ਬਾਦਸ਼ਾਹੀਆਂ-ਬੇਪ੍ਰਵਾਹੀਆਂ
<><><><><><>
ਸੱਚੀਂ ਕਈ ਵਾਰੀ ਬੜਾ ਹੀ ਜੀਅ ਕਰਦੈ ਪਈ ਬਾਦਸ਼ਾਹਾਂ ਵਾਂਗੂ 'ਬਾਦਸ਼ਾਹੀਆਂ-ਬੇਪ੍ਰਵਾਹੀਆਂ' ਕਰ ਕੇ ਦੇਖੀਏ। ਫੇਰ ਸੋਚੀਦੈ ਪਈ ਹੋ ਸਕਦੈ ਜਿਸ ਨੂੰ ਜਹਾਨ 'ਬਾਦਸ਼ਾਹੀਆਂ ਜਾਂ ਬੇਪ੍ਰਵਾਹੀਆਂ' ਸਮਝਦਾ ਹੋਵੇ, ਉਹ ਆਪਾਂ ਨੂੰ ਜਚਣ ਹੀ ਨਾ। ਜਾਂ ਇਹ ਵੀ ਤਾਂ ਹੋ ਸਕਦਾ ਕਿ ਆਪਣੀ ਨਜ਼ਰ ਵਿਚ 'ਬਾਦਸ਼ਾਹੀਆਂ ਜਾਂ ਬੇਪ੍ਰਵਾਹੀਆਂ' ਹੋਣ ਹੀ ਹੋਰ ਤਰ੍ਹਾਂ ਦੀਆਂ। ਏਦਾਂ ਸੋਚਦਿਆਂ ਹੀ ਕਈ ਵਾਰ ਸੌਂ ਜਾਈਦੈ ਤੇ ਅਗਲੇ ਦਿਨ ਇਹ ਗੱਲ ਆਈ-ਗਈ ਹੋ ਜਾਂਦੀ ਹੈ। ਇਕ ਦਿਨ ਜਾਗਦਿਆਂ ਹੀ 'ਕੌਣ ਕਹੇ ਰਾਣੀ ਅੱਗਾ ਢਕ', 'ਕਿਹੜਾ ਕਹੇ ਨੀ ਰਾਣੀਏ ਤੇਰਾ ਨਾਲ਼ਾ ਲਮਕਦੈ', 'ਇੰਗਲੈਂਡ ਦਾ ਰਾਜਾ ਕਦੇ ਗ਼ਲਤੀ ਨਹੀਂ ਕਰਦਾ', ਅਤੇ 'ਰਾਜਾ ਮਰ ਗਿਆ, ਰਾਜਾ ਸਲਾਮਤ ਰਹੇ' ਵਰਗੀਆਂ ਅਖਾਣਾਂ ਜਾਂ ਅਖਾਣਾਂ ਵਰਗਿਆਂ ਇਨ੍ਹਾਂ ਨੇ ਵਾਕਾਂ ਨੇ ਘੇਰ ਲਿਆ। ਕਿੰਨਾ ਹੀ ਚਿਰ ਇਨ੍ਹਾਂ ਵਿਚ ਉਲਝਣ ਮਗਰੋਂ ਖ਼ਿਆਲ ਆਇਆ ਪਈ 'ਬਾਦਸ਼ਾਹੀ ਉਲਝਣਾਂ ਸੁਲਝਾਉਣ ਦਾ ਕੰਮ ਵੀ ਬਾਦਸ਼ਾਹਾਂ ਦਾ ਹੀ ਹੁੰਦਾ ਹੈ, ਸੋ ਇਨ੍ਹਾਂ ਨੂੰ ਇੱਥੇ ਹੀ ਛੱਡ ਤੇ ਤੂੰ ਇਹ ਸੋਚ ਪਈ ਅਗਲਾ 'ਸ਼ਬਦੰਗਲ' ਕਿਹੜੇ ਮਾਮਲੇ ਜਾਂ ਮਸਲੇ ਬਾਰੇ ਲਿਖਣਾ ਹੈ।
ਆਪਣੇ ਮਨ ਵਿਚ ਆਈ ਗੱਲ ਛੇਤੀ ਕੀਤੇ ਕਿੱਥੇ ਨਿੱਕਲਦੀ ਹੈ, ਸੋ ਆਪਣੇ ਮਨ ਨੇ, ਆਪਣੀਆਂ 'ਬਾਦਸ਼ਾਹੀਆਂ-ਬੇਪ੍ਰਵਾਹੀਆਂ ਏਦਾਂ ਕੀਤੀਆਂ:
