ਸ਼ਬਦੰਗਲ-123



ਹੰਸਾਂ ਦੀ ਤਾਂ ਗੱਲ ਈ ਛੱਡੋ, ਵੈਨਕੂਵਰ ਦੇ ਤਾਂ ਕਾਂ ਈ ਮਾਣ ਨ੍ਹੀ
<><><><><><><><><><><><><><><>
     ਜੇ ਕਿਤੇ ਮਾੜਾ-ਮੋਟਾ ਖ਼ਬਰਾਂ ਦਾ ਖ਼ੁਰਾ ਨੱਪਣ ਦਾ ਠਰਕ ਜਿਹਾ ਨਾ ਹੁੰਦਾ ਤਾਂ ਸਾਨੂੰ ਵੀ ਇਸ ਗੱਲ ਦਾ ਕਿੱਥੇ ਪਤਾ ਲੱਗਣਾ ਸੀ ਕਿ ਵੈਨਕੂਵਰ ਦਾ ਇਕ ਕਾਂ, ਹੰਸਾਂ ਨੂੰ ਵੀ ਠਿੱਬੀ ਲਾ ਗਿਆ ਹੈ। ਹੁਣ ਤਾਂ ਉਸ ਕਾਂ ਦਾ ਨਾਂ-ਥਾਂ ਵੀ ਪੱਕਾ ਕਰ’ਤਾ ਗਿਆ ਹੈ। ਥਾਂ ਦੀ ਗੱਲ, ਉਸ ਦੇ ਥਾਂ-ਸਿਰ ਕਰਾਂਗੇ, ਪਹਿਲਾਂ ਦੱਸਾਂਗੇ ਉਸ ਦਾ ਨਾਂ। ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ ਪਹਿਲਾਂ ‘ਟੌਂਡਾ’ ਸਦਾਉਂਦੇ ਰਹੇ, ਇਸ ਕਾਂ ਦਾ ਨਾਂ ‘ਕੈਨੱਕ’ ਯਾਨੀ ‘ਕੈਨੇਡੇਵਾਲ਼ਾ’ ਰੱਖਿਆ ਹੈ। ਉਸ ਦਾ ਨਾਂ ਕਾਂ ਦੀ ਥਾਂ, ਹੰਸ ਰੱਖ ਦਿੰਦੇ ਤਾਂ ਵੀ ਖ਼ਬਰ ਨਹੀਂ ਬਣਨੀ ਸੀ। ਅਸਲ ਵਿਚ, ਜਿਸ ਕਰ ਕੇ ਇਸ ਕਾਂ ਦੀ ਖ਼ਬਰ ਬਣੀ ਅਤੇ ਜਿਸ ਕਰ ਕੇ ਅਸੀਂ ਇਹ ਸਭ ਕੁੱਝ ਲਿਖਣ ਲਈ ਮਜਬੂਰ ਹੋਏ, ਉਹ ਗੱਲ ਇਹ ਹੈ ਕਿ ਇਸ ਕਾਂ ਨੂੰ, ਸੌਰੀ ਬਈ, ‘ਕੈਨੱਕ’ ਨੂੰ, ਪਿਛਲੇ ਦਿਨੀਂ, ਕੈਨੇਡਾ ਦੀ ਟਰੂਡੋ ਸਰਕਾਰ ਨੇ ‘ਪੂਰੀ ਸੁਰੱਖਿਆ’ ਦੇ ਕੇ, ‘ਵੀ. ਆਈ. ਪੀ.’ ਯਾਣੀ ‘ਵੈਰੀ ਇੰਪੌਰਟੈਂਟ ਪਰਸਨ’ ਤਾਂ ਨਹੀਂ, ‘ਵੈਰੀ ਇੰਪੌਰਟੈਂਟ ਪਰਿੰਦਾ’ ਬਣਾਉਣ ਕੇ ਹੁਕਮ ਦੇ ਦਿੱਤੇ ਹਨ।
