ਸ਼ਬਦੰਗਲ-136


'ਸ਼ੋਧ ਮਾਪਕ' ਦਾ ਨਾਂ 'ਬੁੱਧ ਮਾਪਕ' ਰੱਖਣਾ ਬਣਦੈ
<><><><><><><><><><><><>
   ਹਰ ਕਾਢ ਕੱਢੀ ਜਾਣ ਦੀ ਕੋਈ ਵਜ੍ਹਾ ਹੁੰਦੀ ਹੈ, ਲੋੜ ਹੁੰਦੀ ਹੈ।ਜਿਹੜੀ ਵੀ ਕਾਢ ਕੱਢੀ ਗਈ, ਉਸ ਦੇ ਸਬੰਧ ਵਿਚ ਮੁਢਲਾ ਖੋਜ ਜਾਂ ਕਾਢ-ਕਾਰਜ ਕਰਨ ਵਾਲਿਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਂਦਾ ਰਿਹਾ। ਇਹ, ਹਰ ਖੋਜ ਦਾ ਅਸੂਲ ਰਿਹਾ ਹੈ। ਹਰ ਕਾਢੂ ਜਾਂ ਖੋਜੀ, ਆਪਣੇ ਤੋਂ ਪਹਿਲਾਂ ਖੋਜ ਕਾਰਜ ਕਰਦੇ ਲੋਕਾਂ ਦੇ ਕੰਮ ਦੀ ਕਦਰ ਕਰਦਿਆਂ ਉਨ੍ਹਾਂ ਖੋਜੀਆਂ/ ਕਾਢੂਆਂ ਨੂੰ ਬਣਦਾ ਮਾਣ ਦਿੰਦੇ ਆਏ ਹਨ।
  ਹੁਣ 30 ਅਕਤੂਬਰ (2019) ਨੂੰ ਖ਼ਬਰਾਂ ਛਪੀਆਂ ਹਨ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਡੀ. ਏ. ਵੀ. ਕਾਲਜ, ਜਲੰਧਰ ਦੇ ਦੋ ਪ੍ਰੋਫੈਸਰਾਂ ਨੇ ਕਿਤਾਬਾਂ ਲਿਖਣ ਜਾਂ ਖੋਜ ਕਾਰਜਾਂ ਵਿਚ 'ਨਕਲ' ਕੀਤੀ ਹੋਣ ਦਾ ਪਤਾ ਲਗਾਉਣ ਲਈ 'ਸ਼ੋਧ ਮਾਪਕ' ਨਾਂ ਦਾ ਇਕ ਯੰਤਰ ਬਣਾਇਆ ਹੈ, ਜਿਸ ਲਈ ਉਨ੍ਹਾਂ ਦੋਹਾਂ ਪ੍ਰੋਫੈਸਰਾਂ ਨੂੰ ਖੋਜੀਆਂ ਵਜੋਂ ਇਸ ਖੋਜ ਦੇ ਸਾਰੇ ਹੱਕਾਂ ਦੀ ਮਲਕੀਅਤ ਦਾ ਪ੍ਰਮਾਣ-ਪੱਤਰ ਦਿੱਤਾ ਗਿਆ ਹੈ। ਭਾਵੇਂ ਇਹ ਯੰਤਰ ਹਾਲ ਦੀ ਘੜੀ ਹਿੰਦੀ ਅਤੇ ਪੰਜਾਬੀ ਵਿਚ ਹੋਈ ਨਕਲ 'ਫੜਨ' ਦੇ ਯੋਗ ਹੀ ਹੈ, ਪਰ ਇਸ ਨੂੰ ਹੋਰ ਭਾਰਤੀ ਭਾਸ਼ਾਵਾਂ ਵਿਚ ਵੀ ਵਰਤੇ ਜਾਣ ਯੋਗ ਬਣਾਉਣ ਦੇ ਆਸਾਰ ਹਨ।
