ਤੇਰਾਂ ਸਾਲਾ ਪਾਹੜਾ ਕਿੱਦਾਂ ਬਣਿਆ
'ਕੋਰੀਅਰ ਕੰਪਨੀ ਦਾ ਮਾਲਕ'
<><><><><><><>
ਮੁੰਬਈ ਵਿਚ ਇਨ੍ਹੀਂ ਦਿਨੀਂ ਕਿਸੇ ਇਸ਼ਤਿਹਾਰਬਾਜ਼ ਕੰਪਨੀ ਵੱਲੋਂ ਬਣਾਈ ਹੋਈ 'ਮਸ਼ਹੂਰੀ' (ਇਸ਼ਤਿਹਾਰ) ਵਰਗਾ ਇਕ ਫ਼ਿਕਰਾ, "ਕਿਆ ਆਪ (ਕਾ ਕੋਰੀਅਰ) ਆਠਵੀਂ ਪਾਸ ਸੇ ਤੇਜ਼ ਹੈ?" ਬੜਾ ਹੀ ਪ੍ਰਚੱਲਤ ਹੈ। ਇਸ ਦੀ ਵਜ੍ਹਾ ਹੀ, ਇਹ ਲੇਖ ਲਿਖਣ ਦੀ ਵਜ੍ਹਾ ਹੈ। ਅਕਸਰ ਹੀ ਅਸੀਂ ਆਪਣੇ ਫੋਨ ਚਾਰਜਰਜ਼, ਈਅਰਫੋਨਜ਼, ਛਤਰੀਆਂ ਜਾਂ ਆਪਣਾ ਕੋਈ ਹੋਰ ਛੋਟਾ-ਮੋਟਾ ਸਾਮਾਨ ਆਪਣੇ ਦਫ਼ਤਰਾਂ ਵਿਚ ਜਾਂ ਦੋਸਤਾਂ ਦੇ ਘਰੀਂ ਭੁੱਲ ਆਉਂਦੇ ਹਾਂ। ਜੇ ਇਹੋ ਜਿਹੀ ਕੋਈ ਗ਼ਲਤੀ ਕਿਸੇ ਤੋਂ ਕੋਈ ਕੰਮ ਸ਼ੁਰੂ ਕਰਾ ਕੇ, ਉਸ ਨੂੰ ਬਹੁਤ ਵੱਡਾ ਕਾਰੋਬਾਰੀ ਬਣਾ ਦੇਵੇ ਤੇ ਉਹ ਵੀ ਮਸਾਂ ਤੇਰਾਂ ਸਾਲ ਦੀ ਉਮਰ ਵਿਚ, ਤਾਂ ਲੇਖ ਲਿਖਣਾ ਤਾਂ ਬਣਦੈ ਹੀ ਹੈ ਨਾ!
ਜੇ ਗੱਲ ਅਜੇ ਵੀ ਗੇੜ ਵਿਚ ਨਹੀਂ ਆਈ ਤਾਂ ਅਸੀਂ ਲਿਆਉਨੇਂ ਹਾਂ। ਮੁੰਬਈ ਦੇ ਇਕ ਤੇਰਾਂ ਸਾਲਾ ਮੁੰਡੇ ਤਿਲਕ ਮਹਿਤਾ ਨੂੰ ਵੀ ਆਪਣੀਆਂ ਕਿਤਾਬਾਂ ਜਾਂ ਹੋਰ ਸਾਮਾਨ, ਲੋਕਾਂ ਦੇ ਘਰੀਂ ਭੁੱਲ ਆਉਣ ਦੀ ਆਦਤ ਸੀ। ਉਸ ਦੀ ਇਸ ਆਦਤ ਦੀ ਵਜ੍ਹਾ ਨਾਲ਼ ਹੀ, ਇਸ ਵੇਲ਼ੇ ਉਹ, ਮੁੰਬਈ ਦੀ ਇਕ ਇਹੋ ਜਿਹੀ ਕੋਰੀਅਰ ਕੰਪਨੀ 'ਪੇਪਰਜ਼ ਐੱਨ ਪਾਰਸਲਜ਼' ਦਾ ਮਾਲਕ ਹੈ, ਜੋ ਮੁੰਬਈ ਦੇ ਅੰਦਰ ਕੋਈ ਪਾਰਸਲ ਉਸੇ ਹੀ ਦਿਨ 4 ਤੋਂ 8 ਘੰਟਿਆਂ ਵਿਚ ਪਹੁੰਚਾ ਦਿੰਦੀ ਹੈ। ਤਿਲਕ ਮਹਿਤਾ, ਮੁੰਬਈ ਦੇ ਗਰੋਦੀਆ ਇੰਟਰਨੈਸ਼ਨਲ ਸਕੂਲ ਦੀ ਅੱਠਵੀਂ ਜਮਾਤ ਵਿਚ ਪੜ੍ਹਦਾ ਹੈ।
ਇਕ ਦਿਨ, ਤਿਲਕ ਆਪਣੀਆਂ ਕੁੱਝ ਕਿਤਾਬਾਂ, ਆਪਣੇ ਚਾਚੇ ਦੇ ਘਰ ਭੁੱਲ ਆਇਆ। ਘਰ ਆ ਕੇ ਜਦੋਂ ਉਸ ਨੂੰ ਆਪਣੀਆਂ ਉਨ੍ਹਾਂ ਕਿਤਾਬਾਂ ਦੀ ਲੋੜ ਵੀ ਪਈ ਤਾਂ ਉਸ ਦੇ ਮਨ ਵਿਚ ਇਹ ਗੱਲ ਆਈ ਕਿ ਏਦਾਂ ਨਹੀਂ ਹੋ ਸਕਦਾ ਕਿ ਕੋਈ ਜਣਾ, ਉਸ ਦੀਆਂ ਉਹ ਕਿਤਾਬਾਂ ਉਸ ਨੂੰ ਕੋਰੀਅਰ ਰਾਹੀਂ ਪਹੁੰਚਾ ਦੇਵੇ?
"ਮੈਂ ਆਪਣੇ ਘਰ ਬੈਠਾ ਇਹੋ ਸੋਚ ਰਿਹਾ ਸਾਂ ਕਿ ਮੇਰੀ ਨਜ਼ਰ, ਸਾਡੀ ਬਿਲਡਿੰਗ ਵਿਚ ਫਿਰਦੇ, ਇਕ 'ਡੱਬੇ ਵਾਲ਼ੇ' ਉੱਤੇ ਪਈ। ਉਦੋਂ ਹੀ ਮੈਨੂੰ 'ਪੇਪਰਜ਼ ਐੱਨ ਪਾਰਸਲਜ਼' ਸਥਾਪਤ ਕਰਨ ਦਾ ਫੁਰਨਾ, ਫੁਰ ਗਿਆ। ਮੈਂ ਇਨ੍ਹਾਂ 'ਡੱਬੇ ਵਾਲ਼ਿਆਂ' ਦੀ ਚੁਸਤੀ-ਫੁਰਤੀ ਅਤੇ ਉਨ੍ਹਾਂ ਦੇ ਕੰਮ ਸਬੰਧੀ ਤਾਣੇ-ਬਾਣੇ ਬਾਰੇ ਸੋਚ-ਸੋਚ ਹੈਰਾਨ ਹੁੰਦਾ ਰਹਿੰਦਾ ਸੀ। ਫਿਰ ਮੈਂ ਸੋਚਿਆ ਕਿ ਕੀ ਇਨ੍ਹਾਂ ਦੀ ਵਰਤੋਂ, 'ਖਾਣਾ ਪਹੁੰਚਾਉਣ' ਦੇ ਨਾਲ਼ ਹੀ ਕੁੱਝ ਹੋਰ ਚੀਜ਼ਾਂ (ਯਾਨੀ ਕਿ ਕਿਤਾਬਾਂ ਵੀ) ਪਹੁੰਚਾਉਣ ਲਈ ਨਹੀਂ ਕੀਤੀ ਜਾ ਸਕਦੀ?" ਤਿਲਕ ਮਹਿਤਾ ਨੇ ਆਪਣੀ ਕੰਪਨੀ ਦਾ ਮੁੱਢ ਬੱਝਣ ਬਾਰੇ ਪੁੱਛਣ 'ਤੇ ਦੱਸਿਆ। ਉਸ ਨੇ ਕਿਹਾ, "ਇਸ ਦਾ ਕੋਈ ਮਤਲਬ ਨਹੀਂ ਕਿ ਮੈਂ ਹਾਲੇ ਬਹੁਤ ਛੋਟਾਂ ਜਾਂ ਮੈਂ ਅਜੇ ਸਕੂਲ ਜਾਨਾਂ। ਮੈਨੂੰ ਇਕ ਮਸਲਾ ਪੇਸ਼ ਆਇਆ, ਜੋ ਮੈਂ ਹੱਲ ਕਰਨਾ ਹੀ ਸੀ।" ਤਿਲਕ ਮਹਿਤਾ ਦੇ ਪਿਤਾ ਵਿਸ਼ਾਲ ਮਹਿਤਾ, ਜੋ ਵਿਉਂਤਕ ਸਨਅਤ ਦੇ ਮੰਨੇ-ਪ੍ਰਮੰਨੇ ਮਾਹਰ ਹਨ, ਨੇ ਇਸ ਫੁਰਨੇ ਨੂੰ ਅਮਲੀ ਜਾਮਾ ਪੁਆਉਣ ਵਿਚ ਆਪਣੇ ਜੁਗਾੜੂ ਪੁੱਤਰ ਦੀ ਮਦਦ ਕੀਤੀ।
ਤਿਲਕ ਨੇ ਆਪਣਾ ਕੰਮ ਚਲਾਉਣ ਲਈ, ਕਈ ਪਾਸੀਂ ਹੱਥ-ਪੈਰ ਮਾਰੇ। ਅੰਤ ਵਿਚ ਉਸ ਨੂੰ ਜਚੇ ਤਾਂ ਬੱਸ 'ਡੱਬੇ ਵਾਲ਼ੇ'। ਆਪਣਾ ਕੰਮ ਸ਼ੁਰੂ ਕਰਨ ਸਾਰ ਉਸ ਨੇ 'ਪੇਪਰਜ਼ ਐੱਨ ਪਾਰਸਲਜ਼ ਮੋਬਾਈਲ ਐਪ' ਵੀ ਬਣਵਾ ਕੇ ਠੇਲ੍ਹ ਦਿੱਤੀ। ਇਸ ਤੋਂ ਮਗਰੋਂ ਉਸ ਨੇ ਆਪਣੇ ਪਾਰਸਲ ਟਿਕਾਣੇ ਸਿਰ ਅਪੜਾਉਣ ਲਈ 'ਊਬਰ' ਕੰਪਨੀ ਨਾਲ਼ ਵੀ ਗੰਢ-ਤੁੱਪ ਕਰ ਲਈ। ਇਸ ਕੰਮ ਵਿਚ ਸ਼ਾਮਲ 'ਡੱਬੇ ਵਾਲ਼ਿਆਂ' ਨੂੰ 'ਪੀ ਐੱਨ ਪੀ ਐਪ' ਵਾਲ਼ੇ ਐਂਡਰਾਇਡ ਫੋਨ ਮੁਹੱਈਆ ਕੀਤੇ ਗਏ। ਇਸ ਕੰਪਨੀ ਦੀਆਂ ਸੇਵਾਵਾਂ ਲੈਣ ਵਾਲ਼ਿਆਂ ਨੂੰ ਇਹ ਐਪ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ ਤੇ ਇਸ ਐਪ ਦੀ ਮਦਦ ਨਾਲ਼ ਉਨ੍ਹਾਂ ਨੂੰ ਇਹ ਯਕੀਨ ਹੋ ਜਾਂਦਾ ਕਿ ਉਨ੍ਹਾਂ ਦੇ ਮਾਲ ਦਾ ਪਾਰਸਲ ਕਿੰਨੇ ਵਜੇ ਤਕ ਉਨ੍ਹਾਂ ਦੇ ਹੱਥਾਂ ਵਿਚ ਹੋਵੇਗਾ। ਐਪ ਦੀ ਮਦਦ ਨਾਲ਼ ਹੀ, ਪਾਰਸਲ ਪ੍ਰਾਪਤ ਕਰਨ ਵਾਲ਼ੇ ਦੇ ਟਿਕਾਣੇ ਦਾ ਪਤਾ ਲਗਾਉਣ ਵਿਚ ਆਸਾਨੀ ਰਹਿੰਦੀ ਹੈ।
