ਇਹ ਕਿਹੋ ਜਿਹੀ ਪੱਤਰਕਾਰੀ ਹੈ ਪਿਆਰੇ ਟੋਰੰਟੋ ਸਟਾਰ?
<><><><><><><><><><><><><><>
ਕੁੱਝ ਦਿਨ ਪਹਿਲਾਂ ਕੈਨੇਡਾ ਦੇ ਬਹੁਤ ਵੱਡੇ ਅਤੇ ਖੱਬੀਖ਼ਾਨ ਕਹਾਉਂਦੇ ਅਖ਼ਬਾਰ ਨੇ 'ਟਵਿੱਟਰ' ਰਾਹੀਂ ਇਕ 'ਸ਼ੁਰਲੀ' ਛੱਡ ਕੇ, ਕੈਨੇਡਾ ਦੇ ਨਿਊ ਡੈਮੋਕ੍ਰੈਟ ਆਗੂ ਜਗਮੀਤ ਸਿੰਘ ਨੂੰ ਇਕ ਮਾਸਾਹਾਰੀ ਟਿੱਚਰ ਕੀਤੀ, ਜਿਸ ਦਾ ਗੁੱਸਾ, ਕੈਨੇਡਾ ਦੇ ਸਿੱਖ-ਜਗਤ ਨੇ ਹੀ ਨਹੀਂ ਕੀਤਾ, ਸਗੋਂ ਸਾਰੇ ਜਹਾਨ ਵਿਚ ਇਸ ਅਖ਼ਬਾਰ ਅਤੇ ਇਸ ਦੀ ਪੱਤਰਕਾਰੀ ਉੱਤੇ 'ਥੂ-ਥੂ' ਅਤੇ 'ਤੋਏ-ਤੋਏ' ਹੋ ਗਈ ਹੈ। ਇਸ ਅਖ਼ਬਾਰ ਵੱਲੋਂ ਕੀਤੇ ਹੋਏ 'ਟਵੀਟ' ਵਿਚ ਕੀਤੀ ਗਈ ਟਿੱਚਰ ਦਾ ਸਿੱਧਾ-ਸਾਦਾ ਪੰਜਾਬੀ ਅਨੁਵਾਦ ਇਹ ਹੈ, "ਜਗਮੀਤ ਸਿੰਘ ਕਿਹੜੇ-ਕਿਹੜੇ ਮੁੱਦੇ ਤੇਰੇ ਦਿਲ ਦੇ ਕਰੀਬ ਹਨ? ਬਟਰ ਚਿੱਕਨ ਨਾਲ਼ ਰੋਟੀ ਖਾਣ ਲਈ ਕਿਹੜੀ ਥਾਂ ਵਧੀਆ ਹੈ? ਲੋਕ ਤੇਰੇ ਕੋਲੋਂ ਜਾਨਣਾ ਚਾਹੁੰਦੇ ਹਨ।"
...
