-ਅਖੇ 'ਸੋਹਿਲੇ ਧੂੜ ਮਿੱਟੀ ਕੇ'-
ਇਨਾਮੀ ਕਿਤਾਬ ਤੋਂ 'ਡਲ਼ੀਦਾਰ ਭਾਸ਼ਾ ਵਿਚ ਲਿਖਿਆ
ਗੂੜ੍ਹ-ਗ੍ਰੰਥ' ਬਣਨ ਪਿਛਲਾ ਸੱਚ
<><><><><><><><><><><><><><>
ਇਨਾਮ ਕੋਈ ਵੀ ਹੋਵੇ, ਲੰਘਦੇ ਸੱਪ ਵਾਂਗ ਆਪਣੇ ਪਿੱਛੇ ਇਕ ਲਕੀਰ ਜਿਹੀ ਜ਼ਰੂਰ ਛੱਡ ਜਾਂਦਾ ਹੈ। ਸੱਪ ਤੇ ਇਨਾਮ ਦੀਆਂ ਲਕੀਰਾਂ ਵਿਚਾਲ਼ੇ ਇਕੋ ਹੀ ਫ਼ਰਕ ਹੁੰਦਾ ਹੈ ਕਿ ਸੱਪ ਲੰੰਘ ਜਾਣ ਮਗਰੋਂ ਮਗਰੋਂ ਲਕੀਰ ਕੁੱਟਣ ਦੀ ਮਨਾਹੀ ਕੀਤੀ ਜਾਂਦੀ ਹੈ ਜਦੋਂ ਕਿ ਕਿਸੇ ਇਨਾਮ ਵੱਲੋਂ ਛੱਡੀ ਹੋਈ ਲਕੀਰ ਤੋਂ ਉਸ ਪਿਛਲੀ ਸੁਰੰਗ ਲੱਭੀ ਜਾਂਦੀ ਹੈ। ਹੱਥਲੀ ਕਿਤਾਬ 'ਰਾਣੀ ਤੱਤ', ਜਿਸ ਦਾ ਸਿਰਲੇਖ, ਇਸ ਦੇ ਕਰਤਾ ਦੇ ਕਹਿਣ ਅਨੁਸਾਰ, ਇਕ ਗ਼ਲਤੀ ਦੀ ਪੈਦਾਵਾਰ ਹੈ, ਯਾਨੀ ਉਹ 'ਰੰਗੀ ਤੱਤਾਂ' ਨੂੰ 'ਰਾਣੀ ਤੱਤ' ਸਮਝ ਬੈਠਾ ਸੀ। ਇਸ ਤਰ੍ਹਾਂ ਉਸ ਨੇ ਆਪਣੀ ਕਿਤਾਬ ਨੂੰ ਇਹ ਨਾਂ ਦੇ ਕੇ 'ਸੋਹਿਲੇ ਧੂੜ ਮਿੱਟੀ ਕੇ' ਦੀ 'ਟੈਗ ਲਾਈਨ' ਦੇ ਦਿੱਤੀ। ਇਨ੍ਹਾਂ ਸ਼ਬਦਾਂ ਨੂੰ ਕੋਈ ਸਮੀਖਿਅਕ, ਅੱਡੀਆਂ ਤਕ ਜ਼ੋਰ ਲਾ ਕੇ ਵੀ 'ਸੋਨੇ ਵਿਚ ਮੜ੍ਹੇ ਹੋਏ' ਨਹੀਂ ਦਿਖਾ ਸਕੇਗਾ। ਇਨ੍ਹਾਂ ਸ਼ਬਦਾਂ ਨੂੰ ਬਹੁਤ ਸਰਲ ਕਰ ਕੇ ਵੀ 'ਸੋਹਿਲੇ ਮਿੱਟੀ ਘੱਟੇ ਦੇ' ਹੀ ਦਰਸਾਇਆ ਜਾ ਸਕੇਗਾ।
ਕਿਤਾਬ ਦੇ ਕਰਤਾ ਨੇ ਵੀ ਆਪਣੇ-ਆਪ ਨੂੰ ਸਿਆਣਾ ਤੇ ਰਹੱਸਮਈ ਜਿਹਾ ਦਿਖਾਉਣ ਲਈ ਇਸ ਕਿਤਾਬ ਵਿਚ 'ਹਮਕੋ-ਤੁਮਕੋ' ਦੀ ਤਰਜ਼ ਉੱਤੇ, ਹਿੰਦੀ ਭਾਸ਼ਾ ਦਾ ਕਾਫੀ ਆਸਰਾ ਲਿਆ ਹੋਇਆ ਹੈ। ਉਸ ਨੇ ਇਹ ਕੰਮ, ਇਸ ਕਿਤਾਬ ਦੇ ਸਰਵਰਕ ਉੱਤੇ ਸਿਰਲੇਖ ਦੇ ਹੇਠਾਂ '(ਸੋਹਿਲੇ ਧੂੜ ਮਿੱਟੀ ਕੇ)' ਲਿਖ ਕੇ ਸ਼ੁਰੂ ਕਰ ਦਿੱਤਾ ਹੈ। ਜੇ ਕਿਸੇ ਕਿਤਾਬ ਤੋਂ ਡਰ ਕੇ ਹੀ ਜਾਂ ਉਸ ਨੂੰ ਕੋਈ 'ਹਊਆ' ਸਮਝ ਕੇ ਹੀ ਇਨਾਮ ਦੇ ਦਿੱਤਾ ਗਿਆ ਹੋਵੇ ਤਾਂ ਉਸ ਦੇ ਸਬੰਧ ਵਿਚ ਕੋਈ ਅਡੰਬਰ ਘੜਨ ਖ਼ਾਤਰ, ਇਸ ਗੱਲ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ ਕਿ ਉਹ ਅਡੰਬਰ ਕਿਸੇ ਪਾਸਿਓਂ ਵੀ ਊਣਾ-ਪੌਣਾ ਨਾ ਹੋਵੇ। ਇਸ ਕਿਤਾਬ ਪਿੱਛੇ ਵੀ ਇਸ ਤਰ੍ਹਾਂ ਦੇ ਕੰਮ ਕਰਨ ਵਾਲ਼ੀ, ਮਾਹਰਾਂ ਦੀ ਇਕ ਟੀਮ ਲੱਗੀ ਹੋਈ ਜਾਪਦੀ ਹੈ।
ਮਾਨ-ਸਨਮਾਨਾਂ ਦੇ ਛੱਟੇ ਦੇਣ ਵਾਲ਼ੇ ਅਦਾਰੇ ਜੇ ਕਿਸੇ ਨੂੰ ਇਨਾਮ ਦੇਣ 'ਤੇ ਤੁਲ ਹੀ ਜਾਣ ਤਾਂ ਉਹ, ਉਸ ਬੰਦੇ ਦੇ 'ਸੋਹਿਲੇ' ਗਾਉਣ ਖ਼ਾਤਰ, ਉਸ ਦੇ ਨਾਂ 'ਤੇ ਕਿਤਾਬਾਂ ਲਿਖਾਉਣ ਤਕ ਵੀ ਚਲੇ ਜਾਂਦੇ ਹਨ, ਪਰ ਜੇ ਕਿਸੇ ਨੇ ਦਸ ਬਾਰਾਂ ਕਵਿਤਾਵਾਂ ਤੇ ਪੰਜ-ਛੇ ਪ੍ਰਸਤਾਵਾਂ ਜਿਹਿਆਂ ਨਾਲ਼ ਦਸ-ਪੰਦਰਾਂ ਪੰਨੇ 'ਕੁੱਕੂ-ਘਾਕੜਿਆਂ' ਜਿਹਿਆਂ ਦੇ ਜੋੜ ਕੇ, ਫਤੂਹੀ ਦੀ ਜੇਬੇ ਪੈਣ ਜੋਗੀ ਕਿਤਾਬ 'ਲਿਖ ਕੇ, ਛਪਾਈ ਵੀ ਆਪ' ਹੀ ਹੋਵੇ ਤਾਂ ਉਸ ਨੂੰ ਇਨਾਮਣ-ਸਨਮਾਨਣ ਤੋਂ ਪਹਿਲਾਂ, ਉਸ ਦਾ 'ਸ਼ਾਹਕਾਰ' ਪੜ੍ਹਨ/ ਪੜ੍ਹਾਉਣ ਦੀ ਲੋੜ ਵੀ ਨਹੀਂ ਸਮਝਦੇ। ਜੇ ਇਹ ਕਿਤਾਬ ਪੜ੍ਹੀ ਗਈ ਹੁੰਦੀ ਤਾਂ ਇਸ ਵਿਚ ਦਰਜ 'ਮਹਾ ਬਚਨ' ਅਣਗੌਲੇ ਨਾ ਰਹਿੰਦੇ। ਇਸ ਕਿਤਾਬ ਨੂੰ ਮਿਲੇ ਇਨਾਮ ਦੀ ਲਕੀਰ, ਕਿਸੇ ਸੱਪ ਵੱਲੋਂ ਵਾਹੀ ਹੋਈ ਲਕੀਰ ਨਾਲ਼ੋਂ ਘੱਟ ਕੌਤਕੀ ਨਹੀਂ ਹੈ।
ਇਹ ਕਿਤਾਬ ਪੜ੍ਹਨੀ ਸ਼ੁਰੂ ਕਰਨ ਤੋਂ ਪਹਿਲਾਂ, ਜਿਸ ਵੀ ਵਿਦਵਾਨ ਨਾਲ਼ ਇਸ ਕਿਤਾਬ ਬਾਰੇ ਗੱਲ ਕੀਤੀ ਗਈ, ਉਸ ਨੇ ਧੁੜਧੁੜੀ ਜਿਹੀ ਲੈ ਕੇ ਇਹੋ ਕਿਹਾ, "ਇਸ ਕਿਤਾਬ ਦਾ ਬਹੁਤ 'ਰੌਲ਼ਾ' ਹੈ ਜੀ! ਜੇ ਇਹ ਤੁਹਾਨੂੰ ਸਮਝ ਆ ਗਈ ਤਾਂ ਸਾਨੂੰ ਵੀ ਜ਼ਰੂਰ ਸਮਝਾਇਓ।" ਇਹ, ਲੇਖ ਇਹੋ ਜਿਹੇ ਕਈ ਵਿਦਵਾਨਾਂ ਦੀ ਇਸ ਫ਼ਰਮਾਇਸ਼ ਉੱਤੇ ਫੁੱਲ ਚੜ੍ਹਾਉਣ ਦਾ ਹੀਲਾ ਵੀ ਹੈ। ਇਹ, ਅਜੀਬ ਜਿਹੇ ਆਕਾਰ ਵਿਚ ਛਾਪੀ ਹੋਈ ਕਿਤਾਬ, ਪਹਿਲੀ ਨਜ਼ਰੇ ਹੀ ਬਹੁਤ ਰਹੱਸਮਈ ਜਿਹੀ ਦਿਸਦੀ ਹੈ। ਇਸ ਨੂੰ ਖੋਲ੍ਹਦਿਆਂ, ਇਹ ਰਹੱਸ ਹੋਰ ਡੂੰਘਾ ਹੋ ਜਾਂਦਾ ਹੈ ਕਿਉਂ ਕਿ ਇਸ ਕਿਤਾਬ ਵਿਚ ਜਿੱਥੇ ਆਮ ਹੀ, ਕਿਤਾਬ ਦੇ ਪ੍ਰਕਾਸ਼ਕ ਦਾ ਨਾਂ ਤੇ ਪਤਾ ਦਰਜ ਹੁੰਦੇ ਹਨ, ਉੱਥੇ ਇਸ ਕਿਤਾਬ ਵਿਚ ਬਹੁਤ ਹੀ ਅਜੀਬੋ-ਗ਼ਰੀਬ ਜਿਹਾ ਰੇਖਾ ਚਿੱਤਰ ਛਪਿਆ ਹੋਇਆ ਹੈ, ਜਿਸ ਦੇ ਹੇਠਾਂ ਇਹ ਸਤਰ ਛਪੀ ਹੋਈ ਹੈ: 'ਸਾਹਿਤ ਅਕਾਦਮੀ ਯੁਵਾ ਪੁਰਸਕਾਰ 2017 ਜੇਤੂ ਕਿਤਾਬ'।
ਇਸ ਤਰ੍ਹਾਂ ਪਹਿਲੇ ਪੰਨੇ ਤੋਂ ਹੀ ਪਾਠਕ ਨੂੰ ਜਾਪਣ ਲੱਗਦਾ ਹੈ ਕਿ ਉਹ ਕਿਸੇ ਬਹੁਤ ਹੀ 'ਰਹੱਸਮਈ ਜਿਹੇ ਗ੍ਰੰਥ' ਦਾ ਪਾਠ ਸ਼ੁਰੂ ਕਰਨ ਦਾ ਪੰਗਾ ਲੈ ਬੈਠਾ ਹੈ। ਇਸ ਪ੍ਰਭਾਵ ਦਾ ਸ਼ਿਕਾਰ ਹੋਇਆ ਹੀ ਉਹ ਪਾਠਕ, ਇਸ ਕਿਤਾਬ ਦੇ ਅਗਲੇ ਪੰਨੇ ਉੱਤੇ ਪਹੁੰਚਦਾ ਹੀ ਹੋਰ ਵੀ ਸੁੰਨ ਜਿਹਾ ਹੋ ਜਾਂਦਾ ਹੈ ਕਿਉਂ ਕਿ ਉਸ ਪੰਨੇ ਉੱਤੋਂ ਉਸ ਨੂੰ ਇਸ ਕਿਤਾਬ ਦੇ ਨੌਂ-ਦਸ ਵਾਰ ਛਪਣ ਅਤੇ ਕੁੱਲ 15,000 ਕਾਪੀਆਂ ਛਪ ਕੇ 'ਸੀਰਨੀ' ਹੋ ਜਾਣ ਸਬੰਧੀ ਜਾਣਕਾਰੀ ਮਿਲਦੀ ਹੈ। ਹੁਣੇ ਪਤਾ ਲੱਗਿਆ ਹੈ ਕਿ ਇਸ ਕਿਤਾਬ ਦੀ ਛਪਾਈ ਦਾ ਅੰਕੜਾ 20,000 ਤਕ ਪਹੁੰਚ ਗਿਆ ਹੈ। ਇਸ ਪੰਨੇ ਉੱਤੇ ਕਿਤਾਬ ਦੇ ਪ੍ਰਕਾਸ਼ਕ ਦਾ ਨਾਂ ਅਤੇ ਫੋਨ ਨੰਬਰ ਤਾਂ ਛਪੇ ਹੋਏ ਹਨ, ਪਰ ਉਸ ਦਾ ਸਿਰਨਾਵਾਂ ਨਹੀਂ ਹੈ। ਪ੍ਰਕਾਸ਼ਕ ਦੇ ਨਾਂ ਵਜੋਂ ਵੀ ਅੰਗਰੇਜ਼ੀ ਅਤੇ ਪੰਜਾਬੀ ਵਿਚ 'ਕਲਰਜ਼ ਆਫ਼ ਪੰਜਾਬ' ਅਤੇ ਪੰਜਾਬ ਦਾ ਮਹੀਨ ਜਿਹਾ ਨਕਸ਼ਾ ਹੀ ਛਾਪਿਆ ਹੋਇਆ ਹੈ।
