ਗਰਭਪਾਤ ਜਿਹੇ ਮੁੱਦੇ ਦਾ ਹੁੰਦਾ ਕਦੇ ਨਹੀਂ ਗਰਭਪਾਤ
<><><><><><><><><><><><>
ਕੈਨੇਡਾ ਵਿਚ ਹੁਣੇ ਹੀ ਹੋ ਕੇ ਹਟੀਆਂ ਫੈਡਰਲ ਚੋਣਾਂ ਵਿਚ ਵੀ, ਭਾਵੇਂ ਗੁੱਝੇ ਤੌਰ 'ਤੇ ਸਹੀ, 'ਗਰਭਪਾਤ' ਦਾ ਪੱਤਾ ਖੇਡਿਆ ਜਾਂਦਾ ਰਿਹਾ ਹੈ। 'ਕਨਜ਼ਰਵੇਟਿਵ ਪਾਰਟੀ' ਦੇ ਆਗੂ ਐਂਡਰਿਊ ਸ਼ੀਅਰ ਨੇ ਇਨ੍ਹਾਂ ਚੋਣਾਂ ਦੌਰਾਨ ਕਿਹਾ ਸੀ ਕਿ ਉਹ ਜੀਵਨ ਦੇ ਹਮਾਇਤੀ ਹਨ, ਪਰ ਉਹ 'ਗਰਭਪਾਤ' ਦੇ ਸਬੰਧ ਵਿਚ ਫਿਰ ਕੋਈ ਬਹਿਸ ਛੇੜਨ ਦੇ ਹੀਲੇ ਕਰਨ ਦੇ ਖ਼ਿਲਾਫ਼ ਹਨ। ਕਹਿੰਦੇ ਨੇ ਕਿ ਖ਼ਲਕ ਯਾਨੀ ਖ਼ਲਕਤ ਦੀ ਆਵਾਜ਼ ਵਿਚ ਖ਼ੁਦਾ ਆਪ ਨਹੀਂ ਹੁੰਦਾ ਤਾਂ ਉਸ ਦੀ ਅਵਾਜ਼ ਜ਼ਰੂਰ ਹੁੰਦੀ ਹੈ ਤੇ ਅਵਾਜ਼ ਵਿਚ ਤਾਕਤ ਹੁੰਦੀ ਹੈ, ਸਮਰੱਥਾ ਹੁੰਦੀ ਹੈ। ਮੁਲਕ ਕੋਈ ਵੀ ਹੋਵੇ, ਸਰਕਾਰ ਕਿਸੇ ਦੀ ਵੀ ਹੋਵੇ, ਪਰ ਅਣਚਾਹਿਆ ਗਰਭ ਡੇਗਣ ਦਾ ਅਨੁਭਵ ਜਿੰਨਾ ਕੁ ਨਿੱਜੀ ਰਹਿੰਦਾ ਹੈ, ਉੱਨਾ ਹੀ ਸਿਆਸੀ ਵੀ ਰਹਿੰਦਾ ਹੈ।
ਇਸ ਚੋਣ ਵਿਚ ਵੀ ਗਰਭਪਾਤ ਇਕ ਮੁੱਦਾ ਰਿਹਾ ਹੈ ਤੇ ਇਸ ਗੱਲੋਂ ਇਨਕਾਰ ਕਰਨਾ ਬਹੁਤ ਔਖਾ ਹੈ। ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਰਿਹਾ ਹੈ ਕਿ ਗਰਭਪਾਤ ਸਬੰਧੀ ਹੱਕਾਂ ਦਾ ਮਾਮਲਾ ਕਮਜ਼ੋਰ ਵੀ ਹੈ ਤੇ ਗੁੰਝਲਦਾਰ ਵੀ ਹੈ ਅਤੇ ਇਹ ਬਹਿਸਤਲਬ ਵੀ ਹੈ। ਇਸ ਦੇ ਨਾਲ਼ ਹੀ ਕਨਜ਼ਰਵੇਟਿਵ ਨੇਤਾ ਐਂਡਰਿਊ ਸ਼ੀਅਰ ਨੇ ਇਹ ਵੀ ਕਿਹਾ ਹੋਇਆ ਹੈ ਕਿ ਜੇ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਉਨ੍ਹਾਂ ਦਾ ਮੰਤਰੀ ਮੰਡਲ, ਗਰਭਪਾਤ ਦਾ ਮੁੱਦਾ ਦੁਬਾਰਾ ਨਹੀਂ ਖੋਲ੍ਹੇਗਾ। ਇਸ ਪਾਰਟੀ ਵੱਲੋਂ ਇਸ ਮੁੱਦੇ ਤੋਂ ਬਚਣ ਦੇ ਹੀਲੇ ਕਰਨਾ, ਹੋਰ ਪਾਰਟੀਆਂ ਦਾ ਧਿਆਨ ਆਪਣੇ ਵੱਲ ਖਿੱਚ ਸਕਦਾ ਹੈ।
ਹੈਲੀਫਿਕਸ ਵਿਚ ਹੋਏ ਇਕ ਜਲਸੇ ਵਿਚ, ਐੱਨ. ਡੀ. ਪੀ. ਆਗੂ ਜਗਮੀਤ ਸਿੰਘ ਨੇ ਤਕਰੀਰ ਕਰਦਿਆਂ ਕਿਹਾ ਸੀ ਕਿ ਗਰਭਪਾਤ ਨੂੰ 'ਪਹੁੰਚ ਤੋਂ ਬਾਹਰਲਾ ਮੁੱਦਾ' ਸਮਝਣਾ ਸਹੀ ਰੁਝਾਨ ਨਹੀਂ ਹੈ। ਉਨ੍ਹਾਂ ਨੇ ਉਸ ਮੌਕੇ ਆਪਣਾ ਪ੍ਰਣ ਦੁਹਰਾਇਆ ਸੀ ਕਿ ਇਸ ਮੁੱਦੇ ਨਾਲ਼ ਸਬੰਧਤ ਮਸਲੇ ਹਲ ਕਰਨ ਖ਼ਾਤਰ, ਕੈਨੇਡਾ ਹੈਲਥ ਐਕਟ ਸਹੀ ਅਰਥਾਂ ਵਿਚ ਲਾਗੂ ਕੀਤਾ ਜਾਵੇਗਾ। ਗਰੀਨ ਪਾਰਟੀ ਦੀ ਆਗੂ ਅਲਿਜ਼ਬੈੱਥ ਮੇਅ ਵੱਲੋਂ ਇਹ ਦਲੀਲਾਂ ਦੇਣਾ ਜਾਰੀ ਸੀ ਕਿ ਔਰਤਾਂ ਨੂੰ ਸੁਰੱਖਿਅਤ ਤੇ ਜਾਇਜ਼ ਢੰਗ ਨਾਲ਼ ਗਰਭਪਾਤ ਕਰਾਉਣ ਦਾ ਹੱਕ ਹਾਸਲ ਹੈ, ਪਰ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਇਸ ਸਬੰਧ ਵਿਚ ਪਾਟੋ-ਧਾੜ ਹਨ। ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ, ਗਰਭਪਾਤ ਸਬੰਧੀ ਹੱਕਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਬਾਰੇ ਕਾਫੀ ਨਿਰਾਸ਼ ਹਨ।ਇਸ ਤਰ੍ਹਾਂ, ਕੈਨੇਡਾ ਵਿਚ ਗਰਭਪਾਤ ਦੇ ਮਾਮਲੇ ਵਿਚ ਕਾਫੀ ਰੌਲ਼-ਘਚੌਲ਼ਾ ਜਿਹਾ ਪਿਆ ਦਿਸਦਾ ਹੈ। ਇਸ ਤੋਂ ਇਲਾਵਾ, ਅਮਰੀਕਾ ਵੱਲੋਂ ਗਰਭਪਾਤ ਵਿਰੋਧੀ ਬਿੱਲ ਸਬੰਧੀ ਆ ਰਹੀਆਂ ਖ਼ਬਰਾਂ ਵੀ ਕੈਨੇਡਾ ਵੱਲ ਆ ਕੇ ਖ਼ਰੂਦ ਪਾਉਂਦੀਆਂ ਰਹਿੰਦੀਆਂ ਹਨ।
