ਉਹਲਾ ਨਰਿੰਦਰ ਮੋਦੀ ਦਾ
ਹਕੂਮਤ ਅਮਿਤ ਸ਼ਾਹ ਦੀ
<><><><><><>
ਭਾਰਤ ਦੇ ਆਵਾਮ ਨੂੰ ਪੰਜ ਸਾਲ ਵਿਚ ਵੀ ਇਹ ਗੱਲ ਸਮਝ ਨਹੀਂ ਆਈ ਕਿ ਨਰਿੰਦਰ ਮੋਦੀ ਉਹ ਦੈਂਤ ਹੈ, ਜਿਸ ਦੀ ਜਾਨ ਅਮਿਤ ਅਨਿਲਚੰਦਰ ਸ਼ਾਹ ਯਾਨੀ ਅਮਿਤ ਸ਼ਾਹ ਨਾਂ ਦੇ ਤੋਤੇ ਵਿਚ ਹੈ। ਬੰਦੇ ਦੇ ਰੂਪ ਵਿਚ ਵਿਚਰਦਾ ਇਹ ਤੋਤਾ, ਭਾਰਤੀ ਸਿਆਸਤ ਦੇ ਆਟੇ ਵਿਚ, ਭਾਰਤੀ ਜਨਤਾ ਪਾਰਟੀ ਦੇ ਹਿੰਦੂਤਵ ਅਤੇ ਕੱਟੜ ਰਾਸ਼ਟਰਵਾਦ ਦੇ ਮੁੱਦੇ ਇਸ ਤਰ੍ਹਾਂ ਗੁੰਨ੍ਹਦਾ-ਰਲਾਉਂਦਾ ਹੈ ਕਿ ਉਸ ਤੋਂ ਪੱਕਣ ਵਾਲ਼ੀਆਂ ਰੋਟੀਆਂ ਖਾਣ ਵਾਲ਼ੇ 'ਜੈ ਮੋਦੀ, ਜੈ ਮੋਦੀ' ਦੇ ਜੈਕਾਰੇ ਲਾਉਣੋਂ ਨਹੀਂ ਰਹਿ ਸਕਦੇ। ਇਸ ਦੀ ਵਜ੍ਹਾ ਨਾਲ਼ ਹੀ ਭਾਰਤੀ ਜਨਤਾ ਪਾਰਟੀ ਆਪਣੇ ਬਣਾਏ ਹੋਏ ਰਿਕਾਰਡ ਹੀ ਤੋੜੀ ਜਾ ਰਹੀ ਹੈ।
ਭਾਰਤੀ ਸਿਆਸਤ ਦਾ ਇਹ ਧਨੰਤਰ, ਗ਼ੈਰਸਿਆਸੀ ਢੰਗ ਨਾਲ਼ ਸ਼ਤਰੰਜ ਖੇਡਦਾ ਹੈ ਤੇ ਕ੍ਰਿਕਟ ਦੇਖਦਾ ਹੈ। ਇਸ ਤੋਂ ਇਲਾਵਾ, ਇਸ ਨੂੰ ਮੰਚ ਉੱਤੇ ਖੇਡੇ ਜਾਂਦੇ ਨਾਟਕ ਦੇਖਣ ਦਾ ਤੇ ਸ਼ਾਸਤਰੀ ਸੰਗੀਤ ਸੁਣਨ ਦਾ ਬੜਾ ਹੀ ਭੁਸ ਹੈ। ਹਮੇਸ਼ਾ ਹੀ ਮੁਸਕਰਾਉਂਦਾ ਲੱਗਦਾ ਇਹ 54 ਸਾਲਾ ਵਿਅਕਤੀ, ਭਾਰਤੀ ਜਨਤਾ ਪਾਰਟੀ ਦਾ ਹੁਣ ਤਕ ਦਾ ਸਭ ਨਾਲ਼ੋਂ ਕਾਮਯਾਬ ਪ੍ਰਧਾਨ ਦੱਸਿਆ ਜਾਂਦਾ ਹੈ। ਇਸ ਦੀ ਅਗਵਾਈ ਵਿਚ ਭਾਰਤੀ ਜਨਤਾ ਪਾਰਟੀ ਨੇ 2019 ਦੀਆਂ ਪਾਰਲੀਮਾਨੀ ਚੋਣਾਂ ਵਿਚ, ਜਿਸ ਕਿਸਮ ਦਾ ਰਿਕਾਰਡ ਤੋੜ ਰਿਕਾਰਡ ਬਣਾਇਆ ਹੈ, ਉਹ ਦੁਹਰਾਉਣਾ ਜਾਂ ਤੋੜਨਾ ਹਰ ਹਾਰੀ-ਸਾਰੀ ਦਾ ਕੰਮ ਨਹੀਂ ਹੈ। 'ਪੰਚਾਇਤਾਂ ਤੋਂ ਪਾਰਲੀਮੈਂਟ ਤਕ' ਵਿਚ ਭਾਰਤੀ ਜਨਤਾ ਪਾਰਟੀ ਦੇ ਨਗਾਰੇ ਵੱਜਦੇ ਸੁਣਨੇ ਚਾਹੁਣ ਦੇ ਮੁਦੱਈ ਅਮਿਤ ਸ਼ਾਹ ਨੇ ਭਾਰਤੀ ਜਨਤਾ ਪਾਰਟੀ ਨੂੰ ਉਸ ਖ਼ਤਰਨਾਕ ਫੌਜ ਦਾ ਰੂਪ ਦੇ ਦਿੱਤਾ ਹੈ, ਜੋ ਜੁਲਾਈ 2014 ਵਿਚ, ਉਨ੍ਹਾਂ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਪ੍ਰਧਾਨਗੀ ਸੰਭਾਲਣ ਮਗਰੋਂ ਅੱਗੇ ਹੀ ਅੱਗੇ ਵਧਦੀ ਜਾ ਰਹੀ ਹੈ ਅਤੇ ਭਾਰਤ ਨੂੰ ਦਿਨੋਂ-ਦਿਨ ਹੋਰ ਵੀ ਕੇਸਰੀ ਰੰਗਤ ਚਾੜ੍ਹੀ ਜਾ ਰਿਹਾ ਹੈ।
ਸਿਆਸੀ ਜਾਣਕਾਰਾਂ ਦਾ ਕਹਿਣ ਹੈ ਕਿ ਸ਼ਾਹ ਨੇ ਭਾਰਤੀ ਜਨਤਾ ਪਾਰਟੀ ਨੂੰ ਚੋਣ-ਦੰਗਲ ਵਿਚ ਪਟਕਾ ਦੁਆਉਣ ਖ਼ਾਤਰ ਵਿਚਾਰਧਾਰਕ ਸਖ਼ਤੀ, ਬੇਹੱਦ ਸਿਆਸੀ ਕਲਪਨਾ ਅਤੇ ਹਕੀਕੀ ਸਿਆਸੀ ਲਚਕ ਦਾ ਬਹੁਤ ਹੀ ਹੁਨਰ ਭਰਿਆ ਮਿਸ਼ਰਣ ਬਣਾ ਕੇ ਵਰਤਿਆ ਹੈ। ਉਨ੍ਹਾਂ ਨੇ ਵੋਟ ਬੈਂਕਾਂ ਵਾਲ਼ੇ ਸਿਆਸਤਦਾਨਾਂ ਨੂੰ ਆਪਣੀ ਪਾਰਟੀ ਦੀ ਬੁੱਕਲ ਵਿਚ ਲੈਣ ਲਈ ਬੜੀਆਂ ਹੀ ਢਿੱਲਾਂ ਦਿੱਤੀਆਂ ਅਤੇ ਕਈ ਸੂਬਿਆਂ ਵਿਚ ਨਵੇਂ ਗੱਠ-ਜੋੜ ਕਰਨ ਖ਼ਾਤਰ ਬਹੁਤ ਹੀ ਕੂਲ਼ੇ ਧਾਗੇ ਵਰਤੇ। ਉਨ੍ਹਾਂ ਵੱਲੋਂ ਕੀਤੀ ਗਈ ਹਰ ਹਰਕਤ ਦਾ ਉਦੇਸ਼, ਭਾਰਤੀ ਜਨਤਾ ਪਾਰਟੀ ਤੋਂ ਪਟਕੇ ਦੀ ਝੰਡੀ ਪੁਟਾਉਣਾ ਹੀ ਸੀ। ਉਨ੍ਹਾਂ ਨੇ ਜਿਸ ਵੀ ਪਾਰਟੀ ਨਾਲ਼ ਗੱਠ-ਜੋੜ ਕੀਤਾ, ਉਸ ਨਾਲ਼ ਆਪਣੀ ਪਾਰਟੀ ਦੇ ਮੁੱਢਲੇ ਮੁੱਦਿਆਂ ਦੇ ਸਬੰਧ ਵਿਚ ਕੋਈ ਸਮਝੌਤਾ ਨਹੀਂ ਕੀਤਾ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਜੇ ਉਨ੍ਹਾਂ ਦੀ ਪਾਰਟੀ ਆਪਣੀ ਜੇਤੂ ਮਜ਼ਬੂਤੀ ਬਣਾਈ ਰੱਖੇਗੀ ਤਾਂ ਹੋਰ ਪਾਰਟੀਆਂ ਉਸ ਨਾਲ਼ ਗੱਠ-ਜੋੜ ਕਰਨ ਲਈ ਓਦਾਂ ਹੀ ਆਉਣਗੀਆਂ, ਜਿੱਦਾਂ ਗੁੜ ਦੀ ਰੋੜੀ ਵੱਲ ਕੀੜੀਆਂ ਵੀ ਆਉਂਦੀਆਂ ਹੁੰਦੀਆਂ ਨੇ ਤੇ ਮੱਖੀਆਂ ਵੀ।
ਸ਼ਾਹ ਹਮੇਸ਼ਾ ਹੀ ਆਪਣੀ ਪਾਰਟੀ ਵਿਚ ਮਿਠਾਸ ਬਰਕਰਾਰ ਰੱਖਣ ਲਈ ਮਿੱਠਾ ਪਾਉਣੋਂ ਢਿੱਲ ਨਹੀਂ ਕਰਦੇ। ਉਹ ਸਿਆਸੀ ਖਾਹਸ਼ਾਂ ਨੂੰ ਠੋਸ ਨਤੀਜਿਆਂ ਵਿਚ ਵਟਦੀਆਂ ਦੇਖਣ ਲਈ ਕੋਈ ਵੀ ਸਿਲ਼ ਉਲਟਾਉਣ ਤਕ ਜਾਂਦੇ ਹਨ। 2019 ਦੀਆਂ ਪਾਰਲੀਮਾਨੀ ਚੋਣਾਂ ਦੀ ਕਮਾਂਡ ਉਨ੍ਹਾਂ ਦੇ ਹੀ ਹੱਥ ਰਹੀ ਹੋਣ ਕਰ ਕੇ ਉਨ੍ਹਾਂ ਨੇ ਇਸ ਵਿਚ ਮਨਭਾਉਂਦੇ ਨਤੀਜੇ ਵੀ ਹਾਸਲ ਕੀਤੇ ਹਨ। ਇਨ੍ਹਾਂ ਚੋਣਾਂ ਵਿਚ ਉਨ੍ਹਾਂ ਨੇ ਸਾਰੇ ਦੇਸ਼ ਵਿਚ 7000 ਆਗੂ ਹੀ ਤਾਇਨਾਤ ਨਹੀਂ ਕੀਤੇ, ਸਗੋਂ 500 ਚੋਣ ਕਮੇਟੀਆਂ ਬਣਾਈਆਂ ਵੀ ਤੇ ਫੈਲਾਈਆਂ ਵੀ। ਇਸ ਸਮੁੱਚੀ ਮਸ਼ਕ ਦਾ ਉਦੇਸ਼, ਉਨਾਂ 120 ਸੀਟਾਂ ਵੱਲ ਧਿਆਨ ਦੇਣਾ ਸੀ, ਜੋ 2014 ਦੀਆਂ ਚੋਣਾਂ ਵਿਚ ਭਾਜਪਾ ਦੇ ਹੱਥੋਂ ਨਿੱਕਲ ਗਈਆਂ ਸਨ। ਉਨ੍ਹਾਂ ਨੇ ਆਪਣੀ ਪਾਰਟੀ ਨੂੰ 3000 ਮਜ਼ਬੂਤ ਕੁਲਵਕਤੀ ਕਾਰਕੁਨ ਵੀ ਦਿੱਤੇ ਹਨ।
ਨਰਿੰਦਰ ਮੋਦੀ ਦੇ ਬਹੁਤ ਹੀ ਵਿਸ਼ਵਾਸਪਾਤਰ 'ਸਮਝੇ ਜਾਂਦੇ' ਸ਼ਾਹ ਨੇ ਸਰਕਾਰ ਅਤੇ ਪਾਰਟੀ ਵਿਚਕਾਰ ਇਕ ਪੱਕੀ ਸਾਂਝ ਹੀ ਨਹੀਂ ਪਾਈ, ਸਗੋਂ ਇਕ ਮਜ਼ਬੂਤ ਪੁਲ਼ ਵੀ ਬਣਾਈ ਰੱਖਿਆ ਹੈ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਵਜੋਂ ਬੀਂਡੀ ਜੁੜ ਕੇ ਅਮਿਤ ਸ਼ਾਹ ਨੇ ਪਿਛਲੀਆਂ ਚੋਣਾਂ ਵਿਚ 161 ਰੈਲੀਆਂ ਕਰਾਈਆਂ, 312 ਤੋਂ ਵੱਧ ਪਾਰਲੀਮਾਨੀ ਹਲਕਿਆਂ ਦਾ ਦੌਰਾ ਕੀਤਾ ਅਤੇ 1.58 ਲੱਖ ਕਿਲੋ ਮੀਟਰ ਪੈਂਡਾ ਕੀਤਾ।
ਪ੍ਰਧਾਨ ਬਣਨ ਮਗਰੋਂ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਦੇ ਸਾਰੇ ਫ਼ਿਕਰ ਦੂਰ ਕਰਨ ਦਾ ਜ਼ਿੰਮਾ ਵੀ ਲੈ ਲਿਆ। ਐੱਲ. ਕੇ. ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਜਿਹੇ ਧਨੰਤਰਾਂ ਨੂੰ ਮੋਦੀ ਦੇ ਰਾਹ ਵਿਚੋਂ ਹਟਾਉਣਾ, ਸ਼ਾਹ ਤੋਂ ਇਲਾਵਾ ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ। ਪਾਰਟੀ ਦੀ ਵਾਗ-ਡੋਰ ਸੰਭਾਲਣ ਤੋਂ ਮਗਰੋਂ, ਸ਼ਾਹ ਨੇ ਪਾਰਟੀ ਨੂੰ ਆਪਣੀ ਮੁੱਠੀ ਵਿਚ ਕਰਨ ਦੇ ਹੀਲੇ ਹੀ ਨਹੀਂ ਕੀਤੇ, ਉਹ ਹੀਲੇ ਕਾਮਯਾਬ ਵੀ ਕੀਤੇ। ਦੇਸ਼ ਦੀ ਸਰਕਾਰ ਉੱਤੇ ਮੋਦੀ ਦਾ ਕਬਜ਼ਾ ਹੈ, ਦੇਸ਼ ਦੀ ਸਰਕਾਰ ਚਲਾਉਂਦੀ ਭਾਰਤੀ ਜਨਤਾ ਪਾਰਟੀ ਦੀਆਂ ਤੜਾਵਾਂ ਅਮਿਤ ਸ਼ਾਹ ਦੇ ਹੱਥ ਵਿਚ ਹਨ। ਸ਼ਾਹ, ਇਕ ਤਰ੍ਹਾਂ ਨਾਲ਼, ਮੋਦੀ ਲਈ ਉਹੀ ਬਣ ਗਏ, ਜੋ ਅਡਵਾਨੀ, ਵਾਜਪਈ ਲਈ ਹੋਇਆ ਕਰਦੇ ਸਨ। ਇਹ ਸ਼ਾਹ ਹਨ, ਜਿਨ੍ਹਾਂ ਨੇ ਰਾਮ-ਮੰਦਰ ਤਾਂ ਨਹੀਂ ਬਣਾਇਆ, ਪਰ ਰਾਮ-ਮੰਦਰ ਦਾ ਮੁੱਦਾ ਭਖਾਈ ਰੱਖਿਆ। ਕੁੱਝ ਸਮਾਂ ਹੀ ਪਹਿਲਾਂ ਉਨ੍ਹਾਂ ਨੇ ਇਹ ਕਿਹਾ ਸੀ, "ਜੇ ਭਾਰਤੀ ਜਨਤਾ ਪਾਰਟੀ, 2019 ਦੀਆਂ ਚੋਣਾਂ ਜਿੱਤ ਗਈ ਤਾਂ ਇਹ 50 ਸਾਲ ਰਾਜ ਕਰੇਗੀ।" ਹੁਣ ਦੇਸ਼ ਦੀ ਵਾਗ-ਡੋਰ ਭਾਰਤੀ ਜਨਤਾ ਪਾਰਟੀ ਨੂੰ ਸੌਂਪ ਕੇ, ਉਹ ਭਾਰਤ ਵਿਚ 50 ਸਾਲ 'ਭਗਵੀਂ ਸਰਕਾਰ' ਬਰਕਰਾਰ ਰੱਖਣ ਲਈ ਜੁੱਟ ਜਾਣਗੇ।
ਇਸ ਆਦਮੀ ਦੇ ਰਿਕਾਰਡ ਵੱਲ ਨਜ਼ਰ ਮਾਰਨੀ ਵੀ ਬਣਦੀ ਹੈ। ਦਹਾਕਾ ਭਰ ਪਹਿਲਾਂ ਯਾਨੀ 2010 ਵਿਚ ਅਮਿਤ ਸ਼ਾਹ ਨੂੰ ਸੁਹਰਾਬੂਦੀਨ ਸ਼ੇਖ ਦੇ, ਮੁਕਾਬਲੇ ਵਿਚ ਮਾਰੇ ਜਾਣ ਸਬੰਧੀ ਕੇਸ ਦੇ ਸਬੰਧ ਵਿਚ ਕੁੱਝ ਸਮਾਂ ਜੇਲ੍ਹ ਵਿਚ ਵੀ ਬਿਤਾਉਣਾ ਪਿਆ ਸੀ। ਕਹਿੰਦੇ ਨੇ ਕਿ ਅਮਿਤ ਸ਼ਾਹ ਨੇ ਸੁਹਰਾਬੂਦੀਨ, ਉਸ ਦੀ ਬੀਵੀ ਕੌਸਰ ਬੀ ਅਤੇ ਉਨ੍ਹਾਂ ਦੇ ਸਹਿਯੋਗੀ ਤੁਲਸੀ ਰਾਮ ਪਰਜਾਪਤੀ ਨੂੰ ਪੁਲੀਸ ਹੱਥੋਂ ਮਰਵਾ ਦਿੱਤਾ ਸੀ। ਸੀ. ਬੀ. ਆਈ. ਅਨੁਸਾਰ, ਸੁਹਰਾਬੂਦੀਨ, ਰਾਜਸਥਾਨ ਵਿਚ ਸੰਗਮਰਮਰ ਵੇਚਣ ਵਾਲ਼ੇ ਕੁੱਝ ਵਪਾਰੀਆਂ ਨੂੰ ਦੁਖੀ ਕਰਦਾ ਸੀ ਤੇ ਉਨਾਂ ਦੀ 'ਰਾਖੀ ਕਰਨ' ਬਦਲੇ ਮੋਟੀ ਰਕਮ ਮੰਗਦਾ ਹੁੰਦਾ ਸੀ। ਕਹਿੰਦੇ ਨੇ ਕਿ ਉਨ੍ਹਾਂ ਵਪਾਰੀਆਂ ਵਿਚੋ ਦੋ ਜਣਿਆਂ ਨੇ ਅਮਿਤ ਸ਼ਾਹ ਨੂੰ ਸੁਹਰਾਬੂਦੀਨ ਦੀ 'ਸੁਪਾਰੀ' ਦੇ ਦਿੱਤੀ ਤੇ ਸ਼ਾਹ ਨੇ ਡੀ. ਆਈ. ਜੀ.- ਡੀ ਜੀ ਵਣਜਾਰਾ ਅਤੇ ਐੱਸ. ਪੀ. ਰਾਜ ਕੁਮਾਰ ਪਾਂਡੀਅਨ ਨਾਲ਼ ਰਲ਼ ਕੇ ਸੁਹਰਾਬੂਦੀਨ ਨੂੰ ਪਾਰ ਬੁਲਾਉਣ ਦੀ ਯੋਜਨਾ ਬਣਾਈ ਸੀ।
2004 ਵਿਚ ਡੀ. ਸੀ. ਪੀ. ਅਭੈ ਚੁਦਸਮਾ ਨੇ ਸੁਹਰਾਬੂਦੀਨ ਅਤੇ ਤੁਲਸੀ ਰਾਮ ਨੂੰ ਮਜਬੂਰ ਕੀਤਾ ਸੀ ਕਿ ਉਹ, ਰਮਨ ਪਟੇਲ ਅਤੇ ਦਸ਼ਰਥ ਪਟੇਲ ਨਾਂ ਦੇ ਦੋ ਬਿਲਡਰ ਭਰਾਵਾਂ ਦੇ ਦਫ਼ਤਰਾਂ ਵੱਲ ਗੋਲੀਆਂ ਚਲਾਉਣ। ਇਹ ਸਭ ਕੁੱਝ, ਉਨ੍ਹਾਂ ਦੋਹਾਂ ਖ਼ਿਲਾਫ਼ ਨਵਾਂ ਕੇਸ ਦਰਜ ਕਰਨ ਦੇ ਉਦੇਸ਼ ਨਾਲ਼ ਕੀਤਾ ਗਿਆ। ਅਗਲੇ ਹੀ ਸਾਲ, ਪੁਲੀਸ ਨੇ ਸੁਹਰਾਬੂਦੀਨ, ਉਸ ਦੀ ਬੀਵੀ ਕੌਸਰ ਬੀ ਅਤੇ ਤੁਲਸੀ ਰਾਮ ਨੂੰ ਚੁੱਕ ਲਿਆ ਤੇ ਅਹਿਮਦਾਬਾਦ ਨੇੜੇ ਇਕ ਫਾਰਮ ਹਾਊਸ ਅੰਦਰ ਲੈ ਗਈ। ਕਹਿੰਦੇ ਹਨ ਕਿ ਉੱਥੇ ਹੀ ਕਿਤੇ ਸੁਹਰਾਬੂਦੀਨ ਨੂੰ 'ਲਸ਼ਕਰਿ-ਤੌਇਬਾ' ਦਾ ਦਹਿਸ਼ਤਗ਼ਰਦ ਕਰਾਰ ਦੇ ਕੇ, ਮੁਕਾਬਲਾ 'ਬਣਾ ਕੇ' ਮਾਰ ਦਿੱਤਾ ਗਿਆ। ਕੌਸਰ ਬੀ ਵੀ ਮਾਰ ਕੇ ਦਫ਼ਨਾਅ ਦਿੱਤੀ ਗਈ। ਤੁਲਸੀ ਰਾਮ ਨੂੰ ਛੱਡ ਦਿੱਤਾ ਗਿਆ ਕਿਉਂ ਕਿ ਉਹ, ਵਣਜਾਰਾ ਦਾ ਮੁਖ਼ਬਰ ਸੀ, ਪਰ ਇਕ ਪੱਤਰਕਾਰ ਵੱਲੋਂ ਸੁਹਰਾਬੂਦੀਨ ਦਾ ਮਾਰਿਆ ਜਾਣਾ ਮਸ਼ਕੂਕ ਕਰਾਰ ਦਿੱਤੇ ਜਾਣ ਮਗਰੋਂ, ਤੁਲਸੀ ਰਾਮ ਨੂੰ ਵੀ ਮਾਰ ਸੁੱਟਿਆ ਗਿਆ। ਸੀ. ਬੀ. ਆਈ. ਦਾ ਕਹਿਣ ਹੈ ਕਿ ਅਮਿਤ ਸ਼ਾਹ ਨੇ, ਇਹ ਕਤਲ ਕੀਤੇ ਜਾਣ ਵਿਚ ਸਹੂਲਤ ਦੇਣ ਖ਼ਾਤਰ ਵਣਜਾਰਾ ਨੂੰ ਕਈ ਥਾਈਂ ਤਬਦੀਲ ਕੀਤਾ ਸੀ।
ਜਦੋਂ ਇਹ ਕਤਲ 'ਬੋਲ ਹੀ ਪਏ' ਤਾਂ ਇਨ੍ਹਾਂ ਦੇ ਸਬੰਧ ਵਿਚ ਵਣਜਾਰਾ ਸਮੇਤ ਕਈ ਪੁਲੀਸ ਅਧਿਕਾਰੀ ਗ਼੍ਰਿਫਤਾਰ ਕੀਤੇ ਗਏ। ਇਨ੍ਹਾਂ ਕਤਲਾਂ ਵਿਚ ਅਮਿਤ ਸ਼ਾਹ ਦਾ ਹੱਥ ਸਾਬਤ ਕਰਨ ਲਈ ਸੀ. ਬੀ. ਆਈ. ਨੇ ਫੋਨ ਕਾਲਾਂ ਦਾ ਰਿਕਾਰਡ ਪੇਸ਼ ਕੀਤਾ, ਜਿਸ ਤੋਂ ਸਾਬਤ ਹੋ ਗਿਆ ਕਿ ਜਦੋਂ ਸੁਹਰਾਬੂਦੀਨ ਅਤੇ ਉਸ ਦੇ ਨਾਲ਼ ਦੇ ਗ਼ੈਰਕਾਨੂੰਨੀ ਹਿਰਾਸਤ ਵਿਚ ਰੱਖੇ ਹੋਏ ਸਨ, ਮੁਲਜ਼ਮ ਪੁਲੀਸ ਅਧਿਕਾਰੀਆਂ ਨਾਲ਼, ਅਮਿਤ ਸ਼ਾਹ ਦਾ ਕਾਫੀ ਰਾਬਤਾ ਰਿਹਾ ਹੈ। ਸੀ. ਬੀ. ਆਈ. ਨੇ ਪਟੇਲ ਭਰਾਵਾਂ ਦਾ ਉਹ ਵਿਡੀਓ ਟੇਪ ਵੀ ਪੇਸ਼ ਕੀਤਾ, ਜਿਸ ਵਿਚ ਉਹ, ਅਹਿਮਦਾਬਾਦ ਡਿਸਟ੍ਰਿਕਟ ਕੋਆਪ੍ਰੇਟਿਵ ਬੈਂਕ ਵਿਚ ਅਮਿਤ ਸ਼ਾਹ ਦੇ ਸਹਿਯੋਗੀਆਂ ਨਾਲ਼ ਗੱਲਾਂ ਕਰਦੇ ਦਿਸਦੇ ਹਨ।
