ਸੁਨੱਖੀਆਂ ਔਰਤਾਂ ਕੰਮ ਉੱਤੇ ਰੱਖਣ ਦਾ ਵਿਰੋਧ
<><><><><><><><><><><>
ਉੱਨੀ ਫੀ ਸਦੀ ਕੈਨੇਡੀਅਨ ਔਰਤਾਂ ਅਤੇ 13 ਫੀ ਸਦੀ ਕੈਨੇਡੀਅਨ ਮਰਦ ਆਪਣੇ ਕੰਮ ਵਾਲ਼ੀ ਥਾਂ ਵਿਖੇ ਪਰੇਸ਼ਾਨੀਆਂ ਦਾ ਸਾਹਮਣਾ ਕਰ ਚੁੱਕੇ ਹਨ। ਇਹ ਜਾਣਕਾਰੀ, 'ਗਲੋਬਲ ਨਿਊਜ਼' ਦੀ ਆਨਲਾਈਨ ਪੱਤਰਕਾਰਾ ਜੇਨ ਗੈਰਸਟਰ ਨੇ ਇਕ ਲੇਖ ਰਾਹੀਂ ਦਿੱਤੀ ਹੈ ਤੇ ਉਸ ਨੇ ਇਹ ਜਾਣਕਾਰੀ, 'ਸਟੈਟਿਸਟਿਕਸ ਕੈਨੇਡਾ' ਰਿਪੋਰਟ ਦੇ ਹਵਾਲੇ ਨਾਲ਼ ਦਿੱਤੀ ਹੈ। ਕਹਿੰਦੇ ਨੇ ਕਿ ਜਦੋਂ 2017 ਵਿਚ 'ਮੀ ਠੂ ਮੂਵਮੈਂਟ' ਯਾਨੀ 'ਮੇਰੇ ਨਾਲ਼ ਵੀ ਹੋਈ ਲਹਿਰ' ਛਿੜੀ ਸੀ, ਸਾਰੇ ਜਹਾਨ ਵਿਚ ਔਰਤਾਂ ਨੇ ਆਪਣੀਆਂ ਜਿਨਸੀ ਪਰੇਸ਼ਾਨੀਆਂ ਦੀਆਂ ਦਾਸਤਾਨਾਂ ਨਾਲ਼ ਇੰਟਰਨੈੱਟ ਦੀਆਂ ਨਾਸਾਂ ਬੰਦ ਕਰ ਦਿੱਤੀਆਂ ਸਨ। ਕੁੱਝ ਲੋਕਾਂ ਨੂੰ ਆਸ ਸੀ ਕਿ ਇਹ ਪ੍ਰਚਾਰ ਅਤੇ ਇਹ ਭਰਾਤਰੀ ਭਾਵ, ਕੁੱਝ ਹੋਰ ਔਰਤਾਂ ਨੂੰ ਇਸ ਸਬੰਧ ਵਿਚ ਬੋਲਣ ਲਈ ਉਕਸਾਏਗਾ ਤੇ ਕੁੱਝ ਹੋਰ ਮਰਦਾਂ ਨੂੰ ਇਸ ਸਬੰਧ ਵਿਚ ਅਬਾ-ਤਬਾ ਬੋਲਣੋਂ ਰੋਕੇਗਾ। ਇਸ ਤਰਜ਼ ਦੀ ਇਹ ਜਾਣਕਾਰੀ, ਯੂਨੀਵਰਸਿਟੀ ਆਫ ਹਿਊਸਟਨ ਦੀ ਇਕ ਪ੍ਰੋਫੈਸਰ ਵੱਲੋਂ 'ਮੀ ਠੂ' ਦੇ ਸਬੰਧ ਵਿਚ ਕੀਤੇ ਗਏ ਇਕ ਸਰਵੇਖਣ ਤੋਂ ਸਾਹਮਣੇ ਆਈ ਹੈ।
ਪਰ ਪ੍ਰੋ. ਲੀਐਨ ਐਟਵਾਟਰ ਅਤੇ ਹੋਰ ਖੋਜੀਆਂ ਵੱਲੋਂ ਕੀਤੇ ਗਏ ਇਕ ਤਾਜ਼ਾ ਸਰਵੇਖਣ ਨੇ 'ਹਾਰਵਰਡ ਬਿਜ਼ਨੈੱਸ ਰੀਵਿਊ' ਦੇ ਇਕ ਅੰਕ (ਪੂਰੇ ਨਤੀਜੇ ਅਗਲੇ 'ਜਰਨਲ ਆਫ ਆਰਗੇਨਾਈਜ਼ੇਸ਼ਨਲ ਡਾਇਨਾਮਿਕਸ' ਵਿਚ ਆਏ ਹੋਏ ਹਨ) ਵਿਚ, ਇਸ ਸਬੰਧੀ ਉਕਸਾਹਟ ਜਗਾਈ ਹੋਈ ਹੈ। ਇਸ ਲੇਖ ਵਿਚ, ਇਸ ਗੱਲ ਉੱਤੇ ਰੌਸ਼ਨੀ ਪਾਈ ਹੋਈ ਹੈ ਕਿ ਔਰਤਾਂ ਵੱਲੋਂ ਆਪਣੀ ਜਿਨਸੀ ਪ੍ਰੇਸ਼ਾਨੀ ਜੱਗ-ਜ਼ਾਹਰ ਕਰਨ ਦੇ ਸਬੰਧ ਵਿਚ ਮਰਦਾਂ ਦਾ ਪ੍ਰਤੀਕਰਮ ਕਿੱਦਾਂ ਦਾ ਰਿਹਾ ਹੈ ਤੇ ਇਨ੍ਹਾਂ ਖੁੱਲ੍ਹੇ ਇਜ਼ਹਾਰਾਂ ਦੇ ਸਬੰਧ ਵਿਚ ਔਰਤਾਂ ਨੂੰ ਕਿਸ-ਕਿਸ ਤਰ੍ਹਾਂ ਦੇ ਵਤੀਰੇ ਦਾ ਸਾਹਮਣਾ ਕਰਨਾ ਪਿਆ ਹੈ।
ਖੋਜੀਆਂ ਨੇ ਇਨ੍ਹਾਂ ਗੁਪਤ ਸਰਵੇਖਣਾਂ ਦੇ ਸਬੰਧ ਵਿਚ, ਅਮਰੀਕਾ ਦੀਆਂ ਬਹੁਤ ਸਾਰੀਆਂ ਸਨਅਤਾਂ ਨਾਲ਼ ਸਬੰਧਤ ਸੈਂਕੜੇ ਮਰਦਾਂ ਅਤੇ ਔਰਤਾਂ ਤੋਂ ਪੁੱਛ-ਪੜਤਾਲ ਕੀਤੀ, ਜਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਹਰ ਪੰਜਵਾਂ ਮਰਦ, ਸੁਨੱਖੀਆਂ ਅਤੇ ਦਿਲਕਸ਼ ਔਰਤਾਂ ਨੂੰ ਕੰਮ ਉੱਤੇ ਰੱਖਣ ਸਬੰਧੀ ਝਿਜਕਦਾ ਸੀ ਜਦੋਂ ਕਿ ਇਸ ਤੋਂ ਰਤਾ ਕੁ ਵੱਧ ਮਰਦਾਂ ਨੇ, ਉਨ੍ਹਾਂ ਕੰਮਾਂ ਲਈ ਔਰਤਾਂ ਨੂੰ ਭਰਤੀ ਕਰਨ ਵਿਚ ਝਿਜਕ ਦਿਖਾਈ, ਜਿਨ੍ਹਾਂ ਵਿਚ ਉਨ੍ਹਾਂ ਨੂੰ ਮਰਦਾਂ ਦੇ ਨੇੜੇ ਰਹਿ ਕੇ ਕੰਮ ਕਰਨਾ ਪੈਂਦਾ ਹੈ। ੨੫ ਫੀ ਸਦੀ ਮਰਦਾਂ ਨੇ ਤਾਂ ਇਹ ਵੀ ਕਿਹਾ ਕਿ ਉਹ ਤਾਂ ਆਪਣੇ ਨਾਲ਼ ਕੰਮ ਕਰਦੀਆਂ ਔਰਤਾਂ ਨੂੰ 'ਕੱਲਿਆਂ-ਦੁਕੱਲਿਆਂ ਮਿਲਣੋਂ ਵੀ ਯਰਕਦੇ ਹਨ। ਐਟਵਾਟਰ ਦਾ ਕਹਿਣ ਹੈ, "ਇਹ ਸਭ ਕੁੱਝ, ਕਾਨੂੰਨ ਦੇ ਖ਼ਿਲਾਫ਼ ਹੈ...