   'ਮੇਕ ਇਨ ਇੰਡੀਆ' ਉੱਦਮ ਦੇ ਅਧੀਨ ਬਣਾਏ ਹੋਏ ਇਸ 'ਸੌਫਟਵੇਅਰ' ਦੀ ਕਾਰਗੁਜ਼ਾਰੀ ਦੀ ਪੁਸ਼ਟੀ, ਹਾਲੇ ਤਕ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ; ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਹੀ ਕੀਤੀ ਹੈ। ਇਸ 'ਸ਼ੋਧ ਮਾਪਕ' ਦੀ ਕਾਢ ਕੱਢਣ ਦੀ ਲੋੜ ਕਿਉਂ ਪਈ? ਕਰੋੜਾਂ ਰੁਪਏ ਦਾ ਸੁਆਲ ਤਾਂ ਇਹ ਹੈ। ਕਿਤਾਬਾਂ, ਖ਼ਾਸ ਤੌਰ 'ਤੇ ਖੋਜ ਕਾਰਜਾਂ ਸਬੰਧੀ ਕਿਤਾਬਾਂ ਲਿਖਣ ਯਾਨੀ ਖੋਜ ਦੇ ਕੰਮ, ਜਿਸ ਉੱਤੇ ਬਹੁਤ ਹੀ ਪਾਕੀਜ਼ਗ਼ੀ ਦੀ ਪਰਤ ਚੜ੍ਹਾਉਣ ਖ਼ਾਤਰ ਉਸ ਨੂੰ 'ਸ਼ੋਧ ਕਾਰਜ' ਵੀ ਕਿਹਾ ਜਾਂਦਾ ਹੈ, ਵਿਚ ਨਕਲ ਹੀ ਨਹੀਂ ਕੀਤੀ ਜਾਂਦੀ, ਸਗੋਂ ਬਹੁਤ ਹੀ ਧੜੱਲੇ ਨਾਲ਼ ਵੀ ਕੀਤੀ ਜਾਂਦੀ ਹੈ। ਇਸ ਸਬੰਧ ਵਿਚ ਸਭ ਤੋਂ ਪਹਿਲਾ ਇੰਕਸ਼ਾਫ਼, ਪੰਜਾਬੀ ਭਵਨ, ਲੁਧਿਆਣਾ ਦੇ ਲਾਇਬ੍ਰੇਰੀ ਸਹਾਇਕ ਅਤੇ ਲੇਖਕ ਬੁੱਧ ਸਿੰਘ ਨੀਲੋਂ ਨੇ ਕੀਤਾ ਸੀ।
   ਬੁੱਧ ਸਿੰਘ ਨੀਲੋਂ ਨੂੰ, ਆਪਣੇ ਕੰਮ ਦੀ ਵਜ੍ਹਾ ਨਾਲ਼ ਹੀ, ਪੰਜਾਬੀ ਭਵਨ ਦੀ ਲਾਇਬ੍ਰੇਰੀ ਦੀਆਂ ਕਿਤਾਬਾਂ ਫਰੋਲਣ ਦਾ ਸ਼ੌਕ ਸੀ। ਪੰਜਾਬੀ ਵਿਦਵਤਾ ਦੀ ਬਦਵਖ਼ਤੀ ਜਾਂ ਪਤਾ ਨਹੀਂ ਹੋਰ ਕੀ ਕਿ ਇਕ ਦਿਨ ਉਸ ਦਾ ਹੱਥ ਲਾਇਬ੍ਰੇਰੀ ਦੇ ਉਸ ਰਖਨੇ ਨੂੰ ਪੈ ਗਿਆ, ਜਿਸ ਵਿਚ ਪੰਜਾਬੀ ਦੀ ਡਾਕਟਰੇਟ ਕਰ ਚੁੱਕੇ ਲੋਕਾਂ ਵੱਲੋਂ ਲਿਖੇ ਹੋਏ 'ਥੀਸਿਸ' ਯਾਨੀ 'ਸ਼ੋਧ ਪੱਤਰ' ਉਰਫ਼ ਖੋਜ ਪੱਤਰ ਪਏ ਸਨ। ਬੁੱਧ ਸਿੰਘ ਨੀਲੋਂ ਨੇ 'ਸ਼ੋਧ ਮਾਪਕ' ਦੀ ਕਾਢ ਕੱਢੀ ਜਾਣ ਤੋਂ ਕਈ ਵਰ੍ਹੇ ਪਹਿਲਾਂ ਹੀ ਕੀ-ਕੀ 'ਕਾਢ-ਕਾਰਜ' ਕੀਤੇ ਸਨ, ਉਨ੍ਹਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ, 'ਸ਼ੋਧ ਮਾਪਕ' ਦੀ ਕਾਢ ਕੱਢਣ ਵਾਲ਼ਿਆਂ ਵੱਲੋਂ ਕੀਤੇ ਗਏ ਕੰਮ ਦਾ ਜ਼ਿਕਰ ਕਰਨਾ ਬਣਦਾ ਹੈ।
   ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਕੰਪਿਊਟਰ ਸਾਇੰਸ ਦੇ ਐਸੋਸੀਏਟ ਪ੍ਰੋਫੈਸਰ ਡਾ. ਵਿਸ਼ਾਲ ਗੋਇਲ, ਜੋ ਇਹ ਯੰਤਰ ਬਣਾਉਣ ਵਿਚ ਮੁੱਖ ਸਹਿਯੋਗੀ ਰਹੇ ਹਨ, ਦਾ ਕਹਿਣ ਹੈ ਕਿ ਉਨ੍ਹਾਂ ਦੋਹਾਂ ਨੂੰ ਭਾਰਤ ਸਰਕਾਰ ਦੇ ਇਲੈਕਟਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਸਤੰਬਰ 2017 ਵਿਚ, ਪੰਜਾਬੀ ਅਤੇ ਹਿੰਦੀ ਖਰੜਿਆਂ ਵਿਚ ਕੀਤੀ ਹੋਈ ਨਕਲ ਬੇਨਕਾਬ ਕਰਨ ਲਈ ਇਕ ਸੌਫਟਵੇਅਰ ਬਣਾਉਣ ਖ਼ਾਤਰ 20 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਸੀ।