     ਇਸ ਸਬੰਧ ਵਿਚ 16 ਜੁਲਾਈ ਨੂੰ ਛਪੀ ਖ਼ਬਰ ਵਿਚ ਪੱਤਰਕਾਰਾ ਏਲੀਸੀਆ ਸੀਬਰ ਨੇ ਏਦਾਂ ਲਿਖਿਆ ਹੋਇਆ ਹੈ, “‘ਕੈਨੱਕ’ ਨਾਂ ਦਾ ਇਹ ਕਾਂ, ਜੋ ਹੁਣ ਵੈਨਕੂਵਰ ਦਾ ‘ਪਰਾਂ ਵਾਲ਼ਾ ਸਫ਼ੀਰ’ ਹੀ ਬਣ ਚੁੱਕਾ ਹੈ, ਇਸ ਵੇਲ਼ੇ ਸਰਕਾਰੀ ਹਿਫ਼ਾਜ਼ਤ ਵਿਚ ਹੈ।” ਇਕ ਮਨੁੱਖ ਵਜੋਂ, ‘ਕੈਨੱਕ’ ਦੇ ਸਭ ਤੋਂ ਨਜ਼ਦੀਕੀ ਦੋਸਤ ਸ਼ੌਨ ਬਰਗਮਨ ਨੇ ‘ਫੇਸਬੁੱਕ’ ਦੇ ਪੰਨੇ ‘ਕੈਨੱਕ ਐਂਡ ਆਈ’ ਉੱਤੇ ਪਿਛਲੇ ਦਿਨੀਂ ਇਹ ਐਲਾਨ ਕੀਤਾ ਕਿ ਹੁਣ ‘ਕੈਨੱਕ’ ਫੈਡਰਲ ਸਰਕਾਰ ਦੀ ਸੁਰੱਖਿਆ ਪ੍ਰਾਪਤ ਕਾਂ ਬਣ ਗਿਆ ਹੈ। ‘ਕੈਨੱਕ’, ਉੱਤਰੀ ਅਮਰੀਕਾ ਦਾ ਸਭ ਤੋਂ ਪਹਿਲਾਂ ਕਾਂ ਹੈ, ਜਿਸ ਨੂੰ ਹਰ ਤਰ੍ਹਾਂ ਦੇ ਖ਼ਤਰੇ ਅਤੇ ਗ਼ੈਰ-ਖੋਜੀ ਮੰਤਵਾਂ ਤੋਂ ਮੁਕਤ ਕਰਾਰ ਦਿੰਦਿਆਂ, ਇਕ ਖ਼ਾਸ ਕਿਸਮ ਦਾ ‘ਬੈਂਡ’ ਯਾਨੀ ‘ਛੱਲਾ’ ਪੁਆ ਦਿੱਤਾ ਗਿਆ ਹੈ। ਉਸ ਸਬੰਧੀ ਜਾਣਕਾਰੀ, ਪੰਛੀਆਂ ਦੇ ਸਬੰਧ ਵਿਚ ਉੱਤਰੀ ਅਮਰੀਕਾ ਦੇ ‘ਡੈਟਾ’ ਵਿਚ ਸ਼ਾਮਲ ਕਰ ਦਿੱਤੀ ਗਈ ਹੈ। ‘ਕੈਨੱਕ’ ਨੂੰ ਇਹ ਛੱਲਾ ਕੈਨੇਡਾ ਸਰਕਾਰ ਨੇ ਪੁਆਇਆ ਹੈ।