ਕੈਨੇਡਾ ਵਿਚ ਹਰ ਪੜਾਅ ਉੱਤੇ ਗਰਭਪਾਤ ਕਰਾਉਣ ਦੀ ਕਾਨੂੰਨੀ ਖੁੱਲ੍ਹ ਹੈ। ਗਰਭਪਾਤ ਸਰਕਾਰ ਵੱਲੋਂ ਆਪਣੇ ਖ਼ਰਚੇ ਉੱਤੇ ਕਰਾਇਆ ਜਾਂਦਾ ਹੈ। ਇਸ ਦੇ ਬਾਵਜੂਦ ਗਰਭਪਾਤ ਕਰਾਉਣ ਦੇ ਰਾਹ ਵਿਚ ਕਈ ਗ਼ੈਰਕਾਨੂੰਨੀ ਰੁਕਾਵਟਾਂ ਜ਼ਰੂਰ ਹਨ, ਪਰ ਕੈਨੇਡਾ, ਇਹੋ ਜਿਹੇ ਬਹੁਤ ਥੋੜ੍ਹੇ ਦੇਸ਼ਾਂ ਵਿਚੋਂ ਇਕ ਹੈ, ਜਿਨ੍ਹਾਂ ਵਿਚ ਗਰਭਪਾਤ ਕਰਾਉਣ ਉੱਤੇ ਸਰਕਾਰ ਵੱਲੋਂ ਕੋਈ ਰੋਕ-ਰੁਕਾਵਟ ਨਹੀਂ ਹੈ। ਫਿਰ ਵੀ, ਸੂਬਿਆਂ ਵਿਚ, ਇਸ ਸਬੰਧੀ ਆਪੋ-ਆਪਣੇ ਨਿਯਮ ਹਨ। 1969 ਤੋਂ ਪਹਿਲਾਂ ਕੈਨੇਡਾ ਵਿਚ ਹਰ ਤਰ੍ਹਾਂ ਦਾ ਗਰਭਪਾਤ ਗ਼ੈਰਕਾਨੂੰਨੀ ਹੁੰਦਾ ਸੀ।
ਕਿਹਾ ਜਾਂਦਾ ਹੈ ਕਿ ਹਰ ਤੀਜੀ ਕੈਨੇਡੀਅਨ ਔਰਤ ਦਾ ਵਾਹ, ਕਿਸੇ ਨਾ ਕਿਸੇ ਉਮਰ ਵਿਚ ਗਰਭਪਾਤ ਕਰਾਉਣ ਨਾਲ਼ ਪਿਆ ਹੀ ਪਿਆ ਹੈ। ਇਕ ਹੋਰ ਸੂਚਨਾ ਮੁਤਾਬਕ, ਕੈਨੇਡਾ ਵਿਚ ਹਰ ਸਾਲ ਇਕ ਲੱਖ ਗਰਭਪਾਤ ਤਾਂ ਕੀਤੇ ਹੀ ਜਾਂਦੇ ਹਨ। ਇਸ ਮੁਲਕ ਵਿਚ ਗਰਭਪਾਤ ਕਰਨ ਬਦਲੇ ਕੋਈ ਫੀਸ ਨਹੀਂ ਲਈ ਜਾਂਦੀ।
ਭਾਵੇਂ ਕੈਨੇਡਾ ਵਿਚ ਅਣਚਾਹੇ ਗਰਭ ਤੋਂ ਬਚਣ ਲਈ ਹੋਰ ਵੀ ਸੌ ਢੰਗ-ਤਰੀਕੇ ਦੱਸੇ ਜਾਂਦੇ ਹਨ, ਪਰ ਇਨ੍ਹਾਂ ਢੰਗਾਂ ਦੀ ਵਰਤੋਂ ਕਰਨ ਦੇ ਬਾਵਜੂਦ ਗਰਭਪਾਤ ਕਰਾਉਣ ਲਈ ਮਜਬੂਰ ਰਹੀਆਂ ਕੈਨੇਡੀਅਨ ਔਰਤਾਂ, ਹੋਰ ਢੰਗਾਂ ਉੱਤੇ ਯਕੀਨ ਨਹੀਂ ਕਰਦੀਆਂ। ਪਿਛਲੇ ਦਿਨੀਂ ਟੋਰਾਂਟੋ ਦੀਆਂ ਕੁੱਝ ਔਰਤਾਂ ਨੇ ਗਰਭਪਾਤ ਕਰਾਉਣ ਸਬੰਧੀ ਸ਼ਰਮ ਤੇ ਦਾਗ਼ ਦੇ ਨਾਲ਼-ਨਾਲ਼, ਗਰਭਪਾਤ ਬਾਰੇ ਆਪਣੇ ਵਿਚਾਰ ਜ਼ਾਹਰ ਕੀਤੇ ਸਨ। ਉਸ ਸਬੰਧ ਵਿਚ ਬਰਾਇਓਨੀ ਸਮਿੱਥ ਦੀ ਇਕ ਰਿਪੋਰਟ, ਇੰਟਰਨੈੱਟ ਉੱਤੇ ਪੜ੍ਹਨ ਨੂੰ ਮਿਲੀ ਹੈ। ਉਸ ਰਿਪੋਰਟ ਨਾਲ਼ 'ਅਲੀਸ਼ੀਆ ਰੌਬਿਨਜ਼' (30 ਸਾਲਾ) ਅਤੇ 'ਘਨਵਾ ਐੱਸ. (26 ਸਾਲਾ)' ਨਾਂਵਾਂ ਵਾਲ਼ੀਆਂ ਦੋ ਬੀਬੀਆਂ ਨੇ, ਹੋਰ ਔਰਤਾਂ ਨੂੰ ਮੱਤਾਂ ਦੇਣ ਦੀ ਮਨਸ਼ਾ ਨਾਲ਼ ਇਹ ਗੱਲਾਂ ਕੀਤੀਆਂ ਹੋਈਆਂ ਹਨ।
ਅਲੀਸ਼ੀਆ ਰੌਬਿਨਜ਼ ਇਹ ਕਹਿੰਦੀ ਹੈ, "ਮੈਂ ਚਾਹੁੰਦੀ ਹਾਂ ਕਿ ਲੋਕਾਂ ਨੂੰ ਇਸ ਗੱਲ ਦਾ ਇਲਮ ਹੋਵੇ ਕਿ ਉਹ ਜਨਮ ਉੱਤੇ ਕਾਬੂ ਪਾਉਣ ਯਾਨੀ 'ਬਰਥ ਕੰਟਰੋਲ' ਨੂੰ ਛੱਡ ਕੇ, ਬਾਕੀ ਸਭ ਕੁੱਝ ਸਹੀ ਤਰ੍ਹਾਂ ਕਰ ਸਕਦੇ ਹਨ। ਮੈਂ ਵੀਹ ਕੁ ਸਾਲ ਦੀ ਸੀ ਤੇ ਕਾਲਜ ਵਿਚ ਪੜ੍ਹਦੀ ਹੁੰਦੀ ਸੀ। ਮੈਂ ਅਣਚਾਹੇ ਗਰਭ ਤੋਂ ਬਚਣ ਖ਼ਾਤਰ ਗੋਲੀਆਂ ਅਤੇ ਨਿਰੋਧਾਂ ਦੀ ਵਰਤੋਂ ਕਰਦੀ ਹੁੰਦੀ ਸੀ, ਪਰ ਇਹ ਦੋਵੇਂ ਢੰਗ ਧੋਖਾ ਦੇ ਗਏ। ਸਕੂਲ ਜਾ ਕੇ ਮੇਰਾ ਚਿੱਤ ਕੱਚਾ-ਕੱਚਾ ਹੋਣਾ ਸ਼ੁਰੂ ਹੋਇਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਗਰਭਵਤੀ ਹਾਂ। ਫੇਰ ਜਦੋਂ ਮੈਂ ਕੰਮ 'ਤੇ ਗਈ ਤਾਂ ਉੱਥੇ ਵੀ ਮੇਰਾ ਦਿਲ ਖੱਟਾ-ਖੱਟਾ ਹੋਇਆ।
"ਮੈਂ ਡਾਕਟਰ ਦੇ ਗਈ ਤਾਂ ਉਸ ਨੇ ਮੇਰਾ, ਗਰਭ ਸਬੰਧੀ ਮੁਆਇਨਾ ਕੀਤਾ ਜਾਵੇ। ਮੈਂ ਮੁਆਇਨੇ ਦਾ ਨਤੀਜਾ ਸੁਣ ਕੇ ਡਰ ਤਾਂ ਗਈ, ਪਰ ਮੈਨੂੰ ਪਤਾ ਸੀ ਕਿ ਮੈਂ ਹੁਣ ਕੀ ਕਰਨਾ ਹੈ। ਮੈਂ ਆਪਣੇ ਡਾਕਟਰ ਤੋਂ, 'ਸਫਾਈ ਕਰਨ' ਵਾਲ਼ੀ ਕਿਸੇ ਕਲਿੱਨਿਕ ਜਾਣ ਖ਼ਾਤਰ ਪਰਚੀ ਮੰਗੀ। ਅਲਟਰਾਸਾaੂਂਡ ਕਰਨ ਵਾਲ਼ੀ ਨੇ ਮੈਨੂੰ ਬਹੁਤ ਹੁੱਬ ਕੇ ਪੁੱਛਿਆ ਕਿ ਮੈਂ 'ਬੱਚਾ ਦੇਖਣਾ' ਚਾਹੁੰਦੀ ਹਾਂ। ਮੈਂ ਕਿਹਾ 'ਨਹੀਂ'। ਫੇਰ ਉਸ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਗਰਭਪਾਤ ਕਰਾਉਣ ਲੱਗੀ ਹਾਂ। ਮੈਂ 'ਆਹੋ!' ਕਿਹਾ ਤਾਂ ਉਸ ਨੇ ਮੇਰੇ ਵੱਲ ਦੇਖ ਕੇ ਮੂੰਹ ਜਿਹਾ ਬਣਾਇਆ ਤੇ 'ਚੱਚਚ...ਚੱਚਚ' ਕੀਤਾ।
"ਮੇਰੇ ਲਈ ਇਹ ਸਭ ਜਾਨਣਾ ਬਹੁਤ ਹੀ ਚੁਣੌਤੀ ਭਰਿਆ ਸੀ ਕਿ ਜਨਮ ਰੋਕਣ ਦੇ ਹੀਲੇ ਨਾਕਾਮ ਹੋ ਸਕਦੇ ਹਨ, ਜਾਂ ਕਿਸੇ ਇਕ ਦਮ ਨਿਹੱਥੀ ਤੇ ਸਹਿਜ-ਸੁਭਾਅ ਬੈਠੀ ਬੀਬੀ ਨੂੰ ਅਚਨਚੇਤ ਹੀ ਪਤਾ ਲੱਗ ਸਕਦੈ ਕਿ ਉਸ ਨੂੰ ਬਾਲ-ਬੱਚਾ ਹੋਣ ਵਾਲੈ ਜਾਂ ਫਿਰ ਇਸ ਜਹਾਨ ਵਿਚ ਇਹੋ ਜਿਹੇ ਬੰਦਿਆਂ ਦਾ ਕੋਈ ਘਾਟਾ ਨਹੀਂ ਜਿਹੜੇ ਇਹ ਅਣਚਾਹਿਆ ਗਰਭ ਮੇਰੇ ਸਿਰ ਮੜ੍ਹ ਕੇ ਹੀ ਹਟਣ ਦੇ ਹੀਲੇ ਕਰ ਸਕਦੇ ਹਨ, ਉਹ ਵੀ ਉਦੋਂ ਜਦੋਂ ਆਪਣੇ ਵੱਲੋਂ ਸਭ ਕੁੱਝ 'ਸਹੀ' ਕਰਨ ਦੇ ਬਾਵਜੂਦ ਨਤੀਜਾ 'ਸਹੀ' ਹੋਣ ਦੀ ਕੋਈ ਗਰੰਟੀ ਨਾ ਹੋਵੇ। ਜਦੋਂ ਮੈਂ 'ਜੰਮਣ ਵਾਲ਼ੇ' ਦੇ ਪਿਉ ਨੂੰ ਆਪਣੇ ਇਰਾਦੇ ਦੱਸੇ ਤਾਂ ਉਸ ਨੂੰ ਇਸ ਮਾਮਲੇ ਵਿਚ ਪੈਣ ਬਾਰੇ ਭੋਰਾ ਵੀ ਦਿਲਚਸਪੀ ਨਹੀਂ ਸੀ। ਮੈਂ ਫਿਰ ਉਹੀ ਕੀਤਾ, ਜੋ ਮੇਰੇ ਲਈ ਠੀਕ ਸੀ।"
