ਸ਼ਬਦੰਗਲ-116

ਨਾਨਕ ਦੀਆਂ ਮੱਤਾਂ ਦੀ ਰੌਸ਼ਨੀ ਹੇਠ ਧਾਰਮਕ ਕੱਟੜਤਾ ਦਾ ਹਨੇਰਾ
<><><><><><><><><><><><><><><><>
{ਪੰਜਾਬੀ ਹੈਰੀਟੇਜ ਫਾਊਂਡੇਸ਼ਨ ਆਫ ਕੈਨੇਡਾ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਪੁਰਬ ਦੇ ਸਬੰਧ ਵਿਚ, ਕੈਨੇਡਾ ਦੀ ਰਾਜਧਾਨੀ ਔਟਵਾ ਵਿਖੇ 6 ਜੁਲਾਈ, 2019 ਨੂੰ ਕਰਾਈ ਗਈ ਚੌਥੀ ਕੈਨੇਡੀਅਨ ਪੰਜਾਬੀ ਕਾਨਫ਼ਰੰਸ ਵਿਚ ਪੜ੍ਹੇ ਜਾਣ ਲਈ ਮਨਜ਼ੂਰ ਨਹੀਂ ਕੀਤਾ ਗਿਆ ਪਰਚਾ}

    ਓਦਾਂ ਤਾਂ ਗੁਰੂ ਨਾਨਕ ਦੇਵ ਜੀ ਦੀਆਂ ਮੱਤਾਂ ਨਾਲ਼ ਧਾਰਮਕ ਕੱਟੜਤਾ ਦਾ ਜ਼ਿਕਰ ਕਰਨਾ ਵੀ ਗੁਨਾਹ ਕਰਨ ਵਰਗਾ ਅਹਿਸਾਸ ਕਰਾਉਂਦਾ ਹੈ, ਪਰ ਦੀਵੇ ਹੇਠਲੇ ਹਨ੍ਹੇਰੇ ਦੀ ਗੱਲ, ਕੋਈ ਤਾਂ ਕਰੇਗਾ ਹੀ। ਅਸੀਂ ਜਿਸ ਨਾਨਕ ਨੂੰ ਮੁਹੱਲਿਆਂ, ਸ਼ਹਿਰਾਂ, ਜ਼ਿਲਿਆਂ, ਸੂਬਿਆਂ ਅਤੇ ਕੁੱਝ ਮੁਲਕਾਂ ਤਕ ਸੀਮਤ ਕਰੀ ਜਾ ਰਹੇ ਹਾਂ, ਸਾਨੂੰ ਉਸ ਜਗਤ-ਗੁਰੂ ਦੇ ਕੈਨਵਸ ਦਾ ਆਕਾਰ ਦੇਖਣ ਤੇ ਸਮਝਣ ਦੀ ਲੋੜ ਹੈ। ਨਾਨਕ ਦੇ, ਇਸ ਧਰਤੀ ਉੱਤੇ ਆਉਣ ਬਾਰੇ ਭਾਈ ਗੁਰਦਾਸ ਦਾ ਫ਼ਰਮਾਇਆ ਹੋਇਆ ਤਾਂ ਗੌਲਣਾ ਬਣਦਾ ਹੀ ਹੈ। ਭਾਈ ਗੁਰਦਾਸ ਫ਼ਰਮਾਉਂਦੇ ਹਨ:
    ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੂ ਨਾਨਕ ਜਗ ਮਾਹਿ ਪਠਾਇਆ। 
    ਚਰਨ ਧੋਇ ਰਹਰਾਸਿ ਕਰਿ ਚਰਣਾਮ੍ਰਿਤ ਸਿੱਖਾਂ ਪੀਲਾਇਆ।
    ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰ ਇਕ ਦਿਖਾਇਆ।
    ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨੁ ਕਰਾਇਆ।
    ਰਾਣਾ ਰੰਕ ਬਰਾਬਰੀ ਪੈਰੀਂ ਪਵਣਾ ਜਗਿ ਵਰਤਾਇਆ। 
    ਉਲਟਾ ਖੇਲੁ ਪਿਰੰਮ ਦਾ ਉਪਰਿ ਸੀਸ ਨਿਵਾਇਆ
    ਕਲਿਜੁਗ ਬਾਬੇ ਤਾਰਿਆ ਸਤਿਨਾਮੁ ਪੜ੍ਹਿ ਮੰਤ੍ਰ ਸੁਣਾਇਆ। 
    ਕਲਿ ਤਾਰਣਿ ਗੁਰੁ ਨਾਨਕ ਆਇਆ {੨੩} ਵਾਰ ੧।

     ਉਹ ਫਿਰ ਫ਼ਰਮਾਉਂਦੇ ਹਨ:
     ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣ ਹੋਆ।

    ਜਿਨ੍ਹਾਂ ਦਾ ਜਨਮ ਹੀ ਦੁਖੀ ਲੋਕਾਂ ਦੀ ਪੁਕਾਰ ਸੁਣ ਕੇ ਹੋਇਆ ਹੋਵੇ ਤੇ ਜਿਨ੍ਹਾਂ ਦੇ ਆਉਣ ਨਾਲ਼ ਕੋਈ ਮੁਹੱਲਾ, ਸ਼ਹਿਰ, ਸੂਬਾ ਜਾਂ ਮੁਲਕ ਨਹੀਂ, ਸਗੋਂ ਸਾਰਾ ਜਗਿ ਚਾਨਣ ਹੋਇਆ ਹੋਵੇ, ਉਨ੍ਹਾਂ ਨੂੰ ਇਕ ਛੋਟੇ ਜਿਹੇ ਰਹਿ ਗਏ ਸੂਬੇ ਤੱਕ ਹੀ ਸੀਮਤ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਨੇ ਚਾਰੇ ਪੈਰ ਧਰਮ ਦੇ ਚਾਰਿ ਵਰਨ 'ਇਕੱਠੇ' ਕਰ ਕੇ ਸਭ ਦਾ ਸਾਂਝਾ ਇਕ ਵਰਨੁ ਕਰਾਇਆ ਸੀ, ਉਨ੍ਹਾਂ ਨੂੰ ਆਪਾਂ ਸਿਰਫ਼ ਇਕ ਫ਼ਿਰਕੇ ਨਾਲ਼ ਕਿੱਦਾਂ ਬੰਨ੍ਹ ਕੇ ਰੱਖ ਸਕਦੇ ਹਾਂ? ਜਿਨ੍ਹਾਂ ਦੇ ਜਨਮ ਲੈਂਦਿਆਂ ਹੀ ਅਗਿਆਨਤਾ ਦਾ ਹਨ੍ਹੇਰਾ ਮਿਟ ਗਿਆ ਹੋਵੇ, ਉਨ੍ਹਾਂ ਦਾ ਗਿਆਨ ਵੱਖਰੇ-ਵੱਖਰੇ ਰਖਨਿਆਂ ਵਿਚ ਨਹੀਂ ਰੱਖਿਆ ਜਾ ਸਕਦਾ। ਸੋ, ਇਕ ਗੱਲ ਤਾਂ ਸਮਝ ਕੇ ਹੀ ਅੱਗੇ ਵਧਿਆ ਜਾ ਸਕੇਗਾ ਕਿ ਬਾਬਾ ਨਾਨਕ, ਜਿਨ੍ਹਾਂ ਨੂੰ 'ਗੁਰੂ ਨਾਨਕ ਦੇਵ ਜੀ' ਕਹਿ ਲਓ ਜਾਂ ਜਿਵੇਂ ਉਹ ਆਪਣੇ-ਆਪ ਨੂੰ ਸੰਬੋਧਨ ਕਰਦੇ ਹਨ, 'ਨਾਨਕ' ਹੀ ਕਹਿ ਲਓ, ਕਿਸੇ ਇਕ ਵਰਗ ਜਾਂ ਫ਼ਿਰਕੇ ਦੇ ਗੁਰੂ ਨਹੀਂ, ਸਗੋਂ ਜਗਤ-ਗੁਰੂ ਸਨ। ਉਨ੍ਹਾਂ ਨੂੰ ਕਿਸੇ ਇਕ ਫ਼ਿਰਕੇ ਨਾਲ਼ ਬੰਨ੍ਹ ਕੇ, ਬਾਕੀ ਸੰਸਾਰ ਨੂੰ ਹਨ੍ਹੇਰੇ ਵਿਚ ਰੱਖਣਾ ਜਾਇਜ਼ ਨਹੀਂ ਹੋਵੇਗਾ।
