ਸ਼ਬਦੰਗਲ-119



ਓ ਹੈਲੋ! ਨੇਤਾ ਜੀ, ਇਹ ਕਿੱਧਰ ਨੂੰ ਮੋੜ ਲਿਆ ਏ ਦੇਸ਼?
<><><><><><><><><><><><><>

     ਇਸ ਵੇਲ਼ੇ ਭਾਰਤੀ ਅਖ਼ਬਾਰਾਂ ਵਿਚੋਂ ਤਾਂ ਇਹੋ ਹੀ ਦਿਸਦੈ ਪਈ ਭਾਰਤੀ ਜਨਤਾ ਪਾਰਟੀ ਤੇ ਉਸ ਦੇ ਆਗੂਆਂ ਨੇ 'ਸੈਕਸ ਸਕੈਂਡਲਾਂ ਦਾ ਸਿਰਾ ਹੀ ਨਹੀਂ ਲਾਇਆ ਹੋਇਆ', ਸਗੋਂ ਇਨ੍ਹਾਂ ਦੀ ਹੀ ਇਕ ਮੁਹਿੰਮ ਵਿੱਢ ਲਈ ਹੈ। ਹਾਲ਼ੇ ਬਹੁਤੇ ਦਿਨ ਨਹੀਂ ਹੋਏ ਕਿ ਭਾਰਤੀ ਜਨਤਾ ਪਾਰਟੀ ਦੇ ਉਜੈਨ ਡਿਵੀਜਨ ਦੇ ਜਥੇਬੰਦਕ ਸਕੱਤਰ ਪ੍ਰਦੀਪ ਜੋਸ਼ੀ ਦੇ ਖ਼ਿਲਾਫ਼ ਇਹ ਦੋਸ਼ ਲੱਗੇ ਸਨ ਕਿ ਉਹ, ਕੁੱਝ ਨੌਜੁਆਨਾਂ ਨੂੰ ਜਿਨਸੀ ਪੱਖ ਤੋਂ ਰੋਲ਼ਦੇ ਹੀ ਨਹੀਂ ਰਹੇ, ਸਗੋਂ ਉਨ੍ਹਾਂ ਨੂੰ 'ਮਰਵਾਈ' ਵੀ ਜਾਂਦੇ ਹਨ। ਇਹ ਦੋਸ਼ ਲੱਗਣ ਤੋਂ ਮਗਰੋਂ ਪਾਰਟੀ ਹਾਈ ਕਮਾਨ ਨੇ 55 ਸਾਲਾਂ ਦੀ ਉਮਰ ਵਿਚ ਇਹ ਸਭ ਕੁੱਝ ਕਰਨ ਵਾਲ਼ੇ ਜੋਸ਼ੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਮੁਅੱਤਲ ਕਰ ਸੁੱਟਿਆ ਸੀ। ਇਸ ਤੋਂ ਪਹਿਲਾਂ, ਇਕ ਮੁੰਡੇ ਨਾਲ਼ 'ਚੈਟ' ਕਰਦਿਆਂ, ਉਨ੍ਹਾਂ ਵੱਲੋਂ ਉਸ ਨੂੰ ਭੇਜਿਆ ਹੋਇਆ ਅਸ਼ਲੀਲ 'ਟੋਟਾ' ਵੀ ਸੋਸ਼ਲ ਮੀਡੀਆ ਉੱਤੇ 'ਰਿੜਕਿਆ' ਗਿਆ ਸੀ। ਜੋਸ਼ੀ ਖ਼ਿਲਾਫ਼ ਲੱਗੇ ਦੋਸ਼ਾਂ ਵਿਚ ਇਹ ਵੀ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਆਪਣੇ ਨਾਲ਼ ਨਜਾਇਜ਼ ਜਿਨਸੀ ਸਬੰਧ ਰੱਖਣ ਵਾਲ਼ੇ ਉਸ 20ਸਾਲਾ ਨੌਜੁਆਨ ਨੂੰ ਕੁੱਝ ਹੀ ਦਿਨ ਪਹਿਲਾਂ 'ਕਤਲ' ਵੀ ਕਰਾ ਦਿੱਤਾ ਹੈ।