     ਇਹ ਛੱਲਾ ਯਾਨੀ ਬੈਂਡ ਇਕ ਖ਼ਾਸ ਤਰ੍ਹਾਂ ਦੀ ਧਾਤ ਦਾ ਬਣਿਆ ਹੋਇਆ ਹੈ ਤੇ ਇਹ, ਔਟਵਾ ਦੇ ‘ਫੈਡਰਲ ਬਰਡ ਬੈਂਡਿੰਗ ਆਫਿਸ’ ਨੇ ਮੁਹੱਈਆ ਕੀਤਾ ਹੈ। ਇਸ ਤੋਂ ਪਹਿਲਾਂ ਵੀ ‘ਕੈਨੱਕ’ ਦੀ ਇਕ ਲੱਤ ਵਿਚ ਸੰਤਰੇ ਰੰਗਾ ਇਕ ਬੈਂਡ ਪਾਇਆ ਹੋਇਆ ਹੈ, ਜਿਸ ਦੀ ਮਦਦ ਨਾਲ, ਉਹ ਦੂਰੋਂ ਹੀ ਸਿਆਣਿਆ ਜਾਂਦਾ ਹੈ। ਇਹ ਛੱਲੇ, ਪੰਛੀਆਂ ਦੇ ਖੋਜੀਆਂ ਨੂੰ, ਪੂਰੇ ਜਹਾਨ ਵਿਚੋਂ, ਉਨ੍ਹਾਂ ਦੀ ਭਾਲ਼ ਕਰਨ ਵਿਚ ਮਦਦ ਦਿੰਦੇ ਹਨ। ਇਨ੍ਹਾਂ ਦੀ ਸਹਾਇਤਾ ਨਾਲ਼ ਹੀ ਉਹ, ਇਨ੍ਹਾਂ ਖ਼ਾਸ ਪੰਛੀਆਂ ਦੀ ਨਕਲੋ-ਹਰਕਤ ਉੱਤੇ ਨਜ਼ਰ ਰੱਖਦੇ ਹਨ। ਕੈਨੇਡਾ ਅਤੇ ਅਮਰੀਕਾ ਵਿਚ ਹਰ ਸਾਲ ਔਸਤਨ 12 ਲੱਖ ਪੰਛੀਆਂ ਨੂੰ ‘ਬੈਂਡ’ ਯਾਨੀ ਇਸ ਤਰ੍ਹਾਂ ਦੇ ਛੱਲੇ ਪੁਆਏ ਜਾਂਦੇ ਹਨ।
    ਹੁਣ ਤਕ ਤਾਂ ਸਾਡੀ ਪਾਠਕਾਂ ਵਾਲ਼ੀ ਸਰਕਾਰ ਵੀ ‘ਕੈਨੱਕ’ ਦੀਆਂ ਸਿਫ਼ਤਾਂ ਸੁਣਨ ਲਈ ਬੇਸਬਰੀ ਹੋ ਚੁੱਕੀ ਹੋਵੇਗੀ। ਬਰਗਮਨ ਨੇ ਦੱਸਿਆ ਕਿ ‘ਕੈਨੱਕ’ ਨੂੰ ‘ਫੈਡਰਲ ਬੈਂਡ’ ਪੁਆਉਣ ਦਾ ਖ਼ਿਆਲ, 2016 ਵਿਚ ‘ਕੈਨੱਕ ਐਂਡ ਆਈ’ ਯਾਨੀ ‘ਕੈਨੱਕ ਅਤੇ ਮੈਂ’ ਨਾਂ ਦੀ ਦਸਤਾਵੇਜ਼ੀ ਫ਼ਿਲਮ ਦੀ ਸ਼ੂਟਿੰਗ ਕਰਨ ਦੌਰਾਨ ਉਸ ਵੇਲ਼ੇ ਆਇਆ ਸੀ, ਜਦੋਂ ਉਹ (‘ਕੈਨੱਕ’), ਪੰਛੀਆਂ ਸਬੰਧੀ ਮਾਹਰ ਪਸ਼ੂ ਵਿਗਿਆਨੀ ਰੌਬ ਬਟਲਰ ਨਾਲ਼ ਕੰਮ ਕਰ ਰਿਹਾ ਸੀ। ਸ਼ੌਨ ਬਰਗਮਨ ਨੇ ‘ਫੇਸਬੁੱਕ’ ਦੇ ਪੰਨੇ ‘ਕੈਨੱਕ ਐਂਡ ਆਈ’ ਉੱਤੇ ਪਾਈ ਹੋਈ ਉਸ ਪੋਸਟ ਵਿਚ ਹੀ ਲਿਖਿਆ ਹੋਇਆ ਹੈ ਕਿ ‘ਕੈਨੱਕ’ ਦੇ 114,000 ਪ੍ਰਸ਼ੰਸਕ ਹਨ।