ਪਤਾ ਲੱਗਿਆ ਹੈ ਕਿ ਪਹਿਲ਼ਾਂ ਨਕਲ ਫੜਨ ਲਈ ਵਰਤਿਆ ਜਾਂਦਾ ਇਕ ਸੌਫਟਵੇਅਰ, ਸਵੀਡਨ ਦੀ ਇਕ ਕੰਪਨੀ ਤੋਂ ਖਰੀਦਿਆ ਹੋਇਆ ਸੀ। ਵਿਦੇਸ਼ੀ ਸੌਫਟਵੇਅਰ ਵਰਤਣ ਦੀ ਨਮੋਸ਼ੀ ਤੋਂ ਬਚਣ ਲਈ ਤੇ 'ਮੇਕ-ਇਨ-ਇੰਡੀਆ' ਪ੍ਰੋਗਰਾਮ ਦਾ ਟੌਹਰ ਬਣਾਉਣ ਲਈ, ਭਾਰਤ ਸਰਕਾਰ ਨੇ ਇਹ ਖੋਜ ਕਰਾਉਣ ਲਈ ਇੰਨੀ ਵੱਡੀ ਰਕਮ 'ਫੂਕੀ' ਹੈ।
   ਇਸ ਖੋਜ ਨਾਲ਼ ਬਣਾਇਆ ਗਿਆ ਸੌਫਟਵੇਅਰ, ਪਹਿਲਾਂ ਲਿਖੇ ਸਾਰੇ ਸ਼ੋਧ ਪੱਤਰਾਂ, ਕਿਤਾਬਾਂ ਅਤੇ ਲਿਖੇ ਹੋਏ ਖਰੜਿਆਂ ਅਤੇ ਭਾਸ਼ਾਵਾਂ ਤੋਂ ਮੁਕਤ ਹੈ। ਇਸ ਖੋਜ ਕਾਰਜ ਦੇ ਦੂਜੇ ਸਹਿਯੋਗੀ ਡਾ. ਰਾਜੀਵ ਪੁਰੀ, ਜੋ ਡੀ. ਏ. ਵੀ. ਕਾਲਜ, ਜਲੰਧਰ ਵਿਚ ਸਹਾਇਕ ਪ੍ਰੋਫੈਸਰ ਹਨ, ਦਾ ਕਹਿਣ ਹੈ ਕਿ ਉਨ੍ਹਾਂ ਦੀ ਟੀਮ, ਜਿਸ ਵਿਚ ਸੀਨੀਅਰ ਕੰਪਿਊਟਰ ਪ੍ਰੋਗਰਾਮਰ ਜਿਤੇਸ਼ ਪੁਬਰੇਜਾ ਅਤੇ ਭਾਸ਼ਾਈ ਮਾਹਰ ਜਸਵਿੰਦਰ ਸਿੰਘ ਵੀ ਸ਼ਾਮਲ ਹਨ, ਨੇ ਇਸ ਖੋਜ ਕਾਰਜ ਨੂੰ ਸਿਰੇ ਚੜ੍ਹਾਉਣ ਖ਼ਾਤਰ 3.5 ਕਰੋੜ ਰੁਪਏ ਹੋਰ ਦਿੱਤੇ ਜਾਣ ਲਈ ਦਰਖ਼ਾਸਤ ਦਿੱਤੀ ਹੈ। ਇੰਨੀਆਂ ਮੋਟੀਆਂ ਰਕਮਾਂ ਅਤੇ ਇੰਨੇ ਜ਼ਿਆਦਾ ਬੰਦੇ ਲਗਾ ਕੇ, ਜਿਹੜਾ ਕੰਮ ਕਰਨ ਲਈ ਇਹ ਸੌਫਟਵੇਅਰ ਬਣਾਇਆ ਗਿਆ ਸੀ, ਉਹ ਬੁੱਧ ਸਿੰਘ ਨੀਲੋਂ ਕਈ ਵਰ੍ਹੇ ਪਹਿਲਾਂ ਹੀ ਕਰ ਚੁੱਕਾ ਹੈ।
   ਇਹ ਸੌਫਟਵੇਅਰ ਜਾਂ ਇਸ ਨੂੰ ਬਣਾਉਣ ਵਾਲ਼ੇ ਕੀ ਰੰਗ-ਭਾਗ ਲਾਉਂਦੇ ਹਨ, ਇਹ ਸਾਰਾ ਕੁੱਝ ਤਾਂ ਹਾਲੇ ਭਵਿੱਖ ਦੇ ਗਰਭ ਵਿਚ ਹੈ, ਬੁੱਧ ਸਿੰਘ ਨੀਲੋਂ ਵਰਗਾ ਆਮ ਜਿਹਾ ਬੰਦਾ, ਸਹਾਇਕ ਲਾਇਬ੍ਰੇਰੀਅਨ ਵਜੋਂ ਆਪਣੀ ਨੌਕਰੀ ਕਰਦਿਆਂ, 'ਸ਼ੋਧ ਪੱਤਰਾਂ' ਯਾਨੀ 'ਥੀਸਿਸਾਂ' ਵਿਚ ਕੀਤੀ ਗਈ ਨਕਲ ਫੜਨ ਦਾ ਜਿੰਨਾ ਕੰਮ ਕਰ ਚੁੱਕਾ ਹੈ, ਉਸ ਦਾ ਸਤਿਕਾਰ ਕਰਦਿਆਂ ਇਸ ਸੌਫਟਵੇਅਰ ਦਾ ਨਾਂ 'ਸ਼ੋਧ ਮਾਪਕ' ਦੀ ਥਾਂ, 'ਬੁੱਧ ਮਾਪਕ' ਰੱਖਿਆ ਜਾਣਾ ਚਾਹੀਦਾ ਹੈ।
   ਆਓ, ਬੁੱਧ ਸਿੰਘ ਨੀਲੋਂ ਵੱਲੋਂ ਨਕਲ ਉਘਾੜਨ ਅਤੇ ਉਧੇੜਨ ਦੇ ਸਬੰਧ ਵਿਚ ਕੀਤੇ ਹੋਏ ਕੰਮ ਉੱਤੇ ਮੋਟੀ-ਮੋਟੀ ਝਾਤ ਮਾਰੀਏ। ਇਹ ਕਾਮਾ ਲੇਖਕ ਆਪਣੀ ਨੌਕਰੀ ਨਿਭਾਉਂਦਿਆਂ, ਕਿਤਾਬਾਂ ਦੇਖ-ਚਾਖ ਰਿਹਾ ਸੀ ਕਿ ਇਕ ਥੀਸਿਸ ਦਾ ਕਾਫੀ ਸਾਰਾ ਹਿੱਸਾ ਉਸ ਨੂੰ, ਕਿਤੇ ਪਹਿਲਾਂ ਵੀ ਪੜ੍ਹਿਆ ਹੋਇਆ ਲੱਗਿਆ ਤਾਂ ਉਸ ਨੇ ਬਹੁਤ ਹੀਲੇ ਕਰ ਕੇ ਉਹ ਜਿਲਦ ਵੀ ਲੱਭ ਲਈ, ਜਿਸ ਵਿਚੋਂ ਉਸ ਨੇ ਉਹ ਹਿੱਸਾ ਪੜ੍ਹਿਆ ਹੋਇਆ ਸੀ। ਇਸ ਲੇਖ ਨਾਲ਼ ਛਾਪੀਆਂ ਗਈਆਂ ਕੁੱਝ ਪੰਨਿਆਂ ਦੀਆਂ ਤਸਵੀਰਾਂ ਇਸ ਤਰ੍ਹਾਂ ਦੀ ਨਕਲ ਦੀ ਗਵਾਹੀ ਹੀ ਦਿੰਦੀਆਂ ਹਨ। ਇਕ ਥੀਸਿਸ ਦੀ, ਦੂਜੇ ਥੀਸਿਸ ਵਿਚ ਹੂ-ਬ-ਹੂ ਨਕਲ ਕੀਤੀ ਹੋਣ ਦੇ ਸਬੰਧ ਵਿਚ ਉਸ ਨੇ ਬੜਾ ਰੌਲ਼ਾ ਪਾਇਆ, ਪਰ ਉਸ ਦੀ ਇਸ ਖੋਜ ਦੀ ਕਦਰ ਪਾਉਣ ਦੀ ਥਾਂ, ਲੋਕਾਂ ਨੇ ਉਸ ਨੂੰ ਕਮਲ਼ਾ ਤੇ ਝੱਲਾ ਵੀ ਕਰਾਰ ਦਿੱਤਾ। ਜਦੋਂ ਇਸ ਸਬੰਧ ਵਿਚ ਉਸ ਦੀ, ਕਿਸੇ ਨਾ ਸੁਣੀ ਤਾਂ ਉਸ ਨੇ ਇਸ ਸਬੰਧ ਵਿਚ ਲੇਖ ਲਿਖਣੇ ਸ਼ੁਰੂ ਕਰ ਦਿੱਤੇ। ਉਸ ਦੇ ਲੇਖਾਂ ਦੇ ਹਵਾਲੇ ਤਾਂ ਦਿੱਤੇ ਗਏ, ਉਨ੍ਹਾਂ ਦਾ ਅਸਰ ਨਾ ਕਬੂਲਿਆ ਗਿਆ।
   ਗੁਰਬਚਨ ਭੁੱਲਰ ਨੇ, ਲਿਖਤਾਂ ਵਿਚ ਨਕਲ ਕਰਨ ਸਬੰਧੀ ਆਪਣੇ ਇਕ ਲੇਖ ਵਿਚ ਬੁੱਧ ਸਿੰਘ ਨੀਲੋਂ ਵੱਲੋਂ, ਨਕਲ ਸਬੰਧੀ ਪਾਏ ਹੋਏ ਰੌਲ਼ੇ ਦਾ ਜ਼ਿਕਰ ਕੁੱਝ ਏਦਾਂ ਕੀਤਾ ਹੋਇਆ ਹੈ:
   "ਪਿਛਲੇ ਸਾਲ 'ਨਵਾਂ ਜ਼ਮਾਨਾ' ਦੇ ਮੰਗਲਵਾਰਤਾ ਅੰਕ ਵਿਚ ਘੱਟੋ-ਘੱਟ ਤਿੰਨ ਲੇਖ ਅਜਿਹੇ ਛਪੇ ਸਨ, ਜਿਨ੍ਹਾਂ ਨਾਲ਼ ਪੰਜਾਬੀ ਦੇ ਸਾਹਿਤਕ-ਅਕਾਦਮਿਕ ਖੇਤਰ ਵਿਚ ਭੂਚਾਲ ਆ ਜਾਣਾ ਚਾਹੀਦਾ ਸੀ। ਪਹਿਲਾਂ ਮੁੱਖ ਪੰਨੇ ਉੱਤੇ ਪੀ.-ਐੱਚ.ਡੀ. ਦੇ ਇਕ ਥੀਸਿਸ ਵਿਚ ਕੀਤੀ ਗਈ ਨਕਲ ਦੇ ਵੇਰਵੇ ਛਾਪੇ ਗਏ ਸਨ। ਫੇਰ ਪੰਜਾਬੀ ਵਿਚ ਹੋ ਰਹੇ ਖੋਜ ਕਾਰਜ ਬਾਰੇ ਇਕ ਪੜਦੇ-ਪਾੜ ਲੇਖ ਛਾਪਿਆ ਗਿਆ ਸੀ।ਉਸ ਪਿੱਛੋਂ ਦੇਸ ਰਾਜ ਕਾਲੀ ਅਤੇ ਬੁੱਧ ਸਿੰਘ ਨੀਲੋਂ ਨੇ 'ਪੀ-ਐੱਚ.ਡੀ. ਵਾਲ਼ੇ ਵੀ ਨਕਲਚੀ' ਲੇਖ ਛਾਪਿਆ ਸੀ। ਇਨ੍ਹਾਂ ਲੇਖਾਂ ਪਿੱਛੋਂ ਯੂਨੀਵਰਸਿਟੀਆਂ ਦੇ ਪੰਜਾਬੀ ਵਿਭਾਗ ਕੁੱਝ ਸਮੇਂ ਲਈ, ਸਫਾਈ ਵਾਸਤੇ ਬੰਦ ਕਰ ਦੇਣੇ ਕਰ ਦੇਣੇ ਚਾਹੀਦੇ ਸਨ ਅਤੇ ਸਬੰਧਿਤ 'ਵਿਦਵਾਨਾਂ' ਦੇ ਡਾਕਟਰੇਟ ਰੱਦ ਹੋ ਜਾਣੇ ਚਾਹੀਦੇ ਸਨ। ਇਸ ਲੇਖ ਵਿਚ ਯੂਨੀਵਰਸਿਟੀਆਂ, ਖੋਜਾਰਥੀਆਂ ਅਤੇ ਨਿਗਰਾਨਾਂ ਦੇ ਨਾਂਵਾਂ ਨਾਲ਼ ਚੋਰੀ-ਆਧਾਰਿਤ ਥੀਸਿਸਾਂ ਅਤੇ ਚੋਰੀ ਦਾ ਨਿਸ਼ਾਨਾ ਬਣੇ ਥੀਸਿਸਾਂ ਦੇ ਪੰਨਿਆਂ ਦੇ ਅੰਕ ਛਾਪੇ ਗਏ ਸਨ। ਇਹ ਵੀ ਦੱਸਿਆ ਗਿਆ ਸੀ ਕਿ ਨਕਲ ਵੀ (ਹੀ) ਨਹੀਂ ਕੀਤੀ ਗਈ, ਸਗੋਂ ਮੂਲ ਪੰਨੇ ਪਾੜ ਕੇ ਹੀ ਚੇਪ ਦਿੱਤੇ ਗਏ ਹਨ, ਜਿਸ ਕਰ(ਕੇ) ਸ਼ਬਦਜੋੜਾਂ ਤੇ ਪਰੂਫਾਂ ਦੀਆਂ ਗ਼ਲਤੀਆਂ ਵੀ ਅਸਲ ਵਿਚੋਂ ਨਕਲ ਵਿਚ ਜਿਉਂ ਦੀਆਂ ਤਿਉਂ ਪਹੁੰਚਦੀਆਂ ਹੋ ਗਈਆਂ ਹਨ। ਤੁਸੀਂ ਇਸ ਨੂੰ ਵਾਈਸ-ਚਾਂਸਲਰਾਂ ਤੇ ਪੰਜਾਬੀ ਵਿਭਾਗਾਂ ਦੇ ਕਰਤਿਆਂ-ਧਰਤਿਆਂ ਦੀ ਮੋਟੀ ਚਮੜੀ ਕਹੋ ਜਾਂ ਮਿਲੀਭੁਗਤ ਅਤੇ ਖੋਜਾਰਥੀਆਂ ਤੇ ਨਿਗਰਾਨਾਂ ਦੀ ਨਿਰਲੱਜਤਾ ਕਹੋ ਜਾਂ ਢੀਠਤਾਈ, ਭੂਚਾਲ ਆਉਣਾ ਤਾਂ ਕਿਤੇ ਰਿਹਾ, ਕੋਈ ਪੱਤਾ ਤੱਕ ਵੀ ਨਾ ਹਿੱਲਿਆ। ਚੋਰ ਖੋਜੀ ਨੌਕਰੀਆਂ ਕਰ ਰਹੇ ਹਨ ਅਤੇ ਆਪਣੇ ਵਰਗੇ ਹੋਰ 'ਵਿਦਵਾਨ' ਪੈਦਾ ਕਰਨ ਦੀ ਸਮਾਜ-ਸੇਵਾ ਕਰ ਰਹੇ ਹਨ। ਪ੍ਰਬੰਧਕ ਆਪਣੀਆਂ ਪਦਵੀਆਂ ਦਾ ਸੁਖ ਭੋਗ ਰਹੇ ਹਨ। ਗੱਲ-ਗੱਲ ਉੱਤੇ ਹੜਤਾਲਾਂ ਦਾ ਝੰਡਾ ਚੁੱਕਣ ਵਾਲ਼ੀਆਂ, ਯੂਨੀਵਰਸਿਟੀਆਂ ਦੀਆਂ ਅਧਿਆਪਕ ਅਤੇ ਵਿਦਿਆਰਥੀ ਯੂਨੀਅਨਾਂ ਵੀ ਇਸ ਨੂੰ ਕੋਈ ਵਿਚਾਰਨਯੋਗ ਜਾਂ ਧਿਆਨਯੋਗ ਮਸਲਾ ਨਹੀਂ ਸਮਝਦੀਆਂ।"