     ਕੋਈ ਪਰਮ ਮਨੁੱਖ, ਕੋਈ ਪਰਮ ਆਤਮਾ, ਇਸੇ ਲਈ ਹੀ ਪਰਮ ਪੁਰਖ ਹੁੰਦਾ ਹੈ, ਇਸੇ ਲਈ ਹੀ ਪਰਮ ਆਤਮਾ ਜਾਂ ਪਰਮਾਤਮਾ ਹੁੰਦਾ ਹੈ ਕਿਉਂ ਕਿ ਉਸ ਦੀ ਨਜ਼ਰ ਵਿਚ ਹਰ ਧਰਮ, ਹਰ ਧਰਮ ਦੇ ਪੈਰੋਕਾਰ ਅਤੇ ਉਨ੍ਹਾਂ ਦੇ ਇਸ਼ਟ ਇਕੋ ਜਿਹੇ ਹੁੰਦੇ ਹਨ। ਇਹੋ ਜਿਹੇ ਪਰਮ ਪੁਰਖਾਂ, ਗੁਰੂਆਂ ਅਤੇ ਰਹਿਬਰਾਂ ਦੇ ਦਰਸ਼ਨ ਕਰਨ ਦਾ ਮੌਕਾ, ਲੋਕਾਂ ਦੀ ਸੀਮਤ ਗਿਣਤੀ ਨੂੰ, ਸੀਮਤ ਸਮੇਂ ਲਈ ਹੀ ਮਿਲਦਾ ਹੈ। ਉਨ੍ਹਾਂ ਦੇ ਚੋਲ਼ਾ ਛੱਡ ਜਾਣ ਮਗਰੋਂ, ਭਾਵੇਂ ਉਨ੍ਹਾਂ ਦੀ ਬਾਣੀ, ਉਨ੍ਹਾਂ ਦੇ ਬਚਨ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਸਦਾ ਲਈ ਲੋਕਾਂ ਦਾ ਮਾਰਗ ਦਰਸ਼ਨ ਕਰਦੀਆਂ ਰਹਿੰਦੀਆਂ ਹਨ, ਪਰ ਲੋਕਾਈ ਉਨ੍ਹਾਂ ਦੇ ਪਰਮ ਪੁਰਖਾਂ, ਗੁਰੂਆਂ ਅਤੇ ਰਹਿਬਰਾਂ ਦੇ ਦਰਸ਼ਨ-ਦੀਦਾਰਿਆਂ ਤੋਂ ਵਾਂਝੀ ਹੋ ਜਾਂਦੀ ਹੈ।
     ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਗੁਰੂ ਵੱਲੋਂ ਚੋਲ਼ਾ ਛੱਡਣ ਮਗਰੋਂ, ਉਨ੍ਹਾਂ ਦੀ ਬੰਦਗੀ ਕਰਨ ਵਿਚ, ਉਨ੍ਹਾਂ ਦੇ ਦਰਸ਼ਨ ਕਰ ਕੇ ਮਨ ਵਿਚ ਵਸਾਏ ਹੋਏ, ਉਨ੍ਹਾਂ ਦੇ ਸਰੂਪ ਦੀ ਬਹੁਤ ਅਹਿਮੀਅਤ ਹੁੰਦੀ ਹੈ। ਗੁਰੂ ਦੇ ਜੋਤੀ-ਜੋਤ ਸਮਾਉਣ ਮਗਰੋਂ ਉਨ੍ਹਾਂ ਦੇ ਭਗਤ, ਉਨ੍ਹਾਂ ਦੇ ਪ੍ਰਤੱਖ ਸਰੂਪ ਤੋਂ ਵਾਂਝੇ ਹੋ ਜਾਂਦੇ ਹਨ।
     ਜਿਨ੍ਹਾਂ ਲੋਕਾਂ ਨੇ ਗੁਰੂ ਨਾਨਕ ਵਰਗੇ ਰਹਿਬਰਾਂ ਦੇ ਦਰਸ਼ਨ ਕੀਤੇ ਹੋਏ ਹੁੰਦੇ ਹਨ, ਉਹ, ਗੁਰਾਂ ਦੇ ਨਕਸ਼ ਕੁੱਝ ਚਿੱਤਰਕਾਰਾਂ ਅੱਗੇ ਬਿਆਨਦੇ ਹਨ ਤਾਂ ਉਹ ਚਿੱਤਰਕਾਰ, ਉਨ੍ਹਾਂ ਗੁਰਾਂ ਦੇ ਨਕਸ਼ ਉਲੀਕਦੇ ਹਨ। ਗੁਰ-ਦਰਸ਼ਨਾਂ ਤੋਂ ਵਾਂਝੀ ਰਹੀ ਲੋਕਾਈ ਦੀ, ਗੁਰ-ਦਰਸ਼ਨਾਂ ਦੀ ਪਿਆਸ, ਕਿਸੇ ਹੱਦ ਤਕ ਤ੍ਰਿਪਤ ਕਰਨ ਲਈ ਗੁਰਾਂ ਦੀਆਂ ਤਸਵੀਰਾਂ, ਗੁਰਾਂ ਦੇ ਚਿੱਤਰਾਂ ਦਾ ਸਹਾਰਾ ਲੈਂਦੀ ਹੈ। ਜੇ ਗੁਰੂ ਸਾਹਿਬਾਨ ਦੇ ਚਿੱਤਰ, ਘਰਾਂ ਅਤੇ ਗੁਰੂ ਘਰਾਂ ਵਿਚ ਸਤਿਕਾਰੇ ਜਾਂਦੇ ਹਨ ਤਾਂ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਗੁਰ-ਬਚਨਾਂ ਨਾਲ਼ ਜੋੜਨ ਲਈ, ਗੁਰੂਆਂ ਦੇ ਬਚਨਾਂ ਅਤੇ ਸਿਖਿਆਵਾਂ ਦੇ ਆਧਾਰ 'ਤੇ ਬਣਾਈਆਂ ਜਾਂਦੀਆਂ ਫ਼ਿਲਮਾਂ, ਪੇਸ਼ ਕੀਤੇ ਜਾਂਦੇ ਨਾਟਕ ਕਿਉਂ ਪ੍ਰਵਾਨ ਨਹੀਂ ਕੀਤੇ ਜਾਂਦੇ? ਸਾਹਿਬਜ਼ਾਦਿਆਂ ਦੀ ਕੁਰਬਾਨੀ ਦਰਸਾਉਂਦੀ ਐਨੀਮੇਸ਼ਨ ਫ਼ਿਲਮ 'ਚਾਰ ਸਾਹਿਬਜ਼ਾਦੇ', ਲੋਕਾਂ ਨੇ ਬੜੇ ਉਤਸ਼ਾਹ ਨਾਲ਼ ਦੇਖੀ ਸੀ। ਉਸ ਫ਼ਿਲਮ ਦੇ ਨਿਰਮਾਤਾ-ਨਿਰਦੇਸ਼ਕ ਹੈਰੀ ਬਵੇਜਾ ਦਾ, ਇਹ ਫ਼ਿਲਮ ਬਣਾਉਣ ਲਈ, ਲੋਕਾਂ ਨੇ ਮਾਣ-ਤਾਣ ਵੀ ਕੀਤਾ ਸੀ।