    ਇਹ ਕਾਂ, ਸਰਕਾਰੀ ਅਧਿਕਾਰੀਆਂ ਦੀਆਂ ਨਜ਼ਰਾਂ ਵਿਚ ਕਿਵੇਂ ਚੜ੍ਹਿਆ, ਇਹ ਜਾਨਣਾ, ਇਹ ਦੱਸਣਾ ਵੀ ਬਹੁਤ ਜ਼ਰੂਰੀ ਹੈ ਕਿਉਂ ਕਿ ਕਾਂਵਾਂ ਦੇ ਤਾਂ ਝੁੰਡ ਫਿਰਦੇ ਹਨ। ਚਾਰ ਸਾਲਾਂ ਦਾ ਇਹ ਕਾਂ, 2016 ਵਿਚ ਉਦੋਂ ਮਸ਼ਹੂਰੀ ਖੱਟ ਗਿਆ, ਜਦੋਂ ਇਸ ਨੇ ਇਕ ਪਾਰਕਿੰਗ ਲੌਟ ਵਿਚ ਜੁਰਮ ਵਾਲ਼ੀ ਥਾਂ ਤੋਂ, ਜੁਰਮ ਵਿਚ ਵਰਤਿਆ ਹੋਇਆ ਸਮਝਿਆ ਗਿਆ, ਇਕ ਚਾਕੂ ਆਪਣੀ ਚੁੰਝ ਨਾਲ਼ ਚੁੱਕ ਲਿਆ। ਇਹ ਚਾਕੂ ਉਸ ਵਾਰਦਾਤ ਦਾ ਮੁੱਖ ਸਬੂਤ ਸੀ। ਇਹ ਕਾਂ, ਉਸ ਚਾਕੂ ਨੂੰ ਚੁੱਕ ਕੇ ਉੱਡ ਪਿਆ ਤੇ ਪੁਲੀਸ ਉਸ ਦਾ ਪਿੱਛਾ ਕਰਨ ਲੱਗੀ। ਇਕ ਥਾਂ, ਉਹ ਚਾਕੂ, ਉਸ ਦੀ ਚੁੰਝ ਵਿਚੋਂ ਡਿੱਗ ਪਿਆ ਜਾਂ ਉਸ ਨੇ ਜਾਣ-ਬੁੱਝ ਕੇ ਹੀ ਸੁੱਟ ਦਿੱਤਾ। ਉਸ ਦਿਨ ਤੋਂ ਇਹ ਕਾਂ, ਪੁਲੀਸ ਦੀਆਂ ਨਜ਼ਰਾਂ ਵਿਚ ਚੜ੍ਹ ਗਿਆ। ਇਸ ਤੋਂ ਮਗਰੋਂ ਇਸ ਕਾਂ ਨੂੰ ਇਕ ਦਸਤਾਵੇਜ਼ੀ ਫ਼ਿਲਮ ਦਾ ਅਹਿਮ ਕਿਰਦਾਰ ਬਣਾਇਆ ਗਿਆ। ਬੱਚਿਆਂ ਦੀਆਂ ਕਿਤਾਬਾਂ ਵਿਚ ਵੀ ਇਸ ਕਾਂ ਦੀ ਕਹਾਣੀ ਸ਼ਾਮਲ ਕੀਤੀ ਗਈ ਅਤੇ ਕਈ ‘ਟੀਵੀ ਸਪਾਟਸ’ ਵਿਚ ਇਸ ਦੀ ਹਾਜ਼ਰੀ ਦਿਖਾਈ ਗਈ। ਹੁਣ, ਜਿੱਦਾਂ ਕਿ ਦੱਸਿਆ ਹੀ ਜਾ ਚੁੱਕਾ ਹੈ, ‘ਕੈਨੱਕ’ ਨਾਂ ਦੇ ਇਸ ਕਾਂ ਨੇ ਇਕ ਖ਼ਾਸ ਛੱਲੇ ਦੇ ਰੂਪ ਵਿਚ, ਕੇਂਦਰ ਸਰਕਾਰ ਤੋਂ ਵੀ ਮਾਨਤਾ ਹਾਸਲ ਕਰ ਲਈ ਹੈ।