ਇੰਟਰਨੈੱਟ ਉੱਤੇ ਇਹ ਟਿੱਪਣੀ ਨਸ਼ਰ ਹੋ ਜਾਣ ਮਗਰੋਂ ਇਸ ਮੁੱਦੇ ਨੇ, ਇਕ ਤਰ੍ਹਾਂ ਨਾਲ਼ ਇੰਟਰਨੈੱਟ ਨੂੰ ਫੂਕਣਾ ਹੀ ਲੈ ਲਿਆ, ਤੋੜਨਾ ਹੀ ਲੈ ਲਿਆ। ਇਸ ਤੋਂ ਮਗਰੋਂ, ਕੈਨੇਡਾ ਦਾ ਸਭ ਤੋਂ ਵੱਧ ਛਪਣ ਵਾਲ਼ਾ ਇਹ ਅਖ਼ਬਾਰ ਸੁੱਚੇ-ਸੱਚੇ ਪਾਠਕਾਂ ਦੀਆਂ ਹੀ ਨਹੀਂ, ਨਿਰਪੱਖ ਪੱਤਰਕਾਰਾਂ ਦੀਆਂ ਵੀ ਅੱਖਾਂ ਵਿਚ ਰੜਕਣ ਲੱਗ ਪਿਆ ਹੈ। ਟਿੱਚਰ ਵਰਗੀ ਇਹ ਟਿੱਪਣੀ ਇੰਟਰਨੈੱਟ ਉੱਤੇ ਨਸ਼ਰ ਹੋਣ ਤੋਂ ਕੁੱਝ ਹੀ ਘੰਟਿਆਂ ਅੰਦਰ ਨਾ ਸਿਰਫ਼ ਮਿਟਾਉਣੀ ਪਈ, ਸਗੋਂ ਇਸ ਅਖ਼ਬਾਰ ਦੇ ਪ੍ਰਬੰਧਕਾਂ ਨੂੰ ਇਸ ਸਬੰਧ ਵਿਚ ਤੁਰੰਤ ਮੁਆਫ਼ੀ ਮੰਗਣ ਤੋਂ, ਤੁਰੰਤ ਹੀ ਬਾਅਦ ਜਗਮੀਤ ਸਿੰਘ ਨੂੰ ਕੀਤੇ ਗਏ ਕੁੱਝ ਸੁਆਲਾਂ-ਜੁਆਬਾਂ ਦਾ ਇਕ ਸਿਲਸਿਲਾ 'ਕਿਊ ਐਂਡ ਏ' ਵਿੱਢਣਾ ਪੈ ਗਿਆ।
ਇਸ ਸਬੰਧ ਵਿਚ ਕੀਤੇ ਗਏ ਇਕ ਇਤਰਾਜ਼ ਦੇ ਜੁਆਬ ਵਿਚ 'ਟੋਰਾਂਟੋ ਸਟਾਰ' ਵੱਲੋਂ 'ਟਵਿੱਟਰ' ਰਾਹੀਂ ਹੀ ਮੰਗੀ ਗਈ ਮੁਆਫ਼ੀ ਦਾ ਸਿੱਦਾ-ਸਾਦਾ ਅਨੁਵਾਦ ਇਸ ਤਰ੍ਹਾਂ ਹੈ, "ਤੁਸੀਂ ਸਹੀ ਫ਼ਰਮਾਇਆ ਹੈ ਅਤੇ ਇਹ ਪ੍ਰਵਾਨਗੀਯੋਗ ਨਹੀਂ ਹੈ ਅਤੇ ਨਾਵਾਜਬ ਹੈ। ਅਸੀਂ ਇਸ ਲਈ ਮੁਆਫ਼ੀ ਵੀ ਮੰਗ ਲਈ ਹੈ ਤੇ ਜੇ ਤੁਸੀਂ ਇਸ ਸਬੰਧ ਵਿਚ ਸਾਨੂੰ ਹੋਰ ਪ੍ਰਤੀਕਰਮ ਭੇਜਣੇ ਚਾਹੋ ਤਾਂ ਕਿਰਪਾ ਕਰ ਕੇ, ਤੁਸੀਂ ਉਹ, ਸਾਡੇ 'ਪਬਲਿਕ ਐਡੀਟਰ' ਨੂੰ ਈਮੇਲ ਰਾਹੀਂ ਇਸ ਪਤੇ ਉੱਤੇ ਭੇਜਿਓ:publiced@thestar.ca
