ਅਣਖ਼ ਬਚਾਉਣ ਖ਼ਾਤਰ ਆਬਰੂ ਰੋਲਣੀ ਜ਼ਰੂਰੀ ਏ?
<><><><><><><><><><><><>
ਕਈ ਜ਼ਖ਼ਮਾਂ ਦੇ ਦਾਗ਼ ਰਹਿ ਜਾਂਦੇ ਹਨ, ਕਈ ਜ਼ਖ਼ਮਾਂ ਦੇ ਦਾਗ਼ ਤਾਂ ਫਿੱਕੇ ਪੈ ਜਾਂਦੇ ਹਨ, ਪਰ ਉਹ, ਸੀਨੇ ਵਿਚ ਸੱਲ੍ਹ ਪਾ ਜਾਂਦੇ ਹਨ। ਕਈ ਜ਼ਖ਼ਮਾਂ ਦੇ ਸੱਲ੍ਹ ਹਰ ਸਾਲ ਆਪਣਾ ਵਰ੍ਹੀਣਾ ਮਨਾaੁਂਦੇ ਹਨ। ਕੁੱਝ ਇਸੇ ਤਰ੍ਹਾਂ ਦਾ ਕਹਿਰ, ਹਾਲ ਹੀ ਵਿਚ ਅਸਾਮ ਵਿਚ ਵਰ੍ਹਿਆ ਸੀ। ਕੈਨੇਡਾ ਦੀਆਂ ਅਖ਼ਬਾਰਾਂ ਵਿਚ ਅਸਾਮ ਦਾ ਦਰਦ? ਤਾਲ-ਮੇਲ ਬਿਠਾਉਣ ਤੋਂ ਪਹਿਲਾਂ ਜਹਾਨ ਦੇ ਹਰ ਮੁਲਕ ਵਿਚ ਵਸਦੀ ਮਨੁੱਖਤਾ ਨੂੰ ਯਾਦ ਕਰ ਲਿਓ, ਗੱਲ ਬੇਹੀ ਨਹੀਂ ਲੱਗੇਗੀ। ਇਹ ਗੱਲ, ਉਨ੍ਹਾਂ ਜ਼ਖ਼ਮਾਂ ਤੇ ਉਨ੍ਹਾਂ ਦੇ ਦਾਗ਼ਾਂ ਦੀ ਗੱਲ ਵਰਗੀ ਹੀ ਹੈ, ਜਿਨ੍ਹਾਂ ਦਾ ਜ਼ਿਕਰ ਇਸ ਲੇਖ ਦੇ ਆਰੰਭ ਵਿਚ ਕੀਤਾ ਗਿਆ ਹੈ। ਇਹ ਗੱਲ ਪੁਰਾਣੀ ਕਹਿ ਕੇ ਬੜੀ ਅਸਾਨੀ ਨਾਲ਼ ਵੱਟੇ-ਖਾਤੇ ਪਾਈ ਜਾ ਸਕਦੀ ਹੈ, ਪਿਛਲੇਰੇ ਮਹੀਨੇ (ਸਤੰਬਰ, 2019) ਦੀ ਵਾਪਰੀਆਂ ਹੋਈਆਂ ਘਟਨਾਵਾਂ ਉੱਤੇ ਇੰਨੀ ਛੇਤੀ ਗਾਚਣੀ ਫੇਰਨੀ ਵੀ ਮਨੁੱਖੀ ਸੁਭਾਅ ਨੂੰ ਵਾਰਾ ਨਹੀਂ ਖਾ ਸਕਦੀ।
ਇਸ ਘਟਨਾ-ਚੱਕਰ ਵਿਚ ਇਕ ਗਰਭਵਤੀ ਔਰਤ ਅਤੇ ਉਸ ਦੀਆਂ ਦੋ ਭੈਣਾਂ ਨੰਗੀਆਂ ਕਰ ਕੇ ਉਨ੍ਹਾਂ ਨੂੰ ਬਹੁਤ ਹੀ ਹੌਲਨਾਕ ਤਸੀਹੇ ਦਿੱਤੇ ਗਏ। ਇਹ ਸਭ ਕੁੱੱਝ, ਲੋਕਾਂ ਦੀ ਹਿਫ਼ਾਜ਼ਤ ਕਰਨ ਵਾਲ਼ੀ ਪੁਲੀਸ ਨੇ, ਇਕ ਪੁਲੀਸ ਚੌਕੀ ਦੇ ਅੰਦਰ ਕੀਤਾ। ਸ਼ਾਇਦ ਇਸ ਘਟਨਾ ਉੱਤੇ ਵੀ, ਹੋਰ ਬਹੁਤ ਸਾਰੀਆਂ ਘਟਨਾਵਾਂ ਵਾਂਗ ਮਿੱਟੀ ਹੀ ਪਾ ਦਿੱਤੀ ਜਾਂਦੀ, ਪਰ ਇਸ ਤਰ੍ਹਾਂ ਨਾ ਹੋ ਸਕਿਆ ਕਿਉਂ ਕਿ ਪੁਲੀਸ ਵੱਲੋਂ ਕੀਤੇ ਗਏ ਇਸ ਜਬਰ ਦੇ ਖ਼ਿਲਾਫ਼, ਪੁਲੀਸ ਨੇ ਕੋਈ ਪਰਚਾ ਦਰਜ ਨਾ ਕੀਤਾ ਤਾਂ ਫ਼ਰਿਆਦਣਾਂ, ਮੀਡੀਆ ਸਾਹਮਣੇ ਪੇਸ਼ ਹੋ ਗਈਆਂ। ਇਸ ਘਟਨਾ ਸਬੰਧੀ ਖ਼ਬਰਾਂ, 17 ਸਤੰਬਰ (2019) ਨੂੰ ਲੋਕਾਂ ਸਾਹਮਣੇ ਆਈਆਂ, ਜਿਸ ਦਾ ਮਤਲਬ ਹੈ ਕਿ ਇਹ ਘਟਨਾਵਾਂ ਇਸ ਤੋਂ ਪਹਿਲਾਂ ਹੀ ਕਦੇ ਵਾਪਰੀਆਂ ਹੋਣਗੀਆਂ।
ਗੁਹਾਟੀ ਤੋਂ 'ਐਕਸਪ੍ਰੈੱਸ ਨਿਊਜ਼ ਸਰਵਿਸ' ਦੀ ਖ਼ਬਰ ਅਨੁਸਾਰ, ਅਸਾਮ ਦੇ ਦਰੰਗ ਜ਼ਿਲੇ ਦੀ ਇਕ ਪੁਲੀਸ ਚੌਕੀ ਵਿਚ, ਤਿੰਨ ਮੁਸਲਮਾਨ ਔਰਤਾਂ, ਜਿਨ੍ਹਾਂ ਵਿਚੋਂ ਇਕ ਗਰਭਵਤੀ ਵੀ ਸੀ, ਨੂੰ ਨੰਗੀਆਂ ਕਰ ਕੇ, ਉਨ੍ਹਾਂ ਨੂੰ ਤਸੀਹੇ ਦਿੱਤੇ ਗਏ। ਇਸ ਜ਼ੁਲਮ ਦੇ ਨਤੀਜੇ ਵਜੋਂ, ਗਰਭਵਤੀ ਔਰਤ ਦੀ ਹਾਲਤ ਬਹੁਤ ਵਿਗੜ ਜਾਣ ਦੀ ਵਜ੍ਹਾ ਨਾਲ਼ ਉਸ ਨੂੰ ਹਸਪਤਾਲ ਦਾਖ਼ਲ ਕਰਾਉਣਾ ਪਿਆ, ਜਿੱਥੇ ਉਸ ਦੀਆਂ ਸੱਟਾਂ ਦੇ ਕਾਰਨ ਉਸ ਦਾ ਗਰਭ ਡੇਗਣਾ ਪਿਆ ਅਤੇ ਉਸ ਦੀ ਕੁੱਖ ਦੀ ਸਫ਼ਾਈ ਕਰਨੀ ਪਈ। ਇਨ੍ਹਾਂ ਘਟਨਾਵਾਂ ਦੀ ਗੂੰਜ, ਅਸਾਮ ਰਾਜ ਇਸਤਰੀ ਕਮਿਸ਼ਨ ਦੇ ਗਲਿਆਰਿਆਂ ਤਕ ਗਈ ਤਾਂ ਇਸ ਕਮਿਸ਼ਨ ਨੇ ਇਸ ਖ਼ਬਰ ਦੇ ਆਧਾਰ 'ਤੇ ਹੀ ਇਸ ਸਬੰਧ ਵਿਚ ਕੇਸ ਦਰਜ ਕਰ ਲਿਆ। ਇਸ ਦੇ ਨਾਲ਼ ਹੀ, ਸੂਬੇ ਦੇ ਪੁਲੀਸ ਮੁਖੀ ਕੁਲਾਧਾਰ ਸੈਕੀਆ ਨੇ ਦਰੰਗ ਦੇ ਐੱਸ. ਪੀ., ਅੰਮ੍ਰਿਤ ਭੂਯਾਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਇਹ ਘਟਨਾਵਾਂ 8 ਸਤੰਬਰ ਨੂੰ ਵਾਪਰੀਆਂ ਸਨ, ਪਰ ਇਹ, 17 ਸਤੰਬਰ ਨੂੰ ਜੱਗ-ਜ਼ਾਹਰ ਹੋਈਆਂ ਕਿਉਂ ਕਿ ਅਧਿਕਾਰੀਆਂ ਨੇ ਫ਼ਰਿਆਦੀਆਂ ਵੱਲੋਂ ਕੋਈ ਕੇਸ ਦਰਜ ਕਰਨੋਂ ਇਨਕਾਰ ਕਰ ਦਿੱਤਾ ਸੀ। ਕੇਸ ਦਰਜ ਕੌਣ ਕਰਦਾ ਤੇ ਕਿਸ ਦੇ ਖ਼ਿਲਾਫ਼ ਕਰਦਾ ਕਿਉਂ ਕਿ ਇਨ੍ਹਾਂ ਦੋਵੇਂ ਧਿਰਾਂ ਦਾ ਇਕੋ-ਇਕ ਰੂਪ ਪੁਲੀਸ ਹੀ ਤਾਂ ਸੀ। ਜਦੋਂ ਫ਼ਰਿਆਦਣਾਂ ਦੀਆਂ ਸਾਰੀਆਂ ਫ਼ਰਿਆਦਾਂ ਵਗਾਹ ਮਾਰੀਆਂ ਗਈਆਂ ਤਾਂ ਉਨ੍ਹਾਂ ਨੇ ਮੀਡੀਆ ਵੱਲ ਮੂੰਹ ਕਰ ਲਏ। ਇਸ ਤੋਂ ਪਹਿਲਾਂ ਫ਼ਰਿਆਦਣਾਂ ਨੇ ਸ਼ਿਕਾਇਤ ਦਾਇਰ ਜ਼ਰੂਰ ਕਰ ਦਿੱਤੀ ਸੀ, ਪਰ ਉਹ ਵੀ ਪਾੜ-ਪੂੜ ਕੇ ਪਤਾ ਨਹੀਂ ਕਿਸ ਖੂਹ-ਖਾਤੇ ਪਾ ਦਿੱਤੀ ਗਈ ਹੋਊ।
ਮਿਲੇ ਵੇਰਵੇ ਅਨੁਸਾਰ, ਮਿਨੂਵਰਾ ਬੇਗ਼ਮ, ਸਨੂਵਰਾ ਅਤੇ ਰੂਮੇਲਾ ਨਾਂ ਦੀਆਂ ਇਨ੍ਹਾਂ ਤੇਹਾਂ ਔਰਤਾਂ ਨੂੰ, ਅਗਵਾ ਦੇ ਕਿਸੇ ਕੇਸ ਦੇ ਸਬੰਧ ਵਿਚ, ਪੁਲੀਸ ਚੌਕੀ ਬੂੜ੍ਹਾ ਦੀ ਪੁਲੀਸ ਨੇ ਗੁਹਾਟੀ ਤੋਂ ਚੁੱਕਿਆ ਸੀ। ਦਰੰਗ ਦੇ ਐੱਸ. ਪੀ. ਕੋਲ਼ 10 ਸਤੰਬਰ ਨੂੰ ਦਾਇਰ ਕਰਾਈ ਇਕ ਸ਼ਿਕਾਇਤ ਵਿਚ ਮਿਨੂਵਰਾ ਬੇਗ਼ਮ ਨੇ ਇਹ ਦੋਸ਼ ਲਾਇਆ ਹੋਇਆ ਸੀ ਕਿ ਪੁਲੀਸ ਦੀ ਇਕ ਟੀਮ ਨੇ ਬੂੜ੍ਹਾ ਪੁਲੀਸ ਚੌਕੀ ਦੇ ਅਫ਼ਸਰ-ਇਨ-ਚਾਰਜ ਮਹੇਂਦਰ ਸਰਮਾ ਦੀ ਅਗਵਾਈ ਵਿਚ ਉਸ ਨੂੰ ਅਤੇ ਉਸ ਦੀਆਂ ਦੋ ਭੈਣਾਂ ਸਨੂਵਰਾ ਅਤੇ ਰੂਮੇਲਾ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕ ਲਿਆ ਸੀ। ਛਾਪਾ ਮਾਰਨ ਆਏ ਪੁਲੀਸ ਮੁਲਾਜ਼ਮਾਂ ਵਿਚ ਇਕ 'ਲੇਡੀ ਕਾਂਸਟੇਬਲ' ਵੀ ਮੌਜੂਦ ਦੱਸੀ ਹੋਈ ਹੈ।
ਇਨ੍ਹਾਂ ਤੇਹਾਂ ਵਿਚੋਂ ਇਕ ਭੈਣ ਦਾ ਕਹਿਣ ਹੈ, "ਸਾਨੂੰ 'ਸਟਿੱਕਾਂ' ਨਾਲ਼ ਬਹੁਤ ਬੁਰੀ ਤਰ੍ਹਾਂ ਕੁੱਟਿਆ-ਮਾਰਿਆ ਗਿਆ। ਮੇਰੀ ਗਰਭਵਤੀ ਭੈਣ ਨੇ ਕਿਹਾ ਕਿ ਉਸ ਦੇ ਗਰਭ ਵਿਚ ਬੱਚਾ ਹੋਣ ਦੀ ਵਜ੍ਹਾ ਨਾਲ਼ ਉਸ ਨੂੰ ਬਖ਼ਸ਼ ਦਿੱਤਾ ਜਾਵੇ, ਪਰ ਮਹੇਂਦਰ ਸਰਮਾ ਨੇ ਕਿਹਾ ਕਿ ਅਸੀਂ ਪਾਖੰਡ ਕਰਦੀਆਂ ਹਾਂ। ਇਸ ਜ਼ੁਲਮ ਦੀ ਵਜ੍ਹਾ ਨਾਲ਼ ਉਸ ਦਾ ਬੱਚਾ ਖ਼ਤਮ ਹੋ ਗਿਆ।"
ਦਰੰਗ ਦੇ ਐੱਸ. ਪੀ. ਨੇ ਪੱਤਰਕਾਰਾਂ ਨੂੰ ਇਸ ਤਰ੍ਹਾਂ ਦੱਸਿਆ, "ਇਕ ਮੁਸਲਮਾਨ ਮੁੰਡਾ, ਇਕ ਹਿੰਦੂ ਕੁੜੀ ਨੂੰ ਕੱਢ ਕੇ ਲੈ ਗਿਆ ਸੀ। ਇਨ੍ਹਾਂ ਤੇਹਾਂ (ਜਣੀਆਂ) ਨੂੰ ਇਸ ਕੇਸ ਦੇ ਸਬੰਧ ਵਿਚ ਚੁੱਕਿਆ ਗਿਆ ਸੀ। ਇਨ੍ਹਾਂ ਦੀ ਵੱਡੀ ਭੈਣ ਨੇ ਕੁੜੀ ਅਗਵਾ ਕਰ ਕੇ ਆਪਣੇ ਘਰ ਲੁਕਾਈ ਹੋਈ ਹੈ।" ਉਸ ਨੇ ਇਹ ਵੀ ਕਿਹਾ ਸੀ ਕਿ ਉਹ ਮੈਡੀਕਲ ਰਿਪੋਰਟ ਆਉਣ ਮਗਰੋਂ ਲੋੜੀਂਦੀ ਕਾਰਵਾਈ ਕਰੇਗਾ।
ਦੂਜੇ ਪਾਸੇ, ਅਸਾਮ ਰਾਜ ਇਸਤਰੀ ਕਮਿਸ਼ਨ ਦੀ ਚੇਅਰਪਰਸਨ ਚਿਕੀਮਿਕੀ ਤਾਲੁਕਦਾਰ ਨੇ ਔਰਤਾਂ ਉੱਤੇ ਇਹ ਜ਼ੁਲਮ ਕਰਨ ਨੂੰ ਬਹੁਤ 'ਘਿਨਾਉਣਾ ਜੁਰਮ' ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ, "ਸਭਿਆ ਸਮਾਜ ਵਿਚ ਇਸ ਤਰ੍ਹਾਂ ਦੇ ਘਿਨਾਉਣੇ ਜੁਰਮ ਦੀ ਕੋਈ ਥਾਂ ਨਹੀਂ ਹੈ। ਅਸੀਂ ਦਰੰਗ ਦੇ ਐੱਸ. ਪੀ. ਨੂੰ ਇਕ ਨੋਟਿਸ ਭੇਜਾਂਗੇ।"