     ਇਕ ਈਮੇਲ ਰਾਹੀਂ ਦਿੱਤੇ ਇਕ ਬਿਆਨ ਵਿਚ, ਚੌਗਿਰਦੇ ਅਤੇ ਮੌਸਮ ਦੇ ਸਬੰਧ ਵਿਚ, ਕੈਨੇਡਾ ਸਰਕਾਰ ਦੇ ਮਹਿਕਮੇ ‘ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ’ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ‘ਕੈਨੱਕ’ ਨੂੰ ਇਕ ‘ਫੈਡਰਲ ਬੈਂਡ’ ਨਾਲ਼ ਨਵਜ਼ਿਆ ਗਿਆ ਹੈ। ਇਹ ਬੈਂਡ ਜਾਂ ਛੱਲਾ ਪੁਆਉਣ ਦਾ ਉਦੇਸ਼ ‘ਲੋਕਾਂ ਨੂੰ ਪੰਛੀਆਂ ਦੀ ਸਾਂਭ-ਸੰਭਾਲ ਦੇ ਸਬੰਧ ਵਿਚ ਜਗਾਉਣਾ ਅਤੇ ਸਿੱਖਿਆ-ਦੀਖਿਆ ਦੇਣਾ ਹੈ।’ ਇਸ ਤਰ੍ਹਾਂ ਦੇ ਹਰ ਬੈਂਡ ਉੱਤੇ ਇਕ ਖ਼ਾਸ ਨੰਬਰ ਹੁੰਦਾ ਹੈ, ਜਿਸ ਦੀ ਸਹਾਇਤਾ ਨਾਲ਼ ਵਿਗਿਆਨੀ, ਉਸ ਪੰਛੀ ਦੀ ਭਾਲ ਕਰ ਸਕਦੇ ਹਨ, ਜਿਸ ਦੀ ਲੱਤ ਵਿਚ ਉਹ ਬੈਂਡ ਪਾਇਆ ਹੁੰਦਾ ਹੈ। ਇਸ ਮਹਿਕਮੇ ਦੇ ਬੁਲਾਰੇ ਜੈੱਨ ਗੀਅਰੇ ਦਾ ਕਹਿਣ ਹੈ, “ਪੰਛੀਆਂ ਨੂੰ ਬੈਂਡ ਰਾਹੀਂ ਉਨ੍ਹਾਂ ਸਬੰਧੀ ਖੋਜ ਕਰਨ ਲਈ, ਉਨ੍ਹਾਂ ਨੂੰ ਨਜ਼ਰ ਵਿਚ ਰੱਖਣ ਖ਼ਾਤਰ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਖ਼ਾਤਰ ਜਾਣਕਾਰੀ ਮਿਲਦੀ ਰਹਿੰਦੀ ਹੈ।”