ਇਸ ਟੇਪ ਵਿਚ, ਇਸ ਬੈਂਕ ਦੇ ਡਾਇਰੈਕਟਰ ਯਸ਼ਪਾਲ ਚੁਦਸਮਾ ਅਤੇ ਬੈਂਕ ਦੇ ਚੇਅਰਮੈਨ ਅਜੈ ਪਟੇਲ, ਪਟੇਲ ਭਰਾਵਾਂ ਨੂੰ ਇਹ ਕਹਿੰਦੇ ਦੇਖੇ ਜਾ ਸਕਦੇ ਹਨ ਕਿ ਉਹ ਇਸ ਕੇਸ ਵਿਚ ਅਮਿਤ ਸ਼ਾਹ ਦਾ ਨਾਂ ਨਾ ਲੈਣ। ਯਸ਼ਪਾਲ ਚੁਦਸਮਾ, ਮੁਲਜ਼ਮ ਪੁਲੀਸ ਅਧਿਕਾਰੀ ਅਭੈ ਚੁਦਸਮਾ ਦਾ ਭਰਾ ਹੈ। ਸੀ. ਬੀ. ਆਈ. ਦਾ ਕਹਿਣ ਹੈ ਕਿ ਅਭੈ ਚੁਦਸਮਾ, ਜਬਰੀ ਉਗਰਾਹੀ ਕਰਨ ਵਾਲਾ ਇਕ ਅਜਿਹਾ ਗਿਰੋਹ ਵੀ ਚਲਾਉਂਦਾ ਰਿਹਾ ਹੈ, ਜਿਸ ਵਿਚ ਸੁਹਰਾਬੂਦੀਨ ਅਤੇ ਉਸ ਦੇ ਸਾਥੀ ਵੀ ਸ਼ਾਮਲ ਸਨ। ਪਟੇਲ ਭਰਾ, ਜਿਨ੍ਹਾਂ ਦੇ ਖ਼ਿਲਾਫ਼ ਕਈ ਕੇਸ ਦਰਜ ਸਨ, ਅਮਿਤ ਸ਼ਾਹ ਦੇ ਖ਼ਿਲਾਫ਼ ਵੀ ਬੋਲਦੇ ਰਹੇ ਸਨ। ਉਨ੍ਹਾਂ ਨੇ ਕਿਹਾ ਹੋਇਆ ਹੈ ਕਿ ਪੁਲੀਸ ਨੇ 2001 ਤੇ 2005 ਦੇ ਵਿਚਾਲ਼ੇ, ਉਨ੍ਹਾਂ ਤੋਂ ਜਬਰੀ ਉਗਰਾਹੀ ਕਰਨ ਖ਼ਾਤਰ, ਉਨ੍ਹਾਂ ਨੂੰ ਕਈ ਝੂਠੇ ਕੇਸਾਂ ਵਿਚ ਫਸਾਇਆ ਹੋਇਆ ਹੈ। ਉਹ ਇਹ ਵੀ ਕਹਿ ਚੁੱਕੇ ਹਨ ਕਿ ਵਣਜਾਰਾ ਨੇ ਉਨ੍ਹਾਂ ਕਿਹਾ ਸੀ ਕਿ ਉਹ ਫੋਨ ਉੱਤੇ ਅਮਿਤ ਸ਼ਾਹ ਨਾਲ਼ ਗੱਲ ਕਰਨ ਤੇ ਅਮਿਤ ਸ਼ਾਹ ਨੇ ਉਨ੍ਹਾਂ ਨੂੰ ਸੁਹਰਾਬੂਦੀਨ ਅਤੇ ਤੁਲਸੀ ਰਾਮ ਦੇ ਖ਼ਿਲਾਫ਼ ਬਿਆਨ ਦੇਣ ਦੀ ਵਜ੍ਹਾ ਨਾਲ਼ ਧਮਕੀਆਂ ਵੀ ਦਿੱਤੀਆਂ ਹੋਈਆਂ ਸਨ।
ਪਟੇਲ ਭਰਾਵਾਂ ਨੇ ਇਹ ਵੀ ਕਿਹਾ ਹੋਇਆ ਹੈ ਕਿ 2006 ਵਿਚ ਅਜੈ ਪਟੇਲ ਅਤੇ ਅਭੈ ਚੁਦਸਮਾ ਨੇ ਉਨ੍ਹਾਂ ਨੂੰ ਅਮਿਤ ਸ਼ਾਹ ਦੇ ਕਹਿਣ 'ਤੇ ਤਲਬ ਕੀਤਾ ਅਤੇ ਸੀ. ਬੀ. ਆਈ. ਨੂੰ ਕੁੱਝ ਬਿਆਨ ਦੇਣ ਖ਼ਾਤਰ ਕਿਹਾ। ਦੂਜੇ ਪਾਸੇ ਸ਼ਾਹ ਨੇ ਆਪਣੇ ਸਿਰ ਲੱਗੇ ਹੋਏ ਸਾਰੇ ਦੋਸ਼ ਸਿਆਸਤ ਤੋਂ ਪ੍ਰੇਰਤ ਕਰਾਰ ਦੇ ਕੇ ਰੱਦ ਕਰ ਦਿੱਤੇ ਸਨ। ਉਨ੍ਹਾਂ ਨੇ ਇਹ ਨੁਕਤਾ ਉਠਾਇਆ ਸੀ ਕਿ ਉਨ੍ਹਾਂ ਦੇ ਗ੍ਰਹਿ ਮੰਤਰੀ ਹੋਣ ਦੌਰਾਨ ਗੁਜਰਾਤ, ਦੇਸ਼ ਭਰ ਵਿਚੋਂ ਇਕ ਇਹੋ ਜਿਹਾ ਸੂਬਾ ਰਿਹਾ ਹੈ, ਜਿਸ ਵਿਚ ਬਹੁਤ ਹੀ ਘੱਟ ਪੁਲੀਸ ਮੁਕਾਬਲੇ ਹੋਏ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਗ੍ਰਹਿ ਮੰਤਰੀ ਦੀ ਹੈਸੀਅਤ ਵਿਚ ਆਪਣੇ ਫ਼ਰਜ਼ ਪੂਰੇ ਕਰਨ ਖ਼ਾਤਰ ਹੀ ਫੋਨ ਉੱਤੇ ਪੁਲੀਸ ਅਧਿਕਾਰੀਆਂ ਨਾਲ਼ ਰਾਬਤਾ ਬਣਾਈ ਰੱਖਦੇ ਸਨ। ਉਨ੍ਹਾਂ ਨੇ ਕਾਂਗਰਸ ਉੱਤੇ ਇਹ ਦੋਸ਼ ਵੀ ਲਾਇਆ ਸੀ ਕਿ ਉਹ ਸਿਆਸੀ ਮਨੋਰਥਾਂ ਲਈ ਸੀ. ਬੀ. ਆਈ. ਦੀ ਦੁਰਵਰਤੋਂ ਕਰ ਰਹੀ ਹੈ। ਉਨ੍ਹਾਂ ਦਾ ਕਹਿਣ ਸੀ ਕਿ ਦੇਸ਼ ਭਰ ਵਿਚ ਤਕਰੀਬਨ 1500 ਪੁਲੀਸ ਮੁਕਾਬਲੇ ਹੋਏ ਹੋਣ ਦੇ ਬਾਵਜੂਦ, ਜਾਂਚ ਗੁਜਰਾਤ ਵਿਚ ਹੋਏ ਮੁਕਾਬਲਿਆਂ ਦੀ ਹੀ ਕਰਾਈ ਜਾ ਰਹੀ ਹੈ। ਉਨ੍ਹਾਂ ਨੇ ਉਦੋਂ ਕਿਹਾ ਸੀ ਕਿ ਜੇ ਸੀ. ਬੀ. ਆਈ. ਕੋਲ, ਉਨ੍ਹਾਂ ਦੇ ਖ਼ਿਲਾਫ਼ ਕੋਈ ਠੋਸ ਸਬੂਤ ਹੁੰਦੇ ਤਾਂ ਉਹ ਕਦੋਂ ਦੀ ਉਨ੍ਹਾਂ ਦੇ ਖ਼ਿਲਾਫ਼ ਦੋਸ਼ ਆਇਦ ਕਰ ਚੁੱਕੀ ਹੁੰਦੀ।
ਇਹ ਲੇਖ ਲੰਬਾ ਹੋ ਰਿਹਾ ਹੈ, ਜਿਸ ਕਰ ਕੇ ਅਗਲੇ ਲੇਖ ਵਿਚ ਇਹ ਖ਼ੁਲਾਸਾ ਕਰਾਂਗੇ ਕਿ ਅਮਿਤ ਸ਼ਾਹ, ਗੁਜਰਾਤ ਦੇ ਗ੍ਰਹਿ ਮੰਤਰੀ ਵਜੋਂ ਹਾਸਲ ਕੀਤਾ ਹੋਇਆ ਤਜਰਬਾ ਕੇਂਦਰ ਵਿਚ ਕਿੱਦਾਂ ਵਰਤਣਗੇ!#
(ਬਾਕੀ ਅਗਲੀ ਵਾਰ)
(1) ਅਮਿਤ ਸ਼ਾਹ ਦੀ ਜੈ-ਜੈਕਾਰ
(2) ਆਪਣੇ ਆਗੂ ਦਾ ਮਾਣ-ਤਾਣ ਕਰਦੇ ਅਮਿਤ ਸ਼ਾਹ
