ਆਪਣਾ ਟੱਬਰ-ਟੀਹਰ ਨਾਲ਼ ਲੈ ਕੇ 'ਸੁਰਖ਼ੀ ਬਿੰਦੀ' ਦੇਖਣ ਜਾਓ!
{ਕੈਨੇਡਾ ਵਿਚ ਸਰਗੁਣ ਮਹਿਤਾ ਦਾ ਪੰਜਾਬੀਆਂ ਨੂੰ ਹੋਕਾ}
ਪੰਜਾਬੀ ਫ਼ਿਲਮ 'ਸੁਰਖ਼ੀ ਬਿੰਦੀ' ਦਾ ਪ੍ਰਚਾਰ ਕਰਨ ਆਈ ਹੋਈ ਅਦਾਕਾਰਾ ਸਰਗੁਣ ਮਹਿਤਾ ਨੇ ਸਰੀ ਵਿਚ ਕੀਤੀ ਗਈ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ, ਇਸ ਪੱਤਰਕਾਰ ਵੱਲੋਂ ਇਹ ਪੁੱੱਛਣ 'ਤੇ ਕਿ ਇਸ ਫ਼ਿਲਮ ਵਿਚ ਕੰਮ ਕਰਦਿਆਂ ਉਨ੍ਹਾਂ ਨੂੰ ਪਹਿਲੀਆਂ ਫ਼ਿਲਮਾਂ ਵਿਚ ਕੰਮ ਕਰਨ ਨਾਲ਼ੋਂ ਕੋਈ ਫ਼ਰਕ ਵੀ ਮਹਿਸੂਸ ਹੋਇਆ ਕਿ ਨਹੀਂ, ਇਕ ਦਮ ਇਸ ਤਰ੍ਹਾਂ ਬੋਲਣਾ ਸ਼ੁਰੂ ਕਰ ਦਿੱਤਾ, ਜਿੱਦਾਂ ਉਹ ਬਹੁਤ ਹੀ ਭਰੀ-ਪੀਤੀ ਆਈ ਹੋਵੇ। ਉਸ ਨੇ ਮਾਈਕ ਫੜਦਿਆਂ ਹੀ ਕਹਿਣਾ ਸ਼ੁਰੂ ਕਰ ਦਿੱਤਾ, "ਹਰ ਫ਼ਿਲਮ ਦੀ ਪ੍ਰੈੱਸ ਕਾਨਫ਼ਰੰਸ ਵਿਚ ਪੈਂਦੀ ਸੱਟੇ ਸਾਨੂੰ ਇਹ ਸੁਆਲ ਕਰ ਦਿੱਤਾ ਜਾਂਦਾ ਸੀ ਕਿ ਕੀ ਪੰਜਾਬੀ ਫ਼ਿਲਮ ਦਾ ਮਤਲਬ, ਕਾਮੇਡੀ ਫ਼ਿਲਮ ਹੀ ਹੁੰਦਾ ਹੈ? ਕੀ ਉਨ੍ਹਾਂ ਚਾਰ-ਪੰਜ ਬੰਦਿਆਂ ਵੱਲੋਂ ਦੋ ਇੱਧਰਲੇ ਲਤੀਫ਼ੇ ਮਾਰ ਦੇਣ ਦੋ ਉੱਧਰਲੀਆਂ ਗੱਲਾਂ ਮਾਰ ਦੇਣ ਨਾਲ਼ ਹੀ ਬਣਨ ਵਾਲ਼ੀ ਚੀਜ਼ 'ਪੰਜਾਬੀ ਫ਼ਿਲਮ' ਹੋ ਜਾਂਦੀ ਹੈ। ਅੱਜ ਮੈਂ ਉਹ ਫ਼ਿਲਮ ਦੇਖਣ ਦੀ ਅਪੀਲ ਕਰਨ ਆਈ ਹਾਂ, ਜਿਸ ਵਿਚ ਉਨ੍ਹਾਂ 'ਕਾਮੇਡੀਅਨਾਂ' ਨੂੰ ਨੇੜੇ ਨਹੀਂ ਫੜਕਣ ਦਿੱਤਾ ਗਿਆ ਤੇ ਤੁਹਾਨੂੰ ਉਹ ਫ਼ਿਲਮ ਬਣਾ ਕੇ ਦਿਖਾਈ ਹੈ, ਜਿਸ ਵਰਗੀ ਫ਼ਿਲਮ ਦੇਖਣ ਲਈ ਤੁਸੀਂ ਤਰਸੇ ਪਏ ਸੀ।"
