ਜਿਨਸੀ ਇਜ਼ਹਾਰਾਂ ਦੀ ਅਹਿਮੀਅਤ ਦੱਸ ਦਿੰਦੀ ਏ ਪੱਲਵੀ ਬਰਨਵਾਲ
<><><><><><><><><><><><><><><><>
ਕੁੱਝ ਅੰਗਰੇਜ਼ੀ ਅਖ਼ਬਾਰਾਂ ਵਿਚ ਛਪੇ, ਨੇਹਾ ਭੱਟ ਅਤੇ ਸ਼ੰਕਰ ਨਰਾਇਣ ਨਾਂ ਦੇ ਲੇਖਕਾਂ ਦੇ ਲੇਖ ਪੜ੍ਹੇ ਤਾਂ ਮਨ ਨੂੰ ਇਕ ਚੁਣੌਤੀ ਜਿਹੀ ਮਹਿਸੂਸ ਹੋਈ ਕਿ ਕੀ ਇਹੋ ਜਿਹੇ ਵਿਸ਼ਿਆਂ ਉੱਤੇ ਅੰੰਗਰੇਜ਼ੀ ਵਿਚ ਹੀ ਲਿਖਿਆ ਜਾਂਦਾ ਰਹੇਗਾ? ਜਾਂ ਪੰਜਾਬੀ ਵਿਚ ਇਹੋ ਜਿਹਾ ਕੋਈ ਵਿਸ਼ਾ ਛੁਹਿਆ ਹੀ ਨਹੀਂ ਜਾ ਸਕੇਗਾ? ਇਨ੍ਹਾਂ ਲੇਖਾਂ ਤੋਂ ਮਹਿਸੂਸ ਹੋਈ ਚੁਣੌਤੀ ਮੈਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਲੇਖਕਾਂ/ ਪੱਤਰਕਾਰਾਂ ਖ਼ਾਤਰ ਵੀ ਮਹਿਸੂਸ ਕੀਤੀ ਹੈ। ਇਕ ਵਾਰ ਫਿਰ ਵੱਡੇ ਲੇਖਕ ਨਰਿੰਦਰ ਸਿੰਘ ਕਪੂਰ ਦੀ, ਇਕ ਸੈਮੀਨਾਰ ਵਿਚ ਕਹੀ ਹੋਈ ਗੱਲ ਯਾਦ ਆ ਗਈ, ਅਖੇ, "ਅੰਗਰੇਜ਼ੀ ਵਿਚ ਕੱਵਾਲੀ ਤੇ ਪੰਜਾਬੀ ਵਿਚ ਬਹਿਸ ਨਹੀਂ ਹੋ ਸਕਦੀ।"
ਆਪਾਂ ਨਾ ਤਾਂ ਬਹਿਸ ਕਰਨੀ ਹੈ, ਨਾ ਕੱਵਾਲੀ। ਆਪਾਂ ਤਾਂ ਇਹੋ ਦੇਖਣਾ ਹੈ ਕਿ ਜਿਹੜੀਆਂ ਗੱਲਾਂ ਪੱਲਵੀ ਬਰਨਵਾਲ ਨਾਂ ਦੀ ਇਹ ਬੀਬੀ, ਪਰ੍ਹੇ ਵਿਚ ਖੜ੍ਹ ਕੇ ਕਰੀ ਜਾਂਦੀ ਹੈ, ਉਹ ਗੱਲਾਂ ਅਸੀਂ ਆਪਣੀ ਮਾਂ ਦੀ ਬੋਲੀ ਵਿਚ, ਖੁੱਲ੍ਹ ਕਹਿ-ਸੁਣ ਸਕਦੇ ਹਾਂ ਕਿ ਨਹੀਂ! ਮੇਰੇ ਸਹਿਕਰਮੀ ਰਹੇ, ਮੇਰੇ ਮਿੱਤਰ ਜਨਾਬ ਜਸਵਿੰਦਰ ਆਨੰਦ ਨੇ ਵੀ ਮੇਰਾ ਧਿਆਨ, ਨੇਹਾ ਭੱਟ ਅਤੇ ਸ਼ੰਕਰ ਨਰਾਇਣ ਦੇ ਲੇਖਾਂ ਵੱਲ ਦੁਆ ਕੇ, ਮੈਨੂੰ ਇਹ ਪੁੱਛਿਆ ਸੀ, "ਕਦੇ ਪੰਜਾਬੀ ਵਿਚ ਇਸ ਤਰ੍ਹਾਂ ਦੇ ਲੇਖ ਵੀ ਲਿਖੇ ਜਾ ਸਕਣਗੇ?" ਮੈਂ ਉਨ੍ਹਾਂ ਦੇ ਸੁਆਲ ਵਿਚ ਲੁਕੀ ਹੋਈ ਚੁਣੌਤੀ ਵੀ ਮਨੋ-ਮਨੀਂ ਕਬੂਲ ਕਰ ਲਈ ਸੀ। ਇਹ ਲੇਖ, ਕੁੱਝ ਇਸ ਤਰ੍ਹਾਂ ਦੇ ਹਾਲਾਤ ਅਤੇ ਚੌਗਿਰਦੇ ਦੀ ਪੈਦਾਵਾਰ ਹੈ।
ਨੇਹਾ ਭੱਟ ਆਪਣੇ ਲੇਖ ਦੀ ਸ਼ੁਰੂਆਤ ਇਸ ਤਰ੍ਹਾਂ ਕਰਦੀ ਹੈ, "ਫਰਵਰੀ ਦੇ ਇਕ ਦਿਨ, ਠੰਢ ਭਰੇ ਲੌਢੇ ਵੇਲ਼ੇ, ਸਾਊਥ ਦਿੱਲੀ ਦੇ 'ਓ ਵਾਈ ਓ' ਟਾਊਨ ਹਾਊਸ ਅੰਦਰ, 20 ਤੋਂ 60 ਸਾਲਾਂ ਦੀ ਉਮਰ ਦੇ ਦਰਜਨ ਕੁ ਭਰ ਲੋਕ, ਮੋਮਬੱਤੀਆਂ ਨਾਲ਼ ਰੌਸ਼ਨ ਕੀਤੇ ਹੋਏ ਮੇਜ਼ਾਂ ਦੁਆਲ਼ੇ ਬੜੇ ਹੀ ਆਰਾਮ ਨਾਲ਼ ਬੈਠੇ ਬਰਫ਼ ਵਾਲ਼ੀ ਚਾਹ ਦੇ ਘੁੱਟ ਭਰ ਰਹੇ ਹਨ ਅਤੇ ਇਸ ਸਭ ਕੁੱਝ ਦੇ ਪਿਛੋਕੜ ਵਿਚ ਬਹੁਤ ਹੀ ਨਰਮ-ਨਰਮ ਸੰਗੀਤ ਵੱਜ ਰਿਹਾ ਹੈ। ਜਾਣ-ਪਛਾਣ ਕਰਨ-ਕਰਾਉਣ ਤੇ ਫਿਰ ਕੁੱਝ ਇਬਾਦਤ ਕਰਾਉਣ ਦੇ ਇਕ ਦੌਰ ਮਗਰੋਂ ਹਾਜ਼ਰੀਨ ਨੂੰ ਇਕ ਕਾਗ਼ਜ਼ ਦੇ ਟੁਕੜੇ ਉੱਤੇ 'ਇਕ ਨੰਗਾ ਸੱਚ' ਲਿਖਣ ਜਾਂ ਇਕ ਗੁਪਤ ਇਕਬਾਲ {ਦਰਜ} ਕਰਨ ਲਈ ਕਿਹਾ ਗਿਆ। ਇਹ ਲਿਖਤਾਂ ਆਪਸ ਵਿਚ ਵਟਾਈਆਂ ਗਈਆਂ ਅਤੇ ਉੱਚੀ ਆਵਾਜ਼ ਵਿਚ ਪੜ੍ਹੀਆਂ ਗਈਆਂ। ਇਸ ਤੋਂ ਮਗਰੋਂ ਜਿਨਸੀ ਖ਼ਾਹਸ਼ ਅਤੇ ਜਿਨਸੀ ਆਜ਼ਾਦੀ ਦੇ ਸਬੰਧ ਵਿਚ ਖੁੱਲ੍ਹੀ ਤੇ ਭਖਵੀਂ ਬਹਿਸ ਹੋਈ।
ਬੀਬੀ ਪੱਲਵੀ ਬਰਨਵਾਲ਼ ਵੱਲੋਂ ਚਲਾਈ ਜਾਂਦੀ ਸੰਸਥਾ 'ਟਾਈਡ ਟੰਗ' ਯਾਨੀ 'ਠਾਕੀ ਹੋਈ ਜੀਭ' ਵੱਲੋਂ ਕਰਾਈ ਗਈ ਤੇ ਤਿੰਨ ਘੰਟੇ ਚੱਲੀ ਇਸ ਵਰਕਸ਼ਾਪ ਦੀ ਮੇਜ਼ਬਾਨੀ ਵੀ 35 ਸਾਲਾ ਪੱਲਵੀ ਹੀ ਕਰ ਰਹੀ ਸੀ। ਉਹ (ਪੱਲਵੀ), ਆਪਣੇ-ਆਪ ਨੂੰ 'ਸੈਕਸ਼ੂਐਲਿਟੀ ਐਕਸਪ੍ਰੈਸ਼ਨਿਸਟ' ਯਾਨੀ 'ਕਾਮਵਾਸ਼ਨਾ ਸਬੰਧੀ ਵਿਆਖਿਆਕਾਰ' ਕਹਾਉਣਾ ਪਸੰਦ ਕਰਦੀ ਹੈ।"
ਨੇਹਾ ਭੱਟ ਦੇ ਲੇਖ ਦੇ ਬਹਾਨੇ ਗੱਲ ਸ਼ੁਰੂ ਕਰ ਕੇ, ਹੁਣ ਆਪਾਂ ਇਹ ਗੱਲ ਆਪਣੇ ਢੰਗ ਨਾਲ਼ ਕਰਾਂਗੇ। ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਵਿਚ ਪੱਲਵੀ ਬਰਨਵਾਲ ਜਿਨਸੀ ਇਕ-ਮਿਕਤਾ, ਕਾਮ ਵਰਗਲਾਹਟ, ਪਿਆਰ ਪੁਗਾਉਣ ਵਿਚ ਕਹਾਣੀ ਸੁਣਾਉਣ ਦੀ ਭੂਮਿਕਾ, ਖੁਰਾਕ ਅਤੇ ਕਾਮ-ਖੇਡ ਵਿਚਾਲ਼ੇ ਸਬੰਧਾਂ, ਕਾਮ ਉਕਸਾਊ ਅੰਗਾਂ, ਕਾਮ-ਤ੍ਰਿਸ਼ਨਾ ਭੜਕਾਊ ਗਹਿਣਿਆਂ ਬਾਰੇ ਗੱਲਾਂ ਕਰਨ ਦੇ ਨਾਲ਼-ਨਾਲ਼, ਕਾਮਸੂਤਰ ਸਮੇਤ ਹੋਰ ਪੁਰਾਤਨ ਲਿਖਤਾਂ ਦੇ ਭੇਤ ਜ਼ਾਹਰ ਕਰਿਆ ਕਰਦੀ ਹੈ। ਇਨ੍ਹਾਂ ਵਰਕਸ਼ਾਪਾਂ ਵਿਚ, ਉਹ ਅਕਸਰ ਹੀ ਕਹਿੰਦੀ ਹੈ, "ਭਾਵੇਂ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੇ ਸਬੰਧ ਵਿਚ ਸਾਡੀ 'ਜੀਭ ਬੰਨ੍ਹੀ ਹੋਈ' ਹੈ, ਪਰ ਮੈਂ ਚਾਹੁੰਦੀ ਹਾਂ ਕਿ ਲੋਕ, ਕਾਮਵਾਸ਼ਨਾ ਜਿਹੇ ਵਿਸ਼ੇ ਨਾਲ਼ ਫਿਰ ਜੁੜਨ। ਕੀ ਅਸੀਂ ਕਿਸੇ ਵੱਲੋਂ ਘੋਖੇ-ਪਰਖ਼ੇ ਜਾਣ ਤੋਂ ਬਗ਼ੈਰ ਹੀ, ਆਪਣੀ ਆਪਣੀ ਕਾਮਵਾਸ਼ਨਾ ਬਾਰੇ ਗੱਲਾਂ ਕਰ ਕੇ ਖ਼ੁਸ਼ੀ ਮਹਿਸੂਸ ਕਰ ਸਕਦੇ ਹਾਂ? ਕੀ ਅਸੀਂ ਜਿਨਸੀ ਖੇਡ ਦੀ ਧਾਰਨਾ ਨੂੰ ਤੁਰੰਤ ਤਸੱਲੀ ਦੀ ਥਾਂ ਇਕ ਪ੍ਰਫੁੱਲਤ ਅਨੁਭਵ ਵਿਚ ਬਦਲ ਸਕਦੇ ਹਾਂ?"