     ਜੈੱਨ ਗੀਅਰੇ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਕਿ ‘ਵੈਨਕੂਵਰ ਏਵੀਅਨ ਰਿਸਰਚ ਸੈਂਟਰ’ ਕੋਲ ਪੰਛੀਆਂ ਨੂੰ ਬੈਂਡ ਪਾਉਣ ਦਾ ‘ਫੈਡਰਲ ਪਰਮਿਟ’ ਹੈ। ਇਸ ਸੈਂਟਰ ਦੇ ਚੇਅਰਮੈਨ ਡੇਰੇਕ ਮੈਥਿਊਜ਼ ਦਾ ਕਹਿਣ ਹੈ ਕਿ ਬੈਂਡ ਪਾਏ ਜਾਣ ਮਗਰੋਂ ‘ਕੈਨੱਕ’ ਆਪਣੇ ਮਨਭਾਉਂਦੇ ਖਾਜੇ ਯਾਨੀ ‘ਐੱਗ ਮੈਕਮੱਫਿਨ’ ਦਾ ਬਹੁਤ ਆਨੰਦ ਮਾਣਦਾ ਹੈ। ਮੈਥਿਊਜ਼ ਨੇ ਸਾਨੂੰ ਉਹ ਵਿਡੀਓ ਵੀ ਦਿਖਾਈ, ਜਿਸ ਵਿਚ ‘ਕੈਨੱਕ’ ਦੀ ਸੱਜੀ ਲੱਤ ਵਿਚ ਨਵਾਂ ਚਾਂਦੀ ਰੰਗਾ ਬੈਂਡ ਅਤੇ ਉਸ ਦੀ ਖੱਬੀ ਲੱਤ ਵਿਚ ਉਸ ਦਾ ਟਰੇਡਮਾਰਕ ਵਾਲ਼ਾ ਸੰਗਤਰੀ ਰੰਗ ਵਾਲ਼ਾ ਛੱਲਾ ਪਾਇਆ ਹੋਇਆ ਦਿਸਦਾ ਹੈ। ਸੰਗਤਰੀ ਰੰਗਾ ਛੱਲਾ, ਵੈਨਕੂਵਰ ਦੇ ਉਸ ਵਿਅਕਤੀ ਵੱਲੋਂ ਪਾਇਆ ਹੋਇਆ ਹੈ, ਜਿਸ ਨੇ ਪਹਿਲੀ ਵਾਰ ‘ਕੈਨੱਕ’ ਨੂੰ ਬਚਾਇਆ ਸੀ।
‘ਫੇਸਬੁੱਕ’ ਉੱਤੇ ਬਣਾਏ ਹੋਏ ਪੰਨੇ ‘ਕੈਨੱਕ ਐਂਡ ਆਈ’ ਵਿਚ ਦਰਜ ਵੇਰਵੇ ਅਨੁਸਾਰ, ਇਹ ਕਾਂ, 2015 ਵਿਚ ਵੈਨਕੂਵਰ ਦੇ ਇਕ ਵਿਅਕਤੀ ਨੇ ਉਸ ਵੇਲ਼ੇ ਬਚਾ ਲਿਆ ਸੀ, ਜਦੋਂ ਉਹ (ਕੈਨੱਕ), ਇਕ ਬੋਟ ਦੇ ਰੂਪ ਵਿਚ, ਆਪਣੇ ਆਲ੍ਹਣੇ ਵਿਚੋਂ ਡਿੱਗ ਪਿਆ ਸੀ। ਉਦੋਂ ਤੋਂ ਸ਼ੌਨ ਬਰਗਮਨ ਨਾਂ ਦਾ ਇਹ ਬੰਦਾ, ‘ਕੈਨੱਕ’ ਦਾ ਆੜੀ ਹੈ ਤੇ ਹੁਣ ਉਹ, ‘ਫੇਸਬੁੱਕ’ ਉੱਤੇ ਬਣਾਏ ਹੋਇਆ ਉਹ ਪੰਨਾ ‘ਕੈਨੱਕ ਐਂਡ ਆਈ’ ਚਲਾਉਂਦਾ ਹੈ।
