ਬਹੁਤ ਪਾ ਸਕਦਾ ਹੈ ਸੋਸ਼ਲ ਮੀਡੀਆ
<><><><><><><><><>
ਮੇਰੇ ਪੱਤਰਕਾਰ ਮਿੱਤਰ, ਜਸਵਿੰਦਰ ਕੁਮਾਰ ਆਨੰਦ, ਜੋ ਪਤਾ ਨਹੀਂ ਕਿਉਂ 'ਫੇਸਬੁੱਕ' ਛੱਡ ਕੇ 'ਵਟਸਐਪ' ਨੂੰ ਤਰਜੀਹ ਦੇਣ ਲੱਗ ਪਏ ਹਨ, ਕਦੇ-ਕਦਾਈਂ, ਮੇਰੇ ਕਿਸੇ ਲੇਖ ਦੇ ਸੂਤਰਧਾਰ ਬਣ ਜਾਂਦੇ ਰਹੇ ਹਨ। ਮੈਂ ਕਈ ਲੇਖ, ਉਨ੍ਹਾਂ ਵੱਲੋਂ ਫ਼ਰਮਾਇਸ਼ ਕਰਨ 'ਤੇ ਵੀ ਲਿਖੇ ਹਨ ਕਿਉਂ ਕਿ ਉਹ ਲੇਖ ਲਿਖਣ ਵਿਚ ਕੋਈ ਨਾ ਕੋਈ ਚੁਨੌਤੀ ਵੀ ਹੁੰਦੀ ਸੀ। ਮੈਨੂੰ ਹੱਥਲਾ ਲੇਖ ਲਿਖਣ ਦੀ ਫ਼ਰਮਾਇਸ਼ ਸ਼੍ਰੀ ਆਨੰਦ ਨੇ ਨਹੀਂ ਕੀਤੀ, ਹਾਂ, ਉਨ੍ਹਾਂ ਨੇ ਅਸਿੱਧੇ ਢੰਗ ਨਾਲ਼ ਹੀ ਸਹੀ, ਇਹ ਲੇਖ ਲਿਖਣ ਦੀ ਪ੍ਰੇਰਨਾ ਮੈਨੂੰ ਜ਼ਰੂਰ ਦਿੱਤੀ ਹੈ। ਸਗੋਂ ਇਹ ਲਿਖਣਾ ਵਧੇਰੇ ਸਹੀ ਰਹੇਗਾ ਕਿ ਉਨ੍ਹਾਂ ਨੇ ਇਹ ਲੇਖ ਲਿਖਣ ਦੀ ਪ੍ਰੇਰਨਾ ਮੈਨੂੰ 'ਵਟਸਐਪ' ਰਾਹੀਂ ਭੇਜੀ ਹੈ।
ਇਸ ਦੇ ਨਾਲ਼ ਹੀ ਮੈਂ ਇਹ ਵੀ ਸਪੱਸ਼ਟ ਕਰ ਦਿਆਂ ਕਿ ਮੈਂ, ਸੋਸ਼ਲ ਮੀਡੀਆ ਦੀ ਚੜ੍ਹਤ ਦੇ ਸਬੰਧ ਵਿਚ 'ਪੱਤਰਕਾਰੀ ਦਾ ਅਗਲਾ ਪੜਾਅ: ਸੋਸ਼ਲ ਮੀਡੀਆ' ਸਿਰਲੇਖ ਹੇਠ ਇਕ ਕਿਤਾਬ, ਹਾਲ ਹੀ ਵਿਚ ਲਿਖ ਕੇ, ਚੰਡੀਗੜ੍ਹ ਰਹਿੰਦੇ, ਪੰਜਾਬ ਸਰਕਾਰ ਦੇ ਇਕ ਉੱਚ ਅਧਿਕਾਰੀ ਅਤੇ ਆਪਣੇ ਦੋਸਤ ਹਰਵਿੰਦਰ ਸਿੰਘ ਨੂੰ, ਛਪਣ ਤੋਂ ਪਹਿਲੇ ਮੁਲਾਂਕਣ ਲਈ ਭੇਜੀ ਹੋਈ ਹੈ। ਇਹ ਲੇਖ ਲਿਖਣ ਅਤੇ ਇਸ ਦੀ ਪੇਸ਼ਕਾਰੀ ਦੀ ਜੁਗਤ, ਇਕ ਵਾਰ ਫਿਰ 