ਪੰਜਾਬੀ ਦੀ ਕੋਈ ਕਿਤਾਬ 'ਨੌਂ-ਦਸ ਵਾਰ' ਛਪੀ ਹੋਵੇ ਤੇ ਉਹ ਵੀ ਹਜ਼ਾਰਾਂ ਦੇ ਹਿਸਾਬ! ਪਾਠਕ ਦੀ ਤਾਂ ਜਾਨ ਹੀ ਨਿੱਕਲਣ ਵਾਲ਼ੀ ਕਰ ਦਿੰਦੀ ਹੈ ਇਹ ਜਾਣਕਾਰੀ। ਪਾਠਕ ਨੂੰ ਲੱਗਦਾ ਹੈ ਕਿ ਇਹ ਕਿਤਾਬ ਪੜ੍ਹ ਕੇ ਜਾਂ ਤਾਂ ਉਸ ਦਾ ਜੀਵਨ ਸਫ਼ਲਾ ਹੋ ਜਾਊ ਜਾਂ ਸਭ ਕੀਤੇ-ਕਰਾਏ ਅਤੇ ਪੜ੍ਹੇ-ਪੜ੍ਹਾਏ ਉੱਤੇ ਇਸ ਕਿਤਾਬ ਰੰਗਾ ਚਿੱਕੜ ਫਿਰ ਜਾਊ। ਜੁਲਾਈ, 2015 ਵਿਚ ਛਪ ਕੇ ਇਹ ਕਿਤਾਬ, ਇਕ ਮਹੀਨੇ ਦੇ ਅੰਦਰ ਹੀ ਮੁੱਕ ਜਾਂਦੀ ਹੈ ਤੇ ਫਿਰ ਹਰ ਸਾਲ, ਦੋ-ਦੋ ਵਾਰ ਛਾਪੀ ਗਈ ਹੈ। ਪਤਾ ਨਹੀਂ ਇਸ ਦੇ ਲੇਖਕ ਅਤੇ ਪ੍ਰਕਾਸ਼ਕ ਨੂੰ ਇਹ ਇਲਮ ਨਹੀਂ ਸੀ ਕਿ ਉਨ੍ਹਾਂ ਦਾ ਇਹ ਗ੍ਰੰਥ, ਵਿਕਣ ਵਾਲ਼ੀਆਂ ਹਨ੍ਹੇਰੀਆਂ ਲਿਆ ਦਊਗਾ ਜਾਂ ਉਹ, ਆਪ ਹੀ ਇਸ ਦੇ ਐਡੀਸ਼ਨਾਂ ਦੀ ਗਿਣਤੀ ਵਧਾ-ਵਧਾ ਕੇ, ਪੰਜਾਬੀ ਦੀਆਂ ਕਿਤਾਬਾਂ ਦੇ ਸਾਰੇ ਰਿਕਾਰਡ ਭੰਨ੍ਹਣ 'ਤੇ ਤੁਲੇ ਹੋਏ ਹਨ। ਜੇ ਕਿਸੇ ਕਿਤਾਬ ਨੂੰ ਵਿੱਕਰੀ ਵੱਲੋਂ ਇੰਨਾ ਤੁਫ਼ਾਨੀ ਹੁੰਗਾਰਾ ਮਿਲਦਾ ਹੋਵੇ ਤਾਂ ਉਸ ਦਾ ਪ੍ਰਕਾਸ਼ਕ ਦੂਜਾ ਐਡੀਸ਼ਨ ਹੀ ਭਰਵਾਂ ਛਾਪ ਕੇ ਉਸ ਕਿਤਾਬ ਦੇ ਪਾਠਕਾਂ ਦੀਆਂ ਨਾਸਾਂ ਬੰਦ ਕਰਨ ਦਾ ਹੀਲਾ ਕਰੇਗਾ, ਪਰ ਇਸ ਕਿਤਾਬ ਦੇ ਪ੍ਰਕਾਸ਼ਕਾਂ ਨੂੰ ਆਪਣੇ ਪ੍ਰਕਾਸ਼ਨ ਉੱਤੇ ਸ਼ਾਇਦ ਇੰਨਾ ਭਰੋਸਾ ਨਹੀਂ ਸੀ ਤੇ ਉਨ੍ਹਾਂ ਨੇ ਸਾਲ-ਦਰ-ਸਾਲ, ਦੋ-ਦੋ ਐਡੀਸ਼ਨਾਂ ਦੇ ਹਿਸਾਬ ਹੀ ਚੱਲਣਾ ਠੀਕ ਸਮਝਿਆ। ਓਦਾਂ ਇਸ ਕਿਤਾਬ ਨੇ ਪੰਜਾਬੀ ਕਵਿਤਾ ਦੀ ਕਿਤਾਬ ਨਾ ਵਿਕਣ ਜਾਂ ਘੱਟ ਵਿਕਣ ਦਾ ਭੁਲੇਖਾ ਜਿਹਾ ਵੀ ਦੂਰ ਕਰਨ ਦਾ ਰਿਕਾਰਡ ਕਾਇਮ ਕਰਨ ਦਾ ਭੁਲੇਖਾ ਜਿਹਾ ਵੀ ਸਿਰਜ ਲਿਆ ਹੈ।
ਜਦੋਂ ਕਿਸੇ ਕਿਤਾਬ ਦਾ ਲੇਖਕ ਹੀ ਉਸ ਦਾ ਪ੍ਰਕਾਸ਼ਕ ਹੋਵੇ, ਪਰ ਪ੍ਰਕਾਸ਼ਕ ਵਜੋਂ ਕਿਸੇ 'ਦੋਸਤ' ਦਾ ਨਾਂ ਅਤੇ ਫੋਨ ਨੰਬਰ ਹੀ ਪਾਏ ਹੋਏ ਹੋਣ ਤਾਂ ਭਾਵੇਂ ਇਕ ਸਾਲ ਵਿਚ ਚਾਰ-ਚਾਰ ਵਾਰੀ ਕਿਤਾਬ ਛਾਪਣ ਦੇ ਐਲਾਨ ਕਰੀ ਜਾਵੋ, ਕਿਸੇ ਨੇ ਆ ਕੇ ਤੁਹਾਡੇ ਤੋਂ ਹਿਸਾਬ-ਕਿਤਾਬ ਸਬੰਧੀ ਕੋਈ ਜੁਆਬ ਤਲਬੀ ਤਾਂ ਕਰਨੀ ਨਹੀਂ ਹੁੰਦੀ। ਹਾਂ, ਇਹ ਐਲਾਨ, ਪਾਠਕਾਂ ਅਤੇ ਆਲੋਚਕਾਂ ਨੂੰ ਭੰਬੂ-ਤਾਰੇ ਜ਼ਰੂਰ ਦਿਸਣ ਲਾਈ ਰੱਖਣਗੇ ਤੇ ਉਹ, ਉਸ ਕਿਤਾਬ ਦੇ ਕਰਤੇ ਦੀ 'ਕਰਾਮਾਤੀ ਪ੍ਰਤਿਭਾ ਕੇ ਸੋਹਿਲੇ' ਗਾਈ ਜਾਣ ਜੋਗੇ ਹੀ ਰਹਿ ਜਾਣਗੇ।
ਇਸ ਪੰਨੇ ਨੇ ਇਕ ਗੱਲ ਤਾਂ ਸਪੱਸ਼ਟ ਕਰ ਹੀ ਦਿੱਤੀ ਹੈ ਕਿ ਇਹ 'ਕਲਰਜ਼ ਆਫ਼ ਪੰਜਾਬ' ਹਵਾ ਵਿਚ ਹੀ ਹਨ ਤੇ ਇਸ ਕਿਤਾਬ ਦਾ ਅਸਲ ਪ੍ਰਕਾਸ਼ਕ, ਇਸ ਦਾ ਕਰਤਾ ਅਤੇ ਉਸ ਦੇ ਕੁੱਝ ਉਹ ਦੋਸਤ ਹੀ ਹਨ, ਜੋ ਉਸ ਦੀਆਂ ਰਚਨਾਵਾਂ ਦੀਆਂ ਸਿਫ਼ਤਾਂ ਦੇ ਪੁਲ ਹੀ ਨਹੀਂ ਬੰਨ੍ਹਦੇ, ਸਗੋਂ ਸਿਫ਼ਤਾਂ ਦੇ ਡੈਮ ਵੀ ਬਣਾਉਂਦੇ ਰਹਿੰਦੇ ਹਨ। ਇਸ ਕਿਤਾਬ ਦੇ ਤੀਜੇ ਪੰਨੇ ਉੱਤੇ ਫਿੱਕੇ ਜਿਹੇ ਸਾਂਵਲੇ ਰੰਗ ਵਿਚ ਫਿਰ ਕਿਤਾਬ ਦਾ ਨਾਂ ਛਾਪ ਕੇ, ਭਵੱਤਰੇ ਹੋਏ ਪਾਠਕ ਨੂੰ ਹੋਸ਼ ਵਿਚ ਲਿਆਉਣ ਦਾ ਹੀਲਾ ਕਰਦਿਆਂ 'ਸਮਰਪਣ' ਵਜੋਂ ਇਹ ਸ਼ਬਦ ਲਿਖੇ ਹੋਏ ਹਨ:
ਧਰਤੀ ਦੀ ਤੋਰ ਦੇਹਾਂ ਦੀ ਫੁਰਤੀ ਭਾਸ਼ਾ ਦੀ ਤਾਜ਼ਗੀ ਗੂੰਜਦੇ ਵਣਾਂ ਅਤੇ ਰੋੜੀਆਂ ਦੇ ਨਾਮ
