ਰਵੀਸ਼ ਕੁਮਾਰ ਨੂੰ 'ਮੈਗਸੇਸੇ ਇਨਾਮ' ਦੁਆ ਕੇ ਹੀ ਰਹੇ ਮੋਦੀ ਜੀ
<><><><><><><><><><><><><><><>
ਸਾਲ 2014 ਤੋਂ ਹੀ ਜੁੱਟੇ ਹੋਏ ਸਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਵੀਸ਼ ਕੁਮਾਰ ਨੂੰ 'ਮੈਗਸੇਸੇ ਇਨਾਮ' ਦੁਆਉਣ ਲਈ ਤੇ ਇਹ ਕੰਮ ਨਿੱਬੜਿਆ 2019 ਵਿਚ! ਯਾਨੀ ਸ਼੍ਰੀ ਮੋਦੀ ਐਂਡ ਕੰਪਨੀ ਦੇ ਲੱਖ ਹੀਲੇ ਕਰਨ ਦੇ ਬਾਵਜੂਦ, 'ਐੱਨ. ਡੀ. ਟੀ. ਵੀ.' ਦੇ ਸੀਨੀਅਰ ਕਾਰਕਾਰੀ ਐਡੀਟਰ ਰਵੀਸ਼ ਕੁਮਾਰ ਨੇ, ਮੋਦੀ ਦੇ 'ਗੋਦੀ ਮੀਡਿਆ' ਵਿਚ ਸ਼ਾਮਲ ਨਾ ਹੋਣ ਦੀ ਜ਼ਿੱਦ ਫੜੀ ਰੱਖੀ। ਇਸ ਦਾ ਨਤੀਜਾ ਇਹ ਨਿੱਕਲਿਆ ਹੈ ਕਿ ਉਨ੍ਹਾਂ ਨੂੰ ਬਹੁਤ ਹੀ ਵਕਾਰੀ 'ਮੈਗਸੇਸੇ ਇਨਾਮ' ਨਾਲ਼ ਸਨਮਾਨਣ ਦਾ ਐਲਾਨ ਕੀਤਾ ਗਿਆ ਹੈ। ਪੱਤਰਕਾਰੀ ਵਿਚ ਰਵੀਸ਼ ਕੁਮਾਰ ਵੱਲੋਂ ਆਪਣੀ ਇਕ ਵੱਖਰੀ ਪਛਾਣ ਕਾਇਮ ਕਰ ਲੈਣਾ, ਇਹ ਸਾਬਤ ਕਰਦਾ ਹੈ ਕਿ ਜਿਹੜਾ ਪੱਤਰਕਾਰ, ਆਪਣੇ ਸੱਚਾਈ ਅਤੇ ਨੇਕਨੀਤੀ ਦੇ ਅਸੂਲਾਂ ਉੱਤੇ ਕਾਇਮ ਰਹਿੰਦਾ ਹੈ, ਉਸ ਦੇ ਇਨ੍ਹਾਂ ਅਸੂਲਾਂ ਦੀ ਕਦਰ ਪੈਂਦੀ ਹੀ ਪੈਂਦੀ ਹੈ।
ਦੂਜੇ ਪਾਸੇ ਮੋਦੀ ਦੇ 'ਗੋਦੀ ਤਬੇਲੇ' ਦੇ ਪੱਤਰਕਾਰ, ਜੋ ਪੱਤਰਕਾਰੀ ਦੇ ਸੱਚਾਈ, ਇਮਾਨਦਾਰੀ ਅਤੇ ਨੇਕਨੀਤੀ ਦੇ ਅਸੂਲ ਛਿੱਕੇ ਟੰਗ ਕੇ, ਸਵੇਰ-ਸ਼ਾਮ 'ਮੋਦੀ-ਨਾਮ' ਦਾ 'ਜਾਪ' ਕਰਦੇ ਰਹਿ ਗਏ, ਉਹ, ਰਵੀਸ਼ ਕੁਮਾਰ ਤੋਂ ਫਾਡੀ ਵੀ ਰਹਿ ਗਏ। 