ਕਿਹੜੀ ਅਣਖ਼ ਬਚਾਉਗੇ ਹੁਣ, ਤੁਸੀਂ ਮਰੋਗੇ ਕਿਹੜੀ ਆਣ ਖ਼ਾਤਰ?
<><><><><><><><><><><><><><><><>
ਸਦੀਆਂ ਨਹੀਂ ਹੋ ਗਈਆਂ, ਤਿੰਨ ਕੁ ਮਹੀਨੇ ਪਹਿਲਾਂ ਦੀ ਹੀ ਤਾਂ ਗੱਲ ਹੈ ਸਾਰੀ। ਸਾਡੇ ਦੋ ਮੁਲਕ ਆਪਣੀ ਕਥਿਤ ਇੱਜ਼ਤ, ਅਣਖ਼ ਅਤੇ ਆਬਰੂ ਬਚਾਉਣ ਖ਼ਾਤਰ, ਆਪਣੀ ਧੀਆਂ-ਭੈਣਾਂ ਨੂੰ ਆਸੇ-ਪਾਸੇ ਝਾਕਣ ਤੋਂ ਰੋਕਣ ਖ਼ਾਤਰ, ਜੀਊਂਦੀਆਂ ਹੀ ਧਰਤੀ ਵਿਚ ਦੱਬਣ ਲਈ ਤਿਆਰ ਹੋਏ ਰਹਿੰਦੇ ਹਨ। ਇਹ ਦੋਵੇਂ 'ਵੱਡੇ ਅਣਖ਼ੀ ਮੁਲਕ' ਆਪਸ ਵਿਚ ਹੀ ਇਕ-ਦੂਜੇ ਦੇ ਖੁੰਢਾਂ ਨਾਲ਼ ਖਹਿ-ਖਹਿ ਕੇ, ਆਪਣੇ ਬਹਾਦਰ ਹੋਣ ਦੇ ਦਾਅਵੇ ਪੁਗਾਈ ਜਾਂਦੇ ਹਨ ਜਦੋਂ ਕਿ ਉਨ੍ਹਾਂ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਹੈ ਕਿ ਉਨ੍ਹਾਂ ਦੀ ਇੱਜ਼ਤ, ਆਬਰੂ ਅਤੇ ਅਣਖ਼ ਨੂੰ ਇਕ ਤੀਜੇ ਮੁਲਕ ਨੇ ਸੰਨ੍ਹ ਹੀ ਨਹੀਂ ਲਾਈ ਹੋਈ, ਸਗੋਂ ਉਹ ਸੰਨ ਸੀਮੈਂਟ ਨਾਲ ਪਲੱਸਤਰ ਕਰਾ ਕੇ ਪੱਕੀ ਵੀ ਕਰਾ ਦਿੱਤੀ ਹੋਈ ਹੈ।
ਕੋਈ ਹੋਰ ਗੱਲ ਕਰਨ ਤੋਂ ਪਹਿਲਾਂ, ਇਸ ਸੰਨ੍ਹ ਬਾਰੇ ਹੀ ਖੁਲਾਸਾ ਕਰ ਦਿੰਨੇ ਹਾਂ। ਕੋਲੰਬੀਆ ਵਿਚ ਰਹਿੰਦੀ ਇਕ ਭਾਰਤੀ ਇਸਾਈ ਕੁੜੀ ਬਿਅੰਕਾ ਮਾਇਲੀ, ਅਮਰੀਕਾ ਵਿਚ ਇਕ ਪਾਕਿਸਤਾਨਣ ਮੁਸਲਮਾਨ ਕੁੜੀ ਸਾਈਮਾ ਨੂੰ ਮਿਲੀ ਤਾਂ ਉਨ੍ਹਾਂ ਦਾ, ਪੈਂਦੀ ਸੱਟੇ ਆਪਸ ਵਿਚ 'ਪਿਆਰ' ਹੋ ਗਿਆ। ਗੱਲ ਪਿਆਰ ਤਕ ਹੀ ਰਹਿੰਦੀ ਤਾਂ ਵੀ ਕੋਈ ਗੱਲ ਨਹੀਂ ਸੀ। ਹੁਣ ਉਨ੍ਹਾਂ ਦੋਹਾਂ ਨੇ ਆਪਸ ਵਿਚ ਵਿਆਹ ਕਰਾ ਲਿਆ ਹੋਇਆ ਹੈ। ਇਹ ਵਿਆਹ, 2 ਸਤੰਬਰ ਨੂੰ ਅਮਰੀਕਾ ਦੇ ਸੂਬੇ ਕੈਲਿਫੋਰਨੀਆ ਦੇ ਸ਼ਹਿਰ ਲਾਸ ਏਂਜਲਜ਼ ਵਿਚ ਹੋਇਆ ਸੀ। ਸੋਸ਼ਲ ਮੀਡੀਆ ਵਿਚ, ਪਿਆਰ ਤੋਂ ਵਿਆਹ ਤਕ ਪਹੁੰਚੀ ਇਸ ਦਾਸਤਾਨ ਨੂੰ ਪਰੀ ਕਹਾਣੀਆਂ ਵਾਲ਼ਾ ਦਰਜਾ ਦਿੱਤਾ ਗਿਆ ਸੀ। ਇਹ ਵਿਆਹ ਕੋਈ ਲੁਕ-ਛੁਪ ਕੇ ਜਾਂ ਕਿਸੇ ਛੋਟੀ-ਮੋਟੀ ਕਚਹਿਰੀ ਵਿਚ ਨਹੀਂ ਕਰਾਇਆ ਗਿਆ ਸੀ, ਸਗੋਂ ਇਹ ਵਿਆਹ, ਬਹੁਤ ਹੀ ਵਾਜੇ-ਗਾਜੇ ਨਾਲ਼, ਬਹੁਤ ਵੱਡੇ 'ਕੱਠ-ਮੱਠ ਵਿਚ, ਦੋਹਾਂ ਧਰਮਾਂ ਦੇ ਪੂਰੇ ਰਸਮੋ-ਰਿਵਾਜਾਂ ਮੁਤਾਬਕ ਕੀਤਾ ਗਿਆ ਸੀ।
ਵਿਆਹ ਵੇਲ਼ੇ ਬਿਅੰਕਾ ਨੇ ਸੋਨੇ ਦੀਆਂ ਤਾਰਾਂ ਦੀ ਭਾਰੀ ਕਢਾਈ ਵਾਲ਼ੀ ਅਤੇ ਹਾਥੀ-ਦੰਦ ਦੇ ਸਾਮਾਨ ਦੀ ਜੜਾਈ ਵਾਲ਼ੀ ਸਾੜ੍ਹੀ ਲਾਈ ਹੋਈ ਸੀ। ਉਸ ਦੇ ਗਲ਼, ਮੋਤੀਆਂ ਦਾ ਬਹੁਤ ਹੀ ਸ਼ਾਨਦਾਰ ਹਾਰ ਪਾਇਆ ਹੋਇਆ ਸੀ। ਇਸ ਤੋਂ ਇਲਾਵਾ ਉਸ ਨੇ ਆਪਣੇ ਸਿਰ ਦੇ ਚੀਰ ਵਿਚ ਜੜਾਊ ਟਿੱਕਾ ਲਾਇਆ ਹੋਇਆ ਸੀ ਤੇ ਆਪਣੀਆਂ ਦੋਵੇਂ ਬਾਹਾਂ ਸੋਨੇ ਦੀਆਂ ਵੰਗਾਂ ਤੇ ਕੰਗਣਾਂ ਨਾਲ਼ ਭਰੀਆਂ ਹੋਈਆਂ ਸਨ। ਬਿਅੰਕਾ ਅਤੇ ਸਾਈਮਾ ਨੇ 'ਇੰਸਟਾਗ੍ਰਾਮ' ਉੱਤੇ ਆਪਣੇ ਵਿਆਹ ਦੀ ਇਕ ਫੋਟੋ ਨਸ਼ਰ ਕੀਤੀ ਸੀ, ਜਿਸ ਹੇਠਾਂ ਅੰਗਰੇਜ਼ੀ ਵਿਚ "ਤੇਰੇ ਨਾਲ਼ ਜ਼ਿੰਦਗੀ ਮਿਠਾਸ-ਮਿਠਾਸ ਹੋ ਗਈ..." ਟਾਈਪ ਕੀਤਾ ਹੋਇਆ ਸੀ।
ਵਿਆਹ ਵੇਲ਼ੇ ਸਾਈਮਾ ਨੇ ਸੁਨਹਿਰੀ ਤੇ ਰੰਗ-ਬਰੰਗੀ ਕਢਾਈ ਵਾਲ਼ੀ ਉਹ ਕਾਲ਼ੀ ਸ਼ੇਰਵਾਨੀ ਪਾਈ ਹੋਈ ਸੀ, ਜਿਸ ਦੇ ਬੀੜੇ ਸੋਨੇ ਦੇ ਸਨ। ਇਸ ਦੇ ਨਾਲ਼ ਹੀ ਉਸ ਨੇ ਸ਼ੇਰਵਾਨੀ ਦੇ ਰੰਗ ਨਾਲ਼ ਰਲ਼ਦਾ-ਮਿਲਦਾ ਮੋਤੀਆਂ ਦਾ ਹਾਰ ਪਾਇਆ ਹੋਇਆ ਸੀ। ਆਪਣੀ ਦਿੱਖ ਨੂੰ ਰਤਾ ਕੁ ਹੋਰ ਰੋਹਬਦਾਰ ਬਣਾਉਣ ਲਈ ਉਸ ਨੇ ਸੋਨੇ ਦੇ ਫ੍ਰੇਮ ਵਾਲ਼ੀ ਐਨਕ ਲਾਈ ਹੋਈ ਸੀ। ਸੋਸ਼ਲ ਮੀਡੀਆ ਵਿਚ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਉੱਤੇ 'ਵਧਾਈ-ਟਿੱਪਣੀਆਂ' ਅਹਿਣ ਵਾਂਗ ਵਰ੍ਹੀਆਂ, ਜਿਨ੍ਹਾਂ ਵਿਚ ਕਈ ਟਿੱਪਣੀਕਾਰਾਂ ਨੇ ਅੰਗਰੇਜ਼ੀ ਵਿਚ "ਵਾਹ!", ਕਈਆਂ ਨੇ "ਕਮਾਲ!" ਅਤੇ ਕਈਆਂ ਨੇ "ਬਹੁਤ ਸਜਦੇ ਹੋ, ਰੱਬ ਭਾਗ ਲਾਵੇ!" ਲਿਖਿਆ ਹੋਇਆ ਸੀ। ਸੋਸ਼ਲ ਮੀਡੀਆ ਉੱਤੇ ਹੀ ਇਕ ਟਿੱਪਣੀ ਇਸ ਤਰ੍ਹਾਂ ਵੀ ਕੀਤੀ ਹੋਈ ਸੀ,"ਇਕ ਮਲਕਾ ਨੇ, ਦੂਜੀ ਮਲਕਾ ਲੱਭ ਲਈ! ਬਹੁਤ ਸੁੰਦਰ ਜੋੜੀ। ਜੋੜੀ ਸਲਾਮਤ ਰਹੇ ਤੇ ਖ਼ੁਸ਼ੀਆਂ-ਖੇੜੇ ਮਾਣੇ।" ਇਕ ਹੋਰ ਟਿੱਪਣੀ ਇਸ ਤਰ੍ਹਾਂ ਵੀ ਸੀ, "ਕਮਾਲ ਹੈ ਬਈ!"