ਇਸ ਤਰ੍ਹਾਂ ਦੀ ਇਕ ਵਰਕਸ਼ਾਪ ਵਿਚ ਹਿੱਸਾ ਲੈ ਚੁੱਕੇ, ਇਕ ਅੱਧਖੜ੍ਹ ਵਪਾਰੀ ਦਾ ਕਹਿਣ ਹੈ, "ਜੀਭ ਦਾ 'ਠਾਕਿਆ' ਹੋਣਾ ਮੈਨੂੰ ਇਕ ਇਹੋ ਜਿਹੀ 'ਨਵੀਂ ਅਤੇ ਦਲੇਰੀ ਭਰੀ ਧਾਰਨਾ' ਲੱਗਦੀ ਹੈ, ਜਿਸ ਨੇ ਮੇਰੇ ਅੰਦਰਲੀ ਜਗਿਆਸਾ ਹਲੂਣ ਕੇ ਜਗਾਈ ਹੈ।" ਹੁਣ ਤਾਂ ਬੀਬੀ ਪੱਲਵੀ ਨੂੰ ਵੀ 'ਬਹੁਤ ਬੇਝਿਜਕ, ਦਲੇਰ ਅਤੇ ਬਹਾਦਰ ਔਰਤ' ਕਿਹਾ ਜਾਣ ਲੱਗ ਪਿਆ ਹੈ। ਕਾਲ਼ੇ ਲੰਬੇ ਵਾਲ਼ਾਂ ਵਾਲ਼ੀ ਇਹ ਲੰਮ-ਸਲੰਮੀ ਅਤੇ ਵੰਗ ਜਿਹੀ ਔਰਤ ਯਾਨੀ ਪੱਲਵੀ ਬਰਨਵਾਲ ਕਹਿੰਦੀ ਹੈ ਕਿ ਇਹੋ ਜਿਹੀਆਂ ਵਰਕਸ਼ਾਪਾਂ ਲਾਉਣ ਅਤੇ ਉਨ੍ਹਾਂ ਅੰਦਰ ਇਹੋ ਜਿਹੀਆਂ ਗੱਲਾਂ ਕਰਨ ਪਿੱਛੇ ਉਸ ਦਾ ਇਕੋ-ਇਕ ਉਦੇਸ਼, ਭਾਰਤੀ ਸਮਾਜ ਵਿਚ ਘਰ ਕਰ ਚੁੱਕੇ, ਸਖ਼ਤ ਜਿਨਸੀ ਨੇਮਾਂ ਨੂੰ ਹਿਲਾ-ਹਿਲਾ ਕੇ ਛਣਕਾ ਸੁੱਟਣਾ ਹੀ ਹੈ।
ਉਹ ਇਹ ਵੀ ਮੰਨਦੀ ਹੈ ਕਿ ਭਾਰਤ ਵਿਚ ਹਾਲੇ ਵੀ ਇਹੋ ਜਿਹੀ ਵਰਕਸ਼ਾਪ ਲਾਉਣ ਲਈ, ਉਸ ਨੂੰ ਆਪਣੀ ਜਿਨਸੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕਰਨ ਵਾਲ਼ੇ ਮਰਦ-ਔਰਤ ਇਕੱਠੇ ਕਰਨੇ ਬਹੁਤ ਔਖੇ ਹਨ ਕਿਉਂ ਕਿ ਇਸ ਦੇਸ਼ ਵਿਚ ਲੋਕਾਂ ਨੇ ਆਪਣੇ-ਆਪ ਨੂੰ ਅਜਿਹੇ ਬਹੁਤ ਸਾਰੇ ਸਮਾਜਕ ਅਤੇ ਸਭਿਆਚਾਰਕ ਤਾਣਿਆਂ-ਬਾਣਿਆਂ ਵਿਚ ਜਕੜਿਆ ਹੋਇਆ ਹੈ, ਜੋ ਉਨ੍ਹਾਂ ਨੂੰ ਆਪਣੀ ਇਸ ਕੁਦਰਤੀ ਇੱਛਾ ਬਾਰੇ ਗੱਲ ਕਰਨ ਤੋਂ ਰੋਕੀ ਰੱਖਦੇ ਹਨ।
ਇਸ ਬੀਬੀ ਨੂੰ ਆਪਣਾ ਇਹ ਪੇਸ਼ਾ, ਆਪਣੇ ਮੋਢੇ ਉੱਤੇ ਰੱਖ ਕੇ ਦਿਖਾਉਣ ਵਿਚ ਕੋਈ ਝਿਜਕ ਨਹੀਂ ਹੈ ਕਿਉਂ ਕਿ ਉਹ, ਆਪਣੀ ਹੀ ਜਿਨਸੀ ਖੁੱਲ੍ਹ ਬਾਰੇ, ਖੁੱਲ੍ਹ ਕੇ ਗੱਲ-ਬਾਤ ਨਹੀ ਕਰਦੀ, ਸਗੋਂ ਹੋਰਨਾਂ ਨੂੰ ਵੀ ਏਦਾਂ ਹੀ ਖੁੱਲ੍ਹ ਕੇ ਬੋਲਣ ਵਿਚ ਮਦਦ ਵੀ ਕਰਦੀ ਹੈ। ਇਹ 'ਕੰਮ' ਸ਼ੁਰੂ ਕਰਨ ਤੋਂ ਪਹਿਲਾਂ ਉਹ, ਦਿੱਲੀ ਦੀ ਇਕ ਵਪਾਰਕ ਕੰਪਨੀ ਵਿਚ 'ਆਪ੍ਰੇਸ਼ਨਜ਼ ਮੈਨੇਜਰ' ਸੀ। ਫਿਰ ਉਸ ਨੇ ਇਕ ਪ੍ਰਾਈਵੇਟ ਕੰਪਨੀ ਵਿਚ ਥੋੜ੍ਹਾ ਜਿਹਾ ਸਮਾਂ, 'ਲਵ ਐਂਡ ਸੈਕਸ ਕੌਂਸਲਰ' (ਪਿਆਰ ਅਤੇ ਕਾਮ-ਖੇਡ ਸਬੰਧੀ ਸਲਾਹਕਾਰ) ਵਜੋਂ ਕੰਮ ਕੀਤਾ ਸੀ। ਫਿਰ, ਇਕ ਗ਼ੈਰਸਰਕਾਰੀ ਸੰਸਥਾ 'ਤਾਰਸ਼ੀ' ਤੋਂ ਜਿਨਸੀ ਸਿੱਖਿਆ ਵਿਚ ਪ੍ਰਮਾਣ ਪੱਤਰ ਹਾਸਲ ਕਰ ਕੇ, ਉਸ ਨੇ 'ਰੈੱਡਵੌਂਬ' ਨਾਂ ਦਾ ਇਕ ਅਦਾਰਾ ਸ਼ੁਰੂ ਕੀਤਾ।
ਇਹ 'ਕੰਮ' ਸ਼ੁਰੂ ਕਰਨ ਤੋਂ ਕੁੱਝ ਮਹੀਨੇ ਹੀ ਮਗਰੋਂ ਪੱਲਵੀ ਬਰਨਵਾਲ ਨੇ ਲਿੰਗਕਤਾ ਦੇ ਸਬੰਧ ਵਿਚ ਬਹੁਤ ਹੀ ਵਿਚਾਰਸ਼ੀਲ ਅਤੇ ਵਿਚਾਰ ਉਕਸਾਊ ਲੇਖ ਲਿਖ ਕੇ, 'ਫੇਸਬੁੱਕ' ਦੇ ਆਪਣੇ ਪੰਨੇ ਉੱੇਤੇ ਪਾਉਣੇ ਸ਼ੁਰੂ ਕਰ ਦਿੱਤੇ, ਜੋ ਪਾਠਕਾਂ ਨੇ ਹੱਥੋ-ਹੱਥੀ ਲਏ। ਉਹ ਕਦੇ-ਕਦੇ ਕੋਈ 'ਅੱਪਡੇਟ' ਵੀ 'ਪੋਸਟ' ਕਰਦੀ ਰਹਿੰਦੀ। ਫਿਰ ਉਹ 'ਆਫਲਾਈਨ' ਪ੍ਰਾਈਵੇਟ ਅਤੇ ਗਰੁੱਪ ਕੌਂਸਲਿੰਗ ਵੀ ਦੇਣ ਲੱਗ ਪਈ ਅਤੇ ਕਦੇ-ਕਦਾਈਂ ਵੱਖ-ਵੱਖ ਉਮਰਾਂ ਅਤੇ ਵੱਖ-ਵੱਖ ਲਿੰਗ ਵਾਲ਼ੇ ਗਰੁੱਪਾਂ ਦੇ ਜਾਗ੍ਰਿਤੀ ਇਜਲਾਸ ਵੀ ਕਰਦੀ ਹੈ। ਉਹ ਇਹੋ ਕੁੱਝ ਕਰਨ-ਸਿਖਾਉਣ ਖ਼ਾਤਰ ਸਕੂਲਾਂ ਅਤੇ ਕਾਲਜਾਂ ਵਿਚ ਵੀ ਜਾਂਦੀ ਹੈ। ਪੱਲਵੀ ਆਪਣੇ ਇਸ ਮਿਸ਼ਨ ਦੇ ਸਬੰਧ ਵਿਚ ਅਕਸਰ ਹੀ ਏਦਾਂ ਕਹਿੰਦੀ ਹੈ, "ਮੈਂ ਲਿੰਗਕਤਾ ਯਾਨੀ 'ਸੈਸ਼ੂਐਲਿਟੀ' ਦੇ ਸਬੰਧ ਵਿਚ ਕੰਮ ਕਰਨਾ ਇਸ ਲਈ ਚੁਣਿਆ ਏ ਕਿਉਂ ਕਿ ਇਸ ਬਾਰੇ ਗੱਲ ਕਰਨੀ ਕਰਨੀ ਹਰ ਇਕ ਦੇ ਵੱਸ ਦੀ ਗੱਲ ਨਹੀਂ ਹੈ।"
ਇੱਥੇ ਦੱਸ ਹੀ ਦੇਣਾ ਚਾਹੀਦਾ ਹੈ ਕਿ ਬੀਬੀ ਪੱਲਵੀ ਬਰਨਵਾਲ ਹਮੇਸ਼ਾ ਤੋਂ ਇੰਨੀ ਖੁੱਲ੍ਹ ਕੇ ਬੋਲਣ ਵਾਲ਼ੀ ਨਹੀਂ ਸੀ। ਉਹ ਬੋਕਾਰੋ ਦੇ ਇਕ ਉਸ ਬਹੁਤ ਹੀ ਰਵਾਇਤੀ ਜਿਹੇ ਪਰਿਵਾਰ ਵਿਚੋਂ ਹੈ, ਜੋ ਔਰਤਾਂ ਨੂੰ ਸਿੱਖ-ਮੱਤ ਦੇਣ ਦੇ ਨਾਲ਼-ਨਾਲ਼ ਸਿੱਖਿਆ ਦੇਣ-ਦੁਆਉਣ ਦਾ ਵੀ ਹਮਾਇਤੀ ਸੀ। ਸ਼ੁਰੂ-ਸ਼ੁਰੂ ਵਿਚ ਉਸ ਨੇ ਆਪਣੇ ਮਾਪਿਆਂ ਦੇ ਆਪਸ ਵਿਚ 'ਬੇਵਫ਼ਾ' ਹੋਣ ਤੋਂ, ਘਰ ਵਿਚ ਦਿਸੀ ਲਿੰਗਕ ਊਚ-ਨੀਚ ਤੋਂ, ਸਰੀਰਕ ਸ਼ਰਮ ਤੋਂ, ਸਮਾਜਕ ਚਿੰਤਾ ਤੋਂ ਅਤੇ ਦਿੱਲੀ ਤੇ ਪੁਣੇ ਦੇ ਕਾਲਜਾਂ ਵਿਚ ਪੜ੍ਹਨ ਦੌਰਾਨ ਸਹਿਪਾਠੀਆਂ/ ਸਹਿਪਾਠਣਾਂ ਵੱਲੋਂ ਪਾਏ ਜਾਂਦੇ ਦਬਾਅ ਤੋਂ ਬੜਾ ਕੁੱਝ ਸਿੱਖਿਆ। ਉਸ ਦਾ ਕਹਿਣ ਹੈ ਕਿ ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਨੇ ਉਸ ਨੂੰ ਵੱਡੇ-ਵੱਡੇ ਸਬਕ ਦਿੱਤੇ।
ਫਿਰ ਉਸ ਦਾ ਵਿਆਹ ਕਰ ਦਿੱਤਾ ਗਿਆ ਤਾਂ ਉਸ ਵਿਆਹ ਅੰਦਰਲੀ ਖੁਸ਼ਕੀ ਨੇ ਉਸ ਨੂੰ ਇਸ ਗੱਲ ਦਾ ਪਤਾ ਕਰਨ ਲਈ ਪ੍ਰੇਰਿਆ ਕਿ ਉਸ ਅੰਦਰ ਕੀ ਕਜ ਹੈ। ਉਸ ਨੇ ਦੇਖਿਆ ਕਿ ਇਸ ਬੇੜੀ ਵਿਚ ਉਹ 'ਕੱਲੀ ਹੀ ਸਵਾਰ ਨਹੀਂ ਹੈ ਤੇ॥ਘਰ-ਘਰ ਏਹਾ ਅਗ॥ਹੈ। ਕਿਸੇ ਨੂੰ ਵੀ ਸੱਚੀਂ ਦੀ ਖ਼ੁਸ਼ੀ ਨਹੀਂ ਮਿਲਦੀ। ਕਈਆਂ ਨੂੰ ਤਾਂ ਇਹ ਵੀ ਇਲਮ ਨਹੀਂ ਕਿ ਸੱਚੀਂ ਦੀ ਖ਼ੁਸ਼ੀ ਹੁੰਦੀ ਕਿੱਦਾਂ ਦੀ ਹੈ। ਉਸ ਦਾ ਕਹਿਣ ਹੈ, "ਅਸੀਂ 'ਅਕਸਾਂ ਦਾ ਸਭਿਆਚਾਰ ਹੰਢਾਉਂਦੇ' ਹਾਂ। ਅਸੀਂ ਆਪਣੀ ਸਾਰੀ ਤਾਕਤ ਹੋਰ ਪਾਸੇ ਲਾ ਦਿੰਦੇ ਹਾਂ ਕਿਉਂ ਕਿ ਸਾਨੂੰ ਡਰ ਹੁੰਦਾ ਹੈ ਕਿਤੇ ਫਲਾਣਾ ਅਕਸ ਤਿੜਕ ਨਾ ਜਾਵੇ।"
ਹੁਣ ਉਹ ਇਕਹਿਰੇ ਮਾਪੇ ਵਾਂਗ, ਆਪਣੀ ਮਾਂ ਨਾਲ਼ ਰਹਿੰਦੀ ਹੈ ਤੇ ਉਸ ਦਾ ਜੀਵਨ ਸਾਥੀ, ਉਸ ਨਾਲ਼ ਆਪਣੇ ਜਿਨਸੀ ਸਬੰਧਾਂ ਦੇ ਆਪਣੀ ਹੀ ਕਿਸਮ ਦੇ ਖੋਖਲੇ ਜਿਹੇ 'ਕਿੱਸੇ', ਲੋਕਾਂ ਨਾਲ਼ ਸਾਂਝੇ ਕਰ-ਕਰ ਕੇ ਆਪਣੀ ਮਰਦਾਵੀਂ ਹਉਮੈ ਨੂੰ ਪੱਠੇ ਪਾਈ ਜਾ ਰਿਹਾ ਹੈ। ਸੱਚਾਈ ਇਹ ਵੀ ਹੈ ਕਿ ਜਦੋਂ ਤੋਂ ਪੱਲਵੀ ਬਰਨਵਾਲ ਕਿਸੇ ਅੱਗੇ ਝੁਕੇ ਬਗ਼ੈਰ ਖੁੱਲ੍ਹ ਗਈ ਹੈ ਅਤੇ ਪ੍ਰਯੋਗਕ ਹੋ ਗਈ ਹੈ, 