    ਇਸੇ ਵਜ੍ਹਾ ਨਾਲ਼ ਹੀ ਹੈਰੀ ਬਵੇਜਾ ਨੇ ਉਸ ਫ਼ਿਲਮ ਦਾ ਅਗਲਾ ਭਾਗ ਵੀ ਬਣਾਇਆ ਸੀ ਤੇ ਉਹ ਵੀ ਲੋਕਾਂ ਨੇ ਪਸੰਦ ਕੀਤਾ ਸੀ। ਫਿਰ 'ਨਾਨਕ ਸ਼ਾਹ ਫ਼ਕੀਰ' ਸਿਰਲੇਖ ਅਧੀਨ ਬਣਾਈ ਗਈ ਇਕ ਫ਼ਿਲਮ, ਜਿਸ ਨੂੰ ਕੌਮੀ ਏਕਤਾ ਦੇ ਸਬੰਧ ਵਿਚ ਭਾਰਤ ਦੇ ਕੌਮੀ ਇਨਾਮ ਸਮੇਤ ਕਈ ਇਨਾਮਾਂ ਨਾਲ਼ ਤਾਂ ਨਵਾਜ਼ਿਆ ਗਿਆ, ਪਰ ਉਹ ਫ਼ਿਲਮ, ਸਿਨੇਮਾ ਘਰਾਂ ਦਿਖਾਉਣ ਨਹੀਂ ਦਿੱਤੀ ਗਈ। ਜਿਨ੍ਹਾਂ ਨੇ ਉਹ ਫ਼ਿਲਮ ਇੰਟਰਨੈੱਟ ਰਾਹੀਂ ਦੇਖੀ, ਸਭ ਨੇ ਉਸ ਦੀ ਤਾਰੀਫ਼ ਕੀਤੀ।     'ਗੁਰੂ ਦੇ ਬੰਦੇ' ਕਹਾਉਂਦੇ ਕੁੱਝ ਲੋਕਾਂ ਨੇ ਵੀ ਗੁਰੂ ਦੀ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਬਣਾਉਣ ਦਾ ਤੇ ਉਸ ਦੇ ਦਿਖਾਏ ਜਾਣ ਦਾ ਵਿਰੋਧ ਕੀਤਾ ਸੀ। ਇਸੇ ਤਰ੍ਹਾਂ, 'ਗੁਰੂ ਦਾ ਬੰਦਾ' ਸਿਰਲੇਖ ਅਧੀਨ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਫ਼ਿਲਮੀ ਰੂਪ ਵਿਚ ਪੇਸ਼ ਕੀਤਾ ਗਿਆ। ਉਹ ਫ਼ਿਲਮ ਵੀ ਕਿਸੇ ਵੀ ਅਦਾਕਾਰ ਤੋਂ ਬਗ਼ੈਰ ਹੀ, ਐਨੀਮੇਸ਼ਨ ਵਿਧੀ ਰਾਹੀਂ ਬਣਾਈ ਗਈ ਸੀ।ਇਸ ਤੋਂ ਬਾਅਦ ਐਨੀਮੇਸ਼ਨ ਢੰਗ ਨਾਲ਼ ਵੀ ਗੁਰੂਆਂ ਤੇ ਗੁਰਬਾਣੀ ਦਾ ਸੰਦੇਸ਼ ਫੈਲਾਉਣਾ ਮਨ੍ਹਾ ਕਰ ਦਿੱਤਾ ਗਿਆ। ਵਾਹ ਸਿਤਮ, ਗੁਰੂਆਂ ਦੀ ਸਿਖਿਆਵਾਂ ਤੇ ਗੁਰੂਆਂ ਦੇ ਇਤਿਹਾਸ ਨੂੰ ਆਉਣ ਵਾਲ਼ੀਆਂ ਨਸਲਾਂ ਦੇ ਸਾਹਮਣੇ ਲਿਆਉਣ ਦੇ ਸਮਰੱਥ ਸਾਧਨ ਸਿਨੇਮਾ ਦੀਆਂ ਵੀ ਰਗ਼ਾਂ ਵੱਢ ਦਿੱਤੀਆਂ ਗਈਆਂ ਜਦੋਂ ਕਿ ਸਰਕਾਰ ਵੱਲੋਂ ਹੀ 'ਰੌਸ਼ਨੀ ਅਤੇ ਅਵਾਜ਼' ਤਕਨੀਕ ਰਾਹੀਂ ਦਰਸਾਏ ਗਏ, ਗੁਰੂਆਂ ਦੇ ਪ੍ਰਸੰਗ ਲੋਕਾਂ ਨੇ ਬਹੁਤ ਚਾਅ ਅਤੇ ਜੋਸ਼ ਨਾਲ਼ ਦੇਖੇ ਸਨ। ਗੁਰ-ਸੰਗਤ ਨੂੰ ਸਿਨੇਮਾ ਦੀ ਤਕਨੀਕ ਰਾਹੀਂ ਗੁਰ-ਪ੍ਰਸੰਗ ਦੇਖਣ-ਮਾਨਣ ਤੋਂ ਵਾਂਝੇ ਕਰ ਦੇਣਾ ਕਿਹੋ ਜਿਹੀ ਗੁਰਮਤ ਹੈ?
    ਬਾਬਾ ਨਾਨਕ ਤਾਂ ਆਪ, ਗੁਰਬਾਣੀ ਉਚਾਰਨ ਵੇਲ਼ੇ ਭਾਈ ਮਰਦਾਨੇ ਦੇ ਰਬਾਬ ਵਾਦਨ ਦੀ ਸੰਗਤ ਲੈਂਦੇ ਰਹੇ ਹਨ। ਫ਼ਿਲਮ ਅਤੇ ਨਾਟਕ, ਜੋ ਸੰਗੀਤ ਸਮੇਤ ਬਹੁਤ ਸਾਰੀਆਂ ਕਲਾਵਾਂ ਦਾ ਰਲ਼ਵਾਂ-ਮਿਲਵਾਂ ਰੂਪ ਹਨ, ਨੂੰ ਗੁਰ-ਉਪਦੇਸ਼ਾਂ ਅਤੇ ਗੁਰ-ਸਿੱਖਿਆਵਾਂ ਦੇ ਪ੍ਰਚਾਰ-ਪ੍ਰਸਾਰ ਦਾ ਮਾਧਿਅਮ ਨਾ ਬਣਨ ਦੇਣਾ ਇਕ ਅਜੀਬ ਜਿਹੀ ਧਾਰਮਕ ਕੱਟੜਤਾ ਨਹੀਂ ਹੈ ਤਾਂ ਹੋਰ ਕੀ ਹੈ?

     ਪਿੱਛੇ ਜਿਹੇ ਹੀ ਖ਼ਬਰ ਆਈ ਸੀ ਕਿ ਸ਼੍ਰੋਮਣੀ ਕਮੇਟੀ ਨੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਫੋਟੋਗ੍ਰਾਫ਼ੀ ਅਤੇ ਵਿਡੀਓਗ੍ਰਾਫ਼ੀ ਕਰਨ ਅਤੇ ਸੈਲਫੀ ਲੈਣ ਦੀ ਮਨਾਹੀ ਕਰ ਦਿੱਤੀ ਹੈ। ਇਸ ਮਨਾਹੀ ਨਾਲ਼ ਨਾ ਸਿਰਫ਼ ਸੰਗਤ ਨਿਰਾਸ਼ ਹੋਈ ਹੈ, ਸਗੋਂ ਕਈ ਸਿੱਖ ਵਿਦਵਾਨਾਂ ਨੇ ਵੀ ਇਸ ਮਨਾਹੀ 'ਤੇ ਨਰਾਜ਼ਗੀ ਜ਼ਾਹਰ ਕੀਤੀ ਹੈ। ਇਕ ਹੋਰ ਖ਼ਬਰ ਅਨੁਸਾਰ, ਫ਼ਿਲਮ ਚਾਰ ਸਾਹਿਬਜ਼ਾਦੇ ਦੇ ਇਕ ਪੋਸਟਰ ਵਿਚੋਂ ਫ਼ਿਲਮ ਸਬੰਧੀ ਸਾਰੀ ਜਾਣਕਾਰੀ ਹਟਾ ਕੇ, ਉਹ ਪੋਸਟਰ ਸਰੀ ਦੇ ਇਕ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਕੰਧ ਦੇ ਆਕਾਰ ਜਿੰਨਾ ਵੱਡਾ ਕਰ ਕੇ, ਸਾਹਿਬਜ਼ਾਦਿਆਂ ਦੇ ਪੁਰਬ ਵੇਲ਼ੇ ਗੁਰਦੁਆਰੇ ਵਿਚ ਲਗਾਇਆ ਹੈ।
    ਇਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇਹ 'ਕੱਟੜ ਮਨਾਹੀਆਂ' ਕਿੰਨੀਆਂ ਕੁ ਸਾਰਥਕ ਹਨ। ਹਰਿਮੰਦਰ ਸਾਹਿਬ ਵਿਚ ਫੋਟੋ ਖਿੱਚਣ 'ਤੇ ਲਾਈ ਹੋਈ ਪਾਬੰਦੀ ਦੇ ਅਰਥ ਕੀ ਰਹਿ ਜਾਂਦੇ ਹਨ, ਜਦੋਂ ਇਸ ਦੇ ਨਾਲ਼ ਦੇ ਬਜ਼ਾਰ ਵਿਚ ਹੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਧੜਾਧੜ ਵਿਕਦੀਆਂ ਹਨ।

    ਗੁਰੂ ਨਾਨਕ ਦੇਵ ਜੀ ਨੂੰ ਹੋਇਆਂ-ਬੀਤਿਆਂ ਸਾਢੇ ਪੰਜ ਸਦੀਆਂ ਹੋ ਜਾਣ ਮਗਰੋਂ ਵੀ ਉਨ੍ਹਾਂ ਨੂੰ ਯਾਦ ਕਰਨ ਦੀ ਕੋਈ ਵਜ੍ਹਾ ਤਾਂ ਹੈ। ਇਕ ਬਹੁਤ ਵੱਡੀ ਤੇ ਕੌੜੀ ਸੱਚਾਈ ਇਹ ਹੈ ਕਿ ਅਸੀਂ, ਗੁਰੂਆਂ ਨੂੰ ਤਾਂ ਮੰਨਦੇ ਹਾਂ, ਪਰ ਗੁਰੂਆਂ ਦੀ ਨਹੀਂ ਮੰਨਦੇ। ਗੁਰੂ ਨੂੰ ਮੰਨਣਾ ਤੇ ਗੁਰੂ ਦੀ ਮੰਨਣਾ ਦੋ ਗੱਲਾਂ ਹਨ। ਗੁਰੂ ਨਾਨਕ ਵੱਲੋਂ ਦਿੱਤੀਆਂ ਹੋਈਆਂ ਮੱਤਾਂ ਦੀ ਗੱਲ ਕਰਨੋਂ ਬਗ਼ੈਰ ਵੀ ਗੱਲ ਨਹੀਂ ਬਣਨੀ। ਇਸ ਤੋਂ ਵੀ ਪਹਿਲਾਂ ਕਰਨ ਵਾਲ਼ੀ ਗੱਲ ਇਕ ਜ਼ਰੂਰੀ ਇਹ ਵੀ ਹੈ ਕਿ ਜੇ ਗੁਰੂ ਨਾਨਕ ਦੇਵ ਸਾਡਾ ਪੰਜਾਬੀਆਂ ਦਾ ਹੀ ਗੁਰੂ ਹੈ ਤਾਂ ਸਰਹੱਦਾਂ ਤੋਂ ਪਾਰ ਬੈਠੇ ਲੋਕ ਉਸ ਨੂੰ ਆਪਣਾ 'ਪੀਰ' ਕਿਉਂ ਮੰਨਦੇ ਹਨ? ਗੁਰੂ ਨਾਨਕ ਨੇ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਨੂੰ ਵੱਖਰੀਆਂ-ਵੱਖਰੀਆਂ ਮੱਤਾਂ ਨਹੀਂ ਦਿੱਤੀਆਂ ਸਨ। ਉਹ ਕਿਸੇ ਇਕ ਫਿਰਕੇ ਜਾਂ ਸੰਪਰਦਾ ਦੇ ਗੁਰੂ ਨਹੀਂ ਸਨ, ਸਗੋਂ ਸਮੁੱਚੀ ਲੋਕਾਈ ਦੇ ਗੁਰੂ, ਸਮੁੱਚੇ ਜੱਗ ਦੇ ਗੁਰੂ ਸਨ।
     ਰਤਾ ਗ਼ੌਰ ਨਾਲ਼ ਦੇਖਿਆ ਜਾਵੇ ਤਾਂ ਗੁਰੂ ਨਾਨਕ ਨੇ ਉਹੀ ਕਿਹਾ ਹੈ, ਜੋ ਮੁੱਢ-ਕਦੀਮ ਤੋਂ ਚਲਿਆ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਫ਼ਰਮਾਉਂਦੇ ਹਨ ਕਿ ਪ੍ਰਮਾਤਮਾ ਇਕ ਹੈ। ਇਸ ਕਰ ਕੇ ਗੁਰੂ ਨਾਨਕ ਦੇਵ ਨੇ ਵੀ ਸਚੁ ਸੁਣਾਇਸੀ ਸਚ ਕੀ ਬੇਲਾ ਅਨੁਸਾਰ, ਅੱਵਲ-ਆਖ਼ਰ ਸੱਚ ਹੀ ਫ਼ਰਮਾਇਆ ਹੋਇਆ ਹੈ। ਉਨ੍ਹਾਂ ਨੇ ਹੀ ਤਾਂ ਇਹ ਫ਼ਰਮਾਇਆ ਹੋਇਆ ਹੈ:

     ਿੲਕ ਓਂਕਾਰ ਸਤਿਨਾਮੁ ਕਰਤਾ ਪੁਰਖੁ
     ਨਿਰਭਉ ਨਿਰਵੈਰ ਅਕਾਲ ਮੂਰਤਿ
     ਅਜੂਨੀ ਸੈਭੰ ਗੁਰ ਪਰਸਾਦਿ॥

    ਇਹ ਮੂਲ ਮੰਤਰ ਅਸੀਂ ਨਿੱਤ ਸੁਣਦੇ ਹਾਂ, ਪਰ ਇਸ ਨੂੰ ਸਮਝਣ ਦਾ ਹੀਲਾ ਕਿੰਨਾ ਕੁ ਕਰਦੇ ਹਾਂ? ਸ਼ਾਇਦ ਅਸੀਂ ਕਰਦੇ ਹੀ ਨਹੀਂ ਕਿਉਂ ਕਿ ਅਸੀਂ ਸਮਝਦੇ ਹਾਂ ਕਿ ਸਾਡਾ ਕੰਮ ਸੁਣਨਾ ਹੈ, ਸਮਝਣਾ ਕਿਸੇ ਹੋਰ ਦਾ ਕੰਮ ਹੈ। ਆਪਾਂ ਤਾਂ ਪਾਠ ਕਰਨਾ ਹੈ, ਪਾਠ ਸੁਣਨਾ ਹੈ, ਪਾਠ ਦੇ ਅਰਥ ਕੀ ਹਨ? ਇਨ੍ਹਾਂ ਨੂੰ ਜ਼ਿੰਦਗ਼ੀ ਵਿਚ ਲਾਗੂ ਕਿੱਦਾਂ ਕਰਨਾ ਹੈ? ਇਹ ਨਾ ਕਿਸੇ ਨੂੰ ਪੁੱਛਣਾ ਹੈ, ਨਾ ਕਿਸੇ ਨੂ ਦੱਸਣਾ ਹੈ ਕਿਉਂ ਕਿ ਅਸੀਂ ਗੁਰੂ ਨੂੰ ਮੰਨਦੇ ਹਾਂ, ਗੁਰੂ ਦੀ ਨਹੀਂ ਮੰਨਦੇ। ਜੇ ਗੁਰੂ ਦੀ ਨਹੀਂ ਮੰਨਦੇ ਤਾਂ ਉਸ ਦੀ ਬਾਣੀ ਮੰਨਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਆਪਾਂ ਮੂਲ ਮੰਤਰ ਦਾ ਅਰਥ ਸਮਝਣਾ ਹੈ ਕਿਉਂ ਕਿ ਅਰਥ ਸਮਝੇ ਬਗ਼ੈਰ ਕੋਈ ਵੀ ਸਿੱਖਿਆ ਜਾਂ ਉਪਦੇਸ਼ ਕੰਨਾਂ ਮੁੱਢ ਵੱਜ ਕੇ ਮੁੜ ਆਉਂਦਾ ਹੈ।