ਇਹ ਭੱਦੀ ਟਿੱਪਣੀ ਹਟਾਏ ਜਾਣ ਮਗਰੋਂ, ਨਿਊ ਡੈਮੋਕ੍ਰੇਟ ਲੀਡਰ ਜਗਮੀਤ ਸਿੰਘ ਨਾਲ ਸੁਆਲਾਂ-ਜੁਆਬਾਂ ਦਾ ਸਿਲਸਿਲਾ 'ਕਿਊ ਐਂਡ ਏ' ਛਾਪਣਾ ਸ਼ੁਰੂ ਕਰ ਦਿੱਤਾ ਹੈ। ਇਸ ਮਾੜੀ ਘਟਨਾ ਨੇ ਇਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਕੋਈ ਵੀ ਅਖ਼ਬਾਰ, ਲੋਕਾਂ ਤੋਂ ਵੱਡਾ ਨਹੀਂ ਹੁੰਦਾ। ਲੋਕ ਹੀ ਹਨ, ਜੋ ਕਿਸੇ ਅਖ਼ਬਾਰ ਨੂੰ ਸਿਰ-ਮੱਥੇ ਬਹਾਉਂਦੇ ਹਨ ਤੇ ਲੋਕ ਹੀ ਹਨ, ਜੋ ਸਿਰ ਉੱਤੇ ਬਹਾਏ ਨੂੰ ਲਾਹ ਕੇ, ਪੈਰਾਂ ਹੇਠ ਰੁਲ਼ਾਉਂਦੇ ਹਨ। ਅਖ਼ਬਾਰ ਲੋਕਾਂ ਦੇ ਹੁੰਦੇ ਹਨ, ਹੁਕਮਰਾਨਾਂ ਜਾਂ ਸਿਆਸਤਦਾਨਾਂ ਦੇ ਨਹੀਂ ਹੁੰਦੇ। 'ਟੋਰਾਂਟੋ ਸਟਾਰ' ਵੱਲੋਂ ਕੀਤੀ ਹੋਈ ਇਹ ਟੁਚੀ ਹਰਕਤ ਪੱਤਰਕਾਰੀ ਦੇ ਇਤਿਹਾਸ ਵਿਚ, ਬਹੁਤ ਹੀ ਪੱਕੀ ਸਿਆਹੀ ਨਾਲ ਨੁਮਾਇਆ ਇਬਾਰਤ ਵਿਚ ਲਿਖੀ ਜਾਵੇਗੀ। ਇਸ ਅਖ਼ਬਾਰ ਦੀ ਨਿਰਪੱਖਤਾ ਦੇ ਮੱਥੇ ਉੱਤੇ ਲੱਗਿਆ ਇਹ ਕਾਲ਼ਾ ਟਿੱਕਾ ਕਦੇ ਨਹੀਂ ਮਿਟੇਗਾ। ਇਸ ਅਖ਼ਬਾਰ ਨੇ ਹੀ ਇਕ ਥਾਂ, ਇਹ ਲਿਖਿਆ ਹੋਇਆ ਹੈ ਕਿ ਜੇ ਤੁਸੀਂ ਸਮਝਦੇ ਹੋ 'ਉਨ੍ਹਾਂ' ਨੇ ਕੁੱਝ ਗ਼ਲਤ ਕੀਤਾ ਹੈ ਤਾਂ ਤੁਸੀਂ ਸੱਚ ਹੀ ਕਹਿੰਦੇ ਹੋ।
ਇੱਥੇ ਦੱਸਣਾ ਬਣਦਾ ਹੈ ਕਿ ਜਗਮੀਤ ਸਿੰਘ ਵਰਗੇ ਨਾਮ ਲੇਵਾ ਅਤੇ ਸਾਬਤ-ਸਬੂਤੇ ਅਤੇ ਗੁਰੂ ਦੇ ਹੁਕਮ ਦੇ ਪਾਬੰਦ ਸਿੱਖ ਨੂੰ ਇਹ ਸੁਆਲ ਪੁੱਛਣਾ ਕੋਈ ਮਖ਼ੌਲ ਨਹੀਂ, ਸਗੋਂ ਇਕ ਬਹੁਤ ਹੀ ਬੱਜਰ ਗੁਨਾਹ ਹੈ। ਗੁਰੂ ਦੇ ਹੁਕਮ ਅਨੁਸਾਰ, ਚੱਲਣ ਵਾਲ਼ਾ ਸਿੱਖ, ਗੁਰੂ ਦੀਆਂ ਬਾਣੀਆਂ ਦਾ ਪਾਠੀ ਤੇ ਵਿਚਾਰਕ ਹੀ ਨਹੀਂ ਹੁੰਦਾ, ਸਗੋਂ ਉਹ 'ਮਾਸਾਹਾਰੀ ਭੋਜਨ' ਖਾਣਾ ਤਾਂ ਦੂਰ, ਉਸ ਨੂੰ ਛੁੰਹਦਾ ਤਕ ਵੀ ਨਹੀਂ ਹੈ।
ਦੂਜੇ ਪਾਸੇ 'ਟੋਰਾਂਟੋ ਸਟਾਰ' ਦੀ ਇਹ ਟਿੱਪਣੀ ਜਗਮੀਤ ਸਿੰਘ ਦੇ ਦਸਤਾਰਧਾਰੀ ਸਿਰ, ਇਹ ਦੋਸ਼ ਮੜ੍ਹਦੀ ਹੈ ਕਿ ਉਹ, ਹੋਰ ਭਾਰਤੀਆਂ ਵਾਂਗ 'ਬਟਰ ਚਿਕਨ' ਖਾਣ ਦਾ ਸ਼ੌਕੀਨ ਹੈ। ਕੁੱਝ ਲੋਕਾਂ ਦਾ ਕਹਿਣ ਹੈ ਕਿ ਇਹ ਤਾਂ ਭਲਾ ਹੋਵੇ 'ਟਵਿੱਟਰ' ਵਾਲ਼ਿਆਂ ਦਾ, ਜਿਨ੍ਹਾਂ ਨੇ ਆਪਣੀਆਂ ਟਿੱਪਣੀਆਂ ਮਿਟਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ, ਨਹੀਂ ਤਾਂ ਇਸ ਨਸਲੀ ਟਿੱਪਣੀ ਨਾਲ਼ ਦੂਰ ਤਕ 'ਅੰਨ੍ਹਾ ਖ਼ਿਲਾਰਾ' ਪੈ ਸਕਦਾ ਸੀ। ਇਹ ਨਸਲੀ 'ਟਵੀਟ' ਮਿਟਾ ਕੇ 'ਟੋਰਾਂਟੋ ਸਟਾਰ' ਨੇ ਇਕ ਲਿਖਤੀ ਟਿੱਪਣੀ ਵਿਚ ਇਹ ਕਿਹਾ ਹੋਇਆ ਹੈ, "ਇਸ ਸਬੰਧ ਵਿਚ, ਸਾਡੇ ਪਹਿਲੇ 'ਟਵੀਟ' ਦੀ ਸੁਰ ਅਤੇ ਇਬਾਰਤ ਬਹੁਤ ਹੀ ਨਾਵਾਜਬ ਸੀ ਤੇ ਇਸ ਨੂੰ ਨਸ਼ਰ ਕਰਨ ਤੋਂ ਪਹਿਲਾਂ, ਇਸ ਦਾ ਸੰਪਾਦਨ ਨਹੀਂ ਕੀਤਾ ਗਿਆ ਸੀ। ਸਾਨੂੰ ਸੱਚੀਂ ਹੀ ਇਸ ਗੱਲ ਦਾ ਬਹੁਤ ਜ਼ਿਆਦਾ ਅਫ਼ਸੋਸ ਹੈ। ਸਾਨੂੰ ਪਤਾ ਹੈ ਕਿ ਸਾਡੀ ਇਸ ਕਰਤੂਤ ਨਾਲ਼ ਤੁਹਾਡੇ ਵਿਸ਼ਵਾਸ ਨੂੰ ਠੇਸ ਪਹੁੰਚੀ ਹੈ ਤੇ ਤੁਹਾਡਾ ਨਿਰਾਦਰ ਹੋਇਆ ਹੈ....।"