'ਪ੍ਰਿੰਟ ਮੀਡੀਆ' ਦੇ ਨਿਘਾਰ ਦੀ ਤੇ 'ਸੋਸ਼ਲ ਮੀਡੀਆ' ਦੀ ਚੜ੍ਹਤ ਦੀ ਗੱਲ ਕਰਨ/ ਸਮਝਾਉਣ ਦੇ ਨਾਲ਼ ਹੀ ਸੋਸ਼ਲ ਮੀਡੀਆ ਦੇ ਇਕ ਨੁਕਸ ਵੱਲ ਇਸ਼ਾਰਾ ਕਰਨ ਦਾ ਹੀਲਾ ਵੀ ਹੈ। ਸੋ ਇਹ ਲੇਖ ਲਿਖਣ ਦਾ ਪ੍ਰਯੋਜਨ, 'ਟੂ-ਇਨ-ਵਨ' ਯਾਨੀ 'ਦੋਂ ਵਰਗਾ ਇਕ' ਵਰਗਾ ਹੀ ਸਮਝ ਲੈਣਾ।
ਸਮਾਂ ਇਸ ਮੋੜ ਉੱਤੇ ਆ ਗਿਆ ਹੈ ਕਿ ਮੇਰਾ ਇਹ ਲੇਖ, ਜਿਸ ਤਰ੍ਹਾਂ ਇੱਥੇ ਯਾਨੀ 'ਸੋਸ਼ਲ ਮੀਡੀਆ' ਵਿਚ ਨਸ਼ਰ ਕੀਤਾ ਜਾ ਰਿਹਾ ਹੈ, ਉਸ ਤਰ੍ਹਾਂ ਨਸ਼ਰ ਕਰਨਾ, ਰਵਾਇਤੀ ਮੀਡੀਆ ਦੇ ਵੱਸ ਦੀ ਗੱਲ ਨਹੀਂ ਹੈ। ਅੱਜ ਤਾਂ ਹਾਲਤ ਏਦਾਂ ਹੀ ਹੈ, ਭਲਕੇ ਕੋਈ ਅਖ਼ਬਾਰ, ਇਹ ਲੇਖ ਤੇ ਇਸ ਦੇ ਨਾਲ਼ ਵਾਲ਼ੀ ਸਮੱਗਰੀ, 'ਜਿਉਂ ਦੀ ਤਿਉਂ' ਛਾਪਣ ਵਿਚ ਕਾਮਯਾਬ ਹੋ ਜਾਵੇ ਤਾਂ ਕੁੱਝ ਕਿਹਾ ਨਹੀਂ ਜਾ ਸਕਦਾ। ਮੇਰਾ ਇਹ ਲੇਖ, ਅਸਲ ਵਿਚ ਸ਼ੁਰੂ ਹੁੰਦਾ ਹੈ ਹੁਣ ਅਤੇ ਉਹ ਵੀ ਇਸ ਤਰ੍ਹਾਂ:
ਸ਼੍ਰੀ ਆਨੰਦ, ਜਿਨ੍ਹਾਂ ਨੂੰ ਮੈਂ ਜਾਂ ਮੇਰੇ ਵਰਗੇ ਕਈ ਹੋਰ ਜਣੇ 'ਆਨੰਦ ਭਾਅ ਜੀ' ਕਹਿ ਕੇ ਵੀ ਸੰਬੋਧਨ ਕਰਦੇ ਹਨ, ਨੇ ਮੈਨੂੰ 'ਵਟਸਐਪ' ਰਾਹੀਂ ਇਕ ਵਿਡੀਓ ਭੇਜੀ, ਜੋ ਮੈਂ ਇਸ ਲੇਖ ਨਾਲ਼ ਨੱਥੀ ਕਰਨ ਦਾ ਹੀਲਾ ਕਰ ਰਿਹਾ ਹਾਂ। ਇਸ ਵਿਡੀਓ ਦੇ ਨਾਲ਼ ਹੀ ਉਨ੍ਹਾਂ ਨੇ, ਹਿੰਦੀ ਵਿਚ ਟਾਈਪ ਕੀਤਾ ਹੋਇਆ, ਉਹ ਸੁਨੇਹਾ ਵੀ ਭੇਜਿਆ, ਜਿਸ ਦੇ ਸਿਖ਼ਰ, ਅੰਗਰੇਜ਼ੀ ਵਿਚ 'ਫਾਰਵਰਡਿਡ' ਵੀ ਲਿਖਿਆ ਹੋਇਆ ਹੈ। ਇਸ ਸੁਨੇਹੇ ਦੀ ਫੋਟੋ ਵੀ ਇਸ ਲੇਖ ਨਾਲ਼ ਛਾਪਣ ਦਾ ਹੀਲਾ ਕਰਾਂਗਾ। ਇਹ ਸੁਨੇਹਾ ਕੁੱਝ ਏਦਾਂ ਹੈ:
