ਸ਼ਬਦੰਗਲ-113


-ਉਹਲਾ ਮੋਦੀ ਦਾ ਹਕੂਮਤ ਸ਼ਾਹ ਦੀ (2)-
+++++++++++++++++++
ਮੋਦੀ ਲਈ ਸਭ ਤੋਂ ਵੱਡਾ ਖ਼ਤਰਾ ਅਮਿਤ ਸ਼ਾਹ
<><><><><><><><><><><>

    ਸੰਨ 2010 ਵਿਚ ਤਤਕਾਲੀ ਪੁਲੀਸ ਕਮਿਸ਼ਨਰ ਗੀਤਾ ਜੌਹਰੀ ਨੇ ਕਿਹਾ ਸੀ ਕਿ ਸੀ. ਬੀ. ਆਈ. ਉਨ੍ਹਾਂ ਉੱਤੇ ਦਬਾਅ ਪਾ ਰਹੀ ਹੈ ਕਿ ਉਹ, ਸੁਹਰਾਬੂਦੀਨ ਦੇ ਮੁਕਾਬਲੇ ਸਬੰਧੀ ਕੇਸ ਵਿਚ ਅਮਿਤ ਸ਼ਾਹ ਨੂੰ ਨਜਾਇਜ਼ ਹੀ ਫਸਾ ਦੇਵੇ। ਡੀ ਜੀ ਵਣਜਾਰਾ ਵੀ ਇਸ਼ਰਤ ਜਹਾਂ ਜਾਅਲੀ ਮੁਕਾਬਲਾ ਕੇਸ ਵਿਚ ਮੁਲਜ਼ਮ ਸੀ, ਪਰ ਸੀ. ਬੀ. ਆਈ. ਨੇ ਅਮਿਤ ਸ਼ਾਹ ਨੂੰ ਪਾਕ-ਸਾਫ ਕਰਾਰ ਦੇ ਦਿੱਤਾ ਸੀ। ਸੁਹਰਾਬੂਦੀਨ ਕੇਸ ਦੇ ਸਬੰਧ ਵਿਚ ਅਮਿਤ ਸ਼ਾਹ ਨੂੰ, 25 ਜੁਲਾਈ 2010 ਹਿਰਾਸਤ ਵਿਚ ਲੈ ਲਿਆ ਗਿਆ ਸੀ। ਉਨ੍ਹਾਂ ਦੇ ਸਿਰ ਕਤਲ ਕਰਨ, ਰਕਮਾਂ ਭੋਟਣ ਅਤੇ ਅਗਵਾ ਕਰਨ ਦੇ ਦੋਸ਼ਾਂ ਸਮੇਤ ਕਈ ਦੋਸ਼ ਲਾਏ ਗਏ ਸਨ।

     ਕਿਸੇ ਜ਼ਮਾਨੇ ਵਿਚ ਅਮਿਤ ਸ਼ਾਹ ਨੂੰ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ਦਾ ਮੁੱਖ ਦਾਅਵੇਦਾਰ ਸਮਝਿਆ ਜਾਂਦਾ ਸੀ, ਪਰ ਇਸ ਹਿਰਾਸਤ ਨੇ ਉਨ੍ਹਾਂ ਦੀਆਂ ਸਿਆਸੀ ਚੜ੍ਹਤਾਂ ਪਸਤ ਕਰ ਦਿੱਤੀਆਂ ਸਨ। ਉਦੋਂ ਗੁਜਰਾਤ ਸਰਕਾਰ ਦੇ ਬਹੁਤ ਸਾਰੇ ਆਗੂ, ਉਨ੍ਹਾਂ ਤੋਂ ਪਰ੍ਹਾਂ ਦੀ ਹੋ ਕੇ ਲੰਘਣ ਲੱਗ ਪਏ ਸਨ। ਉਨ੍ਹਾਂ ਦੇ ਸਾਥੀ ਮੰਤਰੀ ਵੀ ਉਨ੍ਹਾਂ ਨੂੰ ਕਿਸੇ ਨਾਲ਼ ਵੀ ਬਣਾ ਕੇ ਨਾ ਰੱਖਣ ਵਾਲ਼ਾ, ਇਕ ਆਪਹੁਦਰਾ ਬੰਦਾ ਸਮਝਣ ਲੱਗ ਪਏ ਸਨ। ਜਦੋਂ ਸ਼ਾਹ ਦੇ ਵਕੀਲਾਂ ਨੇ ਉਨ੍ਹਾਂ ਦੀ ਜ਼ਮਾਨਤ ਲਈ ਦਰਖ਼ਾਸਤ ਦਿੱਤੀ ਤਾਂ ਸੀ. ਬੀ. ਆਈ. ਨੇ ਇਹ ਚਿੰਤਾ ਜ਼ਾਹਰ ਕੀਤੀ ਕਿ ਜ਼ਮਾਨਤ ਉੱਤੇ ਰਿਹਾਅ ਹੋਏ ਅਮਿਤ ਸ਼ਾਹ, ਆਪਣੀ ਸਿਆਸੀ ਤਾਕਤ ਵਰਤ ਕੇ ਇਨਸਾਫ਼ ਦਾ ਰਾਹ ਰੋਕ ਸਕਦੇ ਹਨ। ਗੁਜਰਾਤ ਹਾਈ ਕੋਰਟ ਨੇ ਉਨ੍ਹਾਂ ਦੀ ਗ਼੍ਰਿਫਤਾਰੀ ਤੋਂ ਤਿੰਨ ਮਹੀਨੇ ਬਾਅਦ ਹੀ 29 ਅਕਤੂਬਰ 2010 ਨੂੰ, ਉਨ੍ਹਾਂ ਨੂੰ ਜ਼ਮਾਨਤ ਉੱਤੇ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ, ਪਰ ਇਸ ਤੋਂ ਅਗਲੇ ਹੀ ਦਿਨ, ਜਸਟਿਸ ਆਫ਼ਤਾਬ ਆਲਮ ਨੇ ਆਪਣੇ ਘਰ ਵਿਚ ਹੀ, ਇਕ ਪਟੀਸ਼ਨ ਉੱਤੇ ਕਾਰਵਾਈ ਕਰਦਿਆਂ ਅਮਿਤ ਸ਼ਾਹ ਦੇ ਗੁਜਰਾਤ ਵਿਚ ਦਾਖ਼ਲੇ ਉੱਤੇ ਪਾਬੰਦੀ ਲਾ ਦਿੱਤੀ। ਇਸ ਤਰ੍ਹਾਂ ਸ਼ਾਹ ਨੂੰ 2010 ਤੋਂ 2012 ਤਕ ਗੁਜਰਾਤ ਤੋਂ ਬਾਹਰ ਰੱਖਿਆ ਗਿਆ। ਉਸ ਵੇਲ਼ੇ ਉਹ ਅਤੇ ਉਨ੍ਹਾਂ ਦੀ ਘਰ ਵਾਲ਼ੀ, ਦਿੱਲੀ ਵਿਚ ਗੁਜਰਾਤ ਭਵਨ ਦੇ ਇਕ ਕਮਰੇ ਵਿਚ ਰਹੇ ਸਨ।
    ਬਾਅਦ ਵਿਚ ਸੁਪਰੀਮ ਕੋਰਟ ਨੇ ਸੀ. ਬੀ. ਆਈ. ਦੀ ਦਰਖ਼ਾਸਤ ਉੱਤੇ ਅਮਿਤ ਸ਼ਾਹ ਦੀ ਜ਼ਮਾਨਤ ਰੱਦ ਕਰ ਦਿੱਤੀ। ਸਤੰਬਰ 2012 ਵਿਚ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਕਰ ਦਿੱਤੀ ਤੇ ਉਨ੍ਹਾਂ ਨੂੰ ਗੁਜਰਾਤ ਪਰਤਣ ਦੀ ਇਜਾਜ਼ਤ ਵੀ ਦੇ ਦਿੱਤੀ। 2012 ਵਿਚ ਉਨ੍ਹਾਂ ਨੇ ਨਾਰੰਗਪੁਰਾ ਤੋਂ ਗੁਜਰਾਤ ਅਸੈਂਬਲੀ ਦੀ ਚੋਣ ਲੜ ਕੇ ਜਿੱਤ ਹਾਸਲ ਕੀਤੀ। ਸ਼ਾਹ ਉੱਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ, ਜਾਅਲੀ ਪੁਲੀਸ ਮੁਕਾਬਲਿਆਂ ਵਿਚ ਅਤੇ 2002 ਦੇ ਫ਼ਸਾਦਾਂ ਵਿਚ ਲੋਕਾਂ ਨੂੰ ਮਾਰ-ਮੁਕਾਉਣ ਦੇ ਮਾਮਲਿਆਂ ਵਿਚ ਗੁਜਰਾਤ ਸਰਕਾਰ ਦੇ ਖ਼ਿਲਾਫ਼ ਭੁਗਤਣ ਵਾਲੇ ਪੁਲੀਸ ਅਧਿਕਾਰੀਆਂ ਨੂੰ ਖੁੱਡੇਲਾਈਨ ਲਾਈ ਰੱਖਿਆ ਸੀ। 'ਨਾਨਾਵਤੀ-ਸ਼ਾਹ ਕਮਿਸ਼ਨ' ਅੱਗੇ ਸਬੂਤ ਪੇਸ਼ ਕਰਨ ਵਾਲ਼ੇ ਅਡੀਸ਼ਨਲ ਡਾਇਰੈਕਟਰ ਜਨਰਲ ਪੁਲੀਸ ਆਰ. ਬੀ. ਸ਼੍ਰੀਕੁਮਾਰ ਨੂੰ ਤਰੱਕੀ ਨਹੀਂ ਦਿੱਤੀ ਗਈ ਸੀ। ਇਸ ਕਮਿਸ਼ਨ ਨੂੰ ਪੁਲੀਸ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਫੋਨਾਂ ਦਾ ਰਿਕਾਰਡ ਦੇਣ ਵਾਲ਼ੇ ਰਾਹੁਲ ਸ਼ਰਮਾ ਉੱਤੇ ਸਰਕਾਰੀ ਭੇਤਾਂ ਸਬੰਧੀ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਅਡੀਸ਼ਨਲ ਡੀ. ਜੀ. ਪੀ. ਕੁਲਦੀਪ ਸ਼ਰਮਾ ਨੇ ਇਹ ਦੋਸ਼ ਲਾਇਆ ਹੋਇਆ ਸੀ ਕਿ ਉਨ੍ਹਾਂ ਵੱਲੋਂ ਸ਼ਾਹ ਉੱਤੇ, ਮਾਧਵਪੁਰਾ ਮਰਕੈਂਟਾਈਲ ਕੋਆਪ੍ਰੇਟਿਵ ਬੈਂਕ ਵਿਚੋਂ ਧੋਖੇ ਨਾਲ਼ 1600 ਕਰੋੜ ਰੁਪਏ ਕਢਾਉਣ ਵਾਲ਼ੇ ਇਕ ਠਗ ਨੂੰ ਜ਼ਮਾਨਤ ਉੱਤੇ ਛੱਡਣ ਖ਼ਾਤਰ, 2.5 ਕਰੋੜ ਰੁਪਏ ਦੀ ਵੱਢੀ ਲੈਣ ਦਾ ਦੋਸ਼ ਲਾਉਣ ਮਗਰੋਂ ਉਨ੍ਹਾਂ (ਸ਼ਰਮਾ) ਨੂੰ ਪੁਲੀਸ ਵਿਭਾਗ ਵਿਚੋਂ ਕੱਢ ਕੇ, 'ਗੁਜਰਾਤ ਸਟੇਟ ਸ਼ੀਪ ਐਂਡ ਵੂਲ ਡਿਵੈਲਪਮੈਂਟ ਕਾਰਪੋਰੇਸ਼ਨ' ਵਿਚ ਭੇਜ ਦਿੱਤਾ ਗਿਆ ਸੀ।
