ਸ਼ਬਦੰਗਲ-135



'ਘੜੀ-ਮੁੜੀ ਘੜੀਆਂ ਅੱਗੇ-ਪਿੱਛੇ ਕਰਨ' ਦਾ ਰਿਵਾਜ ਬਦਲਣ ਲੱਗਿਆ
<><><><><><><><><><><><><><><><><>
   ਅੱਜ-ਕੱਲ੍ਹ ਕਿਹੜਾ ਮੁਲਕ ਨਹੀਂ ਚਾਹੁੰਦਾ ਕਿ ਉਸ ਦਾ 'ਟੈਮ ਬਦਲੇ'? 'ਟੈਮ ਬਦਲਣ' ਦੇ ਅਰਥ ਵੀ 'ਟੈਮ-ਟੈਮ' ਨਾਲ਼ ਬਦਲਦੇ ਰਹਿੰਦੇ ਹਨ। ਕੈਨੇਡਾ ਵਿਚ ਹਰ ਸਾਲ ਦੋ ਵਾਰ 'ਟੈਮ ਬਦਲਦਾ' ਹੈ ਤੇ ਹੁਣ ਸਾਲ ਦੋ ਵਾਰ ਕੀਤੀ ਜਾਂਦੀ ਇਹ ਅਦਲਾ-ਬਦਲੀ ਖ਼ਤਮ ਕਰਨ ਦੀਆਂ ਵਿਉਂਤਾਂ ਬਣ ਰਹੀਆਂ ਹਨ। ਬਹੁਤੇ ਲੋਕਾਂ ਨੂੰ ਸ਼ਾਇਦ ਹਾਲੇ ਵੀ ਪਤਾ ਨਾ ਹੋਵੇ ਕਿ ਕੈਨੇਡਾ ਵਿਚ ਸਾਲ ਵਿਚ ਦੋ ਵਾਰ 'ਟੈਮ ਬਦਲਣ' ਨੂੰ ਤਕਨੀਕੀ ਤੌਰ ਉੱਤੇ 'ਡੇਅਲਾਈਟ ਸੇਵਿੰਗ ਟਾਈਮ' ਯਾਨੀ 'ਡੀ. ਐੱਸ. ਟੀ.' ਕਿਹਾ ਜਾਂਦਾ ਹੈ। ਇਸ ਨੂੰ ਦਿਨ ਦੀ ਲੋਅ ਬਚਾਉਣਾ' ਵੀ ਕਿਹਾ ਜਾ ਸਕਦਾ ਹੈ।
ਹਰ ਸਾਲ ਮਾਰਚ ਦੇ ਦੂਜੇ ਐਤਵਾਰ, ਰਾਤੀਂ ਕੈਨੇਡਾ ਵਿਚ ਸਾਰੀਆਂ ਘੜੀਆਂ ਇਕ ਘੰਟਾ ਅੱਗੇ ਕਰ ਦਿੱਤੀਆਂ ਜਾਂਦੀਆਂ ਹਨ। ਜਦੋਂ ਰਾਤੀਂ 2 ਵੱਜਣੇ ਹੁੰਦੇ ਹਨ ਤਾਂ ਘੜੀਆਂ 3 ਵੱਜੇ ਦਿਖਾਉਣ ਲੱਗ ਪੈਂਦੀਆਂ ਹਨ। ਇਸ ਤਰ੍ਹਾਂ ਸੂਰਜ ਚੜ੍ਹਨ ਤੋਂ ਲੈ ਕੇ ਸਾਰਾ ਦਿਨ ਇਕ ਘੰਟਾ ਅਗੇਤਾ ਹੋ ਜਾਂਦਾ ਹੈ ਤੇ ਦਿਨ ਦੀ ਲੋਅ ਇਕ ਘੰਟਾ ਵਧ ਜਾਂਦੀ ਹੈ। ਪਹਿਲੇ ਦਿਨ ਦੇ ਮੁਕਾਬਲੇ ਸੂਰਜ ਇਕ ਘੰਟਾ ਚਿਰਾਕਾ ਚੜ੍ਹ ਕੇ ਚਿਰਾਕਾ ਹੀ ਡੁੱਬਦਾ ਹੈ। ਇਸ ਤਰ੍ਹਾਂ ਸ਼ਾਮ ਨੂੰ ਲੋਅ ਦੇਰ ਤਕ ਰਹਿੰਦੀ ਹੈ। ਇਸ ਤਰ੍ਹਾਂ ਕਰਨ ਦੇ ਕਈ ਨਾਂ ਹਨ, ਜਿੱਦਾਂ 'ਸਪਰਿੰਗ ਫਾਰਵਰਡ', 'ਸਮਰ ਟਾਈਮ', 'ਡੇਅਲਾਈਟ ਸੇਵਿੰਗਜ਼ ਟਾਈਮ'।