'ਰੇਮਨ ਮੈਗਸੇਸੇ ਇਨਾਮ' ਫਿਲੀਪੀਨਜ਼ ਦੇ ਰਾਸ਼ਟਰਪਤੀ ਰਹੇ 'ਰੇਮਨ ਮੈਗਸੇਸੇ' ਦੀ ਯਾਦ ਵਿਚ ਦਿੱਤਾ ਜਾਂਦਾ ਹੈ ਅਤੇ ਇਹ ਇਨਾਮ, 'ਏਸ਼ੀਆ ਦਾ ਨੋਬਲ ਇਨਾਮ' ਵੀ ਮੰਨਿਆ ਜਾਂਦਾ ਹੈ। ਇਹ ਇਨਾਮ, ਏਸ਼ੀਆ ਭਰ ਵਿਚੋਂ ਆਪਣੇ-ਆਪਣੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲ਼ੇ ਵਿਅਕਤੀਆਂ ਅਤੇ ਅਦਾਰਿਆਂ ਨੂੰ ਦਿੱਤਾ ਜਾਂਦਾ, ਸਭ ਤੋਂ ਵੱਡਾ ਇਨਾਮ ਹੈ।
ਇਹ ਇਨਾਮ ਦੇਣ ਵਾਲ਼ੀ ਸੰਸਥਾ ਨੇ 'ਟਵੀਟ' ਕਰ ਕੇ ਇਹ ਜਾਣਕਾਰੀ ਦਿੱਤੀ ਹੈ ਕਿ ਰਵੀਸ਼ ਕੁਮਾਰ ਨੂੰ ਇਹ ਮਾਣ-ਸਨਮਾਨ, "ਬੇਆਵਾਜ਼ਿਆਂ ਦੀ ਆਵਾਜ਼ ਬਣਨ ਦੀ ਵਜ੍ਹਾ ਨਾਲ਼ ਦਿੱਤਾ ਗਿਆ ਹੈ। ਉਨ੍ਹਾਂ ਦਾ ਟੀਵੀ ਪ੍ਰੋਗਰਾਮ 'ਪ੍ਰਾਈਮ ਟਾਈਮ' ਆਮ ਲੋਕਾਂ ਦੇ ਅਸਲੀ ਤੇ ਅਣਕਹੇ ਮਸਲੇ ਉਠਾਉਂਦਾ ਹੈ। ਇਸ ਇਨਾਮ ਨਾਲ਼ ਦਿੱਤੇ ਜਾਣ ਵਾਲ਼ੇ 'ਪ੍ਰਸ਼ੰਸਾ ਪੱਤਰ' ਵਿਚ ਇਹ ਕਿਹਾ ਹੋਇਆ ਹੈ, 'ਜੇ ਤੁਸੀਂ, ਲੋਕਾਂ ਦੀ ਆਵਾਜ਼ ਬਣ ਗਏ ਹੋ ਤਾਂ ਤੁਸੀਂ ਪੱਤਰਕਾਰ ਹੋ।' ਰਵੀਸ਼ ਕੁਮਾਰ, ਇਹ ਇਨਾਮ ਹਾਸਲ ਕਰਨ ਵਾਲ਼ੇ ਛੇਵੇਂ ਪੱਤਰਕਾਰ ਹਨ। ਉਨ੍ਹਾਂ ਤੋਂ ਪਹਿਲਾਂ ਇਹ ਇਨਾਮ, 1961 ਵਿਚ ਅਮਿਤਾਭ ਚੌਧਰੀ ਨੂੰ, 1975 ਵਿਚ ਬੀ. ਜੀ. ਵਰਗੀਜ਼ ਨੂੰ, 1982 ਵਿਚ ਅਰੁਣ ਸ਼ੋਰੀ ਨੂੰ, 1984 ਵਿਚ ਆਰ. ਕੇ. ਲਕਸ਼ਮਣ ਨੂੰ, 2007 ਵਿਚ ਪੀ. ਸਾਈਂਨਾਥ ਨੂੰ ਦਿੱਤਾ ਜਾ ਚੁੱਕਾ ਹੈ।