     ਉਜੈਨ ਦੇ ਨੇੜੇ ਜਾਓੜਾ ਦੇ ਰਹਿਣ ਵਾਲ਼ੇ ਇਸ ਨੌਜੂਆਨ ਦੇ ਮਾਪੇ, ਉਸ ਨੂੰ ਅਜੇ ਵੀ ਲਾਪਤਾ ਹੋਇਆ ਸਮਝ ਕੇ ਲੱਭੀ ਜਾ ਰਹੇ ਹਨ। ਕੁੱਝ ਮੁੰਡਿਆਂ ਨਾਲ਼ ਬਦਫੈਲੀਆਂ ਕਰਨ ਵਾਲ਼ੇ ਜੋਸ਼ੀ ਦੇ ਖ਼ਿਲਾਫ਼ ਇਹ ਦੋਸ਼ ਵੀ ਲੱਗੇ ਹਨ ਕਿ ਉਨ੍ਹਾਂ ਨੇ ਆਪਣੀ ਹੀ ਪਾਰਟੀ ਦੀਆਂ ਕੁੱਝ ਇਸਤਰੀ ਕਾਰਕੁਨਾਂ, ਜਿਨ੍ਹਾਂ ਵਿਚ ਇਕ 'ਕਾਰਪੋਰੇਟਰ' ਵੀ ਸ਼ਾਮਲ ਹੈ, ਦੀ ਪੱਤ ਵੀ ਰੋਲ਼ੀ ਹੋਈ ਹੈ।

    ਆਰ. ਐੱਸ. ਐੱਸ. ਵੱਲੋਂ ਪਤਾ ਨਹੀਂ ਕਿਸ ਵਜ੍ਹਾ ਨਾਲ਼ ਭਾਰਤੀ ਜਨਤਾ ਪਾਰਟੀ ਵਿਚ ਭੇਜੇ ਹੋਏ ਪ੍ਰਦੀਪ ਜੋਸ਼ੀ ਦੇ, ਸਾਲ ਕੁ ਭਰ ਪਹਿਲਾਂ ਵੀ ਇਕ ਔਰਤ ਨਾਲ਼ 'ਇਤਰਾਜ਼ਯੋਗ ਹਾਲਤ ਵਿਚ' ਫੜੇ ਜਾਣ ਦੀ ਵਿਡੀਓ, ਸੋਸ਼ਲ ਮੀਡੀਆ ਉੱਤੇ 'ਵਾਇਰਲ' ਹੋਈ ਸੀ।

    ਭਾਰਤ ਪਿਆਰੇ ਦੇ ਹਰ ਸੂਬੇ ਵਿਚੋਂ, ਹਰ ਦਿਨ ਕਿਸੇ ਨਾ ਕਿਸੇ ਨੇਤਾ ਦਾ ਕੋਈ ਨਾ ਕੋਈ ਸੈਕਸ ਸਕੈਂਡਲ ਸਾਹਮਣੇ ਆਈ ਜਾ ਰਿਹਾ ਹੈ। ਪ੍ਰਦੀਪ ਜੋਸ਼ੀ ਦੀਆਂ ਬਦਫੈਲੀਆਂ ਨਾਲ਼ ਉੱੱਡੀ ਹੋਈ ਧੂੜ ਹਾਲ਼ੇ ਬੈਠੀ ਨਹੀਂ ਸੀ ਕਿ ਹਿਮਾਚਲ ਪ੍ਰਦੇਸ਼ ਭਾਜਪਾ ਨੇ ਸਾਰੇ ਮੁਲਕ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ, ਜਦੋਂ ਇਕ ਵਿਡੀਓ ਸੋਸ਼ਲ ਮੀਡੀਆ ਉੱਤੇ ਗੇੜੇ ਕੱਢਦੀ ਦਿਸੀ, ਜਿਸ ਵਿਚ ਭਾਰਤੀ ਜਨਤਾ ਪਾਰਟੀ ਦੇ ਇਕ ਨੌਜੁਆਨ ਨੇਤਾ ਉਪੇਨ ਪਟੇਲ ਨੂੰ, ਆਪਣੀ ਹੀ ਪਾਰਟੀ ਦੇ ਇਸਤਰੀ ਵਿੰਗ ਦੀ ਇਕ ਆਗੂ ਰੀਨਾ ਠਾਕਰ ਨੂੰ ਨਾ ਸਿਰਫ਼ 'ਮਲ਼-ਮਲ਼ ਨਹਾਉਂਦੇ ਦਿਖਾਇਆ ਹੋਇਆ ਹੈ, ਸਗੋਂ ਬੂਹੇ ਤੋਂ ਬਗ਼ੈਰ ਦਿਸਦੇ ਉਸ ਗੁਸਲਖਾਨੇ ਵਿਚ ਇਕੱਠਿਆਂ ਨਹਾਉਂਦਿਆਂ ਹੋਰ ਬਹੁਤ ਸਾਰੀਆਂ ਹੱਦਾਂ-ਬੰਨੇ ਟੱਪ ਗਏ ਵੀ ਦਿਖਾਇਆ ਹੋਇਆ ਹੈ। ਇਹ ਘਟਨਾ, ਹਿਮਾਚਲ ਪ੍ਰਦੇਸ਼ ਵਿਚ ਕੁੱਲੂ ਦੇ ਬੰਜਾਰ ਸ਼ਹਿਰ ਦੇ ਕਿਸੇ ਸਰਕਾਰੀ ਮਕਾਨ ਵਿਚ ਵਾਪਰੀ ਹੋਣ ਦਾ ਸ਼ੱਕ ਹੈ।

     ਇਹ ਵਿਡੀਓ ਸਾਹਮਣੇ ਆਉਣ ਨਾਲ਼ ਭਾਰਤੀ ਜਨਤਾ ਪਾਰਟੀ ਵੱਲ ਬੜੀ 'ਥੂਹ-ਥੂਹ' ਹੋ ਰਹੀ ਹੈ ਤੇ ਇਸ ਸਬੰਧ ਵਿਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸੁਰਿੰਦਰ ਸ਼ੋਰੀ ਦਾ ਕਹਿਣ ਹੈ ਕਿ ਉਪੇਨ ਪਟੇਲ ਅਤੇ ਰੀਨਾ ਠਾਕਰ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਦੋਵੇਂ 'ਸਿਆਸੀ ਸਰੀਰ' ਪਾਰਟੀ ਦੇ ਸੀਨੀਅਰ ਆਗੂਆਂ ਦੇ ਕਲਾਵਿਆਂ ਵਿਚ ਹੀ ਨਹੀਂ, ਸਗੋਂ ਦਿਲਾਂ ਵਿਚ ਵੀ ਰਹਿੰਦੇ ਰਹੇ ਹਨ।

    ਜੋ ਕੁੱਝ ਇਸ ਵਿਡੀਓ ਵਿਚ ਹੁੰਦਾ ਜਾਂ ਕੀਤਾ ਜਾਂਦਾ ਦਿਖਾਇਆ ਗਿਆ ਹੈ, ਉਸ ਤੋਂ ਤਾਂ ਇਹੋ ਲੱਗਦਾ ਹੈ ਕਿ ਉਨ੍ਹਾਂ ਦੋਹਾਂ ਨੇ ਇਹ ਵਿਡੀਓ ਆਪਣੀ ਮਰਜ਼ੀ ਨਾਲ਼ ਬਣਾਇਆ ਜਾਂ ਬਣਵਾਇਆ ਹੋਇਆ ਹੈ। ਵਿਡੀਓ ਬਣਨ ਦੌਰਾਨ ਦੋਹਾਂ ਦੇ ਚਿਹਰਿਆਂ ਉੱਤੇ ਕਿਸੇ ਦਾ ਕੋਈ ਡਰ ਜਾਂ ਭੈਅ ਨਹੀਂ ਦਿਸਦਾ। ਏਦਾਂ ਲੱਗਦਾ ਹੈ ਕਿ ਉਹ ਵਿਡੀਓ ਬਣਾਉਣ ਵੇਲ਼ੇ ਉਨ੍ਹਾਂ ਨੇ ਜੋ ਕੁੱਝ ਕੀਤਾ ਹੈ, ਉਸ ਨੂੰ ਕਰਨ ਵੇਲ਼ੇ ਉਨ੍ਹਾਂ ਨੂੰ ਆਪਣੀ ਪਾਰਟੀ ਦਾ ਵਕਾਰ ਤਾਂ ਕੀ, ਰੱਬ ਤਕ ਯਾਦ ਨਹੀਂ ਸੀ।

