ਸ਼ਬਦੰਗਲ-122

ਦੁਖੀ ਕੇਰਲਾਵਾਸੀਆਂ ਨੂੰ ਪੁੱਠੀਆਂ ਮੱਤਾਂ ਦੇਣ ਲੱਗੇ 'ਕਾਮਰੇਡੀ ਸਰਕਾਰ' ਦੇ ਅਹਿਲਕਾਰ
<><><><><><><><><><><><><><>
'ਫੇਸਬੁੱਕ' ਨੇ ਫੇਰ ਨਿਭਾਇਆ 'ਇਨਸਾਫ਼ ਦੀ ਜ਼ਾਮਨ' ਦਾ ਕਿਰਦਾਰ
*+*+*+*+*+*+*+*+*+*+*+*+*+*+*+*+*+*+*+*+*

    ਆਪਣੇ ਭਾਰਤ ਮਹਾਨ ਤੋਂ ਕਈ ਵਾਰ ਇਹੋ ਜਿਹੀਆਂ ਖ਼ਬਰਾਂ ਆਉਂਦੀਆਂ ਹਨ ਕਿ ਜਿਨ੍ਹਾਂ ਨੂੰ ਪੜ੍ਹ ਕੇ ਅੱਡਿਆ ਹੋਇਆ ਹੀ ਰਹਿ ਜਾਂਦਾ ਮੂੰਹ, ਚਾਰ ਬੰਦਿਆਂ ਦੀ ਮਦਦ ਨਾਲ਼ ਹੀ ਬੰਦ ਹੁੰਦਾ ਹੈ। ਜਿਹੜੀ ਖ਼ਬਰ ਪੜ੍ਹ ਕੇ ਇਹ ਸਤਰਾਂ ਲਿਖਣ ਲਈ ਮਜਬੂਰ ਹੋਏ ਹਾਂ, ਉਹ, ਕੁੱਝ ਹੀ ਦਿਨ ਪਹਿਲਾਂ ਵਾਪਰੀ ਇਕ ਹੋਰ ਘਟਨਾ ਸਬੰਧੀ ਆਈ ਖ਼ਬਰ ਦੀਆਂ ਪੈੜਾਂ ਉੱਤੇ ਹੀ ਆਈ ਹੈ। ਪਹਿਲਾਂ, ਪਹਿਲੀ ਖ਼ਬਰ ਬਾਰੇ ਹੀ ਦੱਸਣਾ ਬਣਦੈ। ਹੋਇਆ ਇਹ ਕਿ ਵਿਦੇਸ਼ੋਂ ਪਰਤੇ ਇਕ 48 ਸਾਲਾ ਵਪਾਰੀ ਨੇ ਖ਼ੁਦਕੁਸ਼ੀ ਕਰ ਕੇ ਕੇਰਲਾ ਦੀ 'ਕਾਮਰੇਡੀ ਸਰਕਾਰ' ਨੂੰ ਕਾਫੀ ਕਸੂਤੀ ਫਸਾਈ ਰੱਖਿਆ ਸੀ। ਕੇਰਲਾ ਦੇ ਕੰਨੂਰ ਜ਼ਿਲੇ ਵਿਚ ਬੱਕਲਮ ਦੇ ਵਾਸੀ ਵਪਾਰੀ ਸਜਨ ਪਰਾਯਿਲ ਨੇ ਪਿਛਲੇ ਮਹੀਨੇ ਖ਼ੁਦਕੁਸ਼ੀ ਕਰ ਕੇ ਆਪਣੀ ਜਾਨ ਦੇ ਦਿੱਤੀ ਸੀ।
    ਇਸ ਦੀ ਵਜ੍ਹਾ ਇਹ ਦੱਸੀ ਜਾਂਦੀ ਹੈ ਕਿ ਅੰਤੂਰ ਨਗਰਪਾਲਿਕਾ ਨੇ ਸਜਨ ਪਰਾਯਿਲ ਨੂੰ, ਆਪਣੀ ਸਾਰੀ ਉਮਰ ਦੀ ਕਮਾਈ ਯਾਨੀ 15 ਕਰੋੜ ਰੁਪਏ ਲਾ ਕੇ ਬਣਾਏ ਹੋਏ 'ਪਾਰਥਾ ਕਨਵੈਨਸ਼ਨ ਸੈਂਟਰ' ਨਾਂ ਦੇ ਇਕ ਆਡੀਟੋਰੀਅਮ ਦਾ ਲਾਇਸੈਂਸ ਦੇਣ ਤੋਂ ਹੀ ਇਨਕਾਰ ਕਰ ਦਿੱਤਾ ਹੋਇਆ ਸੀ। ਸਜਨ ਪਰਾਯਿਲ ਦੀ ਵਿਧਵਾ ਬੀਨਾ ਅਤੇ ਹੋਰ ਰਿਸ਼ਤੇਦਾਰਾਂ ਨੇ ਦੋਸ਼ ਲਾਏ ਹਨ ਕਿ ਨਗਰਪਾਲਿਕਾ ਵਾਲ਼ਿਆਂ ਨੇ ਹੀ ਸਜਨ ਪਰਾਯਿਲ ਨੂੰ ਖ਼ੁਦਕੁਸ਼ੀ ਕਰਨ ਲਈ ਹੀ ਮਜਬੂਰ ਨਹੀਂ ਕੀਤਾ ਸੀ, ਸਗੋਂ ਉਸ ਦਾ ਆਡੀਟੋਰੀਅਮ ਢਾਹ-ਢੇਰੀ ਕਰ ਸੁੱਟਣ ਦੀ ਧਮਕੀ ਵੀ ਦਿੱਤੀ ਸੀ ਕਿਉਂ ਕਿ ਉਨ੍ਹਾਂ ਦੇ ਕਹਿਣ ਅਨੁਸਾਰ, ਇਹ ਆਡੀਟੋਰੀਅਮ ਬਣਾਉਣ ਵਿਚ ਕੁੱਝ ਤਕਨੀਕੀ ਜਾਂ ਕਾਨੂੰਨੀ ਖ਼ਾਮੀਆਂ ਸਨ।

    ਬੀਨਾ ਨੇ 'ਮਾਤਰਭੂਮੀ ਨਿਊਜ਼' ਨਾਲ਼ ਗੱਲ-ਬਾਤ ਕਰਦਿਆਂ ਕਿਹਾ, "ਮੇਰੇ ਪਤੀ ਦੇ ਮਨ ਉੱਤੇ ਕਈ ਦਿਨਾਂ ਤੋਂ ਇਕ ਬੋਝ ਜਿਹਾ ਪਿਆ ਹੋਇਆ ਸੀ ਕਿਉ ਕਿ ਨਗਰਪਾਲਿਕਾ ਵਾਲ਼ੇ ਇਸ ਗੱਲ ਉੱਤੇ ਅੜੇ ਹੋਏ ਸਨ ਕਿ ਉਹ ਇਸ 'ਕਨਵੈਨਸ਼ਨ ਸੈਂਟਰ' ਨੂੰ ਆਡੀਟੋਰੀਅਮ ਦਾ ਲਾਇਸੈਂਸ ਨਹੀਂ ਦੇਣਗੇ। ਉਹ ਹਰ ਵਾਰ ਇਸ ਇਮਾਰਤ ਦੀਆਂ ਛੋਟੀਆਂ-ਛੋਟੀਆਂ ਖ਼ਾਮੀਆਂ, ਬਹੁਤ ਵੱਡੀਆਂ-ਵੱਡੀਆਂ ਬਣਾ ਕੇ ਦੱਸਦੇ ਸਨ। ਮੇਰਾ ਪਤੀ, ਸਾਰੇ ਕਾਗ਼ਜ਼-ਪੱਤਰ ਲੈ ਕੇ ਪੇਸ਼ ਹੋਈ ਜਾਂਦਾ ਸੀ ਤੇ ਲਾਇਸੈਂਸ ਦੇਣ ਦੀ ਮੰਗ ਕਰੀ ਜਾਂਦਾ ਹੁੰਦਾ ਸੀ। ਉਹ, ਹਰ ਵਾਰ ਨਗਰਪਾਲਿਕਾ ਦੇ ਮੁਲਾਜ਼ਮਾਂ ਵੱਲੋਂ ਨਵੇਂ ਤੋਂ ਨਵਾਂ ਬਹਾਨਾ ਬਣਾਏ ਜਾਣ ਤੋਂ ਅੱਕਿਆ-ਥੱਕਿਆ ਹੋਇਆ ਸੀ। ਉਸ ਨੇ ਇਸ ਕੰਮ ਲਈ ਦਿਨ-ਰਾਤ ਇਕ ਕੀਤਾ ਹੋਇਆ ਸੀ। ਕਿਸੇ ਜ਼ਮਾਨੇ ਵਿਚ ਪਾਰਟੀ ਲਈ ਇੰਨਾ ਕੰਮ ਕਰਦੇ ਰਹੇ ਇਸ ਬੰਦੇ ਨੂੰ, ਨਗਰਪਾਲਿਕਾ ਦੀ ਚੇਅਰਪਰਸਨ ਕੇ. ਕੇ ਰੇਮਾ ਵੱਲੋਂ ਸਹਿਯੋਗ ਦਿੱਤਾ ਜਾਣਾ ਬਣਦਾ ਹੈ।"