ਕੰਪਨੀ ਵੱਲੋਂ ਕਿਸੇ 'ਡੱਬੇ ਵਾਲ਼ੇ' ਨੂੰ ਕਿਸੇ ਬੰਦੇ ਦੇ ਘਰੋਂ ਪਾਰਸਲ ਲੈ ਕੇ ਕਿਸੇ ਹੋਰ ਦੇ ਘਰ ਦੇਣ ਸਬੰਧੀ ਹਦਾਇਤਾਂ ਫੋਨ ਰਾਹੀਂ ਦਿੱਤੀਆਂ ਜਾਂਦੀਆਂ ਹਨ। ਉਹ 'ਡੱਬੇ ਵਾਲ਼ਾ', ਉਹ ਪਾਰਸਲ, ਕੰਪਨੀ ਦੇ ਮੁੱਖ ਟਿਕਾਣੇ ਪਹੁੰਚਾਵੇਗਾ ਤੇ ਉੱਥੋਂ ਉਹ ਪਾਰਸਲ, ਜਿਸ ਬੰਦੇ ਦੇ ਪਤੇ ਉੱਤੇ ਪਹੁੰਚਾਉਣਾ ਹੁੰਦਾ ਹੈ, ਪਹੁੰਚਾਇਆ ਜਾਂਦਾ ਹੈ। ਟਿਕਾਣੇ ਦੀ ਦੂਰੀ ਦੇ ਹਿਸਾਬ ਨਾਲ਼ ਐਪ, ਪਾਰਸਲ ਪਹੁੰਚਾਉਣ ਦਾ ਸਮਾਂ ਦੱਸਦੀ ਹੈ। ਇਕ ਗੱਲ ਪੱਕੀ ਹੈ ਕਿ ਹਰ ਪਾਰਸਲ 'ਸਾਂ-ਦਿਹਾੜੀ' ਯਾਨੀ ਉਸੇ ਹੀ ਦਿਨ ਟਿਕਾਣੇ-ਸਿਰ ਪਹੁੰਚਾਇਆ ਜਾਂਦਾ ਹੈ। ਇਹ ਕੰਮ ਕਰਨ ਬਦਲੇ 'ਡੱਬੇ ਵਾਲ਼ਿਆਂ' ਨੂੰ ਮਿੱਥੀਆਂ ਤਨਖ਼ਾਹਾਂ ਮਿਲਦੀਆਂ ਹਨ। ਤਿਲਕ ਮਹਿਤਾ, ਇਨ੍ਹਾਂ ਕਾਮਿਆਂ ਨੂੰ ਆਪਣਾ ਕੰਮ ਕਰਨ ਦੇ ਨਾਲ਼-ਨਾਲ਼, ਇਹ ਕੰਮ ਕਰਨ ਦੀ ਸਹੂਲਤ ਦੇਣ ਦੇ ਨਾਲ਼, ਕਈ ਹੋਰ ਸਹੂਲਤਾਂ ਦੇਣ ਦੀਆਂ ਸਕੀਮਾਂ ਵੀ ਬਣਾ ਰਿਹਾ ਹੈ।
ਮੁੰਬਈ ਵਿਚ ਇਸ ਕੰਪਨੀ ਦੇ 5000 ਮੁਲਾਜ਼ਮਾਂ ਵਿਚੋਂ, 300 ਤਾਂ 'ਡੱਬੇ ਵਾਲ਼ੇ' ਹੀ ਹਨ। ਇਸ ਕੰਪਨੀ ਦੀ 'ਐਪ' ਤਾਂ ਕੰਮ ਕਰ ਹੀ ਰਹੀ ਹੈ, ਇਸ ਦੀ ਗਾਹਕ-ਸੇਵਾ ਲਈ, ਇਕ 