ਰਵੀਸ਼ ਕੁਮਾਰ ਕਿੱਥੋਂ ਸ਼ੁਰੂ ਕਰ ਕੇ, 'ਐੱਨ. ਡੀ. ਟੀ. ਵੀ.' ਦੇ 'ਸੀਨੀਅਰ ਕਾਰਜਕਾਰੀ ਐਡੀਟਰ' ਦੇ ਅਹੁਦੇ ਤਕ ਤੇ ਫਿਰ 'ਮੈਗਸੇਸੇ ਇਨਾਮ' ਹਾਸਲ ਕਰਨ ਵਾਲ਼ੇ ਪੱਤਰਕਾਰ ਬਣਨ ਵਾਲ਼ੇ ਬਣੇ, ਇਹ ਵੀ ਸੋਚਣ-ਵਿਚਾਰਨ ਵਾਲ਼ੀ ਗੱਲ ਹੈ। ਜਿਸ ਅਦਾਰੇ ਵਿਚ ਅੱਹ ਉਹ ਸੀਨੀਅਰ ਕਾਰਕਾਰੀ ਐਡੀਟਰ ਹਨ, ਉਸ ਵਿਚ ਹੀ ਉਨ੍ਹਾਂ ਨੇ ਆਪਣੀ ਸ਼ੁਰੂਆਤ, 'ਚਿੱਠੀਆਂ ਛਾਂਟਣ ਵਾਲ਼ੇ' ਮੁਲਾਜ਼ਮ ਵਜੋਂ ਕੀਤੀ ਸੀ ਤੇ ਇਹ ਗੱਲ 1996 ਦੀ ਹੈ। ਰਵੀਸ਼ ਕੁਮਾਰ ਦੇ ਨਾਲ਼ ਹੀ ਚਾਰ ਹੋਰ ਵਿਅਕਤੀਆਂ ਨੂੰ ਇਹ ਮਾਣ-ਸਨਮਾਨ ਦੇਣ ਲਈ ਚੁਣਿਆ ਗਿਆ ਹੈ ਤੇ ਇਹ ਚਾਰ ਜਣੇ, ਮਯਾਮਾਂ ਦੇ 'ਕੋ ਸਵੇ ਵਿਨ', ਥਾਈਲੈਂਡ ਦੀ 'ਅੰਗਖਾਨਾ ਨੀਲਾਪਾਈਜਿਤ', ਫਿਲੀਪੀਨ ਦੇ 'ਰੈਯਮੁੰਡੋ ਪੁਜੰਤੇ ਕਾਯਾਬਾਯਏਬ' ਅਤੇ ਦੱਖਣੀ ਕੋਰੀਆ ਦੇ 'ਕਿਮ ਜੋਂਗ ਕੀ' ਹਨ। ਇਨ੍ਹਾਂ ਨੂੰ ਇਹ ਇਨਾਮ, ਇਸੇ ਹੀ ਸਾਲ 9 ਸਤੰਬਰ ਨੂੰ ਮਨੀਲਾ ਵਿਖੇ ਦਿੱਤਾ ਜਾਣਾ ਹੈ। 2 ਅਗਸਤ ਨੂੰ ਇਹ ਇਨਾਮ ਦੇਣ ਲਈ ਚੁਣੇ ਹੋਏ ਲੋਕਾਂ ਦੇ ਨਾਵਾਂ ਦੀ ਸੂਚੀ ਐਲਾਨੀ ਜਾਣ ਦੀ ਵਜ੍ਹਾ ਨਾਲ਼, ਭਾਰਤੀ ਪੱਤਰਕਾਰੀ ਅਤੇ 'ਐੱਨ. ਡੀ. ਟੀ. ਵੀ.' ਲਈ ਇਹ ਦਿਨ ਬਹੁਤ ਵੱਡਾ ਹੋ ਗਿਆ ਹੈ।
ਆਮ ਤੌਰ 'ਤੇ ਇਹ ਇਨਾਮ ਸਮਾਜਕ ਕੰਮਾਂ ਲਈ ਦਿੱਤਾ ਜਾਂਦਾ ਹੈ, ਜਿਸ ਕਰ ਕੇ ਇਸ ਇਨਾਮ ਨਾਲ਼ ਰਵੀਸ਼ ਕੁਮਾਰ ਦੀ ਪੱਤਰਕਾਰੀ ਦੇ ਸਮਾਜਕ ਪਹਿਲੂ ਦੀ ਅਹਿਮੀਅਤ ਹੋਰ ਵੀ ਵਧ ਗਈ ਹੈ। ਚਿੱਠੀਆਂ ਛਾਂਟਦੀ, ਰਵੀਸ਼ ਕੁਮਾਰ ਦੀ ਨਜ਼ਰ, ਡਾ. ਪ੍ਰਨੌਏ ਰਾਏ ਅਤੇ ਉਨ੍ਹਾਂ ਦੀ ਟੀਮ ਨੇ ਤਾੜ ਲਈ ਤੇ ਉਨ੍ਹਾਂ ਨੂੰ, ਉਨ੍ਹਾਂ ਅੱਖਾਂ ਦੇ ਪਿੱਛੇ ਤਿੱਖੀ ਨਜ਼ਰ ਵਾਲ਼ਾ ਇਕ ਪੱਤਰਕਾਰ ਦਿਸ ਪਿਆ ਤੇ ਉਨ੍ਹਾਂ ਨੇ ਉਸ ਨੂੰ ਚਿੱਠੀਆਂ ਛਾਂਟਣ ਤੋਂ ਹਟਾ ਕੇ ਰਿਪੋਰਟਿੰਗ ਦੀ ਜ਼ਿੰਮੇਵਾਰੀ ਦੇ ਕੇ ਫੀਲਡ ਵਿਚ ਭੇਜ ਦਿੱਤਾ। ਉਸ ਦਿਨ ਤੋਂ ਰਵੀਸ਼ ਕੁਮਾਰ ਨੂੰ ਆਮ ਲੋਕਾਂ ਦੇ ਮਸਲੇ, ਆਪਣੇ ਮਸਲੇ ਲੱਗਣ ਲੱਗ ਪਏ। ਇਸੇ ਹੀ ਵਜ੍ਹਾ ਨਾਲ਼ ਉਨ੍ਹਾਂ ਦਾ ਪ੍ਰੋਗਰਾਮ 'ਰਵੀਸ਼ ਕੀ ਰਿਪੋਰਟ' ਆਮ ਲੋਕਾਂ ਨੂੰ ਆਪਣਾ ਪ੍ਰੋਗਰਾਮ ਲੱਗਣ ਲੱਗ ਪਿਆ। ਬਾਅਦ ਵਿਚ ਟੀਵੀ ਪ੍ਰੋਗਰਾਮਾਂ ਦੀ ਮੇਜ਼ਬਾਨੀ ਕਰਦਿਆਂ ਉਨ੍ਹਾਂ ਨੇ ਟੀਵੀ ਪੱਤਰਕਾਰੀ ਨੂੰ 'ਰਵੀਸ਼ ਕੁਮਾਰਾਨਾ ਰੰਗ' ਚੜ੍ਹਾ ਦਿੱਤਾ, ਇਕ ਨਵੀਂ ਰਵਾਇਤ ਦੇ ਦਿੱਤੀ। ਜਿਸ ਵੀ ਵਿਅਕਤੀ ਨੂੰ ਲੱਗਦਾ ਕਿ ਉਸ ਦੀ ਗੱਲ ਕੋਈ ਨਹੀਂ ਸੁਣਦਾ, ਉਸ ਨੂੰ ਰਵੀਸ਼ ਕੁਮਾਰ ਵੱਲੋਂ ਆਪਣੇ ਕੰਨ ਅਤੇ ਮਨ ਦਿੱਤੇ ਜਾਣ ਦੀ ਆਸ ਹੁੰਦੀ ਸੀ। ਇਸੇ ਹੀ ਵਜ੍ਹਾ ਨਾਲ਼ ਰਵੀਸ਼ ਕੁਮਾਰ ਨੇ, ਉਹ ਵਿਸ਼ੇ ਵੀ ਟੀਵੀ ਪ੍ਰੋਗਰਾਮਾਂ ਦੇ ਹਿੱਸੇ ਬਣਾ ਦਿੱਤੇ, ਜਿਨਾਂ ਵਿਚ ਕਿਸੇ ਆਮ ਪ੍ਰੋਗਰਾਮਰ ਨੂੰ ਕੋਈ ਅਹਿਮੀਅਤ ਨਹੀਂ ਦਿਸਦੀ ਸੀ। ਰਵੀਸ਼ ਕੋਲ ਨਜ਼ਰ ਹੀ ਨਹੀਂ ਹੈ, ਕਿਸੇ ਆਮ ਜਿਹੀ ਗੱਲ ਨੂੰ ਖ਼ਾਸ ਢੰਗ ਨਾਲ਼ ਪੇਸ਼ ਕਰਨ ਦਾ ਨਵੇਕਲਾ ਅੰਦਾਜ਼ ਵੀ ਹੈ।
ਇਸ ਤਰ੍ਹਾਂ ਰਵੀਸ਼ ਕੁਮਾਰ, ਛੋਟੇ ਅਤੇ ਆਮ ਲੋਕਾਂ ਦੇ ਟੀਵੀ ਪੱਤਰਕਾਰ ਅਤੇ ਪੇਸ਼ਕਾਰ ਬਣ ਗਏ। ਜਿਨ੍ਨੀਂ ਦਿਨੀਂ ਬਾਕੀ ਟੀਵੀ ਪੱਤਰਕਾਰ ਚੁੱਪ ਹੋ ਗਏ ਸਨ ਜਾਂ ਚੁੱਪ ਕਰਾ ਦਿੱਤੇ ਗਏ ਸਨ, ਰਵੀਸ਼ ਕੁਮਾਰ ਬੋਲਦੇ ਹੀ ਨਹੀਂ ਹੁੰਦੇ ਸਨ, ਸਗੋਂ ਗੱਜ-ਵੱਜ ਕੇ ਬੋਲਦੇ ਹੁੰਦੇ ਸਨ। ਉਨ੍ਹਾਂ ਨੇ ਫੋਕੇ ਲਲਕਾਰਿਆਂ ਤੇ ਰੌਲ਼ੇ-ਰੱਪੇ ਵਾਲ਼ੀ ਟੀਵੀ ਪੱਤਰਕਾਰੀ ਦੇ ਦੌਰ ਵਿਚ, ਸਰੋਕਾਰਾਂ ਵਾਲ਼ੀ ਪੱਤਰਕਾਰੀ ਦਾ ਝੰਡਾ ਲਹਿਰਾਇਆ ਹੀ ਨਹੀਂ, ਸਗੋਂ ਇਹ ਝੰਡਾ ਬੁਲੰਦ ਵੀ ਕਰੀ ਰੱਖਿਆ। ਅੱਜ ਇਹ ਪੱਤਰਕਾਰ, ਇਸ ਖੇਤਰ ਦੀ ਮਿਸਾਲੀ ਸ਼ਖ਼ਸੀਅਤ ਬਣ ਗਿਆ ਹੈ। ਕੋਈ ਵੱਡੀ ਗੱਲ ਨਹੀਂ ਕਿ ਵਧੀਆ ਪੱਤਰਕਾਰੀ ਨੂੰ 'ਰਵੀਸ਼ ਕੁਮਾਰਾਨਾ ਪੱਤਰਕਾਰੀ' ਕਿਹਾ ਜਾਣ ਲੱਗ ਪਵੇ ਤੇ ਕੱਲ੍ਹ ਨੂੰ ਪੱਤਰਕਾਰੀ ਦੀਆਂ ਪਾਠ-ਪੁਸਤਕਾਂ ਵਿਚ ਇਸ ਤਰ੍ਹਾਂ ਦੀ ਪੱਤਰਕਾਰੀ ਦਾ ਵੱਖਰਾ ਚੈਪਟਰ ਹੀ ਹੋਇਆ ਕਰੇ।
ਇਸ ਤੋਂ ਪਹਿਲਾਂ ਉਹ, 2010 ਵਿਚ ਗਣੇਸ਼ ਸ਼ੰਕਰ ਵਿਦਿਆਰਥੀ ਪੁਰਸਕਾਰ ਨਾਲ਼ ਸਨਮਾਨੇ ਜਾ ਚੁੱਕੇ ਹਨ। ਉਨ੍ਹਾਂ ਨੂੰ 2013 ਅਤੇ 2017 ਵਿਚ ਰਾਮਨਾਥ ਗੋਇਨਕਾ ਐਵਾਰਡ ਨਾਲ਼ ਵੀ ਨਵਾਜ਼ਿਆ ਜਾ ਚੁੱਕਾ ਹੈ। 2016 ਵਿਚ ਵਧੀਆ ਪੱਤਰਕਾਰੀ ਲਈ 'ਰੈੱਡ ਇੰਕ ਐਵਾਰਡ' ਵੀ ਰਵੀਸ਼ ਕੁਮਾਰ ਨੂੰ ਹੀ ਮਿਲਿਆ ਸੀ। 2017 ਵਿਚ ਉਨ੍ਹਾਂ ਨੂੰ ਪਹਿਲਾ 'ਕੁਲਦੀਪ ਨਈਅਰ ਪੱਤਰਕਾਰੀ ਐਵਾਰਡ' ਮਿਲਿਆ ਅਤੇ ਹੁਣ 2019 ਵਿਚ ਬਿਹਤਰੀਨ ਪੱਤਰਕਾਰੀ ਲਈ 'ਰੇਮਨ ਮੈਗਸੇਸੇ ਇਨਾਮ' ਨਾਲ਼ ਸਨਮਾਨਿਆ ਗਿਆ ਹੈ। 2016 ਵਿਚ 'ਦ ਇੰਡੀਅਨ ਐਕਸਪ੍ਰੈੱਸ' ਨੇ ਰਵੀਸ਼ ਕੁਮਾਰ ਨੂੰ 100 ਬਹੁਤ ਹੀ ਪ੍ਰਭਾਵਸ਼ਾਲੀ ਭਾਰਤੀਆਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਸੀ ਤੇ ਉਸੇ ਹੀ ਸਾਲ ਮੁੰਬਈ ਪ੍ਰੈੱਸ ਕਲੱਬ ਨੇ ਉਨ੍ਹਾਂ ਨੂੰ 'ਜਰਨਲਿਸਟ ਔਫ ਦ ਯੀਅਰ' ਚੁਣ ਲਿਆ ਸੀ।