      'ਿੲਕ ਓਂਕਾਰ' ਦਾ ਅਰਥ ਹੈ ਪ੍ਰਮਾਤਮਾ 'ਇਕ' ਹੈ। ਹਰ ਚੀਜ਼ ਦਾ ਮੁੱਢ ਅਤੇ ਸੂਤਰ 'ਇਕ' ਹੀ ਹੈ। ਜਦੋਂ ਕੁੱਝ ਵੀ ਨਹੀ ਸੀ, ਇਹ 'ਇਕ' ਸੀ। 'ਓਂਕਾਰ' ਦਾ ਅਰਥ ਹੈ ਕਿ ਜਦੋਂ 'ਇਕ', ਸਿਰਜਣਹਾਰ ਬਣ ਜਾਵੇ ਤਾਂ ਉਹ 'ਓਂਕਾਰ' ਹੋ ਜਾਂਦਾ ਹੈ। ਸਿਰਜਣਹਾਰ ਨੂੰ ਸਿਰਜਣਾ ਨਾਲ਼ੋਂ ਵੱਖ ਨਹੀਂ ਕੀਤਾ ਜਾ ਸਕਦਾ। ਸਿਰਜਣਹਾਰ, ਸਿਰਜਣਾ ਦੇ ਅੰਦਰ ਇਕ 'ਆਕਾਰ' ਵਾਂਗ ਮੌਜੂਦ ਹੈ। 'ਸਤਿਨਾਮ' ਨਿਰੰਤਰ ਅਸੂਲ ਹੈ, ਜਿਸ ਦਾ ਅਰਥ ਹੈ 'ਸੱਚਾ ਨਾਮ'। 'ਕਰਤਾ ਪੁਰਖੁ' ਦਾ ਅਰਥ ਇਹ ਹੈ 'ਇਕ ਓਂਕਾਰ ਹੀ ਸਿਰਜਣਹਾਰ ਅਤੇ ਸਭ ਕੁੱਝ ਦਾ 'ਕਰਤਾ' ਹੈ। ਇਹ ਕੋਈ ਕਾਨੂੰਨ ਜਾਂ ਨਿਜ਼ਾਮ ਨਹੀਂ ਹੈ, ਇਹ ਇਕ ਪੁਰਖੁ ਹੈ, ਵਿਅਕਤੀ ਹੈ। 'ਨਿਰਭਉ' ਦਾ ਅਰਥ ਹੈ ਕਿ ਉਹ ਡਰ ਤੋਂ ਮੁਕਤ ਹੈ ਕਿਉਂ ਕਿ ਉਸ ਤੋਂ ਬਗ਼ੈਰ ਹੋਰ ਕੁੱਝ ਵੀ ਨਹੀਂ ਹੈ। 'ਨਿਰਵੈਰ' ਦਾ ਅਰਥ ਹੈ ਕਿ ਉਸ ਦਾ ਕਿਸੇ ਨਾਲ਼ ਕੋਈ 'ਵੈਰ' ਨਹੀਂ ਹੈ।
     'ਅਕਾਲ ਮੂਰਤ' ਦਾ ਅਰਥ ਹੈ ਕਿ 'ਓਂਕਾਰ' ਕਾਲ ਦੇ ਗੇੜ ਤੋਂ ਬਾਹਰ ਹੈ। ਉਹ ਇਕ ਇਹੋ ਜਿਹੀ 'ਮੂਰਤ' ਹੈ, ਜੋ 'ਕਾਲ' ਦੇ ਗੇੜ ਵਿਚ ਨਹੀਂ ਹੈ। 'ਅਜੂਨੀ' ਦਾ ਅਰਥ ਇਹ ਹੈ ਕਿ 'ਓਂਕਾਰ' ਜਨਮ-ਮਰਨ ਦੇ ਚੱਕਰ ਤੋਂ ਬਾਹਰ ਹੈ, ਯਾਨੀ ਉਹ ਕਿਸੇ 'ਜੂਨ' ਵਿਚ ਨਹੀਂ ਪੈਂਦਾ। 'ਸੈਭੰ' ਦਾ ਅਰਥ ਇਹ ਹੈ ਕਿ 'ਓਂਕਾਰ' ਦਾ ਵਜੂਦ ਉਸ ਦੀ ਵਜ੍ਹਾ ਨਾਲ਼ ਹੀ ਹੈ। ਉਸ ਦੀ ਹੋਂਦ ਦੀ ਹੋਰ ਕੋਈ ਵਜ੍ਹਾ ਜਾਂ ਸਬੱਬ ਨਹੀਂ ਹੈ। 'ਗੁਰਪ੍ਰਸਾਦਿ' ਦੇ ਅਰਥ ਸਮਝਣੇ ਜਾਂ ਸਮਝਾਉਣੇ ਹੀ 'ਮੂਲ ਮੰਤਰ' ਦਾ ਮੂਲ ਉਦੇਸ਼ ਹੈ। ਸੋ 'ਗੁਰਪ੍ਰਸਾਦਿ' ਦਾ ਅਰਥ ਹੈ ਕਿ 'ਇਕ ਓਂਕਾਰ' ਵੱਲੋਂ ਆਪਣੀ ਵਿਆਖਿਆ ਦਾ ਇਕੋ-ਇਕ ਸਾਧਨ 'ਗੁਰੂ' ਹੈ, ਜਿਸ ਦੀ 'ਦਯਾ' ਤੇ 'ਮਿਹਰ' ਯਾਨੀ 'ਪ੍ਰਸਾਦਿ' ਨਾਲ਼ ਹੀ ਸਭ ਕੁੱਝ ਵਾਪਰਦਾ ਹੈ। 
    ਇੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਇਕ ਹਵਾਲਾ ਦੇਣਾ ਜ਼ਰੂਰੀ ਹੈ। ਉਹ ਫ਼ਰਮਾਉਂਦੇ ਹਨ:

      ਜਿਸੁ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ॥
      ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ॥੩॥

   ਗੁਰਬਾਣੀ ਦਾ ਸੰਪਾਦਨ ਕਰਾਉਣ ਵਾਲ਼ੇ ਗੁਰੂ ਅਰਜਨ ਦੇਵ ਦੀਆਂ ਇਹ ਸਤਰਾਂ, 'ਗੁਰਬਾਣੀ ਦੀ ਕੁੰਜੀ' ਹਨ। ਗੁਰਬਾਣੀ ਵਿਚ ਗੁਰੂ-ਮਹਿਮਾ ਹੀ ਕੀਤੀ ਹੋਈ ਹੈ। ਅਸੀਂ ਗੁਰੂ ਅਰਜਨ ਦੇਵ ਦੇ ਇਹ ਸ਼ਬਦ ਬੜੀ ਵਾਰ ਸੁਣਦੇ ਹਾਂ, ਪਰ ਇਨ੍ਹਾਂ ਦੇ ਅਰਥ ਸਮਝਣ ਦਾ ਹੀਲਾ ਸ਼ਾਇਦ ਇਕ ਵਾਰ ਵੀ ਨਹੀਂ ਕਰਦੇ। ਉਹ ਫ਼ਰਮਾਉਂਦੇ ਹਨ ਕਿ ਪ੍ਰਮਾਤਮਾ ਨੇ ਆਪਣੇ ਘਰ ਨੂੰ ਇਕ ਤਾਲਾ ਲਾ ਕੇ, ਉਸ ਦੀ ਕੁੰਜੀ ਗੁਰੂ ਨੂੰ ਸੌਂਪ ਦਿੱਤੀ ਹੈ। ਕੋਈ ਵੀ ਵਿਅਕਤੀ, ਪ੍ਰਮਾਤਮਾ ਦੇ ਦਰਸ਼ਨ ਕਰਨ ਲਈ ਹੋਰ ਭਾਵੇਂ ਕਿੰਨੇ ਵੀ ਉਪਾਅ ਕਰ ਲਵੇ, ਦਰਸ਼ਨ ਨਹੀਂ ਕਰ ਸਕਦਾ। ਉਸ ਨੂੰ ਈਸ਼ਵਰ ਦੇ ਦਰਸ਼ਨ ਕਰਨ ਖ਼ਾਤਰ ਗੁਰੂ ਦੀ ਸ਼ਰਨ ਪੈਣਾ ਹੀ ਪਏਗਾ। ਇਹ ਹੈ ਗੁਰੂ ਅਰਜਨ ਦੇਵ ਵੱਲੋਂ ਗੁਰੂ ਦੀ ਅਹਿਮੀਅਤ ਦੀ ਤਸਦੀਕ।
     'ਭਗਤ ਕਬੀਰ' ਅਤੇ 'ਸੰਤ ਕਬੀਰ' ਵਜੋਂ ਵੀ ਜਾਣੇ ਜਾਂਦੇ ਕਬੀਰ ਜੀ ਨੇ ਗੁਰੂ ਦੀ ਮਹਿਮਾ, ਗੁਰੂ ਦੀ ਅਹਿਮੀਅਤ ਗੁਰੂ ਅਰਜਨ ਦੇਵ ਜੀ ਤੋਂ ਵੀ ਬਹੁਤ ਪਹਿਲਾਂ, ਇਨ੍ਹਾਂ ਦੋ ਸਤਰਾਂ ਵਿਚ ਬਿਆਨ ਕਰ ਦਿੱਤੀ ਸੀ:

       ਗੁਰੂ ਗੋਬਿੰਦ ਦੋਨੋਂ ਖੜ੍ਹੇ ਕਿਸ ਕੇ ਲਾਗੂੰ ਪਾਏ।
       ਬਲਿਹਾਰੀ ਗੁਰ ਆਪਨੇ ਜਿਸ ਗੋਬਿੰਦ ਦੀਆ ਮਿਲਾਏ॥

     ਗੁਰੂ ਦੀ ਮਹਿਮਾ ਦੱਸਣ ਲਈ ਇਹ ਹਵਾਲੇ ਦੇਣ ਮਗਰੋਂ ਇਸ ਸਬੰਧ ਵਿਚ ਹੋਰ ਕੁੱਝ ਕਹਿਣਾ-ਸੁਣਨਾ ਬਾਕੀ ਨਹੀਂ ਰਹਿ ਜਾਂਦਾ। ਫਿਰ ਵੀ ਇਕ ਛੋਟੀ ਜਿਹੀ ਮਿਸਾਲ ਨਾਲ਼, ਬਹੁਤ ਸਾਧਾਰਨ ਬੁੱਧੀ ਵਾਲ਼ਾ ਵਿਅਕਤੀ ਵੀ ਗੁਰੂ ਦੀ ਮਹੱਤਤਾ ਸਮਝ ਜਾਵੇਗਾ। ਮਿਸਾਲ ਦੇ ਤੌਰ 'ਤੇ ਜ਼ਿੰਦਗੀ ਦੇ ਹਰ ਖੇਤਰ ਵਿਚ ਮਨੁੱਖ 'ਗੁਰੂ ਦੀ ਲੋੜ' ਰਹਿੰਦੀ ਹੈ। ਬੱਚੇ ਦਾ ਜਨਮ ਹੋਣ ਸਾਰ, ਉਸ ਦੀ ਪਹਿਲੀ ਗੁਰੂ, ਉਸ ਦੀ ਮਾਂ ਹੁੰਦੀ ਹੈ। ਉਹੀ ਉਸ ਨੂੰ ਬੋਲਣਾ ਸਿਖਾਉਂਦੀ ਹੈ। ਤਾਂ ਹੀ ਮਾਂ ਦੀ ਸਿਖਾਈ ਹੋਈ ਬੋਲੀ, 'ਮਾਂ-ਬੋਲੀ' ਜਾਂ 'ਮਾਤ-ਭਾਸ਼ਾ' ਕਹਾਉਂਦੀ ਹੈ। ਦੂਜਾ ਗੁਰੂ ਉਸ ਦਾ ਬਾਪ ਹੁੰਦਾ ਹੈ, ਜੋ ਉਸ ਨੂੰ ਆਪਣੀ ਉਂਗਲੀ ਫੜ ਕੇ ਤੁਰਨਾ ਹੀ ਨਹੀਂ ਸਿਖਾਉਂਦਾ, ਸਗੋਂ ਆਪਣੇ ਮੋਢਿਆਂ ਉੱਤੇ ਬਹਾ ਕੇ ਘਰੋਂ ਬਾਹਰਲਾ ਜੱਗ-ਜਹਾਨ ਦੇਖਣਾ ਵੀ ਸਿਖਾਉਂਦਾ ਹੈ। ਫਿਰ ਉਹ ਬੱਚਾ ਸਕੂਲ ਵਿਚ ਪੜ੍ਹਨ ਲੱਗਦਾ ਹੈ ਤਾਂ ਉੱਥੇ ਅਧਿਆਪਕ ਉਸ ਦੇ ਗੁਰੂ ਹੁੰਦੇ ਹਨ। ਪੜ੍ਹ-ਲਿਖ ਕੇ ਜਦੋਂ ਉਹ, ਰੁਜ਼ਗ਼ਾਰ ਦੀ ਭਾਲ਼ ਵਿਚ ਘਰੋਂ ਨਿੱਕਲਦਾ ਹੈ ਤਾਂ ਉਸ ਨੂੰ ਆਪਣਾ ਇਲਮ, ਆਪਣੀ ਵਿਦਿਆ ਵਰਤਣੀ ਸਿਖਾਉਣ ਵਾਲ਼ੇ ਕੁੱਝ ਲੋਕ ਮਿਲਦੇ ਹਨ। ਉਹ ਲੋਕ ਵੀ ਰੁਜ਼ਗ਼ਾਰ-ਪ੍ਰਾਪਤੀ ਵਿਚ ਉਸ ਦੇ ਗੁਰੂ ਹੀ ਹੁੰਦੇ ਹਨ। ਮੁੱਕਦੀ ਗੱਲ ਇਹ ਕਿ ਸਾਈਕਲ ਚਲਾਉਣਾ ਸਿੱਖਣ ਤੋਂ ਲੈ ਕੇ, ਕਾਰ ਤੇ ਹਵਾਈ ਜਹਾਜ਼ ਚਲਾਉਣ ਵਿਚ ਮਦਦ ਦੇਣ ਵਾਲ਼ੇ ਵੀ ਗੁਰੂ ਹੀ ਹੁੰਦੇ ਹਨ। ਜੇ ਜ਼ਿੰਦਗੀ ਦੇ ਕਿਸੇ ਖੇਤਰ ਵਿਚ ਵੀ ਅਸੀਂ ਗੁਰੂ ਦੇ ਸਹਾਰੇ ਬਗ਼ੈਰ ਨਹੀਂ ਤੁਰੇ ਤਾਂ ਅਧਿਆਤਮਵਾਦ ਜਾਂ ਪ੍ਰਮਾਰਥ ਦੇ ਕੰਮ ਵਿਚ ਗੁਰੂ ਤੋਂ ਬਗ਼ੈਰ ਕਿੱਦਾਂ ਸਰ ਸਕਦਾ ਹੈ। ਸਾਨੂੰ ਇਸ ਖੇਤਰ ਵਿਚ ਤਾਂ ਸਗੋਂ ਗੁਰੂ ਦੀ ਬਹੁਤੀ ਲੋੜ ਹੈ।ਸੋ ਰੱਬ ਨੂੰ ਜਾਨਣ ਜਾਂ ਮਿਲਣ ਲਈ ਤਾਂ ਗੁਰੂ ਅਰਜਨ ਦੇਵ ਜੀ ਤੇ ਸੰਤ ਕਬੀਰ ਦੀਆਂ ਸਲਾਹਾਂ ਮੰਨਣੀਆਂ ਹੀ ਪੈਣਗੀਆਂ।
     ਇਹ ਪਰਚਾ ਅਧੂਰਾ ਰਹੇਗਾ, ਜੇ ਇਸ ਰਾਹੀਂ ਗੁਰੂ ਨਾਨਕ ਦੀਆਂ ਸਿੱਖਿਆਵਾਂ ਵੱਲ ਝਾਤੀ ਨਾ ਪੁਆਈਏ ਤਾਂ ਇਹ ਪਰਚਾ ਅਧੂਰਾ ਰਹੇਗਾ। ਮੂਲ ਮੰਤਰ ਵਿਚ ਗੁਰੂ ਜੀ ਨੇ ਪ੍ਰਮਾਤਮਾ ਦੀ ਸ਼ਨਾਖ਼ਤ ਕਰਾਉਂਦਿਆਂ ਇਹ ਵੀ ਦੱਸਿਆ ਹੋਇਆ ਹੈ ਕਿ ਪ੍ਰਮਾਤਮਾ ਆਪਣੀ ਦਇਆ-ਮਿਹਰ ਨਾਲ਼ ਹੀ, ਲੋਕਾਈ ਦੇ ਸਾਹਮਣੇ ਆਪਣਾ-ਆਪ ਜ਼ਾਹਰ ਕਰਦਾ ਹੈ। ਗੁਰੂ-ਜਨ ਫ਼ਰਮਾ ਗਏ ਹਨ ਕਿ ਹੰਕਾਰ ਜਾਂ ਹਉਮੈ ਅਧਿਆਤਮਕ ਤਰੱਕੀ ਦੇ ਰਾਹ ਵਿਚ ਵੱਡੀ ਰੁਕਾਵਟ ਹੈ। ਇਸ ਦੇ ਨਾਲ਼ ਹੀ ਸਾਨੂੰ ਝੂਠ ਅਤੇ ਪਾਖੰਡ ਤੋਂ ਵੀ ਬਚਣਾ ਪਵੇਗਾ।