    ਇਸ ਕੁਲਦੀਪ ਸ਼ਰਮਾ ਨੂੰ ਹੀ ਬਾਅਦ ਵਿਚ, ਕਾਂਗਰਸ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਵਿਚ ਸਲਾਹਕਾਰ ਬਣਾਇਆ ਗਿਆ ਸੀ। ਉਨ੍ਹਾਂ ਦੇ ਭਰਾ ਪ੍ਰਦੀਪ ਸ਼ਰਮਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਧੀਨ 2010 ਤੋਂ 2011 ਤਕ ਕੈਦ ਕੀਤਾ ਗਿਆ ਸੀ। ਇਨ੍ਹਾਂ ਦੋਹਾਂ ਭਰਾਵਾਂ ਦਾ ਕਹਿਣ ਸੀ ਕਿ ਗੁਜਰਾਤ ਸਰਕਾਰ ਉਨ੍ਹਾਂ ਨੂੰ ਤੰਗ ਕਰਦੀ ਰਹੀ ਹੈ। ਸ਼ਾਹ ਦੇ ਖ਼ਿਲਾਫ਼ ਇਹ ਦੋਸ਼ ਵੀ ਲੱਗੇ ਰਹੇ ਹਨ ਕਿ ਉਹ, ਭਾਰਤੀ ਜਨਤਾ ਪਾਰਟੀ ਨੂੰ ਫ਼ਾਇਦਾ ਪਹੁੰਚਾਉਣ ਖ਼ਾਤਰ ਚੋਣ ਹਲਕਿਆਂ ਦੀ ਨਵੀਂ ਹੱਦਬੰਦੀ ਵਿਚ ਵੀ ਮਨਭਾਉਂਦੀਆਂ ਅਦਲਾ-ਬਦਲੀਆਂ ਕਰਾਉਂਦੇ ਰਹੇ ਹਨ।
2013 ਵਿਚ ਅਮਿਤ ਸ਼ਾਹ ਦੇ ਸਿਰ ਇਹ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ 2009 ਵਿਚ, ਗ੍ਰਹਿ ਮੰਤਰੀ ਦੀ ਹੈਸੀਅਤ ਵਿਚ, ਇਕ ਔਰਤ ਦੀ ਨਿਗਰਾਨੀ ਕਰਨ ਲਈ ਨਜਾਇਜ਼ ਹੁਕਮ ਦਿੱਤੇ ਸਨ। ਖੋਜ ਕਾਰਜਾਂ ਲਈ ਜਾਣੀਆਂ ਜਾਂਦੀਆਂ ਵੈੱਬਸਾਈਟਾਂ 'ਕੋਬਰਾਪੋਸਟ' ਅਤੇ 'ਗੁਲੈਲ' ਨੇ, ਅਮਿਤ ਸ਼ਾਹ ਅਤੇ ਪੁਲੀਸ ਅਧਿਕਾਰੀ ਜੀ. ਐੱਲ. ਸਿੰਘਲ ਵਿਚਾਲ਼ੇ ਫੋਨ ਉੱਤੇ ਹੋਈਆਂ ਗੱਲਾਂ ਦੀਆਂ ਆਡੀਓ ਰਿਕਾਰਡਿੰਗਾਂ ਦਾ ਇਕ ਸੈੱਟ, ਜੋ ਇਸ਼ਰਤ ਜਹਾਂ ਦੇ ਜਾਅਲੀ ਮੁਕਾਬਲੇ ਦੇ ਕੇਸ ਦੇ ਸਬੰਧ ਵਿਚ ਸੀ. ਬੀ. ਆਈ. ਨੂੰ ਪੇਸ਼ ਕੀਤਾ ਗਿਆ ਸੀ ਤੇ ਜੋ ਕਿਸੇ ਤਰ੍ਹਾਂ ਇਨ੍ਹਾਂ ਵੈੱਬਸਾਈਟਾਂ ਦੇ ਹੱਥ ਲੱਗ ਗਿਆ ਸੀ, ਜਾਰੀ ਕਰ ਦਿੱਤਾ ਸੀ।