ਫਿਰ ਤਤਕਰਾ ਅਤੇ ਅੱਗੇ 'ਸੋਭਾ ਸਗਣ' ਸਿਰਲੇਖ ਹੇਠ ਸ਼ੁਰੂ ਹੁੰਦੀ 'ਭੂਮਿਕਾ' ਦੇ ਸ਼ੁਰੂ ਵਿਚ ਦੋ ਕਾਵਿਕ ਜਿਹੀਆਂ ਸਤਰਾਂ ਹਨ:
ਹਲਕੀ ਧੁੱਪ ਦੇ ਲਗਣ ਦੀ, ਸ਼ਾਂਤ ਹਵਾ ਦੇ ਵਗਣ ਦੀ
ਤਾਰਾ ਗਣ ਦੇ ਜਗਣ ਦੀ, ਸੋਭਾ ਤੇਰੇ ਸਗਣ ਦੀ।
ਇਹ ਦੋ ਸਤਰਾਂ, ਇਸ ਕਿਤਾਬ ਦੇ ਪਾਠਕ ਨੂੰ ਆਪਣੇ ਰਹੱਸ ਵਿਚ ਇਸ ਤਰ੍ਹਾਂ ਉਲਝਾਉਂਦੀਆਂ ਹਨ ਕਿ ਉਹ, ਇਹ ਸਮਝਣ ਵਿਚ ਹੀ ਲੱਗ ਜਾਂਦਾ ਹੈ ਕਿ ਇਹ 'ਹਲਕੀ ਧੁੱਪ ਦੇ "ਲਗਣ" ਦੀ ਹੈ ਜਾਂ "ਲੱਗਣ" ਦੀ ਹੈ ਜਾਂ "ਲਗਨ" ਦੀ ਹੈ'। ਫਿਰ ਭਰਤੀ ਵਰਗਾ ਰੁਕਨ 'ਸ਼ਾਂਤ ਹਵਾ ਦੇ ਵਗਣ ਦੀ' ਇਸ ਰਹੱਸ ਨੂੰ ਹੋਰ ਡੂੰਘਾ ਕਰਦਾ ਹੈ। ਲੱਗਦਾ ਹੈ ਇਸ ਰਹੱਸ ਨੂੰ ਜ਼ਰਬਾਂ ਦੇਣ ਦਾ ਹੀਲਾ ਕਰਦਿਆਂ ਹੀ ਇਨ੍ਹਾਂ ਸਤਰਾਂ ਦੇ ਕਰਤਾ ਨੇ 'ਸ਼ੋਭਾ' ਅਤੇ 'ਸ਼ਗਨ' ਦੇ ਸ਼ਬਦ-ਜੋੜ ਜਾਣ-ਬੁੱਝ ਕੇ ਹੀ 'ਸੋਭਾ' ਅਤੇ 'ਸਗਣ' ਕਰ ਦਿੱਤੇ ਹਨ। ਕਰਤਾ ਦੇ ਕੁੱਝ ਤਰਫ਼ਦਾਰ, ਇਹ ਵੀ ਕਹਿ ਸਕਦੇ ਹਨ ਕਿ ਅਜਿਹਾ ਕਰਦਿਆਂ ਕਰਤਾ ਨੇ ਕਿਤਾਬ ਦੇ ਪਾਠਕਾਂ ਨੂੰ, ਪੰਜਾਬੀ ਭਾਸ਼ਾ ਦੀ ਠੇਠਤਾ ਵਾਲ਼ੇ ਸੁਹੱਪਣ ਦਾ ਸੁਆਦ ਤੇ ਆਨੰਦ ਮਾਨਣ ਦਾ ਮੌਕਾ ਦਿੱਤਾ ਹੈ ਤਾਂ ਇਸ ਦੇ ਜੁਆਬ ਵਿਚ ਇਹੋ ਅਰਜ਼ ਕਰਾਂਗਾ ਕਿ ਇਸੇ ਹੀ ਕਿਤਾਬ ਵਿਚ ਲੇਖਕ ਨੇ ਕਈ ਥਾਂ ਪੰਜਾਬੀ ਦੇ ਠੇਠ ਸ਼ਬਦਾਂ ਦੇ ਹੁੰਦਿਆਂ 'ਆਪਣੀ ਵਿਦਵਾਨੀ' ਦਿਖਾਉਣ ਲਈ, ਉਨ੍ਹਾਂ ਸ਼ਬਦਾਂ ਦੀ ਥਾਂ, ਹਿੰਦੀ ਦੇ ਸ਼ਬਦ ਵੀ ਘਸੋੜੇ ਹੋਏ ਹਨ ਤਾਂ ਉਦੋਂ ਉਸ ਨੂੰ ਇਹ ਠੇਠਤਾ ਤੇ ਇਸ ਦਾ 'ਸੁਆਦਾਨੰਦ' ਪ੍ਰੋਸਣ ਦਾ ਖ਼ਿਆਲ ਕਿਉਂ ਨਾ ਆਇਆ?