   ਇਹ ਸਮਾਂ, ਮਾਰਚ ਦੇ ਦੂਜੇ ਐਤਵਾਰ ਸ਼ੁਰੂ ਹੋ ਕੇ, ਨਵੰਬਰ ਦੇ ਪਹਿਲੇ ਐਤਵਾਰ ਖ਼ਤਮ ਹੋ ਜਾਂਦਾ ਹੈ ਤੇ ਉਸ ਦਿਨ, ਅੱਧੀ ਰਾਤ ਤੋਂ ਘੜੀਆਂ ਇਕ ਘੰਟਾ ਪਿੱਛੇ ਕਰ ਦਿੱਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਇਸ ਮਹੀਨੇ ਦੀ 3 ਤਾਰੀਖ਼ ਨੂੰ 'ਡੇਅਲਾਈਟ ਸੇਵਿੰਗ ਟਾਈਮ' ਯਾਨੀ 'ਡੀ. ਐੱਸ. ਟੀ.' ਫਿਰ ਬਦਲ ਜਾਂਦਾ ਹੈ। ਉਸ ਰਾਤ ਜਦੋਂ 2.00 ਵੱਜੇ ਸਨ ਤਾਂ ਘੜੀਆਂ ਇਕ ਘੰਟਾ ਪਿੱਛੇ ਹੋ ਜਾਣ ਨਾਲ਼ ਕੈਨੇਡਾ ਦਾ ਸਥਾਨਕ ਸਮਾਂ 1.00 ਵਜੇ ਹੋ ਗਿਆ ਸੀ। ਇਸ ਤਰ੍ਹਾਂ 3 ਨਵੰਬਰ ਤੋਂ ਸੂਰਜ ਇਕ ਘੰਟਾ ਅਗੇਤਾ ਚੜ੍ਹਨ ਲੱਗ ਪਿਆ, ਜਿਸ ਕਰ ਕੇ, ਸਵੇਰੇ ਲੋਅ ਵਧੇਰੇ ਹੋਣ ਲੱਗ ਪਈ। ਇਸ ਕਾਰਵਾਈ ਨੂੰ 'ਫਾਲ ਬੈਕ' ਅਤੇ 'ਵਿੰਟਰ ਟਾਈਮ' ਵੀ ਕਿਹਾ ਜਾਂਦਾ ਹੈ।
   ਕੈਨੇਡਾ ਵਿਚ 'ਡੇਅਲਾਈਟ ਸੇਵਿੰਗ ਟਾਈਮ' ਯਾਨੀ 'ਡੀ. ਐੱਸ. ਟੀ.' ਯਾਨੀ ਦਿਨ ਦੀ ਲੋਅ ਬਚਾਉਣ ਦਾ ਇਹ ਹੀਲਾ ਨਾ ਕਰਨ ਵਾਲ਼ਿਆਂ ਵਿਚ ਬਹੁਤ ਸਾਰਾ ਸਸਕੈਚਵਨ, ਕਿਊਬੈੱਕ ਦੀਆਂ ਕੁੱਝ ਥਾਵਾਂ ਜਿੱਦਾਂ, ਬਲੈਂਕ-ਸੈਬਲਨ, ਸਾਊਥੈਂਪਟਨ ਆਈਲੈਂਡ ਦੇ ਨਾਲ਼-ਨਾਲ਼ ਬ੍ਰਿਟਿਸ਼ ਕੋਲੰਬੀਆ ਦੇ ਕੁੱਝ ਇਲਾਕੇ ਸ਼ਾਮਲ ਹਨ। ਇਨ੍ਹੀਂ ਥਾਈਂ ਸਾਲ ਦਾ ਸਾਰਾ ਸਮਾਂ 'ਸਟੈਂਡਰਡ ਟਾਈਮ' ਹੀ ਵਰਤਿਆ ਜਾਂਦਾ ਹੈ।