"ਪਾਕਿਸਤਾਨ ਵ ਚੀਨ ਕੇ ਬੀਚ 880 ਕਿ. ਮਾ ਲੰਬਾ ਹਾਈਵੇ ਜੋ 36 ਮਾਹ ਕੇ ਰਿਕਾਰਡ ਸਮਯ ਮੇਂ ਬਨਾ ਹੈ 21ਵੀ ਸਦੀ ਕੇ ਅਜੂਬੇ ਜੈਸਾ ਹੈ ਜੋ ਅਬ ਆਵਾਗਮਨ ਕੇ ਲੀਏ ਖੋਲ ਦੀਆ ਗਯਾ ਹੈ ਇਸ ਕੀ ਸੁੰਦਰਤਾ ਦੇਖੇਂ"
ਓਦਾਂ ਗ਼ੌਰ ਨਾਲ਼ ਦੇਖੀਏ ਤਾਂ ਇਹ ਸੁਨੇਹਾ ਲਿਖਣ ਵਿਚ ਕੀਤੀਆਂ ਹੋਈਆਂ ਗ਼ਲਤੀਆਂ ਹੀ ਇਹ ਦੱਸ ਦਿੰਦੀਆਂ ਹਨ ਕਿ ਇਹ ਸੁਨੇਹਾ ਲਿਖਣ/ ਭੇਜਣ ਵਾਲ਼ਾ ਕੋਈ 'ਪੱਤਰਕਾਰ/ ਲੇਖਕ' ਨਹੀਂ ਸਗੋਂ ਕੋਈ 'ਕੱਚ-ਘਰੜ' ਜਿਹਾ, ਸੋਸ਼ਲ ਮੀਡੀਆਕਾਰ ਹੀ ਹੈ। ਫਿਰ ਸੁਨੇਹੇ ਦੇ ਸਿਖ਼ਰ ਲਿਖਿਆ ਹੋਇਆ 'ਫਾਰਵਰਡਿਡ' ਵੀ ਸਾਬਤ ਕਰਦਾ ਹੈ ਕਿ ਇਹ ਸੁਨੇਹਾ, 'ਜਿੱਦਾਂ ਆਇਆ-ਓਦਾਂ ਹੀ ਅੱਗੇ ਤੋਰਿਆ ਗਿਆ' ਹੈ। ਇਸ ਸਬੰਧ ਵਿਚ ਜਿਹੜੀ ਤਫ਼ਤੀਸ਼ ਇਨ੍ਹਾਂ ਸਤਰਾਂ ਦੇ ਇਸ ਲੇਖਕ ਨੇ ਕੀਤੀ ਹੈ, ਉਹ ਕਿਸੇ ਸੋਸ਼ਲ ਮੀਡੀਆਕਾਰ ਨੇ ਪਹਿਲਾਂ ਕਰਨ ਦਾ ਹੀਲਾ ਨਹੀਂ ਕੀਤਾ, ਜਿਸ ਨਾਲ਼ 'ਸੱਚ ਵਰਗਾ ਇਹ ਝੂਠ', 'ਸੋਸ਼ਲ ਮੀਡੀਆ' ਦੇ ਮੂੰਹ ਉੱਤੇ ਕਾਲਖ਼ ਪੋਚਦਾ ਅੱਗੇ ਤੋਂ ਅੱਗੇ ਵਧਦਾ ਗਿਆ ਤੇ ਹਰ ਜਣੇ-ਖਣੇ ਨੂੰ ਬਾਂਹ ਖੜ੍ਹੀ ਕਰ ਕੇ ਇਹ ਕਹਿਣ ਦਾ ਮੌਕਾ ਦਿੰਦਾ ਗਿਆ, ਅਖੇ 'ਸੋਸ਼ਲ ਮੀਡੀਆ ਉੱਤੇ ਕਿਹੜਾ ਸਭ ਕੁੱਝ ਸੱਚ ਹੀ ਲਿਖਿਆ ਹੁੰਦੈ!'
ਆਓ ਦੇਖੀਏ ਕਿ ਇਨ੍ਹਾਂ ਸਤਰਾਂ ਦੇ ਲੇਖਕ ਨੇ, ਇਸ ਸਬੰਧ ਵਿਚ ਕੋਈ ਵੀ ਕਾਰਵਾਈ ਪਾਉਣ ਦੀ ਥਾਂ, ਇਸ ਝੂਠ ਦੀ ਪੈੜ ਲੱਭਣ ਲਈ ਕੀ ਕੀਤਾ। ਇਸ ਲੇਖ ਨਾਲ਼ ਨੱਥੀ ਕੀਤੀ ਗਈ ਇਕ ਵਿਡੀਓ ਕਲਿੱਪ, ਜੋ ਸ਼੍ਰੀ ਆਨੰਦ ਨੇ ਮੈਨੂੰ ਭੇਜੀ, ਚੀਨ ਵੱਲੋਂ ਪਾਕਿਸਤਾਨ ਤਕ ਬਣਾਏ ਗਏ ਦੱਸੇ ਜਾਂਦੇ ਇਕ ਹਾਈਵੇ ਦੀ ਸੁੰਦਰਤਾ ਦਰਸਾਉਂਦੀ ਹੈ। ਇਹ ਵਿਡੀਓ, ਬਹੁਤੇ 'ਵਟਸਐਪ' ਚਲਾਉਣ ਵਾਲ਼ਿਆਂ ਵਾਂਗ, 'ਆਇਆ ਹੋਇਆ ਮਾਲ, ਜਿਉਂ ਦੀ ਤਿਉਂ ਅੱਗੇ ਚਲਾਉਣ' ਦੀ ਥਾਂ, ਮੈਂ ਇਹ ਜਾਨਣ ਦਾ ਹੀਲਾ ਕਰਨਾ ਚਾਹਿਆ ਕਿ ਕੀ ਚੀਨ ਨੇ ਪਾਕਿਸਤਾਨ ਤਕ ਕੋਈ ਹਾਈਵੇ ਬਣਾਇਆ ਵੀ ਹੈ ਕਿ ਇਹ ਕੋਈ 'ਜਾਅਲੀ ਖ਼ਬਰ' ਹੀ ਹੈ। ਮੈਂ ਇਹ ਹਾਈਵੇ ਬਣਿਆ ਹੋਣ ਸਬੰਧੀ ਇਕ ਪੁੱਛ, 'ਗੂਗਲ' ਦੇ ਦਰਬਾਰ ਵਿਚ ਪਾਈ ਤਾਂ ਜੁਆਬ ਵਿਚ 'ਟਾਈਮਜ਼ ਆਫ ਇੰਡੀਆ' ਦੀ ਵੈੱਬ ਸਾਈਟ ਦਾ ਇਕ ਪੰਨਾ ਖੁੱਲ੍ਹ ਗਿਆ, ਜਿਸ ਨੇ ਖੁਲ੍ਹਦੇ ਸਾਰ ਹੀ ਅੱਖਾਂ ਖੋਲ੍ਹ ਦਿੱਤੀਆਂ। ਉਸ ਪੰਨੇ ਦਾ ਸਿਰਲੇਖ ਕੁੱਝ ਇਸ ਤਰ੍ਹਾਂ ਹੈ:
ਤੱਥਾਂ ਦੀ ਤਫ਼ਤੀਸ਼: ਕੀ ਚੀਨ ਨੇ ਆਪਣੇ ਮੁਲਕ ਨੂੰ ਪਾਕਿਸਤਾਨ ਨਾਲ਼ ਜੋੜਨ ਵਾਲ਼ਾ
880 ਕਿ. ਮੀ. ਲੰਬਾ ਹਾਈਵੇ ਖੋਲ੍ਹਿਆ ਹੈ ਕਿ ਨਹੀਂ?