    2018 ਵਿਚ ‘ਕੈਨੱਕ’, ‘ਸੀ. ਬੀ. ਸੀ.’ ਵੱਲੋਂ ਸੋਸ਼ਲ ਮੀਡੀਆ ਉੱਤੇ ਕਰਾਏ ਗਏ ਇਕ ਮੁਕਾਬਲੇ ਵਿਚ, ਮਾਈਕਲ ਜੇ. ਫੌਕਸ, ਸੇਠ ਰੌਜਨ ਅਤੇ ਡੇਵਿਡ ਸੁਜ਼ੂਕੀ ਜਿਹੀਆਂ ਹਸਤੀਆਂ ਨੂੰ ਪਛਾੜ ਕੇ ਵੈਨਕੂਵਰ ਦਾ ‘ਅਨਔਫੀਸ਼ੀਅਲ ਅੰਬੈਸੇਡਰ’ ਯਾਨੀ ‘ਗ਼ੈਰਸਰਕਾਰੀ ਸਫ਼ੀਰ’ ਚੁਣਿਆ ਗਿਆ ਸੀ।
     2016 ਦੇ ਮਈ ਮਹੀਨੇ ਦੀ 26 ਤਾਰੀਖ਼ ਦੀ ਗੱਲ ਹੈ ਕਿ ‘ਕੈਨੱਕ’ ਵਾਰਦਾਤ ਵਾਲ਼ੀ ਇਕ ਥਾਂ ਤੋਂ ਆਪਣੀ ਚੁੰਝ ਨਾਲ਼ ਇਕ ਚਾਕੂ ਚੁੱਕ ਕੇ ਉੱਡ ਪਿਆ। ਓਦਣ ਹੀ, ਹੇਸਟਿੰਗਜ਼ ਅਤੇ ਕੈਸੀਅਰ ਦੇ ਮੈਕਡੌਨਲਡ’ਜ਼ ਪਾਰਕਿੰਗ ਲੌਟ ਵਿਚ ਇਕ ਕਾਰ ਸੜ ਜਾਣ ਦੇ ਮਾਮਲੇ ਦੀ ਜਾਂਚ ਕਰ ਰਹੀ, ਵੈਨਕੂਵਰ ਦੀ ਪੁਲੀਸ ਦਾ ਸਾਹਮਣਾ, ਚਾਕੂ ਵਾਲ਼ੇ ਇਕ ਬੰਦੇ ਨਾਲ਼ ਹੋ ਗਿਆ। ਇਸ ਟਕਰਾਅ ਵਿਚ ਇਕ ਪੁਲੀਸ ਅਫ਼ਸਰ ਨੇ ਉਸ ਚਾਕੂ ਵਾਲ਼ੇ ਨੂੰ ਗੋਲੀ ਮਾਰ ਦਿੱਤੀ ਤੇ ਉਹ ਜ਼ਖ਼ਮੀ ਹੋ ਗਿਆ। ਪੁਲੀਸ ਆਲ਼ੇ-ਦੁਆਲ਼ੇ ਦੇ ਇਲਾਕੇ ਵਿਚ ਤਫ਼ਤੀਸ਼ ਕਰਦੀ ਫਿਰ ਰਹੀ ਸੀ ਕਿ ਅਚਾਨਕ ਹੀ ਇਹ ਕਾਂ ਉੱਥੇ ਜਾ ਪਹੁੰਚਿਆ। ਮੌਕੇ ਉੱਤੇ ਹਾਜ਼ਰ ਪੱਤਰਕਾਰ ਵੀ ਦੇਖ ਰਹੇ ਸਨ ਕਿ ‘ਕੈਨੱਕ’ ਨੇ ਉਡਾਰੀ ਭਰ ਕੇ ਉੱਥੋਂ ਕੋਈ ਚੀਜ਼ ਆਪਣੀ ਚੁੰਝ ਨਾਲ਼ ਚੁੱਕ ਲਈ।
    ‘ਸੀ. ਬੀ. ਸੀ.’ ਵੱਲੋਂ ਦੱਸਣ ਅਨੁਸਾਰ, ‘ਵੈਨਕੂਵਰ ਕੋਰੀਅਰ’ ਦੇ ਪੱਤਰਕਾਰ ਮਾਈਕ ਹਾਓਵੈੱਲ ਦਾ ਕਹਿਣ ਹੈ, “ਇਕ ਪੁਲੀਸ ਮੁਲਾਜ਼ਮ ਨੇ 15-20 ਕੁ ਫੁਟ ਉਸ ਕਾਂ ਦਾ ਪਿੱਛਾ ਕੀਤਾ। ਇਹ ਸਭ ਕੁੱਝ ਸੱਚੀਂ ਹੀ ਬਹੁਤ ਅਜੀਬ ਜਿਹਾ ਲੱਗ ਰਿਹਾ ਸੀ। ਮੈਨੂੰ ਵਾਰਦਾਤਾਂ ਵਾਲ਼ੀਆਂ ਥਾਂਵਾਂ ਤੋਂ ਰਿਪੋਰਟਿੰਗ ਕਰਦੇ ਨੂੰ ਤਕਰੀਬਨ 20 ਸਾਲ ਹੋਣ ਵਾਲ਼ੇ ਹਨ, ਪਰ ਮੈਂ ਇਹੋ ਜਿਹਾ ਸਭ ਕੁੱਝ ਹੁੰਦਾ ਕਦੇ ਨਹੀਂ ਦੇਖਿਆ ਕਿ ਕੋਈ ਕਾਂ, ਮੌਕਾ-ਇ-ਵਾਰਦਾਤ ਤੋਂ ਚਾਕੂ ਚੁੱਕਣ ਦਾ ਹੀਲਾ ਕਰੇ।”
     ਇਸ ਕਾਂ ਦਾ ਕਿੱਸਾ ਪਹਿਲੀ ਵਾਰ ਹੀ ਸੁਣਾਇਆ ਜਾ ਰਿਹਾ ਹੋਵੇ, ਅਜਿਹੀ ਵੀ ਕੋਈ ਗੱਲ ਨਹੀਂ। ਕਹਿੰਦੇ ਹਨ ਕਿ ਇਕ ਵਾਰ ਇਸ ਨੇ ਇਕ ਸਾਈਕਲ ਸਵਾਰ ਉੱਤੇ ਹਮਲਾ ਕਰ ਦਿੱਤਾ ਸੀ ਤੇ ਇਕ ਵਾਰ ਇਸ ਨੂੰ ਸਕਾਈ ਟ੍ਰੇਨ ਉੱਤੇ ਸਫ਼ਰ ਕਰਦਿਆਂ ਵੀ ਦੇਖਿਆ ਗਿਆ ਸੀ। ਪੱਤਰਕਾਰਾਂ ਦੀ ਨਜ਼ਰ ਵਿਚ ‘ਕੈਨੱਕ’ ਕੋਈ ਸਾਧਾਰਨ ਪੰਛੀ ਨਹੀਂ ਸੀ ਤੇ ਉਸ ਨੇ ਇਹ ਗੱਲ, ਪਿਛਲੇ ਸਾਲ, ਸਤੰਬਰ ਵਿਚ ‘ਸੀ. ਬੀ. ਸੀ.’ ਦੇ ਡਾਨ ਬਿਊਰਿੱਟ ਨਾਲ਼ ਇਕ, ਐਵੀਂ-ਮੁੱਚੀ ਦੇ ਇੰਟਰਵਿਊ ਵਿਚ ਵੀ ਸਾਬਤ ਕਰ ਦਿੱਤੀ ਸੀ। ਐਵੇਂ ਇਹ ਪੜ੍ਹ ਕੇ ਕਿਤੇ ਤ੍ਰਬਕ ਨਾ ਜਾਣਾ ਮੇਰੇ ਪਾਠਕ ਮਿਹਰਬਾਨ, ਕਿ ਈਸਟ ਵੈਨਕੂਵਰ ਦਾ ਇਹ ਕਾਂ, ਵਿਹਲੇ ਵੇਲ਼ੇ ਸਕਾਈ ਟ੍ਰੇਨ ਉੱਤੇ ਝੂਟੇ ਲੈਣ ਮਗਰੋਂ ਅੱਜ-ਕੱਲ੍ਹ ਹਾਲ਼ੀਵੁੱਡ ਉੱਪਰ ਵੀ ਗੇੜੇ ਮਾਰਦਾ ਹੈ।#