ਇਕ ਬਾਦਸ਼ਾਹ ਦਾ ਨਾਂ 'ਵਜੀਰਾਲੌਂਗਕੋਰਨ' ਯਾਨੀ 'ਵਚੀਰਾਲੌਂਗਕੋਨ' ਹੈ ਤੇ ਉਸ ਦੀ ਸਮਰਾਟੀ ਉਪਾਧੀ 'ਫਰਾਬਤ ਸੋਮਦਤ ਫਰਾ ਵਜਰਾ ਕਲਾਓ ਚਾਓ ਯੂ ਹੂਆ' ਹੈ। 28 ਜੁਲਾਈ 1952 ਦਾ ਜਨਮਿਆ ਹੋਇਆ ਇਹ ਰਾਜਾ, 2016 ਤੋਂ ਥਾਈਲੈਂਡ ਉੱਤੇ ਰਾਜ ਕਰ ਰਿਹਾ ਹੈ। ਉਹ, ਆਪਣੀ ਮਾਂ ਮਲਕਾ ਸਿਰੀਕਿਤ ਅਤੇ ਬਾਪ ਰਾਜਾ ਭੂਮੀਬੋਲ ਅਦੁਲਯਾਦੇਜ ਦੀ ਇਕਲੌਤਾ ਪੁੱਤਰ ਹੈ। 13 ਅਕਤੂਬਰ, 2016 ਨੂੰ ਉਸ ਦੇ ਬਾਪ ਦੀ ਮੌਤ ਹੋ ਜਾਣ ਮਗਰੋਂ, ਉਸ ਵੱਲੋਂ ਥਾਈਲੈਂਡ ਦੀ ਰਾਜ-ਗੱਦੀ ਸੰਭਾਲੀ ਜਾਣੀ ਬਣਦੀ ਸੀ, ਪਰ ਉਸ ਨੇ ਕਿਹਾ ਕਿ ਉਹ, ਆਪਣੇ ਬਾਪ ਦੀ ਥਾਂ, ਰਾਜਾ ਬਣਨ ਤੋਂ ਪਹਿਲਾਂ, ਆਪਣੇ ਬਾਪ ਦੀ ਮੌਤ ਦਾ ਸੋਗ ਮਨਾਉਣ ਖ਼ਾਤਰ ਕੁੱਝ ਸਮਾਂ ਲੈਣਾ ਚਾਹੁੰਦਾ ਹੈ।
ਇਸ ਬਾਦਸ਼ਾਹ ਦੀਆਂ 'ਬਾਦਸ਼ਾਹੀਆਂ-ਬੇਪ੍ਰਵਾਹੀਆਂ' ਦੇਖਦੇ ਰਹਿਣਾ ਕਿ ਇਸ ਨੇ ਪਹਿਲੀ ਦਸੰਬਰ, 2016 ਦੀ ਰਾਤ ਨੂੰ ਰਾਜਾ ਬਣਨਾ ਮੰਨਿਆ ਅਤੇ 26 ਅਕਤੂਬਰ, 2017 ਨੂੰ ਆਪਣੇ ਬਾਪ ਦੀਆਂ ਆਖ਼ਰੀ ਰਸਮਾਂ ਨਿਭਾਈਆਂ। ਨਵੇਂ ਰਾਜੇ ਦੀ ਤਾਜਪੋਸ਼ੀ, 2019 (ਇਸੇ ਹੀ ਸਾਲ) 4 ਤੋਂ 6 ਮਈ ਤਕ ਹੋਈ ਹੈ, ਪਰ ਥਾਈਲੈਂਡ ਦੀ ਸਰਕਾਰ ਨੇ ਉਸ ਨੂੰ 13 ਅਕਤੂਬਰ, 2016 ਤੋਂ 'ਮਹਾਰਾਜਾ ਦੇ ਸੁਰਗਵਾਸ ਹੋਣ ਤੋਂ ਹੀ' ਆਪਣਾ ਰਾਜਾ ਮੰਨਿਆ ਹੋਇਆ ਸੀ। 