ਇਸ ਪੰਨੇ ਉੱਤੇ ਦਰਜ ਵੇਰਵਾ, '15 ਫਰਵਰੀ, 2019' ਨੂੰ ਛਪੀ ਖ਼ਬਰ ਨਾਲ਼ ਸਬੰਧਤ ਦੱਸਿਆ ਹੋਇਆ ਹੈ। ਫਿਰ ਉਸ ਕਥਿਤ ਹਾਈਵੇ ਦੀ ਇਕ ਤਸਵੀਰ ਛਾਪ ਕੇ ਉਸ ਦੇ ਨਾਲ਼ ਇਹ 'ਹਾਈਲਾਈਟਸ' ਦਰਜ ਕੀਤੀਆਂ ਹੋਈਆਂ ਹਨ: ਸੋਸ਼ਲ ਮੀਡੀਆ ਉੱਤੇ 'ਵਾਇਰਲ' ਹੋ ਰਹੀ ਇਕ ਵਿਡੀਓ ਵਿਚ ਇਹ ਦਾਅਵਾ ਕੀਤਾ ਹੋਇਆ ਹੈ ਕਿ ਚੀਨ ਨੇ 880 ਕਿਲੋ ਮੀਟਰ ਲੰਬਾ ਇਕ ਹਾਈਵੇ ਖੋਲ੍ਹਿਆ ਹੈ, ਜੋ ਉਨ੍ਹਾਂ ਦੇ ਮੁਲਕ (ਚੀਨ) ਨੂੰ ਸਿੱਧਿਆਂ ਹੀ ਪਾਕਿਸਤਾਨ ਨਾਲ਼ ਜੋੜਦਾ ਹੈ। ਇਹ ਵਿਡੀਓ, 20 ਲੱਖ ਲੋਕ ਦੇਖ ਚੁੱਕੇ ਹਨ। 'ਟਾਈਮਜ਼ ਫੈਕਟ ਚੈੱਕ' ਨੇ ਪੜਤਾਲ ਕਰ ਕੇ ਇਹ ਨਤੀਜਾ ਕੱਢਿਆ ਹੈ ਕਿ ਇਹ ਦਾਅਵਾ ਝੂਠਾ ਹੈ।
ਤਕਰੀਬਨ ਚਾਰ ਮਿੰਟ ਦੀ ਇਸ ਵਿਡੀਓ ਕਲਿੱਪ ਵਿਚ, ਇਸ ਬਹੁਤ ਹੀ ਸ਼ਾਨਦਾਰ, ਉੱਚੇ ਅਤੇ ਵਲ਼-ਵਲ਼ੇਵੇਂਦਾਰ 'ਸ਼ਾਹ-ਰਾਹ' ਦੇ ਹਵਾਈ ਦ੍ਰਿਸ਼ ਦਿਖਾਏ ਹੋਏ ਹਨ। ਇਸ ਉੱਤੇ ਬਹੁਤ ਸਾਰੀਆਂ ਵੱਡੀਆਂ ਅਤੇ ਛੋਟੀਆਂ ਗੱਡੀਆਂ ਚੱਲਦੀਆਂ ਦਿਸਦੀਆਂ ਹਨ। ਇਹ 'ਸ਼ਾਹ-ਰਾਹ', ਕਈ ਤਰ੍ਹਾਂ ਦੇ ਇਲਾਕਿਆਂ ਵਿਚੋਂ ਦੀ ਹੁੰਦਾ ਹੋਇਆ, ਬਹੁਤ ਦੂਰ ਤਕ ਜਾਂਦਾ ਦਿਸਦਾ ਹੈ। ਇਹ ਬਰਫ਼ੀਲੇ ਪਹਾੜਾਂ ਵਿਚੋਂ ਲੰਘਦਾ ਹੈ ਤੇ ਇਸ ਦੇ ਹੇਠੋਂ ਕਈ ਝੀਲਾਂ ਅਤੇ ਦਰਿਆ ਗੁਜ਼ਰਦੇ ਹਨ।