ਜੇ 'ਟੋਰਾਂਟੋ ਸਟਾਰ' ਵੱਲੋਂ ਤੁਰੰਤ ਹੀ ਇਸ ਸਬੰਧ ਵਿਚ ਲੋੜੀਂਦੀ ਕਾਰਵਾਈ ਨਾ ਕੀਤੀ ਜਾਂਦੀ ਤਾਂ ਬਹੁਤ ਜ਼ਿਆਦਾ ਔਖਿਆਈ ਹੋ ਸਕਦੀ ਸੀ ਕਿਉਂ ਕਿ ਜਹਾਨ ਭਰ ਵਿਚ 2 ਕਰੋੜ, 70 ਲੱਖ ਸਿੱਖ ਹਨ, ਜਿਨ੍ਹਾਂ ਵਿਚੋਂ ਪੌਣੇ 5 ਕੁ ਲੱਖ ਕੈਨੇਡਾ ਵਿਚ ਅਤੇ 5 ਲੱਖ ਹੀ ਅਮਰੀਕਾ ਵਿਚ ਵਸਦੇ ਹਨ। ਕੈਨੇਡਾ ਵਿਚ ਸਿੱਖਾਂ ਦੀ ਗਿਣਤੀ ਦਿਨੋ-ਦਿਨ ਵਧ ਵੀ ਰਹੀ ਹੈ। ਇਸ ਲਈ ਅਮਰੀਕਾ ਅਤੇ ਕੈਨੇਡਾ ਵਿਚ ਸਿੱਖਾਂ ਦੇ ਧਾਰਮਕ ਅਕੀਦਿਆਂ ਦੇ ਸਬੰਧ ਵਿਚ ਬਿਆਨਬਾਜ਼ੀ ਬਹੁਤ ਹੀ ਜ਼ਬਤ ਅਤੇ ਜ਼ਿੰਮੇਵਾਰੀ ਨਾਲ਼ ਕਰਨੀ ਬਣਦੀ ਹੈ।
ਇਸ ਸਬੰਧ ਵਿਚ ਸੋਸ਼ਲ ਮੀਡੀਆ, ਖ਼ਾਸ ਤੌਰ 'ਤੇ 'ਟਵਿੱਟਰ' ਨੂੰ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਉਂ ਕਿ ਲੋਕਾਂ ਦੀਆਂ ਟਿੱਪਣੀਆਂ ਨਸ਼ਰ ਤਾਂ ਉਸ ਰਾਹੀਂ ਹੀ ਕੀਤੀਆਂ ਜਾਂਦੀਆਂ ਹਨ। 'ਟਵਿੱਟਰ' ਨੂੰ ਆਪਣਾ ਸੰਪਾਦਕੀ ਮੰਡਲ ਸਥਾਪਤ ਕਰਨ ਦੀ ਲੋੜ ਹੈ। ਪੱਤਰਕਾਰੀ ਕਰਨ ਦੇ ਢੰਗ ਬਦਲ ਸਕਦੇ ਹਨ, ਪਰ ਉਸ ਵਿਚੋਂ ਸੰਜੀਦਗੀ ਅਤੇ ਜ਼ਬਤ ਕਦੇ ਵੀ ਮਨਫ਼ੀ ਨਹੀਂ ਕੀਤੇ ਜਾ ਸਕਣਗੇ। ਸੋਸ਼ਲ ਮੀਡੀਆ ਵਿਚ ਪੱਤਰਕਾਰੀ ਦੇ ਸੰਦ-ਔਜ਼ਾਰ ਬਦਲ ਸਕਦੇ ਹਨ, ਸਰੋਕਾਰ ਨਹੀਂ ਬਦਲ ਸਕਦੇ। ਜੇ ਕੋਈ ਛੋਟਾ ਅਤੇ ਆਮ ਅਖ਼ਬਾਰ ਕੋਈ ਗ਼ਲਤ ਟਿੱਪਣੀ ਕਰੇ ਤਾਂ ਵੀ ਫ਼ਰਕ ਤਾਂ ਪੈਂਦਾ ਹੀ ਹੈ, ਪਰ ਜਦੋਂ ਟਿੱਪਣੀ ਕਰਨ ਵਾਲ਼ਾ ਅਖ਼ਬਾਰ 'ਟੋਰਾਂਟੋ ਸਟਾਰ' ਹੋਵੇ ਅਤੇ ਉਸ ਨੇ ਇਹ ਟਿੱਪਣੀ ਕਰਨ ਖ਼ਾਤਰ ਵਰਤੋਂ ਵੀ ਸੋਸ਼ਲ ਮੀਡੀਆ ਦੀ ਕੀਤੀ ਹੋਵੇ ਤਾਂ ਉਸ ਦੀ ਨੀਅਤ ਅਤੇ ਨੀਤੀ ਉੱਤੇ ਸ਼ੱਕ ਪੈਣਾ ਹੀ ਪੈਣਾ ਹੈ ਤੇ ਉਸ ਦੀ ਟਿੱਪਣੀ ਦਾ ਅਸਰ ਹੋਣਾ ਹੀ ਹੋਣਾ ਹੈ। ਇਸ ਲਈ ਵੱਡੇ ਅਖ਼ਬਾਰਾਂ ਨੂੰ ਤਾਂ ਹੋਰ ਵੀ ਫੂਕ-ਫੂਕ ਪਬ ਧਰਨ ਦੀ ਲੋੜ ਹੈ।
'ਟੋਰੰਟੋ ਸਟਾਰ' ਨੇ ਆਪਣੇ 'ਟਵਿੱਟਰੀ ਖਾਤੇ' ਉੱਤੇ ਇਹ ਟਿੱਪਣੀ ਕਰ ਕੇ, ਜਗਮੀਤ ਸਿੰਘ ਦਾ ਮਖ਼ੌਲ ਉਡਾਉਣ ਦੇ ਬਹਾਨੇ, ਪਤਾ ਨਹੀਂ ਕਿਹੜੀ ਪਾਰਟੀ ਦੀ ਝੋਲੀ ਚੁੱਕੀ ਹੈ, ਪਰ ਇਹੋ ਜਿਹੀਆਂ 'ਬਦਖੋਹੀਆਂ' ਕਰਨਾ, ਕਈ ਵਾਰ, ਕਰਨ ਵਾਲ਼ਿਆਂ ਨੂੰ ਵੀ ਮਹਿੰਗਾ ਪੈ ਸਕਦਾ ਹੈ। ਹੁਣ ਦੇਖ ਲਓ, ਇਸ ਅਖ਼ਬਾਰ ਨੂੰ ਇਹ ਵਹਯਾਤ ਟਿੱਪਣੀ ਹੀ ਹਟਾਉਣੀ ਨਹੀਂ ਪੈ ਗਈ, ਸਗੋਂ ਇੰਟਰਨੈੱਟ ਰਾਹੀਂ, ਜਗਮੀਤ ਸਿੰਘ ਨੂੰ ਨੂੰ ਕੀਤੇ ਜਾ ਰਹੇ ਸੁਆਲਾਂ-ਜੁਆਬਾਂ ਦਾ, 'ਕਿਊ ਐਂਡ ਏ' ਸਿਰਲੇਖ ਹੇਠ ਇਕ ਸਿਲਸਿਲਾ ਵੀ ਵਿੱਢਣਾ ਪੈ ਗਿਆ। ਓਦਾਂ ਸ਼ਾਇਦ, ਇਸ ਤਰ੍ਹਾਂ ਦਾ ਕਾਲਮ ਨੁਮਾ ਸਿਲਸਿਲਾ ਖੋਲ੍ਹਣ-ਖੁਲ੍ਹਾਉਣ ਦਾ ਖ਼ਾਬ ਵੀ ਨਾ ਆਉਣ ਦਿੱਤਾ ਜਾਂਦਾ। ਇਕ ਬਟਰ ਚਿੱਕਨ ਦੇ ਆਸਰੇ ਨਾਲ਼ ਜਗਮੀਤ ਸਿੰਘ ਵਰਗੇ ਮਜ਼ਬੂਤ ਉਮੀਦਵਾਰ ਨੂੰ ਹਰਾਉਣ ਦੇ ਹੀਲੇ ਕਰਨ ਵਾਲ਼ੇ ਕਿਤੇ ਆਪਣੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਹੀ ਜ਼ਬਤ ਨਾ ਕਰਾ ਬਹਿਣ।