ਇਕ ਹੋਰ ਸੂਚਨਾ ਅਨੁਸਾਰ, ਮਿਨੂਵਰਾ ਬੇਗ਼ਮ ਦੇ ਢਿੱਡ ਵਿਚ ਲੱਤਾਂ ਮਾਰਨ ਨਾਲ਼ ਹੀ ਉਸ ਦੀ ਕੁੱਖ ਵਿਚ ਉਸ ਦੇ ਬੱਚੇ ਦੀ ਮੌਤ ਹੋਈ ਸੀ। ਲੱਤਾਂ ਮਾਰਨ ਦੀ ਵਜ੍ਹਾ ਨਾਲ਼ ਉਸ ਜਿਸਮ ਵਿਚੋਂ ਖ਼ੂਨ ਨਿੱਕਲਣਾ ਸ਼ੁਰੂ ਹੋ ਗਿਆ, ਜੋ ਬੰਦ ਨਾ ਕੀਤਾ ਜਾ ਸਕਿਆ ਤੇ ਉਸ ਦੀ ਕੁੱਖ ਸਾਫ ਕਰਨੀ ਪੈ ਗਈ। ਦੇਰ ਨਾਲ਼ ਆਈਆਂ ਕੁੱਝ ਹੋਰ ਸੂਚਨਾਵਾਂ ਅਨੁਸਾਰ, ਦੇਰ ਨਾਲ਼ ਹੀ ਸਹੀ, ਪੁਲੀਸ ਨੂੰ ਇਸ ਸਬੰਧ ਵਿਚ ਕਾਰਵਾਈ ਕਰਨੀ ਹੀ ਪਈ। ਇਸ ਕਾਰਵਾਈ ਅਧੀਨ ਪੁਲੀਸ ਨੇ ਇਨ੍ਹਾਂ ਔਰਤਾਂ ਉੱਤੇ ਜ਼ੁਲਮ ਢਾਹੁਣ ਦੇ ਦੋਸ਼ ਅਧੀਨ ਦੋ ਪੁਲੀਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।#
---੦---
'ਭਾਈ ਦੂਜ' ਮੌਕੇ 'ਦਿੱਲੀ ਵਾਲ਼ੀਆਂ' ਨੂੰ 'ਗੁਲਾਬੀ ਪਿਆਰ'
<><><><><><><><><><><><><><>
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ, ਪਿਛਲੇ 'ਭਾਈ ਦੂਜ' ਮੌਕੇ, ਦਿੱਲੀ ਵਿਚ ਆਪਣੀ ਪਤਨੀ ਨੂੰ ਛੱਡ ਕੇ, ਸਾਰੀਆਂ 'ਦਿੱਲੀ ਵਾਲ਼ੀਆਂ' ਨੂੰ ਆਪਣੀਆਂ ਭੈਣਾਂ ਮੰਨ ਕੇ, ਬੱਸਾਂ ਵਿਚ ਮੁਫ਼ਤ ਸਫ਼ਰ ਕਰਨ ਦੀ ਸਹੂਲਤ, 'ਖ਼ਾਸ ਤੁਹਫ਼ੇ' ਵਜੋਂ ਦਿੱਤੀ ਹੈ। ਇਸ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਹੈ ਕਿ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ, 'ਭਾਈ ਦੂਜ' ਮੌਕੇ ਭੈਣਾਂ ਨੂੰ ਦਿੱਤੀ ਗਈ ਇਸ ਸਹੂਲਤ ਦਾ ਫ਼ਾਇਦਾ ਨਹੀਂ ਉਠਾ ਸਕਦੀ। ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ 'ਭੈਣ ਮੰਨਣ ਤੋਂ ਇਨਕਾਰੀ' ਤਾਂ ਹੋਇਆ ਜਾ ਸਕਦਾ ਹੈ, ਪਰ ਇਸ ਸਹੂਲਤ ਦਾ ਲਾਹਾ ਲੈਣੋਂ ਨਹੀਂ ਰੋਕਿਆ ਜਾ ਸਕਦਾ।
ਦਿੱਲੀ ਸਰਕਾਰ ਨੇ ਇਹ ਸਹੂਲਤ 28 ਅਕਤੂਬਰ (2019) ਤੋਂ ਲਾਗੂ ਵੀ ਕਰ ਦਿੱਤੀ ਹੈ। 18 ਸਤੰਬਰ ਨੂੰ ਇਸ ਸਹੂਲਤ ਦਾ ਉਦਘਾਟਨੀ ਸਫ਼ਰ ਕਰਨ ਲਈ ਬਹੁਤ ਸਾਰੀਆਂ ਉਨ੍ਹਾਂ ਔਰਤਾਂ ਨੇ ਵੀ ਬੱਸਾਂ ਦਾ ਸਫ਼ਰ ਕੀਤਾ, ਜਿਨ੍ਹਾਂ ਨੇ ਸੜਕ 'ਤੇ ਹੁੰਦਿਆਂ ਕਦੇ ਵੀ ਪੈਰ ਕਾਰ ਵਿਚੋਂ ਨਹੀਂ ਕੱਢਿਆ ਸੀ। ਇਸ ਮੌਕੇ 'ਤੇ ਬਹੁਤ ਸਾਰੀਆਂ ਪੱਤਰਕਾਰਾਵਾਂ ਅਤੇ ਅਫ਼ਸਰਨੀਆਂ ਨੇ ਵੀ ਬੱਸਾਂ ਦਾ ਝੂਟਾ ਲੈ ਕੇ ਦੇਖਿਆ।
ਦਿੱਲੀ ਸਰਕਾਰ ਨੇ 5500 ਸਰਕਾਰੀ ਬੱਸਾਂ ਵਿਚ ਔਰਤਾਂ ਨੂੰ ਸਫ਼ਰ ਮੁੱਫ਼ਤ ਕਰਨ ਦੀ ਸਹੂਲਤ ਦੇਣੀ ਸ਼ੁਰੂ ਕਰ ਦਿੱਤੀ ਹੈ। ਸਫ਼ਰ ਹੀ ਮੁਫ਼ਤ ਹੋਵੇਗਾ, ਰਸਮੋ-ਰਿਵਾਜ ਉਹੀ ਰਹਿਣਗੇ ਯਾਨੀ ਬੱਸ ਵਿਚ ਸਫ਼ਰ ਕਰਨ ਵਾਲ਼ੀ ਹਰ ਔਰਤ ਨੂੰ ਟਿਕਟ ਜ਼ਰੂਰ ਲੈਣੀ ਪਵੇਗੀ, ਜਿਸ ਬਦਲੇ ਉਸ ਨੂੰ ਪੈਸੇ ਨਹੀਂ ਦੇਣੇ ਪੈਣਗੇ। ਮੁਫ਼ਤ ਮਿਲਣ ਵਾਲ਼ੀ ਇਹ 'ਸਪੈਸ਼ਲ ਟਿਕਟ' ਗੁਲਾਬੀ ਰੰਗ ਦੀ ਹੋਇਆ ਕਰੇਗੀ। ਮੁੱਖ ਮੰਤਰੀ ਨੇ ਇਸ ਸੰਧਰਭ ਵਿਚ ਹੀ ਕਿਹਾ ਹੈ ਕਿ ਜੇ ਔਰਤ ਤਰੱਕੀ ਕਰੇਗੀ ਤਾਂ ਦੇਸ਼ ਤਰੱਕੀ ਕਰੇਗਾ।