ਇਸ ਤੋਂ ਬਾਅਦ ਉਸ ਨੇ ਨੇੜੇ ਹੀ ਬੈਠੇ ਇਸ ਪੱਤਰਕਾਰ ਵੱਲ ਦੇਖ ਕੇ ਮੁਸਕਰਤਾਉਂਦਿਆਂ ਕਿਹਾ, "ਬੱਸ ਆਹੀ ਸੀ ਉਹ ਫ਼ਰਕ, ਜੋ ਅਸੀਂ ਇਸ ਫ਼ਿਲਮ ਦੀ ਸ਼ੂਟਿੰਗ ਕਰਦਿਆਂ ਮਹਿਸੂਸ ਕਰਦੇ ਸਾਂ।" ਸਰਗੁਣ ਨੇ ਆਪਣੇ-ਆਪਣੇ ਹਿਸਾਬ ਨਾਲ਼ ਕੀਤੇ ਹੋਏ ਸੁਆਲਾਂ ਦੇ ਜੁਆਬ, ਆਪਣੇ ਹਿਸਾਬ ਨਾਲ਼ ਦਿੱਤੇ, ਜਿਸ ਤੋਂ ਲੱਗਦਾ ਸੀ ਕਿ ਇਸ ਵੱਖਰੀ ਕਿਸਮ ਦੀ ਫ਼ਿਲਮ ਦੀ ਪ੍ਰੈੱਸ ਕਾਨਫ਼ਰੰਸ ਵਿਚ ਉਸ ਨੂੰ ਵੱਖਰੀ ਹੀ ਤਰ੍ਹਾਂ ਦੇ ਸੁਆਲਾਂ ਦਾ ਸਾਹਮਣਾ ਹੋਣ ਦੀ ਆਸ ਸੀ ਤੇ ਉਹ ਇਸ ਸਬੰਧ ਵਿਚ ਪੂਰੀ ਤਿਆਰੀ ਕਰ ਕੇ ਹੀ ਆਈ ਸੀ।
ਭਾਵੇਂ ਪ੍ਰੈੱਸ ਕਾਨਫ਼ਰੰਸ ਦੇ ਸੱਦਾ ਪੱਤਰ ਵਿਚ ਕਿਹਾ ਹੋਇਆ ਸੀ ਫ਼ਿਲਮ ਦਾ ਮੁੱਖ ਕਲਾਕਾਰ ਗੁਰਨਾਮ ਭੁੱਲਰ ਵੀ ਸਰਗੁਣ ਦੇ ਨਾਲ਼ ਆਵੇਗਾ, ਪਰ ਸਰਗੁਣ ਨੇ ਸੁਆਲਾਂ ਦੇ ਜੁਆਬ ਦਿੰਦਿਆਂ, ਸਭ ਨੂੰ ਇਹ ਗੱਲ ਭੁਲਾ ਦਿੱਤੀ ਕਿ ਗੁਰਨਾਮ ਭੁੱਲਰ ਨਹੀਂ ਆਇਆ। ਇੰਨੀ ਕੁ ਗੱਲ ਲੱਕੀ ਸੰਧੂ ਨੇ ਦੱਸ ਦਿੱਤੀ ਕਿ ਗੁਰਨਾਮ ਭੁੱਲਰ (ਕੈਨੇਡਾ) ਆਇਆ ਤਾਂ ਹੋਇਆ ਹੈ, ਪਰ ਉਹ, ਅੱਜ ਟੋਰਾਂਟੋ ਦੇ ਸਿਨੇਮਾ ਹਾਲਾਂ ਵਿਚ ਫ਼ਿਲਮ ਦੀ ਪ੍ਰਮੋਸ਼ਨ ਕਰਨ ਗਿਆ ਹੋਇਆ ਹੈ।
"ਗੁਰਨਾਮ ਨੂੰ ਮੇਰੇ ਉੱਤੇ ਯਕੀਨ ਹੈ ਕਿ ਮੈਂ ਉਸ ਦੀ ਗ਼ੈਰਹਾਜ਼ਰੀ ਵਿਚ ਕੋਈ ਕਸਰ ਨਹੀਂ ਰਹਿਣ ਦਿਆਂਗੀ," ਸਰਗੁਣ ਦੀ ਇਸ ਗੱਲ ਨੇ ਕਾਨਫ਼ਰੰਸ ਵਿਚ ਠਹਾਕੇ ਲੁਆ ਦਿੱਤੇ। ਇਕ ਹੋਰ ਸੁਆਲ ਦੇ ਜੁਆਬ ਵਿਚ ਸਰਗੁਣ ਨੇ ਕਿਹਾ, "ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ, ਮੈਂ 'ਰਾਣੋ' ਯਾਨੀ ਰਣਵੀਰ ਕੌਰ ਬਣ ਕੇ ਤੇ ਗੁਰਨਾਮ 'ਸੁੱਖਾ' ਬਣ ਕੇ ਬਹੁਤ ਹੀ ਸੌਖ ਨਾਲ਼ ਕੰਮ ਕਰਦੇ ਰਹੇ, ਪਰ ਜਦੋਂ ਫ਼ਿਲਮ ਬਣਾ ਕੇ ਇਸ ਦਾ ਟਰਾਇਲ ਦੇਖਿਆ ਤਾਂ ਲੱਗਿਆ ਕਿ ਫ਼ਿਲਮ ਬਣੀ ਤਾਂ ਵਧੀਆ ਏ, ਪਰ ਸੰਜੀਦਾ ਬਹੁਤੀ ਹੀ ਬਣ ਗਈ ਹੈ। ਫਿਰ ਆਮ ਪੰਜਾਬੀ ਫ਼ਿਲਮਾਂ ਵਾਲ਼ੇ ਲਤੀਫ਼ਿਆਂ ਤੇ ਲਤੀਫ਼ੇਬਾਜ਼ਾਂ ਦੀ ਗ਼ੈਰਹਾਜ਼ਰੀ ਵੀ ਰਤਾ ਕੁ 'ਰੜਕੀ'। ਕਈ ਸੀਨਜ਼ ਦੇਖ ਕੇ ਸਾਡੇ ਹਉਕੇ ਵੀ ਨਿੱਕਲੇ। ਇਹ ਵੱਖਰੀ ਗੱਲ ਹੈ ਕਿ ਇਸ ਫ਼ਿਲਮ ਵਿਚ ਕੰਧਾਂ ਢਾਹੁਣ ਵਾਲ਼ਾ ਹਾਸਾ ਨਹੀਂ ਹੈ, ਪਰ ਉਹ ਮੁਸਕਾਨ ਦਰਸ਼ਕ ਦੇ ਬੁੱਲਾਂ ਉੱਤੇ ਸਾਰੀ ਫ਼ਿਲਮ ਦੌਰਾਨ ਖੇਡਦੀ ਰਹਿੰਦੀ ਹੈ, ਜਿਸ ਦੀ ਲੋੜ ਹੁੰਦੀ ਹੈ, ਜਿਸ ਦਾ ਆਸਰਾ ਹੁੰਦਾ ਹੈ। ਇਸ ਫ਼ਿਲਮ ਵਿਚ ਸਾਨੂੰ ਉਸ ਮੁਸਕਾਨ ਦਾ ਹੀ ਆਸਰਾ ਹੈ। ਅਸੀਂ ਤਾਂ ਤੁਹਾਨੂੰ ਤੇ ਲੋਕਾਂ ਨੂੰ ਇਹ ਕਹਿਣ ਆਏ ਹਾਂ ਕਿ ਅਸੀਂ ਤੁਹਾਨੂੰ ਇਹ ਉਲਾਂਭਾ ਦੇਣ ਜੋਗੇ ਨਹੀਂ ਛੱਡਿਆ ਕਿ ਪੰਜਾਬ ਦੀਆਂ ਧੀਆਂ ਨੂੰ ਨਿੰਦਿਆ-ਭੰਡਿਆ ਤਾਂ ਬਥੇਰਾ ਜਾਂਦਾ ਰਹਿੰਦਾ ਹੈ, ਉਨ੍ਹਾਂ ਨਮਿੱਤ ਉਨ੍ਹਾਂ ਦੀ ਹਕੀਕਤ ਦਰਸਾਉਂਦੀ ਫ਼ਿਲਮ ਕਿਸੇ ਨੇ ਨਹੀਂ ਬਣਾਈ। ਸੋ, ਇਕੋ ਹੀ ਬੇਨਤੀ ਹੈ ਕਿ ਇਹ ਫ਼ਿਲਮ ਦੇਖੋ ਤੇ ਇਸ ਦੇ ਸਬੰਧ ਵਿਚ ਕੋਈ ਉਲਾਂਭਾ ਬਣਦਾ ਹੈ ਤਾਂ ਉਹ ਦਿਓ, ਅਸੀਂ ਝੋਲੀ ਵਿਚ ਪੁਆਵਾਂਗੇ, ਪਰ ਫ਼ਿਲਮ ਦੇਖੇ ਬਗ਼ੈਰ ਹੀ ਫ਼ਿਲਮ ਨੂੰ ਭੰਡਣ ਵਾਲ਼ਿਆਂ ਨੂੰ ਅਸੀਂ ਵੀ ਨਹੀਂ ਬਖ਼ਸ਼ਣਾ।"
"ਇਹ ਫ਼ਿਲਮ ਤਾਂ ਪਹਿਲੇ ਦਿਨ ਤੋਂ ਹੀ ਭਰਵੇਂ ਸ਼ੋਆਂ ਵਿਚ ਦਿਖਾਈ ਜਾ ਰਹੀ ਹੈ, ਤੇ ਤੁਸੀਂ ਇਸ ਦਾ ਪ੍ਰਚਾਰ ਦੂਜੇ ਹਫ਼ਤੇ ਵਿਚ ਕਰਨ ਆਏ ਹੋ?" ਕਿਸੇ ਪੱਤਰਕਾਰ ਨੇ ਪੁੱਛਿਆ ਤਾਂ ਸਰਗੁਣ ਮਹਿਤਾ ਨੇ ਹੀ ਕਿਹਾ, "ਪਹਿਲੇ ਹਫ਼ਤੇ ਸਾਨੂੰ ਲੱਗਦਾ ਸੀ ਕਿ ਫ਼ਿਲਮ ਬਹੁਤੀ ਹੀ ਸੰਜੀਦਾ ਜਿਹੀ ਬਣ ਗਈ ਹੈ ਤੇ ਕਾਮੇਡੀ ਦੇਖਣ ਗਿੱਝੇ ਹੋਏ ਪੰਜਾਬੀ ਲੋਕ, ਸ਼ਾਇਦ ਹੀ ਇਹ ਫ਼ਿਲਮ ਦੇਖਣ ਖ਼ਾਤਰ ਘਰੋਂ ਨਿੱਕਲਣ। ਇਹੋ ਜਿਹੀਆਂ ਫ਼ਿਲਮਾਂ ਦਾ ਪ੍ਰਚਾਰ, ਇਨ੍ਹਾਂ ਨੂੰ ਦੇਖਣ ਵਾਲ਼ੇ ਹੀ ਕਰਿਆ ਕਰਦੇ ਹਨ। ਲੋਕਾਂ ਨੇ ਇਹ ਫ਼ਿਲਮ ਪ੍ਰਵਾਨ ਕਰ ਲਈ ਹੈ ਤੇ ਲੋਕ ਹੀ ਇਸ ਨੂੰ ਦੇਖਣ ਲਈ ਲੋਕਾਂ ਨੂੰ ਜ਼ੋਰ ਪਾ ਰਹੇ ਹਨ, ਜਿਸ ਕਰ ਕੇ ਅਸੀਂ ਤਾਂ ਲੋਕਾਂ ਵੱਲੋਂ ਇਸ ਫ਼ਿਲਮ ਦਾ ਚਾਰਜ ਸੰਭਾਲਣ ਦਾ ਨਜ਼ਾਰਾ ਦੇਖਣ ਆਏ ਹਾਂ। ਲੋਕਾਂ ਨੇ ਆਪਣੇ-ਆਪ ਨੂੰ ਇਸ ਫ਼ਿਲਮ ਨਾਲ਼ ਨਾਲ਼ ਜੁੜੇ ਹੋਏ ਦੇਖ ਲਿਆ ਹੈ ਤੇ ਅਸੀਂ ਵੀ ਲੋਕਾਂ ਨੂੰ, ਇਸ ਫ਼ਿਲਮ ਨਾਲ਼ ਜੁੜੇ ਹੋਏ ਦੇਖ ਲਿਆ ਹੈ। ਹਰ ਦਰਸ਼ਕ ਨੂੰ ਇਸ ਫ਼ਿਲਮ ਵਿਚੋਂ ਆਪਣੀ ਧੀ, ਭੈਣ ਜਾਂ ਭਰਜਾਈ ਦਿਸੀ ਹੈ। ਇਸ ਫ਼ਿਲਮ ਨੇ ਕੋਈ ਭਾਸ਼ਨ ਦੇਣ ਤੋਂ ਬਗ਼ੈਰ ਲੋਕਾਂ ਨੂੰ ਆਪਣੀਆਂ ਧੀਆਂ-ਭੈਣਾਂ ਨੂੰ, ਆਪ ਕੁੱਝ ਕਰਨ ਦਾ ਮੌਕਾ ਦੇਣ ਲਈ ਸਾਧਨ ਮੁਹੱਈਆ ਕਰਨ ਦਾ ਸੁਨੇਹਾ ਦਿੱਤਾ ਹੈ। ਚੰਗੀਆਂ ਫ਼ਿਲਮਾਂ ਬਣਾਉਣ ਵਾਲ਼ਿਆਂ ਦਾ ਦਿਲ ਉਦੋਂ ਟੁੱਟ ਜਾਂਦਾ ਹੈ, ਜਦੋਂ ਉਹ ਵਧੀਆ ਫ਼ਿਲਮ ਬਣਾਉਂਦੇ ਹਨ, ਪਰ ਦਰਸ਼ਕ ਉਹ ਫ਼ਿਲਮ ਦੇਖਣ ਨਹੀਂ ਜਾਂਦੇ। ਜੇ ਇਹ ਫ਼ਿਲਮ ਦਰਸ਼ਕਾਂ ਨੇ ਨਾ ਦੇਖੀ ਤਾਂ ਉਹ ਮਾੜੀਆਂ ਫ਼ਿਲਮਾਂ ਹੀ ਬਣਾਈ ਜਾਣ ਬਾਰੇ ਉਲਾਂਭੇ ਦੇਣ ਦੇ ਹੱਕਦਾਰ ਨਹੀਂ ਰਹਿਣਗੇ। ਲੋਕਾਂ ਨੂੰ ਨਾ ਚਾਹੁੰਦਿਆਂ ਵੀ ਇਹ ਫ਼ਿਲਮ ਦੇਖਣ ਜਾਣਾ ਬਣਦਾ ਹੈ ਕਿਉਂ ਕਿ ਉਨ੍ਹਾਂ ਨੇ ਹੀ ਫ਼ਿਲਮਸਾਜ਼ਾਂ ਨੂੰ, ਪੰਜਾਬੀ ਸਿਨੇਮੇ ਨੂੰ ਸੰਜੀਦਗੀ ਵੱਲ ਮੋੜ ਕੱਟਣ ਲਈ ਉਤਸ਼ਾਹ ਦੇਣਾ ਹੁੰਦਾ ਹੈ।"
'ਸੁਰਖ਼ੀ ਬਿੰਦੀ' ਦਾ ਕਥਾਸਾਰ ਤੇ ਪਟਕਥਾ, ਰੁਪਿੰਦਰ ਇੰਦਰਜੀਤ ਨੇ ਕਈ ਸਫ਼ਲ ਫ਼ਿਲਮਾਂ ਦੇ ਲੇਖਕ ਅਤੇ ਨਿਰਦੇਸ਼ਕ ਜਗਦੀਪ ਸਿੱਧੂ ਦੀ ਅਗਵਾਈ ਵਿਚ ਲਿਖੀ ਹੈ। ਜਗਦੀਪ ਨੇ ਕੁੱਝ ਇੰਟਰਵਿਊਜ਼ ਵਿਚ ਕਿਹਾ ਹੈ ਕਿ ਫ਼ਿਲਮ ਦਾ 'ਪੇਪਰ ਵਰਕ' ਸੱਚੀਂ ਹੀ ਬਹੁਤ ਵਧੀਆ ਬਣਿਆ ਤੇ ਉਸ ਦੇ ਭਰੋਸੇ ਉੱਤੇ ਹੀ ਉਨ੍ਹਾਂ ਨੇ ਆਪਣੀ ਟੀਮ ਚੁਣੀ ਸੀ। ਉਹ ਦੱਸਦੇ ਹਨ ਕਿ ਜਿਸ ਨੇ ਵੀ ਇਸ ਫ਼ਿਲਮ ਦੀ ਕਹਾਣੀ ਸੁਣੀ, ਇਹ ਫ਼ਿਲਮ ਬਣਾਉਣ ਲਈ ਹੱਲਾ-ਸ਼ੇਰੀ ਹੀ ਦਿੱਤੀ।" ਬਹੁਤ ਘੱਟ ਦਰਸ਼ਕਾਂ ਨੇ ਇਹ ਗੱਲ ਤਾੜੀ ਹੋਵੇਗੀ ਕਿ 'ਸ਼੍ਰੀ ਨਰੋਤਮ ਜੀ ਫ਼ਿਲਮਜ਼' ਬੈਨਰ ਹੇਠਾਂ ਇੰਨੇ ਸਾਰੇ ਪ੍ਰੋਡਿਊਸਰ ਪਹਿਲੀ ਵਾਰੀ ਇਕੱਠੇ ਹੋਏ, ਜਿਨ੍ਹਾਂ ਨੇ ਇਹ ਫ਼ਿਲਮ ਬਣਾਉਣੀ ਹੀ ਬਣਾਉਣੀ ਦਾ ਤਹੱਈਆ ਕੀਤਾ ਹੋਇਆ ਸੀ। ਇਨ੍ਹਾਂ ਪ੍ਰੋਡਿਊਸਰਾਂ ਵਿਚ ਅੰਕਿਤ ਵਿਜਨ, ਨਵਦੀਪ ਨਰੂਲਾ, ਗੁਰਜੀਤ ਸਿੰਘ ਅਤੇ ਸੰਤੋਸ਼ ਸੁਭਾਸ਼ ਥੀਟੇ ਸ਼ਾਮਲ ਹਨ। ਇਨ੍ਹਾਂ ਸਭ ਨੇ ਜਗਦੀਪ ਸਿੱਧੂ ਨੂੰ ਇਹ ਹੱਕ ਦੇ ਦਿੱਤੇ ਕਿ ਉਹ, ਇਹ ਫ਼ਿਲਮ ਬਣਾਉਣ ਵਿਚ ਕਿਸੇ ਤਰ੍ਹਾਂ ਦਾ ਸਮਝੌਤਾ ਨਾ ਕਰਨ। ਜਗਦੀਪ ਨੇ ਫ਼ਿਲਮ ਦੇ ਹਰ ਕਿਰਦਾਰ ਦੇ ਹਿਸਾਬ ਨਾਲ਼ ਢੁੱਕਦਾ ਕਲਾਕਾਰ ਹੀ ਚੁਣਿਆ ਹੈ। ਸਰਗੁਣ ਮਹਿਤਾ, ਗੁਰਨਾਮ ਭੁੱਲਰ, ਰੁਪਿੰਦਰ ਰੂਪੀ ਅਤੇ ਨਿਸ਼ਾ ਬਾਨੋ ਨੇ ਆਪਣੀ ਪ੍ਰਤਿਭਾ ਦਾ ਸਵਾਇਆ ਯੋਗਦਾਨ ਇਸ ਫ਼ਿਲਮ ਵਿਚ ਪਾਇਆ ਹੈ।
ਪਹਿਲਾਂ ਇਸ ਫ਼ਿਲਮ ਦੀ ਨਾਇਕਾ ਬਣਾਏ ਜਾਣ ਲਈ ਸਿੰਮੀ ਚਾਹਲ ਦੇ ਨਾਂ ਦੀ ਚਰਚਾ ਸੀ, ਪਰ ਫਿਰ ਇਹ ਗੁਣਾ, ਸਰਗੁਣ ਮਹਿਤਾ 'ਤੇ ਪਿਆ। ਹੁਣ ਜਦੋਂ ਕਿ ਇਸ ਫ਼ਿਲਮ ਦੀ ਕਹਾਣੀ ਜੱਗ-ਜ਼ਾਹਰ ਹੋ ਚੁੱਕੀ ਹੈ ਤਾਂ ਪਾਠਕਾਂ ਨੂੰ ਇਸ ਦਾ ਸਾਰ ਦੱਸਣ ਵਿਚ ਵੀ ਕੋਈ ਹਰਜ ਨਹੀਂ ਹੈ। ਇਸ ਫ਼ਿਲਮ ਦੀ ਨਾਇਕਾ 'ਰਾਣੋ' (ਰਬਾਬ ਸਿੱਧੂ) ਯਾਨੀ ਰਣਦੀਪ ਕੌਰ, ਕੈਨੇਡਾ ਤੋਂ ਆਉਣ ਵਾਲ਼ੇ ਕਿਸੇ ਰਾਜਕੁਮਾਰ ਨਾਲ਼ ਵਿਆਹ ਕਰਾਉਣ ਦੇ ਸੁਪਨੇ ਦੇਖਦਿਆਂ ਵੱਡੀ ਹੁੰਦੀ ਹੈ। ਵੱਡੀ ਹੋਣ ਸਾਰ ਉਸ ਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਉਸ ਅੰਦਰ ਇਹੋ ਜਿਹੀ ਕੋਈ ਵੀ ਗੱਲ ਨਹੀਂ ਹੈ, ਜਿਸ ਦੇ ਸਿਰ 'ਤੇ ਉਹ, ਕੈਨੇਡਾ ਤੋਂ ਆਉਣ ਵਾਲ਼ੇ ਕਿਸੇ ਰਾਜਕੁਮਾਰ ਨੂੰ ਪਸੰਦ ਆ ਸਕੇ।
ਰਾਣੋ ਕੋਲ ਇਕ ਬਹੁਤ ਵੱਡਾ ਗੁਣ ਹੈ ਕਿ ਉਹ ਮੇਕਅੱਪ ਕਮਾਲ ਦਾ ਕਰ ਲੈਂਦੀ ਹੈ। ਉਹ, ਇਸੇ ਹੀ ਗੁਣ ਨਾਲ਼, ਕੈਨੇਡਾ ਤੋਂ ਆਉਣ ਵਾਲ਼ੇ ਕਿਸੇ ਰਾਜਕੁਮਾਰ ਦਾ ਦਿਲ ਜਿੱਤਣ ਦੀਆਂ ਗੋਂਦਾਂ ਗੁੰਦਦੀ ਰਹਿੰਦੀ ਹੈ। ਦੂਜੇ ਪਾਸੇ ਟੈਂਪੂ ਚਲਾ-ਚਲਾ ਕੇ ਆਪਣੇ ਟੱਬਰ ਨੂੰ ਪਾਲਦਾ, ਰਾਣੋ ਦਾ ਬਾਪ ਆਪਣੀ ਇਸ ਧੀ ਦੀਆਂ ਸਾਰੀਆਂ ਰੀਝਾਂ, ਟੈਂਪੂ ਦੇ ਟਾਇਰ ਹੇਠਾਂ ਦੇ ਕੇ ਮਾਰ-ਮਧੋਲਣ ਦਾ ਹੀਲਾ ਕਰਦਿਆਂ ਉਸ ਦਾ ਵਿਆਹ 'ਕੰਬਾਈਨਾਂ ਦੇ ਕਾਰਖ਼ਾਨੇ' ਵਿਚ ਕੰਮ ਕਰਦੇ 'ਸੁੱਖੇ' (ਗੁਰਨਾਮ ਭੁੱਲਰ) ਨਾਲ਼ ਕਰ ਦਿੰਦਾ ਹੈ। ਸੁੱਖਾ ਆਪਣੀ ਘਰ ਆਲ਼ੀ ਨੂੰ ਖ਼ੁਸ਼ ਰੱਖਣ ਲਈ ਹਰ ਹੀਲਾ ਕਰਦਾ ਹੈ। ਇਕ ਦਿਨ ਉਹ ਦੋਵੇਂ ਜਣੇ, ਆਪਣੀ ਚਾਚੀ ਦੀ ਧੌਂਸ ਹੇਠੋਂ ਨਿੱਕਲ ਕੇ ਸ਼ਹਿਰ ਵਿਚ ਕਿਰਾਏ 'ਤੇ ਰਹਿਣ ਲੱਗ ਪੈਂਦੇ ਹਨ। ਸ਼ਹਿਰ ਵਿਚ, ਉਹ ਆਪਣੇ ਘਰ ਦੀ ਇਕ ਛੋਟੀ ਜਿਹੀ ਨੁੱਕਰੇ 'ਸੁਰਖ਼ੀ ਬਿੰਦੀ' ਨਾਂ ਦਾ 'ਬਿਊਟੀ ਪਾਰਲਰ' ਖੋਲ੍ਹ ਲੈਂਦੇ ਹਨ ਕਿਉਂ ਕਿ ਉਹ ਸੋਚਦੇ ਹਨ ਕਿ ਇਸ ਕੰਮ ਦੇ ਸਿਰੋਂ ਕਮਾਈ ਕਰ ਕੇ ਹੀ ਉਹ ਕੈਨੇਡਾ ਜਾ ਸਕਣਗੇ। ਇਸ ਤਰ੍ਹਾਂ ਦੀ ਉਧੇੜ-ਬੁਣ ਵਿਚ ਜ਼ਿੰਦਗ਼ੀ ਬੀਤਣ ਦੌਰਾਨ ਕਈ ਮੋੜ ਆਉਣ ਮਗਰੋਂ ਉਹ ਦੋਵੇਂ ਹੀ ਆਪਣੇ ਸੁਪਨੇ ਸਾਕਾਰ ਕਰਨ ਦੇ ਨੇੜੇ ਪਹੁੰਚ ਜਾਂਦੇ ਹਨ। ਜੇ ਇਸ ਫ਼ਿਲਮ ਦੇ ਪ੍ਰਡਿਊਸਰਜ਼ ਦੀ ਇਕ ਛਾਂਟਵੀ ਟੀਮ ਹੈ ਤਾਂ ਇਸ ਦਾ ਸੰਗੀਤ ਤਿਆਰ ਕਰਨ ਵਿਚ ਵੀ ਇਕ-ਦੋ ਬੰਦੇ ਨਹੀਂ, ਸਗੋਂ ਤਿੰਨ-ਤਿੰਨ ਸੰਗੀਤਕਾਰਾਂ ਤੇ ਉਨ੍ਹਾਂ ਦੀਆਂ ਟੀਮਾਂ ਨੇ ਕੰਮ ਕੀਤਾ ਹੋਇਆ ਹੈ ਤੇ ਇਹ ਟੀਮਾਂ ਹਨ 'ਵੀ ਰਕਸ ਮਿਊਜ਼ਿਕ', 'ਕਿੱਕ ਮਾਸਟਰਜ਼' ਅਤੇ 'ਲਾਲੀ ਗਿੱਲ ਦੀ ਟੋਲੀ'। ਇਸੇ ਤਰ੍ਹਾਂ ਇਸ ਫ਼ਿਲਮ ਦਾ ਗੀਤਕਾਰ ਵੀ ਕੋਈ ਇਕ ਨਹੀਂ ਹੈ, ਸਗੋਂ ਵਿੱਕੀ ਧਾਲੀਵਾਲ, ਗੁਰਨਾਮ ਭੁੱਲਰ, ਕੁਲਦੀਪ ਸੰਧੂ, ਗਿੱਲ ਰਾਉਂਤਾ ਅਤੇ ਦੀਪ ਭੇਖਾ ਵਰਗੇ ਕਈ ਗੀਤਕਾਰ ਹਨ। ਇਹ ਗੀਤ ਗਾਏ ਹਨ, ਅਦਾਕਾਰ-ਗਾਇਕ ਗੁਰਨਾਮ ਭੁੱਲਰ ਨੇ।
ਇਹ ਫ਼ਿਲਮ ਬਣਾਉਣ ਵਿਚ ਬਿਹਤਰੀਨ ਮਾਹਰਾਂ ਦੀਆਂ ਟੀਮਾਂ ਤੋਂ ਕੰਮ ਲੈਣਾ ਦਰਸਾਉਂਦਾ ਹੈ ਕਿ ਫ਼ਿਲਮ ਦੇ ਨਿਰਦੇਸ਼ਕ ਅਤੇ ਪ੍ਰੋਡਿਊਸਰਾਂ ਨੇ ਫ਼ਿਲਮ ਦੀ ਸਿਹਤ ਦੇ ਸਬੰਧ ਵਿਚ ਕੋਈ ਸਮਝੌਤਾ ਨਹੀਂ ਕੀਤਾ, ਜਿਸ ਕਰ ਕੇ ਦਰਸ਼ਕਾਂ ਵੱਲੋਂ ਸਰਗੁਣ ਮਹਿਤਾ ਦਾ ਹੋਕਾ ਸੁਣਨਾ ਹੀ ਨਹੀਂ, ਉਸ ਉੱਤੇ ਅਮਲ ਕਰਨਾ ਵੀ ਬਣਦਾ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਚੰਗਾ ਸਿਨੇਮਾ ਬਣਾਉਣ ਵਿਚ ਪੰਜਾਬ ਦਾ ਵੀ ਯੋਗਦਾਨ ਹੋਵੇ।#