'ਗੁੰਡਾਗ਼ਰਦੀ ਕਰ ਕੇ, ਸਮਾਜ ਦੀ ਰਾਖੀ ਕਰਨ ਦੇ ਦਾਅਵੇਦਾਰ', ਉਸ ਦੀਆਂ ਅੱਡੀਆਂ ਵੱਢਦੇ ਫਿਰਦੇ ਹਨ। ਉਹ ਕਹਿੰਦੀ ਹੈ ਕਿ ਇਨ੍ਹਾਂ ਲੋਕਾਂ ਦਾ ਉਸ ਨੂੰ ਉੱਨਾ ਡਰ ਨਹੀਂ ਹੈ, ਜਿੰਨਾ ਦੱਬੀਆਂ ਹੋਈਆਂ ਜਿਨਸੀ ਇੱਛਾਵਾਂ ਦਾ ਹੁੰਦਾ ਹੈ। ਹਾਲ ਹੀ ਵਿਚ ਇਕ ਪ੍ਰਕਾਸ਼ਨ ਕੰਪਨੀ ਵੱਲੋਂ, 'ਸੈਕਸ਼ੂਐਲਿਟੀ' ਬਾਰੇ ਉਸ ਦੀ ਲਿਖੀ ਹੋਈ ਕਿਤਾਬ ਛਾਪਣ ਬਾਰੇ ਉਸ ਨਾਲ਼ ਇਕਰਾਰਨਾਮਾ ਕੀਤੇ ਜਾਣ ਨਾਲ਼, ਉਹ ਆਪਣੇ-ਆਪ ਵਿਚ ਸਹੀ ਹੀ ਨਹੀਂ, ਸਗੋਂ ਹੌਲ਼ੀ ਫੁੱਲ ਹੋ ਗਈ ਵੀ ਮਹਿਸੂਸ ਕਰਨ ਲੱਗ ਪਈ ਹੈ। ਹੁਣ ਉਸ ਨੂੰ ਲੱਗਦਾ ਹੈ ਕਿ ਉਹ ਜਹਾਨ ਵਿਚ ਪ੍ਰਵਾਨ ਕੀਤੀ ਜਾਣ ਲੱਗ ਪਏਗੀ।
ਆਪਣੇ ਲੇਖ ਵਿਚ ਸ਼ੰਕਰ ਨਾਰਾਇਣ ਲਿਖਦੇ ਹਨ ਕਿ ਜਦੋਂ ਆਦਮ ਅਤੇ ਹਵਾ ਪੈਦਾ ਹੋਏ ਸਨ ਤਾਂ ਕੁਦਰਤ ਨੇ 'ਇਕ ਨੂੰ ਕਈਆਂ ਵਿਚ ਗੁਣਾ ਕਰਨ', ਜ਼ਰਬਾਂ ਦੇਣ ਦਾ ਅਮਲ ਸ਼ੁਰੂ ਕਰ ਦਿੱਤਾ ਸੀ। ਓਦਾਂ ਭਾਵੇਂ ਇਹ ਇਕ ਕਥਾ ਹੀ ਹੈ, ਪਰ ਇਸ ਕਹਾਣੀ ਦਾ ਸਾਰ-ਤੱਤ ਇਹ ਹੈ ਕਿ ਇਹ ਅਮਲ ਹਾਲੇ ਵੀ ਜਾਰੀ ਹੈ। ਇਹ ਅਮਲ ਹੈ, ਜਿਨਸੀ ਕਾਰਵਾਈ ਰਾਹੀਂ ਪੀੜ੍ਹੀਆਂ ਦੇ ਵਧਣ ਦਾ। ਅਸੀਂ ਜਿਨਸੀ ਕਾਰਵਾਈ ਨੂੰ ਸਰੀਰਾਂ ਦੇ ਸੁਮੇਲ ਨਾਲ਼ ਵੀਰਜ ਨਿਕਾਲ਼ੇ ਤਕ ਵੀ ਸੀਮਤ ਨਹੀਂ ਕਰ ਸਕਦੇ। ਇਸ ਨੂੰ, ਅਧਿਆਤਮਕ ਇਕ-ਮਿੱਕਤਾ ਹਾਸਲ ਕਰਨ ਦੀ ਤਿਆਰੀ ਦੇ ਕਿਸੇ ਪੜਾਅ ਵਜੋਂ ਵੀ ਤਾਂ ਸਮਝਿਆ ਜਾ ਸਕਦਾ ਹੈ। ਜਦੋਂ ਜਿਸਮ ਪੰਘਰਦੇ ਹਨ, ਆਤਮਾਵਾਂ ਦਾ ਮਿਲਾਪ ਹੁੰਦਾ ਹੈ। ਅਸਲ ਵਿਚ, ਅਸਲ ਵਸਲ ਦੀ ਘੜੀ ਵੀ ਉਹੀ ਹੁੰਦੀ ਹੈ।