ਤੁਸੀਂ, ਲਿੰਗ ਦੇ ਆਧਾਰ 'ਤੇ ਇਸ ਤਰ੍ਹਾਂ ਦੀ ਭਰਤੀ ਅਤੇ ਇਸ ਤਰ੍ਹਾਂ ਦੇ ਫੈਸਲੇ ਨਹੀਂ ਕਰ ਸਕਦੇ।" ਐਟਵਾਟਰ ਵੱਲੋਂ 2018 ਵਿਚ ਕੀਤੇ ਗਏ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ 15 ਫੀ ਸਦੀ ਮਰਦਾਂ ਅਤੇ ਔਰਤਾਂ ਨੇ, ਉਨ੍ਹਾਂ ਕੰਮਾਂ ਲਈ ਔਰਤਾਂ ਰੱਖਣ ਵਿਚ ਝਿਜਕ ਜ਼ਾਹਰ ਕੀਤੀ ਸੀ, ਜਿਨ੍ਹਾਂ ਵਿਚ ਉਨ੍ਹਾਂ ਨੂੰ ਮਰਦਾਂ ਦੇ ਕਾਫੀ ਨੇੜੇ ਹੋ ਕੇ ਕੰਮ ਕਰਨਾ ਪੈਂਦਾ ਹੈ ਤੇ 16 ਫੀ ਸਦੀ ਮਰਦਾਂ ਅਤੇ 11 ਫੀ ਸਦੀ ਔਰਤਾਂ ਨੇ ਇਹ ਕਿਹਾ ਹੋਇਆ ਹੈ ਕਿ ਉਹ ਸੁਨੱਖੀਆਂ ਔਰਤਾਂ ਨੂੰ ਕੰਮ ਉੱਤੇ ਰੱਖਣੋਂ ਝਿਜਕਦੇ ਹਨ।
2018 ਵਿਚ ਹੀ ਸ਼ੈਰਿਲ ਸੈਂਡਬਰਗ ਦੀ 'ਲੀਨਇਨ.ਆਰਗ ਫਾਊਂਡੇਸ਼ਨ' ਵੱਲੋਂ ਕੀਤੇ ਗਏ ਇਕ ਸਰਵੇਖਣ ਦੇ ਅਤੇ 'ਸਰਵੇ ਮੰਕੀ' ਦੇ ਨਤੀਜੇ ਤਕਰੀਬਨ ਇਕੋ ਜਿਹੇ ਸਨ, ਯਾਨੀ ਪ੍ਰਬੰਧਕੀ ਅਹੁਦਿਆਂ ਉੱਤੇ ਕੰਮ ਕਰਦੇ 30 ਫੀ ਸਦੀ ਮਰਦਾਂ ਦਾ ਇਹ ਕਹਿਣ ਸੀ ਕਿ ਉਹ, ਔਰਤਾਂ ਦੀ ਹਾਜ਼ਰੀ ਵਿਚ ਇਕੱਲਿਆਂ ਕੰਮ ਕਰਦਿਆਂ ਬੇਚੈਨੀ ਜਿਹੀ ਮਹਿਸੂਸ ਕਰਦੇ ਹਨ। ਇਸ ਤਰ੍ਹਾਂ ਸੋਚਣ ਵਾਲ਼ੇ ਮਰਦਾਂ ਦੀ ਗਿਣਤੀ, 'ਮੀ ਠੂ' ਸਬੰਧੀ ਸਰਵੇਖਣ ਕਰਨ ਵੇਲ਼ੇ ਦੀ ਗਿਣਤੀ ਤੋਂ ਕਾਫੀ ਵਧੀ ਹੋਈ ਹੈ। ਇਹ ਵਤੀਰਾ ਵੀ ਉਦੋਂ ਹੈ, ਜਦੋਂ ਤਕਰੀਬਨ ਅੱਧੇ ਮਰਦਾਂ ਨੂੰ ਜਿਨਸੀ ਤੰਗੀਆਂ ਦਿੱਤੀਆਂ ਜਾਣ ਸਬੰਧੀ ਕੋਈ ਬਹੁਤੀ ਹੈਰਾਨਗੀ ਨਾ ਹੋਣਾ ਮੰਨਿਆ ਜਾਂਦਾ ਹੈ। ਇਕ-ਚੌਥਾਈ ਮਰਦਾਂ ਦਾ ਇਹ ਵੀ ਖ਼ਿਆਲ ਸੀ ਕਿ ਜਿਨਸੀ ਤੰਗੀਆਂ ਦੇ ਸਬੰਧ ਵਿਚ ਜਿਹੜੇ ਇਜ਼ਹਾਰ ਹੋਏ ਸਨ, ਉਹ ਤਾਂ ਆਟੇ ਵਿਚ ਲੂਣ ਬਰਾਬਰ ਹੀ ਸਨ। 