'ਮਹਾ ਵਚੀਰਾਲੌਂਗਕੋਨ' ਦਾ ਜਨਮ 28 ਜੁਲਾਈ, 1952 ਨੂੰ ਸ਼ਾਮ ਦੇ ਪੌਣੇ 6 ਵਜੇ ਐਂਫੋਰਨ ਸਥਾਨ ਯਾਨੀ ਬੈਂਕਾਕ ਦੇ ਦੁਸਿਤ ਪੈਲੇਸ ਦੇ ਰੈਜ਼ੀਡੈਂਸ਼ੀਅਲ ਹਾਲ ਵਿਚ ਹੋਇਆ ਸੀ। ਜਦੋਂ ਯੁਵਰਾਜ ਇਕ ਸਾਲ ਦਾ ਹੋਇਆ ਤਾਂ ਥਾਈਲੈਂਡ ਦੇ 13ਵੇਂ 'ਸੁਪਰੀਮ ਪੈਟਰੀਆਰਚ' ਸੋਮਦਤ ਫਰਾ ਸੰਗਖਰਾਤ ਚਾਓਕਰੋਮਾ ਲੁਆਂਗ ਵਚੀਰਾਯਾਨਾਵੋਂਗ ਨੇ ਉਸ ਦਾ ਪਹਿਲਾ ਨਾਂ
"ਵਚੀਰਾਲੌਂਗਕੋਨ ਬੋਰੋਮਾਚੱਕਰਯਾਡੀਸੋਨਸੰਤਾਤੀਵੌਂਗ ਥੀਵੇਤੱਮਰੋਂਗਸੁਬੋਰੀਬਨ ਅਪੀਖੁਨੂਪ੍ਰਾਕਨਮਹਿੱਤਲਾਦੁਨਲਾਦੇਤ ਫੁਮੀਫੋਨਾਰੇਤਵਾਰੰਗਕੁਨ ਕੀਤੀਸਿਰੀਸੋਂਬੁਨਸਵਾਂਗਖਾਵਤ ਬੋਰੋਮਾਚੱਕਰਯਖੱਤਯਾਰਰਾਤਚਕੁਮਨ" ਰੱਖਿਆ।
ਸ਼ਹਿਜ਼ਾਦਾ ਵਜੀਰਾਲੌਂਗਕੋਰਨ ਨੇ 1956 ਵਿਚ ਪੜ੍ਹਾਈ ਸ਼ੁਰੂ ਕੀਤੀ ਤੇ ਉਹ, ਦੁਸਿਤ ਪੈਲੇਸ ਵਿਚ ਚਿਤਰਾਲਦਾ ਸਕੂਲ ਵਿਚ ਕਿੰਡਰਗਾਰਟਨ ਵਿਚ ਪ੍ਰਵੇਸ਼ ਹੋਏ। 'ਮਥਾਯੋਮ' (ਸੱਤਵੀਂ ਜਮਾਤ) ਪਾਸ ਕਰਨ ਮਗਰੋਂ ਉਨ੍ਹਾਂ ਨੂੰ 'ਯੁਨਾਈਟਿਡ ਕਿੰਗਡਮ' ਦੇ 'ਇੰਡੀਪੈਂਡੈਂਟ ਸਕੂਲਜ਼' ਵਿਚ ਦਾਖਲ ਕਰਾਇਆ ਗਿਆ। ਉਨ੍ਹਾਂ ਸਕੂਲਾਂ ਵਿਚ ਉਨ੍ਹਾਂ ਨੇ 1970 ਤਕ ਮੈਟਰਿਕ ਤਕ ਦੀ ਪੜ੍ਹਾਈ ਪੂਰੀ ਕਰ ਲਈ। ਫਿਰ ਉਨ੍ਹਾਂ ਨੇ ਆਸਟਰੇਲੀਆ ਵਿਚ ਸਿਡਨੀ ਵਿਚ 'ਦ ਕਿੰਗ'ਜ਼ ਸਕੂਲ' ਵਿਚ ੫ ਹਫ਼ਤਿਆਂ ਦੀ ਫੌਜੀ ਸਿਖਲਾਈ ਹਾਸਲ ਕੀਤੀ।