ਇਹ ਤਾਂ ਉਹ ਸਭ ਕੁੱਝ ਹੈ, ਜੋ ਇਸ ਵਿਡੀਓ ਕਲਿੱਪ ਵਿਚ ਦਿਖਾਇਆ ਗਿਆ ਹੈ। ਸੱਚਾਈ ਇਹ ਹੈ ਕਿ ਚੀਨ ਨੇ ਆਪਣੀ ਧਰਤੀ, ਪਾਕਿਸਤਾਨ ਨਾਲ਼ ਜੋੜਨ ਵਾਲ਼ਾ 880 ਕਿਲੋ ਮੀਟਰ ਲੰਬਾ 'ਸ਼ਾਹ-ਰਾਹ' ਯਾਨੀ 'ਹਾਈਵੇ' ਖੋਲ੍ਹਿਆ ਹੀ ਨਹੀਂ ਹੈ। ਫਿਰ ਸੁਆਲ ਪੈਦਾ ਹੋਏਗਾ ਕਿ ਇਹ ਵਿਡੀਓ ਕਿਸ ਹਾਈਵੇ ਦੀ ਹੋਈ। ਇਹ ਵੀ ਸੁਣ (ਪੜ੍ਹ) ਲਓ। ਇਹ ਵਿਡੀਓ ਕਲਿੱਪ, ੨੪੦ ਕਿਲੋ ਮੀਟਰ ਲੰਬੇ, 270 'ਵਾਇਆਡਕਟਸ' ਅਤੇ 25 ਸੁਰੰਗਾਂ ਵਾਲ਼ੇ ਉਸ 'ਯਾਕਸੀ ਹਾਈਵੇ' ਦੀ ਹੈ, ਜੋ ਦੱਖਣੀ-ਪੱਛਮੀ ਚੀਨ ਦੇ ਸਿਚੂਆਨ ਸੂਬੇ ਵਿਚ ਯਾ'ਅਨ ਅਤੇ ਸੀਚਾਂਗ ਨੂੰ ਆਪਸ ਵਿਚ ਜੋੜਦਾ ਹੈ।
ਹੁਣ 'ਸਾਡੀ ਪਾਠਕਾਂ ਵਾਲ਼ੀ ਸਰਕਾਰ' ਇਹ ਸੋਚ ਰਹੀ ਹੋਏਗੀ ਕਿ ਸੱਚ-ਝੂਠ ਦਾ ਇਹ ਨਿਤਾਰਾ ਕਿਸ ਵਿਧੀ ਜਾਂ ਯੰਤਰ ਨਾਲ਼ ਕੀਤਾ ਗਿਆ ਹੋਵੇਗਾ। ਇਸ ਕੰਮ ਵਿਚ, ਇਸ ਵਿਡੀਓ ਕਲਿੱਪ ਦੀਆਂ ਕੁੱਝ ਤਸਵੀਰਾਂ 'ਇਨਵਿਡ ਗੂਗਲ ਕ੍ਰੋਮ' ਦੀ 'ਐਕਸਟੈਨਸ਼ਨ' ਵਿਚ ਪਾ ਕੇ, ਉਨ੍ਹਾਂ ਨੂੰ 'ਰੀਵਰਸ-ਇੱਮੇਜ ਸਰਚ' ਰਾਹੀਂ ਲੰਘਾਇਆ ਗਿਆ, ਜਿਸ ਤੋਂ ਸਾਨੂੰ ਚੀਨੀ ਸੋਸ਼ਲ ਮੀਡੀਆ ਪਲੈਟਫਾਰਮ 'ਵੀਬੋ' ਉੱਤੇ ਦਰਜ ਕੀਤੀ ਹੋਈ ਇਕ 'ਪੋਸਟ' ਦਿਖਾਈ ਗਈ। ਜਦੋਂ ਚੀਨੀ ਭਾਸ਼ਾ ਵਿਚ ਦਰਜ ਕੀਤੀ ਹੋਈ ਇਸ ਪੋਸਟ ਦਾ ਅਨੁਵਾਦ, ਅੰਗਰੇਜ਼ੀ ਵਿਚ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਹ ਵਿਡੀਓ ਕਲਿੱਪ, 240 ਕਿਲੋ ਮੀਟਰ ਲੰਬੇ ਉਸ 'ਯਾਕਾਂਗ ਐਕਸਪ੍ਰੈੱਸਵੇ' ਦੀ ਹੈ, ਜਿਸ ਦਾ ਪਹਿਲਾ ਹਿੱਸਾ, 2012 ਵਿਚ ਮੋਟਰ ਗੱਡੀਆਂ ਦੀ ਆਵਾਜਾਈ ਲਈ ਖੋਲ੍ਹਿਆ ਗਿਆ ਸੀ।
ਇਹ 'ਅੰਬਰੀ ਸ਼ਾਹ-ਰਾਹ', ਖੁੱਲ੍ਹਣ ਸਾਰ ਹੀ ਜਹਾਨ ਭਰ ਦੇ ਸੈਲਾਨੀਆਂ ਲਈ ਬਹੁਤ ਜ਼ਿਆਦਾ ਖਿੱਚ ਦੀ ਵਜ੍ਹਾ ਬਣ ਗਿਆ ਸੀ ਕਿਉਂ ਕਿ ਇਹ, ਵਲ਼-ਵਲੇਵੇਂ ਖਾਂਦਿਆਂ, ਸਿਚੂਆਨ ਸੂਬੇ ਦੇ ਖ਼ੂਬਸੂਰਤ ਦ੍ਰਿਸ਼ਾਂ ਵਿਚੋਂ ਲੰਘਦਾ ਹੈ। ਇਸ ਤੋਂ ਮਗਰੋਂ 'ਯਾਕਾਂਗ ਐਕਸਪ੍ਰੈੱਸਵੇ' ਲਿਖ ਕੇ 'ਗੂਗਲ' ਵਿਚ 'ਸਰਚ' ਕੀਤੀ ਗਈ ਤਾਂ 'ਯੂਟਿਊਬ' ਉੱਤੇ ਪਾਈ ਹੋਈ ਇਕ ਵਿਡੀਓ, ਜਿਸ ਦਾ ਸਿਰਲੇਖ 'ਚਾਈਨਾ ਐਕਸਪ੍ਰੈੱਸਵੇ' ਹੈ, ਦਾ ਲਿੰਕ ਸਾਹਮਣੇ ਆਇਆ। ਇਹ ਵਿਡੀਓ ਕਲਿੱਪ, 'ਜੋਮੋਟੈੱਕ-ਬੈਸਟ ਈ ਸਿਗ ਮੈਨਿਊਫੈਕਚਰ ਇਨ ਚਾਈਨਾ' ਨਾਂ ਦੇ ਇਕ ਚੈਨਲ ਵੱਲੋਂ 6 ਜਨਵਰੀ, 2019 ਦੀ 'ਅੱਪਲੋਡ' ਕੀਤੀ ਹੋਈ ਹੈ।