'ਟੋਰਾਂਟੋ ਸਟਾਰ' ਨੇ ਆਪਣੀ ਟਿੱਪਣੀ ਵਾਪਸ ਲੈ ਕੇ ਗੱਲ ਮੁਕਾਉਣ ਦਾ ਐਲਾਨ ਕਰਨ ਦੀ ਥਾਂ, 'ਟਵਿੱਟਰ' ਰਾਹੀਂ ਹੀ ਇਕ ਹੋਰ ਟਿੱਪਣੀ ਕਰ ਕੇ, ਆਪਣੇ ਸਮਕਾਲੀ ਅਖ਼ਬਾਰ 'ਦ ਟੋਰਾਂਟੋ ਸੱਨ' ਨਾਲ਼ ਵੀ ਚਿੰਜੜੀ ਛੇੜ ਲਈ ਹੈ। ਇਸ ਟਿੱਪਣੀ ਰਾਹੀਂ 'ਟੋਰਾਂਟੋ ਸਟਾਰ' ਨੇ 'ਟੋਰਾਂਟੋ ਸੱਨ' ਨੂੰ ਨਿਸ਼ਾਨਾ ਬਣਾਉਂਦਿਆਂ ਇਹ ਕਿਹਾ ਹੋਇਆ ਹੈ, "ਬਾਗ਼ੀ ਮੀਡੀਆ ਦੇ ਮੁਕਾਬਲੇ 'ਦ ਟੋਰਾਂਟੋ ਸੱਨ' ਵੱਲੋਂ ਪਾਇਆ ਹੋਇਆ 'ਕਨਜ਼ਰਵੇਟਿਵ ਗੰਦ' ਪਸੰਦ ਆਇਆ ਲੱਗਦੈ।... 'ਟੋਰਾਂਟੋ ਸਟਾਰ' ਦਾ ਤਾਂ ਫੇਰ ਵੀ ਵਧੀਆ ਪੱਤਰਕਾਰੀ ਦਾ ਲੰਬਾ ਇਤਿਹਾਸ ਹੈ ਤੇ ਉਸ ਨੇ ਵੱਡੀਆਂ ਖ਼ਬਰਾਂ, ਪੁੱਟ-ਪੁੱਟ ਕੱਢੀਆਂ ਹੋਈਆਂ ਹਨ।"
ਇਸ ਅਖ਼ਬਾਰ ਵੱਲੋਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾਣ ਨਾਲ਼, ਇਸ ਦੇ ਵਿਰੋਧ ਵਿਚ ਵੀ ਟਿੱਪਣੀਆਂ ਚੀ ਵਾਛੜ ਜਿਹੀ ਹੋ ਗਈ ਹੈ। 'ਡੀਨਬਲ਼ੈਂਡੈੱਲ ਡਾਟ ਕਾਮ' ਨਾਂ ਦੀ ਵੈੱਬਸਾਈਟ ਉੱਤੇ ਨਿਊ ਡੈਮੋਕ੍ਰੈਟ ਲੀਡਰ ਜਗਮੀਤ ਸਿੰਘ ਨੂੰ ਸੰਬੋਧਨ ਕਰ ਕੇ ਕੀਤੀ ਗਈ ਇਹ ਟਿੱਪਣੀ ਦੇਖੋ:
"ਪਿਆਰੇ ਸਿੰਘ ਜੀ, ਅਸੀਂ 'ਡੀਨਬਲ਼ੈਂਡੈੱਲ ਡਾਟ ਕਾਮ' ਨਾਂ ਦੀ ਇਸ ਵੈੱਬਸਾਈਟ ਰਾਹੀਂ ਪੱਤਰਕਾਰੀ ਸਬੰਧੀ ਸੇਵਾਵਾਂ ਨਿਭਾਉਨੇ ਹਾਂ। ਅਸੀਂ ਕਿਸੇ 'ਸਟੋਰੀ' ਦੀ ਤਫ਼ਤੀਸ਼ ਕਰਨ ਲਈ ਧਰਤੀ ਦੇ ਦੂਜੇ ਸਿਰਿਆਂ ਤਕ ਚਲੇ ਜਾਂਦੇ ਹਾਂ ਤੇ ਸੱਚਾਈ ਲੱਭ ਕੇ 'ਕੈਨੇਡੀਅਨ ਡਾਇਸਪੋਰਾ' ਦੇ ਸਾਹਮਣੇ ਪੇਸ਼ ਕਰਦੇ ਹਾਂ। ਤੁਸੀਂ ਇਸ ਵੇਲ਼ੇ ਬਹੁਤ ਹੀ ਰੁੱਝੇ ਹੋਏ ਹੋ ਤੇ ਅਸੀਂ ਸਮਝਦੇ ਹਾਂ ਕਿ ਸ਼ਾਇਦ ਤੁਹਾਡੇ ਕੋਲ, 'ਟੋਰਾਂਟੋ ਸਟਾਰ' ਵੱਲੋਂ ਤੁਹਾਨੂੰ ਕੀਤੀਆਂ ਜਾ ਰਹੀਆਂ ਵਾਹਯਾਤ ਕਿਸਮ ਦੀਆਂ ਟਵੀਟਾਂ ਦਾ ਜੁਆਬ ਦੇਣ ਜਿੰਨਾ ਵਿਹਲ ਵੀ ਨਾ ਹੋਵੇ। ਇਕ ਗੱਲ ਪੱਕੀ ਹੈ ਕਿ 'ਟੋਰਾਂਟੋ ਸਟਾਰ' ਜੋ ਭਾਲਦੈ, ਉਹ ਹੋ ਨਹੀਂ ਸਕਣਾ। ਤੁਸੀਂ ਆਪਣੇ ਕੰਮੀਂ ਲੱਗੇ ਰਹੋ, 'ਟੋਰਾਂਟੋ ਸਟਾਰ' ਜੋ-ਜੋ ਵੀ ਪੁੱਛੇਗਾ, ਉਸ ਦੇ ਜੁਆਬ ਅਸੀਂ ਦਿਆਂਗੇ। ਅਸੀਂ ਉਸ ਨੂੰ ਬਟਰ-ਚਿਕਨ ਨਾਲ਼ ਤੱਤਾ-ਤੱਤਾ ਲਹਿੰਦਾ ਫੁਲਕਾ ਛਕਾਵਾਂਗੇ।"
ਇਸ ਦੌਰਾਨ ਹੀ, ਜਗਮੀਤ ਸਿੰਘ ਨੇ 'ਟੋਰਾਂਟੋ ਸਟਾਰ' ਦੇ ਨਿਊਜ਼ਰੂਮ ਦਾ ਗੇੜਾ ਮਾਰਿਆ ਅਤੇ ਕੈਨੇਡਾ ਦੇ ਨੌਜੁਆਨਾਂ ਨੂੰ ਦਰਪੇਸ਼ ਮਸਲਿਆਂ ਸਬੰਧੀ ਪੁੱਛੇ ਗਏ ਸੁਆਲਾਂ ਦੇ ਜੁਆਬ ਦਿੱਤੇ।
ਗੱਲ ਮੁਕਾਉਣ ਦਾ ਹੀਲਾ ਕਰਦਿਆਂ ਇਹ ਕਹਿਣਾ ਹੀ ਨਹੀਂ, ਆਉਣ ਵਾਲ਼ੇ ਸਮੇਂ ਲਈ ਲਿਖ ਕੇ ਇਕ ਸਨਦ ਦੇ ਰੂਪ ਵਿਚ ਪੇਸ਼ ਕਰ ਦੇਣਾ ਬਣਦਾ ਹੈ ਕਿ ਇਸ ਤਰ੍ਹਾਂ ਦੀ ਟਿੱਪਣੀ ਕਰ ਕੇ 'ਟੋਰਾਂਟੋ ਸਟਾਰ' ਵਰਗੇ ਵੱਡੇ ਅਖ਼ਬਾਰ ਨੇ ਪੱਤਰਕਾਰੀ ਦੇ ਮੱਥੇ ਜਿਹੜਾ ਧੱਬਾ ਲੁਆਇਆ ਹੈ, ਉਸ ਨੂੰ ਧੋਣ ਵਿਚ ਇਸ ਅਖ਼ਬਾਰ ਨੂੰ ਸ਼ਾਇਦ ਕਈ ਸਦੀਆਂ ਹੀ ਲੱਗ ਜਾਣ।#