ਜੇ ਬਿਅੰਕਾ ਅਤੇ ਸਾਈਮਾ ਦੇ, ਵਿਆਹ ਵੇਲ਼ੇ ਦੇ ਲਿਬਾਸਾਂ ਦਾ ਜਾਇਜ਼ਾ ਲਿਆ ਜਾਵੇ ਤਾਂ ਸਾੜੀ ਲਾ ਕੇ ਵਿਆਹ ਸਬੰਧੀ ਰਸਮਾਂ ਵਿਚ ਸ਼ਾਮਲ ਹੋਈ ਬਿਅੰਕਾ ਲਾੜੀ ਸੀ ਜਦੋਂ ਕਿ ਸ਼ੇਰਵਾਨੀ ਪਾ ਕੇ ਆਈ ਸਾਈਮਾ ਲਾੜੇ ਵਜੋਂ ਹਾਜ਼ਰ ਸੀ। ਇਸ ਤਰ੍ਹਾਂ, ਜੇ ਭਾਰਤ ਅਤੇ ਪਾਕਿਸਤਾਨ ਨੂੰ ਇਸ ਵਿਆਹ ਵਿਚ 'ਮੰਨਣਾ-ਮਨਾਉਣਾ' ਹੋਵੇ ਤਾਂ ਭਾਰਤ 'ਕੁੜੀ ਵਾਲ਼ਾ' ਹੋਇਆ ਤੇ ਪਾਕਿਸਤਾਨ 'ਮੁੰਡੇ ਵਾਲ਼ਾ' ਹੋਇਆ। ਹੋਰ ਡੂੰਘਾਈ ਨਾਲ਼ ਦੇਖਿਆ ਜਾਵੇ ਤਾਂ 'ਮੁੰਡੇ ਵਾਲ਼ੇ' ਮੁਲਕ ਦਾ ਵੀ ਉਹ ਟੌਹਰ ਨਾ ਰਿਹਾ, ਜਿਹੜਾ ਮੁੰਡੇ ਵਾਲ਼ਿਆਂ ਦਾ ਹੁੰਦਾ ਹੈ ਕਿਉਂ ਕਿ ਉਹ ਵੀ ਤਾਂ ਅਸਲ ਵਿਚ ਕੁੜੀ ਵਾਲ਼ੇ ਹੀ ਹਨ। ਦੋਹਾਂ ਮੁਲਕਾਂ ਵਿਚਾਲ਼ੇ ਇਹ ਕਿਸ ਕਿਸਮ ਦੀ 'ਕੁੜਮਾਚਾਰੀ' ਹੈ ਅਤੇ ਅਮਰੀਕਾ ਵੱਲੋਂ ਕੀਤੀ ਗਈ ਇਹ ਕਿਸ ਕਿਸਮ ਦੀ 'ਵਿਚੋਲਗਿਰੀ' ਹੈ?
ਇਸ ਵਿਆਹ ਵਿਚ ਸ਼ਾਮਲ ਦੋਵੇਂ ਵਿਆਂਧੜ ਕੁੜੀਆਂ ਭਾਰਤ ਅਤੇ ਪਾਕਿਸਤਾਨ ਦੇ ਕ੍ਰਮਵਾਰ ਇਸਾਈ ਅਤੇ ਮੁਸਲਮਾਨ ਪਰਿਵਾਰਾਂ ਨਾਲ਼ ਸਬੰਧਤ ਹਨ ਤਾਂ ਸ਼ਾਇਦ ਇਹ ਗੱਲ 'ਹੋਊ ਪਰ੍ਹਾਂ' ਹੋ ਜਾਵੇ। ਇਹ ਵਿਆਹ ਦੋ ਕੁੜੀਆਂ ਨੇ ਹੀ ਆਪਸ ਵਿਚ ਨਹੀਂ ਕਰਾਇਆ, ਸਗੋਂ ਇਹ ਤਾਂ ਦੋ ਅਸਲੋਂ ਹੀ ਵੱਖ-ਵੱਖ ਧਰਮਾਂ ਦੇ ਪੈਰੋਕਾਰਾਂ ਨੇ ਵੀ ਸ਼ਾਇਦ ਪਹਿਲੀ ਵਾਰੀ ਇਸ ਤਰ੍ਹਾਂ ਆਪਣੇ ਸਿਰ ਜੋੜੇ ਹੋਣਗੇ। ਓਦਾਂ, ਇਹ ਕੋਈ ਅਸਲੋਂ ਵੀ ਨਵੀਂ ਗੱਲ ਨਹੀਂ ਹੈ ਕਿਉਂ ਕਿ ਇਸ ਤੋਂ ਪਹਿਲਾਂ ਵੀ ਭਾਰਤ ਦੇ ਹਿੰਦੂ ਅਤੇ ਪਾਕਿਸਤਾਨ ਦੇ ਮੁਸਲਮਾਨ ਪਰਿਵਾਰਾਂ ਦੀਆਂ ਦੋ ਕੁੜੀਆਂ, ਆਪਸ ਵਿਚ ਵਿਆਹ ਕਰਾ ਕੇ, ਇਨ੍ਹਾਂ ਦੋਹਾਂ ਮੁਲਕਾਂ ਨੂੰ ਉਨ੍ਹਾਂ ਦੀ ਅਣਖ਼, ਆਣ, ਆਬਰੂ ਤੇ ਇੱਜ਼ਤ ਦੇ ਅਸਲੀ ਦਰਸ਼ਨ ਕਰਾ ਚੁੱਕੀਆਂ ਹਨ। ਇਨ੍ਹਾਂ ਦੋਹਾਂ ਮੁਲਕਾਂ ਦੇ ਲੋਕ, ਉਨ੍ਹਾਂ ਦੋਹਾਂ ਕੁੜੀਆਂ ਦੇ ਵਿਆਹ ਦੇ ਜਸ਼ਨਾਂ ਵੇਲ਼ੇ ਦੀਆਂ ਮੂਰਤਾਂ ਦੇਖ ਕੇ 'ਚੋਰ ਦੀ ਮਾਂ ਕੋਠੀ ਮੂੰਹ' ਦੇ ਚੁੱਕੇ ਹਨ।
ਕੈਲਿਫੋਰਨੀਆ ਤੋਂ 'ਸੇਰੇਨਾ ਸੋਨੋਮਾ' ਦੀ ਰਿਪੋਰਟ ਅਨੁਸਾਰ, ਸਮਲਿੰਗੀ ਜਿਨਸੀ ਰੁਝਾਨਾਂ ਦੇ ਰਾਹ ਪਈਆਂ ਹੋਈਆਂ ਬਿਅੰਕਾ ਮਾਇਲੀ (ਭਾਰਤਣ) ਅਤੇ ਸਾਈਮਾ ਅਹਿਮਦ (ਪਾਕਿਸਤਾਨਣ), 2014 ਵਿਚ ਹੋਏ 'ਕਮਿੰਗ ਆਊਟ ਮੁਸਲਿਮ' ਯਾਨੀ 'ਮੁਸਲਮ ਬਾਹਰ ਆਉਣ ਲੱਗੇ' ਸਦਾਉਂਦੇ ਇਕ ਸਮਾਰੋਹ ਦੌਰਾਨ ਮਿਲੀਆਂ ਸਨ। ਪਾਕਿਸਤਾਨ ਵਿਚ ਸਮਲਿੰਗੀ ਵਿਆਹ ਕਰਾਉਣ ਦੀ ਇਜਾਜ਼ਤ ਨਹੀਂ ਹੈ ਤੇ ਉੱਥੇ ਸਮਲਿੰਗੀ ਜਿਨਸੀ ਕਾਰਵਾਈਆਂ ਕਰਨ ਵਾਲ਼ੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਓਦਾਂ, ਇਹ ਸਜ਼ਾ ਹਾਲੇ ਤਕ ਕਿਸੇ ਨੂੰ ਦਿੱਤੀ ਜਾਣ ਦਾ ਕੋਈ ਰਿਕਾਰਡ ਵੀ ਨਹੀਂ ਹੈ। ਇਸ ਮੁਲਕ ਵਿਚ ਹਾਲੇ ਪਿੱਛੇ ਜਿਹੇ ਹੀ ਇਕ ਤੀਜੀ ਜਿਨਸ, ਜਿਸ ਨੂੰ 'ਹਿਜੜੇ' ਕਿਹਾ ਜਾਂਦਾ ਹੈ, ਨੂੰ ਮਾਨਤਾ ਦੇ ਕੇ ਉਸ ਦਾ ਬਚਾਅ ਕੀਤਾ ਗਿਆ ਹੈ। ਭਾਰਤ ਵਿਚ ਰਿਸ਼ਤੇ ਕਰਾਉਣ ਵਾਲ਼ੀ ਇਕ ਉੱਘੀ ਕੰਪਨੀ 'ਵੈੱਡਿੰਗ ਸੂਤਰਾ' ਨਾਲ਼ ਗੱਲਾਂ ਕਰਦਿਆਂ ਬਿਅੰਕਾ ਨੇ ਕਿਹਾ, "ਅਸੀਂ ਇਕ-ਦੂਜੀ ਨਾਲ਼ ਡਟ ਕੇ ਖੜ੍ਹੀਆਂ ਹੋਈਆਂ ਹੋਣ ਦੀ ਵਜ੍ਹਾ ਨਾਲ਼, ਸਾਨੂੰ ਇਹ ਚੁਨੌਤੀਆਂ ਇੰਨੀਆਂ ਵੱਡੀਆਂ ਨਹੀਂ ਲੱਗਦੀਆਂ ਸੀ।"