1972 ਵਿਚ ਉਨ੍ਹਾਂ ਨੂੰ ਆਸਟਰੇਲੀਆ ਵਿਚ ਹੀ ਕੈਨਬਰਾ ਦੇ ਰਾਇਲ ਮਿਲਟਰੀ ਕਾਲਜ, ਡੁਨਟਰੂਨ ਵਿਚ ਦਾਖਲ ਕਰਾਇਆ ਗਿਆ। ਉੱਥੇ ਉਨ੍ਹਾਂ ਦੀ ਪੜ੍ਹਾਈ ਦੋ ਹਿੱਸਿਆਂ ਵਿਚ ਵੰਡੀ ਗਈ। ਫੌਜੀ ਸਿਖਲਾਈ ਆਸਟਰੇਲੀਆਈ ਫੌਜ ਵੱਲੋਂ ਦਿੱਤੀ ਗਈ ਜਦੋਂ ਕਿ 'ਬੈਚਲਰ ਡਿਗਰੀ ਕੋਰਸ', 'ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼' ਦੀ ਸਰਪ੍ਰਸਤੀ ਵਿਚ ਕਰਾਇਆ ਗਿਆ। 1976 ਵਿਚ ਸ਼ਹਿਜ਼ਾਦੇ ਨੇ 'ਲਿਬਰਲ ਆਰਟਸ' ਵਿਚ ਡਿਗਰੀ ਲੈਣ ਦੇ ਨਾਲ਼ ਹੀ 'ਕਮਿਸ਼ਨਡ ਲੈਫਟੀਨੈਂਟ' ਵਜੋਂ ਗਰੈਜੂਏਸ਼ਨ ਕੀਤੀ। 1982 ਵਿਚ ਉਨ੍ਹਾਂ ਨੇ 'ਸੁਖੋਥਾਈ ਥੰਮਾਤਿਰਾਟ ਓਪਨ ਯੂਨੀਵਰਸਿਟੀ' ਤੋਂ 'ਦੂਜੀ ਸ਼੍ਰੇਣੀ ਆਨਰਜ਼' ਵਿਚ ਦੂਜੀ ਬੈਚਲਰ ਡਿਗਰੀ ਹਾਸਲ ਕੀਤੀ। 28 ਦਸੰਬਰ, 1972 ਨੂੰ ਉਨ੍ਹਾਂ ਨੂੰ 'ਚੱਕਰੀ ਸਲਤਨਤ' ਦਾ ਯੁਵਰਾਜ ਯਾਨੀ ਸਿੰਘਾਸਨ ਦਾ ਵਾਰਸ ਐਲਾਨਿਆ ਗਿਆ। 6 ਨਵੰਬਰ, 1978 ਨੂੰ 26 ਸਾਲ ਦੀ ਉਮਰ ਵਿਚ ਸ਼ਹਿਜ਼ਾਦੇ ਨੂੰ 'ਵਤ ਫਰਾ ਸਿਰੀ ਰਤਨਾ ਸਤਸਦਰਮ (ਐਮਰਲਡ ਬੁੱਧ ਮੰਦਰ) ਦਾ ਮਹੰਤ ਥਾਪਿਆ ਗਿਆ। ਫਿਰ ਉਨ੍ਹਾਂ ਨੇ 'ਰਾਇਲ ਥਾਈ ਆਰਮੀ' ਵਿਚ 'ਕਰੀਅਰ ਆਫੀਸਰ' ਵਜੋਂ ਸੇਵਾ ਕੀਤੀ। ਉਨ੍ਹਾਂ ਨੇ ਵੱਖ-ਵੱਖ ਸਮਿਆਂ ਵਿਚ ਅਮਰੀਕਾ, ਬਰਤਾਨੀਆ ਅਤੇ ਆਸਟਰੇਲੀਆ ਦੀਆਂ ਫੌਜਾਂ ਵਿਚ ਸਿਖਲਾਈ ਪ੍ਰਾਪਤ ਕਰਦਿਆਂ, ਲੜਾਈ ਦੇ ਗ਼ੈਰ-ਰਵਾਇਤੀ ਪੈਂਤਰੇ ਸਿੱਖੇ। ਉਨ੍ਹਾਂ ਨੇ ਹੈਲੀਕਾਪਟਰ ਚਲਾਉਣ ਦੀ ਸਿਖਲਾਈ ਵੀ ਲਈ।