   ਸਿਆਲਾਂ ਅਤੇ ਗਰਮੀਆਂ ਨੂੰ ਘੜੀਆਂ, ਇਕ ਘੰਟਾ ਪਿੱਛੇ ਕਰਨ ਦਾ ਰਿਵਾਜ ਕਿੰਨਾ ਕੁ ਪੁਰਾਣਾ ਹੈ, ਇਹ ਜਾਨਣ ਦੀ ਵੀ ਲੋੜ ਹੈ। ਕੈਨੇਡਾ ਵਿਚ ਪਹਿਲੀ ਵਾਰੀ 'ਦਿਨ ਦੀ ਲੋਅ ਬਚਾਊ ਹੀਲਾ' 1908 ਵਿਚ ਕੀਤਾ ਗਿਆ ਸੀ। ਕੈਨੇਡਾ ਵਾਲ਼ਿਆਂ ਨੂੰ ਉਦੋਂ ਤੋਂ ਇਸ ਸਾਲ ਤਕ 107 ਸਾਲ ਹੋ ਗਏ ਹਨ, ਇਸ ਤਰ੍ਹਾਂ ਕਰਦਿਆਂ ਨੂੰ। ਇਕ ਵਾਰ 1913 ਨੂੰ ਸਮਾਂ ਨਹੀਂ ਬਦਲਿਆ ਗਿਆ ਸੀ। ਪਹਿਲੀ ਜੁਲਾਈ, 1908 ਨੂੰ ਅਨਟੌਰੀਓ ਵਿਚ 'ਪੋਰਟ ਅਰਥਰ', ਜਿਸ ਨੂੰ ਹੁਣ 'ਥੰਡਰ ਬੇਅ' ਕਿਹਾ ਜਾਂਦਾ ਹੈ, ਦੇ ਵਾਸੀਆਂ ਨੇ ਆਪਣੀਆਂ ਘੜੀਆਂ ਇਕ ਘੰਟਾ ਅੱਗੇ ਕਰ ਕੇ ਦੁਨੀਆ ਵਿਚ ਪਹਿਲੀ ਵਾਰੀ 'ਦਿਨ ਦੀ ਲੋਅ ਬਚਾਊ ਸਮਾਂ' ਸ਼ੁਰੂ ਕੀਤਾ ਸੀ। ਫਿਰ ਕੈਨੇਡਾ ਦੇ ਹੋਰ ਇਲਾਕਿਆਂ ਵਿਚ ਵੀ ਇਸ ਦੀ ਰੀਸ ਕੀਤੀ ਗਈ। 23 ਅਪ੍ਰੈਲ, 1914 ਨੂੰ ਸਸਕੈਚਵਨ ਵਿਚ ਰੇਜੀਨਾ ਵਿਖੇ ਇਹ ਅਦਲਾ-ਬਦਲੀ ਕੀਤੀ ਗਈ। ਮੈਨੀਟੋਬਾ ਦੇ ਸ਼ਹਿਰਾਂ ਵਿਨੀਪੈੱਗ ਅਤੇ ਬ੍ਰੈਂਡਨ ਵਿਚ ਇਹ ਅਦਲਾ-ਬਦਲੀ 24 ਅਪ੍ਰੈਲ, 1916 ਨੂੰ ਕੀਤੀ ਗਈ।
   ਇਸ ਵੇਲ਼ੇ ਸਮੁੱਚੇ ਕੈਨੇਡਾ ਵਿਚ ਹਰ ਮਿਊਂਸੀਪਲਿਟੀ ਨੂੰ ਇਹ ਹੱਕ ਦਿੱਤਾ ਹੋਇਆ ਹੈ ਕਿ ਉਹ ਇਸ ਸਬੰਧ ਵਿਚ ਆਪਣੀ ਮਰਜ਼ੀ ਨਾਲ਼ ਫੈਸਲਾ ਕਰੇ ਤੇ ਲਾਗੂ ਕਰੇ।ਇਹੋ ਵਜ੍ਹਾ ਹੈ ਕਿ ਕੁੱਝ ਸ਼ਹਿਰ ਇਹ ਅਦਲਾ-ਬਦਲੀ ਕਰਦੇ ਹਨ ਤੇ ਕੁੱਝ ਨਹੀਂ ਕਰਦੇ। ਮਿਸਾਲ ਦੇ ਤੌਰ 'ਤੇ ਬ੍ਰਿਟਿਸ਼ ਕੋਲੰਬੀਆ ਵਿਚ ਇਹ ਅਦਲਾ-ਬਦਲੀ ਲਾਗੂ ਹੈ, ਪਰ ਕੁੱਝ ਥਾਈਂ ਸਮਾਂ ਨਹੀਂ ਬਦਲਿਆ ਜਾਂਦਾ। ਇਹ ਅਦਲਾ-ਬਦਲੀ ਨਾ ਕਰਨ ਵਾਲ਼ੇ ਸ਼ਹਿਰਾਂ ਵਿਚ ਚੇਟਵਾਇੰਡ, ਕ੍ਰੇਸਟਨ, ਡਾਅਸਨ ਕ੍ਰੀਕ, ਫੋਰਟ ਨੈਲਸਨ ਅਤੇ ਫੋਰਟ ਸੇਂਟ ਜੌਹਨ ਸ਼ਾਮਲ ਹਨ। ਸਸਕੈਚਵਨ ਵਿਚ ਕ੍ਰੀਗਟਨ ਅਤੇ ਡੇਨਾਰੇ ਬੀਚ ਨੂੰ ਛੱਡ ਕੇ, ਬਾਕੀ ਸਾਰੇ ਸੂਬੇ ਵਿਚ ਇਹ ਅਦਲਾ-ਬਦਲੀ ਨਹੀਂ ਕੀਤੀ ਜਾਂਦੀ। 2007 ਤੋਂ ਕੈਨੇਡਾ ਦੇ ਜਿਹੜੇ ਸੂਬੇ ਇਹ ਅਦਲਾ-ਬਦਲੀ ਕਰਦੇ ਹਨ, ਉਨ੍ਹਾਂ ਦਾ ਇਹ ਅਦਲਾ-ਬਦਲੀ ਕਰਨ ਦਾ ਸਮਾਂ ਤੇ ਤਾਰੀਖ਼ਾਂ, ਅਮਰੀਕਾ ਵਾਲ਼ੇ ਹੀ ਹਨ।
   ਇੱਥੋਂ ਤਕ ਇਹ ਲੇਖ ਪੜ੍ਹ ਕੇ ਤਾਂ ਪਾਠਕ ਜੀ ਮਹਾਰਾਜ ਕਹਿਣਗੇ, "ਇਨ੍ਹਾਂ ਸਾਢੇ ਛੇ ਸੌ ਸ਼ਬਦਾਂ ਰਾਹੀਂ ਤਾਂ ਇਤਿਹਾਸ ਹੀ ਦੱਸਿਆ, ਇਸ ਵਿਚ ਨਵੀਂ ਗੱਲ ਕਿਹੜੀ ਹੋਈ?" ਨਵੀਂ ਗੱਲ ਹੁਣ ਦੱਸਦੇ ਹਾਂ ਮੇਰੀ ਪਾਠਕਾਂ ਵਾਲ਼ੀ ਸਾਰਕਾਰ! ਇਨ੍ਹੀਂ ਦਿਨੀਂ ਕੈਨੇਡਾ ਦੇ 'ਪੁਰੇ' ਵੱਲੋਂ ਖ਼ਬਰਾਂ ਆਈਆਂ ਹਨ ਕਿ ਟੋਰਾਂਟੋ ਵਿਚ ਵਸਦੇ ਖੋਜੀਆਂ ਦਾ ਚਿੱਤ ਇਸ ਗੱਲ ਨੂੰ ਨਹੀਂ ਮੰਨਦਾ ਕਿ ਵਿਗਿਆਨ ਦੇ ਯੁੱਗ ਵਿਚ ਹਰ ਸਾਲ ਘੜੀਆਂ ਅੱਗੇ-ਪਿੱਛੇ ਕਰਨ ਦਾ ਚੇਤਾ ਰੱਖਿਆ ਜਾਵੇ ਤੇ ਅੱਧੀ-ਅੱਧੀ ਰਾਤ ਤਕ ਇਸ ਕੰਮ ਲਈ ਹੀ ਜਾਗ ਕੇ ਬੇਅਰਾਮ ਰਿਹਾ ਜਾਵੇ। 'ਯਾਰਕ ਯੂਨੀਵਰਸਿਟੀ' ਵਿਚ ਬਾਇਓਲੋਜੀ ਦੀ ਪ੍ਰੋਫੈਸਰ ਪੈਟਰੀਸ਼ੀਆ ਲਾਕਿਨ-ਥਾਮਸ ਇਹ ਮਹਿਸੂਸ ਕਰਦੀ ਹੈ ਕਿ ਸਾਲ਼ ਵਿਚ ਦੋ ਵਾਰ ਘੜੀਆਂ ਅੱਗੇ-ਪਿੱਛੇ ਕਰਨ ਦਾ ਯੱਭ ਖ਼ਤਮ ਕਰਨ ਦਾ ਕਾਨੂੰਨ ਬਣਾ ਕੇ ਬ੍ਰਿਟਿਸ਼ ਕੋਲੰਬੀਆ ਨੇ ਸਹੀ ਰਾਹ ਅਪਣਾਇਆ ਹੈ। ਉਹ ਇਹ ਵੀ ਮਹਿਸੂਸ ਕਰਦੀ ਹੈ ਕਿ ਇਹ ਸੂਬਾ ਘੜੀਆਂ ਅੱਗੇ-ਪਿੱਛੇ ਕਰਨ ਦੇ ਯੱਭ ਤੋਂ ਪੂਰੀ ਤਰ੍ਹਾਂ ਆਪਣਾ ਖਹਿੜਾ ਨਹੀਂ ਛੁਡਾ ਸਕਿਆ।