    ਫੋਨ ਕਾਲਾਂ ਰਾਹੀਂ ਹੋਈਆਂ ਇਨ੍ਹਾਂ ਗੱਲਾਂ ਵਿਚ ਇਹ ਸਭ ਕੁੱਝ ਜ਼ਾਹਰ ਹੁੰਦਾ ਸੀ ਕਿ ਉਸ ਔਰਤ ਦੀ ਅਤੇ ਆਈ. ਏ. ਐੱਸ. ਅਧਿਕਾਰੀ ਪ੍ਰਦੀਪ ਸ਼ਰਮਾ, ਜਿਨ੍ਹਾਂ ਨੂੰ ਬਾਅਦ ਵਿਚ ਗੁਜਰਾਤ ਸਰਕਾਰ ਨੇ ਮੁਅੱਤਲ ਕਰ ਦਿੱਤਾ ਸੀ, ਦੀ ਨਿਗਰਾਨੀ ਕਰਨ ਲਈ ਸਰਕਾਰੀ ਮਸ਼ੀਨਰੀ ਕਿੱਦਾਂ ਵਰਤੀ ਗਈ ਸੀ। ਇਨ੍ਹਾਂ ਗੱਲਾਂ ਵਿਚ ਸਿੰਘਲ ਅਤੇ ਸ਼ਾਹ ਦੋਵੇਂ ਹੀ ਵਾਰ-ਵਾਰ ਕਿਸੇ 'ਉੱਚ ਅਧਿਕਾਰੀ' ਦਾ ਹਵਾਲਾ 'ਸਾਹਬ' ਕਹਿ-ਕਹਿ ਕੇ ਦੇ ਰਹੇ ਸਨ। ਇਹ 'ਸਾਹਬ', ਮੁੱਖ ਮੰਤਰੀ ਨਰਿੰਦਰ ਮੋਦੀ ਹੀ ਸਮਝੇ ਗਏ ਸਨ।
   ਅਮਿਤ ਸ਼ਾਹ ਨੇ ਆਪਣੇ ਖ਼ਿਲਾਫ਼ ਲਗਾਏ ਹੋਏ ਸਾਰੇ ਹੀ ਦੋਸ਼, ਵਿਰੋਧੀਆਂ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਕੀਤਾ ਹੋਇਆ ਸਿਆਸੀ ਭੰਡੀ ਪ੍ਰਚਾਰ ਕਰਾਰ ਦੇ ਕੇ ਰੱਦ ਕਰ ਦਿੱਤਾ ਸੀ। ਭਾਰਤੀ ਜਨਤਾ ਪਾਰਟੀ ਦੇ ਵਿਰੋਧੀਆਂ ਨੇ ਇਸ 'ਸਨੂਪਗੇਟ' ਨਾਂ ਦੇ ਇਸ ਕਾਂਡ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਸੀ। ਮਈ 2014 ਵਿਚ ਸਬੰਧਤ ਔਰਤ ਨੇ ਸੁਪਰੀਮ ਕੋਰਟ ਤਕ ਪਹੁੰਚ ਕਰ ਕੇ ਇਹ ਬਿਆਨ ਦਿੱਤਾ ਸੀ ਕਿ ਉਸ ਦੀ ਨਿਗਰਾਨੀ, ਕਿਸੇ ਵੱਲੋਂ ਕੀਤੀ ਗਈ ਇਕ 'ਨਿੱਜੀ ਬੇਨਤੀ' ਦੇ ਆਧਾਰ 'ਤੇ ਸ਼ੁਰੂ ਕੀਤੀ ਗਈ ਸੀ। ਉਹ, ਉਸ ਦਾ ਬਚਾਅ ਕਰਨ ਲਈ, ਗੁਜਰਾਤ ਸਰਕਾਰ ਦੀ ਸ਼ੁਕਰਗੁਜ਼ਾਰ ਹੈ। ਉਸ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਇਸ ਸਬੰਧ ਵਿਚ ਕੀਤੀ ਜਾਣ ਵਾਲ਼ੀ ਕੋਈ ਤਫ਼ਤੀਸ਼ ਬੰਦ ਕਰਾ ਦਿੱਤੀ ਜਾਵੇ ਕਿਉਂ ਕਿ ਇਸ ਨਾਲ਼ ਉਸ ਦੀ 'ਪ੍ਰਾਈਵੇਸੀ' ਦੀ ਉਲੰਘਣਾ ਹੋਵੇਗੀ।
    ਇਸ ਵੇਲ਼ੇ ਭਾਰਤੀ ਜਨਤਾ ਪਾਰਟੀ ਵਿਚ ਇਹ ਚੁੰਝ-ਚਰਚਾ ਜਾਰੀ ਹੈ ਕਿ ਇੰਨਾ ਸਭ ਕੁੱਝ ਹੋਣ ਮਗਰੋਂ ਵੀ ਇਹ ਬੰਦਾ ਯਾਨੀ ਅਮਿਤ ਸ਼ਾਹ, ਕਿਸੇ ਵੇਲ਼ੇ ਵੀ ਮੋਦੀ ਨੂੰ ਧੋਬੀ ਪਟਕਾ ਮਾਰ ਕੇ ਪ੍ਰਧਾਨ ਮੰਤਰੀ ਬਣ ਸਕਦਾ ਹੈ। ਇਸ ਵੇਲ਼ੇ ਅਮਿਤ ਸ਼ਾਹ ਨੂੰ 'ਮੋਦੀ ਦੇ ਕੁਦਰਤੀ ਉੱਤਰਾਧਿਕਾਰੀ' ਮੰਨਿਆ ਜਾਣ ਲੱਗ ਪਿਆ ਹੈ। ਸ਼ਾਹ ਨੇ ਪਹਿਲੀ ਵਾਰੀ ਲੋਕ ਸਭਾ ਦੀ ਚੋਣ ਲੜਦਿਆਂ, ਗਾਂਧੀਨਗਰ ਦੀ ਸੀਟ 555,000 ਤੋਂ ਵੱਧ ਵੋਟਾਂ ਨਾਲ਼ ਜਿੱਤੀ ਹੈ। ਭਾਵੇਂ ਭਾਰਤੀ ਜਨਤਾ ਪਾਰਟੀ, ਮੋਦੀ ਦੀ ਚੌਧਰ ਹੇਠ ਦੂਜੀ ਵਾਰ ਸੱਤਾ ਵਿਚ ਆ ਗਈ ਹੈ, ਪਰ ਪਾਰਟੀ ਵਾਲ਼ੇ ਜਾਣਦੇ ਹਨ ਕਿ ਇਸ ਜਿੱਤ ਦੀ ਵਜ੍ਹਾ, 'ਆਧੁਨਿਕ ਚਾਣੱਕਿਆ' ਅਮਿਤ ਸ਼ਾਹ ਹੀ ਹੈ। ਇਸ ਤਰ੍ਹਾਂ ਦੀਆਂ ਜਿੱਤਾਂ ਨੂੰ ਹਕੀਕੀ ਰੂਪ ਦੇਣ ਦੇ ਸਬੰਧ ਵਿਚ, ਉਹ ਪਿਛਲੇ ਪੰਜ ਸਾਲਾਂ ਦੌਰਾਨ ਬਹੁਤ ਤਜਰਬਾਕਾਰ ਹੋ ਗਏ ਹਨ।