3 ਜਨਵਰੀ, 1977 ਨੂੰ ਉਨ੍ਹਾਂ ਨੇ ਆਪਣੀ ਮਾਂ ਦੀ ਰਿਸ਼ਤੇਦਾਰੀ ਵਿਚੋਂ ਸ਼ਹਿਜ਼ਾਦੀ ਸੋਅਮਸਵਾਲੀ ਕਿਤੀਯਕਾਰਾ ਨਾਲ਼ ਵਿਆਹ ਕਰਾ ਲਿਆ ਤੇ ਫਿਰ ਉਹ ਇਕ ਧੀ ਦੇ ਬਾਪ ਬਣ ਗਏ। ਇਸ ਤੋਂ ਪਹਿਲਾਂ 1970 ਵਿਚ ਹੀ ਸ਼ਹਿਜ਼ਾਦੇ ਦਾ ਦਿਲ, ਫ਼ਿਲਮ ਅਦਾਕਾਰਾ 'ਯੁਵਾਧਿੜਾ ਪੋਲਪਰਾਸੇਰਥ' ਉੱਤੇ ਵੀ ਆ ਗਿਆ ਸੀ, ਜਿਸ ਤੋਂ ਉਨ੍ਹਾਂ ਦੇ ਪੰਜ ਬੱਚੇ ਵੀ ਹੋਏ। ਜੁਲਾਈ 1993 ਵਿਚ ਸ਼ਹਿਜ਼ਾਦੇ ਨੇ ਸ਼ਹਿਜ਼ਾਦੀ ਸੋਅਮਸਵਾਲੀ ਕਿਤੀਯਕਾਰਾ ਨੂੰ ਤਲਾਕ ਦੇ ਦਿੱਤਾ। ਫਿਰ ਵਜੀਰਾਲੌਂਗਕੋਰਨ ਨੇ 10 ਫਰਵਰੀ 2001 ਨੂੰ ਤੀਜਾ ਵਿਆਹ, ਸਰੀਰਾਸਮੀ ਸੁਵਾਦੀ, ਜਿਸ ਦਾ ਸ਼ਾਹੀ ਨਾਂ 'ਅਖਾਰਫੋਂਗਪਰੀਚਾ' ਸੀ, ਨਾਲ਼ ਕਰਾਇਆ। ਉਹ ਇਕ ਆਮ ਔਰਤ ਸੀ ਤੇ 1992 ਤੋਂ ਰਾਜੇ ਦੀ ਸੇਵਾ ਕਰ ਰਹੀ ਸੀ। 2005 ਤਕ ਇਸ ਵਿਆਹ ਬਾਰੇ, ਪਰਜਾ ਤੋਂ ਉਹਲਾ ਰੱਖਿਆ ਗਿਆ। ਇਸ ਔਰਤ ਨੇ 29 ਅਪ੍ਰੈਲ 2005 ਨੂੰ ਸ਼ਹਿਜ਼ਾਦਾ ਦੀਪਾਂਗਕੋਰਨ ਰਸਮੀਜੋਤੀ ਨੂੰ ਜਨਮ ਦਿੱਤਾ। ਇਸ ਤੋਂ ਮਗਰੋਂ ਹੀ ਉਸ ਨੂੰ ਸ਼ਹਿਜ਼ਾਦੀ ਦਾ ਖ਼ਿਤਾਬ ਦਿੱਤਾ ਗਿਆ।
