ਸ਼ਬਦੰਗਲ-127



ਨਵੀਆਂ ਹੀ ਗੱਲਾਂ ਹੋਈ ਜਾਂਦੀਆਂ ਨੇ ਆਪਣੇ ਪੁਰਾਣੇ ਮੁਲਕ ਅੰਦਰ
<><><><><><><><><><><><><><><>
    ਆਮ ਘਟਨਾਵਾਂ ਦਾ ਆਮ ਹੀ ਵਾਪਰੀ ਜਾਣਾ, ਕਿਸੇ ਦਾ ਵੀ ਧਿਆਨ ਨਹੀਂ ਖਿੱਚਦਾ, ਪਰ ਬਹੁਤ ਹੀ ਖ਼ਾਸ ਅਤੇ ਦਿਲਚਸਪ ਘਟਨਾਵਾਂ ਦਾ ਆਮ ਹੀ ਵਾਪਰੀ ਜਾਣਾ ਜਹਾਨ ਭਰ ਦੇ ਲੋਕਾਂ ਦਾ ਧਿਆਨ ਖਿੱਚਦਾ ਹੈ ਅਤੇ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਖ਼ਾਸ ਥਾਂ ਅਤੇ ਵਿਸ਼ੇਸ਼ ਸਜਾਵਟ ਹਾਸਲ ਕਰਦਾ ਹੈ। ਇਹੋ ਜਿਹੀਆਂ ਹੀ ਉਹ ਖ਼ਬਰਾਂ ਹਨ, ਜਿਨ੍ਹਾਂ ਲਈ ਜਹਾਨ ਭਰ ਦੇ ਪੱਤਰਕਾਰ ਬਾਉਰੇ ਹੋਏ ਫਿਰਿਆ ਕਰਦੇ ਹਨ।
    ਪਹਿਲਾਂ ਇਹ ਜਾਣ ਲਓ ਕਿ ਅਜਿਹੀਆਂ ਘਟਨਾਵਾਂ ਜਾਂ ਖ਼ਬਰਾਂ ਕਿਹੋ ਜਿਹੀਆਂ ਹੁੰਦੀਆਂ ਹਨ। ਪੱਤਰਕਾਰੀ ਵਿਚ ਇਕ ਬਹੁਤ ਹੀ ਪ੍ਰਚੱਲਤ ਮਿਸਾਲ ਹੈ ਕਿ ਜੇ ਕੁੱਤੇ ਨੇ ਕਿਸੇ ਬੰਦੇ ਨੂੰ ਵੱਢਿਆ ਹੈ ਤਾਂ ਇਹ ਇਕ ਆਮ ਜਿਹੀ ਖ਼ਬਰ ਹੈ, ਪਰ ਜੇ ਕਿਸੇ ਬੰਦੇ ਨੇ ਕੁੱਤੇ ਨੂੰ ਵੱਢਿਆ ਹੈ ਤਾਂ ਇਹ ਬਹੁਤ ਵੱਡੀ ਖ਼ਬਰ ਹੈ। ਸੋ, ਜੇ ਕੋਈ ਖ਼ਬਰ ਪੜ੍ਹ-ਸੁਣ ਕੇ ਤੁਹਾਡਾ ਹੱਥ ਤੁਹਾਡੇ ਮੂੰਹ ਵੱਲ ਚਲਿਆ ਜਾਵੇ ਤਾਂ ਸਮਝ ਲਓ ਪਈ ਉਹ ਖ਼ਬਰ ਜਹਾਨ ਭਰ ਵਿਚ ਬਹੁਤ ਹੈਰਾਨੀ ਨਾਲ਼ ਹੀ ਨਹੀਂ, ਸਗੋਂ ਕਈ-ਕਈ ਵਾਰ ਪੜ੍ਹੀ ਜਾਵੇਗੀ। ਇਹੋ ਜਿਹੀ ਖ਼ਬਰ 'ਆਊਟ ਆਫ਼ ਬਾਕਸ' ਯਾਨੀ 'ਬਕਸਿਉਂ ਬਾਹਰ' ਅਤੇ 'ਆਫ਼ ਬੀਟ' ਯਾਨੀ 'ਤਾਲੋਂ ਹਟਵੀਂ' ਹੋ ਕੇ ਆਮ ਖ਼ਬਰਾਂ ਵਾਂਗ ਨਹੀਂ ਸਗੋਂ 'ਬਾਕਸ ਆਈਟਮ' ਯਾਨੀ 'ਬਕਸੇ ਦੇ ਅੰਦਰ' ਛਾਪੀ ਜਾਂਦੀ ਹੈ।
