ਪਹਿਲੀ ਕੈਨੇਡੀਅਨ ਔਰਤ ਕਰੂਜ਼ ਸ਼ਿੱਪ ਦੀ ਕੈਪਟਨ ਨਿਯੁਕਤ
<><><><><><><><><><><><><><>
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਵੈਂਡੀ ਵਿਲੀਅਮਜ਼ ਨੇ, ਸਮੁੰਦਰੀ ਜਹਾਜ਼ ਯਾਨੀ ਕਰੂਜ਼ ਦੀ ਕਪਤਾਨ ਚੁਣੀ ਜਾਣ ਨਾਲ਼, ਕੈਨੇਡਾ ਦੀਆਂ ਔਰਤਾਂ ਲਈ ਕਾਮਯਾਬੀ ਦਾ ਨਵਾਂ ਰਾਹ ਖੋਲ੍ਹ ਕੇ, ਨਵਾਂ ਇਤਿਹਾਸ ਰਚ ਦਿੱਤਾ ਹੈ। ਉਸ ਨੂੰ ਸਰ ਰਿਚਰਡ ਬਰਾਨਸਨ ਦੇ ਸਮੁੰਦਰੀ ਜਹਾਜ਼ਾਂ ਦੇ ਨਵੇਂ ਬੇੜੇ 'ਵਰਜਨ ਵੋਇਜਿਜ਼' ਦੇ ਪਹਿਲੇ ਕਰੂਜ਼ 'ਸਕਾਰਲੈੱਟ ਲੇਡੀ' ਦੀ ਵਾਗ-ਡੋਰ ਸਂੌਪੀ ਜਾਣੀ ਹੈ। ਇਹ ਜਹਾਜ਼ ਅਗਲੇ ਸਾਲ (2020), ਮਿਆਮੀ ਤੋਂ ਕੈਰੀਬੀਅਨ ਵੱਲ ਭੇਜਣ ਲਈ ਸਮੁੰਦਰ ਵਿਚ ਠੇਲ੍ਹਿਆ ਜਾਣਾ ਹੈ।
ਪੁਰਾਣੇ ਸਮੁੰਦਰੀ ਜਹਾਜ਼ਾਂ ਵਿਚ, ਕਈ ਥਾਈਂ ਇਕ ਅਜਿਹੀਆਂ ਔਰਤਾਂ ਦੇ ਬੁੱਤ ਲੱਗੇ ਦਿਸਣਗੇ, ਜਿਨ੍ਹਾਂ ਦੇ ਧੜ ਔਰਤਾਂ ਦੇ ਧੜ ਵਰਗੇ, ਜਦੋਂ ਕਿ ਲੱਤਾਂ ਦੀ ਥਾਂ, ਮੱਛੀ ਦੀ ਪੂਛ ਵਰਗੀਆਂ ਪੂਛਾਂ ਲੱਗੀਆਂ ਹੁੰਦੀਆਂ ਹਨ। ਇਨ੍ਹਾਂ ਔਰਤਾਂ ਨੂੰ 'ਜਲ-ਪਰੀਆਂ' ਜਾਂ 'ਮਰਮੇਡਜ਼' ਕਿਹਾ ਜਾਂਦਾ ਹੈ। ਇਨ੍ਹਾਂ ਦੇ ਇਹ ਪੁਤਲੇ, ਜਹਾਜ਼ਾਂ ਦੀ ਸਲਾਮਤੀ ਲਈ, ਖ਼ੁਸ਼ਕਿਸਮਤੀ ਦੇ ਪ੍ਰਤੀਕਾਂ ਵਜੋਂ ਲਗਾਏ ਜਾਂਦੇ ਰਹੇ ਹਨ। ਦੂਜੇ ਪਾਸੇ ਇਕ ਮਾੜੀ ਗੱਲ ਵੀ ਹੈ ਕਿ ਕਦੇ ਵੀ ਕਿਸੇ ਔਰਤ ਨੂੰ ਕਿਸੇ ਸਮੁੰਦਰੀ ਜਹਾਜ਼ ਦੀ ਕੈਪਟਨ ਬਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਰਿਹਾ।