ਇਨ੍ਹਾਂ ਦੋਹਾਂ ਕੁੜੀਆਂ ਦਾ ਵਿਆਹ, ਕੈਲਿਫੋਰਨੀਆ ਵਿਚ ਬਿਅੰਕਾ ਮਾਇਲੀ ਦੇ ਬਾਪ ਦੇ ਬਾਗ਼ ਵਿਚ ਤਕਰੀਬਨ 200 ਮਿੱਤਰਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਹੋਇਆ ਸੀ। ਇਸ ਮੌਕੇ ਉੱਤੇ ਦੋਹਾਂ ਧਿਰਾਂ ਨੇ ਬਾਹਾਂ ਖੋਲ੍ਹ ਕੇ ਦੋਹਾਂ ਵਿਆਂਧੜਾਂ (ਕੁੜੀਆਂ) ਨੂੰ ਪਿਆਰ ਦਿੱਤਾ। ਇਸ ਵਿਆਹ ਦੀ ਹਰ ਰਸਮ ਦਾ ਇਕ ਵੱਖਰਾ ਹੀ ਰੰਗ ਸੀ। ਇਕ ਪਲ ਲਈ ਵੀ ਕਿਸੇ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਇਸ ਵਿਆਹ ਵਿਚ 'ਲਾੜਾ' ਕੋਈ ਨਹੀਂ ਹੈ। 'ਧੋਕੀ' ਦੀ ਰਸਮ ਵਿਚ ਨੀਲਾ ਰੰਗ ਪ੍ਰਧਾਨ ਸੀ। 'ਵਟਣੇ' ਦੀ ਰਸਮ ਵਿਚ ਪੀਲਾ ਰੰਗ ਮੁੱਖ ਤੌਰ 'ਤੇ ਉਘਾੜਿਆ ਹੋਇਆ ਸੀ। 'ਮਹਿੰਦੀ' ਦੀਆਂ ਰਸਮਾਂ ਗੁਲਾਬੀ ਰੰਗ ਦੇ ਪੰਡਾਲ ਵਿਚ ਕੀਤੀਆਂ ਗਈਆਂ। 'ਮੰਗਣੀ' ਦੀ ਰਸਮ ਲਈ ਕਾਲ਼ਾ ਅਤੇ ਸੁਨਹਿਰੀ ਪੰਡਾਲ ਬਣਾਇਆ ਗਿਆ ਸੀ।
ਇਸ ਵਿਆਹ ਦੇ ਸਬੰਧ ਵਿਚ ਸਭ ਕੁੱਝ 'ਚੰਗਾ-ਚੰਗਾ' ਹੀ ਆਇਆ ਹੋਵੇ, ਇਹੋ ਜਿਹੀ ਵੀ ਗੱਲ ਨਹੀਂ ਹੈ। ਮਾਇਲੀ ਨੇ 'ਦ ਸੱਨ' ਦੇ ਨੁਮਾਇੰਦੇ ਨੂੰ ਦੱਸਿਆ ਕਿ 'ਇੰਸਟਾਗ੍ਰਾਮ' ਉੱਤੇ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਦੇਖ ਕੇ ਕੁੱਝ ਲੋਕਾਂ ਨੇ "ਸਾਡੇ ਵਿਆਹ 'ਤੇ ਲਾਹਨਤਾਂ ਪਾਉਣ ਵਿਚ ਵੀ ਕੋਈ ਕਸਰ ਨਹੀਂ ਛੱਡੀ ਸੀ।" ਉਹ ਲਾਹਨਤਾਂ ਦੇਖ ਕੇ ਉਨ੍ਹਾਂ ਨੇ ਕਈ ਤਸਵੀਰਾਂ ਸੋਸ਼ਲ ਮੀਡੀਆ ਤੋਂ ਹਟਾਈਆਂ ਵੀ ਸਨ।