    ਸਾਡੇ ਭਾਰਤ ਮਹਾਨ ਵਿਚ ਪਿਛਲੇ ਦਿਨੀਂ ਲੀਕੋਂ ਹਟਵੀਆਂ ਦੋ ਖ਼ਬਰਾਂ ਬਹੁਤ ਹੀ ਚਰਚਾ ਵਿਚ ਰਹੀਆਂ। ਇਨ੍ਹਾਂ ਖ਼ਬਰਾਂ ਦੀਆਂ ਜਨਮ-ਦਾਤੀਆਂ ਦੋ ਔਰਤਾਂ ਹਨ, ਜਿਨ੍ਹਾਂ ਵਿਚੋਂ ਇਕ ਜਣੀ 35 ਸਾਲਾਂ ਦੀ ਅਤੇ ਦੂਜੀ ਜਣੀ 47 ਸਾਲਾਂ ਦੀ ਅਤੇ ਇਕ ਅੱਠ ਸਾਲਾ ਬੱਚੇ ਦੀ ਮਾਂ ਵੀ ਹੈ। ਤੁਸੀਂ ਕਹੋਗੇ ਕਿ ਖ਼ਬਰਾਂ ਦੀਆਂ ਜਨਮ-ਦਾਤੀਆਂ, ਔਰਤਾਂ ਹਨ ਤਾਂ ਇਸ ਵਿਚ ਖ਼ਾਸ ਗੱਲ ਯਾਨੀ 'ਆਊਟ ਆਫ ਬੌਕਸ' ਗੱਲ ਕਿਹੜੀ ਹੋਈ? ਜੱਗ-ਜਨਣੀ ਯਾਨੀ ਜਨਮ-ਦਾਤੀ ਨੇ ਜਨਮ ਨਹੀਂ ਦੇਣਾ ਤਾਂ ਫਿਰ ਹੋਰ ਕੌਣ ਦੇਵੇਗਾ? ਗੱਲ ਯਾਨੀ ਖ਼ਬਰ ਪੂਰੀ ਸੁਣੋ-ਸਮਝੋਗੇ ਤਾਂ ਤੁਹਾਨੂੰ ਇਸ ਦਾ ਜੁਆਬ ਵੀ ਮਿਲ ਜਾਵੇਗਾ।
    ਗੋਰਖ਼ਪੁਰ ਤੋਂ ਆਈ ਹੋਈ ਖ਼ਬਰ ਬਹੁਤ ਤਕਨੀਕੀ ਹੈ ਅਤੇ ਉਸ ਬਹੁਤ ਸਾਰਾ ਕਾਨੂੰਨੀ ਖਲਾਰਾ ਹੈ। ਇਸ ਖ਼ਬਰ ਮੁਤਾਬਿਕ, ਉੱਤਰੀ-ਪੂਰਬੀ ਰੇਲਵੇ ਦਾ ਇਕ ਮੁਲਾਜ਼ਮ ਰਾਜੇਸ਼ ਪਾਂਡੇ, ਜੋ ਹੁਣ ਆਪਣਾ ਲਿੰਗ ਤਬਦੀਲ ਕਰਾ ਕੇ ਹੁਣ 'ਸੋਨੀਆ ਪਾਂਡੇ' ਬਣ ਚੁੱਕਾ ਹੈ, ਲਿੰਗ ਬਦਲਣ ਸਬੰਧੀ ਆਪਰੇਸ਼ਨ ਕੀਤੇ ਜਾਣ ਤੋਂ ਪਹਿਲਾਂ, ਇੱਜ਼ਤ ਨਗਰ (ਬਰੇਲੀ) ਵਿਚ ਅੱਵਲ ਦਰਜਾ ਤਕਨੀਸ਼ੀਅਨ ਵਜੋਂ ਤਾਇਨਾਤ ਸੀ। ਹੁਣ ਉਸ ਦੇ ਅਧਿਕਾਰੀਆਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ, ਵਿਭਾਗ ਦੇ ਰਿਕਾਰਡ ਵਿਚ ਉਸ ਨੂੰ ਰਾਜੇਸ਼ ਪਾਂਡੇ ਵਜੋਂ ਹੀ ਹਾਜ਼ਰ-ਨਾਜ਼ਰ ਸਮਝਣ ਜਾਂ 'ਸੋਨੀਆ ਪਾਂਡੇ' ਵਜੋਂ 'ਸੌਭਾਗਯਵਤੀ ਹੋ, ਸਦਾਸੁਹਾਗਨ ਰਹੋ, ਦੂਧੋਂ ਨਹਾਓ-ਪੂਤੋਂ ਫਲੋ' ਦਾ ਆਸ਼ੀਰਵਾਦ ਦੇਣ।
    ਰੇਲਵੇ ਵਿਚ ਪਿਛਲੇ ਲੰਬੇ ਅਰਸੇ ਵਿਚ, ਸਾਹੜੀ-ਸੁਰਖ਼ੀ ਲਾ ਕੇ ਇਹੋ ਜਿਹਾ ਯੱਭ ਨਹੀਂ ਆਇਆ। ਜਿਹੜਾ ਬੰਦਾ ਰੇਲਵੇ ਦੇ ਤਕਨੀਕੀ ਨੁਕਸ ਕੱਢਿਆ ਕਰਦਾ ਸੀ, ਉਹ ਆਪਣੇ ਨੁਕਸ ਕਢਾ ਕੇ ਆ ਗਿਆ, ਨਾ ਸੱਚ, ਆ ਗਈ। ਕਿੱਥੇ ਗੱਡੀਆਂ ਦੇ ਨੁਕਸ ਦੂਰ ਕਰਨੇ, ਕਿੱਥੇ ਘਰ-ਬਾਰ ਸੁਆਰਨਾ ਤੇ ਉਸ ਦਾ ਦਲਿੱਦਰ ਦੂਰ ਕਰਨਾ। ਰੇਲਵੇ ਦੇ ਉੱਚ ਅਧਿਕਾਰੀ ਹੈਰਾਨ ਹਨ ਕਿ ਸਾਹੜੀ-ਸੁਰਖ਼ੀ ਲਾ ਕੇ, 'ਸੋਨੀਆ ਪਾਂਡੇ' ਬਣ ਕੇ ਆ ਬੈਠੀ/ ਬੈਠੇ 'ਰਾਜੇਸ਼ ਪਾਂਡੇ' ਤੋਂ ਕਿਹੜਾ ਕੰਮ ਕਰਾਇਆ ਜਾਏ ਤੇ ਕਿਹੜਾ ਕੰਮ ਨਾ ਕਰਾਇਆ ਜਾਏ। ਹੁਣ 'ਸ਼੍ਰੀ ਪਾਂਡੇ' ਤੋਂ 'ਸੁਸ਼੍ਰੀ ਪਾਂਡੇ' ਹੋ ਗਏ ਇਸ 'ਟੂ-ਇਨ-ਵੱਨ' ਜੀਵ ਨੇ ਰੇਲਵੇ ਤੋਂ ਜੁਆਬ-ਤਲਬੀ ਕੀਤੀ ਹੈ ਕਿ ਇਸ ਮਹਿਕਮੇ ਨੇ ਉਸ ਦੇ ਰਿਕਾਰਡ ਵਿਚ, ਉਸ ਦੇ ਜਿਸਮ ਦਾ ਆਪਰੇਸ਼ਨ ਕੀਤੇ ਜਾਣ ਮਗਰੋਂ ਕੀ 'ਵੱਢ-ਟੁੱਕ' ਕੀਤੀ ਹੈ ਜਾਂ ਉਸ ਦੇ ਦਰਜੇ/ ਰੁਤਬੇ ਵਿਚ ਕੋਈ ਊਚ/ ਨੀਚ ਕੀਤੀ ਹੈ ਜਾਂ ਨਹੀਂ।
    ਇਸ ਅਦਲੇ-ਬਦਲੇ ਗਏ ਜੀਵ ਦੇ ਕਿਸੇ ਸੁਆਲ ਦਾ ਹਾਲੇ ਕੋਈ ਜੁਆਬ ਨਹੀਂ ਮਿਲਿਆ ਤਾਂ ਕੁੱਝ ਪੱਤਰਕਾਰਾਂ ਨੇ ਇਸ ਸਬੰਧ ਵਿਚ ਸੁਆਲ ਕਰ ਸੁੱਟੇ ਹਨ, ਜਿਨ੍ਹਾਂ ਦੇ ਜੁਆਬ ਵਿਚ, ਉੱਤਰੀ-ਪੂਰਬੀ ਰੇਲਵੇ ਦੇ ਲੋਕ ਸੰਪਰਕ ਅਧਿਕਾਰੀ ਸੀ. ਪੀ. ਚੌਹਾਨ ਨੇ ਸੌ ਨਾਲ਼ ਦੇ ਇਕ ਜੁਆਬ ਵਿਚ ਏਦਾਂ ਕਿਹਾ ਹੈ, "ਇਹ ਬਹੁਤ ਹੀ ਤਕਨੀਕੀ ਅਤੇ ਪੇਚੀਦਾ ਮਾਮਲਾ ਹੋਣ ਦੀ ਵਜ੍ਹਾ ਨਾਲ਼, ਅਸੀਂ ਕਾਨੂੰਨੀ ਪਹਿਲੂਆਂ ਦੀ ਛਾਣ-ਬੀਣ ਕਰ ਰਹੇ ਹਾਂ।"
    ਰਾਜੇਸ਼ ਪਾਂਡੇ ਨੇ ਇਹ ਆਪਰੇਸ਼ਨ 2017 ਵਿਚ ਕਰਾਇਆ ਸੀ। ਇਹ ਅਪਰੇਸ਼ਨ ਹੋਣ ਤੋਂ ਬਾਅਦ ਉਸ ਨੂੰ ਮਰਦ ਤੋਂ ਔਰਤ ਬਣਿਆਂ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਪਰ ਉਸ ਕੋਲ ਹਾਲੇ ਵੀ ਪਛਾਣ ਪੱਤਰ ਮਰਦ ਹੋਣ ਦਾ ਹੀ ਹੈ। ਹੁਣ ਉਸ ਤੋਂ, ਉਸ ਦੀ ਨਵੀਂ ਪਛਾਣ ਅਨੁਸਾਰ, ਢੁੱਕਦਾ ਕੰਮ ਨਹੀਂ ਲਿਆ ਜਾਂਦਾ। ਆਪਰੇਸ਼ਨ ਤੋਂ ਮਗਰੋਂ ਉਸ ਨੇ ਗੋਰਖ਼ਪੁਰ ਵਿਚ 'ਨਾਰਥ ਈਸਟਰਨ ਰੇਲਵੇ ਦੇ ਜਨਰਲ ਮੈਨੇਜਰ ਦੇ ਦਫ਼ਤਰ ਤੋਂ ਇਹ ਮੰਗ ਕੀਤੀ ਹੋਈ ਹੈ ਕਿ ਰੇਲਵੇ ਦੇ ਰਿਕਾਰਡ ਵਿਚ ਉਸ ਦਾ ਨਾਂ (ਸੋਨੀਆ ਪਾਂਡੇ) ਅਤੇ ਲਿੰਗ ਬਦਲੇ ਜਾਣ।' ਉਸ ਵੱਲੋਂ ਇਹ ਮੰਗ ਕਰਨ ਨਾਲ਼, ਮਹਿਕਮੇ ਦੇ ਉੱਚ ਅਧਿਕਾਰੀ ਕੁੜਿੱਕੀ ਵਿਚ ਫਸੇ ਹੋਏ ਹਨ।