ਇਨ੍ਹਾਂ ਜਲਪਰੀਆਂ ਅਤੇ ਇਨ੍ਹਾਂ ਦੇ ਪੁਤਲਿਆਂ ਦਾ ਪ੍ਰਭਾਵ ਚੰਗਾ ਵੀ ਮੰਨ ਲਿਆ ਜਾਂਦਾ ਤੇ ਕਈ ਵਾਰੀ ਇਹ ਜਲਪਰੀਆਂ ਕੁਸ਼ਗਨੀਆਂ ਵੀ ਮੰਨੀਆਂ ਜਾਂਦੀਆਂ ਰਹੀਆਂ ਹਨ। ਮਲਾਹਗਿਰੀ ਸਬੰਧੀ ਇਹ ਵਹਿਮ-ਭਰਮ, ਮਲਾਹਗਿਰੀ ਜਿੰਨੇ ਹੀ ਪੁਰਾਣੇ ਹਨ। ਮਲਾਹਗਿਰੀ ਦਾ ਸਾਰਾ ਦਾਰੋ-ਮਦਾਰ ਮੌਸਮ ਅਤੇ ਸਮੁੰਦਰ ਦੀਆਂ ਲਹਿਰਾਂ ਉੱਤੇ ਨਿਰਭਰ ਹੋਣ ਦੀ ਵਜ੍ਹਾ ਨਾਲ਼ ਜਹਾਜ਼ਾਂ ਦੇ ਸੇਲਰ ਯਾਨੀ ਮਲਾਹ, ਟੂਣੇ ਜਿਹੇ ਵਾਂਗ ਹੀ, ਆਪਣੇ ਜਹਾਜ਼ਾਂ ਉੱਤੇ ਕਈ ਤਰ੍ਹਾਂ ਦੇ ਪੁਤਲੇ ਸਜਾ ਲਿਆ ਕਰਦੇ ਹੁੰਦੇ ਸਨ। ਇਹ ਪੁਤਲੇ ਬੰਨ੍ਹਦਿਆਂ ਹੋਇਆਂ ਉਹ ਖਵਾਜਾ ਖ਼ਿਜਰ ਸਮੇਤ ਕਈ ਦੇਵਤਿਆਂ ਨੂੰ ਧਿਆਉਂਦਿਆਂ, ਉਨ੍ਹਾਂ ਦੇ ਜਹਾਜ਼ਾਂ ਉੱਤੇ ਦਇਆ-ਮਿਹਰ ਦੀ ਨਜ਼ਰ ਰੱਖਣ ਦੀਆਂ ਦੁਆਵਾਂ ਵੀ ਕਰਿਆ ਕਰਦੇ ਸਨ।
ਇਹ ਵੀ ਕਿਹਾ ਜਾਂਦਾ ਹੈ ਕਿ ਔਰਤਾਂ ਨੂੰ ਸਮੁੰਦਰੀ ਜਹਾਜ਼ ਵਿਚ ਸਵਾਰੀ ਕਰਨ ਦੀ ਸਖ਼ਤ ਮਨਾਹੀ ਹੁੰਦੀ ਸੀ ਤੇ ਸਮਝਿਆ ਜਾਂਦਾ ਸੀ ਕਿ ਜਹਾਜ਼ ਵਿਚ ਔਰਤ ਦੀ ਮੌਜੂਦਗ਼ੀ ਬਦਕਿਸਮਤੀ ਨੂੰ ਬੁਲਾਵਾ ਦੇਵੇਗੀ। ਇਹ ਵਹਿਮ ਵੀ ਰਿਹਾ ਹੈ ਕਿ ਔਰਤਾਂ ਦੇਖ ਕੇ, ਸਮੁੰਦਰੀ ਦੇਵਤੇ ਨਰਾਜ਼ ਹੋ ਜਾਂਦੇ ਹਨ। ਨਰਾਜ਼ ਹੋਏ ਦੇਵਤੇ, ਮੌਸਮ ਖਰਾਬ ਕਰ ਕੇ, ਮਲਾਹਾਂ ਨੂੰ ਸਜ਼ਾਵਾਂ ਦਿੰਦੇ ਹੁੰਦੇ ਸਨ। ਕਈ ਮਲਾਹ ਤਾਂ ਇਸ ਮਾਮਲੇ ਨੂੰ ਇੰਨਾ ਸੰਜੀਦਾ ਸਮਝਦੇ ਸਨ ਕਿ ਉਹ ਮੌਸਮ ਦੇ ਵਿਗੜਨ ਦੇ ਆਸਾਰ ਦੇਖਦਿਆਂ ਹੀ ਜਹਾਜ਼ ਉੱਤੇ ਸਵਾਰ ਔਰਤਾਂ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਹੋ ਜਾਂਦੇ ਸਨ।
ਇਨ੍ਹਾਂ ਰਸਮਾਂ-ਰਿਵਾਜਾਂ ਦੇ ਹੁੰਦਿਆਂ, ਇਹ ਸੁਆਲ ਵੀ ਉਠਾਏ ਜਾਂਦੇ ਕਿ ਜੇ ਸਮੁੰਦਰੀ ਦੇਵਤਿਆਂ ਨੂੰ ਜਹਾਜ਼ ਉੱਤੇ ਔਰਤਾਂ ਦੀ ਮੌਜੂਦਗ਼ੀ ਬਰਦਾਸ਼ਤ ਨਹੀਂ ਹੈ ਤਾਂ ਜਹਾਜ਼ਾਂ ਉੱਤੇ ਜਲਪਰੀਆਂ ਦੇ ਬੁੱਤ ਜਾਂ ਪੁਤਲੇ ਕਿਉਂ ਲਗਾਏ ਜਾਂਦੇ ਹਨ! ਜਾਂ ਫਿਰ ਜਲਪਰੀਆਂ ਦੇ ਪੁਤਲੇ, ਜਹਾਜ਼ ਦਾ ਬਚਾਅ ਕਿੱਦਾਂ ਕਰ ਸਕਦੇ ਹਨ! ਜੇ ਕੱਪੜਿਆਂ ਨਾਲ਼ ਪੂਰੀ ਤਰ੍ਹਾਂ ਢਕੇ ਹੋਏ ਜਿਸਮਾਂ ਵਾਲ਼ੀਆਂ ਔਰਤਾਂ ਦੀ ਮੌਜੂਦਗ਼ੀ, ਦੇਵਤਿਆਂ ਨੂੰ ਪ੍ਰਵਾਨ ਨਹੀਂ ਤਾਂ ਅਧਨੰਗੇ ਧੜਾਂ ਵਾਲ਼ੀਆਂ ਜਲਪਰੀਆਂ, ਜਹਾਜ਼ ਨੂੰ ਵਿਗੜੇ ਹੋਏ ਮੌਸਮ ਤੋਂ ਕਿੱਦਾਂ ਬਚਾ ਲੈਣਗੀਆਂ! ਕਹਿੰਦੇ ਹਨ ਕਿ ਇਕ ਮਾਨਤਾ ਇਹ ਵੀ ਸੀ ਕਿ ਨੰਗੀਆਂ ਛਾਤੀਆਂ ਵਾਲ਼ੀ ਔਰਤ ਦੇਖ ਕੇ ਕੁਦਰਤੀ ਬਦਮੌਸਮੀ ਸ਼ਰਮਸਾਰ ਹੋ ਜਾਇਆ ਕਰਦੀ ਸੀ। ਇਸੇ ਹੀ ਵਜ੍ਹਾ ਨਾਲ਼ ਅੱਜ ਵੀ ਕਈ ਮਲਾਹ ਆਪਣੇ ਜਹਾਜ਼ਾਂ ਉੱਤੇ ਜਲਪਰੀ ਦਾ ਪੁਤਲਾ ਲਾਜ਼ਮੀ ਲਾਉਂਦੇ ਹਨ।
ਔਰਤ ਨੂੰ ਸਮੁੰਦਰੀ ਜਹਾਜ਼ ਦੀ ਸਵਾਰੀ ਕਰਨ ਦੀ ਮਨਾਹੀ ਦਾ ਦੌਰ-ਦੌਰਾ ਹੋਣ ਦੌਰਾਨ ਕਿਸੇ ਔਰਤ ਨੂੰ ਕਿਸੇ ਸਮੁੰਦਰੀ ਜਹਾਜ਼ ਦੀ ਕਪਤਾਨ ਬਣਾ ਦਿੱਤਾ ਜਾਣਾ, ਕਈ ਲੋਕ ਹਾਲੇ ਵੀ ਕੁਦਰਤ ਨਾਲ਼ ਪੰਗਾ ਲੈਣਾ ਹੀ ਸਮਝਦੇ ਹਨ।ਪਰ ਹੁਣ, ਕੈਨੇਡਾ ਦੀ, ਵੈਂਡੀ ਵਿਲੀਅਮਜ਼ ਨਾਂ ਦੀ ਇਕ ਔਰਤ ਨੂੰ ਪਹਿਲੀ ਵਾਰੀ ਕਿਸੇ ਸਮੁੰਦਰੀ ਜਹਾਜ਼ ਦੀ ਕਪਤਾਨੀ ਸੌਂਪ ਕੇ, ਨਵਾਂ ਇਤਿਹਾਸ ਰਚਿਆ ਗਿਆ ਹੈ।