ਇਹ ਵੀ ਕਿਹਾ ਜਾਂਦਾ ਹੈ ਕਿ ਇਹ ਆਡੀਟੋਰੀਅਮ ਬਣਾਉਣ ਉੱਤੇ ਖ਼ਰਚੇ ਗਏ 15 ਕਰੋੜ ਰੁਪਏ ਸਜਨ ਪਰਾਯਿਲ ਨੇ 15 ਸਾਲ ਨਾਈਜੇਰੀਆ ਵਿਚ ਕੰਮ ਕਰ ਕੇ ਕਮਾਏ ਸਨ ਤੇ ਇਹੋ ਜਿਹਾ ਆਡੀਟੋਰੀਅਮ ਬਣਾਉਣਾ ਉਸ ਦਾ ਚਿਰੋਕਣਾ ਸੁਪਨਾ ਸੀ। ਇਸ ਦੌਰਾਨ ਹੀ ਅਜਿਹੀਆਂ ਖ਼ਬਰਾਂ ਵੀ ਆਈਆਂ ਹਨ ਕਿ ਨਗਰਪਾਲਿਕਾ ਦੀ ਚੇਅਰਪਰਸਨ ਕੇ. ਕੇ. ਰੇਮਾ, ਜੋ ਆਰ. ਐੱਮ. ਪੀ. (ਰੈਵੋਲਿਊਸ਼ਨਰੀ ਕਮਿਊਨਿਸਟ ਪਾਰਟੀ) ਦੇ, ਮਾਰੇ ਜਾ ਚੁੱਕੇ ਆਗੂ ਟੀ. ਪੀ. ਚੰਦਰਸੇਖਰਨ ਦੀ ਵਿਧਵਾ ਹੈ, ਸਜਨ ਪਰਾਯਿਲ ਦੀ ਵਿਧਵਾ ਬੀਨਾ ਦੀ ਮਦਦ ਕਰਨ ਲਈ ਤਿਆਰ ਹੋ ਗਈ ਹੈ।
    'ਫੇਸਬੁੱਕ' ਉੱਤੇ ਦਰਜ ਕੀਤੇ ਹੋਏ ਆਪਣੇ ਇਕ ਬਿਆਨ ਵਿਚ ਰੇਮਾ ਨੇ ਇਹ ਕਿਹਾ ਹੋਇਆ ਹੈ, "ਸੀ. ਪੀ. ਐੱਮ. ਨਾਲ਼ ਜੁੜੀਆਂ ਹੋਈਆਂ ਉਹ ਔਰਤਾਂ, ਜੋ ਸਭਿਆਚਾਰਕ ਸਰਗਰਮੀਆਂ ਕਰਦੀਆਂ ਹਨ, ਨੂੰ ਮੇਰੇ ਵੱਲੋਂ ਅਪੀਲ ਹੈ ਕਿ ਉਹ, ਬੀਨਾ ਨੂੰ ਤੁਹਮਤਾਂ ਦੀ ਸ਼ਿਕਾਰ ਬਣਾਉਣ ਵਾਲ਼ੇ ਲੋਕਾਂ ਖ਼ਿਲਾਫ਼ ਖੁੱਲ੍ਹ ਕੇ ਡਟ ਜਾਣ। ਬੀਨਾ ਦੇ ਖ਼ਿਲਾਫ਼ ਲਗਾਈਆਂ ਜਾ ਰਹੀਆਂ ਤੁਹਮਤਾਂ ਵਿਚ ਭੋਰਾ ਵੀ ਸੱਚਾਈ ਨਹੀਂ ਹੈ ਤੇ ਇਸ ਤਰ੍ਹਾਂ ਤੁਹਮਤਾਂ ਲਗਾ ਕੇ, ਉਸ ਦੀ ਨਿੱਜੀ ਜ਼ਿੰਦਗੀ ਨਾਲ਼ ਖਿਲਵਾੜ ਕੀਤਾ ਜਾ ਰਿਹਾ ਹੈ। ਬੀਨਾ ਨੂੰ ਵੀ ਇਹੋ ਜਿਹੇ ਹਾਲਾਤ ਦਾ ਮੁਕਾਬਲਾ ਬਹੁਤ ਹਿੰਮਤ ਨਾਲ਼ ਕਰਨਾ ਚਾਹੀਦਾ ਹੈ। ਅਸੀਂ ਦੋਹਾਂ ਨੇ ਆਪਣੇ ਜੀਵਨ ਸਾਥੀ ਗੁਆਏ ਹਨ ਤੇ ਸਾਡੇ ਜੀਵਨ ਸਾਥੀਆਂ ਦੀਆਂ ਜਾਨਾਂ ਲੈਣ ਵਾਲ਼ੇ ਹੁਣ ਸਾਡੇ ਪਿੱਛੇ ਪਏ ਹੋਏ ਹਨ।"
    ਇੱਥੇ ਦੱਸਣਾ ਬਣਦਾ ਹੈ ਕਿ 'ਮਾਰਕਸੀ ਪਾਰਟੀ ਦਾ ਧੁੱਤਰੂ' ਕਰਾਰ ਦਿੱਤਾ ਜਾਂਦਾ ਇਕ ਅਖ਼ਬਾਰ, ਵਾਰ-ਵਾਰ ਇਹੋ ਜਿਹੀਆਂ ਝੂਠੀਆਂ ਖ਼ਬਰਾਂ ਛਾਪ ਰਿਹਾ ਹੈ, ਜਿਨ੍ਹਾਂ ਵਿਚ ਕਿਹਾ ਹੁੰਦਾ ਹੈ ਕਿ ਬੀਨਾ ਦੇ, ਇਕ ਡਰਾਈਵਰ ਨਾਲ਼ ਨਜਾਇਜ਼ ਸਬੰਧ ਹਨ। ਰੇਮਾ ਨੇ ਇਸ ਅਖ਼ਬਾਰ ਨੂੰ 'ਪੀਲਾ ਅਖ਼ਬਾਰ' ਕਰਾਰ ਦੇ ਕੇ ਭੰਡਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਇਸਤਰੀਆਂ ਵਿਰੋਧੀ ਹੀ ਨਹੀਂ ਹਨ, ਸਗੋਂ ਮਨੁੱਖ ਜਾਤੀ ਦੇ ਅਤੇ ਜਮਹੂਰੀਅਤ ਦੇ ਵੀ ਖ਼ਿਲਾਫ਼ ਹਨ।
     ਅਜੇ ਇਹ ਮਾਮਲਾ ਕਿਸੇ ਸਿਰੇ-ਕੰਢੇ ਨਹੀਂ ਲੱਗਿਆ ਸੀ ਕਿ ਕੋਜ਼ੀਕੋੜੇ ਵਿਚ ਮੁਕੱਮ ਦੇ ਰਹਿਣ ਵਾਲ਼ੇ ਪੀ. ਮਧੁਸੂਦਨ ਨੇ ਮੁਕੱਮ ਦੇ ਸਬ ਰਜਿਸਟਰਾਰ ਨੂੰ ਇਕ ਦਰਖ਼ਾਸਤ ਦੇ ਕੇ ਆਪਣੇ ਵਿਆਹ ਸਬੰਧੀ ਸਰਟੀਫਿਕੇਟ ਜਾਰੀ ਕੀਤੇ ਜਾਣ ਦੀ ਮੰਗ ਕੀਤੀ। ਇਸ ਬੰਦੇ ਦਾ ਵਿਆਹ ਹੋਏ ਨੂੰ 16 ਸਾਲ ਹੋ ਚੁੱਕੇ ਸਨ ਅਤੇ ਉਸ ਦਾ ਵਿਆਹ, 'ਸਪੈਸ਼ਲ ਮੈਰਿਜਿਜ਼ ਐਕਟ' ਅਧੀਨ ਹੋਇਆ-ਹੋਇਆ ਸੀ। ਇਹੋ ਜਿਹਾ ਸਰਟੀਫਿਕੇਟ ਆਮ ਤੌਰ 'ਤੇ ਦਰਖ਼ਾਸਤ ਦੇਣ ਵਾਲ਼ੇ ਦਿਨ ਹੀ ਬਣਾ ਕੇ ਦੇ ਦਿੱਤਾ ਜਾਂਦਾ ਹੈ। 12 ਜੁਲਾਈ ਦੇ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਅਨੁਸਾਰ, ਸਬੰਧਤ ਮੁਲਾਜ਼ਮਾਂ ਨੇ ਮਧੁਸੂਦਨ ਨੂੰ ਸਰਟੀਫਿਕੇਟ ਬਣਵਾ ਕੇ ਦੇਣ ਦੀ ਥਾਂ ਇਹ ਸਲਾਹ ਦੇ ਦਿੱਤੀ ਕਿ ਉਹ ਸਰਟੀਫਿਕੇਟ ਲੈਣ ਦਾ ਖ਼ਿਆਲ ਛੱਡੇ ਅਤੇ ਦੂਜਾ ਵਿਆਹ ਹੀ ਕਰਾ ਲਵੇ।
     ਅਗਲੇ ਦਿਨੀਂ ਆਈਆਂ ਖ਼ਬਰਾਂ ਅਨੁਸਾਰ, ਕੇਰਲ ਦੇ ਲੋਕ ਨਿਰਮਾਣ ਮੰਤਰੀ ਜੀ. ਸੁਧਾਕਰਨ ਨੇ ਇਸ ਮਾਮਲੇ ਦੇ ਸਬੰਧ ਵਿਚ ਵਿਆਹ ਦਰਜ ਕਰਨ ਸਬੰਧੀ ਵਿਭਾਗ ਦੇ ਚਾਰ ਕਰਮਚਾਰੀ ਮੁਅੱਤਲ ਕਰ ਸੁੱਟੇ ਹਨ। ਕਿਹਾ ਜਾਂਦਾ ਹੈ ਕਿ ਮਧੁਸੂਦਨ ਨੂੰ ਦੂਜਾ ਵਿਆਹ ਕਰਾਉਣ ਦੀ ਸਲਾਹ ਦੇਣ ਤੋਂ ਪਹਿਲਾਂ, ਵਿਆਹ ਦਰਜ ਕਰਨ ਵਾਲ਼ੇ ਮਹਿਕਮੇਂ ਦੇ ਕਰਮਚਾਰੀਆਂ ਨੇ 'ਅੱਜ ਜਾਹ-ਭਲਕੇ ਆਈਂ' ਦੇ ਚੱਕਰ ਵਿਚ ਵੀ ਕਈ ਦਿਨ ਉਲਝਾਈ ਰੱਖਿਆ ਸੀ।
     ਜਦੋਂ ਉਸ ਨੇ ਕਰਮਚਾਰੀਆਂ ਦੇ ਇਸ ਵਤੀਰੇ ਦੇ ਖ਼ਿਲਾਫ਼ ਰੋਸ ਜ਼ਾਹਰ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਉਸ ਦਾ ਮਖ਼ੌਲ ਉਡਾਉਂਦਿਆਂ, ਉਸ ਨੂੰ ਵਿਆਹ ਸਬੰਧੀ ਸਰਟੀਫਿਕੇਟ ਤੁਰੰਤ ਹਾਸਲ ਕਰਨ ਦੀ ਥਾਂ, ਦੂਜਾ ਵਿਆਹ ਕਰਾ ਲੈਣ ਦੀ ਸਲਾਹ ਦੇ ਮਾਰੀ। ਇਸ ਤੋਂ ਮਗਰੋਂ ਮਧੁਸੂਦਨ ਨੇ ਇਹ ਸਾਰੀ ਗੱਲ ਆਪਣੇ ਇਕ ਦੋਸਤ ਨੂੰ ਸੁਣਾਈ ਤਾਂ ਉਸ ਦੇ ਦੋਸਤ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਇਹ ਸਾਰੀ ਆਪ-ਬੀਤੀ, 'ਫੇਸਬੁੱਕ' ਦੇ ਆਪਣੇ ਖਾਤੇ ਵਿਚ ਦਰਜ ਕਰ ਦੇਵੇ। ਉਸ ਨੇ ਏਦਾਂ ਹੀ ਕੀਤਾ ਤਾਂ ਕੁੱਝ ਹੀ ਸਮੇਂ ਵਿਚ ਉਸ ਦੀ ਉਹ 'ਪੋਸਟ' ਅੱਗੇ ਤੋਂ ਅੱਗੇ 'ਸ਼ੇਅਰ' ਕੀਤੀ ਜਾਣ ਦੀ ਵਜ੍ਹਾ ਨਾਲ਼ 'ਵਾਇਰਲ' ਹੋ ਗਈ। ਜਦੋਂ ਉਸ ਦਾ ਮਖ਼ੌਲ ਉਡਾਉਣ ਵਾਲ਼ੇ ਕਰਮਚਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਹੱਥਾਂ-ਪੈਰਾਂ ਦੀਆਂ ਪੈ ਗਈਆਂ। ਉਹ ਇਹ ਕਹਿ-ਕਹਿ ਕੇ, ਬਚ ਨਿੱਕਲਣ ਦੇ ਹੀਲੇ ਕਰਨ ਲੱਗੇ ਕਿ 'ਇਹ ਤਾਂ ਬੱਸ ਸ਼ੁਗ਼ਲ ਜਿਹਾ ਹੀ ਸੀ।' ਪਰ ਤਦ ਤਕ ਇਹ ਸ਼ੁਗ਼ਲ ਉਨ੍ਹਾਂ ਨੂੰ ਕਾਫੀ ਮਹਿੰਗਾ ਪੈ ਚੁੱਕਾ ਸੀ।
      ਚਾਰ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕਰਦਿਆਂ, ਲੋਕ ਨਿਰਮਾਣ ਮੰਤਰੀ ਜੀ. ਸੁਧਾਕਰਨ ਨੇ ਕਿਹਾ, "ਉਸ ਬੰਦੇ (ਮਧੁਸੂਦਨ) ਦਾ ਵਿਆਹ 27 ਫਰਵਰੀ, 2003 ਨੂੰ 'ਸਪੈਸ਼ਲ ਮੈਰਿਜਿਜ਼ ਐਕਟ' ਅਧੀਨ ਹੋਇਆ-ਹੋਇਆ ਸੀ। ਉਸ ਨੂੰ ਵਿਆਹ ਸਬੰਧੀ ਸਰਟੀਫਿਕੇਟ ਦੀ ਇਕ ਤਸਦੀਕਸ਼ੁਦਾ ਨਕਲ ਚਾਹੀਦੀ ਸੀ, ਪਰ ਸਬੰਧਤ ਮੁਲਾਜ਼ਮਾਂ ਦਾ ਚਿੱਤ ਪੁਰਾਣਾ ਰਿਕਾਰਡ ਪੜਤਾਲਣ ਨੂੰ ਨਹੀਂ ਕਰਦਾ ਸੀ। ਉਨ੍ਹਾਂ ਨੇ ਉਸ ਭਲੇਮਾਣਸ ਦਾ ਮਖ਼ੌਲ ਹੀ ਨਹੀਂ ਉਡਾਇਆ, ਸਗੋਂ ਉਸ ਨੂੰ ਦਫ਼ਤਰ ਦੇ ਕਈ ਗੇੜੇ ਲੁਆ ਕੇ ਦੁਖੀ ਵੀ ਕੀਤਾ।" ਇਸ ਦੇ ਨਾਲ਼ ਹੀ ਮੰਤਰੀ ਨੇ ਇਹ ਵੀ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦਾ ਇਹ ਵਤੀਰਾ ਬਹੁਤ ਹੀ ਨਿੰਦਣ ਯੋਗ ਵੀ ਹੈ।