ਇਸ ਮੌਕੇ ਉੱਤੇ ਆਪਣੀ ਕਾਰ ਕਿਸੇ ਪਾਰਕਿੰਗ ਵਿਚ ਲਾ ਕੇ 'ਬੱਸ ਦਾ ਝੂਟਾ ਲੈਂਦਿਆਂ' ਲੋਕਾਂ ਦੇ ਪ੍ਰਭਾਵ ਲੈਂਦੀ ਇਕ ਪੱਤਰਕਾਰ ਨੇ ਆਪਣੀ ਰਿਪੋਰਟ ਵਿਚ ਏਦਾਂ ਲਿਖਿਆ ਹੋਇਆ ਹੈ, "ਮੈਂ ਜਦੋਂ 'ਵਸੰਤ ਕੁੰਜ' ਤੋਂ 'ਡੀ. ਟੀ. ਸੀ.' ਦੀ ਇਕ ਬੱਸ ਵਿਚ ਚੜ੍ਹੀ ਤਾਂ ਕੰਡੱਕਟਰ ਨੇ ਮੈਨੂੰ ਟਿਕਟ ਲੈਣ ਲਈ ਕਿਹਾ। ਮੇਰਾ ਤ੍ਰਬਕਣਾ ਕੁਦਰਤੀ ਸੀ। ਮੁਸਕਰਾਉਂਦੇ ਕੰਡੱਕਟਰ ਨੇ ਮੇਰੀ ਦੁਚਿੱਤੀ ਤਾੜ ਲਈ ਲੱਗਦੀ ਸੀ ਤੇ ਉਸ ਨੇ ਫਿਰ ਵੀ ਮੈਨੂੰ ਅੱਗੇ ਲੰਘ ਜਾਣ ਲਈ ਕਿਹਾ। ਫਿਰ ਉਸ ਨੇ ਆਮ ਟਿਕਟਾਂ ਦੀ ਦੱਥੀ ਦੀ ਥਾਂ, ਗੁਲਾਬੀ ਟਿਕਟਾਂ ਵਾਲ਼ੀ ਇਕ ਦੱਥੀ ਕੱਢੀ ਤੇ ਉਸ ਵਿਚੋਂ ਇਕ ਟਿਕਟ ਪਾੜ ਕੇ ਮੈਨੂੰ ਫੜਾ ਦਿੱਤੀ। ਉਸ ਟਿਕਟ ਉੱਤੇ ਇਕ ਪਾਸੇ, ਇਕ ਔਰਤ ਦਾ ਖ਼ਾਕਾ ਜਿਹਾ ਬਣਿਆ ਹੋਇਆ ਸੀ ਤੇ ਉਸ ਦੇ ਹੇਠਾਂ 'ਮਹਿਲਾ ਸਿੰਗਲ ਯਾਤਰਾ ਪਾਸ' ਛਪਿਆ ਹੋਇਆ ਹੈ। ਟਿਕਟ ਦੇ ਦੂਜੇ ਪਾਸੇ, ਕੇਜਰੀਵਾਲ ਵੱਲੋਂ, ਇਸ ਟਿਕਟ ਉੱਤੇ ਸਫ਼ਰ ਕਰਨ ਵਾਲ਼ੀ ਨੂੰ ਦਿੱਤਾ ਹੋਇਆ ਉਹ ਸੰਦੇਸ਼ ਹਿੰਦੀ ਵਿਚ ਛਪਿਆ ਹੋਇਆ ਹੈ, ਜਿਸ ਦਾ ਪੰਜਾਬੀ ਅਨੁਵਾਦ ਕੁੱਝ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ: "ਮੈਂ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਬਹੁਤ ਖ਼ੁਸ਼ਹਾਲੀ ਦੀ ਕਾਮਨਾ ਕਰਦਾ ਹਾਂ। ਜਦੋਂ ਔਰਤ ਖ਼ੁਸ਼ਹਾਲ ਹੁੰਦੀ ਹੈ, ਦੇਸ਼ ਖ਼ੁਸ਼ਹਾਲ ਹੁੰਦਾ ਹੈ।" ਇਸ ਦੇ ਨਾਲ਼ ਹੀ ਮੁੱਖ ਮੰਤਰੀ ਦੇ ਚਿਹਰੇ ਦੀ ਫੋਟੋ ਅਤੇ ਦਸਤਖ਼ਤ ਵਾਲ਼ੀ ਮੁਹਰ-ਛਾਪ ਹੈ।"