ਵੈਂਡੀ ਵਿਲੀਅਮਜ਼, 2770 ਮੁਸਾਫ਼ਰਾਂ ਵਾਲ਼ਾ ਕਰੂਜ਼ ਸ਼ਿੱਪ 'ਸਕਾਰਲੈੱਟ ਲੇਡੀ' ਲੈ ਕੇ ਸਮੁੰਦਰ ਵਿਚ ਠਿੱਲ੍ਹੇਗੀ। ਕਿੱਥੇ ਤਾਂ ਕਿਸੇ ਸਮੁੰਦਰੀ ਜਹਾਜ਼ ਉੱਤੇ ਕਿਸੇ ਔਰਤ ਦਾ ਨਾਂ ਲਏ ਜਾਣ ਦੀ ਮਨਾਹੀ ਹੁੰਦੀ ਸੀ, ਕਿੱਥੇ ਇਕ ਵੱਡੇ ਕਰੂਜ਼ ਸ਼ਿੱਪ ਦਾ ਨਾਂ 'ਸਕਾਰਲੈੱਟ ਲੇਡੀ' ਰੱਖਿਆ ਗਿਆ ਹੈ। ਸਰ ਰਿਚਰਡ ਬਰਾਨਸਨ ਦੀ, ਸਮੁੰਦਰੀ ਜਹਾਜ਼ਾਂ ਦੀ ਨਵੀਂ ਕੰਪਨੀ 'ਵਰਜਨ ਵੋਇਜਿਜ਼' ਦਾ ਇਹ ਪਲੇਠਾ ਯਾਨੀ ਉਦਘਾਟਨੀ ਜਹਾਜ਼ 'ਸਕਾਰਲੈੱਟ ਲੇਡੀ' ਅਗਲੇ ਸਾਲ (2020), ਸਮੁੰਦਰ ਵਿਚ ਠੇਲ੍ਹਿਆ ਜਾਣਾ ਹੈ।
ਵੈਂਡੀ ਵਿਲੀਅਮਜ਼ ਨੇ 'ਵਰਜਨ ਵੋਰਿਜਿਜ਼' ਨੂੰ ਤਰਜੀਹ ਦੇਣ ਦੀ ਵਜ੍ਹਾ ਪੁੱਛੇ ਜਾਣ 'ਤੇ ਕਿਹਾ, "ਪਹਿਲੀ ਗੱਲ ਤਾਂ ਇਹ ਹੈ ਕਿ 'ਵਰਜਨ' ਵਾਲ਼ੇ ਇਹ ਨਹੀਂ ਦੇਖਦੇ ਕਿ ਉਮੀਦਵਾਰ ਮਰਦ ਹੈ ਕਿ ਔਰਤ ਹੈ, ਉਹ ਸਿਰਫ਼ ਤੇ ਸਿਰਫ਼ ਪ੍ਰਤਿਭਾ ਤੇ ਹੁਨਰ ਦੇਖਦੇ ਹਨ। ਬਣਦਾ ਵੀ ਇਹੋ ਹੈ ਕਿ ਉਮੀਦਵਾਰ ਦਾ ਤੀਵੀਂ ਜਾਂ ਆਦਮੀ ਹੋਣਾ ਦੇਖਣ ਦੀ ਥਾਂ, ਇਹ ਦੇਖਿਆ ਜਾਵੇ ਕਿ ਉਮੀਦਵਾਰ ਕਿੰਨਾ ਕੁ ਅਤੇ ਕਿਹੋ ਜਿਹਾ ਤਜਰਬਾਕਾਰ ਹੈ।"
ਇੱਥੇ ਇਕ ਗੱਲ ਹੋਰ ਵੀ ਖੋਲ੍ਹਣੀ ਬਣਦੀ ਹੈ ਕਿ ਜੇ ਵੈਂਡੀ ਵਿਲੀਅਮਜ਼ ਵੱਲੋਂ ਸਮੁੰਦਰੀ ਜਹਾਜ਼ਾਂ ਵਿਚ ਕੰਮ ਕਰਨ ਦੇ ਅਰਸੇ ਨੂੰ ਬਹੁਤ ਹੀ ਨੁਮਾਇਆ ਕਰ ਕੇ ਦੱਸਿਆ ਗਿਆ ਹੈ ਤਾਂ ਉਸ ਦੀ ਆਪਣੀ ਉਮਰ ਦੇ ਸਾਲਾਂ ਦੀ ਗਿਣਤੀ ਬਹੁਤ ਹੀ ਸੋਚ-ਸਮਝ ਕੇ ਗੁਪਤ ਰੱਖੀ ਗਈ ਹੈ। ਸਮੁੰਦਰੀ ਜਹਾਜ਼ਾਂ ਦੀ ਨਵੀਂ ਕੰਪਨੀ 'ਵਰਜਨ ਵੋਇਜਿਜ਼' ਵੱਲੋਂ ਆਪਣਾ ਉਦਘਾਟਨੀ ਜਹਾਜ਼ 'ਸਕਾਰਲੈੱਟ ਲੇਡੀ' ਚਲਾਉਣ ਸਮੇਂ ਬਹੁਤ ਸਾਰੀਆਂ ਪੁਰਾਣੀਆਂ ਮਾਨਤਾਵਾਂ ਤੋੜੀਆਂ ਗਈਆਂ ਹਨ ਤਾਂ ਜਹਾਜ਼ ਦੀ ਕੈਪਟਨ ਦੀ ਉਮਰ ਛੁਪਾਉਣਾ ਇਕ ਨਵੀਂ ਮਾਨਤਾ ਸ਼ੁਰੂ ਕਰਨਾ ਵੀ ਹੈ।
ਓਦਾਂ,'ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ' ਨੇ ਆਪਣੇ ਸੂਤਰਾਂ ਰਾਹੀਂ ਪਤਾ ਕਰ ਲਿਆ ਹੈ ਵੈਂਡੀ ਵਿਲੀਅਮਜ਼ ਦੀ ਉਮਰ 53 ਸਾਲ ਹੈ। ਉਸ ਦਾ ਜਨਮ ਕਿੱਬੈਕ ਦੇ ਸਮੁੰਦਰੀ ਸ਼ਹਿਰ ਸੈਪਟੈਲਜ਼ ਵਿਚ ਪਤਾ ਨਹੀਂ ਕਿਹੜੇ ਸਾਲ ਦੌਰਾਨ ਹੋਇਆ ਸੀ, ਪਰ ਉਸ ਦਾ ਪਾਲਣ-ਪੋਸ਼ਣ ਪ੍ਰਿੰਸ ਰੂਪਰਟ ਵਿਚ ਹੋਇਆ। ਉਸ ਦਾ ਬਾਪ ਮੈਰੀਨ ਇਲੈਕਟਰਾਨਿਕਸ ਇੰਜੀਨੀਅਰ ਸੀ, ਜਿਸ ਦਾ ਮਤਲਬ ਇਹ ਹੈ ਕਿ ਜਨਮ ਲੈਣ ਵੇਲ਼ੇ ਹੀ ਵਿਲੀਅਮਜ਼ ਦੀਆਂ ਰਗ਼ਾਂ ਵਿਚ ਸਮੁੰਦਰ ਦਾ ਖਾਰਾਪਨ ਸੀ। ਹੁਣ ਜਦੋਂ ਵਿਲੀਅਮਜ਼, ਸਮੁੰਦਰ ਤੋਂ ਦੂਰ ਹੁੰਦੀ ਹੈ ਤਾਂ ਉਹ ਤੇ ਉਸ ਦਾ ਪਤੀ, ਜੋ 'ਬੀ. ਸੀ. ਫੇਰੀਜ਼' ਵਿਚ ਕੈਪਟਨ ਹੈ, ਕੁਆਲੀਕਮ ਬੀਚ ਦੇ ਉੱਤਰ ਵੱਲ ਆਪਣੇ ਛੇ ਏਕੜ ਦੇ ਸ਼ੁਗ਼ਲੀਆ ਫਾਰਮ ਵਿਚ ਰਹਿਣ ਲੱਗ ਪੈਂਦੇ ਹਨ। ਉੱਥੇ ਉਹ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਕਰਦੇ ਹਨ ਤੇ ਉਨ੍ਹਾਂ ਨੇ ਕੁੱਝ ਗਧੇ, ਭੇਡਾਂ ਅਤੇ ਮੁਰਗ਼ੀਆਂ ਪਾਲ਼ੀਆਂ ਹੋਈਆਂ ਹਨ।
ਜਦੋਂ ਵੈਂਡੀ ਵਿਲੀਅਮਜ਼ ਨੂੰ ਪੁੱਛਿਆ ਗਿਆ ਕਿ ਕੀ ਉਹ ਜਹਾਨ ਦੀ ਪਹਿਲੀ ਔਰਤ ਹੈ, ਜੋ ਕਿਸੇ ਕਰੂਜ਼ ਸ਼ਿੱਪ ਦੀ ਕੈਪਟਨ ਬਣੀ ਹੈ ਤਾਂ ਉਸ ਨੇ ਕਿਹਾ, "ਕਿਸੇ ਕਰੂਜ਼ ਸ਼ਿੱਪ ਦੀ ਪਹਿਲੀ ਕੈਪਟਨ ਬਣਨ ਵਾਲ਼ੀ ਔਰਤ, ਸਵੀਡਨ ਦੀ ਸੀ, ਜਿਸ ਦਾ ਨਾਂ ਹੈ 'ਕੈਰਿਨ ਸਟਾਹਰੇ-ਜੇਨਸਨ'। ਉਹ, 2007 ਵਿਚ ਇਕ ਰਾਇਲ ਕੈਰੀਬੀਅਨ ਸ਼ਿੱਪ 'ਮੌਨਾਰਕ ਆਫ਼ ਦ ਸੀਜ਼' ਦੀ ਕੈਪਟਨ ਬਣੀ ਸੀ। ਜਦੋਂ ਉਸ ਨੂੰ ਕੈਪਟਨ ਬਣਾaੁਣ ਦਾ ਐਲਾਨ ਕੀਤਾ ਗਿਆ, ਮੈਂ 'ਰਾਇਲ ਕੈਰੀਬੀਅਨ' ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ। ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਮੈਂ ਉਸ ਵੇਲ਼ੇ, ਉਸ ਕੰਪਨੀ ਵਿਚ ਕੰਮ ਕਰਦੀ ਸਾਂ, ਜਿਸ ਨੇ ਇਸ ਔਰਤ ਨੂੰ ਜਹਾਜ਼ ਦੀ ਕੈਪਟਨਸ਼ਿੱਪ ਦਿੱਤੀ ਸੀ। ਮੈਨੂੰ ਉਹ ਔਰਤ, ਹਮੇਸ਼ਾ ਇਕ ਚਾਨਣ ਮੁਨਾਰੇ ਵਰਗੀ ਲੱਗਦੀ ਹੁੰਦੀ ਸੀ। ਮੈਂ ਹਰ ਰੋਜ਼ ਉਸ ਤੋਂ ਪ੍ਰੇਰਨਾ ਲੈਂਦੀ ਰਹੀ ਹਾਂ।"