     ਮੰਤਰੀ ਨੇ ਇਹ ਵੀ ਕਿਹਾ ਕਿ ਲੋੜੀਂਦਾ ਸਰਟੀਫਿਕੇਟ ਉਸੇ ਹੀ ਦਿਨ ਬਣਾ ਕੇ ਦਿੱਤਾ ਜਾਣਾ ਬਣਦਾ ਸੀ, ਪਰ ਸਰਕਾਰੀ ਮੁਲਾਜ਼ਮਾਂ ਨੇ ਉਸ ਨੂੰ ਤਿੰਨ ਦਿਨ ਅਟਕਾਈ ਰੱਖਿਆ, ਜਿਸ ਦੀ ਵਜ੍ਹਾ ਨਾਲ਼ ਹੈਰਾਨ-ਪ੍ਰੇਸ਼ਾਨ ਹੋਣ ਦੇ ਨਾਲ਼ ਹੀ ਉਸ ਨੂੰ ਨਜਾਇਜ਼ ਸ਼ਰਮਸਾਰੀ ਦਾ ਸਾਹਮਣਾ ਵੀ ਕਰਨਾ ਪੈਂਦਾ ਰਿਹਾ। ਉਨ੍ਹਾਂ (ਮੰਤਰੀ) ਨੇ ਕਿਹਾ, "ਜਦੋਂ ਉਸ ਵੱਲੋਂ ਸੋਸ਼ਲ ਮੀਡੀਆ ਉੱਤੇ ਪਾਈ ਹੋਈ ਪੋਸਟ ਵੱਲ ਮੇਰਾ ਧਿਆਨ ਗਿਆ ਤਾਂ ਮੈਂ ਆਪਣੇ ਅਮਲੇ ਨੂੰ ਕਿਹਾ ਕਿ ਉਹ ਇਸ ਪੋਸਟ ਦੀ ਪੜਤਾਲ ਕਰਾਵੇ। ਪੜਤਾਲ ਤੋਂ ਪਤਾ ਲੱਗਿਆ ਕਿ ਉਹ ਆਦਮੀ ਸੱਚੀਂ ਹੀ ਬਹੁਤ ਦੁਖੀ ਹੈ। ਇਸ ਤੋਂ ਬਾਅਦ ਮੈਂ ਦੋਸ਼ੀ ਮੁਲਾਜ਼ਮਾਂ ਵਿਰੁੱਧ ਫੌਰੀ ਕਾਰਵਾਈ ਕਰਨ ਦਾ ਹੁਕਮ ਦਿੱਤਾ।"
     ਇਸ ਤਰ੍ਹਾਂ ਕੇਰਲਾ ਦੀ ਕਾਮਰੇਡੀ ਸਰਕਾਰ ਅਤੇ ਉਸ ਦੇ ਅਧਿਕਾਰੀਆਂ ਨੇ ਲੋਕਾਂ ਦੇ ਨੱਕ ਵਿਚ ਦਮ ਕਰ ਕੇ ਦੇਸ਼ ਦੇ ਲੋਕਾਂ ਨੂੰ ਇਹ ਸ਼ੁਕਰ ਮਨਾਉਣ ਲਈ ਮਜਬੂਰ ਕਰ ਦਿੱਤਾ ਹੈ ਕਿ ਚੰਗਾ ਹੈ ਕਿ ਕਮਿਊਨਿਸਟ ਪਾਰਟੀਆਂ ਸਾਰੇ ਦੇਸ਼ ਦੇ ਰਾਜ-ਭਾਗ ਉੱਤੇ ਕਬਜ਼ਾ ਕਰਨ ਵਿਚ ਕਾਮਯਾਬ ਨਹੀਂ ਹੋਈਆਂ, ਨਹੀਂ ਤਾਂ ਪਤਾ ਨਹੀਂ ਇਹ ਕਿਸ ਰੰਗ ਦਾ ਇਨਕਲਾਬ ਲਿਆ ਸੁੱਟਦੀਆਂ। #