ਇਹ ਵਿਅੰਗ ਨਹੀਂ ਹੈ ਕਿ ਜਿਨਸੀ ਖੇਡ ਤੋਂ ਮਗਰੋਂ ਆਪਾਂ ਉਨ੍ਹਾਂ ਪਿੰਡਿਆਂ ਨੂੰ ਫੌਰਨ ਢਕਣ ਲਈ ਕਾਹਲੇ ਹੋ ਜਾਂਦੇ ਹਾਂ, ਜਿਨ੍ਹਾਂ ਦੀ ਇਬਾਦਤ ਕਰਦਿਆਂ ਹੁਣੇ ਆਪਾਂ ਪਰਮ ਆਨੰਦ ਨਾ ਸਹੀ, ਆਨੰਦ ਤਾਂ ਮਾਣ ਹੀ ਹਟੇ ਹੁੰਦੇ ਹਾਂ। ਅਜਿਹੇ ਮੌਕੇ ਸਰੀਰਾਂ ਨੂੰ ਹੋਰ ਅਹਿਮ ਕੰਮਾਂ ਲਈ ਸੁਰ ਕਰਨ ਖ਼ਾਤਰ, ਆਪਾਂ ਨੂੰ ਗਲਵਕੜੀ ਹੌਲ਼ੀ-ਹੋਲ਼ੀ ਢਿੱਲੀ ਕਰਨੀ ਚਾਹੀਦੀ ਹੈ। ਜਿਸ ਕੂਲੇਪਨ ਨੇ ਰੂਹਾਂ ਦੇ ਸਿਖ਼ਰਲੇ ਮੇਲ ਦਾ ਰਾਹ ਛਿੜਕਿਆ ਹੋਵੇ, ਉਸ ਨੂੰ ਇਕ ਦਮ ਲਿਬਾਸਾਂ ਦੇ ਉਹਲੇ ਕਰ ਦੇਣਾ ਵੀ ਤਾਂ ਜਾਇਜ਼ ਨਹੀਂ।
ਸ਼ੰਕਰ ਨਾਰਾਇਣ ਹੀ ਲਿਖਦੇ ਹਨ, "ਮੇਰਾ ਖ਼ਿਆਲ ਹੈ ਕਿ ਇਹ ਜਿਨਸੀ ਇਜ਼ਹਾਰ, ਸਾਗਰ ਦੇ ਜਵਾਰ ਭਾਟੇ ਵਾਂਗ ਵਧਣਾ ਤੇ ਫਿਰ ਸਹਿਜ-ਸਹਿਜ ਘਟਦਿਆਂ, ਸੂਰਜ ਦੇ ਛੁਪਣ ਵਾਂਗ ਸਹਿਜ-ਸਹਿਜ ਹੀ ਛਪਨ ਹੋਣਾ ਚਾਹੀਦਾ ਹੈ।" ਇਸ ਆਨੰਦ ਦੇ ਸਬੰਧ ਵਿਚ ਇਕ ਘਟਨਾ ਦੀ ਚਰਚਾ ਕਰਦਿਆਂ ਉਹ ਲਿਖਦੇ ਹਨ ਕਿ ਜਿਸਮਾਂ ਦੀ ਆਪਸੀ ਸੰਗਤ ਦੇ ਸਹਾਰੇ ਰੂਹਾਨੀ ਆਨੰਦ ਮਾਨਣ ਦੀ ਵਜ੍ਹਾ ਨਾਲ਼ ਮੂੰਹੋਂ ਨਿੱਕਲਦੇ 'ਹੂੰਗੇ ਅਤੇ ਹੁੰਗਾਰੇ' ਵੀ ਨਹੀਂ ਰੁਕਣੇ/ ਰੋਕਣੇ ਚਾਹੀਦੇ ਕਿਉਂ ਕਿ ਉਨ੍ਹਾਂ ਦਾ ਸੰਗੀਤ, ਲੈਅ ਅਤੇ ਤਾਲ ਵੀ ਮਾਨਣਯੋਗ ਹੁੰਦੇ ਹਨ।
ਕਹਿੰਦੇ ਹਨ ਕਿ ਜਿਨਸੀ ਇਜ਼ਹਾਰ, ਭਾਵੇਂ ਕਿੰਨਾ ਵੀ ਸਮਝ ਤੋਂ ਬਾਹਰ ਹੋਵੇ, ਇਸ ਦੀ ਅਹਿਮੀਅਤ ਬਹੁਤ ਹੁੰਦੀ ਹੈ। ਅਸੀਂ ਡਾਕਟਰਾਂ ਕੋਲ, ਵਕੀਲਾਂ ਕੋਲ ਆਪਣੇ ਤਨ-ਮਨ ਦੇ ਭੇਤ ਖੋਲ੍ਹਦੇ ਹਾਂ ਤਾਂ ਕੀ ਸਾਨੂੰ ਆਪਣੇ ਨਿਰੋਲ ਨਿੱਜੀ ਪਲਾਂ ਦੌਰਾਨ, ਆਪਸ ਵਿਚ ਕੁੱਝ ਛੁਪਾaਣਾ ਬਣਦਾ ਹੈ? ਸਾਡੇ ਘਰਾਂ ਵਿਚ ਔਰਤਾਂ ਆਪਣੀਆਂ ਧੀਆਂ ਨੂੰ ਕਦੋਂ ਮੁਕੰਮਲ ਔਰਤਾਂ ਬਣਨਾ ਸਿਖਾ ਦਿੰਦੀਆਂ ਹਨ, ਘਰਾਂ ਵਿਚ ਰਹਿੰਦੇ ਮਰਦਾਂ ਨੂੰ ਕਦੇ ਇਸ ਦਾ ਪਤਾ ਲੱਗਦਾ ਹੈ? ਸ਼ੰਕਰ ਨਾਰਾਇਣ ਪੁੱਛਦੇ ਹਨ ਕਿ ਜਿਹੜਾ ਜਜ਼ਬਾ ਅੰਬਰਾਂ ਤਕ, ਸੁਰਗਾਂ ਤਕ ਨਾਲ਼ ਖਹਿੰਦਾ ਹੋਵੇ, ਉਸ ਦਾ ਇਜ਼ਹਾਰ ਕਿੰਨਾ ਸੂਖਮ ਹੋਣਾ ਚਾਹੀਦਾ ਹੈ?
ਤਾਂਤਰਿਕਾ ਜਵਾਲਾ ਆਪਣੇ ਇਹੋ ਜਿਹੇ ਜਿਨਸੀ ਜਜ਼ਬੇ ਬਾਰੇ ਆਪਣੇ ਇਕ ਸੰਸਮਰਣ ਵਿਚ ਵਿਚ ਏਦਾਂ ਫ਼ਰਮਾਉਂਦੀ ਹੈ, "ਪੂਨਾ ਵਿਖੇ ਓਸ਼ੋ ਦੇ ਆਸ਼ਰਮ ਵਿਚ ਰਹਿਣਾ ਮੇਰੇ ਲਈ ਇਕ ਬਹੁਤ ਹੀ ਬੇਮਿਸਾਲ ਤੇ ਭਰਪੂਰ ਅਨੁਭਵ ਰਿਹਾ ਹੈ। ਮੈਨੂੰ ੧੯੭੮ ਵਿਚ ਉੱਥੇ ਬਾਂਸਾਂ ਦੀ ਇਕ ਕੁਟੀਆ ਵਿਚ ਰਹਿਣ ਦੇ ਉਹ ਪਲ ਬਹੁਤ ਯਾਦ ਆਉਂਦੇ ਰਹਿੰਦੇ ਹਨ, ਜਦੋਂ ਹਵਾ ਮੁਹੱਬਤੀ ਇਜ਼ਹਾਰਾਂ ਨਾਲ਼ ਲੱਦੀ ਹੁੰਦੀ ਸੀ। ਮੇਰੇ 'ਆਧਿਆਤਮਕ ਮਾਲਕ' ਫ਼ਰਮਾਇਆ ਕਰਦੇ ਸਨ ਕਿ ਜੇ ਕੋਈ ਸਰੀਰ ਅੰਦਰੋਂ-ਬਾਹਰੋਂ ਪੂਰੀ ਤਰ੍ਹਾਂ ਮੁਹੱਬਤ ਵਿਚ ਲੀਨ ਹੋਵੇ ਤਾਂ ਉਸ ਦੀ ਮੁਹੱਬਤ ਦੇ ਇਜ਼ਹਾਰ, ਆਂਢ-ਗੁਆਂਢ ਨੂੰ ਸੁਣਾਈ ਦੇਣੇ ਬਣਦੇ ਹਨ।"
ਅਸੀਂ 'ਜੰਗਲ-ਪਾਣੀ' ਜਾਣ (ਕਰਨ) ਨੂੰ ਰੱਬੀ ਹੁਕਮ ਮੰਨਦੇ ਹਾਂ ਤੇ ਅਸੀਂ ਅਜਿਹੇ ਸਮੇਂ ਹੋਣ ਵਾਲ਼ੀ, ਕਿਸੇ ਤਰ੍ਹਾਂ ਦੀ ਵੀ ਅਵਾਜ਼ ਹੋਣੋਂ ਨਹੀਂ ਰੋਕਦੇ। ਕੀ ਜਿਨਸੀ ਖੇਡ, ਰੱਬੀ ਹੁਕਮ ਨਹੀਂ ਹੈ? ਖੋਜੀਆਂ ਦਾ ਕਹਿਣ ਹੈ ਕਿ ਜਿਸ ਜਜ਼ਬੇ ਦਾ ਇਜ਼ਹਾਰ ਸਹੀ ਸਮੇਂ ਨਹੀਂ ਕੀਤਾ ਜਾਂਦਾ, ਉਹ ਤੁਹਾਡੇ ਜਿਸਮ ਅੰਦਰ ਗੱਤਲੇ ਅਤੇ ਰਸੌਲੀਆਂ ਬਣਾਉਂਦਾ ਹੈ। ਇੰਨਾ ਹੀ ਨਹੀਂ, ਉਹ ਤੁਹਾਨੂੰ ਮਾਨਸਕ ਵਿਕਾਰਾਂ ਦਾ ਸ਼ਿਕਾਰ ਵੀ ਬਣਾਉਂਦਾ ਹੈ। ਇਸ ਕਰ ਕੇ ਸਾਨੂੰ ਪੱਲਵੀ ਬਰਨਵਾਲ ਵਰਗਿਆਂ ਤੋਂ ਆਪਣੇ ਜਿਨਸੀ ਇਜ਼ਹਾਰਾਂ ਨੂੰ ਸ਼ਬਦ ਤੇ ਬੋਲ ਦੇਣੇ ਸਿੱਖਣੇ ਚਾਹੀਦੇ ਹਨ।#
(1) ਨਵੀਂ ਦਿੱਲੀ ਵਿਚ 'ਟਾਈਡ ਟੰਗ' ਦੀ ਵਰਕਸ਼ਾਪ ਵਿਚ ਪੱਲਵੀ ਬਰਨਵਾਲ
(2) ਵਿਖਿਆਨ ਕਰਦਿਆਂ ਪੱਲਵੀ
(3) ਪੱਲਵੀ ਦਾ 'ਫੇਸਬੁੱਕੀ ਸਰੂਪ'
(4) ਜਿਨਸੀ ਸੰਵਾਦਾਂ ਵਿਚ ਰੁੱਝਿਆ ਹੋਇਆ ਇਕ ਜੋੜਾ
(5) 'ਫੇਸਬੁੱਕ' ਉੱਤੇ ਪੱਲਵੀ ਦਾ ਪੰਨਾ