'ਹੈਲਪਲਾਈਨ' ਵੀ ਸਥਾਪਤ ਕੀਤੀ ਹੋਈ ਹੈ। ਤਿਲਕ ਮਹਿਤਾ ਦਾ ਕਹਿਣ ਹੈ, "'ਡੱਬੇ ਵਾਲ਼ਿਆਂ' ਦੀ ਵਰਤੋਂ ਕਰ ਕੇ ਅਸੀਂ ਬਹੁਤ ਸਸਤੇ ਭਾਅ ਉੱਤੇ ਵਿਸ਼ਵ ਪੱਧਰ ਦੀ ਸੇਵਾਵਾਂ ਦਿੰਦੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਅਸੀਂ, ਗਾਹਕਾਂ ਦੀ ਸਹੂਲਤ ਮੁਤਾਬਿਕ, ਇਕ ਦਿਨ ਵਿਚ ਕਈ ਵਾਰ ਸੇਵਾ ਮੁਹੱਈਆ ਕਰੀਏ। ਅਸੀਂ ਮਾਲ ਦੀ ਆਮਦ ਦੇ ਹਿਸਾਬ ਨਾਲ਼ ਤਿੰਨ ਗੇੜੇ ਮਾਰਨ ਦੀਆਂ ਵਿਉਂਤਾਂ ਵੀ ਬਣਾ ਰਹੇ ਹਾਂ।"
ਇਸ ਕੰਪਨੀ ਦੀ, ਕੋਰੀਅਰ ਪਹੁੰਚਾਉਣ ਦੀ ਲਾਗਤ 45 ਤੋਂ 50 ਰੁਪਏ ਹੈ, ਜੋ ਹੋਰ ਕੰਪਨੀਆਂ ਦੇ ਖ਼ਰਚੇ ਦਾ ਚੌਥਾ ਹਿੱਸਾ ਹੀ ਹੈ। ਹੋਰ ਕੋਈ ਵੀ ਕੋਰੀਅਰ ਕੰਪਨੀ, ਉਸੇ ਦਿਨ ਪਹੁੰਚਾਏ ਜਾਣ ਦੇ ਵਾਅਦੇ ਨਾਲ਼, ਦਿਨੇ 2.30 ਵਜੇ ਕੋਰੀਅਰ ਨਹੀਂ ਫੜਦੀ। ਇਸ ਤੋਂ ਮਗਰੋਂ ਫੜੇ ਗਏ ਸਾਰੇ ਕੋਰੀਅਰ ਅਗਲੇ ਦਿਨ ਹੀ ਪਹੁੰਚਾਉਣ ਦਾ ਰਿਵਾਜ ਹੈ। 'ਪੀ ਐਂਡ ਪੀ' ਹੀ ਹੈ, ਜੋ 2.30 ਵਜੇ ਫੜੇ ਕੋਰੀਅਰ ਵੀ ਉਸੇ ਦਿਨ ਅਤੇ ਸਸਤੇ ਭਾਅ ਪਹੁੰਚਾਉਂਦੀ ਹੈ। ਗਾਹਕ ਨੂੰ, ਆਪਣੀ ਸੇਵਾ ਦਾ ਇਵਜ਼ਾਨਾ ਬਹੁਤ ਹੀ ਸੌਖੇ ਢੰਗ ਨਾਲ਼ ਅਦਾ ਕਰਨ ਦੀਆਂ ਕਈ ਸਹੂਲਤਾਂ ਹਨ। ਇਸ ਵੇਲ਼ੇ ਇਸ ਕੰਪਨੀ ਦੇ ਪੱਕੇ ਗਾਹਕਾਂ ਵਿਚ ਹਜ਼ਾਰਾਂ ਵੱਡੀਆਂ-ਛੋਟੀਆਂ ਕੰਪਨੀਆਂ ਸ਼ਾਮਲ ਹਨ ਅਤੇ ਹਰ ਰੋਜ਼, ਨਵੇਂ ਗਾਹਕ ਬਣਨ ਲਈ 1000 ਤੋਂ 1200 ਤਕ ਦਰਖ਼ਾਸਤਾਂ ਆਉਂਦੀਆਂ ਹਨ। ਤਿਲਕ ਦੇ ਕਹਿਣ ਅਨੁਸਾਰ, ਇਹ ਦਰਖ਼ਾਸਤਾਂ ਅਗਲੇ ਛੇ ਮਹੀਨੇ ਵਿਚ 2000 ਤੋਂ 5000 ਹੋਣ ਦੇ ਆਸਾਰ ਹਨ।
ਇਸ ਕੰਪਨੀ ਦੇ ਪਸਾਰ ਦੀ ਰਫ਼ਤਾਰ ਦੇਖ ਕੇ ਲੋਕ ਹੈਰਾਨ ਹਨ। ਗੁਜਰਾਤ ਦੀ ਇਕ ਯੂਨੀਵਰਸਿਟੀ ਨੇ ਤਿਲਕ ਮਹਿਤਾ ਨੂੰ ਆਪਣੀ ਕੰਪਨੀ ਦੀ ਕਾਰਗ਼ੁਜ਼ਾਰੀ ਬਾਰੇ ਭਾਸ਼ਨ ਦੇਣ ਦਾ ਸੱਦਾ ਵੀ ਭੇਜਿਆ ਹੋਇਆ ਹੈ। ਤਿਲਕ ਦੇ ਪਰਿਵਾਰ ਨੇ ਸ਼ੁਰੂ-ਸ਼ੁਰੂ ਵਿਚ, ਉਸ ਦੀ ਕੰਪਨੀ ਵਿਚ ਪੈਸੇ ਲਗਾਏ ਸਨ, ਪਰ ਇਸ ਵੇਲ਼ੇ ਇਹ ਕੰਪਨੀ ਆਪਣੇ ਦਮ 'ਤੇ ਚੱਲ ਰਹੀ ਹੈ। ਕੰਪਨੀ ਵੱਲੋਂ ਆਪਣੇ ਪੈਰ ਹੋਰ ਪੱਕੇ ਕਰ ਲੈਣ ਮਗਰੋਂ ਤਿਲਕ ਆਪਣੇ ਮਾਪਿਆਂ ਵੱਲੋਂ ਦਿੱਤੀ ਹੋਈ ਸਾਰੀ ਰਕਮ ਵਾਪਸ ਕਰਨ ਦਾ ਇਰਾਦਾ ਰੱਖਦਾ ਹੈ। ਓਦਾਂ ਤਿਲਕ ਇਸ ਕੰਪਨੀ ਦੇ ਹੋਰ ਪਸਾਰ ਲਈ, ਇਸ ਕੰਪਨੀ ਵਿਚ ਸਰਮਾਇਆਕਾਰੀ ਕਰਾਉਣ ਦੇ ਰਾਹ ਖੋਲ੍ਹਣ ਬਾਰੇ ਵੀ ਸੋਚ ਰਿਹਾ ਹੈ।
ਭਾਵੇਂ ਤਿਲਕ ਮਹਿਤਾ ਇਸ ਕੰਪਨੀ ਦਾ ਇਕਲੌਤਾ ਬਾਨੀ ਤੇ ਮਾਲਕ ਹੈ, ਪਰ ਉਸ ਨੇ ਆਪਣੇ ਚਾਚੇ ਘਨਸ਼ਾਮ ਪਾਰਿਖ ਤੋਂ ਬੈਂਕ ਦੀ ਨੌਕਰੀ ਛੁਡਾ ਕੇ, ਉਸ ਨੂੰ ਇਸ ਕੰਪਨੀ ਦਾ 'ਸੀ. ਈ. ਓ.' ਬਣਾਇਆ ਹੋਇਆ ਹੈ। ਕੰਪਨੀ ਦੀ ਸਿਖ਼ਰਲੀ ਟੀਮ ਵਿਚ ਪ੍ਰਾਜੈਕਟ ਕੋਆਰਡੀਨੇਟਰ ਵੈਸ਼ਾਲੀ ਨੰਦੂ ਹੈ ਅਤੇ ਮੋਬਾਈਲ ਤੇ ਵੈੱਬ ਤਕਨਾਲੋਜੀ ਦੇ ਸਾਲਾਂ ਬੱਧੀ ਤਜਰਬਾਕਾਰ ਜਿਗਨੇਸ਼ ਬ੍ਰਹਮਖੱਤਰੀ ਕੰਪਨੀ ਦੇ 'ਸੀ. ਟੀ. ਓ.' ਹਨ। ਇਸ ਵੇਲ਼ੇ ਇਸ ਕੰਪਨੀ ਵਿਚ 180 ਅਧਿਕਾਰੀ ਹਨ। ਤਿਲਕ ਆਪਣੀ ਕੰਪਨੀ ਵੱਲ ਪੂਰਾ ਧਿਆਨ ਦੇਣ ਖ਼ਾਤਰ, ਹਰ ਹਫ਼ਤੇ ਆਪਣੇ ਪੰਜ ਦਿਨ, ਆਪਣੇ ਸਕੂਲ ਅਤੇ ਕੰਪਨੀ ਨੂੰ ਦਿੰਦਾ ਹੈ ਜਦੋਂ ਕਿ ਹਫ਼ਤੇ ਦੇ ਆਖ਼ਰੀ ਦੋ ਦਿਨ, ਵਿਹਲ ਦੇ ਹਿਸਾਬ ਨਾਲ਼ ਆਪਣੇ ਕੰਮ ਅਤੇ ਸ਼ੁਗ਼ਲ-ਮੇਲੇ ਨੂੰ ਦਿੰਦਾ ਹੈ। ਉਹ ਦੱਸਦਾ ਹੈ, "ਚਾਰ ਵਜੇ ਤਕ ਆਪਾਂ ਸਕੂਲੇ ਹੋਈਦੈ ਤੇ ਉੱਥੋਂ ਨਿੱਕਲਦਿਆਂ ਹੀ ਸਿੱਧੇ ਦਫ਼ਤਰ ਵਿਚ। ਜੇ ਕਿਸੇ ਵਜ੍ਹਾ ਨਾਲ਼ ਏਦਾਂ ਨਾ ਹੋ ਸਕੇ, ਮੈਂ ਫੋਨ ਰਾਹੀਂ ਖ਼ਬਰ-ਸਾਰ ਲੈਂਦਾ-ਸੁਣਦਾ ਰਹਿੰਦਾ ਹੈ। ਹਫ਼ਤੇ ਦੇ ਮਗਰਲੇ ਦੋ ਦਿਨੀਂ, ਪਹਿਲੇ ਦਿਨ ਦੁਪਹਿਰ ਤਕ ਆਮ ਤੌਰ 'ਤੇ ਦਫ਼ਤਰੀ ਮੀਟਿੰਗਾਂ ਵਿਚ ਅਤੇ ਬਾਕੀ ਡੇਢ ਦਿਨ ਪੜ੍ਹਾਈ ਅਤੇ ਖੇਡਣ ਵਿਚ ਨਿੱਕਲ ਜਾਂਦੈ।
ਤਿਲਕ ਨੇ ਇਹ ਕੰਮ ਸ਼ੁਰੂ ਕਰਨ ਖ਼ਾਤਰ, ਸਭ ਤੋਂ ਪਹਿਲਾਂ, ਬੈਂਕਿੰਗ ਅਤੇ ਫਾਇਨਾਂਸ ਵਿਚ ਮਾਹਰ ਆਪਣੇ ਚਾਚੇ ਘਨਸ਼ਾਮ ਪਾਰਿਖ ਨਾਲ਼ ਗੱਲ-ਬਾਤ ਚਲਾਉਣੀ ਸ਼ੁਰੂ ਕੀਤੀ। ਇਸ ਮਾਮਲੇ ਵਿਚ ਉਸ ਨੇ ਆਪਣੇ ਚਾਚੇ ਨੂੰ, ਬੈਂਕ ਦੀ ਨੌਕਰੀ ਛੱਡ ਕੇ ਆਪਣੇ ਨਾਲ਼ ਰਲ਼ਣ ਲਈ ਮਨਾ ਲਿਆ। ਇਸ ਤੋਂ ਮਗਰੋਂ ਉਹ ਦੋਵੇਂ ਜਣੇ 'ਡੱਬੇ ਵਾਲ਼ਿਆਂ' ਦੇ ਮਗਰ ਲੱਗ ਗਏ। ਤਿਲਕ ਦੇ ਦੱਸਣ ਅਨੁਸਾਰ, "ਫੇਰ ਮੈਂ ਤੇ ਚਾਚਾ ਜੀ, ਇਸ ਕੰਪਨੀ ਦੀ ਪਰਪੋਜ਼ਲ, ਪਾਪਾ (ਵਿਸ਼ਾਲ ਮਹਿਤਾ) ਕੋਲ ਲੈ ਕੇ ਗਏ। ਉਨ੍ਹਾਂ ਨੇ ਸਾਡੀ ਗੱਲ ਸੁਣੀ ਤੇ ਉਹ, ਇਹ ਤਜਵੀਜ਼ ਅੱਗੇ ਵਧਾਉਣੀ ਮੰਨ ਗਏ, ਪਰ 'ਲਾਜਿਸਟਿਕ ਕੰਪਨੀ' 'ਰੁਸ਼ਭ ਸੀਲਿੰਕ' ਦੇ 'ਚੀਫ ਐਗਜ਼ੀਕਿਊਟਿਵ' ਵਜੋਂ ਪਾਪਾ ਨੇ ਇਸ ਕੰਮ ਵਿਚ, ਆਸ ਮੁਤਾਬਿਕ ਉਤਸ਼ਾਹ ਨਾ ਦਿਖਾਇਆ, ਜਿਸ ਕਰ ਕੇ ਮੈਨੂੰ ਕਾਫੀ ਮੁਸ਼ੱਕਤ ਭਰੇ ਖੋਜ-ਕਾਰਜ ਵਿਚੋਂ ਲੰਘਣਾ ਪਿਆ ਤੇ ਇਹ ਕੰਪਨੀ ਸਥਾਪਤ ਕਰਨ ਤੋਂ ਪਹਿਲਾਂ, ਚਾਰ ਮਹੀਨੇ ਇਹ ਕੰਮ ਚਲਾ ਕੇ ਦਿਖਾਉਣਾ ਪਿਆ।"
'ਡੱਬਾ ਵਾਲਾ ਐਸੋਸੀਏਸ਼ਨ' ਦੇ ਬੁਲਾਰੇ ਸੁਭਾਸ਼ ਤਾਲੇਕਰ ਦਾ ਕਹਿਣ ਹੈ ਕਿ 'ਡੱਬੇ ਵਾਲ਼ੇ' ਆਪਣਾ ਦਿਨ ਭਰ ਦਾ ਕੰਮ ਨਿਬੇੜਨ ਮਗਰੋਂ, ਰਹਿੰਦੇ ਪੈਕਿਟ ਘਰੋ-ਘਰੀ ਪਹੁੰਚਾਉਂਦੇ ਹਨ। ਉਹ ਕਹਿੰਦੇ ਹਨ, "ਸਾਡੀ ਜਥੇਬੰਦੀ ਨੇ 'ਪੀ. ਐੱਨ ਪੀ.' ਨਾਲ਼ ਇਸ ਕੰਮ ਸਬੰਧੀ ਕੋਈ ਲ਼ਿਖਤ-ਪੜ੍ਹਤ ਨਹੀਂ ਕੀਤੀ ਹੋਈ। ਹਾਂ, ਕੁੱਝ ਵਾਧੂ ਆਮਦਨ ਖ਼ਾਤਰ 'ਡੱਬੇ ਵਾਲ਼ਿਆਂ' ਨੂੰ ਇਹ ਕੰਮ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ। ਕਿਸੇ ਨੇ ਇਹ ਕੰਮ ਕਰਨਾ ਹੈ ਜਾਂ ਨਹੀਂ, ਇਹ ਉਸ ਦੀ ਮਰਜ਼ੀ ਹੈ।"