ਇਸ ਭੂਮਿਕਾ ਦੀ ਭਾਸ਼ਾ ਨੂੰ 'ਗੁਰਿਆਈ ਅਤੇ ਉਸਤਾਦੀ ਰੰਗ' ਦੇਣ ਦੇ ਹੀਲੇ ਕਰਦਿਆਂ ਕਰਤਾ ਲਿਖਦਾ ਹੈ, "ਆਪ-ਹੁਦਰੀਆਂ ਝੜੀਆਂ ਵਾਲ਼ੇ ਖਿੱਤੇ ਵਿਚ ਸੰਘਣੀਆਂ ਛਾਂਵਾਂ ਦੇ ਜੰਗਲ ਦਾ ਇਕ ਟੋਟਾ, ਜਿੱਥੇ ਤੋਤਿਆਂ ਦੀਆਂ ਭਿੱਜੀਆਂ (ਕਾਹ'ਦੇ ਨਾਲ਼?) ਆਵਾਜ਼ਾਂ ਦਾ ਰਾਜ ਹੈ ਤੇ ਉੱਡਣੀਆਂ ਛਿਪਕਲੀਆਂ (ਕੋਹੜ-ਕਿਰਲੀਆਂ) ਮੇਲਣਾਂ ਬਣ-ਬਣ ਕੇ ਨਿੱਕਲਦੀਆਂ ਹਨ; ਮੇਰੀ ਗੱਲ ਓਥੋਂ ਸ਼ੁਰੂ ਹੁੰਦੀ ਹੈ।"
ਹੁਣ ਲੱਭੀ ਜਾਓ 'ਆਪ-ਹੁਦਰੀਆਂ ਝੜੀਆਂ ਵਾਲ਼ੇ ਖਿੱਤੇ ਵਿਚ ਸੰਘਣੀਆਂ ਛਾਂਵਾਂ ਦੇ ਜੰਗਲ ਦਾ ਉਹ ਟੋਟਾ'। ਇਸ ਕਿਤਾਬ ਦੇ ਕਰਤਾ ਜੀ ਏਦਾਂ ਫ਼ਰਮਾਉਂਦੇ ਹਨ, "ਗੂੜ੍ਹੀ-ਹਰੀ ਸਲਤਨਤ ਦੇ ਅਣ-ਘੜ ਬਿਸਥਾਰੇ। ਅਤੋਲਵੀਂ ਮਿੱਟੀ ਦਾ ਗੜਗੱਜ ਹੁਸਨ (ਸਮਝ ਆਵੇ ਤਾਂ ਸਾਨੂੰ ਵੀ ਦੱਸਣਾ) ਤੇ ਪ੍ਰਾਚੀਨ ਰੁੱਖਾਂ ਨਾਲ਼ ਘਿਰੀਆਂ ਸੁਲਤਾਨ ਝੀਲਾਂ।" (ਕਿਤੇ 'ਬਿਰਹਾ ਤੂੰ ਸੁਲਤਾਨ' ਦੀਆਂ ਰਿਸ਼ਤੇਦਾਰਨੀਆਂ ਤਾਂ ਨਹੀਂ?)
ਇਸੇ ਭੂਮਿਕਾ ਵਿਚ ਰਹੱਸ ਨੂੰ ਦਿੱਤੀ ਹੋਈ ਇਹ ਗੋਲ਼-ਗੰਢ ਵੀ ਦੇਖੋ, "ਮੇਰਾ ਮੰਨਣਾ ਹੈ (ਹਿੰਦੀ: 'ਮੇਰਾ ਮਾਨਨਾ ਹੈ' ਜਦੋਂ ਕਿ 'ਮੇਰਾ ਖ਼ਿਆਲ ਹੈ' ਨਾਲ਼ ਗੱਡੀ ਬਹੁਤ ਵਧੀਆ ਚੱਲ ਜਾਣੀ ਸੀ, ਪਰ ਇਹ ਲਿਖਣ ਨਾਲ਼ ਰਹੱਸ ਜ਼ਰਬਾਂ ਨਹੀਂ ਨਾ ਖਾਂਦਾ) ਕਿ ਮੂਲ ਰੂਪ ਵਿੱਚ ਸਾਡਾ ਸਭ ਦਾ ਹੀ 'ਸੰਬੰਧ' (ਸ਼ਬਦ-ਜੋੜ ਹਿੰਦੀ ਵਾਲ਼ੇ) ਕਿਸੇ ਏਸ ਤਰ੍ਹਾਂ ਦੀ ਧਰਤ ਦੀ ਪ੍ਰਦੱਖਣਾ ਨਾਲ਼ ਹੈ, ਜੋ 'ਅਕਲ ਕਲਾ ਭਰਪੂਰਿ' ਹੈ। 'ਨਿਰ-ਲੱਜ' ਹੈ। ਖਰੀ ਅਤੇ ਟਕਸਾਲੀ ਹੈ। ਭਾਵੇਂ ਅਸੀਂ ਕਿੱਥੋਂ ਕਿੱਥੇ ਪੁੱਜ ਗਏ ਹਾਂ ਪਰ ਸਾਡੇ 'ਪੋਟੇ ਅੱਜ ਵੀ ਜਾਂਗਲੀ-ਜਲੌਅ' ਨੂੰ 'ਤਾਂਘਦੇ' ਨੇ।"