    ਗੁਰੂ ਸਾਹਬ ਨੇ 'ਨਾਮ ਜਪਣ', 'ਵੰਡ ਛਕਣ' ਅਤੇ 'ਧਰਮ ਦੀ ਕਿਰਤ ਕਰਨ' ਦੀ ਸਿਖਿਆ ਦਿੱਤੀ ਹੈ, ਪਰ ਅਸੀਂ ਇਨ੍ਹਾਂ ਤੇਹਾਂ ਮੱਤਾਂ ਦੇ ਅਰਥ ਘੱਟ ਹੀ ਸਮਝਦੇ ਹਾਂ ਜਾਂ ਆਪੋ-ਆਪਣੇ ਢੰਗ ਨਾਲ਼ ਕੱਢਦੇ ਹਾਂ। 'ਨਾਮ ਜਪਣ' ਦਾ ਮਤਲਬ ਹੈ, ਹਮੇਸ਼ਾ ਹੀ ਰੱਬ ਦਾ ਸਿਮਰਨ ਕਰਨਾ ਅਤੇ ਉਸ ਨੂੰ ਯਾਦ ਰੱਖਣਾ। ਇਕ ਪਲ ਵੀ ਉਸ ਦਾ ਨਾਮ ਨਹੀਂ ਵਿਸਾਰਨਾ। 'ਵੰਡ ਛਕਣ' ਦਾ ਅਰਥ ਹੈ ਕਿ ਜੋ ਕੁੱਝ ਵੀ ਤੁਹਾਡੇ ਕੋਲ ਹੈ, ਉਹ ਹੋਰਨਾਂ ਨਾਲ਼ ਵੰਡ ਕੇ ਛਕੋ ਯਾਨੀ ਜੇ ਕਿਸੇ ਕੋਲ ਖਾਣ ਲਈ ਕੁੱਝ ਨਹੀਂ ਹੈ ਤਾਂ ਉਸ ਨੂੰ ਵੀ ਖੁਆਓ। 'ਧਰਮ ਦੀ ਕਿਰਤ ਕਰਨ' ਦਾ ਮਤਲਬ ਇਹ ਹੈ ਕਿ ਧਰਮ ਅਤੇ ਇਮਾਨਦਾਰੀ ਨਾਲ਼ ਕੰਮ ਕਰ ਕੇ, ਕਮਾਈ ਕਰੋ ਤੇ ਕਮਾਈ ਕਰਨ ਵਿਚ ਕੋਈ ਧੋਖਾ ਜਾਂ ਛਲ਼-ਵਲ਼ ਨਾ ਕਰੋ।
     ਗੁਰੂ ਸਾਹਬ ਹੀ ਫ਼ਰਮਾ ਗਏ ਹਨ ਕਿ ਸਾਰੇ ਬੰਦੇ ਰੱਬ ਦੇ ਹਨ ਤੇ ਸਭ ਇਕੋ-ਜਿਹੇ ਹਨ। ਉਨ੍ਹਾਂ ਵਿਚ ਜਾਤ-ਪਾਤ ਅਤੇ ਧਰਮ ਦੇ ਨਾਂ ਉੱਤੇ ਕੋਈ ਊਚ-ਨੀਚ ਨਹੀਂ ਕੀਤੀ ਜਾਣੀ ਚਾਹੀਦੀ, ਨਾਹੀ ਕਿਸੇ ਕਿਸਮ ਦੀਆਂ ਕੋਈ ਵੰਡੀਆਂ ਪਾਉਣੀਆਂ ਚਾਹੀਦੀਆਂ ਹਨ। ਕਿਸੇ ਵੀ ਮਨੁੱਖ ਨਾਲ਼ ਨਸਲ, ਜਾਤੀ ਅਤੇ ਰੁਤਬੇ ਦੇ ਆਧਾਰ 'ਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਇਹ ਫ਼ਰਕ ਅਤੇ ਵਿਤਕਰੇ ਮਿਟਾਉਣ ਲਈ ਹੀ ਗੁਰੂਦੇਵ ਨਾਨਕ ਪਾਤਸ਼ਾਹ ਨੇ 'ਸੰਗਤ' ਨੂੰ 'ਪੰਗਤ' ਵਿਚ ਬਹਾ ਕੇ ਲੰਗਰ ਛਕਾਉਣ ਦੀ ਪ੍ਰਥਾ ਸ਼ੁਰੂ ਕੀਤੀ ਸੀ। ਲੰਗਰ ਦੀ ਪੰਗਤ ਸਾਰੇ ਫ਼ਰਕ ਮਿਟਾ ਕੇ ਸਭ ਨੂੰ ਇਕਸਾਰ ਕਰ ਦਿੰਦੀ ਹੈ।
    'ਜਿਤੁ ਜੰਮਹਿ ਰਾਜਾਨੁ' ਕਹਿ ਕੇ ਗੁਰੂ ਸਾਹਬ ਨੇ ਕੁੱਲ ਔਰਤਾਂ ਦਾ ਮਾਣ ਵਧਾਇਆ ਹੈ। ਮਰਦ, ਔਰਤ ਦੀ ਕੁੱਖੋਂ ਜਨਮ ਲੈਂਦਾ ਹੈ, ਔਰਤ ਦੀ ਕੁੱਖੋਂ ਹੀ ਔਲਾਦ ਹਾਸਲ ਕਰਦਾ ਹੈ। ਉਹ, ਔਰਤ ਨਾਲ਼ ਹੀ ਦੋਸਤੀ ਕਰਦਾ ਹੈ ਤੇ ਉਸੇ ਨਾਲ਼ ਹੀ ਵਿਆਹ ਕਰਾਉਂਦਾ ਹੈ। ਮਨੁੱਖ ਦੀਆਂ ਅਗਲੀਆਂ ਨਸਲਾਂ ਵੀ ਔਰਤਾਂ ਉੱਤੇ ਹੀ ਨਿਰਭਰ ਹਨ। ਔਰਤ ਤੋਂ ਬਗ਼ੈਰ ਇਸ ਜੱਗ ਵਿਚ ਕੋਈ ਨਹੀਂ ਹੋਣਾ ਸੀ। ਇਸ ਲਈ ਹਰ ਔਰਤ ਸਨਮਾਨਣ ਯੋਗ ਹੈ।
     ਗੁਰੂ ਜੀ ਸਾਨੂੰ ਕਿਸੇ ਕਿਸਮ ਦੇ ਰੀਤਾਂ-ਰਿਵਾਜਾਂ, ਜਾਤ-ਪਾਤ ਅਤੇ ਮੂਰਤੀ-ਪੂਜਾ ਤੋਂ ਵਿਹਲੇ ਕਰ ਦਿੱਤਾ ਹੋਇਆ ਹੈ, ਪਰ ਅਸੀਂ ਇਨ੍ਹਾਂ ਕੁਰੀਤਾਂ ਤੋਂ ਕਿੰਨਾ ਕੁ ਛੁਟਕਾਰਾ ਹਾਸਲ ਕੀਤਾ ਹੈ। ਅਸੀਂ ਤਾਂ 'ਬਾਬੇ' ਦਾ 'ਸੱਚਾ ਸੌਦਾ' ਵੀ 'ਝੂਠਾ' ਕਰਨੋਂ ਨਹੀਂ ਟਲ਼ੇ। ਗੁਰੂਦੇਵ ਫ਼ਰਮਾਉਂਦੇ ਹਨ ਕਿ ਸਰਬ ਸ਼ਕਤੀਸ਼ਾਲੀ ਪ੍ਰਮਾਤਮਾ ਹਰ ਥਾਂ ਸਦਾ-ਹਾਜ਼ਰ ਹੈ, ਸਾਰੀ ਮਨੁੱਖਤਾ ਨੂੰ ਪਿਆਰ ਕਰਨਾ ਬਣਦਾ ਹੈ ਅਤੇ ਹਰ ਸੰਭਵ ਹੀਲੇ ਨਾਲ਼ ਸਭ ਦੀ ਸੇਵਾ ਕਰਨੀ ਬਣਦੀ ਹੈ। ਇਹ 'ਸਤਿਯੁਗੀ ਧਰਮ' ਚਲਾਇਆ ਸੀ ਬਾਬੇ ਨਾਨਕ ਨੇ ਤੇ ਇਸ ਦਾ ਇਕੋ-ਇਕ ਉਦੇਸ਼, ਮਨੁੱਖਾਂ ਨੂੰ ਹੋਰ ਫ਼ਜ਼ੂਲ ਕੰਮਾਂ ਤੋਂ ਹਟਾ ਕੇ ਪ੍ਰਮਾਤਮਾ ਦੀ ਭਗਤੀ ਵਿਚ ਲੀਨ ਰੱਖਣਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮਨੁੱਖ ਨੇ ਰੌਸ਼ਨੀ ਆਪਣੇ ਅੰਦਰ ਦੇਖਣੀ ਹੈ ਤੇ ਉਸ ਦੇ ਆਸਰੇ ਹੀ ਆਪਣਾ ਰਾਹ ਦੇਖਦਿਆਂ ਯਾਤਰਾ ਕਰਨੀ ਹੈ।
