦੀ ਜੈ-ਜੈਕਾਰ ਹੋ ਗਈ ਹੈ, ਇਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋ ਗਈ ਹੈ। ਜੈ ਦਾਮੋਦਰ ਨਰਿੰਦਰ ਮੋਦੀ, ਤੇਰੀ ਮਹਿਮਾ ਅਪਰੰਪਾਰ ਹੋ ਗਈ ਹੈ। ਇਸ ਸਰਕਾਰ ਦੇ ਮੰਤਰੀਆਂ ਨੇ ਪਿਛਲੇ ਮਹੀਨੇ (ਮਈ) ਦੀ 30 ਤਾਰੀਖ਼ ਨੂੰ ਭਾਰਤ ਦੇ ਰਾਸ਼ਟਰਪਤੀ ਭਵਨ ਵਿਚ ਆਪਣੇ ਅਹੁਦਿਆਂ ਦੀ ਸਹੁੰ ਚੁੱਕ ਲਈ ਹੈ। ਸਾਡੇ ਮੁਲਕ ਅਤੇ ਉਸ ਦੀ ਪਰਜਾ ਨੂੰ ਇਹ ਇਲਮ ਤਾਂ ਹੋਣਾ ਹੀ ਚਾਹੀਦਾ ਹੈ ਕਿ ਜਿਨ੍ਹਾਂ ਹੱਥੀਂ ਉਸ ਨੇ ਆਪਣੀ ਵਾਗ-ਡੋਰ ਸੌਂਪੀ ਹੈ, ਉਹ ਕੌਣ ਹਨ ਤੇ ਉਨ੍ਹਾਂ ਅੰਦਰ ਕੀ-ਕੀ ਗੁਣ ਹਨ। ਅੱਜ ਦਾ ਇਹ ਲੇਖ ਕੁੱਝ ਖ਼ਾਸ-ਖ਼ਾਸ ਮੰਤਰੀਆਂ ਦੇ ਗੁਣ ਅਤੇ ਖ਼ਾਸੀਅਤਾਂ ਦੱਸਣ ਦੇ ਉਦੇਸ਼ ਨਾਲ਼ ਹੀ ਲਿਖਿਆ ਜਾ ਰਿਹਾ ਹੈ।

    ਜਿਸ ਨੇਤਾ ਨੇ ਕਦੇ ਇਹ ਕਿਹਾ ਸੀ ਕਿ ਵਿਗਿਆਨ, ਜੋਤਿਸ਼ ਵਿਦਿਆ ਅੱਗੇ ਬੌਣਾ ਹੈ, ਉਸ ਨੂੰ ਮਨੁੱਖੀ ਵਸੀਲਾ ਵਿਕਾਸ ਮੰਤਰੀ ਬਣਾਇਆ ਗਿਆ ਹੈ। ਇਸ ਮੰਤਰੀ ਜੀ ਦਾ ਸ਼ੁੱਭ ਨਾਮ ਸ਼੍ਰੀ ਰਮੇਸ਼ ਪੋਖਰੀਆਲ ਹੈ। ਜੋਤਿਸ਼ ਵਿਦਿਆ ਅਤੇ ਵਿਗਿਆਨ ਦੇ ਸਬੰਧ ਵਿਚ ਉਨ੍ਹਾਂ ਦਾ ਉਹ ਇਤਿਹਾਸਕ ਕਥਨ ਇੱਥੇ ਇਕ ਵਾਰ ਹੋਰ ਦੁਹਰਾਉਣਾ ਅਸੀਂ ਦੇਸ਼ ਅਤੇ ਕੌਮ ਪ੍ਰਤੀ ਆਪਣਾ ਫ਼ਰਜ਼ ਸਮਝਦੇ ਹਾਂ। ਜਨਾਬ ਪੋਖਰੀਆਲ ਸਾਹਿਬ ਨੇ 14 ਦਸੰਬਰ, 2014 ਨੂੰ ਇਸ ਤਰ੍ਹਾਂ ਫ਼ਰਮਾਇਆ ਸੀ, "ਵਿਗਿਆਨ, ਜੋਤਿਸ਼ ਸ਼ਾਸਤਰ ਕੇ ਸਾਮਨੇ ਏਕ ਬੌਨੇ ਕੇ ਮਾਫਿਕ ਹੈ। ਜੋਤਿਸ਼ ਬਹੂਤ ਬੜਾ ਵਿਗਯਾਨ ਹੈ। ਹਮੇਂ ਇਸ ਕੋ ਉਤਸਾਹਿਤ ਕਰਨਾ ਚਾਹੀਏ। ਆਜ ਹਮ ਪ੍ਰਮਾਣੂ ਵਿਗਯਾਨ ਕੀ ਬਾਤ ਕਰਤੇ ਹੈਂ, ਕਿੰਤੂ ਸੰਤ ਕਨਾਡ ਨੇ ਏਕ ਲਾਖ ਵਰਸ਼ ਪਹਿਲੇ ਪ੍ਰਮਾਣੂ ਪ੍ਰੀਕਸ਼ਣ ਕਰ ਡਾਲਾ ਥਾ। ਹਮੇਂ ਸ਼ਾਰੀਰ ਕੇ ਅੰਗ ਭੀ ਬਦਲਨੇ ਕਾ ਗਯਾਨ ਬਹੂਤ ਪੁਰਾਨੇ ਸਮਯ ਸੇ ਹੈ।"
     ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਵੇਲ਼ੇ ਸ਼੍ਰੀ ਪੋਖਰੀਆਲ ਵੱਲੋਂ ਜੋਤਿਸ਼ ਸ਼ਾਸਤਰ ਦਾ ਗੁਣਗਾਨ ਕਰਨਾ ਹੀ ਸ਼ਾਇਦ ਇਸ ਵਾਰ ਉਨ੍ਹਾਂ ਦੇ ਮੰਤਰੀ ਬਣਨ ਦੀ ਵਜ੍ਹਾ ਹੈ। ਇਸ ਮੰਤਰੀ ਮੰਡਲ ਵਿਚ ਅਜਿਹੇ ਵਿਅਕਤੀ ਵੀ ਮੰਤਰੀ ਵਜੋਂ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਦੇ ਖ਼ਿਲਾਫ਼ ਕਈ ਜੁਰਮਾਂ ਅਧੀਨ ਮੁਕੱਦਮੇਂ ਚੱਲ ਰਹੇ ਹਨ। ਐਤਕੀਂ ਮੋਦੀ ਮੰਤਰੀ ਮੰਡਲ ਵਿਚ ਪਸ਼ੂ-ਪਾਲਣ ਰਾਜ ਮੰਤਰੀ ਵਜੋਂ ਸ਼ਾਮਲ ਕੀਤੇ ਗਏ ਸ਼੍ਰੀ ਸੰਜੀਵ ਬਲਯਾਨ, 2013 ਵਿਚ ਮੁਜ਼ੱਫ਼ਰ ਨਗਰ ਵਿਚ ਹੋਏ ਫ਼ਸਾਦਾਂ ਦੇ ਸਬੰਧ ਵਿਚ ਮੁਲਜ਼ਮ ਹਨ।
    ਐਤਕੀਂ 'ਮਾਈਕਰੋ, ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਿਜ਼' ਅਤੇ ਪਸ਼ੂ ਪਾਲਣ, ਡੇਅਰੀਜ਼ ਅਤੇ ਫਿਸ਼ਰੀਜ਼ ਰਾਜ ਮੰਤਰੀ ਵਜੋਂ ਸ਼ਾਮਲ ਕੀਤੇ ਗਏ ਸ਼੍ਰੀ ਪ੍ਰਤਾਪ ਚੰਦਰ ਸਾਰੰਗੀ ਨੇ ਜਦੋਂ ਆਪਣੇ ਅਹੁਦੇ ਦੀ ਸਹੁੰ ਚੁੱਕੀ ਤਾਂ ਸਾਰਾ ਰਾਸ਼ਟਰਪਤੀ ਭਵਨ ਤਾੜੀਆਂ ਦੀ ਗੜਗੜਾਹਟ ਨਾਲ਼ ਗੂੰਜ ਉੱਠਿਆ। ਉਨ੍ਹਾਂ ਦੇ ਖ਼ਿਲਾਫ਼ ਸੱਤ ਮੁਕੱਦਮੇਂ ਚੱਲਦੇ ਹਨ, ਜਿਨ੍ਹਾਂ ਵਿਚੋਂ ਚਾਰ ਤਾਂ ਮੁਜਰਮਾਨਾ ਜ਼ਬਰਦਸਤੀ ਦੇ ਹਨ, ਦੋ ਮੁਕੱਦਮੇਂ ਫਿਰਕੂ ਦੁਸ਼ਮਣੀ ਉਤਸ਼ਾਹਤ ਕਰਨ ਦੇ ਦੋਸ਼ ਅਧੀਨ ਹਨ ਅਤੇ ਇਕ ਮੁਕੱਦਮਾ ਅਸ਼ਲੀਲਤਾ ਨਾਲ਼ ਸਬੰਧਤ ਹੈ। ਜਦੋਂ 1999 ਵਿਚ ਇਕ ਆਸਟਰੇਲੀਆਈ ਇਸਾਈ ਮਿਸ਼ਨਰੀ ਗ੍ਰਾਹਮ ਸਟੇਨੇਜ਼ ਅਤੇ ਉਸ ਦੇ ਦੋ ਪੁੱਤਰਾਂ ਨੂੰ ਪਿੰਡ ਮਨੋਹਰਪੁਰ-ਕੇਓਂਜਰ ਵਿਖੇ ਜੀਂਦੇ ਹੀ ਸਾੜ ਸੁਟਿਆ ਗਿਆ ਸੀ ਤਾਂ ਇਹ ਅਪਰਾਧ ਕਰਨ ਵਾਲ਼ਾ ਦਾਰਾ ਸਿੰਘ, ਬਜਰੰਗ ਦਲ ਦਾ ਮੈਂਬਰ ਸੀ ਅਤੇ ਸ਼੍ਰੀ ਸਾਰੰਗੀ ਬਜਰੰਗ ਦਲ ਦੇ ਪ੍ਰਧਾਨ ਸਨ। ਦਾਰਾ ਸਿੰਘ ਤੇ ਉਸ ਦਾ ਸਾਥੀ ਹੇਮ ਰਾਮ ਇਸ ਵੇਲੇ, ਉਮਰ ਕੈਦ ਕੱਟ ਰਹੇ ਹਨ। ਸ਼੍ਰੀ ਸਾਰੰਗੀ ਤੋਂ ਇਸ ਸਬੰਧ ਵਿਚ ਕਦੇ ਵੀ ਕੋਈ ਪੁੱਛ-ਗਿੱਛ ਨਹੀਂ ਕੀਤੀ ਗਈ। ਇਸ ਮਾਮਲੇ ਦੀ ਜਾਂਚ ਕਰਨ ਲਈ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਮਿਸ਼ਨ ਨੇ ਇਸ ਮਾਮਲੇ ਵਿਚ ਬਜਰੰਗ ਦਲ ਦੀ ਭੂਮਿਕਾ ਦੀ ਜਾਂਚ ਹੀ ਨਹੀਂ ਕੀਤੀ ਸੀ ਕਿਉਂ ਕਿ ਕਮਿਸ਼ਨ ਅਨੁਸਾਰ, ਇਹ ਜਥੇਬੰਦੀ 'ਗ਼ੈਰਕਾਨੂੰਨੀ' ਨਹੀਂ ਸੀ ਤੇ ਕਾਨੂੰਨੀ ਜਥੇਬੰਧੀਆਂ ਇਹੋ ਜਿਹੇ ਘਿਨਾਉਣੇ ਅਪਰਾਧ ਕਰਨ ਦੀਆਂ ਯੋਜਨਾਵਾਂ ਨਹੀਂ ਬਣਾਇਆ ਕਰਦੀਆਂ। ਉਸ ਵੇਲ਼ੇ ਸ਼੍ਰੀ ਸਾਰੰਗੀ ਨੇ ਇਹ ਕਹਿ ਦਿੱਤਾ ਸੀ ਕਿ ਇਨ੍ਹਾਂ ਕਤਲਾਂ ਨਾਲ਼ 'ਬਜਰੰਗ ਦਲ' ਦਾ ਕੋਈ ਸਬੰਧ ਨਹੀਂ ਹੈ ਤੇ ਕਾਤਲ ਵੀ 'ਬਜਰੰਗ ਦਲ' ਦੇ ਕੁੱਝ ਨਹੀਂ ਲੱਗਦੇ ਸਨ।
    'ਔਦੀਸ਼ਾ ਦੇ ਮੋਦੀ' ਵਜੋਂ ਜਾਣੇ ਜਾਂਦੇ ਸ਼੍ਰੀ ਸਾਰੰਗੀ ਨੂੰ 'ਭਾਰਤੀ ਜਨਤਾ ਪਾਰਟੀ ਦੇ ਆਮ ਆਦਮੀ' ਵੀ ਕਿਹਾ ਜਾਂਦਾ ਹੈ। ਕਈ ਅਖ਼ਬਾਰਾਂ ਵਿਚ ਸ਼੍ਰੀ ਸਾਰੰਗੀ ਬਾਰੇ ਛਪੀਆਂ ਖ਼ਬਰਾਂ ਵਿਚ ਉਨ੍ਹਾਂ ਨੂੰ 'ਕੁਆਰੇ' ਅਤੇ ਇਕ 'ਗਰੀਬੜੇ ਜਿਹੇ ਘਰ' ਵਿਚ 'ਬਹੁਤ ਸਾਦਾ ਜੀਵਨ' ਬਿਤਾਉਣ ਵਾਲ਼ੇ ਬਿਆਨਿਆ ਹੋਇਆ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਨਾਲ਼ ਵੀ ਸਬੰਧ ਰੱਖਦੇ ਸ਼੍ਰੀ ਸਾਰੰਗੀ ਦਾ ਨਾਂ, 2002 ਵਿਚ ਓਦੀਸ਼ਾ ਅਸੈਂਬਲੀ ਉੱਤੇ ਹੋਏ ਹਮਲੇ ਵਿਚ ਵੀ ਵੱਜਦਾ ਸੀ। ਉਨ੍ਹਾਂ ਨੂੰ 66 ਹੋਰਨਾਂ ਨਾਲ਼, ਅਗਜ਼ਨੀ ਕਰਨ, ਫ਼ਸਾਦ ਕਰਾਉਣ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਅਧੀਨ ਹਿਰਾਸਤ ਵਿਚ ਲਿਆ ਗਿਆ ਸੀ। ਸ਼੍ਰੀ ਸਾਰੰਗੀ ਵੱਲੋਂ ਦਿੱਤੇ ਗਏ ਹਲਫ਼ੀਆ ਬਿਆਨ ਮੁਤਾਬਕ, ਉਨ੍ਹਾਂ ਦੇ ਖ਼ਿਲਾਫ਼ 10-10 ਫੌਜਦਾਰੀ ਮੁਕੱਦਮੇਂ ਦਰਜ ਹੋਏ ਰਹੇ ਹਨ, ਪਰ ਉਹ ਕਦੇ ਵੀ ਮੁਜਰਮ ਕਰਾਰ ਨਹੀਂ ਦਿੱਤੇ ਗਏ। ਕੁੱਝ ਪੱਤਰਕਾਰਾਂ ਨੇ ਉਨ੍ਹਾਂ ਬਾਰੇ ਲਿਖੇ ਲੇਖਾਂ ਵਿਚ, ਉਨ੍ਹਾਂ ਦੀ ਸਾਦਗੀ ਦੇ ਗੋਗੇ ਗਾਏ ਹਨ, ਪਰ ਉਨ੍ਹਾਂ ਵਿਰੁੱਧ ਦਰਜ ਮੁਕੱਦਮਿਆਂ ਦਾ ਨਾਂ-ਭੋਗ ਤਕ ਨਹੀਂ ਪਾਇਆ।
     'ਪੀ. ਟੀ. ਆਈ. ਦੀ ਖ਼ਬਰ ਅਨੁਸਾਰ, ਸ਼੍ਰੀ ਸਾਰੰਗੀ ਨੇ ਛੱਪਰ ਵਾਲ਼ੇ ਘਰ ਵਿਚ ਰਹਿ ਕੇ ਅਤੇ ਪਿੰਡ ਦੇ ਖੂਹ ਦੇ ਪਾਣੀ ਨਾਲ਼ ਨ੍ਹਾ-ਧੋ ਕੇ, ਸੋਸ਼ਲ ਮੀਡੀਆ ਰਾਹੀਂ ਆਪਣੀ ਭੱਲ ਬਣਾਈ ਹੋਈ ਹੈ। ਕਿਹਾ ਜਾਂਦਾ ਹੈ ਕਿ ਉਹ ੨੦੧੯ ਦੀਆਂ ਚੋਣਾਂ ਵਿਚ ਆਪਣੀ ਚੋਣ-ਮੁਹਿੰਮ ਆਟੋ ਰਿਕਸ਼ਿਆਂ ਵਿਚ ਸਵਾਰ ਹੋ ਕੇ ਚਲਾਈ ਸੀ।ਇਸ ਵੇਲ਼ੇ ਉਹ ਕੇਂਦਰੀ ਮੰਤਰੀ ਹਨ ਅਤੇ ਉਨ੍ਹਾਂ ਕੋਲ ਦੋ-ਦੋ ਮਹਿਕਮੇਂ ਹਨ।
     ਇਸ ਵੇਲ਼ੇ ਗਿਰੀਰਾਜ ਸਿੰਘ ਪਸ਼ੂ ਪਾਲਣ ਮੰਤਰੀ ਹਨ ਅਤੇ ਸਾਧਵੀ ਨਿਰੰਜਨ ਜਯੋਤੀ ਦਿਹਾਤੀ ਵਿਕਾਸ ਰਾਜ ਮੰਤਰੀ ਹਨ। ਉਹ ਦੋਵੇਂ ਹੀ ਆਪਣੀਆਂ ਫਿਰਕੂ ਟਿੱਪਣੀਆਂ ਦੀ ਵਜ੍ਹਾ ਕਾਫੀ ਜਾਣੇ-ਪਛਾਣੇ ਜਾਂਦੇ ਹਨ (ਜਯੋਤੀ ਨੇ 2015 ਦੀਆਂ ਦਿੱਲੀ ਚੋਣਾਂ, 'ਰਾਮਜ਼ਾਦੇ' ਅਤੇ 'ਹਰਾਮਜ਼ਾਦੇ' ਵਿਚਾਲ਼ੇ ਹੀ ਹਨ ਜਦੋਂ ਕਿ ਗਿਰੀਰਾਜ ਸਿੰਘ ਨੇ ਮੋਦੀ ਵਿਰੋਧੀਆਂ ਨੂੰ ਵਾਰ-ਵਾਰ ਕਿਹਾ ਸੀ ਉਹ ਪਾਕਿਸਤਾਨ ਚਲੇ ਜਾਣ)। 
    ਭਾਰੀਆਂ ਸਨਅਤਾਂ ਦੇ ਮੰਤਰੀ ਬਣਾਏ ਗਏ ਅਰਵਿੰਦ ਸਾਵੰਤ, ਸੈਨਾ ਦੇ ਉਨ੍ਹਾਂ 11 ਸੰਸਦ ਮੈਂਬਰਾਂ ਵਿਚੋਂ ਸਨ, ਜੋ 2014 ਵਿਚ ਮਹਾਰਾਸ਼ਟਰ ਸਦਨ ਵਿਚ ਮਾੜਾ ਖਾਣਾ ਵਰਤਾਏ ਜਾਣ ਵਿਰੁੱਧ ਰੋਸ ਪ੍ਰਗਟ ਕਰ ਰਹੇ ਸਨ। ਇਸ ਰੋਸ ਦਾ ਸਿਖ਼ਰ ਇਸ ਤਰ੍ਹਾਂ ਹੋਇਆ ਜਦੋਂ ਰੋਸ ਪ੍ਰਗਟ ਕਰਨ ਵਾਲ਼ਿਆਂ ਵਿਚੋਂ ਇਕ ਜਣੇ ਰਾਜਨ ਵਿਚਾਰੇ ਨੇ ਇਕ ਮੁਸਲਮਾਨ ਸਟਾਫ ਮੈਂਬਰ ਨੂੰ ਰੋਜ਼ਾ ਰੱਖਿਆ ਹੋਣ 'ਤੇ ਵੀ ਖਾਣਾ ਖਾਣ ਲਈ ਮਜਬੂਰ ਕੀਤਾ ਸੀ।

    ਜਦੋਂ ਅਪ੍ਰੈਲ ਵਿਚ ਸਰਕਾਰੀ ਮੁਲਾਜ਼ਮਾਂ ਨੇ ਸ਼ੇਖਾਵਤ ਦੇ ਚੋਣ-ਪ੍ਰਚਾਰ ਕਾਫਲੇ ਦੀ ਵਿਡੀਓਗ੍ਰਾਫ਼ੀ ਕੀਤੀ ਸੀ ਤਾਂ ਕਹਿੰਦੇ ਹਨ ਕਿ ਉਨ੍ਹਾਂ ਨੇ ਕਿਹਾ ਸੀ, "ਇਹ ਕੋਈ ਆਖ਼ਰੀ ਚੋਣ ਨਹੀਂ ਹੈ। ਮੈਂ ਇਕ-ਇਕ ਸਰਕਾਰੀ ਮੁਲਾਜ਼ਮ ਦਾ ਵੇਰਵਾ ਨੋਟ ਕੀਤਾ ਹੋਇਆ ਹੈ। ਸਰਕਾਰ ਤਾਂ ਪੰਜ ਸਾਲ ਬਾਅਦ ਹੀ ਬਦਲੇਗੀ। ਮੈਂ ਉਨ੍ਹਾਂ ਸਾਰਿਆਂ ਨੂੰ ਪੁੱਠੇ ਕਰ ਕਰ ਕੇ ਫਾਹੇ ਟੰਗਾਂਗਾ।" ਹੁਣ ਉਹੀ ਸ਼੍ਰੀ ਸ਼ੇਖਾਵਤ ਸਾਹਿਬ ਜਲ ਸ਼ਕਤੀ ਮੰਤਰੀ ਹਨ।
     ਅਸ਼ਵਨੀ ਕੁਮਾਰ ਚੌਬੇ ਦੇ ਖ਼ਿਲਾਫ਼, ਚੋਣ ਮੁਹਿੰਮ ਦੌਰਾਨ ਬਕਸਰ ਵਿਚ ਉਨ੍ਹਾਂ ਦੇ ਕਾਫ਼ਲਾ ਰੋਕਣ ਵਾਲ਼ੇ ਇਕ ਸਬ ਡਿਵੀਜਨਲ ਮੈਜਿਸਟਰੇਟ ਨੂੰ ਧਮਕੀਆਂ ਦੇਣ ਦੇ ਦੋਸ਼ ਅਧੀਨ ਇਕ ਐੱਫ. ਆਈ. ਆਰ. ਦਰਜ ਹੈ। ਉਨ੍ਹਾਂ ਦੇ ਕਾਫ਼ਲੇ ਵਿਚ ਗੱਡੀਆਂ ਦੀ ਗਿਣਤੀ, ਇੰਨੀ ਜ਼ਿਆਦਾ ਸੀ ਕਿ ਉਸ ਨਾਲ਼ ਚੋਣ-ਜ਼ਾਬਤੇ ਦੀ ਉਲੰਘਣਾ ਹੁੰਦੀ ਸੀ। ਕਾਫ਼ਲਾ ਰੋਕੇ ਜਾਣ 'ਤੇ ਸ਼੍ਰੀ ਚੌਬੇ ਨੇ ਐੱਸ. ਡੀ. ਐੱਮ. ਸ਼੍ਰੀ ਕੇ. ਕੇ. ਉਪਾਧਿਆਇ ਨੂੰ 'ਖ਼ਬਰਦਾਰ!' ਕਹਿ ਕੇ ਲਲਕਾਰਾ ਮਾਰਿਆ ਸੀ। ਹੁਣ ਉਹੀ ਜਨਾਬ ਚੌਬੇ ਸਾਹਿਬ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਹਨ।
     ਭਾਰਤੀ ਜਨਤਾ ਪਾਰਟੀ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਰਾਓ ਸਾਹਿਬ ਦਾਨਵੇ, ਜੋ ਹੁਣ ਖ਼ਪਤਕਾਰ ਮਾਮਲਿਆਂ ਦੇ ਰਾਜ ਮੰਤਰੀ ਹਨ, ਦੇ ਖ਼ਿਲਾਫ਼ ਇਕ ਐੱਫ. ਆਈ. ਆਰ. ਦਰਜ ਹੈ ਕਿਉਂ ਕਿ ਉਨ੍ਹਾਂ ਨੇ 2016 ਵਿਚ ਹੋਈਆਂ ਮਿਉਂਸੀਪਲ ਚੋਣਾਂ ਦੌਰਾਨ ਮਹਾਰਾਸ਼ਟਰ ਦੇ ਵੋਟਰਾਂ ਨੂੰ ਪਾਇਥਾਨ ਵਿਖੇ ਇਕ ਬਹੁਤ ਹੀ ਬੇਮਿਸਾਲ ਸੁਰ ਵਿਚ ਇਹ ਕਿਹਾ ਸੀ, "ਚੋਣ ਤੋਂ ਪਹਿਲੀ ਸ਼ਾਮ ਬਹੁਤ ਮਹੱਤਵਪੂਰਨ ਹੈ ਕਿਉਂ ਕਿ ਤੁਹਾਨੂੰ ਅਚਾਨਕ ਹੀ 'ਲਕਸ਼ਮੀ ਦੇ ਦਰਸ਼ਨ' ਹੋਣੇ ਹਨ। ਜੇ ਇਸ ਤਰ੍ਹਾਂ ਹੀ ਲਕਸ਼ਮੀ ਤੁਹਾਡੇ ਦਰੀਂ ਆਉਂਦੀ ਹੈ ਤਾਂ ਕਿਰਪਾ ਕਰ ਕੇ ਉਸ ਦਾ ਸੁਆਗਤ ਕਰਿਓ, ਪਰ ਵੋਟ ਪਾਉਣ ਬਾਰੇ ਤੁਸੀਂ ਜਿਹੜਾ ਫ਼ੈਸਲਾ ਕੀਤਾ ਹੋਇਆ ਹੈ, ਉਸ ਉੱਤੇ ਅਟੱਲ ਡਟੇ ਰਿਹੋ।"
     ਸ਼ਬਦ 'ਪ੍ਰੈਸਟੀਚਿਊਟ' ('ਪ੍ਰੌਸਟੀਚਿਊਟ' ਯਾਨੀ 'ਵੇਸਵਾ' ਅਤੇ 'ਪ੍ਰੈੱਸ' ਨੂੰ ਰਲ਼ਾ ਕੇ ਬਣਾਇਆ ਹੋਇਆ ਸ਼ਬਦ) ਘੜਨ ਵਾਲ਼ੇ ਸ਼੍ਰੀ ਵਿਜੇ ਕੁਮਾਰ ਸਿੰਘ ਨੂੰ ਕੌਣ ਭੁਲਾ ਸਕਦਾ ਹੈ। ਉਹ ਇਸ ਵੇਲ਼ੇ ਸੜਕੀ ਆਵਾਜਾਈ ਰਾਜ ਮੰਤਰੀ ਹਨ।
    ਨਵੇਂ ਮੋਦੀ ਮੰਤਰੀ ਮੰਡਲ ਵਿਚ ਇਸ ਵਾਰ 9 ਨਹੀਂ, 7 'ਰਤਨ' ਹੀ ਹਨ। ਇਹ ਉਹ ਮੰਤਰੀ ਹਨ, ਜਿਨ੍ਹਾਂ ਨੇ ਸਿੱਖਿਆ-ਦੀਖਿਆ ਦੇ ਮਾਮਲੇ ਵਿਚ 'ਪੂਰੀਆਂ' ਪਾਉਂਦਿਆਂ, 'ਗਰੈਜੂਏਸ਼ਨ' ਨਹੀਂ ਕੀਤੀ ਹੋਈ। ਇਨ੍ਹਾਂ 'ਅੱਧਪੜ੍ਹ ਮਹਾਨ ਹਸਤੀਆਂ' ਵਿਚ ਸਭ ਤੋਂ ਸਿਖ਼ਰ 'ਤੇ ਹਨ, ਇਸ ਪਾਰਲੀਮਾਨੀ ਚੋਣ ਵਿਚ 'ਚਾਣੱਕਯ' ਦਾ ਕਿਰਦਾਰ ਨਿਭਾਉਣ ਵਾਲ਼ੇ ਤੇ ਮੌਜੂਦਾ ਗ੍ਰਹਿ ਮੰਤਰੀ ਸ਼੍ਰੀ ਅਮਿਤ ਅਨਿਲਚੰਦਰ ਸ਼ਾਹ ਯਾਨੀ ਸ਼੍ਰੀ ਅਮਿਤ ਸ਼ਾਹ, ਜਿਨ੍ਹਾਂ ਦੀ ਵਿਦਿਅਕ ਯੋਗਤਾ 'ਐੱਸ. ਵਾਈ. ਬੀ. ਐੱਸ-ਸੀ.' (ਰੱਬ ਹੀ ਜਾਣੇ ਇਹ ਕਿਹੜੀ 'ਡਿਗਰੀ' ਹੈ) ਹੈ। ਇਹੋ ਜਿਹੇ ਦੂਜੇ ਰਤਨ ਹਨ, ਫੂਡ ਪ੍ਰਾਸੈਸਿੰਗ ਇੰਡੱਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸਹਿਬਾ, ਜਿਨ੍ਹਾਂ ਦੀ ਵਿਦਿਅਕ ਯੋਗਤਾ 'ਡਿਪਲੋਮਾ ਇਨ ਟੈਕਸਟਾਈਲਜ਼' ਹੈ। ਮੋਦੀ ਮੰਤਰੀ ਮੰਡਲ ਵਿਚ ਤੀਜੇ ਰਤਨ ਵਜੋਂ ਨਾਂ ਆਉਂਦਾ ਹੈ, ਇਸਤਰੀ ਬਾਲ ਵਿਕਾਸ ਅਤੇ ਟੈਕਸਟਾਈਲਜ਼ ਮੰਤਰੀ ਸ਼੍ਰੀਮਤੀ ਸਿਮ੍ਰਤੀ ਇਰਾਨੀ ਦਾ, ਜਿਨ੍ਹਾਂ ਦੀ ਵਿਦਿਅਕ ਯੋਗਤਾ 'ਲਾ-ਪਾ ਕੇ' ਬੀ. ਕਾਮ. ਭਾਗ ਪਹਿਲਾ ਹੀ ਹੈ। ਪਿਛਲੀ ਵਾਰ ਕਈ ਮੰਤਰਾਲੇ ਬਦਲਣ ਦੇ ਬਾਵਜੂਦ ਉਨ੍ਹਾਂ ਦੀ ਵਿਦਿਅਕ ਯੋਗਤਾ ਇਕ ਥਾਂ ਹੀ ਅਟਕੀ ਰਹਿ ਗਈ। ਇਸ ਸਬੰਧ ਵਿਚ ਚੌਥੇ ਰਤਨ ਹਨ, ਸੋਸ਼ਲ ਜਸਟਿਸ ਅਤੇ ਇੰਪਾਵਰਮੈਂਟ ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ, ਜੋ ਮਸਾਂ 12ਵੀਂ ਜਮਾਤ ਪਾਸ ਹਨ। ਪੰਜਵੇਂ ਵਿਦਿਅਕ ਰਤਨ ਹਨ, ਦਿਹਾਤੀ ਵਿਕਾਸ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ, ਜਿਨ੍ਹਾਂ ਨੇ ਦੁਨਿਆਵੀ ਵਿਦਿਅਕ ਯੋਗਤਾ ਪ੍ਰਾਪਤ ਕਰਨ ਵਿਚ 12 ਸਾਲ ਹੀ 'ਗਾਲ਼ੇ' ਹੋਏ ਹਨ। ਇਸ ਸਿਲਸਿਲੇ ਵਿਚ ਛੇਵੇਂ ਰਤਨ ਵਜੋਂ ਨਾਂ ਆਉਂਦਾ ਹੈ ਕਬਾਇਲੀ ਮਾਮਲਿਆਂ ਬਾਰੇ ਰਾਜ ਮੰਤਰੀ ਬੀਬੀ ਰੇਣੂਕਾ ਸਿੰਘ ਦਾ, ਜੋ ਸੁੱਖ ਨਾਲ਼ ਮਸਾਂ 12ਵੀਂ ਜਮਾਤ ਪਾਸ ਹਨ। ਸੱਤਵੇਂ ਵਿਦਿਅਕ ਰਤਨ ਹਨ, ਫੂਡ ਪ੍ਰਾਸੈਸਿੰਗ ਇੰਡਸਟਰੀਜ਼ ਰਾਜ ਮੰਤਰੀ ਸ਼੍ਰੀ ਰਾਮੇਸ਼ਵਰ ਤੇਲੀ ਦਾ, ਜੋ ਮਸਾਂ 12ਵੀਂ ਜਮਾਤ ਪਾਸ ਹਨ।
     ਇਹ ਮੰਤਰੀ ਗਣ ਆਉਣ ਵਾਲ਼ੇ ਪੰਜ ਸਾਲਾਂ ਵਿਚ ਕੀ ਰੰਗ ਲਾਉਂਦੇ ਹਨ, ਇਹ ਆਪਾਂ ਸਭ ਨੇ ਹਾਲ਼ੇ ਦੇਖਣਾ ਹੈ।#
(1) ਮੋਦੀ ਮੰਤਰੀ ਮੰਡਲ ਦੇ ਸਮੂਹਿਕ ਦਰਸ਼ਨ 
(2) ਅਰਵਿੰਦ ਸਾਵੰਤ
(3) ਅਸ਼ਵਨੀ ਕੁਮਾਰ ਚੌਬੇ
(4) ਪ੍ਰਤਾਪ ਚੰਦਰ ਸਾਰੰਗੀ
(5) ਰਮੇਸ਼ ਪੋਖਰੀਆਲ