ਨਵੰਬਰ 2014 ਨੂੰ ਰਾਜੇ ਦੇ ਕੁੱਝ ਰਿਸ਼ਤੇਦਾਰਾਂ ਨਾਲ਼ ਧੋਖਾ ਕਰਨ ਦੇ ਦੋਸ਼ ਹੇਠ, ਸ਼ਹਿਜ਼ਾਦੀ ਸਰੀਰਾਸਮੀ ਤੋਂ ਸਾਰੀਆਂ ਸ਼ਾਹੀ ਉਪਾਧੀਆਂ ਖੋਹ ਲਈਆਂ ਗਈਆਂ ਤੇ ਰਾਜੇ ਨੇ ਉਸ ਨੂੰ ਤਲਾਕ ਦੇ ਦਿੱਤਾ। ਤਲਾਕ ਵੇਲ਼ੇ ਉਹ 13 ਸਾਲ ਵਿਆਹੁਤਾ ਜੀਵਨ ਬਿਤਾ ਚੁੱਕੇ ਸਨ। ਪਹਿਲੀ ਮਈ 2019 ਨੂੰ ਆਪਣੇ ਰਾਜ ਤਿਲਕ ਦੀ ਰਸਮ ਹੋਣ ਤੋਂ ਤਿੰਨ ਦਿਨ ਪਹਿਲਾਂ, ਵਜੀਰਾਲੌਂਗਕੋਰਨ ਨੇ ਆਪਣੀ ਸੁਰੱਖਿਆ ਵਿਚ ਕਾਰਜਕਾਰੀ ਕਮਾਂਡਰ ਰਹੀ, ਸੁਤਿੜਾ ਤੀਦਜੇ ਨਾਲ਼ ਵਿਆਹ ਕਰਾ ਲਿਆ। ਥਾਈਲੈਂਡ ਦੇ ਲੋਕਾਂ ਨੂੰ ਇਹ ਖ਼ਬਰ, ਥਾਈ ਟੈਲੀਵਿਜਨ ਚੈਨਲਾਂ ਤੋਂ 'ਰਾਇਲ ਨਿਊਜ਼' ਦੇ ਪ੍ਰਸਾਰਣ ਤੋਂ ਹੀ ਮਿਲੀ। ਵਿਆਹ ਤੋਂ ਮਗਰੋਂ ਰਾਜੇ ਨੇ ਸੁਤਿੜਾ ਤੀਦਜੇ ਨੂੰ ਆਪਣੀ ਮਲਕਾ ਦਾ ਖ਼ਿਤਾਬ ਦਿੱਤਾ। ਵਿਆਹ ਵੇਲ਼ੇ ਬਾਦਸ਼ਾਹ ਦੀ ਉਮਰ 66 ਸਾਲ ਸੀ ਤੇ ਉਨ੍ਹਾਂ ਨੂੰ 'ਰਾਜਾ ਰਾਮ ਦਸਵਾਂ' ਦਾ ਖ਼ਿਤਾਬ ਮਿਲਿਆ ਹੋਇਆ ਸੀ। ਇਹ ਵਿਆਹ ਕਰਾ ਕੇ ਹੀ ਬਾਦਸ਼ਾਹ ਨੇ ਆਪਣੇ ਬਾਪ ਰਾਜਾ ਭੁਮੀਬੋਲ ਅਦੁਲਯਾਦੇਜ ਦਾ ਸਿੰਘਾਸਨ ਸੰਭਾਲਿਆ। ਬਾਦਸ਼ਾਹ ਭੂਮੀਬੋਲ ਅਦੁਲਯਾਦੇਜ ਨੇ 70 ਸਾਲ ਰਾਜ ਕਰ ਕੇ ਅਕਤੂਬਰ 2016 ਵਿਚ ਅੰਤਮ ਸਾਹ ਲਏ ਸਨ।
2014 ਵਿਚ ਹੀ ਬਾਦਸ਼ਾਹ ਵਜੀਰਾਲੌਂਗਕੋਰਨ ਨੇ 'ਥਾਈ ਏਅਰਵੇਜ਼' ਵਿਚ 'ਫਲਾਈਟ ਅਟੈਂਡੈਂਟ' ਰਹੀ ਸੁਤਿੜਾ ਤੀਦਜੇ ਨੂੰ ਆਪਣੇ ਬਾਡੀ ਗਾਰਡ ਯੂਨਿਟ ਦੀ ਡਿਪਟੀ ਕਮਾਂਡਰ ਬਣਾ ਦਿੱਤਾ ਸੀ। ਸ਼ਾਹੀ ਮਾਮਲਿਆਂ ਉੱਤੇ ਤਿੱਖੀ ਨਜ਼ਰ ਰੱਖਣ ਵਾਲ਼ੇ ਕੁੱਝ ਲੋਕਾਂ ਅਤੇ ਵਿਦੇਸ਼ੀ ਮੀਡੀਆ ਨੇ ਬਾਦਸ਼ਾਹ ਵੱਲੋਂ 'ਬਹੁਤੇ ਹੀ ਬਾਦਸ਼ਾਹੀ ਢੰਗ ਨਾਲ਼' ਕੀਤੀ ਹੋਈ ਨਿਯੁਕਤੀ ਨੂੰ 'ਬਾਦਸ਼ਾਹ ਵੱਲੋਂ ਸੁਤਿੜਾ ਅੱਗੇ ਦਿਲ ਹਾਰਨਾ' ਕਰਾਰ ਦਿੱਤਾ ਸੀ, ਪਰ ਸ਼ਾਹੀ ਮਹਿਲ ਨੇ ਇਸ ਇਸ਼ਕਪੇਚੇ ਦੀ ਕਦੇ ਵੀ ਕੋਈ ਪੁਸ਼ਟੀ ਨਹੀਂ ਕੀਤੀ।
ਫਿਰ, ਦਸੰਬਰ 2016 ਵਿਚ ਬਾਦਸ਼ਾਹ ਨੇ ਸੁਤਿੜਾ ਨੂੰ ਥਾਈਲੈਂਡ ਦੀ ਸ਼ਾਹੀ ਫੌਜ ਵਿਚ ਜਨਰਲ ਬਣਾ ਦਿੱਤਾ ਤੇ 2017 ਵਿਚ ਉਸ ਨੂੰ ਆਪਣੀ ਸੁਰੱਖਿਆ ਦੀ ਡਿਪਟੀ ਕਮਾਂਡਰ ਬਣਾ ਦਿੱਤਾ। ਇਸ ਦੇ ਨਾਲ਼ ਹੀ ਉਸ ਨੂੰ 'ਥਨਪੂਇੰਗ' ਨਾਂ ਦੀ ਇਕ ਸ਼ਾਹੀ ਉਪਾਧੀ ਵੀ ਦੇ ਦਿੱਤੀ ਗਈ, ਜਿਸ ਦਾ ਅਰਥ 'ਲੇਡੀ' ਹੈ। ਸੁਤਿੜਾ ਨਾਲ਼, ਬਾਦਸ਼ਾਹ ਵਜੀਰਾਲੌਂਗਕੋਰਨ ਦਾ ਇਹ ਚੌਥਾ ਵਿਆਹ ਹੈ ਜਦੋਂ ਕਿ ਪਹਿਲੇ ਤੇਹਾਂ ਵਿਆਹਾਂ ਤੋਂ ਉਸ ਦੇ ਸੱਤ ਬੱਚੇ ਹਨ। ਇਹੋ ਹਨ, ਉਹ 'ਬਾਦਸ਼ਾਹੀਆਂ', ਜੋ ਕਿਸੇ ਬਾਦਸ਼ਾਹ ਤੋਂ ਇਹ 'ਬੇਪ੍ਰਵਾਹੀਆਂ' ਕਰਾਉਂਦੀਆਂ ਹਨ। ਇਹ 'ਬੇਪ੍ਰਵਾਹੀਆਂ' ਹਨ, ਜੋ ਕਦੇ-ਕਦੇ 'ਗਲਫਾਹੀਆਂ' ਵੀ ਬਣ ਜਾਂਦੀਆਂ ਹਨ, ਪਰ ਉਨ੍ਹਾਂ ਦੀ ਚਰਚਾ ਕਦੇ ਫੇਰ ਸਹੀ।#
(1) ਬਾਦਸ਼ਾਹ ਵਜੀਰਾਲੌਂਗਕੋਰਨ ਦੀ ਚੌਥੀ ਮਲਕਾ ਸੁਤਿੜਾ ਤੀਦਜੇ
(2) ਬਾਦਸ਼ਾਹ ਵਜੀਰਾਲੌਂਗਕੋਰਨ ਅਤੇ ਕਮਾਂਡਰ ਸੁਤਿੜਾ ਤੀਦਜੇ ਦੇ ਵਿਆਹ ਦੀਆਂ ਕੁੱਝ ਝਲਕੀਆਂ