ਇਕ ਅਨੁਮਾਨ ਅਨੁਸਾਰ, 'ਗੁਲਾਬੀ ਟਿਕਟ' ਨਾਲ਼ ਬੱਸਾਂ ਰਾਹੀਂ ਸਫ਼ਰ ਕਰਨ ਵਾਲ਼ੀਆਂ ਔਰਤਾਂ, ਵੀਹ-ਪੱਚੀ ਰੁਪਏ ਤਾਂ ਰੋਜ਼ ਬਚਾ ਹੀ ਲਿਆ ਕਰਨਗੀਆਂ। ਇਸ ਤਰ੍ਹਾਂ ਇਕ ਸਾਲ ਵਿਚ 15,600 ਰੁਪਏ ਬਚ ਜਾਇਆ ਕਰਨਗੇ। ਅਸਿੱਧੇ ਤੌਰ 'ਤੇ, ਬੱਸ ਵਿਚ ਸਫ਼ਰ ਕਰਨ ਵਾਲ਼ੀਆਂ ਦੀ ਆਮਦਨ ਵਿਚ ਠੋਸ ਵਾਧਾ ਹੋ ਜਾਣੈ। ਹੁਣ ਮੁਟਿਆਰਾਂ ਧੀਆਂ ਨੂੰ ਬੱਸ ਚੜ੍ਹਨ ਲਈ 'ਟੁੱਟੇ ਹੋਏ ਪੈਸੇ' ਦੇ ਕੇ ਤੋਰਨ ਦਾ ਯੱਭ ਵੀ ਨਹੀਂ ਰਹਿਣਾ।
ਸਾਕੇਤ ਤਕ ਦੀ 'ਗੁਲਾਬੀ ਟਿਕਟ' ਲੈ ਕੇ, ਬੱਸ ਚੜ੍ਹੀ 'ਅਨੀਤਾ ਸਿੰਘ' ਨਾਂ ਦੀ ਇਕ ਬੀਬੀ ਨੇ ਠੱਠਾ ਕਰਨ ਦੇ ਲਹਿਜੇ ਵਿਚ ਕਿਹਾ, "ਕੇਜਰੀਵਾਲ਼ ਚਾਹੁੰਦੈ ਪਈ ਦਿੱਲੀ ਦੀਆਂ ਬੀਬੀਆਂ ਕਿਤੇ ਉਸ ਦੀ ਸਿਆਣ ਹੀ ਨਾ ਭੁੱਲ ਜਾਣ। ਅਗਲੇ ਸਾਲ (2020) ਵਿਚ ਚੋਣਾਂ ਵੀ ਤਾਂ ਆ ਰਹੀਆਂ ਨਾ! ਤਦ ਤਕ 'ਆਮ ਆਦਮੀ ਪਾਰਟੀ' ਦਾ ਮੱਥੇ ਲੱਗਦੀ ਰਹਿਣਾ ਬਣਦੈ ਕਿਉਂ ਕਿ ਲੋਕ ਸਭਾ ਦੀਆਂ ਚੋਣਾਂ ਵਿਚ ਇਸ ਨੇ ਮਾਰ ਖਾਧੀ ਸੀ। ਉਸ ਨੇ ਇਸੇ ਕਰ ਕੇ ਐਤਕੀਂ 'ਭਾਈ ਦੂਜ' ਮੌਕੇ ਭੈਣਾਂ ਨੂੰ ਇਹ 'ਗੁਲਾਬੀ ਪਿਆਰ' ਦਿੱਤਾ ਹੈ। ਕੁੱਝ ਵੀ ਹੋਵੇ ਇਸ 'ਗੁਲਾਬੀ ਪਿਆਰ' ਨੇ 'ਦਿੱਲੀ ਵਾਲ਼ੀਆਂ' ਦੇ ਦਿਲਾਂ ਉੱਤੇ ਤਾਂ ਬਹੁਤ ਅਸਰ ਕੀਤਾ ਹੈ, ਵੋਟਾਂ ਉੱਤੇ ਕੀਤਾ ਅਸਰ ਚੋਣਾਂ ਵਿਚ ਹੀ ਦਿਸੇਗਾ।"#