    ਬਾਬੇ ਨਾਨਕ ਦਾ ਹੀ ਕਹਿਣ ਹੈ ਕਿ ਮਨੁੱਖ ਆਪਣੀ ਅਕਲ, ਆਪਣੀ ਲਿਆਕਤ ਨਾਲ਼ ਰੱਬ ਨਹੀਂ ਪਾ ਸਕਦਾ, ਉਸ ਦੀਆਂ ਗਿਆਨ ਇੰਦਰੀਆਂ ਬਾਹਰੀ ਗਿਆਨ ਹੀ ਦੇ-ਦੁਆ ਸਕਦੀਆਂ ਹਨ। ਕੋਈ ਵੀ ਜਗਿਆਸੂ, ਯੁੱਗਾਂ ਦੇ ਯੁੱਗ ਲੱਗਿਆ ਰਹੇ, ਪਰ ਉਹ ਆਪਣੇ ਤਰਕ ਅਤੇ ਲਿਆਕਤ ਨਾਲ਼ ਰੱਬ ਨੂੰ ਨਹੀਂ ਪਾ ਸਕਦਾ। ਗੁਰੂ ਦੀ ਕਿਰਪਾ, ਦਇਆ ਅਤੇ ਮਿਹਰ ਤੋਂ ਬਗ਼ੈਰ ਕੋਈ ਵੀ, ਰੱਬ ਤਕ ਪਹੁੰਚਣ ਦੇ ਰਾਹ ਵਿਚ ਆਉਂਦਾ ਭਵਸਾਗਰ ਪਾਰ ਨਹੀਂ ਕਰ ਸਕਦਾ। ਗੁਰੂ ਦੀ ਕਿਰਪਾ ਨਾਲ਼ ਹੀ, ਰੱਬ ਦੀ ਕਿਰਪਾ ਹੁੰਦੀ ਹੈ ਤੇ ਰੱਬ, ਉਸ ਤਕ ਪਹੁੰਚਦੇ ਸਾਰੇ ਰਾਹ ਰੌਸ਼ਨ ਕਰ ਦਿੰਦਾ ਹੈ।
     ਗੁਰੂ ਨਾਨਕ ਦੇਵ ਜੀ ਅਤੇ ਸੰਤ ਕਬੀਰ ਜੀ ਸਮਕਾਲੀ ਸਨ। ਸਾਡੇ ਵਿਚੋਂ ਬਹੁਤਿਆਂ ਨੂੰ ਤਾਂ ਇਹ ਕਹਿਣਾ-ਸੁਣਨਾ ਵੀ ਹਜ਼ਮ ਨਹੀਂ ਹੁੰਦਾ ਕਿ ਉਨ੍ਹਾਂ ਦੋਹਾਂ ਦੀ ਆਪਸ ਵਿਚ ਕੋਈ ਅਧਿਆਤਮਕ ਸਾਂਝ ਸੀ। ਜਿਹੜੇ ਲੋਕ ਇਹ ਕਹਿੰਦੇ ਨਹੀਂ ਥੱਕਦੇ ਕਿ ਗੁਰੂ ਨਾਨਕ ਦੇਵ ਤੋਂ ਪਹਿਲਾਂ ਤੇ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਕੋਈ ਗੁਰੂ ਨਹੀਂ ਸੀ ਜਾਂ ਨਹੀਂ ਹੈ, ਉਹ ਭੁੱਲ ਜਾਂਦੇ ਹਨ ਕਿ ਇਸ ਧਰਤੀ ਅਤੇ ਲੋਕਾਈ ਉੱਤੇ ਹਮੇਸ਼ਾ ਰੱਬ ਦੀ ਮਿਹਰ ਰਹੀ ਹੈ। ਉਸ ਦੀ ਮਿਹਰ ਸਦਕਾ ਹੀ ਤਾਂ 'ਉਸ ਦੇ ਘਰ ਦਾ ਤਾਲਾ ਖੋਲ੍ਹਣ ਵਾਲ਼ਾ ਕੋਈ ਕੁੰਜੀਬਰਦਾਰ ਹਰ ਵੇਲ਼ੇ ਇਸ ਜਹਾਨ ਵਿਚ ਜ਼ਰੂਰ ਹੀ ਹੋਵੇਗਾ। 'ਮੈਂ ਆਪਣੀ ਲੋਕਾਈ ਕਦੇ ਵੀ ਸੁੰਨੀ ਨਹੀਂ ਛੱਡਾਂਗਾ,' ਰੱਬ ਨੇ ਆਪਣੀ ਲੋਕਾਈ ਨਾਲ਼, ਚਿਰੋਕਣਾ ਕੀਤਾ ਹੋਇਆ ਇਹ ਵਾਅਦਾ, ਹਮੇਸ਼ਾ ਨਿਭਾਇਆ ਹੈ।
    ਗੁਰੂ ਨਾਨਕ ਨੂੰ ਆਪਣੀ ਗੱਲ ਸੁਣਾਉਣ ਲਈ ਜਿਹੜਾ ਮੰਚ ਮਿਲਿਆ ਸੀ, ਉਸ ਦੇ ਸਾਹਮਣੇ ਹਿੰਦੂ ਅਤੇ ਮੁਸਲਮਾਨ ਦੋਵੇਂ ਹਾਜ਼ਰੀ ਭਰਿਆ ਕਰਦੇ ਸਨ। ਸੂਫ਼ੀਮਤ ਅਤੇ ਭਗਤੀ ਲਹਿਰ, ਗੁਰੂ ਜੀ ਦੇ ਧਾਰਮਕ ਫ਼ਲਸਫ਼ੇ ਦਾ ਆਧਾਰ ਸਨ। ਗੁਰੂ ਨਾਨਕ ਦੇਵ ਜੀ ਮੰਨਦੇ ਸਨ ਕਿ ਹਰ ਮਨੁੱਖ ਅੰਦਰ ਆਤਮਾ ਹੈ ਤੇ ਇਹ ਆਤਮਾ, ਪ੍ਰਮਾਤਮਾ ਦਾ 'ਅਣਸ' ਯਾਨੀ ਅੰਸ਼ ਹੈ। ਮਨੁੱਖ ਦੇ ਚੰਗੇ ਕਰਮ ਉਸ ਦੀ ਆਤਮਾ ਨੂੰ ਦੁਬਾਰਾ ਪ੍ਰਮਾਤਮਾ ਨਾਲ਼ ਮਿਲਣ ਵਿਚ ਮਦਦ ਕਰਦੇ ਹਨ। ਹੋਰ ਸੂਫ਼ੀ ਸੰਤਾਂ ਵਾਂਗ ਹੀ ਗੁਰੂਦੇਵ ਨਾਨਕ ਵੀ ਇਹ ਮੰਨਦੇ ਸਨ ਕਿ ਗੁਰੂ ਹੀ ਹੈ, ਜੋ ਹਰ ਖੇਤਰ ਵਿਚ ਸੇਧ ਦਿੰਦਾ ਹੈ।
       ਗੱਲ ਵਧਣ ਦੇ ਡਰੋਂ, ਅਚਾਨਕ ਹੀ ਚੁੱਪ ਹੋਣ ਤੋਂ ਪਹਿਲਾਂ, ਦੂਜੇ ਗੁਰੂ ਸ਼੍ਰੀ ਅੰਗਦ ਦੇਵ ਜੀ ਵੱਲੋਂ ਆਪਣੇ ਗੁਰੂ ਯਾਨੀ ਨਾਨਕ ਦੇ ਵਿਛੋੜੇ ਵਿਚ ਲਿਖੇ ਬਚਨ ਸਭ ਨਾਲ਼ ਸਾਂਝੇ ਕਰਨੇ ਚਾਹੁੰਦਾ ਹਾਂ:
       ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥
       ਏਤੇ ਚਾਨਣ ਹੋਂਦਿਆਂ ਗੁਰ ਬਿਨ ਘੋਰ ਅੰਧਾਰ॥

      ਸੋ ਗੁਰਪਿਆਰਿਓ! ਗੁਰ-ਗਿਆਨ ਸਥਿਰ ਨਹੀਂ ਹੋਇਆ ਕਰਦਾ, ਹਰ ਗੁਰੂ ਇਸ ਵਿਚ ਵਾਧਾ ਕਰਦਾ ਹੈ ਕਿਉਂ ਕਿ 'ਗੁਰੂ' ਇਸੇ ਲਈ ਗੁਰੂ ਹੁੰਦਾ ਹੈ ਕਿ ਉਸ ਨੂੰ ਰੱਬ ਨੇ ਬਹੁਤ ਸਾਰੇ 'ਗੁਰ' ਬਖ਼ਸ਼ੇ ਹੁੰਦੇ ਹਨ ਤੇ ਉਸ ਨੂੰ ਆਪਣੇ ਘਰ ਦੀ ਕੁੰਜੀ ਸੌਂਪ ਕੇ ਆਪਣਾ ਕਾਰ-ਮੁਖ਼ਤਾਰ ਬਣਾਇਆ ਹੁੰਦਾ ਹੈ।#