     ਇਸ ਸਬੰਧ ਵਿਚ ਕੁੱਲੂ ਦੇ ਐੱਸ. ਪੀ. ਗੌਰਵ ਸਿੰਘ ਨੇ ਇਹ ਕਿਹਾ ਹੈ ਕਿ ਉਨਾਂ ਨੂੰ ਹਾਲੇ ਤਕ ਇਸ ਸਬੰਧ ਵਿਚ ਕੋਈ ਸ਼ਿਕਾਇਤ ਨਹੀਂ ਮਿਲ਼ੀ, ਜਿਸ ਕਰ ਕੇ ਉਨ੍ਹਾਂ ਨੇ ਇਸ ਸਬੰਧ ਵਿਚ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਇਸ ਬਾਰੇ ਕੋਈ ਸ਼ਿਕਾਇਤ ਆਵੇਗੀ ਤਾਂ ਪੁਲੀਸ, ਕਾਨੂੰਨ ਮੁਤਾਬਕ ਪੂਰੀ ਕਾਰਵਾਈ ਕਰੇਗੀ।

     ਭਾਰਤੀ ਜਨਤਾ ਪਾਰਟੀ, ਜੋ 2014 ਤੋਂ ਦੇਸ਼ ਦੀ ਹਕੂਮਤ ਉੱਤੇ ਕਾਬਜ਼ ਹੈ, ਉਸ ਦੇ ਨੇਤਾ ਤਾਂ ਨੇਤਾ, ਛੁਟਭਈਏ ਨੇਤਾ ਵੀ ਮਾਣ ਨਹੀਂ ਹਨ। ਇਸ ਸਬੰਧ ਵਿਚ ਇਕ ਛੁਟਭਈਏ ਨੇਤਾ ਨੂੰ ਕੋਈ ਕਮੈਂਟ ਕਰਨ ਲਈ ਕਿਹਾ ਗਿਆ ਤਾਂ ਉਸ ਨੇ ਇਹ ਜੁਆਬ ਦਿੱਤਾ, "ਕਾਂਗਰਸ ਕੀ ਸਰਕਾਰ ਕੇ ਦੌਰਾਨੇ, ਕਾ ਐਸਾ ਕੋਈ ਕਾਂਡ ਨਹੀਂ ਹੂਆ ਥਾ। ਇਤਨੇ ਬੜੇ ਮੁਲਕ ਮਾ, ਐਸੀ ਛੋਟੀ-ਮੋਟੀ ਘਟਨਾਏਂ ਹੋਤੀ ਰਹਤੀ ਹੈਂ, ਜਾਦਾ ਚਿੰਤਾ ਨਾ ਕਰੇਂ। ਚਿੰਤਾ ਕਰਨੇ ਕੇ ਲੀਏ ਦੇਸ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹੈਂ, ਗ੍ਰੀਹ ਮੰਤਰੀ ਅਮੀਤ ਸ਼ਾਹ ਹੈਂ।"

     ਜੇ ਦੇਸ਼ ਦੇ ਕਥਿਤ ਨੇਤਾਵਾਂ ਦੀ ਇਹ ਸੋਚ ਹੈ ਤੇ ਸਾਡੇ ਕੋਲ ਇਸ ਕਾਂਡ ਦੀਆਂ ਤਸਵੀਰਾਂ ਦਾ ਘਾਟਾ ਨਹੀਂ ਹੈ ਤਾਂ ਸਫੇ ਕਾਲੇ ਕਰਨ ਦਾ ਕੀ ਫ਼ਾਇਦਾ? ਓਦਾਂ ਵੀ ਤਾਂ ਕਹਿੰਦੇ ਹਨ ਕਿ ਇਕ ਤਸਵੀਰ, ਇਕ ਹਜ਼ਾਰ ਸ਼ਬਦਾਂ ਦਾ ਘਰ ਪੂਰਾ ਕਰ ਦਿੰਦੀ ਹੈ। ਜੋ ਰਹਿ ਗਿਆ, ਉਸ ਬਾਰੇ ਇਸ ਲੇਖ ਨਾਲ਼ ਛਾਪੀਆਂ ਜਾ ਰਹੀਆਂ ਤਸਵੀਰਾਂ ਦੀ ਜ਼ੁਬਾਨੀ ਸੁਣੋ।#