ਚੀਨ ਅਤੇ ਪਾਕਿਸਤਾਨ ਵਿਚਾਲ਼ੇ ਕੋਈ ਸਿੱਧਾ ਸ਼ਾਹ-ਰਾਹ ਹੈ ਵੀ ਕਿ ਨਹੀਂ, ਇਸ ਦਾ ਪਤਾ ਕਰਨ ਲਈ ਅਸੀਂ 'ਵਿਕੀਪੀਡੀਆ' ਹੰਘਾਲਿਆ ਤਾਂ ਪਤਾ ਲੱਗਿਆ ਕਿ 1300 ਕਿਲੋ ਮੀਟਰ ਲੰਬਾ 'ਕਰਾਕੋਰਮ ਹਾਈਵੇ' ਨਾਂ ਦਾ ਇਕ ਸ਼ਾਹ-ਰਾਹ ਹੈ, ਜਿਸ ਨੂੰ 'ਚਾਈਨਾ-ਪਾਕਿਸਤਾਨ ਫਰੈਂਡਸ਼ਿੱਪ ਹਾਈਵੇ' ਵੀ ਕਿਹਾ ਜਾਂਦਾ ਹੈ। ਇਸ ਦੇ ਸਬੰਧ ਵਿਚ 'ਬੀ. ਬੀ. ਸੀ.' ਨੇ ਕੁੱਝ ਵਿਡੀਓਜ਼ ਵੀ ਬਣਾਈਆਂ ਹੋਈਆਂ ਹਨ। ਇਸ ਤਰ੍ਹਾਂ, ਇਸ ਲੇਖ ਰਾਹੀਂ ਇਹ ਸਾਬਤ ਕਰਨ ਦਾ ਹੀਲਾ ਕੀਤਾ ਗਿਆ ਹੈ ਕਿ ਗ਼ੈਰਜ਼ਿੰਮੇਵਾਰੀ ਨਾਲ਼ ਵਰਤਿਆ ਜਾਵੇ ਤਾਂ ਸੋਸ਼ਲ ਮੀਡੀਆ ਬਹੁਤ ਸਾਰੀਆਂ ਗ਼ਲਤ ਫ਼ਹਿਮੀਆਂ ਅਤੇ ਚੋਰ-ਭੁਲੇਖੇ ਪਾ ਸਕਦਾ ਹੈ। ਇਸ ਲਈ ਸਾਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਮੰਚਾਂ ਉੱਤੇ ਪਾਇਆ/ਭੇਜਿਆ ਜਾਂਦਾ 'ਬਣਿਆ-ਬਣਾਇਆ ਮਾਲ' ਅੱਗੇ ਭੇਜਣ ਤੋਂ ਪਹਿਲਾਂ ਉਸ ਦੇ ਸੂਤਰ ਅਤੇ ਉਸ ਦੇ ਹਕੀਕੀ ਹੋਣ ਦੀ ਜਾਂਚ ਜ਼ਰੂਰ ਕਰਨੀ ਬਣਦੀ ਹੈ।#
(1) 'ਕਰਾਕੋਰਮ ਹਾਈਵੇ' ਦੀ ਪੁਰਾਣੀ ਵਿਡੀਓ ਕਲਿੱਪ, ਜੋ ਨਵੀਂ ਦੱਸ ਕੇ ਹੋਰ ਹੀ ਪਾਸੇ ਭੁਗਤਾਈ ਹੋਈ ਹੈ
(2) ਪੁਰਾਣੇ ਵਿੱਡੀਓ ਦੀਆਂ ਵਿਚੋਂ ਕੱਢੀਆਂ ਕੁੱਝ ਤਸਵੀਰਾਂ
(3) ਵਿਡੀਓ ਕਲਿੱਪ ਨਾਲ਼ ਭੇਜਿਆ ਗਿਆ 'ਬਣਿਆ-ਬਣਾਇਆ' ਸੁਨੇਹਾ, ਜਿਸ ਦੀ ਇਬਾਰਤ ਵਿਚ ਕਈ ਉਕਾਈਆਂ ਪ੍ਰਤੱਖ ਹਨ