ਇੰਨਾ ਕੁ ਪੜ੍ਹ ਕੇ ਹੀ ਤੁਹਾਨੂੰ ਇਹ ਅਹਿਸਾਸ ਤਾਂ ਹੋ ਹੀ ਗਿਆ ਹੋਵੇਗਾ ਕਿ ਇਹ ਕੋਈ ਕਾਵਿ-ਸੰਗ੍ਰਹਿ ਨਹੀਂ, ਇਹ ਤਾਂ ਕਿਸੇ 'ਡਲ਼ੀਦਾਰ ਭਾਸ਼ਾ ਵਿਚ ਬੜਾ ਹੀ ਕਿੱਲ੍ਹ ਕੇ ਲਿਖਿਆ ਹੋਇਆ ਬਹੁਤ ਹੀ ਗੁੜ੍ਹ-ਗ੍ਰੰਥ' ਹੈ! ਇਸ ਵਿਚ 'ਵੇਲਾਂ ਵਰਗੀਆਂ ਕੰਗਰੋੜਾਂ 'ਤੇ ਮਨੁੱਖਤਾ ਦਾ ਪਹਿਲਾ ਫੁੱਲ ਖਿੜਨ' ਦਾ ਜ਼ਿਕਰ ਹੈ। 'ਗੂਗਲੀ ਸੂਝ-ਸਿਆਣਪ' ਦੇ ਹਵਾਲਿਆਂ ਨਾਲ਼ 'ਭਰਪੂਰਿ' ਇਸ ਭੂਮਿਕਾ ਵਿਚ, ਇਸ ਦਾ ਕਰਤਾ, ਪਾਠਕ ਦੀਆਂ ਲੱਤਾਂ ਨੂੰ 'ਨਾਗ਼-ਵਲ਼ੀ ਨਿਆਣਾ' ਪਾ ਲੈਣ ਵਿਚ ਤਾਂ ਕਾਮਯਾਬ ਹੋ ਹੀ ਜਾਂਦਾ ਹੈ।
ਇਸ ਕਿਤਾਬ ਵਿਚ 'ਵਾਪਰਦਾ' ਕੁੱਝ ਨਹੀਂ, ਸਗੋਂ 'ਘਟਦਾ' ਬਥੇਰਾ ਕੁੱਝ ਹੈ, ਪਰ ਜਦੋਂ ਕਈ ਕੁੱਝ 'ਘਟਿਆ' ਦਿਸਦਾ ਹੈ ਤਾਂ ਕਰਤਾ ਦੀ 'ਗੂਗਲੀ ਸੂਝ-ਸਿਆਣਪ' ਉੱਤੇ ਕੁੱਝ ਨਹੀਂ 'ਵਾਪਰਦਾ'।
ਇਸ ਕਿਤਾਬ ਵਿਚ 'ਹਵਾ ਦੀਆਂ ਕੁੜਤੀਆਂ' ਵਾਹਵਾ 'ਸਿਓਂਤੀਆਂ' ਹੋਈਆਂ ਹਨ, ਪਰ ਇਹ ਪਤਾ ਨਹੀਂ ਲੱਗਦਾ ਕਿ 'ਹਵਾ ਕੋਈ ਕੱਪੜਾ ਹੈ ਕਿ ਕੁੜਤੀਆਂ ਪਹਿਨਣ ਵਾਲ਼ਾ ਕੋਈ ਸਰੀਰ' ਹੈ। ਇਹ ਕਿਤਾਬ ਬੜੇ ਹੀ 'ਸਰਵਰੀ ਆਦੇਸ਼ਾਂ' ਨਾਲ਼ 'ਭਰਪੂਰਿ' ਹੈ, ਪਰ ਇਹ ਹੁਕਮ ਕਿਸ 'ਸਰਵਰ' ਵਿਚੋਂ ਨ੍ਹਾ ਕੇ ਨਿੱਕਲੇ ਹਨ, ਪਤਾ ਨਹੀਂ ਲੱਗਦਾ। ਕਿਤਾਬ ਦਾ ਕਰਤਾ 'ਉੱਡਦੀਆਂ ਧੂੜਾਂ ਦੇ ਹੱਥ' ਨੂੰ "ਮਾਂ-ਪਿਉ ਜਿੱਡਾ" ਕਹਿੰਦਾ ਹੈ। ਸ਼ਾਇਦ ਉਹ "ਮਾਂ-ਪਿਉ ਦੇ ਹੱਥ ਜਿੱਡਾ ਹੱਥ" ਕਹਿਣਾ ਚਾਹੁੰਦਾ ਸੀ।
ਇਸ ਕਿਤਾਬ ਵਿਚੋਂ ਇਕ ਹੋਰ 'ਰਹੱਸਮਈ ਵਾਕ' ਦਾ ਹਵਾਲਾ ਕੇ ਗੱਲ ਮੁਕਾਉਣ ਦਾ ਹੀਲਾ ਕਰਾਂਗੇ, ਪਰ ਗੱਲ ਮੁੱਕਣੀ ਫੇਰ ਵੀ ਨਹੀਂ ਹੈ। ਇਹ 'ਅਕਲ ਕਲਾ ਭਰਪੂਰਿ' ਵਾਕ ਇਸ ਤਰ੍ਹਾਂ ਹੈ:
"ਪਹਾੜੀ 'ਦਰਖੱਤਾਂ' ਓਹਲੇ ਭਿੱਜੀ ਹੋਈ ਹਵਾ ਨੂੰ ਲਿਬਾਸ ਬਦਲਦਿਆਂ ਦੇਖ ਕੇ ਤਾਰੇ ਇੱਕ ਗੀਤ ਗਾਉਂਦੇ ਨੇ।" ਹੁਣ ਇਹ ਗੱਲ ਸਾਡੀ ਪਾਠਕਾਂ ਵਾਲ਼ੀ ਸਰਕਾਰ ਦੱਸੇ ਕਿ ਹਵਾ ਭਿੱਜੀ 'ਦਰਖੱਤਾਂ' ਓਹਲੇ ਹੈ ਜਾਂ ਲਿਬਾਸ 'ਦਰਖੱਤਾਂ' ਓਹਲੇ ਬਦਲਦੀ ਹੈ। ਜੋ ਹੁੰਦਾ ਹੈ, ਉਹ ਨਹੀਂ ਦੱਸਣਾ, ਜੋ ਲਿਖਿਆ ਹੈ, ਉਹੀ ਸਮਝਾਉਣਾ ਹੈ। ਲੋੜ ਪਈ ਤਾਂ ਬਾਕੀ ਕਦੇ ਫੇਰ ਸਹੀ।#