26 ਸਾਲਾ 'ਘਨਵਾ ਐੱਸ.', ਜੋ ਆਪਣੇ ਭਾਈਚਾਰੇ ਵਿਚ ਗਰਭਪਾਤ ਦੇ ਸਬੰਧ ਵਿਚ ਪਰਿਪੇਖ ਬਦਲ ਹੀ ਬਦਲ ਦੇਣਾ ਚਾਹੁੰਦੀ ਹੈ, ਦਾ ਕਹਿਣ ਹੈ, "ਮੈਂ ਦੋ ਵਾਰ ਗਰਭਪਾਤ ਕਰਾ ਚੁੱਕੀ ਹਾਂ। ਮੇਰਾ ਵਿਆਹ 17 ਸਾਲ ਦੀ ਉਮਰੇ ਕਰ ਦਿੱਤਾ ਗਿਆ ਸੀ। ਅਸੀਂ ਹਾਈ ਸਕੂਲ ਵਿਚ ਹੀ ਪਿਆਰ ਕਰਨ ਲੱਗ ਪਏ ਸਾਂ, ਜਿਸ ਦੇ ਨਤੀਜੇ ਵਜੋਂ ਮੈਂ, ਗ਼ੈਰਯੋਜਨਾਬੱਧ ਢੰਗ ਨਾਲ਼ ਗਰਭਵਤੀ ਹੋ ਗਈ ਤੇ ਫਿਰ ਸਾਡਾ ਵਿਆਹ ਹੋ ਗਿਆ। ਮੇਰਾ ਪਿਛੋਕੜ ਦੱਖਣੀ ਏਸ਼ੀਆਈ ਹੋਣ ਦੀ ਵਜ੍ਹਾ ਨਾਲ਼ ਮੈਂ ਗਰਭਪਾਤ ਬਾਰੇ ਸੋਚਿਆ ਵੀ ਨਾ। ਮੈਨੂੰ ਗਰਭਪਾਤਾਂ ਬਾਰੇ ਕੁੱਝ ਵੀ ਪੜ੍ਹਾਇਆ-ਸਿਖਾਇਆ ਵੀ ਨਹੀਂ ਹੋਇਆ ਸੀ ਤੇ ਮੈਨੂੰ ਤਾਂ ਇਹੋ ਪਤਾ ਸੀ ਕਿ ਗਰਭਪਾਤ ਕਰਾਉਣ ਨਾਲ਼ 'ਥੂਹ-ਥੂਹ' ਬਾਹਲ਼ੀ ਹੁੰਦੀ ਹੈ। ਜਦੋਂ ਮੈਂ 19 ਸਾਲਾਂ ਦੀ ਹੋਈ ਤਾਂ ਮੇਰੀ ਗੋਦ ਵਿਚ ਇਕ ਹੋਰ ਬੱਚਾ ਖੇਡਣ ਦੀ ਗੱਲ ਛਿੜ ਪਈ। ਮੇਰੀ ਗੋਦ ਵਿਚ ਪਹਿਲਾਂ ਖੇਡਦਾ ਬੱਚਾ ਅਜੇ ਮਸਾਂ ਡੇਢ ਸਾਲ ਦਾ ਸੀ। ਮੈਂ ਇਸ ਬੱਚੇ ਨੂੰ ਸੰਭਾਲਦਿਆਂ ਦੋ-ਦੋ ਸ਼ਿਫਟਾਂ ਕੰਮ ਕਰਨ ਦੇ ਨਾਲ਼-ਨਾਲ਼, ਆਪਣੇ 'ਜ਼ਹਿਰੀਲੇ' ਹੁੰਦੇ ਜਾ ਰਹੇ ਪਿਆਰ ਸਬੰਧਾਂ ਨੂੰ ਵੀ ਸੰਭਾਲ ਰਹੀ ਸਾਂ। ਇਸ ਲਈ ਦੂਜੇ ਬੱਚੇ ਲਈ ਤਿਆਰ ਨਹੀਂ ਸਾਂ। ਮੇਰਾ ਸ਼ੌਹਰ, ਦੂਜਾ ਬੱਚਾ ਪੈਦਾ ਕਰਨ 'ਤੇ ਅੜਿਆ ਹੋਇਆ ਸੀ। ਇਨ੍ਹਾਂ ਹਾਲਾਤ ਵਿਚ ਵੀ ਮੈਂ ਸੋਚਿਆ ਕਿ ਚਲੋ, ਦੇਖ ਲੈਨੇਂ ਹਾਂ।