     ਚਾਰ ਭੈਣਾਂ ਦੇ ਇਕਲੌਤੇ ਭਰਾ (ਰਹੇ) ਰਾਜੇਸ਼ ਪਾਂਡੇ ਨੂੰ 2003 ਵਿਚ ਉਸ ਦੇ ਪਿਤਾ ਦੀ ਮੌਤ ਹੋ ਜਾਣ ਬਾਅਦ, ਤਰਸ ਦੇ ਆਧਾਰ 'ਤੇ ਇਹ ਨੌਕਰੀ ਮਿਲੀ ਸੀ। ਲਿੰਗ ਤਬਦੀਲ ਕਰਾਉਣ ਲਈ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਰਾਜੇਸ਼ ਪਾਂਡੇ, ਇਕ ਸਥਾਨਕ ਔਰਤ ਨਾਲ਼ ਵਿਆਹਿਆ ਵੀ ਹੋਇਆ ਸੀ। ਜਦੋਂ ਉਸ ਨੇ ਆਪਣੀ ਪਤਨੀ ਨੂੰ ਸਾਫ਼-ਸਾਫ਼ ਦੱਸ ਦਿੱਤਾ ਕਿ ਉਹ ਮਰਦ ਦੇ ਜਾਮੇ ਵਿਚ ਔਰਤ ਹੈ ਤਾਂ ਉਨ੍ਹਾਂ ਦੋਹਾਂ ਦਾ ਆਪਸ ਵਿਚ ਤਲਾਕ ਹੋ ਗਿਆ ਸੀ। ਉਸ ਨੇ ਇਹ ਸਾਰੀਆਂ ਗੱਲਾਂ ਪੱਤਰਕਾਰਾਂ ਨੂੰ ਦੱਸੀਆਂ ਹੋਈਆਂ ਹਨ। ਹੁਣ ਸੋਨੀਆ ਪਾਂਡੇ ਸਾਹੜੀ-ਸੁਰਖ਼ੀ ਲਾ ਕੇ ਉਸੇ ਦਫ਼ਤਰ ਜਾਂਦੀ ਹੈ, ਜਿਸ ਵਿਚ ਕਦੇ ਰਾਜੇਸ਼ ਪਾਂਡੇ ਜਾਂਦਾ ਹੁੰਦਾ ਸੀ। ਉਹ, ਆਪਣੇ ਬਦਲੇ ਹੋਏ ਲਿੰਗ ਅਤੇ ਨਾਂ ਨੂੰ ਮਾਨਤਾ ਦੁਆਉਣ ਖ਼ਾਤਰ ਰੇਲਵੇ ਬੋਰਡ ਦਾ ਬੂਹਾ ਖੜਕਾਉਣ ਲਈ ਵੀ ਤਿਆਰ ਹੈ।
     ਦੂਜੀ ਦਿਲਚਸਪ ਖ਼ਬਰ ਸਿਰਜਣ ਵਾਲ਼ੀ ਔਰਤ ਦਾ ਨਾਂ ਮੰਦਿਰਾ ਬੇਦੀ ਹੈ। ਜੀ ਹਾਂ, ਇਹ ਉਹੀ ਮੰਦਿਰਾ ਬੇਦੀ ਹੈ, ਜੋ ਫ਼ਿਲਮਾਂ ਅਤੇ ਟੀਵੀ ਡਰਾਮਿਆਂ ਵਿਚ ਕੰਮ ਕਰਦੀ ਹੈ। ਮੰਦਿਰਾ ਦਾ ਅੱਠ ਸਾਲਾਂ ਦਾ ਪੁੱਤਰ ਹੈ, ਜਿਸ ਦਾ ਨਾਂ 'ਵੀਰ' ਹੈ। ਉਹ, ਫ਼ਿਲਮਸਾਜ਼ ਤੇ ਐਕਸ਼ਨ ਨਿਰਦੇਸ਼ਕ ਰਾਜ ਕੌਸ਼ਲ ਦੀ ਪਤਨੀ ਹੈ। ਇਸ ਔਰਤ ਦੀ ਉਮਰ ੪੭ ਸਾਲ ਹੈ। ਇਸ ਔਰਤ ਨੇ ਜਿਹੜਾ ਕਾਰਨਾਮਾ ਕਰ ਦਿਖਾਇਆ ਹੈ, ਉਹ ਇਸ ਉਮਰੇ ਅਤੇ ਇਕ ਅੱਠ ਸਾਲਾ ਬੱਚੇ ਦੀ ਮਾਂ ਹੁੰਦਿਆਂ ਕਰ ਦਿਖਾਉਣਾ ਬਹੁਤ ਹੀ ਔਖਾ ਹੈ।