ਆਧੁਨਿਕ ਸੁਧਾਰਾਂ ਜਾਂ ਸਫ਼ਾਈ ਦੇ ਅਸੂਲਾਂ ਦੀ ਚੀਰ-ਫਾੜ ਕੀਤੀ ਜਾਵੇ ਤਾਂ ਪਤਾ ਲਗਾਉਣਾ ਔਖਾ ਨਹੀਂ ਹੋਏਗਾ ਕਿ ਜਦੋਂ ਕਿਸੇ ਇਕ ਥਾਂ ਦੀ ਸਫਾਈ ਕੀਤੀ ਜਾਂਦੀ ਹੈ ਤਾਂ ਉਸ ਥਾਂ ਦਾ ਗੰੰਦ ਜਾਂ ਕੂੜਾ ਖ਼ਤਮ ਨਹੀਂ ਹੁੰਦਾ, ਸਗੋਂ ਉਸ ਨੂੰ ਹੂੰਝ ਕੇ ਕਿਸੇ ਹੋਰ ਥਾਂ ਟਿਕਾਅ ਦਿੱਤਾ ਜਾਂਦਾ ਹੈ ਜਾਂ ਉਸ ਕੂੜੇ ਉੱਪਰ ਮਿੱਟੀ ਜਾਂ ਰੇਤਾ ਪਾ ਕੇ, ਉਸ ਨੂੰ ਢਕ ਦਿੱਤਾ ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਕੂੜਾ ਜਾਂ ਗੰਦ ਕਿਸੇ ਇਕ ਥਾਂ ਤੋਂ ਹੂੰਝ ਕੇ, ਉਸ ਨੂੰ ਖ਼ਤਮ ਕਰਨ ਦੀ ਥਾਂ, ਕਿਸੇ ਹੋਰ ਥਾਂ ਲਿਜਾ ਕੇ ਛੁਪਾਇਆ ਹੀ ਜਾਂਦਾ ਹੈ। ਇਸ ਲਈ ਜਦੋਂ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਕਾਨੂੰਨ ਕਿਸੇ ਹਾਲਤ ਨੂੰ ਬਦਲ ਕੇ ਉਸ ਵਿਚ ਸੁਧਾਰ ਕਰਦਾ ਹੈ ਤਾਂ ਅਸਲ ਵਿਚ ਹੁੰਦਾ ਇਹ ਹੈ ਕਿ ਜਿਹੜੀ ਹਾਲਤ ਬਦਲੀ ਹੋਈ ਦਿਸਦੀ ਹੈ, ਉਹ ਬਦਲਦੀ ਨਹੀਂ, ਸਗੋਂ ਰੂਪੋਸ਼ ਹੋ ਜਾਂਦੀ ਹੈ ਤੇ ਧੜੱਲੇ ਨਾਲ਼ ਬਰਕਰਾਰ ਰਹਿੰਦੀ ਹੈ।
ਸੋ, ਅਸੀਂ ਜਿਸ ਅਣਖ਼, ਆਣ, ਆਬਰੂ ਤੇ ਇੱਜ਼ਤ ਨੂੰ ਬਚ-ਬਚਾ ਲਈ ਗਈ ਸਮਝਦੇ ਹਾਂ, ਉਸੇ ਦੀਆਂ ਧੱਜੀਆਂ, ਪਰਾਏ ਮੁਲਕਾਂ ਵਿਚ ਵਿਚ ਆਮ ਉੱਡਦੀਆਂ ਹਨ ਕਿਉਂ ਕਿ ਰਸਮਾਂ ਦਾ ਕੂੜਾ ਹੂੰਝਿਆ ਹੀ ਜਾਂਦਾ ਹੈ, ਖ਼ਤਮ ਨਹੀਂ ਕੀਤਾ ਜਾਂਦਾ।#