    ਇਸ ਵਿਦਵਾਨ ਬੀਬੀ ਵੱਲੋਂ 'ਯਾਰਕ ਯੂਨੀਵਰਸਿਟੀ' ਦੀ 'ਕਲਾਕਲੈਬ' ਯਾਨੀ ਘੜੀਆਂ ਸਬੰਧੀ ਪ੍ਰਯੋਗਸ਼ਾਲਾ, ਜਿਸ ਵਿਚ ਜਾਨਵਰਾਂ ਦੇ 'ਬਾਇਓਲੋਜੀਕਲ ਕਲੌਕਸ' ਦਾ ਅਧਿਐਨ ਕੀਤਾ ਜਾਂਦਾ ਹੈ, ਵਿਚ ਕੀਤੀ ਗਈ ਉਸ ਦੀ ਖੋਜ ਇਹ ਨਿਸ਼ਾਨਦੇਹੀ ਕਰਦੀ ਹੈ ਕਿ ਨਵੰਬਰ ਤੋਂ ਮਾਰਚ ਤਕ 'ਸਟੈਂਡਰਡ ਟਾਈਮ' ਇਕ ਘੰਟਾ ਪਿੱਛੇ ਕਰਨਾ ਮਨੁੱਖੀ ਸਿਹਤ ਲਈ ਚੰਗਾ ਹੈ। ਉਸ ਦਾ ਕਹਿਣ ਹੈ, "ਸੁਆਲ ਤਾਂ ਇਹ ਹੈ ਕਿ ਕੀ ਸਾਨੂੰ ਸਦਾ ਹੀ ਲੌਢੇ ਵੇਲ਼ੇ ਲੋਅ ਦੀ ਲੋੜ ਹੈ ਜਾਂ ਸਾਨੂੰ 'ਸਟੈਂਡਰਡ ਟਾਈਮ' ਦੇ ਹਿਸਾਬ ਨਾਲ਼ ਹੋਣ ਵਾਲ਼ੀ ਸਵੇਰ ਚਾਹੀਦੀ ਹੈ।
   ਇਸ ਵਿਗਿਆਨਣ ਦਾ ਕਹਿਣ ਹੈ, "ਸੁਆਲ ਤਾਂ ਇਹ ਹੈ ਕਿ ਕੀ ਸਾਨੂੰ ਸਦਾ ਹੀ ਲੌਢੇ ਵੇਲ਼ੇ ਦਿਨ ਦੀ ਲੋਅ ਦਾ ਬਚਾਅ ਚਾਹੀਦੈ ਜਾਂ ਸਾਨੂੰ ਇਸ ਦੀ ਲੋੜ, ਸਵੇਰ ਨੂੰ 'ਸਟੈਂਡਰਡ ਟਾਈਮ' ਨਾਲ਼ ਹੈ? ਸਰਦੀਆਂ ਵਿਚ ਅਸੀਂ ਤਕਰੀਬਨ ਸਾਰਾ ਹੀ ਸਾਲ, ਦਿਨ ਦੀ ਲੋਅ ਬਚਾ ਕੇ ਸਾਰ ਲੈਂਦੇ ਹਾਂ ਕਿਉਂ ਕਿ ਸਰਦੀਆਂ ਵਿਚ ਅਸੀਂ ਵੱਡੇ ਤੜਕੇ ਜਾਗ ਪੈਂਦੇ ਹਾਂ ਤੇ ਅਸੀਂ ਆਪਣਾ ਦਿਨ ਕਈ ਘੰਟੇ ਵਧਾ ਲੈਂਦੇ ਹਾਂ। ਇਹ ਸਮਾਂ ਉਹ ਹੁੰਦਾ ਹੈ, ਜਦੋਂ ਸੂਰਜ ਚੜ੍ਹਨ ਵਿਚ ਕਈ ਘੰਟਿਆਂ ਦਾ ਸਮਾਂ ਹੁੰਦਾ ਹੈ।" ਉਸ ਨੇ ਇਹ ਵੀ ਕਿਹਾ ਹੈ ਕਿ 'ਸਾਡੇ ਸਰੀਰਾਂ ਦੀਆਂ ਘੜੀਆਂ' ਨੂੰ ਸਵੇਰ ਦੀ ਲੋਅ ਦੀ ਲੋੜ ਹੈ।
   ਪ੍ਰੋਫੈਸਰ ਡਾ. ਪੈਟਰੀਸ਼ੀਆ ਲਾਕਿਨ-ਥਾਮਸ ਨੇ ਇਹ ਵੀ ਕਿਹਾ ਹੋਇਆ ਹੈ, "ਸਾਨੂੰ ਇਹ, ਸਵੇਰ ਦੀ ਲੋਅ ਨਾਲ਼ ਦੁਬਾਰਾ 'ਸੈੱਟ' ਕਰਨੀ ਪਊ ਕਿਉਂ ਕਿ ਸਾਡੇ 'ਪਿੰਡਿਆਂ ਦੀਆਂ ਘੜੀਆਂ' ਰਤਾ ਕੁ ਮੱਠੀਆਂ ਚੱਲਦੀਆਂ ਹਨ ਤੇ ਸਾਨੂੰ ਸਵੇਰ ਦੀ ਲੋਅ ਦੀ ਮਦਦ ਨਾਲ਼ ਉਨ੍ਹਾਂ ਨੂੰ ਤੇਜ਼ ਕਰਨਾ ਪੈਣਾ ਹੈ। ਲੌਢੇ ਵੇਲ਼ੇ ਦੀ ਲੋਅ, ਸੱਚੀਂ ਹੀ ਸਾਡੇ ਲਈ ਚੰਗੀ ਨਹੀਂ ਹੈ ਕਿਉਂ ਕਿ ਉਹ ਸਾਡੀਆਂ (ਜਿਸਮਾਨੀ) ਘੜੀਆਂ ਨੂੰ ਰਤਾ ਕੁ ਮੱਠੀਆਂ ਹੀ ਕਰਦੀ ਹੈ ਅਤੇ ਅਸੀਂ ਉੱਠਣ ਵਿਚ ਸੁਸਤ ਹੋ ਕੇ ਪਏ ਰਹਿੰਦੇ ਹਾਂ। ਇਸ ਤਰ੍ਹਾਂ ਅਸੀਂ ਚੌਗਿਰਦੇ ਨਾਲ਼ੋਂ ਪੱਛੜ ਜਾਂਦੇ ਹਾਂ।"
   ਡਾ. ਪੈਟਰੀਸ਼ੀਆ ਲਾਕਿਨ-ਥਾਮਸ ਦਾ ਇਹ ਵੀ ਕਹਿਣ ਹੈ ਕਿ ਦਿਨ ਦੀ ਲੋਅ ਦੇ ਆਧਾਰ 'ਤੇ ਪੂਰਬੀ ਕੈਨੇਡਾ ਅਤੇ ਪੱਛਮੀ ਕੈਨੇਡਾ ਦੇ ਲੋਕਾਂ ਦੀ ਸਿਹਤ ਦੇ ਕੁੱਝ ਤੁਲਨਾਤਮਕ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਪੱਛਮੀ ਪਾਸੇ ਰਹਿੰਦੇ ਕੈਨੇਡੀਅਨਾਂ ਨੂੰ ਐਟਲਾਂਟਿਕ ਕੈਨੇਡਾ ਦੇ ਲੋਕਾਂ ਦੇ ਮੁਕਾਬਲੇ, ਸੂਰਜ ਦੀ ਲੋਅ, ਸਵੇਰੇ ਚਿਰਾਕੀ ਮਿਲਦੀ ਹੈ। ਇਹ ਵਿਗਿਆਨਣ ਇਹ ਵੀ ਕਹਿੰਦੀ ਹੈ, "ਖੋਜੀਆਂ ਨੇ ਦੇਖਿਆ ਹੈ ਕਿ 'ਟਾਈਮ ਜ਼ੋਨਜ਼' ਦੇ ਪੱਛਮੀ ਪਾਸੇ ਰਹਿੰਦੇ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਜ਼ਿਆਦਾ ਹੁੰਦੀ ਹੈ, ਉਨ੍ਹਾਂ ਦੇ ਜਿਸਮ ਦਾ ਭਾਰ ਵੀ ਜ਼ਿਆਦਾ ਹੁੰਦਾ ਅਤੇ ਉਨ੍ਹਾਂ ਨੂੰ ਦਿਲ ਦੀ ਬਿਮਾਰੀ ਅਤੇ ਕੈਂਸਰ ਹੋਣ ਦੀ ਗੁੰਜਾਇਸ਼ ਵੀ ਕਾਫੀ ਜ਼ਿਆਦਾ ਹੁੰਦੀ ਹੈ।"
   ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਜੌਹਨ ਹੌਰਗਨ ਨੇ ਹਾਲ ਹੀ ਵਿਚ, ਦਿਨ ਦੀ ਲੋਅ ਬਚਾਉਣ ਦਾ ਪੱਕਾ ਪ੍ਰਬੰਧ ਕਰਨ ਖ਼ਾਤਰ ਇਕ ਬਿੱਲ ਪੇਸ਼ ਕੀਤਾ ਹੈ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਸਰਵੇਖਣ ਵੀ ਕਰਾਇਆ ਹੈ, ਜਿਸ ਵਿਚ ਹਿੱਸਾ ਲੈਣ ਵਾਲ਼ੇ ਬ੍ਰਿਟਿਸ਼ ਕੋਲੰਬੀਅਨਾਂ ਵਿਚੋਂ 93 ਫੀ ਸਦੀ ਨੇ 'ਮੌਸਮੀ ਸਮਾਂ ਤਬਦੀਲੀ' ਦਾ ਰਿਵਾਜ ਛੱਡਣ ਅਤੇ 'ਦਿਨ ਦੀ ਲੋਅ ਬਚਾਉਣ' ਦੇ ਇਕੋ ਢੰਗ ਅਨੁਸਾਰ ਚੱਲਣ ਦੀ ਹਮਾਇਤ ਕੀਤੀ ਹੈ। ਹੁਣ ਇਸ ਸੂਬੇ ਦੀ ਸਰਕਾਰ, ਇਸ ਦੇ ਦੱਖਣ ਵੱਲ ਸਰਹੱਦੋਂ ਪਾਰ ਦੇ ਪੈਸਿਫਿਕ ਸੂਬਿਆਂ ਵੱਲੋਂ ਕੀਤੇ ਜਾਣ ਵਾਲ਼ੀ ਕਾਰਵਾਈ ਦੀ ਉਡੀਕ ਕਰ ਰਹੀ ਹੈ।ਇੱਥੇ ਦੱਸ ਦੇਣਾ ਬਣਦੈ ਕਿ ਵਾਸ਼ਿੰਗਟਨ ਅਤੇ ਔਰੇਗਨ ਨੇ 'ਪਰਮਾਨੈਂਟ ਡੀ. ਐੱਸ. ਟੀ.' ਯਾਨੀ 'ਸਮੇਂ ਦਾ ਪੱਕਾ ਪ੍ਰਬੰਧ' ਕਰਨ ਦੀ ਹਮਾਇਤ ਕੀਤੀ ਹੈ ਅਤੇ ਇਹ ਦੋਵੇਂ ਸੂਬੇ, ਅਮਰੀਕੀ ਸੰਸਦ ਦੀ ਹਮਾਇਤ ਉਡੀਕਦੇ ਹਨ।
  ਇਸ ਦੌਰਾਨ ਕੈਲਿਫੋਰਨੀਆ ਨੇ ਵੀ ਹਰ ਸਾਲ ਘੜੀਆਂ ਅੱਗੇ-ਪਿੱਛੇ ਕਰਨ ਦੀ ਥਾਂ, 'ਪੱਕੇ ਸਟੈਂਡਰਡ ਟਾਈਮ' ਦਾ ਪ੍ਰਬੰਧ ਕਰਨ ਦਾ ਪੱਖ ਪੂਰਿਆ ਹੈ। ਡਾ. ਪੈਟਰੀਸ਼ੀਆ ਲਾਕਿਨ-ਥਾਮਸ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਅਤੇ 'ਕੈਨੇਡੀਅਨ ਸੋਸਾਇਟੀ ਆਫ ਕਰੋਨੋਬਾਇਓਲੋਜੀ' ਨੇ ਰਲ਼ ਕੇ ਲੋਕਾਂ ਨੂੰ ਇਹ ਦੱਸਣ/ ਸਿਖਾਉਣ ਦਾ ਪ੍ਰੋਗਰਾਮ ਬਣਾਇਆ ਹੈ ਕਿ 