   ਇਸੇ ਹੀ ਲੇਖ ਵਿਚ ਗੁਰਬਚਨ ਭੁੱਲਰ ਏਦਾਂ ਵੀ ਲਿਖ ਗਏ ਹਨ, "ਇਕ ਗੱਲ ਮੈਨੂੰ ਬੜੇ ਚਿਰ ਤੋਂ ਅੱਖੜਦੀ ਹੈ ਕਿ ਪੰਜਾਬੀ ਵਿਚ ਏਨੀਆਂ ਬੀਬੀਆਂ ਡਾਕਟਰ ਕਿਉਂ ਹਨ। ਬੁੱਧ ਸਿੰਘ ਨੀਲੋਂ ਨੇ ਇਕ ਹੋਰ ਲੇਖ ਵਿਚ ਦੱਸਿਆ ਹੈ ਕਿ ਇਕ ਸਰਵੇਖਣ ਅਨੁਸਾਰ 2002 ਵਿਚ ਥੀਸਿਸ ਪੇਸ਼ ਕਰਨ ਵਾਲ਼ਿਆਂ ਵਿਚ 70 ਫੀ ਸਦੀ ਤੋਂ ਵੱਧ ਬੀਬੀਆਂ ਹਨ (ਸਨ)। ਇਕ ਸਰਵੇਖਣ ਹੋਰ ਕਰਾਉਣਾ ਚਾਹੀਦਾ ਹੈ ਕਿ ਇਨ੍ਹਾਂ ਵਿਚੋਂ ਕਿੰਨੇ ਫੀ ਸਦੀ ਕੁੜੀਆਂ ਹਨ, ਜਿਨ੍ਹਾਂ ਨੇ ਆਪਣੇ ਦਮ-ਖ਼ਮ ਨਾਲ਼, ਆਪਣੀ ਅਕਲ ਅਤੇ ਸਾਹਿਤਕ ਸੂਝ, ਖੋਜ ਦੀ ਲਗਨ ਅਤੇ ਮਿਹਨਤ ਸਹਾਰੇ ਡਿਗਰੀਆਂ ਲਈਆਂ ਹਨ। ਮੇਰਾ ਲੱਖਣ ਹੈ ਕਿ ਇਨ੍ਹਾਂ ਦੀ ਗਿਣਤੀ 20 ਫੀ ਸਦੀ ਤੋਂ ਵੱਧ ਨਹੀਂ ਹੋਵੇਗੀ।"
   ਹੁਣ ਤਾਂ ਇਸ ਸਬੰਧ ਵਿਚ ਕੋਈ ਸ਼ੱਕ ਨਹੀਂ ਰਹਿ ਜਾਂਦਾ ਖੋਜ ਕਾਰਜਾਂ ਵਿਚ ਨਕਲ ਫੜਨ ਦਾ ਕੰਮ, 'ਸ਼ੋਧ ਮਾਪਕ' ਦੀ ਕਾਢ ਕੱਢਣ ਤੋਂ ਕਿਤੇ ਪਹਿਲਾਂ ਤੋਂ, ਬੁੱਧ ਸਿੰਘ ਨੀਲੋਂ ਕਰਦਾ ਆ ਰਿਹਾ ਹੈ, ਜਿਸ ਕਰ ਕੇ ਇਸ 'ਨਕਲ ਖੋਜੂ ਯੰਤਰ' ਦਾ ਨਾਂ 'ਸ਼ੋਧ ਮਾਪਕ' ਦੀ ਥਾਂ 'ਬੁੱਧ ਮਾਪਕ' ਰੱਖਿਆ ਜਾਣਾ ਚਾਹੀਦਾ ਹੈ। ਇਹ ਲੇਖ ਛੇਤੀ-ਛੇਤੀ ਮੁਕਾਉਣ ਦੀ ਵਜ੍ਹਾ ਇਹ ਵੀ ਹੈ ਕਿ ਇਸ ਨੂੰ ਲਿਖਣ ਵਿਚ ਵੀ ਨਕਲ ਕਰਨ ਦਾ ਦੋਸ਼ ਲੱਗਣ ਦਾ ਡਰ ਹੈ।#