    ਸ਼ਾਹ ਨੂੰ ਕੰਮ ਕਰਨਾ ਹੀ ਨਹੀਂ, ਕੰਮ ਲੈਣਾ ਅਤੇ ਕਢਾਉਣਾ ਵੀ ਆਉਂਦਾ ਹੈ। 2014 ਦੀਆਂ ਚੋਣਾਂ ਵਿਚ ਉਨ੍ਹਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਧਨੰਤਰਾਂ ਦਾ ਪੱਤਾ ਏਦਾਂ ਸਾਫ਼ ਕੀਤਾ ਸੀ ਕਿ ਉਹ ਫਿਰ ਕੰਨ ਵਿਚ ਪਾਏ ਵੀ ਨਹੀਂ ਰੜਕੇ ਸਨ। ਉਨ੍ਹਾਂ ਨੇ ਇੰਨੇ ਸਾਲ ਤੋਂ ਪਾਰਟੀ ਵਿਚ ਉਨ੍ਹਾਂ ਦੇ ਸ਼ਰਧਾਲੂਆਂ ਦੇ ਮਨ ਹੀ ਬਦਲ ਸੁੱਟੇ। ਉਹ ਤਜਰਰਬਾ ਅਤੇ ਉਸ ਦੀਆਂ ਪ੍ਰਾਪਤੀਆਂ ਅਜੇ ਵੀ ਬਰਕਰਾਰ ਹਨ। ਉਨ੍ਹਾਂ ਦੇ ਤਜਰਬੇ ਦੇ ਦੰਦ ਹਾਲੇ ਵੀ ਤਿੱਖੇ ਤੇ ਚਮਕੀਲੇ ਹਨ। ਅਮਿਤ ਸ਼ਾਹ 'ਪਰਾਕ੍ਰਮ' (ਹਿੰਮਤ) ਵਿਚ ਵਿਸ਼ਵਾਸ ਰੱਖਦੇ ਹਨ, ਜਦੋਂ ਕਿ ਪੁਰਾਣੇ ਆਗੂ 'ਪਰਿਕਰਮਾ' (ਅੱਗੇ-ਪਿੱਛੇ ਗੇੜੇ ਮਾਰਨ) ਵਿਚ ਭਰੋਸਾ ਰੱਖਦੇ ਸਨ। ਅਮਿਤ ਸ਼ਾਹ 'ਕਰਨਾ-ਕਰਾਉਣਾ' ਦੇ ਨਾਲ਼-ਨਾਲ਼ 'ਡਰਾਉਣਾ-ਧਮਕਾਉਣਾ' ਵੀ ਜਾਣਦੇ ਹਨ। ਉਨ੍ਹਾਂ ਨੂੰ 'ਭੰਡਣਾ' ਤਾਂ ਆਉਂਦਾ ਹੀ ਹੈ, ਲੋੜ ਪੈਣ 'ਤੇ ਕਿਸੇ ਨੂੰ ਆਪਣੇ ਨਾਲ਼ 'ਗੰਢਣਾ' ਜਾਂ 'ਟੰਗਣਾ' ਵੀ ਆਉਂਦਾ ਹੈ। ਉਨ੍ਹਾਂ ਨੇ ਅਸਾਮ ਵਿਚ ਹਿੰਮਤ ਬਿਸਵ ਸਰਮਾ, ਕਾਂਗਰਸ ਵਿਚੋਂ 'ਤੋੜ ਕੇ' ਲਿਆਂਦਾ ਹੋਇਆ ਹੈ ਤੇ ਪੱਛਮੀ ਬੰਗਾਲ ਵਿਚ ਮੁਕੁਲ ਰਾਏ, ਤ੍ਰਿਣਮੂਲ ਕਾਂਗਰਸ ਵਿਚੋਂ 'ਪੁੱਟਿਆ' ਹੋਇਆ ਹੈ।