ਇਸ ਖੇਤਰ ਵਿਚ ਔਰਤਾਂ ਨੂੰ ਬਰਾਬਰੀ ਦੇਣ ਦੇ ਹੀਲੇ ਕੀਤੇ ਜਾਣ ਲੱਗ ਪਏ ਹਨ, ਪਰ ਹਾਲੇ ਵੀ ਇਸ ਸਬੰਧ ਵਿਚ ਬਹੁਤ ਕੁੱਝ ਕੀਤੇ ਜਾਣ ਦੀ ਗੁੰਜਾਇਸ਼ ਹੈ। ਇਕ ਸੂਚਨਾ ਅਨੁਸਾਰ, 'ਕਰੂਜ਼ ਲਾਈਨਜ਼' ਵਿਚ ਜਹਾਜ਼ਾਂ ਦੀਆਂ ਇਸਤਰੀ ਅਧਿਕਾਰੀਆਂ ਦੀ ਔਸਤਨ ਮੌਜੂਦਗੀ ਮਸਾਂ 5 ਤੋਂ 22 ਫੀ ਸਦੀ ਹੈ। 'ਵਰਜਨ ਵੋਇਜਿਜ਼' ਦਾ ਕਹਿਣ ਹੈ ਕਿ ਉਹ, ਆਪਣੇ ਜਹਾਜ਼ਾਂ ਦੀ ਵਾਗ-ਡੋਰ ਸੰਭਾਲਣ ਵਾਲ਼ੇ ਅਧਿਕਾਰੀਆਂ ਦੀ ਗਿਣਤੀ ਵਿਚ ਮਰਦਾਂ ਤੇ ਔਰਤਾਂ ਦੀ ਸ਼ਮੂਲੀਅਤ ਅੱਧੋ-ਅੱਧ ਕਰ ਦੇਣ ਦੇ ਇਰਾਦੇ ਰੱਖਦੀ ਹੈ। ਇਸ ਤੋਂ ਇਲਾਵਾ, ਹੋਰ ਬਹੁਤ ਸਾਰੀਆਂ 'ਕਰੂਜ਼ ਲਾਈਨਜ਼', ਜਿਨ੍ਹਾਂ ਵਿਚ 'ਰੀਜੈਂਟ ਸੈਵਨ ਸੀਜ਼', 'ਕੁਨਾਰਡ', 'ਪੀ ਐਂਡ ਓ', 'ਵਿੰਡਸਟਾਰ', 'ਸਿਲਵਰਸੀਅ', 'ਏਆਈਡੀਏ' ਅਤੇ 'ਸੀਅ ਕਲਾਊਡ' ਵੀ ਸ਼ਾਮਲ ਹਨ, ਨੇ ਵੀ ਆਪਣੇ ਕਈ ਜਹਾਜ਼ਾਂ ਦੀ ਵਾਗ-ਡੋਰ ਔਰਤਾਂ ਦੇ ਹਵਾਲੇ ਕੀਤੀ ਹੋਈ ਹੈ।
ਇੰਟਰਨੈਸ਼ਨਲ ਮੈਰੀਟਾਈਮ ਆਰਗੇਨਾਈਜ਼ੇਸ਼ਨ' ਦੇ ਦੱਸਣ ਅਨੁਸਾਰ, ਜਹਾਨ ਭਰ ਵਿਚ ਸਮੁੰਦਰੀ ਜਹਾਜ਼ਾਂ ਵਿਚ ਕੰਮ ਕਰਦੇ ਦਸ ਲੱਖ, ਦੋ ਹਜ਼ਾਰ ਮੈਰੀਨਰਜ਼ ਵਿਚੋਂ ਮਸਾਂ ਦੋ ਫੀ ਸਦੀ ਔਰਤਾਂ ਹਨ ਜਦੋਂ ਕਿ 2030 ਤਕ ਇਹ ਗਿਣਤੀ ਮਰਦਾਂ ਦੇ ਬਰਾਬਰ ਕਰਨਾ ਇਸ ਸੰਸਥਾ ਦਾ ਨਿਸ਼ਾਨਾ ਹੈ। ਵੈਂਡੀ ਵਿਲੀਅਮਜ਼ ਨੇ ਤਾਂ ਸਮੁੰਦਰ ਵਿਚ ਰਹਿਣ ਦੇ ਜਨੂੰਨ ਅਧੀਨ ਹੀ ਬਿਨ ਤਨਖ਼ਾਹੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਕਿਸੇ ਮਰਦ ਵੱਲੋਂ 'ਡੈੱਕਹੈਂਡ' ਵਜੋਂ ਵਗਾਰ ਕਰਨ ਦਾ ਕੋਈ ਇਤਿਹਾਸ ਨਹੀਂ ਹੈ। ਅੱਜ ਵਿਲੀਅਮਜ਼, ਇਸੇ ਹੀ ਵਜ੍ਹਾ ਨਾਲ਼ 'ਵਿਮਨ ਔਫ਼ਸ਼ੋਰ' ਨਾਂ ਦੀ ਇਕ ਸੰਸਥਾ ਦੀ ਸੀਨੀਅਰ ਮੈਂਬਰ ਹੈ। ਉਸ ਦਾ ਕਹਿਣ ਹੈ, "ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਅਸੀਂ ਹੁਣ ਲਿੰਗਕ ਬਰਾਬਰੀ ਵੱਲ ਧਿਆਨ ਦੇ ਰਹੇ ਹਾਂ। ਹੁਣ, 2019 ਵਿਚ ਅਸੀਂ ਔਰਤਾਂ ਨੂੰ ਇਹ ਦੱਸ ਰਹੇ ਹਾਂ ਕਿ ਤੁਸੀਂ 'ਜਹਾਜ਼ੀ ਸਨਅਤ' ਵਿਚ ਆਪਣੀ ਮਰਜ਼ੀ ਦੇ ਅਹੁਦੇ ਉੱਤੇ ਕੰਮ ਕਰ ਸਕਦੀਆਂ ਹੋ ਤੇ ਉਹ ਵੀ ਉਦੋਂ, ਜਦੋਂ ਪੁਲਾਂ ਹੇਠੋਂ ਬਹੁਤ ਸਾਰਾ ਪਾਣੀ ਲੰਘ ਚੁੱਕਾ ਹੈ।"
ਕਹਿੰਦੇ ਹਨ ਕਿ ਵੈਂਡੀ ਵਿਲੀਅਮਜ਼ ਨੂੰ ਸਮੁੰਦਰੀ ਜਹਾਜ਼ ਉੱਤੇ ਕੰਮ ਕਰਨ ਦਾ ੨੮ ਸਾਲਾਂ ਦਾ ਅਨੁਭਵ ਹੈ। ਉਸ ਨੇ ਆਪਣੀ ਜ਼ਿੰਦਗ਼ੀ, ਇਕ 'ਕਾਮਰਸ਼ੀਅਲ ਫਿਸ਼ਿੰਗ ਬੋਟ' ਤੋਂ ਸ਼ੁਰੂ ਕੀਤੀ ਸੀ। ਸਮਾਂ ਪਾ ਕੇ ਉਹ 'ਡੈੱਕਹੈਂਡ' ਤੋਂ ਤਰੱਕੀ ਕਰਦੀ-ਕਰਦੀ 'ਫੇਰੀਬੋਟ ਕੈਪਟਨ' ਦੇ ਅਹੁਦੇ ਤਕ ਪੁੱਜੀ ਤੇ ਫਿਰ ਕਈ ਕਰੂਜ਼ ਸ਼ਿੱਪਸ ਦੇ 'ਬਰਿੱਜ' ਉੱਤੇ ਕੰਮ ਕਰਦੀ ਰਹੀ ਹੈ। 'ਵਰਜਨ ਵੋਇਜਿਜ਼' ਦੇ ਪਹਿਲੇ ਜਹਾਜ਼ 'ਸਕਾਰਲੈੱਟ ਲੇਡੀ' ਵਿਚ ਮਰਦ ਮੁਸਾਫ਼ਰ ਹੀ ਸਵਾਰ ਹੋਣਗੇ ਤੇ ਇਹ, ਅਗਲੇ ਸਾਲ ਮਿਆਮੀ ਤੋਂ ਕੈਰੀਬੀਅਨ ਰਵਾਨਾ ਹੋਵੇਗਾ। ਵਿਲੀਅਮਜ਼ ਨੇ ਇਸ ਜਹਾਜ਼ ਵਿਚ ਮਿਲਣ ਵਾਲ਼ੀਆਂ ਸਹੂਲਤਾਂ ਦੀ ਲੰਬੀ ਸੂਚੀ ਦੱਸੀ ਸੀ, ਪਰ ਅਸੀਂ ਉਸ ਦਾ ਜ਼ਿਕਰ ਅਗਲੇ ਸਾਲ, ਇਸ ਜਹਾਜ਼ ਨੂੰ ਸਮੁੰਦਰ ਵਿਚ ਠੇਲ੍ਹਣ ਵੇਲ਼ੇ ਹੀ ਕਰਾਂਗੇ।#