'ਘੜੀ-ਮੁੜੀ ਘੜੀਆਂ ਅੱਗੇ-ਪਿੱਛੇ ਕਰਨ' ਨਾਲ਼ ਸਿਹਤ ਉੱਤੇ ਮਾੜਾ ਅਸਰ ਪੈਂਦਾ ਹੈ ਤੇ ਪੱਕੇ ਤੌਰ 'ਤੇ 'ਸਟੈਂਡਰਡ ਟਾਈਮ' ਯਾਨੀ 'ਸਥਾਈ ਸਮਾਂ ਪ੍ਰਣਾਲੀ' ਹੀ ਸਿਹਤ ਲਈ ਸਹੀ ਰਹਿੰਦੀ ਹੈ। ਇਸ ਦੇ ਨਾਲ਼ ਹੀ ਇਸ ਵਿਗਿਆਨਣ ਨੇ ਇਹ ਵੀ ਕਿਹਾ ਹੈ ਕਿ 'ਉਨ੍ਹਾਂ' ਕੋਲ਼, ਅਨਟੋਰੀਓ ਸਰਕਾਰ ਨੂੰ 'ਡੀ. ਐੱਸ. ਟੀ. ਪ੍ਰਣਾਲੀ' ਬੰਦ ਕਰਨ ਖ਼ਾਤਰ ਮਨਾਉਣ ਲਈ ਸਾਧਨ ਨਹੀਂ ਹਨ।
   ਵੈਨਕੂਵਰ ਦੀ, ਨੀਂਦ ਸਬੰਧੀ ਇਕ ਮਾਹਰ ਦਾ ਕਹਿਣ ਹੈ ਕਿ 'ਦਿਨ ਦੀ ਲੋਅ ਬਚਾਉਣ' ਖ਼ਾਤਰ ਹਰ ਸਾਲ ਘੜੀਆਂ ਅੱਗੇ-ਪਿੱਛੇ ਕਰਨ ਦਾ ਰਿਵਾਜ ਹਟਾਉਣ ਲਈ ਬੀ ਸੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਿੱਲ ਸਹੀ ਹੈ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ਼ ਸਾਡੀਆਂ ਘੜੀਆਂ ਸਦਾ ਲਈ ਉਹੀ ਸਮਾਂ ਦਿਖਾਇਆ ਕਰਨਗੀਆਂ, ਜੋ ਅਸੀਂ ਬਹਾਰ ਦੀ ਰੁੱਤੇ ਅਸੀਂ ਆਪਣੀਆਂ ਘੜੀਆਂ ਅੱਗੇ ਕਰ ਕੇ ਨਿਯਤ ਕਰ ਦਿੱਤਾ ਹੋਵੇਗਾ। ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਵਿਚ 'ਰਿਸਰਚ ਐਸੋਸੀਏਟ' ਵਜੋਂ ਕੰਮ ਕਰਦੀ ਮਰੀਅਮ ਜੂਡਾ ਦਾ ਕਹਿਣ ਹੈ ਕਿ ਸਾਡੀ ਸਿਹਤ ਲਈ, ਉਹ ਸਮਾਂ ਸਥਾਈ ਕਰ ਦੇਣਾ ਠੀਕ ਰਹੇਗਾ, ਜੋ ਅਸੀਂ ਪੱਤਝੜ ਦੀ ਰੁੱਤੇ ਆਪਣੀਆਂ ਘੜੀਆਂ ਪਿੱਛੇ ਕਰ ਕੇ ਨਿਯਤ ਕਰਦੇ ਹਾਂ।
ਮੁੱਕਦੀ ਗੱਲ ਇਹ ਹੈ ਕਿ 'ਘੜੀ-ਮੁੜੀ ਘੜੀਆਂ ਅੱਗੇ-ਪਿੱਛੇ ਕਰਨ ਦਾ ਇਹ ਯੱਭ' ਹੁਣ ਮੁੱਕਦਾ ਨਜ਼ਰ ਆ ਰਿਹਾ ਹੈ।#