"ਢਾਈ ਮਹੀਨੇ ਦੂਜਾ ਗਰਭ ਹੰਢਾਉਣ ਦੌਰਾਨ ਕਈ ਕੁੱਝ ਬਦਲ ਗਿਆ। ਮੇਰੇ ਕੋਲ ਇਕ ਰਾਹ ਇਹ ਸੀ ਕਿ ਮੈਂ ਗਰਭਪਾਤ ਕਰਾ ਦਿਆਂ ਜਾਂ ਆਪਣੀ ਰਹਿੰਦੀ ਸਾਰੀ ਉਮਰ, ਦੋ ਬੱਚਿਆਂ ਦੀ ਇਕੱਲੀ ਮਾਂ ਵਾਂਗ ਕੱਟ ਦਿਆਂ। ਮੈਂ ਤਾਰ-ਤਾਰ ਹੋ ਗਈ ਸਾਂ। ਮੈਂ ਪਾਕਿਸਤਾਨੀ ਟੱਬਰ ਵਿਚੋਂ ਸਾਂ ਤੇ ਇਕ ਮੁਸਲਮਾਨਣੀ ਵਜੋਂ ਪਲ਼ੀ ਹੋਈ ਸਾਂ। ਸਾਡੇ ਘਰ ਗਰਭਪਾਤ ਦੀ ਗੱਲ ਕਰਨ ਦੀ ਮਨਾਹੀ ਹੀ ਨਹੀਂ ਸੀ, ਸਗੋਂ ਘੂਰੀ ਵੱਟ ਕੇ ਮਨਾਹੀ ਸੀ। ਉਸ ਵੇਲ਼ੇ ਇਸ ਬਾਰੇ ਮੇਰੀ ਸੂਝ ਵੀ ਮਹਿਦੂਦ ਹੀ ਸੀ। ਉਦੋਂ ਮੈਂ ਇਹੋ ਜਿਹੇ ਕਿਸੇ ਬਸ਼ਰ ਨੂੰ ਨਹੀਂ ਜਾਣਦੀ ਸਾਂ, ਜਿਸ ਨੇ ਗਰਭਪਾਤ ਆਪਣੇ ਪਿੰਡੇ 'ਤੇ ਹੰਢਾਇਆ ਹੋਇਆ ਹੋਵੇ ਤੇ ਜੋ ਇਸ ਇਮਤਿਹਾਨ ਵਿਚੀਂ ਲੰਘਣ ਵੇਲ਼ੇ ਮੇਰੇ ਨਾਲ਼ ਤੁਰ ਸਕੇ। ਮੈਂ ਇਹ ਗੱਲਾਂ ਆਪਣੀ ਫੈਮਿਲੀ ਡਾਕਟਰ ਨੂੰ ਦੱਸਣੋਂ ਵੀ ਸ਼ਰਮਾਉਂਦੀ ਸਾਂ, ਜਿਸ ਕਰ ਕੇ ਮੈਂ, 'ਗੂਗਲ' ਕਰ ਕੇ, ਸ਼ਹਿਰ ਦੇ ਦੂਜੇ ਪਾਸੇ ਇਕ 'ਅਬਾਰਸ਼ਨ ਕਲਿੱਨਿਕ' ਲੱਭੀ ਤੇ ਉੱਥੋਂ 'ਅਪੁਆਇੰਟਮੈਂਟ' ਹਾਸਲ ਕੀਤੀ। ਇਹ ਸਮੁੱਚਾ ਅਮਲ ਬਹੁਤ ਹੀ ਡਰਾਉਣਾ ਸੀ ਤੇ ਸਟਾਫ ਤੋਂ ਮੈਨੂੰ ਪਤਾ ਲੱਗੀ ਜਾਂਦਾ ਸੀ ਕਿ ਚਿੰਤਾ ਵਧ ਰਹੀ ਹੈ। ਆਪਣੇ ਖ਼ਸਮ ਨੂੰ ਛੱਡਣ ਦਾ ਹੌਸਲਾ ਆਉਂਦਿਆਂ ਹੀ ਮੈਂ ਨਵਾਂ ਧਗੜਾ ਲੱਭ ਲਿਆ। ਮੈਂ ਗਰਭ ਰੋਕੂ ਟਾਕੀਆਂ ਲਾ ਰਹੀ ਸਾਂ, ਪਰ ਇਸ ਦੇ ਬਾਵਜੂਦ ਮੈਨੂੰ ਗਰਭ ਠਹਿਰ ਗਿਆ। ਅਜੇ ਮੇਰੇ ਤਲਾਕ ਦਾ ਰੱਫ਼ੜ ਵੀ ਨਹੀਂ ਮੁੱਕਿਆ ਸੀ ਤੇ ਮੈਂ ਆਪਣਾ ਪੁੱਤਰ ਹਾਸਲ ਕਰਨ ਲਈ ਪਰਿਵਾਰਕ ਅਦਾਲਤ ਵਿਚ ਕੇਸ ਲੜ ਰਹੀ ਸਾਂ। ਮੈਂ ਨਹੀਂ ਚਾਹੁੰਦੀ ਸਾਂ ਕਿ ਇਹੋ ਜਿਹੇ ਹਾਲਾਤ ਵਿਚ ਇਕ ਹੋਰ ਬੱਚੇ ਨੂੰ ਜਣ ਕੇ ਫਸਾ ਦੇਵਾਂ। ਮੈਂ ਇਕ ਵਾਰ ਫੇਰ ਗਰਭਪਾਤ ਦਾ ਰਾਹ ਅਪਣਾਇਆ ਤਾਂ ਮੇਰਾ ਨਵਾਂ ਧਗੜਾ 'ਫੁਰਰ' ਕਰ ਕੇ ਔਹ ਗਿਆ।
"ਗਰਭਪਾਤ ਨਾਲ਼ ਸਿੱਧਾ ਵਾਹ ਪੈਣ ਨਾਲ਼, ਇਸ ਸਬੰਧ ਵਿਚ ਮੇਰੇ ਵਿਸ਼ਵਾਸ ਹੀ ਨਹੀਂ ਬਦਲੇ, ਸਗੋਂ ਇਸ ਬਾਰੇ ਮੇਰਾ ਨਜ਼ਰੀਆ ਵੀ ਬਦਲ ਗਿਆ। ਇਸ ਸਬੰਧ ਵਿਚ ਮੇਰੀ ਸੋਚ ਬਦਲ ਗਈ ਤੇ ਮੈਨੂੰ ਖ਼ਿਆਲ ਆਇਆ ਕਿ ਮੈਨੂੰ ਇਸ ਸਬੰਧ ਵਿਚ ਹੋਰਨਾਂ ਨੂੰ ਸਿਖਾਉਣਾ ਚਾਹੀਦਾ ਹੈ। ਇਸ ਨਾਲ਼ ਲੱਗਣ ਵਾਲ਼ਾ ਦਾਗ਼ ਕਦੇ ਨਹੀਂ ਲਹਿੰਦਾ। ਮੇਰਾ ਆਪਣਾ ਖ਼ਿਆਲ ਹੈ ਕਿ ਗਰਭਪਾਤ ਬਾਰੇ ਖੁੱਲ੍ਹ ਕੇ ਗੱਲ ਕੀਤੀ ਜਾਣੀ ਬਣਦੀ ਹੈ।"
ਅੰਤ ਵਿਚ ਇਹ ਕਹਿਣਾ ਜ਼ਰੂਰੀ ਹੈ ਕਿ ਕੈਨੇਡਾ ਵਿਚ ਅਣਚਾਹਿਆ ਗਰਭ ਟਾਲਣ ਦੀਆਂ ਮੱਤਾਂ ਤਾਂ ਦਿੱਤੀਆਂ ਜਾਂਦੀਆਂ ਹਨ ਤੇ ਇਸ ਤੋਂ ਛੁਟਕਾਰਾ ਵੀ ਦੁਆਇਆ ਜਾਂਦਾ ਹੈ, ਪਰ ਸਰਕਾਰੀ ਬਿਆਨਾਂ ਜਾਂ ਹੁਕਮਾਂ ਵਿਚ ਇਹ ਨਹੀਂ ਕਿਹਾ ਜਾਂਦਾ ਕਿ ਵਿਆਹ ਤੋਂ ਪਹਿਲਾਂ ਗਰਭਵਤੀ ਹੋਣਾ ਅਨੈਤਿਕ ਹੈ। ਇਸ ਲਈ, ਕੈਨੇਡਾ ਵਿਚ ਅਣਚਾਹਿਆ ਗਰਭ ਡੇਗਣਾ ਸਰਕਾਰ ਆਪਣੀ ਪ੍ਰਾਪਤੀ ਗਿਣਦੀ ਹੈ, ਪਰ ਇਸ ਨਾਲ਼ ਜੁੜੀ ਹੋਈ ਅਨੈਤਿਕਤਾ ਦੇ ਮਾਮਲੇ ਵਿਚ ਸਰਕਾਰ ਵੀ ਚੁੱਪ ਹੈ ਤੇ ਉਸ ਦਾ ਕਾਨੂੰਨ ਵੀ।#