'ਸ਼ਮੂਲੀਅਤ ਅਤੇ ਜਜ਼ਬਾਤੀ ਸਿਆਣਪ' ਵਰਗੇ ਮਾਮਲਿਆਂ ਵਿਚ ਮੁਹਾਰਤ ਰੱਖਦੀ ਅਤੇ ਔਰਤਾਂ ਨੂੰ ਆਗੂ ਬਣਨ ਸਬੰਧੀ ਸਿਖਲਾਈ ਦੇਣ ਵਾਲ਼ੀ ਕਾਰਲਿਨ ਪਰਸਿਲ ਦਾ ਕਹਿਣ ਹੈ, "ਮੈਨੂੰ ਇਸ ਤੋਂ ਕੋਈ ਹੈਰਾਨੀ ਨਹੀਂ ਹੁੰਦੀ।"
ਪਰਸਿਲ ਦਾ ਹੀ ਕਹਿਣ ਹੈ ਕਿ ਇਸ ਤਰ੍ਹਾਂ ਦੀਆਂ ਭਾਵਨਾਵਾਂ ਦੀ ਮੁੱਖ ਵਜ੍ਹਾ, ਡਰ ਨਾਲ਼ ਜੁੜੀ ਹੋਈ ਹੈ। ਉਹ ਕਹਿੰਦੀ ਹੈ, "ਮਰਦਾਂ ਨੂੰ ਸਭਿਆਚਾਰਕ ਜਾਂ ਸਮਾਜਕ ਪਰਿਪੇਖ ਵਿਚ, ਇਕ ਖ਼ਾਸ ਅੰਦਾਜ਼ ਵਿਚ ਚੌਧਰ ਕਰਨ/ ਵਿਚਰਨ ਦੀ ਬਾਣ ਜਿਹੀ ਪਈ ਹੋਈ ਹੈ ਤੇ ਵਰ੍ਹਿਆਂ ਤੋਂ ਅਸੀਂ ਇਹ ਸਿਲਸਿਲਾ ਜਾਰੀ ਰਹਿਣ ਦਿੱਤਾ ਹੈ। ਹੁਣ ਅਸੀਂ ਉਨ੍ਹਾਂ ਨੂੰ ਇਹ ਵਤੀਰਾ ਬਦਲਣ ਲਈ ਕਹਿ ਰਹੀਆਂ ਹਾਂ।"
'ਸਿਆਣੀ' ਲੱਗਦੀ ਇਸ ਬੀਬੀ ਦਾ ਇਹ ਵੀ ਕਹਿਣ ਹੈ, "ਔਰਤਾਂ ਇਸ ਆਸ ਵਿਚ ਹਨ ਕਿ ਜਾਂ ਤਾਂ ਮਰਦਾਂ ਦਾ ਇਹ ਵਤੀਰਾ ਸੁਧਰ ਜਾਵੇ ਜਾਂ ਫਿਰ ਬਹੁਤੇ ਮਾਮਲਿਆਂ ਵਿਚ ਮਰਦਾਂ ਲਈ ਇਕ ਇਹੋ ਜਿਹਾ ਸਿਰ੍ਹਾਣਾ ਬਣਾ ਦਿੱਤਾ ਜਾਵੇ, ਜਿਸ ਦੇ ਸਹਾਰੇ ਉਨ੍ਹਾਂ ਨੂੰ ਡਰ ਲੱਗਣੋਂ ਹਟ ਜਾਵੇ।"
ਪ੍ਰੋ. ਲੀਐਨੇ ਐਟਵਾਟਰ ਦਾ ਕਹਿਣ ਹੈ ਕਿ ਔਰਤਾਂ ਨੂੰ ਜਿਨਸੀ ਪੱਖੋਂ ਸਤਾਏ ਜਾਣ ਦੀ ਤੁਹਮਤ ਲੱਗਣ ਦੇ ਡਰੋਂ ਕੁੱਝ ਮਰਦ, ਔਰਤਾਂ ਦੇ ਸਬੰਧ ਵਿਚ ਕਈ ਤਰ੍ਹਾਂ ਦੇ ਸੁਖਾਵੇਂ ਜਿਹੇ ਅਨੁਮਾਨ ਲਾਉਣ ਲਈ ਮਜਬੂਰ ਹੋ ਗਏ ਹਨ। ਤਕਰੀਬਨ ਅੱਧੇ ਮਰਦ ਇਸ ਡਰੋਂ ਹੀ ਤ੍ਰਹੇ ਜਿਹੇ ਫਿਰਦੇ ਹਨ। ਐਟਵਾਟਰ ਦੇ ਸਰਵੇਖਣ ਦੀ ਰਿਪੋਰਟ ਦਰਸਾਉਂਦੀ ਹੈ ਕਿ ਮਰਦ, ਔਰਤਾਂ ਦੇ ਮੁਕਾਬਲੇ ਕਿਤੇ ਵੱਧ ਇਸ ਰੁਝਾਨ ਦੇ ਸ਼ਿਕਾਰ ਹਨ ਕਿ ਔਰਤਾਂ ਹੀ ਮਰਦਾਂ ਦੀ ਦਿੱਖ ਬਾਰੇ ਗੰਦੇ ਜਿਨਸੀ ਲਤੀਫ਼ੇ ਸੁਣਦੀਆਂ-ਸੁਣਾਉਂਦੀਆਂ ਹਨ ਤੇ ਜਿਨਸੀ ਟਿੱਪਣੀਆਂ ਕਰਦੀਆਂ ਹਨ। ਪ੍ਰੋ. ਐਟਵਾਟਰ ਦਾ ਕਹਿਣ ਹੈ, "ਇਹ ਵੀ ਹਕੀਕਤ ਹੈ ਕਿ ਔਰਤਾਂ ਇਹ ਸਮਝਦੀਆਂ ਰਹਿੰਦੀਆਂ ਹਨ ਕਿ ਮਰਦਾਂ ਨੂੰ ਪਤਾ ਹੀ ਨਹੀਂ ਕਿਹੜੀ ਗੱਲ, ਜਿਨਸੀ ਪ੍ਰੇਸ਼ਾਨੀ ਦਿੰਦੀ ਹੈ, ਕਿਹੜੀ ਨਹੀਂ ਜਾਂ ਕਿਹੜੀ ਗੱਲ ਕਰਨੀ ਚਾਹੀਦੀ ਹੈ, ਕਿਹੜੀ ਨਹੀਂ।"
ਉਹ ਇਹ ਵੀ ਸਮਝਦੀ ਹੈ ਕਿ ਮਰਦ ਨਿੱਕੀ-ਨਿੱਕੀ ਗੱਲੋਂ ਔਖੇ ਹੋ ਜਾਂਦੇ ਹਨ ਤੇ ਉਨ੍ਹਾਂ ਵੱਲੋਂ ਇਸ ਤਰ੍ਹਾਂ ਹੋਣਾ ਸੁਭਾਵਕ ਵੀ ਹੈ ਕਿਉਂ ਕਿ ਬਹੁਤ ਸਾਰੀਆਂ ਕੰਮ ਦੀਆਂ ਥਾਂਵਾਂ ਵਿਖੇ ਤਾਕਤ ਉਨ੍ਹਾਂ ਦੇ ਹੀ ਹੱਥਾਂ ਵਿਚ ਹੁੰਦੀ ਹੈ। ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਵੀ ਬਹੁਤ ਰਹਿੰਦੀ ਹੈ ਕਿ ਕਿਤੇ ਕੋਈ 'ਗੰਦਾ ਜਾਂ ਭੱਦਾ ਇਲਜ਼ਾਮ', ਉਨ੍ਹਾਂ ਤੋਂ ਤਾਕਤ ਖੋਹ ਲੈਣ ਦੀ ਵਜ੍ਹਾ ਨਾ ਬਣ ਜਾਵੇ। ਅਨਟੌਰੀਓ ਦੇ ਸ਼ਹਿਰ ਹਮਿਲਟਨ ਦੀ ਰਹਿਣ ਵਾਲ਼ੀ, ਮਨੁੱਖੀ ਅਧਿਕਾਰਾਂ ਸਬੰਧੀ ਵਕੀਲ ਸਾਰ੍ਹਾ ਮੋਲੀਨਿਊ ਦਾ ਕਹਿਣ ਹੈ ਕਿ ਬਹੁਤੇ ਮਰਦ ਇਹ ਸਮਝਦੇ ਹਨ ਕਿ ਔਰਤਾਂ ਵੀ ਉਨ੍ਹਾਂ ਨੂੰ ਜਿਨਸੀ ਪੱਖੋਂ ਸਤਾਉਣ ਵਿਚ ਘੱਟ ਨਹੀਂ ਗੁਜ਼ਾਰਦੀਆਂ। ਉਸ ਦਾ ਕਹਿਣ ਹੈ, "ਇਹ ਦੋਸ਼, ਔਰਤਾਂ ਦੇ ਮਾਸੂਮ ਅਤੇ ਅਨਭੋਲ ਹੋਣ ਨਾਲ਼ ਸਬੰਧ ਨਹੀਂ ਰੱਖਦਾ, ਸਗੋਂ ਇਸ ਦਾ ਸਬੰਧ ਉਸ ਜਹਾਨ ਨਾਲ਼ ਹੈ, ਜਿਸ ਜਿਸ ਵਿਚ ਉਹ ਰਹਿੰਦੀਆਂ ਹਨ। ਉਹ ਜਦੋਂ ਕੰਮ ਉੱਤੇ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਜਿਨਸੀ ਪੱਖੋਂ ਸਤਾਇਆ ਜਾਂਦਾ ਹੈ ਤੇ ਉਹ, ਇਸ ਤੰਗੀ ਦੇ ਸਹੀ ਜਾਂ ਗ਼ਲਤ ਹੋਣ ਦਾ ਵਿਸ਼ਲੇਸ਼ਣ ਕਰਨ ਤੋਂ ਬਗ਼ੈਰ ਹੀ ਇਸ ਨੂੰ ਜਰ ਲੈਂਦੀਆਂ ਹਨ। ਹੁਣ ਉਨ੍ਹਾਂ ਨੇ ਆਪਣੇ-ਆਪ ਨੂੰ ਏਦਾਂ ਹੀ ਗਿਝਾ ਲਿਆ ਹੈ।" ਯਾਨੀ ਬਹੁਤੀਆਂ ਔਰਤਾਂ 'ਹਊ ਪਰੇ' ਜਾਂ 'ਚੱਲ ਤਾਂ ਕੀ ਲਾਹ ਲਿਆ' ਵਰਗਾ ਵਤੀਰਾ ਅਪਣਾਅ ਚੁੱਕੀਆਂ ਹਨ।
ਕੁੱਝ ਮਾਹਰਾਂ ਦਾ ਖ਼ਿਆਲ ਹੈ ਕਿ ਕੰਮ ਵਾਲ਼ੀਆਂ ਥਾਂਵਾਂ ਵਿਖੇ ਜਿਨਸੀ ਰੌਲ਼ਾ ਖ਼ਤਮ ਕਰਨ ਲਈ, ਵਧੇਰੇ ਔਰਤਾਂ ਭਰਤੀ ਕਰਨਾ ਹੀ ਇਲਾਜ ਦਾ ਸਾਧਨ ਹੈ। ਆਰ. ਸੀ. ਐੱਮ. ਪੀ. ਦੇ ਖ਼ਿਲਾਫ਼, ਜਿਨਸੀ ਤੰਗੀ ਦੇਣ ਸਬੰਧੀ ਕੇਸ ਜਿੱਤਣ ਵਾਲ਼ੀ ਸਾਬਕਾ ਮਾਊਂਟੀ ਐਲਾਈਸ ਕਲਾਰਕ ਦਾ ਕਹਿਣ ਹੈ ਕਿ ਇਸ ਸਬੰਧ ਵਿਚ ਹਾਲੇ ਤਕ ਕੁੱਝ ਵੀ ਨਹੀਂ ਬਦਲਿਆ। ਇਹ ਬੀਬੀ, ਇਸ ਫੋਰਸ ਵਿਚ ਆਉਣ ਤੋਂ ਪਹਿਲਾਂ ਘੋੜਸਵਾਰ ਪੁਲੀਸ ਦਸਤੇ ਵਿਚ ਭਰਤੀ ਹੋਣਾ ਚਾਹੁੰਦੀ ਸੀ, ਪਰ ਜਦੋਂ 1981 ਵਿਚ ਉਹ ਇਸ ਫੋਰਸ ਵਿਚ ਭਰਤੀ ਹੋ ਗਈ ਤਾਂ ਇਸ ਸਬੰਧੀ ਉਸ ਦਾ ਤਜਰਬਾ ਬੜਾ ਹੀ ਤਲਖ਼ ਰਿਹਾ। ਕਈ ਵਰ੍ਹੇ ਇਸ ਫੋਰਸ ਵਿਚ ਜਿਨਸੀ ਤੰਗੀ ਬਰਦਾਸ਼ਤ ਕਰਨ ਮਗਰੋਂ ਕਲਾਰਕ ਨੇ ਇਹ ਫੋਰਸ ਛੱਡ ਦਿੱਤੀ ਤੇ ਉਹ, ਜਿਨਸੀ ਤੰਗੀ ਦੇਣ ਦੇ ਸਬੰਧ ਵਿਚ ਆਰ. ਸੀ. ਐੱਮ. ਪੀ. ਦੇ ਖ਼ਿਲਾਫ ਪਹਿਲਾ ਮੁਕੱਦਮਾ ਜਿੱਤ ਗਈ। ਇਸ ਗੱਲ ਨੂੰ 25 ਸਾਲ ਹੋ ਗਏ ਹਨ ਅਤੇ ਹੋਰ ਔਰਤਾਂ ਵੱਲੋਂ ਉਸ ਦੀ ਰੀਸ ਕਰਨ ਦੇ ਬਾਵਜੂਦ ਸਭ ਕੁੱਝ ਜਿਉਂ ਦਾ ਤਿਉਂ ਹੈ।
ਜਨਤਕ ਸੁਰੱਖਿਆ ਮੰਤਰੀ ਰਾਲਫ਼ ਗੁੱਡਾਲ ਦਾ ਕਹਿਣ ਹੈ ਕਿ ਕੰਮ ਵਾਲ਼ੀ ਥਾਂ ਵਿਚ ਔਰਤਾਂ ਨੂੰ ਡਰਾਵੇ ਤੇ ਤੰਗੀ ਦੇਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਨੂੰ ਪਹਿਲ ਦਿੱਤੀ ਜਾਣੀ ਬਣਦੀ ਹੈ। ਕਲਾਰਕ ਵੱਲੋਂ, ਆਰ. ਸੀ. ਐੱਮ. ਪੀ. ਦੇ ਖ਼ਿਲਾਫ ਮੁਕੱਦਮਾ ਜਿੱਤਣ ਮਗਰੋਂ, 3100 ਤੋਂ ਵੱਧ ਔਰਤਾਂ ਨੇ ਉਨ੍ਹਾਂ ਨੂੰ ਜਿਨਸੀ ਪੱਖੋਂ ਤੰਗ ਕੀਤੇ ਜਾਣ ਦੇ ਦਾਅਵੇ ਕੀਤੇ ਹੋਏ ਹਨ। ਕਲਾਰਕ ਨੂੰ ਦੁਖੀ ਕਰਨ ਲਈ ਉਸ ਦੇ ਡੈਸਕ ਉੱਤੇ ਪਲਾਸਟਿਕ ਦੀਆਂ ਛਾਤੀਆਂ ਰੱਖੀਆਂ ਜਾਂਦੀਆਂ ਹੁੰਦੀਆਂ ਸੀ। ਉਸ ਦਾ ਅਫ਼ਸਰ, ਹੋਰ ਸਾਰੇ ਮੁਲਾਜ਼ਮਾਂ ਨੂੰ ਤਾਂ ਉਨ੍ਹਾਂ ਦੇ ਨਾਂ ਲੈ ਕੇ ਬੁਲਾਉਂਦਾ ਹੁੰਦਾ ਸੀ, ਪਰ ਕਲਾਰਕ ਨੂੰ ਬੁਲਾਉਣ ਵੇਲ਼ੇ, ਉਸ ਦੇ ਮੋਢੇ ਉੱਤੇ ਥਪਕੀ ਜਿਹੀ ਵੀ ਮਾਰਦਾ ਤੇ ਉਸ ਨੂੰ ਬੁਲਾਉਂਦਾ ਵੀ 'ਡੀਅਰੀ' ਯਾਨੀ ਕਿ 'ਲਾਡੋ' ਕਹਿ ਕੇ ਹੁੰਦਾ ਸੀ। ਕਲਾਰਕ ਨੂੰ ਉਸ ਦੇ ਸਾਥੀ ਮਰਦ, "ਘਰ ਜਾਹ, ਚੰਗੀ ਜਨਾਨੀ ਬਣ ਤੇ ਬੱਚਾ ਜੰਮ ਕੇ 'ਅਸਲੀ ਕੰਮ' ਕਰ," ਵਰਗੀਆਂ ਗੱਲਾਂ ਕਿਹਾ ਕਰਦੇ ਸਨ। ਕਈ ਉਸ ਨੂੰ "ਐਵੇਂ ਵਰਦੀ ਦਾ ਨਾਸ" ਵੀ ਕਹਿੰਦੇ ਹੁੰਦੇ ਸਨ। ਇਕ ਵਾਰ, ਇਕ ਮਰਦ ਘੋੜ ਸਵਾਰ ਨੇ ਤਾਂ ਉਸ ਨੂੰ ਸਰਕਾਰੀ ਗੱਡੀ ਵਿਚ, ਉਸ ਵੇਲ਼ੇ 'ਆਪਣੇ ਨਾਲ਼ ਪੈਣ ਲਈ' ਕਹਿ ਦਿੱਤਾ ਸੀ, ਜਦੋਂ ਉਹ ਇਕ ਲਾਸ਼ ਰਾਖੀ ਕਰ ਰਹੀ ਸੀ। ਆਰ. ਸੀ. ਐੱਮ. ਪੀ. ਦੇ ਇਕ ਬੁਲਾਰੇ ਦਾ ਕਹਿਣ ਹੈ ਕਿ ਕਲਾਰਕ ਦੇ ਕੇਸ ਵਿਚ ਇਸ ਫੋਰਸ ਕੋਲ ਕਹਿਣ ਲਈ ਕੁੱਝ ਵੀ ਨਹੀਂ ਸੀ।
ਇਸ ਦੌਰਾਨ, ਇਕ ਸਰਵੇਖਣ ਰਾਹੀਂ ਪਤਾ ਲੱਗਿਆ ਹੈ ਕਿ ਕੈਨੇਡਾ ਵਿਚ ਔਰਤਾਂ ਨੂੰ ਕੰਮ ਉੱਤੇ ਰੱਖਣ ਵੇਲ਼ੇ, ਉਨ੍ਹਾਂ ਨਾਲ਼ ਅਮਰੀਕਾ ਦੇ ਮੁਕਾਬਲੇ ਕਿਤੇ ਵੱਧ ਵਿਤਕਰਾ ਕੀਤਾ ਜਾਂਦਾ ਹੈ। ਇਸ ਸਬੰਧ ਵਿਚ ਖੋਜੀਆਂ ਨੇ ਕੈਨੇਡਾ, ਅਮਰੀਕਾ, ਸਵੀਡਨ, ਫਰਾਂਸ, ਬੈਲਜੀਅਮ, ਨੀਦਰਲੈਂਡਜ਼, ਗ੍ਰੇਟ ਬ੍ਰਿਟੇਨ, ਨੌਰਵੇ ਅਤੇ ਜਰਮਨੀ ਵਿਚ ਪਹਿਲਾਂ ਕੀਤੇ ਹੋਏ 97 ਅਧਿਐਨਾਂ ਤੋਂ ਮਿਲੇ ਹੋਏ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਇਨ੍ਹਾਂ ਸਾਰੇ ਹੀ ਮੁਲਕਾਂ ਵਿਚ, ਕੰਮ ਉੱਤੇ ਰੱਖਣ ਵੇਲ਼ੇ, 'ਕਾਲੇ ਲੋਕਾਂ' ਨਾਲ਼ ਵੀ ਵਿਤਕਰਾ ਕੀਤਾ ਜਾਂਦਾ ਹੈ। ਫਰਾਂਸ ਅਤੇ ਸਵੀਡਨ ਵਿਚ ਤਾਂ ਇਹ ਵਿਤਕਰਾ ਬਹੁਤ ਜ਼ੋਰਾਂ ਉੱਤੇ ਹੈ।#