    ਹਾਲ ਹੀ ਵਿਚ ਤਫ਼ਰੀਹ ਕਰਨ ਦੇ ਉਦੇਸ਼ ਨਾਲ਼, ਇਸ ਅਦਾਕਾਰਾ ਨੇ ਹਵਾਈ ਜਹਾਜ਼ ਰਾਹੀਂ ਮਾਲਦੀਵਜ਼ ਪਹੁੰਚ ਕੇ ਤੇ ਫਿਰ ਲਾਲ ਬਿਕਨੀ ਸੂਟ ਪਹਿਨ ਕੇ ਅਤੇ ਕੁੱਝ ਤਸਵੀਰਾਂ ਖਿਚਾ ਕੇ, ਇੰਟਰਨੈੱਟ ਉੱਤੇ 'ਅਪਲੋਡ' ਕਰ ਦਿੱਤੀਆਂ। ਹੁਣ ਸੁੰਦਰ ਜਿਸਮਾਂ ਦੇ ਦੀਵਾਨਿਆਂ ਨੇ ਉਹ ਤਸਵੀਰਾਂ ਦੇਖ-ਦੇਖ ਕੇ ਇੰਟਰਨੈੱਟ ਦਾ ਧੂੰਆਂ ਕੱਢਣ ਵਾਲ਼ਾ ਕੀਤਾ ਹੋਇਆ ਹੈ। ਲਾਲ ਬਿਕਨੀ ਸੂਟ ਪਾ ਕੇ ਖਿਚਾਈਆਂ ਹੋਈਆਂ ਤਸਵੀਰਾਂ ਵਿਚ ਮੰਦਿਰਾ ਬੇਦੀ ਨੇ ਆਪਣੇ ਪੇਟ ਉੱਤੇ ਬਣੀਆਂ ਹੋਈਆਂ 'ਛੇ ਖੱਲੀਆਂ' ਯਾਨੀ 'ਸਿਕਸ ਐਬਜ਼' ਦਿਖਾਈਆਂ ਹੋਈਆਂ ਹਨ। ਹੁਣ ਤਕ ਇਸ ਤਰ੍ਹਾਂ ਦੀ ਜਿਸਮਾਨੀ ਮਿਹਨਤ ਕਰ ਕੇ ਇਹੋ ਜਿਹਾ ਪਿੰਡਾ ਬਣਾਉਣ ਅਤੇ ਕਮਾਉਣ ਦਾ ਰਿਵਾਜ ਮਰਦਾਂ ਵਿਚ ਤਾਂ ਰਿਹਾ ਹੈ, ਪਰ ਔਰਤਾਂ ਵਿਚੋਂ ਇਹੋ ਜਿਹਾ ਪਿੰਡਾ ਬਣਾਉਣ-ਕਮਾਉਣ ਵਾਲ਼ੀ ਤੇ ਉਹ ਵੀ ਇਸ ਉਮਰੇ, ਮੰਦਿਰਾ ਬੇਦੀ ਹੀ ਹੈ।
    ਉਸ ਦੇ 'ਸਿਕਸ ਐਬਜ਼' ਵਾਲ਼ੇ ਪਿੰਡੇ ਦੇ ਦਰਸ਼ਨ, ਪ੍ਰਭਾਸ ਅਤੇ ਸ਼ਰਧਾ ਕਪੂਰ ਦੀ ਹੁਣੇ ਰਿਲੀਜ਼ ਹੋਈ ਫ਼ਿਲਮ 'ਸਾਹੋ' ਵਿਚ ਵੀ ਹੋ ਰਹੇ ਕਿਉਂ ਕਿ ਉਸ ਫ਼ਿਲਮ ਵਿਚ, ਮੰਦਿਰਾ ਨੇ 'ਕਾਲਕੀ' ਨਾਂ ਦਾ ਕਿਰਦਾਰ ਨਿਭਾਇਆ ਹੋਇਆ ਹੈ।
    ਮਿਲਦੇ ਹਾਂ ਇਹੋ ਜਿਹੀਆਂ ਹੀ ਕੁੱਝ ਹੋਰ ਖ਼ਬਰਾਂ ਮਿਲਣ ਤੋਂ ਮਗਰੋਂ। ਤਦ ਤਕ ਲਈ ਜਾ ਲੈਣ ਦਿਓ
! #