ਰਵੀਸ਼ ਕੁਮਾਰ ਨੇ ਵਧੀਆ ਪੱਤਰਕਾਰੀ ਕਰਨ ਦੇ ਨਾਲ਼-ਨਾਲ਼ 'ਇਸ਼ਕ ਮੇਂ ਸ਼ਹਿਰ ਹੋਨਾ', 'ਦੇਖਤੇ ਰਹੀਏ', 'ਰਵੀਸ਼ਪੰਤੀ' ਅਤੇ 'ਫ੍ਰੀ ਵਾਇਸ' ਵਰਗੀਆਂ ਕਿਤਾਬਾਂ ਵੀ ਲਿਖੀਆਂ ਹਨ, ਜੋ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ। ਰਵੀਸ਼ ਕੁਮਾਰ ਨੂੰ ਇਹ ਇਨਾਮ ਦੇਣ ਲਈ ਚੁਣੇ ਜਾਣ ਦਾ ਐਲਾਨ ਸੁਣਨ ਮਗਰੋਂ, 'ਆਮ ਆਦਮੀ ਪਾਰਟੀ' ਦੇ ਆਗੂ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਭੇਜੇ ਸੁਨੇਹੇ ਵਿਚ "ਮੁਬਾਰਕ ਹੋ ਮੇਰੇ ਦੋਸਤ!" ਕਿਹਾ।
ਉਨ੍ਹਾਂ ਦਾ ਪਿਛੋਕੜ, ਬਿਹਾਰ ਦੇ ਸ਼ਹਿਰ ਮੋਤੀਹਾਰੀ ਨਾਲ਼ ਜੁੜਿਆ ਹੋਇਆ ਹੈ। ਉਨ੍ਹਾਂ ਦਾ ਜਨਮ 5 ਦਸੰਬਰ, 1974 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਲੋਯੋਲਾ ਹਾਈ ਸਕੂਲ, ਪਟਨਾ ਵਿਚ ਕੀਤੀ ਤੇ ਉਚੇਰੀ ਵਿਦਿਆ ਹਾਸਲ ਕਰਨ ਖ਼ਾਤਰ ਉਹ, ਦਿੱਲੀ ਆ ਗਏ ਸਨ। ਉੱਥੇ ਉਨ੍ਹਾਂ ਨੇ ਦੇਸ਼ਬੰਧੂ ਕਾਲਜ, ਯੂਨੀਵਸਿਟੀ ਆਫ ਦੇਹਲੀ ਵਿਖੇ 'ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ ਵਿਚ ਪੱਤਰਕਾਰੀ ਦੀ ਪੜ੍ਹਾਈ ਕੀਤੀ ਕਿ ਨਹੀਂ, ਇਸ ਦਾ ਇਲਮ ਨਹੀਂ ਕਿਉਂ ਕਿ ਕਹਿੰਦੇ ਨੇ ਕਿ ਉਨ੍ਹਾਂ ਦਾ ਇਹ ਕੋਰਸ ਵਿਚਾਲ਼ੇ ਹੀ ਰਹਿ ਗਿਆ ਸੀ। ਇਸ ਵੇਲ਼ੇ ਉਹ, ਟੀਵੀ ਦੇ ਹਿੰਦੀ ਪ੍ਰੋਗਰਾਮਾਂ ਦੇ ਬਹੁਤ ਹੀ ਹਰਮਨ ਪਿਆਰੇ ਮੇਜ਼ਬਾਨਾਂ ਵਿਚੋਂ ਸਿਰਕੱਢ ਹਨ। ਉਹ, 'ਐੱਨ. ਡੀ. ਟੀ. ਵੀ.' ਦੇ ਹਿੰਦੀ ਪ੍ਰਸਾਰਣਾਂ ਵਿਚ, 'ਪ੍ਰਾਈਮ ਟਾਈਮ', 'ਹਮ ਲੋਗ' ਅਤੇ 'ਰਵੀਸ਼ ਕੀ ਰਿਪੋਰਟ' ਜਿਹੇ ਪ੍ਰੋਗਰਾਮ ਪੇਸ਼ ਕਰਦੇ ਰਹੇ ਹਨ। ਲੋਕਾਂ ਨੂੰ ਉਨ੍ਹਾਂ ਦਾ ਤਨਜ਼ੀਆ ਸ਼ੈਲੀ ਵਿਚ ਸੰਵਾਦ ਕਰਨਾ ਬੜਾ ਹੀ ਭਾਉਂਦਾ ਹੈ। ਰਵੀਸ਼ ਕੁਮਾਰ ਵਿਆਹਿਆ-ਵਰਿਆ ਇਨਸਾਨ ਹੈ ਤੇ ਉਨ੍ਹਾਂ ਦੀ ਘਰ ਵਾਲ਼ੀ ਦਾ ਨਾਂ ਨਾਇਨਾ ਦਾਸਗੁਪਤਾ ਹੈ। ਉਹ, ਲੇਡੀ ਸ੍ਰੀ ਰਾਮ ਕਾਲਜ ਵਿਚ ਇਤਿਹਾਸ ਵਿਭਾਗ ਦੇ ਮੁਖੀ ਹਨ। ਉਨ੍ਹਾਂ ਦੀਆਂ ਦੋ ਧੀਆਂ ਹਨ।
ਰੇਮਨ ਮੈਗਸੇਸੇ ਇਨਾਮ' ਦੀ ਸਥਾਪਨਾ ਅਪ੍ਰੈਲ, 1957 ਵਿਚ ਕੀਤੀ ਗਈ ਸੀ। ਫਿਲੀਪੀਨ ਸਰਕਾਰ ਦੇ ਸਹਿਯੋਗ ਨਾਲ਼, ਇਸ ਇਨਾਮ ਦੀ ਸਥਾਪਨਾ, ਨਿਊ ਯਾਰਕ ਦੇ 'ਰੌਕਫੈਲਰ ਬ੍ਰਦਰਜ਼ ਫੰਡ' ਦੇ ਟਰੱਸਟੀਆਂ ਨੇ ਕੀਤੀ ਸੀ। ਇਹ ਇਨਾਮ, ਜਿਸ ਨੂੰ 'ਏਸ਼ੀਆ ਦਾ ਨੋਬਲ ਇਨਾਮ' ਵੀ ਮੰਨਿਆ ਜਾਂਦਾ ਹੈ, ਏਸ਼ੀਆ ਦਾ ਸਭ ਤੋਂ ਵੱਡਾ ਇਨਾਮ ਹੈ। ਇਹ ਇਨਾਮ ਸਰਕਾਰੀ ਸੇਵਾ ਵਿਚ ਵਧੀਆ ਯੋਗਦਾਨ ਪਾਉਣ, ਜਨਤਕ ਸੇਵਾ ਕਰਨ, ਵਧੀਆ ਅਗਵਾਈ ਦੇਣ, ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ ਦੇ ਖੇਤਰ ਵਿਚ, ਅਮਨ ਅਤੇ ਕੌਮਾਂਤਰੀ ਸੂਝ ਖ਼ਾਤਰ ਕੰਮ ਕਰਨ ਵਾਲਿਆਂ ਸ਼ਖ਼ਸੀਅਤਾਂ ਅਤੇ ਅਦਾਰਿਆਂ ਨੂੰ ਦਿੱਤਾ ਜਾਂਦਾ ਹੈ। ਇਸ ਇਨਾਮ ਦੀਆਂ ਛੇ ਸ਼੍ਰੇਣੀਆਂ ਹਨ।