    ਸ਼ਾਹ ਨੇ 2010 ਵਿਚ ਕੀਤੀ 'ਜੇਲ੍ਹ-ਯਾਤਰਾ' ਤੋਂ ਅਤੇ ਫਿਰ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ 'ਗੁਜਰਾਤ ਨਿਕਾਲ਼ੇ' ਤੋਂ ਬਹੁਤ ਕੁੱਝ ਸਿੱਖਿਆ ਹੋਇਆ ਹੈ। 2013 ਵਿਚ ਭਾਰਤੀ ਜਨਤਾ ਪਾਰਟੀ ਦੇ ਤਤਕਾਲੀ ਪ੍ਰਧਾਨ ਰਾਜਨਾਥ ਸਿੰਘ ਨੇ ਅਮਿਤ ਸ਼ਾਹ ਨੂੰ ਸੂਬਾਈ ਜਨਰਲ ਸਕੱਤਰ ਬਣਾਇਆ ਸੀ ਤੇ ਕੁੱਝ ਮਹੀਨਿਆਂ ਬਾਅਦ ਹੀ ਸ਼ਾਹ ਨੇ ਰਾਜਨਾਥ ਸਿੰਘ ਨੂੰ ਪ੍ਰਧਾਨ ਵਜੋਂ ਧੋਬੀ ਪਟਕਾ ਮਾਰ ਕੇ ਆਪ ਪ੍ਰਧਾਨਗੀ ਸੰਭਾਲ ਲਈ ਸੀ। ਇਸ ਤੋਂ ਮਗਰੋਂ ਕਿਹੜਾ ਅਮਿਤ ਸ਼ਾਹ ਨੇ ਧੋਬੀ ਪਟਕਾ ਨਾ ਮਾਰਨ ਦੀ ਸਹੁੰ ਖਾ ਲਈ ਹੈ। ਮੋਦੀ ਜੀ ਪੰਜ ਸਾਲ 'ਪ੍ਰਧਾਨ ਮੰਤਰੀ-ਮੰਤਰੀ' ਜਾਂ 'ਵਿਦੇਸ਼ ਦੌਰਾ-ਦੌਰਾ' ਖੇਡਦੇ ਰਹੇ ਹਨ ਤਾਂ ਉਸ ਦੀ ਵਜ੍ਹਾ ਇਹੋ ਸੀ ਕਿ ਅਮਿਤ ਸ਼ਾਹ ਉਨ੍ਹਾਂ ਨੂੰ 'ਪਿਆਦੇ' ਦੇ ਰੂਪ ਵਿਚ ਮਿਲੇ ਹੋਏ ਸਨ ਜਦੋਂ ਕਿ ਇਸ 'ਪਿਆਦੇ' ਅੰਦਰ 'ਸਿਆਸੀ ਸ਼ਤਰੰਜ' ਦੀਆਂ ਸਮੁੱਚੀਆਂ ਚਾਲਾਂ ਹੀ ਬਦਲ ਸੁੱਟਣ ਦੀ ਸਮਰੱਥਾ ਹੈ। ਮੁੱਕਦੀ ਗੱਲ ਇਹ ਇਹ ਹੈ ਕਿ ਗੁਜਰਾਤ ਦੇ ਗ੍ਰਹਿ ਮੰਤਰੀ ਵਜੋਂ ਹਾਸਲ ਕੀਤੇ ਹੋਏ ਸਿਆਸੀ ਅਨੁਭਵ ਨਾਲ਼, ਅਮਿਤ ਸ਼ਾਹ ਹੁਣ ਕੇਂਦਰ ਵਿਚ ਵੀ ਉਹੀ 'ਸਿਆਸੀ ਧੋਬੀ ਪਟਕਾ' ਮਾਰ ਸਕਦੇ ਹਨ, ਜੋ ਉਨ੍ਹਾਂ ਨੇ ਅਡਵਾਨੀ ਅਤੇ ਜੋਸ਼ੀ ਵਰਗਿਆਂ ਧਨੰਤਰਾਂ ਨੂੰ ਮਾਰਿਆ ਸੀ। ਇਹ ਧੋਬੀ ਪਟਕਾ ਵੱਜੂ ਕਦੋਂ? ਜਦੋਂ ਉਨ੍ਹਾਂ ਦਾ ਆਪਣਾ ਚਿੱਤ ਕਰੂ!# 

   (1) ਗਊਆਂ ਨੂੰ ਕੇਲੇ ਚਾਰਨ ਦਾ ਫਲ਼ ਤਾਂ ਮਿਲਣਾ ਹੀ ਹੋਇਆ ਨਾ
   (2) ਮੋਦੀ ਤੇ ਸ਼ਾਹ ਦੀਆਂ ਕੁੱਝ ਮੂੰਹੋਂ ਬੋਲਦੀਆਂ ਮੂਰਤਾਂ